ਪੰਜਾਬ ਵਿਚ ਸਮਾਜ ਸੇਵਾ ਦਾ ਸੰਕਲਪ

ਗੁਰਪ੍ਰੀਤ ਸਿੰਘ ਤੂਰ
ਫੋਨ: +91-98158-00405
ਪੰਜਾਬ ਇਸ ਵਕਤ ਬਹੁਤ ਸਾਰੇ ਸੰਕਟਾਂ ਵਿਚੋਂ ਲੰਘ ਰਿਹਾ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਵਿਚ ਡੁੱਬਦੀ ਜਵਾਨੀ, ਅਮੀਰ-ਗਰੀਬ ਵਿਚਕਾਰ ਵਧਦਾ ਫਾਸਲਾ ਅਤੇ ਕਰਜ਼ੇ ਦੇ ਭਾਰ ਨਾਲ ਪੰਜਾਬ ਜੂਝ ਰਿਹਾ ਹੈ। ਸੇਵਾਮੁਕਤ ਆਈ.ਪੀ.ਐਸ. ਅਫਸਰ ਗੁਰਪ੍ਰੀਤ ਸਿੰਘ ਤੂਰ ਨੇ ਇਸ ਲੇਖ ਵਿਚ ਸੇਵਾ ਦੇ ਸੰਕਲਪ ਬਾਰੇ ਕੁਝ ਨੁਕਤੇ ਵਿਚਾਰੇ ਹਨ ਜੋ ਸਮੱਸਿਆਵਾਂ ਨੂੰ ਨਜਿੱਠਣ ਲਈ ਅਹਿਮ ਰੋਲ ਨਿਭਾਅ ਸਕਦਾ ਹੈ।

ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਵਿਚ ਡੁੱਬਦੀ ਜਵਾਨੀ, ਅਮੀਰ-ਗਰੀਬ ਵਿਚਕਾਰ ਵਧਦਾ ਫਾਸਲਾ ਅਤੇ ਕਰਜ਼ੇ ਦੇ ਭਾਰ ਨਾਲ ਪੰਜਾਬ ਇਸ ਵੇਲੇ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਿਸਟਮ ਨੇ ਜਿਵੇਂ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੋਵੇ। ਸਮਾਜਿਕ ਸਮਾਗਮਾਂ ਦੇ ਅਥਾਹ ਖਰਚਿਆਂ ਅਤੇ ਮੌਜੂਦਾ ਸਰੂਪ ਨੇ ਸਾਡੀ ਪਰਿਵਾਰਕ ਤੇ ਸਮਾਜਿਕ ਸੂਝ-ਬੂਝ ਨੂੰ ਖੋਰਾ ਲਾਇਆ ਹੈ। ਹਾਲਾਤ ਦੀਆਂ ਤੇਜ਼ ਧੁੱਪਾਂ ਵਿਚ ਬੌਧਿਕ ਗੁਣਵੱਤਾ ਦਾ ਰੰਗ ਫਿੱਕਾ ਪੈ ਗਿਆ। ਅਚਾਨਕ ਖੜਾਕ ਹੋਣ ‘ਤੇ ਪੰਛੀਆਂ ਦੀ ਡਾਰ ਜਿਵੇਂ ਤੁਰੰਤ ਉੱਡ ਜਾਂਦੀ ਹੈ, ਇਵੇਂ ਹੀ ਨੌਜਵਾਨ ਪੀੜ੍ਹੀ ਦੀਆਂ ਡਾਰਾਂ ਵਿਦੇਸ਼ਾਂ ਵੱਲ ਲੰਮੀਆਂ ਉਡਾਰੀਆਂ ਭਰ ਰਹੀਆਂ ਹਨ। ‘ਫੁੱਲਾਂ ਵਿਚੋਂ ਫੁੱਲ ਗੁਲਾਬ ਨੀਂ ਸਈਓ, ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀਂ ਸਈਓ‘ ਪਰ ਹੁਣ ਪੰਜਾਬ ਦੇ ਜਾਏ ਉਸੇ ਧਰਤੀ ਨੂੰ ਛੇਤੀ ਤੋਂ ਛੇਤੀ ਛੱਡ ਜਾਣ ਲਈ ਤਰਲੋਮੱਛੀ ਹੋ ਰਹੇ ਹਨ।
ਸਿਸਟਮ ਹਾਲਾਤ ਨੂੰ ਸੇਧ ਦਿੰਦਾ ਹੈ ਅਤੇ ਮੂਲ ਰੂਪ ਵਿਚ ਨਰੋਏ ਸਮਾਜ ਲਈ ਜ਼ਿੰਮੇਵਾਰ ਹੈ। ਲੋਕਤੰਤਰ ਵਿਚ ਸਮਾਜ ਦੀ ਇਹ ਜ਼ਿੰਮੇਵਾਰੀ ਹੈ ਕਿ ਸਿਸਟਮ ਤੇ ਉਸ ਦੀ ਪਕੜ ਹੋਵੇ ਅਤੇ ਸਮਾਜਿਕ ਸਰੋਕਾਰਾਂ ਲਈ ਚਿੰਤਤ ਅਤੇ ਯਤਨਸ਼ੀਲ ਵੀ ਰਹੇ। ਕਈ ਵਿਅਕਤੀ ਨਿੱਜੀ ਤੌਰ ‘ਤੇ ਅਜਿਹੇ ਯਤਨ ਕਰਦੇ ਰਹੇ ਹਨ, ਉਨ੍ਹਾਂ ਦੇ ਯਤਨ ਸੰਸਥਾਵਾਂ ਦਾ ਰੂਪ ਧਾਰਨ ਕਰਦੇ ਵੀ ਵੇਖੇ ਗਏ ਹਨ। ਇਤਿਹਾਸ ‘ਤੇ ਝਾਤੀ ਮਾਰੀਏ ਤਾਂ ਮਦਰ ਟੈਰੇਸਾ, ਅਬਦੁਲ ਸਤਾਰ ਈਦੀ ਤੇ ਭਗਤ ਪੂਰਨ ਸਿੰਘ ਇਸ ਪੱਖੋਂ ਵਿਸ਼ੇਸ਼ ਸਥਾਨ ਰੱਖਦੇ ਹਨ। ਮੌਜੂਦਾ ਸਮੇਂ ਵਿਚ ਕੁਲਵੰਤ ਸਿੰਘ ਧਾਲੀਵਾਲ ਨੇ ਕੈਂਸਰ, ਡਾ. ਹਰਸ਼ਿੰਦਰ ਕੌਰ ਨੇ ਭਰੂਣ ਹੱਤਿਆ ਤੇ ਔਰਤਾਂ ਦੀ ਭਲਾਈ ਅਤੇ ਮੋਹਨ ਸ਼ਰਮਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਨ੍ਹਾਂ ਨੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਸੰਚਾਰ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਕਈ ਵਿਅਕਤੀਆਂ ਵੱਲੋਂ ਆਪੋ-ਆਪਣੇ ਯੂ-ਟਿਊਬ ਚੈਨਲਾਂ ਰਾਹੀਂ ਵੀ ਸਮਾਜਿਕ ਸਰੋਕਾਰਾਂ ਲਈ ਸਾਰਥਿਕ ਯਤਨ ਕੀਤੇ ਜਾ ਰਹੇ ਹਨ। ਸੂਬੇ ਦੇ ਨਿੱਘਰਦੇ ਹਾਲਾਤ ਤੋਂ ਚਿੰਤਤ ਕਈ ਦਾਨਿਸ਼ਵਰਾਂ ਨੇ ਵ੍ਹੱਟਸਐਪ ਗਰੁੱਪ ਬਣਾ ਕੇ ਵੀ ਅਜਿਹੇ ਯਤਨ ਅਰੰਭ ਕੀਤੇ ਹਨ। ਉਹ ਮਾਹਰ, ਹਮ-ਖਿਆਲੀ ਤੇ ਪੰਜਾਬ ਪ੍ਰਤੀ ਫ਼ਿਕਰਮੰਦ ਵਿਅਕਤੀਆਂ ਨੂੰ ਗਰੁੱਪ ਵਿਚ ਸ਼ਾਮਲ ਕਰ ਕੇ ਇੱਕ ਵਿਸ਼ੇ ‘ਤੇ ਫੋਕਸ ਕਰਦੇ ਰਹਿੰਦੇ ਹਨ। ਇੰਝ ਬੀਜ ਨੂੰ ਵਾਰ-ਵਾਰ ਪਾਣੀ ਵਿਚ ਨਿਤਾਰਨ ਵਾਂਗ ਚੰਗੇ ਖਿਆਲਾਂ ਅਤੇ ਰਾਇ ਦੀ ਹੋਂਦ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ।
ਕਿਹਾ ਜਾਂਦਾ ਹੈ ਕਿ ਸਾਰਥਿਕ ਜ਼ਿੰਦਗੀ ਸੱਠ ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੇਵਾ ਮੁਕਤ ਕਰਮਚਾਰੀਆਂ ਕੋਲ ਸਮਾਜ ਲਈ ਕੁਝ ਕਰ ਗੁਜ਼ਰਨ ਦਾ ਵਿਸ਼ੇਸ਼ ‘ਤੇ ਬਿਹਤਰ ਮੌਕਾ ਹੁੰਦਾ ਹੈ। ਜਾਣ-ਪਛਾਣ ਤੇ ਤਜਰਬਾ ਉਨ੍ਹਾਂ ਦੇ ਵਿਸ਼ੇਸ਼ ਹਾਸਲ ਹਨ। ਸਮਾਜਿਕ ਕੰਮਾਂ ਵਿਚ ਵੱਡਾ ਖ਼ਤਰਾ ਵੀ ਨਹੀਂ ਹੁੰਦਾ। ਖਾਸ ਤੌਰ ‘ਤੇ ਸਮਾਜਿਕ ਖੇਤਰ ਦੇ ਸਿੱਧੇ ਸਰੋਕਾਰਾਂ ਜਿਵੇਂ ਸਮਾਜਿਕ ਸਮਾਗਮਾਂ ਅਤੇ ਵੱਡੇ-ਵੱਡੇ ਇਕੱਠ ਤੇ ਬਹੁਤੇ ਖਰਚਿਆਂ ਨੂੰ ਰੋਕਣ ਲਈ ਅਜਿਹੀਆਂ ਸੰਸਥਾਵਾਂ ਵਿਸ਼ੇਸ਼ ਯੋਗਦਾਨ ਪਾ ਸਕਦੀਆਂ ਹਨ। ਮੈਡੀਕਲ ਸਹਾਇਤਾ ਅਤੇ ਭਲਾਈ ਸਕੀਮਾਂ ਪੱਖੋਂ ਇਹ ਸੰਸਥਾਵਾਂ ਆਪਣੇ ਸੇਵਾ ਮੁਕਤ ਸਾਥੀਆਂ ਲਈ ਵਿਸ਼ੇਸ਼ ਉਪਰਾਲੇ ਕਰਦੀਆਂ ਰਹਿੰਦੀਆਂ ਹਨ। ਸੇਵਾ ਮੁਕਤ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਸਮਾਜ ਸੇਵਾ ਲਈ ਵੱਡੀਆਂ ਸੰਭਾਵਨਾਵਾਂ ਰੱਖਦੇ ਹਨ।
ਪੁਲਿਸ ਵਿਭਾਗ ਦੇ ਇੱਕ ਸੇਵਾ ਮੁਕਤ ਇੰਸਪੈਕਟਰ ਨੇ ਲੋਕ ਸੇਵਾ ਵਜੋਂ ਲੋੜਵੰਦਾਂ ਦੀਆਂ ਦਰਖਾਸਤਾਂ ਲਿਖਵਾਉਣ ਲਈ ਯਤਨ ਅਰੰਭਿਆ ਹੈ। ਸੰਸਥਾ ਦੇ ਰੂਪ ਵਿਚ ਪੁਲਿਸ ਵਿਭਾਗ ਦੇ ਸੇਵਾ ਮੁਕਤ ਕਰਮਚਾਰੀ ਨਸ਼ਿਆਂ ਵਿਰੁੱਧ ਜਾਗ੍ਰਿਤੀ ਅਤੇ ਨਸ਼ੇ ਛੁਡਾਉਣ ਲਈ ਵਿਸ਼ੇਸ਼ ਯਤਨ ਕਰ ਸਕਦੇ ਹਨ। ਸੇਵਾ ਮੁਕਤੀ ਤੋਂ ਬਾਅਦ ਬੈਂਕ ਅਧਿਕਾਰੀ ਲੋਕਾਂ ਨੂੰ ਘੱਟ ਮਿਲਦੇ ਹਨ ਪਰ ਉਨ੍ਹਾਂ ਕੋਲ ਲੋਕ ਸੇਵਾ ਦਾ ਅਥਾਹ ਭੰਡਾਰ ਹੈ ਕਿਉਂਕਿ ਕਿਸਾਨਾਂ ਤੇ ਕਿਰਤੀਆਂ ਦੀ ਉਲਾਰ ਆਰਥਿਕਤਾ ਪੈਸੇ ਦੀ ਠੀਕ ਵਰਤੋਂ ਨਾ ਕਰ ਸਕਣ ਕਾਰਨ ਹੀ ਹੋਂਦ ਵਿਚ ਆਉਂਦੀ ਹੈ। ਬੈਂਕ ਅਧਿਕਾਰੀ ਉਨ੍ਹਾਂ ਲਈ ਪੈਸੇ ਦੀ ਸੁਚੱਜੀ ਵਰਤੋਂ, ਕਰਜ਼ਾ ਲੈਣ ਤੇ ਲਾਹੁਣ, ਵਿਆਹਾਂ ‘ਤੇ ਘੱਟ ਖਰਚਿਆਂ ਬਾਰੇ ਵਡਮੁੱਲੀਆਂ ਪੈੜਾਂ ਪਾ ਸਕਦੇ ਹਨ। ਮਾਲ, ਸਿੱਖਿਆ, ਸਿਹਤ, ਸਿੰਜਾਈ, ਕੋਆਪਰੇਟਿਵ, ਖੇਤੀਬਾੜੀ ਆਦਿ ਹਰ ਮਹਿਕਮੇ ਦੇ ਸੇਵਾ ਮੁਕਤ ਹੋਏ ਕਰਮਚਾਰੀਆਂ ਕੋਲ ਲੋਕ ਸੇਵਾ ਦੇ ਅਥਾਹ ਭੰਡਾਰ ਹਨ। ਘਰਾਚੋਂ (ਸੰਗਰੂਰ) ਅਤੇ ਚਕਰ (ਲੁਧਿਆਣਾ) ਵਿਖੇ ਵਿਦਿਆਰਥੀਆਂ ਨੂੰ ਕ੍ਰਮਵਾਰ ਪਿੰਡ ਦੀ ਲਾਇਬ੍ਰੇਰੀ ਅਤੇ ਗੁਰੂ ਘਰ ਦੀ ਇਮਾਰਤ ਵਿਚ ਹੋਮਵਰਕ ਕਰਾਉਣ ਦੇ ਯਤਨ ਅਰੰਭੇ ਗਏ ਹਨ। ਭਾਰਤੀ ਫੌਜ ਦੇ ਇੰਜਨੀਅਰਿੰਗ ਕੋਰ ਦੇ ਸਾਬਕਾ ਸੈਨਿਕ ਅਧਿਕਾਰੀ ਗੁਰਮੇਲ ਸਿੰਘ ਦੁਆਰਾ ਪਹਿਲਕਦਮੀ ਕਰਦਿਆਂ ਨੌਜਵਾਨਾਂ ਲਈ ਅਬੋਹਰ ਬ੍ਰਾਂਚ ਦੇ ਹਾਂਸ ਕਲਾਂ ਤੇ ਅਖਾੜਾ ਪੁਲਾਂ ਵਿਚਕਾਰ ਰੋਇੰਗ ਤੇ ਵਾਟਰ ਗੇਮਜ਼ ਦੀ ਮੁਫ਼ਤ ਟ੍ਰੇਨਿੰਗ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਜਿਹੀਆਂ ਗਤੀਵਿਧੀਆਂ ਨੂੰ ਉਭਾਰਨ ਤੇ ਸਲਾਹੁਣ ਦੀ ਲੋੜ ਹੈ।
ਸੀ. ਰਾਧਾ ਕ੍ਰਿਸ਼ਨਨ ਰਾਓ ਸੇਵਾ ਮੁਕਤ ਹੋ ਕੇ ਆਪਣੀ ਧੀ ਕੋਲ ਅਮਰੀਕਾ ਚਲੇ ਗਏ ਸਨ। ਬਾਹਠ ਸਾਲ ਦੀ ਉਮਰ ਵਿਚ ਉਹ ਪਿਟਸਬਰਗ ਯੂਨੀਵਰਸਿਟੀ ਵਿਚ ਸਟੈਟਿਸਟਿਕਸ ਦੇ ਪ੍ਰੋਫੈਸਰ ਨਿਯੁਕਤ ਹੋਏ। 70 ਵਰ੍ਹਿਆਂ ਦੀ ਉਮਰ ਦੌਰਾਨ ਉਹ ਪੈਨਸਲਵੇਨੀਆ ਯੂਨੀਵਰਸਿਟੀ ਵਿਖੇ ਇਸੇ ਵਿਭਾਗ ਦੇ ਮੁਖੀ ਨਿਯੁਕਤ ਹੋ ਗਏ। 75 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ। 82 ਸਾਲ ਦੀ ਉਮਰ ਵਿਚ ਵ੍ਹਾਈਟ ਹਾਊਸ ਨੇ ਉਨ੍ਹਾਂ ਨੂੰ ‘ਨੈਸ਼ਨਲ ਮੈਡਲ ਫਾਰ ਸਾਇੰਸ` ਦੇ ਮਾਣ ਨਾਲ ਨਿਵਾਜਿਆ। 102 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ‘ਇੰਟਰਨੈਸ਼ਨਲ ਪ੍ਰਾਈਜ਼ ਇਨ ਸਟੈਟਿਸਟਿਕਸ` ਮਿਲਿਆ।
ਨੌਜਵਾਨ ਪੀੜ੍ਹੀ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਣ ਲਈ ਖੇਡਾਂ, ਖੇਡ ਮੈਦਾਨਾਂ, ਖੇਡ ਮੁਕਾਬਲਿਆਂ, ਖੇਡ ਸਾਹਿਤ, ਕੋਚਾਂ ਤੇ ਖੇਡ ਬੁਲਾਰਿਆਂ ਦਾ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਵਿਚੋਂ ਖੇਡ ਮੈਦਾਨ ਅਤੇ ਕੋਚ ਮੁੱਢਲੀ ਮਹੱਤਤਾ ਰੱਖਦੇ ਹਨ। ‘ਭਾਗ ਮਿਲਖਾ ਭਾਗ` ਅਤੇ ‘ਸ਼ਾਬਾਸ਼ ਮਿੱਠੂ` ਜਿਹੀਆਂ ਫਿਲਮਾਂ ਨੇ ਜਿੱਥੇ ਲੋਕਾਂ ਵਿਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕੀਤੀ ਉੱਥੇ ਹੀ ਕੋਚ ਦੀ ਭੂਮਿਕਾ ਨੂੰ ਨਿਖਾਰਿਆ ਹੈ। ਸੂਬੇ ਵਿਚ ਇਸ ਸਮੇਂ ਵੱਖੋ-ਵੱਖ ਖੇਡਾਂ ਦੇ 169 ਕੋਚ ਹੀ ਤਾਇਨਾਤ ਹਨ, ਇੰਝ ਆਮ ਖਿਡਾਰੀਆਂ ਲਈ ਕੋਚ ਦੀਆਂ ਸੇਵਾਵਾਂ ਨਿਭਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ। ਦਾਖਾ (ਲੁਧਿਆਣਾ) ਵਿਧਾਨ ਸਭਾ ਹਲਕੇ ਵਿਚ 20 ਦੇ ਲਗਭਗ ਸ਼ਾਨਦਾਰ ਖੇਡ ਮੈਦਾਨ ਹਨ, ਇਹ ਯਤਨ ਬਾਕੀਆਂ ਲਈ ਮਾਰਗਦਰਸ਼ਕ ਵਾਂਗ ਹਨ। ਸਰਕਾਰੀ ਨੌਕਰੀਆਂ ਕਰਦੇ ਖਿਡਾਰੀ ਆਪਣੇ ਪੱਧਰ `ਤੇ ਕਈ ਖੇਤਰਾਂ/ਖੇਡਾਂ ਦੀ ਸਿਖਲਾਈ ਦੇ ਰਹੇ ਹਨ। ਇਸੇ ਪੱਧਰ `ਤੇ ਸਕੂਲਾਂ ਵਿਚ ਤਾਇਨਾਤ ਫਿਜ਼ੀਕਲ ਇੰਸਟ੍ਰਕਟਰ ਨੌਜਵਾਨਾਂ ਨੂੰ ਖੇਡਾਂ ਦੀ ਚੇਟਕ ਲਾਉਣ ਲਈ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡ ਮੈਦਾਨਾਂ ਵਿਚ ਨੌਜਵਾਨਾਂ ਲਈ ਰੋਲ ਮਾਡਲਾਂ ਦਾ ਰੋਲ ਨਿਭਾਉਣਾ ਚਾਹੀਦਾ ਹੈ। ਅਵਨੀਤ ਕੌਰ (ਸ਼ੂਟਿੰਗ), ਮਨਦੀਪ ਕੌਰ (ਅਥਲੈਟਿਕਸ), ਰਮਨਦੀਪ ਸਿੰਘ, ਜੁਗਰਾਜ ਸਿੰਘ ਤੇ ਰਾਜਪਾਲ ਸਿੰਘ (ਹਾਕੀ) ਨਾਮਵਰ ਖਿਡਾਰੀ ਪੁਲਿਸ ਮਹਿਕਮੇ ਵਿਚ ਸਰਕਾਰੀ ਸੇਵਾਵਾਂ ਨਿਭਾ ਰਹੇ ਹਨ। ਅਜਿਹੇ ਲਗਭਗ ਸੌ ਖਿਡਾਰੀ ਅਧਿਕਾਰੀਆਂ ਕੋਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵਿਸ਼ੇਸ਼ ਮੌਕਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਸਾਬਕਾ ਸੈਨਿਕ ਅਧਿਕਾਰੀ ਨੇ ਨੌਜਵਾਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਦੇਣ ਦੇ ਉਪਰਾਲੇ ਕਰਦਿਆਂ ਉਨ੍ਹਾਂ ਨੂੰ ਸੈਨਾ ਤੇ ਅਰਧ-ਸੈਨਿਕ ਬਲਾਂ ਵਿਚ ਨੌਕਰੀਆਂ ਕਰਨ ਦੇ ਯੋਗ ਬਣਾਇਆ ਹੈ। ਨਿੱਜੀ ਤੌਰ ‘ਤੇ ਯਤਨ ਕਰਦਿਆਂ ਜਰਖੜ (ਲੁਧਿਆਣਾ) ਹਾਕੀ, ਰੁੜਕਾ (ਜਲੰਧਰ) ਫੁੱਟਬਾਲ, ਦੇਹਰੀਵਾਲ (ਹੁਸ਼ਿਆਰਪੁਰ) ਵੇਟ ਲਿਫਟਿੰਗ ਅਤੇ ਚਕਰ (ਲੁਧਿਆਣਾ) ਵਿਖੇ ਮੁੱਕੇਬਾਜ਼ੀ ਲਈ ਵਿਅਕਤੀਆਂ/ਸੰਸਥਾਵਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਰੁਜ਼ਗਾਰ ਨੌਜਵਾਨਾਂ ਦੀ ਮੁੱਢਲੀ ਲੋੜ ਹੈ। ਉਨ੍ਹਾਂ ਕੋਲ ਹਾਣ ਦਾ ਰੁਜ਼ਗਾਰ ਨਹੀਂ ਹੈ। ਕੁਝ ਲੋਕ ਕਹਿੰਦੇ ਹਨ ਕਿ ਨੌਜਵਾਨਾਂ ਕੋਲ ਹੁਨਰ ਦੀ ਘਾਟ ਹੈ, ਇਹ ਵੀ ਸਿਸਟਮ ਦੀ ਕਮੀ ਹੈ। ਦਰਅਸਲ, ਸਿਸਟਮ ਕਿਰਤ ਦੇ ਪੂਰਨੇ ਪਾਉਣ ਲਈ ਕੋਈ ਸਾਰਥਿਕ ਯਤਨ ਨਹੀਂ ਕਰ ਸਕਿਆ। ਵਿਦੇਸ਼ਾਂ ਵਿਚ ਵਿਦਿਆਰਥੀਆਂ ਲਈ ਸਟੋਰਾਂ ‘ਤੇ ਕੰਮ ਮੁਹੱਈਆ ਕਰਾਉਣਾ ਪੜ੍ਹਾਈ ਦਾ ਹਿੱਸਾ ਹੈ। ‘ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ‘ ਜਿਹੇ ਕਈ ਯਤਨ ਉਹ ਕਾਫ਼ੀ ਸਮੇਂ ਤੋਂ ਕਰ ਰਹੇ ਹਨ। ਵਿਕਾਸਸ਼ੀਲ ਦੇਸ਼ ਵਿਚ ਵਿਦਿਅਕ, ਖੋਜ ਅਤੇ ਹੋਰ ਸੰਸਥਾਵਾਂ ਵਿਚ ਬੁਲੇਟਿਨ ਬੋਰਡ ‘ਤੇ ਲੋੜੀਂਦੀਆਂ ਸੇਵਾਵਾਂ ਅਤੇ ਉਪਲੱਬਧ ਸੇਵਾਵਾਂ ਦਾ ਵਿਸਥਾਰ ਲਿਖ ਦਿੱਤਾ ਜਾਂਦਾ ਹੈ। ਇੰਝ ਵਿਦਿਆਰਥੀਆਂ ਨੂੰ ਹੱਥੋਂ-ਹੱਥੀ ਕੰਮ ਮਿਲ ਜਾਂਦਾ ਹੈ। ਕੋਈ ਵਿਦਿਆਰਥੀ ਅਜਿਹੇ ਬੋਰਡਾਂ ਕੋਲੋਂ ਖਾਲੀ ਲੰਘਦਾ ਹੀ ਨਹੀਂ ਹੈ। ਉੱਥੇ ਤੁਹਾਡੇ ਕੰਮ ਤੇ ਹੁਨਰ ਦਾ ਮੁੱਲ ਹੈ ਤੇ ਬੁਲੇਟਿਨ ਬੋਰਡ ਦਾ ਅਗਲਾ ਕਦਮ ਨੈੱਟਵਰਕਿੰਗ ਤੁਹਾਡੀ ਉਂਗਲੀ ਫੜ ਕੇ ਤੁਹਾਨੂੰ ਰੁਜ਼ਗਾਰ ਦੇ ਰਾਹ ਪਾ ਦਿੰਦਾ ਹੈ। ਸਾਡੇ ਦੇਸ਼ ਵਿਚ ਵਿਦਿਆਰਥੀਆਂ ਦਾ ਬੇਸਿਕ ਡਿਗਰੀ ਤੋਂ ਉੱਚ ਡਿਗਰੀ ਵਿਚਕਾਰਲਾ ਅਤੇ ਪੜ੍ਹਾਈ ਤੋਂ ਨੌਕਰੀ ਮਿਲਣ ਦਾ ਸਮਾਂ ਚਿੰਤਾਵਾ ਭਰਿਆ ਹੁੰਦਾ ਹੈ। ਪੜ੍ਹਾਈ ਮੁਕੰਮਲ ਕਰਨ ਉਪਰੰਤ ਬੇਰੁਜ਼ਗਾਰ ਰਹਿਣਾ ਅੰਗਿਆਰਿਆਂ ‘ਤੇ ਤੁਰਨ ਵਾਂਗ ਹੈ। ਪਲੇਸਮੈਂਟ ਸੈਲ ਨੂੰ ਅੱਗੇ ਤੋਰਦਿਆਂ ਸਿਸਟਮ, ਵਿਦਿਅਕ ਤੇ ਸਮਾਜਿਕ ਸੰਸਥਾਵਾਂ ਨੂੰ ਇਸ ਵਿਸ਼ੇ ‘ਤੇ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਕੰਮ ਤੇ ਕਾਮਿਆਂ ਵਿਚ ਤਾਲਮੇਲ ਕਰਨਾ ਅੱਜ ਦੀ ਵਿਸ਼ੇਸ਼ ਲੋੜ ਹੈ।
ਨਵੀਨ ਸੰਚਾਰ ਸਾਧਨਾਂ ਨੇ ਤਕਨਾਲੋਜੀ ਦੇ ਪਸਾਰ ਵਿਚ ਵਿਸ਼ੇਸ਼ ਵਾਧਾ ਕੀਤਾ ਹੈ। ਛੋਟੀਆਂ-ਛੋਟੀਆਂ ਵੀਡੀਓ ਕਲਿਪਸ ਰਾਹੀਂ ਕੰਮਾਂ ਦੀਆਂ ਵਿਧੀਆਂ, ਸਫਲ ਯਤਨਾਂ, ਨਤੀਜਿਆਂ ਤੇ ਮਾਹਰ ਵਿਚਾਰਾਂ ਬਾਰੇ ਖੁੱਲ੍ਹ ਕੇ ਪ੍ਰਗਟਾਵਾ ਹੋ ਰਿਹਾ ਹੈ। ਅਜਿਹੀਆਂ ਕੋਸ਼ਿਸ਼ਾਂ ਦੀ ਵਧੇਰੇ ਤੇ ਯੋਜਨਾਬੱਧ ਪਸਾਰ ਦੀ ਲੋੜ ਹੈ। ਖਰੜ ਦੇ ਇੱਕ ਵਿਅਕਤੀ ਨੇ ਗੰਡੋਆ ਖਾਦ (ਵਰਮੀ ਕੰਪੋਜਟ) ਬਣਾਉਣ ਬਾਰੇ ਹਰ ਸ਼ਨਿਚਰਵਾਰ ਮੁਫ਼ਤ ਸਿਖਲਾਈ ਦੇਣ ਦਾ ਯਤਨ ਅਰੰਭਿਆ ਹੈ। ਇਵੇਂ ਹੀ ਇੱਕ ਵੀਡੀਓ ਕਲਿਪ ਵਿਚ ਅਮਰੀਕਾ ਤੋਂ ਵਾਪਸ ਪਰਤੇ ਇੱਕ ਵਿਅਕਤੀ ਨੇ ਇੱਕ ਏਕੜ ਗੰਨੇ ਦੇ ਖੇਤ ‘ਚੋਂ ਚੰਗੀ ਕਮਾਈ ਦੀਆਂ ਪੈੜਾਂ ਪਾਈਆਂ ਹਨ।
ਸਮਾਜਿਕ ਸਮਾਗਮਾਂ ‘ਤੇ ਵੱਡੇ-ਵੱਡੇ ਇਕੱਠ ਤੇ ਫਜ਼ੂਲ ਖਰਚੇ ਅਜਿਹੇ ਸਮਾਜਿਕ ਸਰੋਕਾਰ ਹਨ ਜਿਨ੍ਹਾਂ ਦੀ ਰੋਕਥਾਮ ਲਈ ਸਮਾਜ ਆਪਣੇ ਆਪ ਪ੍ਰਭਾਵਸ਼ਾਲੀ ਕਦਮ ਚੁੱਕ ਸਕਦਾ ਹੈ। ਪੰਜਾਬੀਆਂ ਨੇ ਵਿਆਹ-ਸ਼ਾਦੀਆਂ ਲਈ ਜਾਇਦਾਦਾਂ ਵੇਚੀਆਂ ਅਤੇ ਵੱਡੇ-ਵੱਡੇ ਕਰਜ਼ੇ ਚੁੱਕੇ। ਵਿੱਤੋਂ-ਵੱਧ ਖਰਚਾ ਖੁਦਕਸ਼ੀਆਂ ਦਾ ਕਾਰਨ ਵੀ ਬਣਿਆ। ਸਮੇਂ-ਸਮੇਂ ‘ਤੇ ਕਈ ਪੰਚਾਇਤਾਂ ਵੱਲੋਂ ਖਰਚੇ ਸੀਮਤ ਕਰਨ ਲਈ ਮਤੇ ਪਾਏ ਜਾਂਦੇ ਰਹੇ ਹਨ। ਇਨ੍ਹਾਂ ਮਤਿਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਦੀਆਂ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਰਹੀਆਂ ਹਨ। ਅਜਿਹੇ ਹੀ ਇੱਕ ਪਿੰਡ ਵਿਚ ਵਿਦੇਸ਼ੋਂ ਆਏ ਪਰਿਵਾਰ ਨੇ ਜੁਰਮਾਨਾ ਦਿੱਤਾ ਤੇ ਵੱਡੇ ਖਰਚੇ ਵਾਲਾ ਵਿਆਹ ਕਰ ਲਿਆ। ਵੀਡੀਓ ਤੇ ਡਰੋਨ ਕੈਮਰਿਆਂ ਅਤੇ ਦਿਖਾਵੇਬਾਜ਼ੀ ਨੇ ਅਜਿਹੀਆਂ ਸ਼ਰਤਾਂ ਨੂੰ ਢਾਹ ਲਾਈ ਹੈ। ਪ੍ਰੀ-ਵੈਡਿੰਗ ਜਿਹੀਆਂ ਨਵੀਆਂ ਰਸਮਾਂ ਨੇ ਅਜਿਹੇ ਯਤਨਾਂ ਨੂੰ ਬੂਰ ਨਹੀਂ ਪੈਣ ਦਿੱਤਾ। ਆਪਣੇ ਆਪ ਉਦਾਹਰਨ ਬਣ ਕੇ ਅਤੇ ਸੰਗਠਨ ਬਣਾ ਕੇ ਸਮਾਜਿਕ ਸਮਾਗਮਾਂ ਦੇ ਖਰਚਿਆਂ ਨੂੰ ਘਟਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਖੇਤਰ ਵਿਚ ਕੰਮ ਕਰਦੇ ਵਿਅਕਤੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਪਿਛਲੇ ਵੀਹ ਵਰ੍ਹਿਆਂ ਦੌਰਾਨ ਪੰਚਾਇਤਾਂ ਤੇ ਸੰਸਥਾਵਾਂ ਵੱਲੋਂ ਇਸ ਪੱਖ ‘ਤੇ ਕੀਤੇ ਗਏ ਯਤਨਾਂ ਨੂੰ ਮੁੜ ਤੋਂ ਸਿਰਜਣ ਦੀ ਲੋੜ ਹੈ। ਵਿਆਹਾਂ ਦੇ ਅਥਾਹ ਖਰਚਿਆਂ ਨੂੰ ਰੋਕਣ ਲਈ ਸਮਾਜ ਵੱਲੋਂ ਅਗਵਾਈ ਦੀ ਆਸ ਹੈ।
ਦੇਸ਼ ਦੇ ਸੰਵਿਧਾਨ ਦਾ ਆਦੇਸ਼ ਹੈ ਕਿ ਦੇਸ਼ ਦੀ ਸੰਪਤੀ ਨੂੰ ਇਵੇਂ ਵੰਡਿਆ ਜਾਵੇ ਕਿ ਅਮੀਰ-ਗਰੀਬ ਵਿਚਕਾਰ ਘੱਟੋ-ਘੱਟ ਫਰਕ ਹੋਵੇ। ਵਿਕਾਸਸ਼ੀਲ ਦੇਸ਼ਾਂ ਵਿਚ ਆਮ ਆਦਮੀ ਲਈ ਇਹੋ ਸਿਧਾਂਤ ਲਾਲ-ਸੂਹੇ ਫੁੱਲ ਵਾਂਗ ਹੈ। ਅਮੀਰ ਲੋਕ ਟੈਕਸ ਛੁਪਾ ਕੇ ਕਾਲੇ ਧਨ ਦੇ ਢੇਰ ਇਕੱਠੇ ਕਰ ਲੈਂਦੇ ਹਨ ਤੇ ਇਸੇ ਧਨ ਨਾਲ ਵੱਡੀਆਂ-ਵੱਡੀਆਂ ਜਾਇਦਾਦਾਂ ਇਕੱਠੀਆਂ ਕਰਦੇ ਹਨ। ਅਜਿਹਾ ਪੈਸਾ ਆਮ ਬੰਦੇ ਦਾ ਜਿਉਣਾ ਦੁੱਭਰ ਕਰ ਦਿੰਦਾ ਹੈ। ਸੋਸ਼ਲ ਮੀਡੀਆ ਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਵ੍ਹੱਟਸਐਪ ਕਲਿੱਪ ਦੇਖਣ ਨੂੰ ਮਿਲਿਆ ਜਿਸ ਵਿਚ ਸ਼ਿਮਲਾ ਮਿਰਚ ਦੀ ਕੀਮਤ ਇੱਕ ਰੁਪਏ ਪ੍ਰਤੀ ਕਿਲੋ ਤੱਕ ਘੱਟ ਜਾਣ ‘ਤੇ ਕਿਸਾਨਾਂ ਤੇ ਕਿਰਤੀਆਂ ਨੇ ਆਪਣੀ ਫਸਲ ਨੂੰ ਸੜਕਾਂ ‘ਤੇ ਢੇਰੀ ਕਰ ਦਿੱਤਾ। ਸੂਬੇ ਵਿਚ ਕਾਲੇ ਧਨ ਦਾ ਪਸਾਰ ਜ਼ੋਰਾਂ ‘ਤੇ ਹੈ। ਅਰਥ ਸ਼ਾਸਤਰੀ ਇਸ ਵਿਸ਼ੇ ‘ਤੇ ਬੋਲਦੇ-ਲਿਖਦੇ ਰਹਿੰਦੇ ਹਨ ਪਰ ਇਸ ਔਖੇ ਕੰਮ ਲਈ ਪ੍ਰਭਾਵਸ਼ਾਲੀ ਪ੍ਰਬੰਧ ਦੀ ਲੋੜ ਹੈ ਤਾਂਕਿ ਇਸ ਧਨ ਨੂੰ ਮੁੱਖ ਧਾਰਾ ਵੱਲ ਮੋੜਿਆ ਜਾ ਸਕੇ।