ਕਿੱਸਾ ਮਿਸਾਲੀ ਇਨਕਲਾਬੀ ਭਗਵਤੀ ਚਰਨ ਵੋਹਰਾ

ਮਲਵਿੰਦਰ ਜੀਤ ਸਿੰਘ ਵੜੈਚ
ਫੋਨ: 0172-2556314
ਭਗਵਤੀ ਚਰਨ ਵੋਹਰਾ (15 ਨਵੰਬਰ 1903-28 ਮਈ 1930) ਦਾ ਜਨਮ ਪੜ੍ਹੇ-ਲਿਖੇ ਅਤੇ ਅਮੀਰ ਘਰਾਣੇ ਵਿਚ ਹੋਇਆ ਪਰ ਉਨ੍ਹਾਂ ਨੂੰ ਦੌਲਤ ਨਾਲ ਕੋਈ ਮੋਹ ਨਹੀਂ ਸੀ ਅਤੇ ਬਚਪਨ ਵਿਚ ਹੀ ਉਨ੍ਹਾਂ `ਚ ਇਨਕਲਾਬੀ ਵਿਚਾਰਧਾਰ ਪਨਪ ਗਈ ਸੀ। ਸ਼ਾਇਦ ਇਸੇ ਕਰ ਕੇ ਪਿਤਾ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਸਾਢੇ ਕੁ ਚੌਦਾਂ ਸਾਲ ਦੀ ਉਮਰੇ ਹੀ 1918 ਵਿਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਸੀ।

ਜਦ 1919 `ਚ ਭਗਵਤੀ ਦੇ ਪਿਤਾ ਨੂੰ ‘ਰਾਏ ਬਹਾਦਰ` ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਤਾਂ ਉਨ੍ਹਾਂ ਨੇ ਬੜੀ ਸ਼ਾਨਦਾਰ ਪਾਰਟੀ ਕੀਤੀ ਜਿਸ `ਚ ਪ੍ਰਚੱਲਿਤ ‘ਲਛਮਣ ਰੇਖਾ` ਉਲੰਘ ਕੇ ਵੱਡੇ-ਵੱਡੇ ਅਫ਼ਸਰ ਵੀ ਸ਼ਾਮਲ ਹੋਏ ਸਨ ਪਰ ਭਗਵਤੀ ਨੂੰ ਇਹ ਸਭ ਹਜ਼ਮ ਨਹੀਂ ਸੀ ਹੋ ਰਿਹਾ ਅਤੇ ਉਹ ਚੁੱਪ-ਚਾਪ ਪਤਨੀ ਦੇ ਕੰਨ ਵਿਚ ਇਹ ਦੱਸ ਕੇ ਖਿਸਕ ਗਿਆ ਕਿ ਉਹ ਰਾਤੀਂ ਕਿਸੇ ਦੋਸਤ ਕੋਲ ਠਹਿਰੇਗਾ।
ਨਾ-ਮਿਲਵਰਤਣ ਲਹਿਰ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਦੀ ਇੱਛਾ ਵਿਰੁੱਧ ਜੋ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਨੈਸ਼ਨਲ ਕਾਲਜ ਲਾਹੌਰ ਵਿਚ ਬੀ.ਏ. ਵਿਚ ਦਾਖ਼ਲਾ ਲੈ ਲਿਆ ਅਤੇ ਫਿਰ ਪੂਰੀ ਤਰ੍ਹਾਂ ਇਨਕਲਾਬੀ ਗਤੀਵਿਧੀਆਂ ਵਿਚ ਸਰਗਰਮ ਹੋ ਗਏ। ਉੱਥੇ ਹੀ ਭਗਤ ਸਿੰਘ, ਸੁਖਦੇਵ, ਯਸ਼ਪਾਲ ਐਫ਼.ਏ. ਵਿਚ ਦਾਖ਼ਲ ਹੋਏ।
ਉਹ ਆਪਣੇ ਸਹਿਯੋਗੀਆਂ `ਚ ਸਭ ਤੋਂ ਵੱਡੇ ਸਨ ਅਤੇ ਬਹੁਤ ਹੀ ਤੇਜ਼-ਤਰਾਰ ਤੇ ਜ਼ਬਰਦਸਤ ਬੁਲਾਰੇ ਸਨ। ਉਹ ਕਾਲਜ ਵਿਚ ਇਨਕਲਾਬੀਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਜਿਸ ਵਿਚ ਉਹ ਖ਼ੁਦ ਹੀ ਮੁੱਖ ਬੁਲਾਰਾ ਹੁੰਦੇ। ਉਹ ਸੁਖਦੇਵ, ਭਗਤ ਸਿੰਘ, ਯਸ਼ਪਾਲ ਆਦਿ ਦਾ ਮਾਰਗ-ਦਰਸ਼ਨ ਕਰਦੇ ਰਹਿੰਦੇ ਅਤੇ ਉਨ੍ਹਾਂ ਨੂੰ ਮੇਲਿਆਂ, ਛਿੰਝਾਂ ਆਦਿ ਵਿਚ ‘ਜਾਦੂਈ ਲਾਲਟੈਣ` ਜ਼ਰੀਏ ਇਨਕਲਾਬੀ ਪ੍ਰਚਾਰ ਕਰਨ ਦੀ ਸਿਖਲਾਈ ਵੀ ਦਿੰਦੇ। ਉਹ ਇਨਕਲਾਬੀ ਵਿਚਾਰਧਾਰਾ ਨੂੰ ਇੰਨੇ ਸਮਰਪਿਤ ਸਨ ਕਿ ਜਦ 1925 ਵਿਚ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਨ੍ਹਾਂ ਉਸ ਦਾ ਨਾਮ ਸਚਿੰਦਰ ਸਾਨਿਆਲ ਤੋਂ ਪ੍ਰੇਰਿਤ ਹੋ ਕੇ ਸਚਿੰਦਰ ਵੋਹਰਾ ਰੱਖ ਦਿੱਤਾ।
1926 ਵਿਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੈਨੀਫੈਸਟੋ ਭਗਵਤੀ ਚਰਨ ਵੋਹਰਾ ਨੇ ਬਤੌਰ ਪ੍ਰਾਪੇਗੰਡਾ ਸੈਕਟਰੀ ਲਿਖਿਆ। ਇਹ ਮੈਨੀਫੈਸਟੋ 13 ਅਪਰੈਲ 1928 ਨੂੰ ਜੱਲ੍ਹਿਆਂਵਾਲੇ ਬਾਗ਼ ਵਿਚ ਸਭਾ ਦੀ ਪਹਿਲੀ ਸੂਬਾਈ ਕਾਨਫਰੰਸ ਵੇਲੇ ਜਾਰੀ ਕੀਤਾ ਗਿਆ।
ਜਦ ਕਾਕੋਰੀ ਕਾਂਡ ਵਾਲੇ ਇਨਕਲਾਬੀਆਂ ਨੂੰ ਫਾਂਸੀਆਂ ਅਤੇ ਉਮਰ ਕੈਦਾਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਤਾਂ ਕੁਝ ਸਿਰਕੱਢ ਆਗੂ ਉਨ੍ਹਾਂ ਨੂੰ ਜੇਲ੍ਹ `ਚੋਂ ਛੁਡਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ ਅਤੇ ਇਸ ਮਕਸਦ ਲਈ ਵਾਲੰਟੀਅਰ ਤੇ ਪੈਸੇ ਭੇਜਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਹੁਣ ਪੰਜਾਬ ਵਾਲੀ ਪਾਰਟੀ ਹੀ ਸਹੀ ਸਲਾਮਤ ਬਚੀ ਹੋਈ ਸੀ, ਇਸ ਲਈ ਜੇਲ੍ਹੀਂ ਡੱਕੇ ਹੋਏ ਕਾਰਕੁਨਾਂ ਦੀ ਵੱਡੀ ਟੇਕ ਪੰਜਾਬ `ਤੇ ਹੀ ਸੀ। ਉਸ ਵੇਲੇ ਪੰਜਾਬ ਪਾਰਟੀ ਦੀ ਵਾਗਡੋਰ ਪ੍ਰੋਫੈਸਰ ਜੈਚੰਦਰ ਵਿਦਿਆਲੰਕਾਰ ਦੇ ਹੱਥ ਸੀ ਜੋ ਸਾਰੇ ਜੁਝਾਰੂ ਨੌਜਵਾਨਾਂ ਦਾ ਗੁਰੂ ਅਤੇ ਰਹਿਬਰ ਸੀ ਪਰ ‘ਗੁਰੂ ਜੀ` ਕੇਵਲ ਜ਼ਬਾਨੀ ਖਾਨਾਪੂਰਤੀ ਦੇ ਹੀ ਧਨੀ ਸਨ ਜੋ ਚੇਲਿਆਂ ਨੂੰ ਹਜ਼ਮ ਨਹੀਂ ਸੀ ਹੋ ਰਿਹਾ; ਖ਼ਾਸਕਰ ਭਗਵਤੀ ਚਰਨ ਨੂੰ ਜੋ ਇਨ੍ਹਾਂ ਸਾਰਿਆਂ `ਚੋਂ ਸੁੱਘੜ ਵੀ ਸੀ ਅਤੇ ਜਿਸ ਨੂੰ ਕੌਮਾਂਤਰੀ ਕਮਿਊਨਿਸਟ ਲਹਿਰ ਬਾਰੇ ਤਜਰਬਾ ਵੀ ਸੀ।
ਫਿਰ ਕੀ ਸੀ? ਗੁਰੂ ਜੀ ਨੇ ਭਗਵਤੀ ਨਾਲ ਖੁੰਦਕਵੱਸ ਹਰੇਕ ਦੇ ਕੰਨੀਂ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ‘ਅਤਿ ਭਰੋਸੇਯੋਗ ਸਰੋਤਾਂ` ਤੋਂ ਪਤਾ ਲੱਗਾ ਹੈ ਕਿ ਭਗਵਤੀ ਬਾਕਾਇਦਾ ਸੀ.ਆਈ.ਡੀ. ਦਾ ਏਜੰਟ ਹੈ, ਇਸ ਤੋਂ ਬਚ ਕੇ ਰਹਿਣਾ। ਇਸ `ਤੇ ਸੁਖਦੇਵ, ਭਗਤ ਸਿੰਘ ਅਤੇ ਦੂਜੇ ਪ੍ਰਾਂਤਾਂ ਦੇ ਇਨਕਲਾਬੀ ਭਗਵਤੀ ਚਰਨ ਤੋਂ ਕਤਰਾਉਣ ਲੱਗ ਪਏ ਅਤੇ ਉਨ੍ਹਾਂ ਨੂੰ ਐਚ.ਐੱਸ.ਆਰ.ਏ. ਦੇ ਗਠਨ ਤੋਂ ਦੂਰ ਰੱਖਿਆ ਗਿਆ। ਜੇ ਇਹ ਗ਼ਲਤੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਐਚ.ਐੱਸ.ਆਰ.ਏ. ਦਾ ਇਤਿਹਾਸ ਕੁਝ ਹੋਰ ਹੁੰਦਾ।
ਜਦ 17 ਦਸੰਬਰ 1928 ਨੂੰ ਪਾਰਟੀ ਨੇ ਸਾਂਡਰਸ ਕਤਲ ਦਾ ਐਕਸ਼ਨ ਕੀਤਾ ਤਾਂ ਉਸ ਵੇਲੇ ਪਾਰਟੀ ਕੋਲ ਰਾਤ ਨੂੰ ਖਾਣਾ ਖਾਣ ਜੋਗੇ ਵੀ ਪੈਸੇ ਨਹੀਂ ਸਨ। ਪੰਜਾਬ ਇਕਾਈ ਦਾ ਇੰਚਾਰਜ ਹੋਣ ਨਾਤੇ ਇਨਕਲਾਬੀਆਂ ਨੂੰ ਲਾਹੌਰੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਸੁਖਦੇਵ ਦੀ ਸੀ, ਤਾਂ ਸੁਖਦੇਵ ਦੀ ਟੇਕ ਭਗਵਤੀ ਪਰਿਵਾਰ `ਤੇ ਹੀ ਸੀ। ਦੂਰਦਰਸ਼ੀ ਭਗਵਤੀ ਕਲਕੱਤਾ ਜਾਣੋਂ ਪਹਿਲਾਂ, ਭਾਵ ਐਕਸ਼ਨ ਤੋਂ ਪਹਿਲਾਂ ਹੀ 500 ਰੁਪਏ ਆਪਣੀ ਪਤਨੀ ਦੁਰਗਾਵਤੀ ਨੂੰ ਇਹ ਕਹਿ ਕੇ ਦੇ ਗਏ ਸਨ ਕਿ ਜੇ ਕੋਈ ਮੰਗਣ ਆਏ ਤਾਂ ਇਹ ਪੈਸੇ ਦੇ ਦੇਣਾ। ਸੁਖਦੇਵ ਦੇ ਪੈਸੇ ਮੰਗਣ `ਤੇ ਦੁਰਗਾ ਭਾਬੀ ਨੇ ਉਸ ਨੂੰ ਫੜਾ ਦਿੱਤੇ ਅਤੇ ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰੋਂ ਬਾਹਰ ਸੁਰੱਖਿਅਤ ਕੱਢਣ ਲਈ ਖ਼ੁਦ ਨੂੰ ਅਤੇ ਆਪਣੇ ਪੁੱਤਰ ਸਚੀ ਨੂੰ ਵੀ ਇਸ ਐਕਸ਼ਨ ਵਿਚ ਝੋਕ ਦਿੱਤਾ ਅਤੇ 20 ਦਸੰਬਰ 1928 ਨੂੰ ਉਨ੍ਹਾਂ ਨੇ ਭਗਤ ਸਿੰਘ ਅਤੇ ਰਾਜਗੁਰੂ ਨੂੰ ਲਾਹੌਰੋਂ ਬਾਹਰ ਕਢਾਇਆ।
ਅੱਠ ਅਪਰੈਲ 1929 ਨੂੰ ਅਸੈਂਬਲੀ ਕਾਂਡ ਵਿਚ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੇ ਆਤਮ-ਸਮਰਪਣ ਅਤੇ 15 ਅਪਰੈਲ 1929 ਨੂੰ ਕਸ਼ਮੀਰ ਬਿਲਡਿੰਗ ਤੋਂ ਸੁਖਦੇਵ ਅਤੇ ਕਿਸ਼ੋਰੀ ਲਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਛਾਣ-ਬੀਣ ਤੋਂ ਪਤਾ ਲੱਗਿਆ ਕਿ ਕਸ਼ਮੀਰ ਬਿਲਡਿੰਗ ਵਾਲੇ ਕਮਰੇ ਤਾਂ ਭਗਵਤੀ ਦੇ ਨਾਂ `ਤੇ ਹਨ, ਜੋ ਭਗਵਤੀ ਨੇ ਪੜ੍ਹਨ ਵਾਸਤੇ ਆਪਣੇ ਨਾਂ `ਤੇ ਕਿਰਾਏ `ਤੇ ਲਏ ਹੋਏ ਹਨ ਜਦੋਂਕਿ ਇਨਕਲਾਬੀ ਅਜਿਹਾ ਕਾਰਜ ਫ਼ਰਜ਼ੀ ਨਾਂ ਤਹਿਤ ਕਰਦੇ ਸਨ। ਜਦ ਸੁਖਦੇਵ ਨੂੰ ਉਕਤ ਕਮਰਿਆਂ ਬਾਰੇ ਪਤਾ ਲੱਗਿਆ ਸੀ ਤਾਂ ਉਸ ਨੇ ਮੱਲੋਮੱਲੀ ਭਗਵਤੀ ਤੋਂ ਉਕਤ ਕਮਰਿਆਂ ਦੀ ਚਾਬੀ ਲੈ ਕੇ ਉੱਥੇ ਬੰਬਾਂ ਕੇ ਖੋਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ। ਛਾਣ-ਬੀਣ ਦੌਰਾਨ ਤਾਰ ਭਗਵਤੀ ਨਾਲ ਜੁੜ ਗਏ ਅਤੇ ਪੁਲਿਸ ਨੇ ਭਗਵਤੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਕੱਢ ਦਿੱਤੇ ਜਿਸ ਕਰ ਕੇ ਉਹ ਰੂਪੋਸ਼ ਹੋ ਗਿਆ ਅਤੇ ਨਵੀਂ ਪਾਰਟੀ ਬਣਾਉਣ ਦੇ ਆਹਰ ਵਿਚ ਜੁਟ ਗਿਆ।
ਫਿਰ ਜਦ 10 ਜੁਲਾਈ 1929 ਨੂੰ ਇਨਕਲਾਬੀਆਂ ਖ਼ਿਲਾਫ਼ ਲਾਹੌਰ ਸਾਜ਼ਿਸ਼ ਕੇਸ ਦੀ ਕਾਰਵਾਈ ਸ਼ੁਰੂ ਹੋਣ `ਤੇ ਲਾਹੌਰ ਹੀ ਸਾਰੀਆਂ ਸਰਗਮੀਆਂ ਦਾ ਕੇਂਦਰ ਬਣ ਗਿਆ ਤਾਂ ਪੈਰਵੀ ਲਈ ਆਉਂਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਭਗਵਤੀ ਚਰਨ ਵੋਹਰਾ ਦਾ ਘਰ ਹੀ ਪਨਾਹਗਾਹ ਬਣਿਆ ਜਿੱਥੇ ਦੁਰਗਾ ਭਾਬੀ ਨੂੰ ਨਾ ਕੇਵਲ ਦਿਨ-ਰਾਤ ਉਨ੍ਹਾਂ ਦੇ ਖਾਣ-ਪੀਣ ਦਾ ਬੰਦੋਬਸਤ ਕਰਨਾ ਪੈਂਦਾ ਅਤੇ ਉਹ ਰਸੋਈ `ਚ ਸਵੇਰੇ ਤਿੰਨ ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਆਟੇ ਦੀਆਂ ਪਰਾਤਾਂ ਗੁੰਨ੍ਹਦੀ, ਦਾਲ-ਸਬਜ਼ੀ ਤਿਆਰ ਕਰਦੀ ਤੇ ਆਏ-ਗਏ ਨੂੰ ਖੁਆਉਣ `ਚ ਰੁੱਝੀ ਰਹਿੰਦੀ। ਡਿਫੈਂਸ ਕਮੇਟੀ ਦੀਆਂ ਕਾਰਵਾਈਆਂ ਵੀ ਇੱਥੋਂ ਹੀ ਚਲਦੀਆਂ ਅਤੇ ਜੇਲ੍ਹੀਂ ਡੱਕੇ ਸਾਥੀਆਂ ਨਾਲ ਸੰਪਰਕ ਬਣਾਈ ਰੱਖਣ, ਕੇਸ ਦੀ ਪੈਰਵੀ ਕਰਨ ਵਾਲੇ ਵਕੀਲਾਂ ਨਾਲ ਤਾਲ-ਮੇਲ ਰੱਖਣ ਆਦਿ ਸਾਰਾ ਤਾਣਾ-ਬਾਣਾ ਭਾਬੀ ਦੁਆਲੇ ਹੀ ਘੁੰਮਦਾ। ਇਨ੍ਹੀਂ ਦਿਨੀਂ ਅਜਿਹੇ ਮੌਕੇ ਵੀ ਹੁੰਦੇ ਕਿ ਨਾ ਤਾਂ ਕੋਲ ਕੋਈ ਪੈਸਾ-ਧੇਲਾ ਹੁੰਦਾ ਤੇ ਨਾ ਹੀ ਕੋਈ ਸਾਥੀ ਉਪਲਬਧ ਹੁੰਦਾ। ਫਿਰ ਵੀ ਭਾਬੀ ਨੇ ਕਦੇ ਹਿੰਮਤ ਨਾ ਹਾਰੀ ਅਤੇ ਲੋੜ ਪੈਣ `ਤੇ ਉਹ ਇਕੱਲੀ ਹੀ ਕਿਤੇ ਵੀ ਪਹੁੰਚ ਕੇ ਆਪਣੇ ਕੰਮ ਨਿਪਟਾ ਆਉਂਦੀ। ਇਹ ਦੇਖ ਕੇ ਭਗਵਤੀ ਦੇ ਦੋਖੀ, ਭਾਬੀ ਦੇ ਆਚਰਨ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡਾਉਣ ਲੱਗ ਪਏ। ਇਹ ਕੁਝ ਦਇੱਕ ਵਾਰੀ ਸੁਖਦੇਵ ਰਾਜ (ਸੁਖਦੇਵ ਨਹੀਂ), ਇੰਦਰਪਾਲ ਨੂੰ ਨਾਲ ਲੈ ਕੇ ਭਗਵਤੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਹਦੀ ਜਾਣਕਾਰੀ ਦਿੱਤੀ। ਸੁਣ ਕੇ ਪਹਿਲਾਂ ਤਾਂ ਭਗਵਤੀ ਚੁੱਪ ਹੀ ਰਹੇ, ਫਿਰ ਕਿਹਾ, “ਮੇਰੇ ਸਾਹਮਣੇ ਪਹਾੜ ਜੇਡੇ ਕੰਮ ਨੇ, ਇਸ ਲਈ ਮੇਰੇ ਕੋਲ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਲਈ ਕੋਈ ਵਿਹਲ ਹੀ ਨਹੀਂ। ਨਾਲੇ ਮੈਨੂੰ ਆਪਣੀ ਪਤਨੀ `ਤੇ ਅਟੁੱਟ ਭਰੋਸਾ ਹੈ। ਤੁਸੀਂ ਇਹ ਕਹਿਣ-ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਦੱਸ ਦੇਣਾ; ਤੇ ਜੇ ਮੈਂ ਵਿਸ਼ਵਾਸ ਕਰਨਾ ਹੀ ਹੈ ਤਾਂ ਮੈਂ ਆਪਣੀ ਪਤਨੀ ਦੀ ਗੱਲ `ਤੇ ਹੀ ਕਰਾਂਗਾ।”
ਇਸ ਕਾਰਜ ਲਈ ਪੈਸਾ ਖੁੱਲ੍ਹਾ ਚਾਹੀਦਾ ਸੀ ਤੇ ਇੰਨੇ ਸਾਲਾਂ ਦੀ ਸ਼ਾਹ-ਖ਼ਰਚੀ ਕਾਰਨ ਵੋਹਰਾ ਪਰਿਵਾਰ ਦਾ ਖ਼ਜ਼ਾਨਾ ਵੀ ਤਕਰੀਬਨ ਖ਼ਾਲੀ ਹੋ ਚੁੱਕਾ ਸੀ। ਪੈਸੇ ਦੀ ਪ੍ਰਾਪਤੀ ਤੋਂ ਇਲਾਵਾ ਭਗਵਤੀ ਅਤੇ ਸਾਥੀਆਂ ਨੂੰ ਪੰਜਾਬ ਪੁਲਿਸ ਦੇੇ ਆਈ.ਜੀ. ਦਾ ਇਹ ਬਿਆਨ ਵੀ ਹਜ਼ਮ ਨਹੀਂ ਸੀ ਹੋ ਰਿਹਾ ਕਿ “ਅਸਾਂ ਪੰਜਾਬ `ਚ ਇਨਕਲਾਬੀਆਂ ਦਾ ਵਿਨਾਸ਼ ਕਰ ਦਿੱਤਾ ਹੈ”। ਇਸ ਕਰ ਕੇ 15 ਅਕਤੂਬਰ 1929 ਨੂੰ ਅਹਿਮਦਗੜ੍ਹ ਡਕੈਤੀ ਨੂੰ ਅੰਜਾਮ ਦਿੱਤਾ ਗਿਆ।
ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਜੇਲ੍ਹੋਂ ਛੁਡਾਉਣ ਲਈ ਚੰਦਰ ਸ਼ੇਖਰ ਆਜ਼ਾਦ ਵੀ ਆਪਣੇ ਪੱਧਰ `ਤੇ ਉਪਰਾਲੇ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਤਸੱਲੀ ਨਾ ਹੋਈ ਤਾਂ ਉਨ੍ਹਾਂ ਮੌਕੇ ਦਾ ਜਾਇਜ਼ਾ ਲੈਣ ਲਈ ਆਪਣੇ ਨਿਕਟਤਮ ਸਾਥੀ ਵੈਸ਼ਮਪਾਇਨ ਨੂੰ ਕਾਂਸ਼ੀ ਰਾਮ ਨਾਲ ਕਾਨਪੁਰ ਤੋਂ ਲਾਹੌਰ ਭੇਜਿਆ।
ਵੈਸ਼ਮਪਾਇਨ ਅਨੁਸਾਰ, “ਮੈਂ ਲਾਹੌਰ ਪਹੁੰਚ ਕੇ ਤਿੰਨ ਐਤਵਾਰ ਲਗਾਤਾਰ ਜੇਲ੍ਹ ਦਾ ਜਾਇਜ਼ਾ ਲੈ ਕੇ, ਤੀਜੇ ਐਤਵਾਰ ਸ਼ਾਮੀਂ ਆਪਣੇ ਮੇਜ਼ਬਾਨ ਨੂੰ ਸੁਨੇਹਾ ਭੇਜਿਆ ਕਿ ਮੈਂ ਕੱਲ੍ਹ ਸਵੇਰੇ ਕਾਨਪੁਰ ਪਰਤਣਾ ਹੈ। ਇਸ ਲਈ ਮੇਰੇ ਕੱਲ੍ਹ ਦੇ ਸਫ਼ਰ ਲਈ ਟਿਕਟ ਦਾ ਬੰਦੋਬਸਤ ਕਰ ਦੇਵੇ। ਮੈਨੂੰ ਪਤਾ ਲੱਗਾ ਕਿ ਮੇਰੇ ਇੱਥੇ ਰਹਿਣ ਦਾ ਸਾਰਾ ਬੰਦੋਬਸਤ ਦੁਰਗਾ ਭਾਬੀ ਨੇ ਕੀਤਾ ਹੋਇਆ ਸੀ ਜਦੋਂਕਿ ਆਜ਼ਾਦ ਨੇ ਮੈਨੂੰ ਵੋਹਰਾ ਪਰਿਵਾਰ ਨੂੰ ਮਿਲਣੋਂ ਵਰਜਿਆ ਹੋਇਆ ਸੀ। ਮੇਰਾ ਮੱਥਾ ਠਣਕਿਆ ਅਤੇ ਮੇਰੇ ਮਨ ਵਿਚ ਆਇਆ ਕਿ ਜੇ ਵਾਕਈ ਆਜ਼ਾਦ ਦੀ ਸ਼ੰਕਾ ਦਰੁਸਤ ਹੁੰਦੀ ਤਾਂ ਦੁਰਗਾ ਵੋਹਰਾ ਆਸਾਨੀ ਨਾਲ ਮੈਨੂੰ ਗ੍ਰਿਫ਼ਤਾਰ ਕਰਵਾ ਸਕਦੀ ਸੀ। ਜ਼ਰੂਰ ਹੀ ਕਿਤੇ ਕੋਈ ਗ਼ਲਤਫਹਿਮੀ ਹੈ। ਫਿਰ ਮੈਂ ਦੁਰਗਾ ਵੋਹਰਾ ਨੂੰ ਮਿਲਿਆ ਤਾਂ ਪੁੱਛਿਆ ਕਿ ਮੇਰੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਉਨ੍ਹਾਂ ਕਿਹਾ, “ਕਿਉਂ ਨਹੀਂ? ਤੁਹਾਨੂੰ ਉਨ੍ਹਾਂ (ਭਗਵਤੀ ਚਰਨ) ਨੇ ਦਿੱਲੀਓਂ ਭੇਜਿਐ।”
“ਨਹੀਂ, ਮੈਨੂੰ ਤਾਂ ਇੱਥੇ ਆਜ਼ਾਦ ਨੇ ਭੇਜਿਆ ਹੈ।”
ਆਜ਼ਾਦ ਦਾ ਨਾਂ ਸੁਣਦਿਆਂ ਹੀ ਉਨ੍ਹਾਂ ਨੂੰ ਚਾਅ ਚੜ੍ਹ ਗਿਆ ਤੇ ਕਹਿਣ ਲੱਗੇ, “ਭਗਵਤੀ ਹੋਰੀਂ ਉਨ੍ਹਾਂ ਨੂੰ ਮਿਲਣ ਲਈ ਬਹੁਤ ਉਤਾਵਲੇ ਨੇ ਅਤੇ ਉਹ ਕਈ ਵਾਰੀ ਆਜ਼ਾਦ ਨੂੰ ਮਿਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਕਾਮਯਾਬ ਨਹੀਂ ਹੋਏ। ਇਹ ਤਾਂ ਬਹੁਤ ਹੀ ਚੰਗਾ ਹੋਇਆ ਕਿ ਤੁਸੀਂ ਮੈਨੂੰ ਮਿਲ ਗਏ ਹੋ। ਮੈਂ ਹੁਣੇ ਦਿੱਲੀ ਸੁਨੇਹਾ ਭੇਜ ਕੇ ਭਗਵਤੀ ਜੀ ਨੂੰ ਇੱਥੇ ਬੁਲਾ ਭੇਜਦੀ ਹਾਂ ਅਤੇ ਤੁਸੀਂ ਓਨੀ ਦੇਰ ਇੱਥੇ ਅਟਕ ਜਾਓ।” ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਆਜ਼ਾਦ ਨਾਲ ਗੱਲ ਕਰਾਂਗਾ। ਕਾਨਪੁਰ ਪਹੁੰਚ ਕੇ ਮੈਂ ਸਾਰੀ ਰਿਪੋਰਟ ਆਜ਼ਾਦ ਨੂੰ ਦਿੱਤੀ ਅਤੇ ਦੁਰਗਾ ਵੋਹਰਾ ਬਾਰੇ ਵੀ ਦੱਸਿਆ ਕਿ ਉਨ੍ਹਾਂ ਮੇਰੀ ਕਿੰਨੀ ਆਉ-ਭਗਤ ਕੀਤੀ ਹੈ ਅਤੇ ਭਗਵਤੀ ਦੀ ਭਰੋਸੇਯੋਗਤਾ ਬਾਰੇ ਯਕੀਨ ਦਿਵਾਇਆ ਤਾਂ ਉਨ੍ਹਾਂ ਉਸੇ ਦਿਨ ਮੈਨੂੰ ਦਿੱਲੀ ਭੇਜ ਦਿੱਤਾ ਅਤੇ ਭਗਵਤੀ ਨੂੰ ਕਾਨਪੁਰ ਲਿਆਉਣ ਲਈ ਕਿਹਾ। ਮੈਂ ਦਿੱਲੀਓਂ ਭਗਵਤੀ ਨੂੰ ਲੈ ਕੇ ਕਾਨਪੁਰ ਆਇਆ ਤਾਂ ਆਜ਼ਾਦ ਭਗਵਤੀ ਨੂੰ ਇੰਜ ਮਿਲੇ, ਜਿਵੇਂ ਚਿਰੀਂ ਵਿਛੜੇ ਵੀਰ ਨੂੰ ਮਿਲੀਦਾ ਹੈ। ਆਜ਼ਾਦ ਨੇ ਮੰਨਿਆ ਕਿ “ਉਹ ਵਾਕਈ ਉਸ ਨੂੰ ਮਿਲਣੋਂ ਇਨਕਾਰ ਕਰਦਾ ਰਿਹਾ ਸੀ ਪਰ ਇਸ ਲਈ ਉਹਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਆਖ਼ਰ ਹਰ ਮਾਮਲੇ `ਚ ਤਾਂ ਉਹਨੂੰ ਉਹਦੀਆਂ ਮਜਬੂਰੀਆਂ ਦੇ ਹੁੰਦਿਆਂ ਸਹੀ ਜਾਣਕਾਰੀ ਨਹੀਂ ਸੀ ਹੋ ਸਕਦੀ। ਫਿਰ ਆਜ਼ਾਦ ਨੇ ਉਨ੍ਹਾਂ ਨੂੰ ਸੈਂਟਰਲ ਕਮੇਟੀ `ਚ ਲੈ ਲਿਆ।”
ਫਿਰ 23 ਦਸੰਬਰ 1929 ਨੂੰ ਵਾਇਸਰਾਏ ਦੀ ਰੇਲਗੱਡੀ ਨੂੰ ਬੰਬ ਨਾਲ ਉਡਾਉਣ ਦਾ ਐਕਸ਼ਨ ਕੀਤਾ ਗਿਆ ਜੋ ਸੰਘਣੀ ਧੁੰਦ ਕਾਰਨ ਮਿੱਥੇ ਟੀਚੇ ਜਿੰਨਾ ਕਾਰਗਰ ਨਾ ਹੋ ਸਕਿਆ। ਫਿਰ ਆਜ਼ਾਦ ਦੇ ਕਹਿਣ ਅਨੁਸਾਰ ਭਗਵਤੀ ਨੇ 25 ਦਸੰਬਰ 1929 ਨੂੰ ਐੱਚ.ਐੱਸ.ਆਰ.ਏ. ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਜੋ ਲਾਹੌਰ ਕਾਂਗਰਸ ਸੈਸ਼ਨ ਵਿਚ ਪਹੁੰਚੇ ਸਾਰੇ ਦੇਸ਼ ਦੇ ਕਾਂਗਰਸੀ ਡੈਲੀਗੇਟਾਂ `ਚ ਵੰਡਿਆ ਗਿਆ।
ਵਾਇਸਰਾਏ ਦੀ ਰੇਲਗੱਡੀ ਵਾਲੀ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਵਾਇਸਰਾਏ ਦੇ ਵਾਲ-ਵਾਲ ਬਚ ਜਾਣ `ਤੇ ਪਰਮਾਤਮਾ ਦਾ ਕੋਟਿ-ਕੋਟਿ ਧੰਨਵਾਦ ਕਰਦਿਆਂ ਆਪਣੇ ਰਸਾਲੇ ‘ਯੰਗ ਇੰਡੀਆ` ਵਿਚ ‘ਕਲਟ ਆਫ ਦਿ ਬੰਬ` ਲੇਖ ਲਿਖਿਆ ਅਤੇ ਇਨਕਲਾਬੀ ਨੌਜਵਾਨਾਂ ਵਿਰੁੱਧ ਭੰਡੀ ਪ੍ਰਚਾਰ ਕੀਤਾ।
ਆਜ਼ਾਦ ਨੇ ਗਾਂਧੀ ਜੀ ਦੇ ਲੇਖ ਦਾ ਜਵਾਬ ਦੇਣ ਲਈ ਭਗਵਤੀ ਚਰਨ ਵੋਹਰਾ ਦੀ ਡਿਊਟੀ ਲਗਾਈ ਜੋ ਉਸ ਨੇ ‘ਫਿਲਾਸਫੀ ਆਫ ਦਿ ਬੰਬ` (ਬੰਬ ਦਾ ਦਰਸ਼ਨ) ਲੇਖ ਵਜੋਂ 26 ਜਨਵਰੀ 1930 ਨੂੰ ਜਾਰੀ ਕੀਤਾ।
ਪਹਿਲੀ ਫਰਵਰੀ 1930 ਦੇ ਐਕਸ਼ਨ ਲਈ ਜਲਗਾਉਂ ਜੇਲ੍ਹ ਵਿਚੋਂ ਭਗਵਾਨ ਦਾਸ ਮਾਹੌਰ ਅਤੇ ਸਦਾਸ਼ਿਵ ਰਾਵ ਮਲਕਾਪੁਰਕਰ ਨੇ ਮੁਖ਼ਬਰ ਜੈਗੋਪਾਲ ਅਤੇ ਫੋਨਿੰਦਰ ਘੋਸ਼ ਨੂੰ ਮਾਰ ਮੁਕਾਉਣ ਲਈ ਪਿਸਤੌਲਾਂ ਦੀ ਮੰਗ ਕੀਤੀ ਤਾਂ ਭਗਵਤੀ ਨੇ ਐਡਵੋਕੇਟ ਦੇ ਭੇਸ `ਚ ਜੇਲ੍ਹ ਵਿਚ ਜਾ ਕੇ ਬੜੀ ਹੁਸ਼ਿਆਰੀ ਨਾਲ ਉਨ੍ਹਾਂ ਨੂੰ ਪਿਸਤੌਲ ਪਹੁੰਚਾ ਕੇ ਇਹ ਖ਼ਤਰਨਾਕ ਕੰਮ ਕੀਤਾ।
ਫਿਰ ਮਈ 1930 `ਚ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਜੇਲ੍ਹੋਂ ਛੁਡਾਉਣ ਦੇ ਐਕਸ਼ਨ ਨੂੰ ਅੰਜਾਮ ਦੇਣ ਲਈ ਲਾਹੌਰ ਵਿਚ ਦੋ ਮਕਾਨ – ਇੱਕ ਕ੍ਰਿਸ਼ਨਾ ਮੁਹੱਲੇ ਵਿਚ ਅਤੇ ਦੂਜਾ ਜੇਲ੍ਹ ਦੇ ਨੇੜੇ ਹੀ ਬਹਾਵਲਪੁਰ ਰੋਡ ਦੇ ਇੱਕ ਨਿਵੇਕਲੇ ਜਿਹੇ ਬੰਗਲੇ ਦਾ ਅੱਧਾ ਹਿੱਸਾ – ਕਿਰਾਏ `ਤੇ ਲਏ ਗਏ। ਐਕਸ਼ਨ ਦੀ ਤਾਰੀਖ਼ ਪਹਿਲੀ ਜੂਨ 1930 ਨਿਸ਼ਚਿਤ ਕਰ ਲਈ ਗਈ।
ਭਗਵਤੀ ਇਨ੍ਹੀਂ ਦਿਨੀਂ ਬਹੁਤ ਚੜ੍ਹਦੀ ਕਲਾ `ਚ ਸੀ ਅਤੇ ਉਸ ਨੂੰ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਜੇਲ੍ਹੋਂ ਛੁਡਾ ਲਿਆਉਣ ਦਾ ਪੂਰਾ ਯਕੀਨ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੰਬ ਅਜ਼ਮਾਇਸ਼ ਦਾ ਕਾਰਜ ਯਸ਼ਪਾਲ ਨੂੰ ਸੌਂਪਿਆ ਗਿਆ ਸੀ ਜੋ ਉਸ ਨੇ 27 ਮਈ ਨੂੰ ਕਰਨਾ ਸੀ। ਉਹ ਉਸ ਦਿਨ ਕਿਤੇ ਖਿਸਕ ਗਿਆ ਜਿਸ ਕਰ ਕੇ ਭਗਵਤੀ ਨੂੰ ਬੜੀ ਨਿਰਾਸ਼ਾ ਹੋਈ। ਫਿਰ ਅਗਲੇ ਦਿਨ 28 ਮਈ 1930 ਨੂੰ ਵੈਸ਼ਮਪਾਈਨ, ਸੁਖਦੇਵ ਰਾਜ ਅਤੇ ਭਗਵਤੀ ਸਵੇਰ ਵੇਲੇ ਰਾਵੀ ਦਰਿਆ ਦੇ ਪਾਰ ਸੰਘਣੇ ਜੰਗਲ ਵਿਚ ਬੰਬ ਦੀ ਅਜ਼ਮਾਇਸ਼ ਕਰਨ ਲਈ 11 ਵਜੇ ਦੇ ਕਰੀਬ ਪੁੱਜੇ। ਭਗਵਤੀ ਨੇ ਬੰਬ ਥੈਲਿਓਂ ਕੱਢ ਕੇ ਹੱਥ ਵਿਚ ਲੈਂਦਿਆਂ ਹੀ ਕਿਹਾ ਕਿ ਇਸ ਦੀ ਤਾਂ ਪਿੰਨ ਢਿੱਲੀ ਹੈ। ਸਾਥੀਆਂ ਨੇ ਕਿਹਾ ਕਿ ਵਾਪਸ ਪਰਤ ਚੱਲੀਏ, ਬੰਬ ਦਾ ਤਜਰਬਾ ਕੱਲ੍ਹ ਨੂੰ ਕਰ ਲਵਾਂਗੇ ਪਰ ਉਹ ਵਾਰ-ਵਾਰ ਇਹੀ ਕਹਿ ਰਹੇ ਸਨ, “ਪਹਿਲੀ ਜੂਨ ਦਾ ਐਕਸ਼ਨ ਕਿਸੇ ਹਾਲਤ ਵਿਚ ਵੀ ਅੱਗੇ ਨਹੀਂ ਪਾਇਆ ਜਾਣਾ ਚਾਹੀਦਾ ਤੇ ਅੱਜ 28 ਮਈ ਹੈ। ਇਹ ਤਜਰਬਾ ਅੱਜ ਹੀ ਹੋਵੇਗਾ। ਤੁਸੀਂ ਚਿੰਤਾ ਨਾ ਕਰੋ, ਮੈਂ ਪੂਰੀ ਸਾਵਧਾਨੀ ਨਾਲ ਹੀ ਇਸ ਨੂੰ ਸੁੱਟਾਂਗਾ।” ਭਗਵਤੀ ਚਰਨ ਨਾ ਮੰਨੇ ਤਾਂ ਦੋਵੇਂ ਸਾਥੀਆਂ ਨੇ ਕਿਹਾ, “ਜੇ ਅੱਜ ਹੀ ਬੰਬ ਸੁੱਟਣਾ ਹੈ ਤਾਂ ਇਹ ਕਾਰਜ ਸਾਡੇ ਦੋਵਾਂ `ਚੋਂ ਕਿਸੇ ਇੱਕ ਨੂੰ ਸੌਂਪ ਦਿਓ ਤਾਂ ਕਿ ਹਾਦਸੇ ਦੀ ਸੂਰਤ ਵਿਚ ਕਿਸੇ ਦੀ ਜਾਨ ਨੂੰ ਬਣੇ ਤਾਂ ਸਾਡੇ ਦੋਵਾਂ `ਚੋਂ ਹੀ ਕਿਸੇ ਇੱਕ ਨੂੰ ਬਣੇ। ਤੁਸੀਂ ਤਾਂ ਪਾਰਟੀ ਦੀ ਸਿਰਮੌਰ ਹਸਤੀ ਹੋ। ਅਸੀਂ ਕਿਸੇ ਵੀ ਕੀਮਤ `ਤੇ ਤੁਹਾਡੀ ਜਾਨ ਨੂੰ ਖ਼ਤਰੇ `ਚ ਨਹੀਂ ਪਾ ਸਕਦੇ।” ਅੱਗੋਂ ਭਗਵਤੀ ਦਾ ਜਵਾਬ ਸੀ, “ਬੇਫਿ਼ਕਰ ਰਹੋ। ਮੇਰਾ ਕੁਝ ਨਹੀਂ ਵਿਗੜਨ ਲੱਗਾ; ਤੇ ਜੇ ਕੁਝ ਹਰਜ-ਮਰਜ ਹੋ ਵੀ ਗਿਆ ਤਾਂ ਕੋਈ ਖ਼ਾਸ ਫ਼ਰਕ ਨਹੀਂ ਪੈਣਾ ਪਰ ਜੇ ਬਦਕਿਸਮਤੀ ਨਾਲ ਤੁਹਾਡੇ `ਚੋਂ ਕਿਸੇ ਨੂੰ ਕੁਝ ਹੋ ਗਿਆ ਤਾਂ ਮੈਂ ਕਿਸੇ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ। ਲੋਕੀਂ ਤਾਂ ਪਹਿਲਾਂ ਹੀ ਮੈਨੂੰ ਸੀ.ਆਈ.ਡੀ. ਵਾਲਾ ਕਹਿ ਕੇ ਬਦਨਾਮ ਕਰ ਰਹੇ ਨੇ।”
ਜਿਉਂ ਹੀ ਭਗਵਤੀ ਨੇ ਵੱਡੇ ਪੱਥਰ `ਤੇ ਚੜ੍ਹ ਕੇ, ਬੰਬ ਦੀ ਸੇਫਟੀ ਪਿੰਨ ਖਿੱਚੀ ਤਾਂ ਉਸੇ ਵੇਲੇ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਨਾਲ ਭਗਵਤੀ ਦੀ ਇੱਕ ਬਾਂਹ ਕੂਹਣੀ ਤੱਕ ਉੱਡ ਗਈ ਅਤੇ ਦੂਜੀ ਬਾਂਹ ਤੋਂ ਹੱਥ ਦੀਆਂ ਉਂਗਲਾਂ ਗ਼ਾਇਬ ਹੋ ਗਈਆਂ, ਪੇਟ `ਚ ਇੱਕ ਟੋਏ ਵਰਗੇ ਫੱਟ `ਚੋਂ ਆਂਦਰਾਂ ਬਾਹਰ ਵੱਲ ਲਮਕ ਗਈਆਂ। ਜਿਸਮ `ਚੋਂ ਬੇਹੱਦ ਖ਼ੂਨ ਵਗਦਾ ਵੇਖ ਲੱਗ ਰਿਹਾ ਸੀ ਜਿਵੇਂ ਭਗਵਤੀ ਮਾਤਰ-ਭੂਮੀ ਨੂੰ ਆਪਣੇ ਖ਼ੂਨ ਨਾਲ ਸਿੰਜ ਰਿਹਾ ਹੋਵੇ। ਇਸ ਹਾਲਤ ਵਿਚ ਵੀ ਉਹ ਆਪਣੇ ਸਾਥੀਆਂ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਭਗਵਤੀ ਚਰਨ ਨੇ ਕਿਹਾ, “ਕਿਸੇ ਸੂਰਤ ਵਿਚ ਵੀ ਮੇਰੀ ਮੌਤ ਸਾਥੀਆਂ ਨੂੰ ਜੇਲ੍ਹੋਂ ਛੁਡਾਉਣ ਲਈ ਰੋੜਾ ਨਾ ਬਣੇ।”
ਐਕਸ਼ਨ ਵਾਲੇ ਦਿਨ ਭਾਵ ਪਹਿਲੀ ਜੂਨ 1930 ਜਦੋਂ ਵੈਸ਼ਮਪਾਇਨ ਨੇ ਬੰਸਰੀ ਵਜਾ ਕੇ ਨਿਸ਼ਚਿਤ ਸੰਕੇਤ ਦਿੱਤਾ ਜਿਸ ਦੇ ਜਵਾਬ `ਚ ਭਗਤ ਸਿੰਘ ਨੇ ਆਪਣਾ ਸਿਰ ਖੁਰਕਣਾ ਸੀ। ਭਗਤ ਸਿੰਘ ਨੇ ਅਜਿਹਾ ਨਾ ਕੀਤਾ। ਬਾਅਦ ਵਿਚ ਪਤਾ ਲੱਗਾ, ਭਗਵਤੀ ‘ਭਾਈ` ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਭਗਤ ਸਿੰਘ ਦਾ ਮਨ ਇੰਨਾ ਉਚਾਟ ਹੋ ਗਿਆ ਸੀ ਕਿ ਉਹਨੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋਣ ਦਾ ਮਨ ਬਣਾ ਲਿਆ ਸੀ।