ਕਲਮ ਵੱਲ ਬੇਮਿਸਾਲ ਸਮਰਪਨ ਦੀ ਮਿਸਾਲ ਕਰਤਾਰ ਸਿੰਘ ਦੁੱਗਲ

ਗੁਰਬਚਨ ਸਿੰਘ ਭੁੱਲਰ
ਕਰਤਾਰ ਸਿੰਘ ਦੁੱਗਲ ਦਾ ਨਾਂ ਅਜਿਹੇ ਲੇਖਕਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਸਾਹਿਤ ਨੂੰ ਸਹੀ ਅਰਥਾਂ ਵਿਚ ਆਧੁਨਿਕ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਐਮ. ਏ. ਉਨ੍ਹਾਂ ਨੇ ਉਸ ਸਮੇਂ ਦੇ ਪ੍ਰਮੁੱਖ ਕਾਲਜ, ਐਫ਼. ਸੀ. ਕਾਲਜ, ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਵਿਚ ਕੀਤੀ, ਪਰ ਉਨ੍ਹਾਂ ਦੀ ਕਲਮ ਮੁੱਖ ਤੌਰ ‘ਤੇ ਪੰਜਾਬੀ ਨੂੰ ਸਮਰਪਿਤ ਰਹੀ।

ਉਹ ਪੰਜਾਬੀ ਦੇ ਲੇਖਕ ਹੀ ਮੰਨੇ ਗਏ ਜੋ ਅੰਗਰੇਜ਼ੀ, ਉਰਦੂ ਤੇ ਹਿੰਦੀ ਵਿਚ ਵੀ ਲਿਖਦੇ ਸਨ। ਕਹਾਣੀ ਵਿਚ ਤਾਂ ਉਨ੍ਹਾਂ ਦਾ ਨਾਂ ਖਾਸ ਕਰ ਕੇ ਉੱਚ-ਦੁਮਾਲੜਾ ਹੈ। ਭਾਈ ਮੋਹਨ ਸਿੰਘ ਵੈਦ, ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ, ਆਦਿ ਦੀ ਆਦਰਸ਼ਵਾਦੀ-ਸੁਧਾਰਵਾਦੀ ਕਹਾਣੀ ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਆਦਿ ਦੀ ਕਲਮੋਂ ਤਬਦੀਲੀ ਵਿਚੋਂ ਲੰਘ ਕੇ ਜਿਨ੍ਹਾਂ ਕਹਾਣੀਕਾਰਾਂ ਸਦਕਾ ਤਕਨੀਕ ਦੀ ਚੁਸਤੀ, ਵਿਸ਼ਿਆਂ ਦੀ ਵੰਨਸੁਵੰਨਤਾ ਤੇ ਮਨੁੱਖੀ ਮਨ ਵਿਚ ਡੂੰਘੀ ਝਾਤ ਪਾਉਣ ਦੀ ਸਮਰੱਥਾ ਦੇ ਪੱਖੋਂ ਕਮਾਲ ਨੂੰ ਪੁੱਜੀ, ਦੁੱਗਲ ਦਾ ਨਾਂ ਉਨ੍ਹਾਂ ਵਿਚ ਮੋਹਰੀ ਹੈ।
ਕਹਾਣੀ ਨਾਲ ਦੁੱਗਲ ਦੀ ਸਾਂਝ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋਵੇਗਾ ਕਿ ਆਪਣੇ ਤੋਂ ਮਗਰੋਂ ਆਈ ਕਹਾਣੀਕਾਰਾਂ ਦੀ ਹਰ ਪੀੜ੍ਹੀ ਦੇ ਹਾਣੀ ਬਣਦਿਆਂ ਉਹ ਭਰਪੂਰ ਜੋਸ਼ ਨਾਲ ਕਦਮ ਮਿਲਾ ਕੇ ਤੁਰਦੇ ਰਹੇ। ਕਈ ਨਵੇਂ ਕਹਾਣੀਕਾਰ ਜਦੋਂ ਆਪਣੇ ਆਪ ਨੂੰ ਪਹਿਲੇ ਸਭਨਾਂ ਤੋਂ ਚੰਗੇਰਾ ਸਿੱਧ ਕਰਨ ਲਈ ਚੌਥੀ ਜਾਂ ਪੰਜਵੀਂ ਪੀੜ੍ਹੀ ਦਾ ਕਹਾਣੀਕਾਰ ਹੋਣ ਦਾ ਦਾਅਵਾ ਕਰਦੇ ਹਨ, ਮੈਂ ਹੱਸ ਕੇ ਇਹੋ ਆਖਦਾ ਹਾਂ ਕਿ ਅਜੇ ਕੱਲ੍ਹ ਤੱਕ ਤਾਂ ਪਹਿਲੀ ਪੀੜ੍ਹੀ ਦੇ ਦੁੱਗਲ ਨਿਰੰਤਰ ਲਿਖ ਰਹੇ ਸਨ, ਪੀੜ੍ਹੀਆਂ ਉਮਰ ਦੇ ਪੱਖੋਂ ਤਾਂ ਹੋਈਆਂ, ਇਹ ਰਚਨਾ ਵਿਚ ਪੀੜ੍ਹੀਆਂ ਕਿਥੋਂ ਆ ਗਈਆਂ! ਜਦੋਂ ਉਨ੍ਹਾਂ ਦੇ ਸਮਕਾਲੀਆਂ ਨੇ ਕਲਮਾਂ ਨੂੰ ਧੂਫ਼ ਦੇ ਕੇ ਸਾਂਭ ਦਿੱਤਾ, ਉਹ ਤਦ ਵੀ ਲਿਖਦੇ ਰਹੇ। ਕਈ ਲੋਕ ਉਨ੍ਹਾਂ ਨੂੰ ਬਹੁਤਾ ਲਿਖੀ ਜਾਣ ਵਾਲਾ ਲੇਖਕ ਆਖਦੇ ਰਹੇ, ਉਹ ਤਦ ਵੀ ਲਿਖਦੇ ਰਹੇ। ਕਈ ਲੋਕ ਮਗਰਲੀਆਂ ਕਹਾਣੀਆਂ ਦੇ ਟਾਕਰੇ ਉਨ੍ਹਾਂ ਦੀਆਂ ਪਹਿਲੀਆਂ ਕਹਾਣੀਆਂ ਨੂੰ ਸਲਾਹੁੰਦੇ ਰਹੇ, ਉਹ ਤਦ ਵੀ ਲਿਖਦੇ ਰਹੇ।
ਕਲਮ ਨਾਲ ਉਨ੍ਹਾਂ ਦਾ ਨਾਤਾ ਏਨਾ ਪੀਡਾ ਸੀ ਕਿ ਨੌਕਰੀ ਦੀਆਂ ਜ਼ਿੰਮੇਵਾਰੀਆਂ ਤੋਂ ਇਲਾਵਾ ਉਨ੍ਹਾਂ ਦਾ ਸਮੁੱਚਾ ਸਮਾਂ ਕਲਮ ਦੇ ਲੇਖੇ ਹੀ ਲਗਦਾ ਸੀ। ਆਪਣੀ ਰਚਨਾਤਮਕ ਸਮਰੱਥਾ ਨੂੰ ਪਛਾਨਣਾ ਅਤੇ ਸਮੇਂ ਨੂੰ ਅਜਾਈਂ ਨਾ ਗੁਆਉਣਾ ਉਨ੍ਹਾਂ ਦੀ ਵੱਡੀ ਸਿਫ਼ਤ ਸੀ। ਇਹ ਉਨ੍ਹਾਂ ਦਾ ਸੁਭਾਗ ਰਿਹਾ ਕਿ 1942 ਤੋਂ 1966 ਤੱਕ ਦੀ ਆਲ ਇੰਡੀਆ ਰੇਡੀਓ ਦੀਆਂ ਉੱਚੀਆਂ ਪਦਵੀਆਂ ਦੀ ਨੌਕਰੀ ਨੇ ਉਨ੍ਹਾਂ ਨੂੰ ਕਈ ਸ਼ਹਿਰ ਤਾਂ ਦਿਖਾਏ ਹੀ, ਵੱਖ-ਵੱਖ ਭਾਸ਼ਾਵਾਂ ਦੇ ਅਨੇਕ ਲੇਖਕਾਂ ਨਾਲ ਜਾਣ-ਪਛਾਣ ਅਤੇ ਸਾਹਿਤਕ ਸਾਂਝ ਦਾ ਅਵਸਰ ਵੀ ਦਿੱਤਾ। ਦੇਸ-ਵੰਡ ਵੇਲੇ ਪੰਜਾਬੀਆਂ ਕੋਲੋਂ ਹੋਰ ਬਹੁਤ ਕੁਝ ਦੇ ਨਾਲ ਹੀ ਲਾਹੌਰ ਦਾ ਰੇਡੀਓ ਸਟੇਸ਼ਨ ਵੀ ਖੁੱਸ ਗਿਆ। ਇਧਰਲੇ ਪੰਜਾਬ ਦੀਆਂ ਲੋੜਾਂ ਦੀ ਪੂਰਤੀ ਲਈ ਜਲੰਧਰ ਵਿਚ ਨਵਾਂ ਰੇਡੀਓ ਸਟੇਸ਼ਨ ਖੁਲ੍ਹਵਾਉਣ ਦਾ ਸਿਹਰਾ ਵੱਡੀ ਹੱਦ ਤੱਕ ਦੁੱਗਲ ਦੇ ਸਿਰ ਹੀ ਬਝਦਾ ਹੈ। ਰੇਡੀਓ ਤੋਂ ਸੇਵਾ-ਮੁਕਤੀ ਪਿੱਛੋਂ ਜਦੋਂ ਉਹ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਤੇ ਫੇਰ ਡਾਇਰੈਕਟਰ ਰਹੇ, ਤਦ ਤਾਂ ਉਨ੍ਹਾਂ ਦਾ ਨਾਤਾ ਦੇਸ ਦੀਆਂ ਸਾਰੀਆਂ ਭਾਸ਼ਾਵਾਂ ਦੇ ਸਾਹਿਤਕਾਰਾਂ ਤੇ ਸਾਹਿਤ ਨਾਲ ਹੀ ਜੁੜ ਗਿਆ। ਅੰਤ ਨੂੰ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸਲਾਹਕਾਰ ਵਜੋਂ ਤਿੰਨ ਕੁ ਸਾਲ ਦੀ ਸੇਵਾ ਮਗਰੋਂ ਉਹ ਪੂਰੀ ਤਰ੍ਹਾਂ ਕਲਮ ਨੂੰ ਸਮਰਪਿਤ ਹੋ ਗਏ।
ਉਹ ਸਵੇਰੇ ਚਾਰ ਵਜੇ ਉਠਦੇ ਸਨ ਤੇ ਬਾਰਾਂ-ਇਕ ਵਜੇ ਤੱਕ ਆਪਣੇ ਕਮਰੇ ਵਿਚ ਹੀ ਰਹਿੰਦੇ ਸਨ। ਲਿਖਦੇ, ਪੜ੍ਹਦੇ, ਆਪਣੇ ਲਿਖੇ ਹੋਏ ਖਰੜਿਆਂ ਦੀ ਨੋਕ-ਪਲਕ ਸੰਵਾਰਦੇ। ਆਇਸ਼ਾ ਛੇ ਵਜੇ ਉਠਦੀ ਤੇ ਚਾਹ ਦਾ ਪਿਆਲਾ ਦਿੰਦੀ। ਨਾਸ਼ਤਾ ਵੀ ਉਹ ਕਮਰੇ ਵਿਚ ਹੀ ਲੈਂਦੇ। ਲਗਾਤਾਰ ਲਿਖਦੇ, ਹਰ ਰੋਜ਼। ਉਹ ਕਹਿੰਦੇ ਸਨ, “ਭਾਵੇਂ ਇਥੇ ਹੋਵਾਂ, ਭਾਵੇਂ ਮਾਸਕੋ, ਤੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ। ਭਾਵੇਂ ਸਿਆਲ ਹੋਵੇ, ਭਾਵੇਂ ਹੁਨਾਲ। ਬੱਸ ਇਕ-ਡੇਢ ਵਜੇ ਰੋਟੀ ਖਾਂਦੇ ਹਾਂ ਸਾਰੇ। ਫੇਰ ਮੈਂ ਆਪਣੀਆਂ ਪੋਤਰੀਆਂ ਨਾਲ ਖੇਡਣਾ ਵਾਂ। ਥੋੜ੍ਹਾ ਸੌਂਦਾ ਵਾਂ। ਸ਼ਾਮ ਵੇਲੇ ਘੰਟਾ ਕੁ ਸੈਰ ਕਰਨਾਂ। ਬੜੀ ਸ਼ਾਂਤੀ ਮਿਲਦੀ ਏ।” ਉਨ੍ਹਾਂ ਨੂੰ ਸਿਰਫ਼ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ, ਫ਼ਿਲਮ ਜਾਂ ਨਾਟਕ ਦੇਖਣ ਜਾਂ ਸੰਗੀਤ ਸੁਣਨ ਉਹ ਘਰੋਂ ਬਾਹਰ ਕਿਤੇ ਨਹੀਂ ਸਨ ਜਾਂਦੇ। ਆਇਸ਼ਾ ਨੂੰ ਫ਼ਿਲਮਾਂ ਦਾ ਸ਼ੌਕ ਸੀ। ਉਹ ਆ ਕੇ ਜਿਸ ਫ਼ਿਲਮ ਦੀ ਤਾਰੀਫ਼ ਕਰਦੀ, ਇਹ ਵੀਡੀਓ ਤੋਂ ਦੇਖ ਲੈਂਦੇ। ਗਾਰਗੀ ਕਹਿੰਦਾ ਸੀ, “ਦੁੱਗਲ ਨੂੰ ਤੜਕੇ ਉੱਠਣ ਦੀ ਬੀਮਾਰੀ ਹੈ। ਸਵੇਰੇ ਅੰਮ੍ਰਿਤ ਵੇਲੇ ਉਹ ਬਾਣੀ ਪੜ੍ਹਦਾ ਹੈ ਤੇ ਸੈਕਸ ਦੀਆਂ ਕਹਾਣੀਆਂ ਲਿਖਦਾ ਹੈ। ਸਾਢੇ ਅੱਠ ਵਜੇ ਤੀਕ ਉਹ ਉਤਨਾ ਕੰਮ ਕਰ ਚੁਕਦਾ ਹੈ ਜਿਤਨਾ ਬਹੁਤੇ ਲੇਖਕ ਸਾਰੇ ਦਿਨ ਵਿਚ ਨਹੀਂ ਕਰਦੇ।”
ਉਹ ਪੱਕੇ ਨਿੱਤਨੇਮੀ ਸਨ। ਆਮ ਕਰ ਕੇ ਨਿੱਤਨੇਮੀ ਹਰ ਰੋਜ਼ ਪੂਜਾ-ਪਾਠ ਕਰਨ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਹੈ। ਉਹ ਦੋ ਵੇਲੇ ਗੁਰਬਾਣੀ ਦਾ ਪਾਠ ਤਾਂ ਕਰਦੇ ਹੀ ਸਨ, ਦੋ ਹੋਰ ਨੇਮ ਵੀ ਕਦੀ ਨਹੀਂ ਸਨ ਖੁੰਝਾਉਂਦੇ। ਇਕ ਸੀ ਲਿਖਣਾ ਤੇ ਦੂਜਾ ਸੈਰ ਨੂੰ ਜਾਣਾ। ਉਨ੍ਹਾਂ ਨਾਲ ਥੋੜ੍ਹਾ ਵਾਹ ਵੀ ਇਹ ਦਰਸਾ ਦਿੰਦਾ ਸੀ ਕਿ ਸਮੇਂ ਨੂੰ ਵਾਧੂ-ਵਿਹਲੀਆਂ ਗੱਲਾਂ ਵਿਚ ਅਜਾਈਂ ਗੁਆਉਣ ਦੀ ਥਾਂ ਉਹ ਲਿਖਣ-ਪੜ੍ਹਨ ਦੇ ਲੇਖੇ ਲਾਉਣ ਵਿਚ ਯਕੀਨ ਰਖਦੇ ਸਨ। ਇਸੇ ਯਕੀਨ ਸਦਕਾ ਹੀ ਤਾਂ ਉਹ ਏਨਾ ਫ਼ੈਲਵਾਂ ਰਚਨਾ-ਕਾਰਜ ਨੇਪਰੇ ਚਾੜ੍ਹ ਸਕੇ। ਕਈ ਵਾਰ ਸੋਚਦਾ ਹਾਂ, ਉਨ੍ਹਾਂ ਨੇ ਘੱਟ ਬੋਲਣ ਦੀ ਆਦਤ ਕਿਤੇ ਵੱਧ ਤੋਂ ਵੱਧ ਬੋਲ-ਬਾਣੀ ਨੂੰ ਕਲਮ ਦੀ ਝੋਲੀ ਪਾ ਦੇਣ ਦੇ ਆਸ਼ੇ ਨਾਲ ਹੀ ਤਾਂ ਨਹੀਂ ਸੀ ਪਾ ਲਈ! ਕਿਸੇ ਨਾਲ ਗੱਲਬਾਤ ਸਮੇਂ ਉਹ ਸੁਣਦੇ ਬਹੁਤਾ, ਆਪਣਾ ਸੀਰ ਘੱਟ ਤੋਂ ਘੱਟ ਸ਼ਬਦਾਂ ਨਾਲ ਪਾਉਂਦੇ। ਜੇ ਸਰਦਾ ਹੁੰਦਾ, ਸ਼ਬਦਾਂ ਦੀ ਥਾਂ ਮੁਸਕਰਾਹਟ ਨਾਲ ਹੀ ਹੁੰਘਾਰਾ ਭਰ ਦਿੰਦੇ। ਜਵਾਬ ਅਨੁਸਾਰ ਮੁਸਕਰਾਹਟ ਉਨ੍ਹਾਂ ਦੇ ਬੁੱਲ੍ਹਾਂ ਉੱਤੇ ਘੱਟ-ਵੱਧ ਹੁੰਦੀ ਰਹਿੰਦੀ।
ਸੈਰ ਸਮੇਂ ਬਹੁਤੇ ਲੋਕ ਵਾਕਫ਼ਾਂ-ਦੋਸਤਾਂ ਨੂੰ ਉਡੀਕ-ਲੱਭ ਕੇ ਇਧਰਲੀਆਂ-ਉਧਰਲੀਆਂ ਮਾਰਦੇ ਰਹਿਣਾ ਪਸੰਦ ਕਰਦੇ ਹਨ। ਪਰ ਦੁੱਗਲ ਸੈਰ ਸਮੇਂ ਵੀ ਆਪਣੇ ਆਪ ਵਿਚ ਹੀ ਮਗਨ ਰਹਿੰਦੇ। ਲੰਮਾ ਸਮਾਂ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਅਤੇ ਜਨਤਕ ਪ੍ਰੈੱਸ ਵਾਲੇ ਚਰਨਜੀਤ ਸਿੰਘ ਚੰਨ ਦਾ ਆਈ. ਆਈ. ਟੀ. ਕੈਂਪੱਸ ਵਿਚ ਸੈਰ ਦਾ ਸਮਾਂ ਦੁੱਗਲ ਵਾਲਾ ਹੀ ਰਿਹਾ। ਸਾਹਿਤ ਦਾ ਏਨਾ ਵਿਸ਼ਾਲ ਤੇ ਬਹੁਪੱਖੀ ਖੇਤਰ ਵਿਚਾਰ-ਚਰਚਾ ਲਈ ਸਾਂਝਾ ਹੋਣ ਦੇ ਬਾਵਜੂਦ ਦੁੱਗਲ ਦੂਜੀ ਪਗਡੰਡੀ ਤੋਂ ਹੱਥ ਹਿਲਾਉਂਦੇ ਤੇ ਆਪਣੀ ਧੁਨ ਵਿਚ ਆਪਣੀ ਤੋਰ ਤੁਰਦੇ ਜਾਂਦੇ। ਅਬੋਲਤਾ ਨਾਲ ਉੱਚਾ ਚੁੱਕ ਕੇ ਹਿਲਾਇਆ ਹੱਥ ਹੀ ਉਨ੍ਹਾਂ ਦੀ ਆਪਣੀ ਸੁੱਖ-ਸਾਂਦ ਦੱਸ ਵੀ ਦਿੰਦਾ ਤੇ ਇਨ੍ਹਾਂ ਦੀ ਸੁੱਖ-ਸਾਂਦ ਪੁੱਛ ਵੀ ਲੈਂਦਾ। ਜ਼ਾਹਿਰ ਹੈ, ਸੈਰ ਦਾ ਸਮਾਂ ਵੀ ਉਹ ਸਾਹਿਤਕ ਚਿੰਤਨ-ਮੰਥਨ ਦੇ ਲੇਖੇ ਹੀ ਲਾਉਂਦੇ ਸਨ।
ਉਹ ਕਦੀ ਕਿਸੇ ਸਾਹਿਤਕ ਧੜੇਬੰਦੀ, ਗੁੱਟਬਾਜ਼ੀ, ਈਰਖਾ, ਆਦਿ ਵਿਚ ਨਹੀਂ ਸਨ ਪੈਂਦੇ। ਇਨ੍ਹਾਂ ਗੱਲਾਂ ਨੂੰ ਉਹ ਰਚਨਾਤਮਿਕਤਾ ਲਈ ਬਾਧਕ ਮੰਨਦੇ ਸਨ। ਅਸਲ ਵਿਚ ਉਨ੍ਹਾਂ ਨੇ ਆਪਣੇ ਮਨ ਨੂੰ ਸਾਧ ਕੇ ਨਾਮਦੇਵ ਜੀ ਦੇ ਸ਼ਬਦਾਂ ਵਿਚ ‘ਸਹਜ ਸੁਭਾਇ ਭਇਓ ਬੈਰਾਗੀ’ ਬਣਾ ਲਿਆ ਸੀ ਜਿਸ ਅਵਸਥਾ ਨੂੰ ਪਹੁੰਚ ਕੇ ਕਬੀਰ ਜੀ ਤੋਂ ਸ਼ਬਦ ਹੁਧਾਰੇ ਲੈਂਦਿਆਂ ‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ’ ਰਹਿ ਜਾਂਦਾ ਹੈ! ਇਸੇ ਸੁਭਾਅ ਸਦਕਾ ਉਹ ਕਈ ਵਾਰ ਕਿਸੇ ਬਾਰੇ ਅਜਿਹੀ ਸੱਚੀ ਗੱਲ ਆਖ-ਲਿਖ ਦਿੰਦੇ ਸਨ ਜਿਸ ਨੂੰ ਇਹ ਆਪ ਤਾਂ ਸਾਧਾਰਨ ਘਟਨਾ ਸਮਝ ਕੇ ਉਸੇ ਸਮੇਂ ਵਿਸਾਰ ਦਿੰਦੇ ਸਨ ਪਰ ਉਹ ਵਿਅਕਤੀ ਨਹੀਂ ਸੀ ਭੁਲਦਾ। ਇਕ ਗਿਲਾ ਜੋ ਉਹ ਮੰਚ ਤੋਂ ਕਈ ਵਾਰ ਜ਼ਾਹਿਰ ਕਰਦੇ, ਉਹ ਸੀ ਪ੍ਰਕਾਸ਼ਕਾਂ ਬਾਰੇ ਜਿਹੜੇ ਉਨ੍ਹਾਂ ਦੇ ਨਵੇਂ ਖਰੜਿਆਂ ਨਾਲ ਕਦਮ ਮਿਲਾ ਕੇ ਨਹੀਂ ਸਨ ਚਲਦੇ। ਉਨ੍ਹਾਂ ਵਾਂਗ ਸਾਹਿਤ ਸਭਾ ਦੇ ਮੁੱਖ ਹੋਣ ਸਦਕਾ ਭਾਪਾ ਜੀ ਤਾਂ ਉਥੇ ਹਾਜ਼ਰ ਹੁੰਦੇ ਹੀ ਸਨ। ਇਕ ਦਿਨ ਉਹ ਹੱਸ ਕੇ ਮੈਨੂੰ ਕਹਿਣ ਲੱਗੇ, “ਬੜਾ ਗੁਰੂ ਏ ਦੁੱਗਲ, ਮੇਰੇ ਨਾਲ ਸਾਰੀ ਦੋਸਤੀ ਦੇ ਬਾਵਜੂਦ ਮੇਰੇ ਬੈਠਿਆਂ ਪ੍ਰਕਾਸ਼ਕਾਂ ਨੂੰ ਨਿੰਦਦਾ ਰਹਿੰਦਾ ਏ!”
ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਤਾਂ ਭਾਪਾ ਜੀ ਨੇ ‘ਆਰਸੀ’ ਦਾ ਵਿਸ਼ੇਸ਼ ਅੰਕ ਕੱਢਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਤਾਂ ਆਪਣੀ ਖ਼ੁਸ਼ੀ ਪ੍ਰਗਟ ਕਰਨ ਦਾ ਸੁਹਿਰਦ ਉਪਰਾਲਾ ਕੀਤਾ ਸੀ ਪਰ ਗੱਲ ਹੋਰ ਰਾਹ ਪੈ ਗਈ। ਦੁੱਗਲ ਨੇ ਆਪਣੇ ਲੇਖ ਵਿਚ ਅੰਮ੍ਰਿਤਾ ਦੀ ਵਡਿਆਈ ਕੀਤੀ ਤੇ ਇਸੇ ਪ੍ਰਸੰਗ ਵਿਚ ਕੁਝ ਇਸ ਭਾਵ ਦੀ ਗੱਲ ਵੀ ਲਿਖ ਦਿੱਤੀ ਕਿ ਕੰਦਲਾ ਨੂੰ, ਝੋਲੀ ਪਾਈ ਹੋਈ ਹੋਣ ਦੇ ਬਾਵਜੂਦ, ਅੰਮ੍ਰਿਤਾ ਨੇ ਕੁਖੋਂ-ਜਾਈ ਧੀ ਵਾਲਾ ਲਾਡ ਲਡਾਇਆ। ਨੇੜਲੇ ਜਾਣਕਾਰ ਭਾਪਾ ਜੀ ਦਾ ਕਹਿਣਾ ਸੀ ਕਿ ਕੰਦਲਾ ਬਹੁਤ ਪਹਿਲਾਂ ਤੋਂ ਇਹ ਹਕੀਕਤ ਜਾਣਦੀ ਸੀ ਪਰ ਅੰਮ੍ਰਿਤਾ ਨੇ ਇਹਨੂੰ ਵੱਡਾ ਮੁੱਦਾ ਬਣਾ ਲਿਆ। ਸ਼ਾਇਦ ਇਹ ਘਟਨਾ ਪੁਰਾਣੇ ਗਿਲਿਆਂ ਲਈ ਬਹਾਨਾ ਹੀ ਸਿੱਧ ਹੋਈ ਹੋਵੇ! ਉਹਦਾ ਕਹਿਣਾ ਸੀ ਕਿ ਇਸ ਲੇਖ ਕਾਰਨ ਕੰਦਲਾ ਦੇ ਦਿਲ ਨੂੰ ਸੱਟ ਲੱਗਣੀ ਹੈ ਤੇ ਪਰਿਵਾਰ ਵਿਚ ਸਮੱਸਿਆਵਾਂ ਪੈਦਾ ਹੋ ਜਾਣੀਆਂ ਹਨ। ਉਹਦਾ ਗੁੱਸਾ ਦੁੱਗਲ ਉੱਤੇ ਤਾਂ ਫੁੱਟਿਆ ਹੀ, ਭਾਪਾ ਜੀ ਨਾਲ ਚਿਰਾਂ ਦੇ ਬੜੇ ਹੀ ਨੇੜਲੇ ਸੰਬੰਧਾਂ ਵਿਚ ਵੀ ਸਦੀਵੀ ਤ੍ਰੇੜ ਪੈ ਗਈ।
ਆਪਣੇ ਤੋਂ ਮਗਰਲੇ ਸਾਹਿਤਕਾਰਾਂ ਲਈ ਦੁੱਗਲ ਹਮੇਸ਼ਾ ਉਤਸਾਹ ਦਾ ਸੋਮਾ ਬਣੇ ਰਹੇ। 1963 ਵਿਚ ਜਦੋਂ ਮੈਂ ਨਵਯੁਗ ਲਈ ‘ਇਕੋਤਰ ਸੌ ਕਵੀ’ ਨਾਂ ਦੀ ਪੁਸਤਕ ਦਾ ਸੰਪਾਦਨ ਕੀਤਾ, ਇਕੋ ਸਮੇਂ ਕਵਿਤਾ ਤੇ ਕਹਾਣੀ ਨਾਲ ਸਾਹਿਤਕ ਆਰੰਭ ਕਰਨ ਵਾਲੇ ਦੁੱਗਲ ਜੀ ਦੀਆਂ ਕਵਿਤਾਵਾਂ ਅਜੇ ਵੀ ਅਕਸਰ ਛਪਦੀਆਂ ਰਹਿੰਦੀਆਂ ਸਨ। ਉਨ੍ਹਾਂ ਦਾ ਬੁਲੰਦ ਰੁਤਬਾ ਤੇ ਮੇਰੀ ਸਾਹਿਤਕ ਹੈਸੀਅਤ ਅਜੇ ‘ਕੋਈ ਨਾਉ ਨ ਜਾਣੈ ਮੇਰਾ’ ਵਾਲੀ! ਜਦੋਂ ਮੈਂ ਕਵੀਆਂ ਤੋਂ ਆਗਿਆ ਮੰਗੀ, ਮੋਹਨ ਸਿੰਘ ਤੇ ਦੁੱਗਲ ਦੀ ਸਹਿਮਤੀ ਸਭ ਤੋਂ ਪਹਿਲਾਂ ਪੁੱਜੀ। ਅੱਗੇ ਚੱਲ ਕੇ ਦੇਖਿਆ, ਨਵੇਂ ਲੇਖਕਾਂ ਲਈ ਉਹ ਆਪਣੀ ਮਿਹਰਬਾਨੀ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਪ੍ਰਸੰ਼ਸਾਤਮਕ ਸੁਰ ਵਿਚ ਲਿਖ ਕੇ ਵੀ ਪ੍ਰਗਟਾਉਂਦੇ। ਸੋਨੇ ਉੱਤੇ ਸੁਹਾਗਾ ਇਹ ਕਿ ਅਕਸਰ ਉਹ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਅੰਗਰੇਜ਼ੀ ਅਖ਼ਬਾਰਾਂ ਰਾਹੀਂ ਵਡੇਰੇ ਪਾਠਕ ਵਰਗ ਤੱਕ ਪੁਜਦੇ ਕਰਦੇ ਸਨ।
ਪਹਿਲੀ ਵਾਰ ਮੈਂ ਰਾਮ ਸਰੂਪ ਅਣਖੀ ਨਾਲ ਉਨ੍ਹਾਂ ਨੂੰ ਨੈਸ਼ਨਲ ਬੁੱਕ ਟਰੱਸਟ ਵਾਲੇ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ ਸੀ। ਟਰੱਸਟ ਦਾ ਦਫ਼ਤਰ ਉਸ ਸਮੇਂ ਕਿਤੇ ਹਮਾਯੂੰ ਦੇ ਮਕਬਰੇ ਦੇ ਨੇੜੇ-ਤੇੜੇ ਸੀ। ਅਣਖੀ ਉਨ੍ਹਾਂ ਨੂੰ ਆਪਣਾ ਨਵਾਂ ਕਹਾਣੀ-ਸੰਗ੍ਰਹਿ ਭੇਟ ਕਰਨਾ ਚਾਹੁੰਦਾ ਸੀ। ਸਾਨੂੰ ਪਹਿਲੀ ਵਾਰ ਮਿਲੇ ਨਵੇਂ ਲੇਖਕ ਜਾਣ ਕੇ ਛੇਤੀ ਹੀ ਭੇਜ ਦੇਣ ਦੇ ਇਰਾਦੇ ਨਾਲ ਸਥਾਪਤ ਲੇਖਕਾਂ ਵਾਲਾ ਕੋਈ ਵੀ ਦਫ਼ਤਰੀ ਰੁਝੇਵਾਂ, ਕਾਹਲ ਜਾਂ ਅੱਚਵੀ ਦਿਖਾਉਣ ਦੀ ਥਾਂ ਉਹ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ ਜੋ ਸਾਡੇ ਲਈ ਰਾਹ-ਦਿਖਾਵੀਆਂ ਸਨ।
ਇਸ ਮੁਲਾਕਾਤ ਸਮੇਂ ਉਨ੍ਹਾਂ ਦੀ ਡਾਢੇ ਹਿਰਖ ਨਾਲ ਸੁਣਾਈ ਇਕ ਆਪਬੀਤੀ ਇਥੇ ਦੱਸਣ ਵਾਲੀ ਹੈ। ਇਹ ਸਾਡੇ ਦੇਸ ਦੀ ਵਾਗਡੋਰ ਦੇ ਮਾਲਕ ਸਿਆਣੇ-ਸਿਆਣੇ ਸਿਆਸਤਦਾਨਾਂ ਦਾ ਵੀ ਸਾਹਿਤ ਵਰਗੇ ਖੇਤਰਾਂ ਨਾਲੋਂ ਵੱਡਾ ਨਿਖੇੜਾ ਉਜਾਗਰ ਕਰਦੀ ਹੈ। ਉਹ ਕਈ ਸ਼ਹਿਰਾਂ ਵਿਚ ਸੇਵਾ-ਕਾਰਜ ਨਿਭਾ ਕੇ ਕਈ ਸਾਲਾਂ ਮਗਰੋਂ ਦਿੱਲੀ ਪਰਤੇ ਤਾਂ ਸ਼ਿਸ਼ਟਾਚਾਰ ਦੇ ਨਾਤੇ ਆਪਣੇ ਪੁਰਾਣੇ ਮਿੱਤਰ ਕੇਂਦਰੀ ਮੰਤਰੀ ਸਰਦਾਰ ਸਵਰਨ ਸਿੰਘ ਨੂੰ ਮਿਲਣ ਗਏ। ਜਾਂਦੇ ਹੋਏ ਇਸ ਸਮੇਂ ਵਿਚ ਛਪੀਆਂ ਆਪਣੀਆਂ ਕੁਝ ਪੁਸਤਕਾਂ ਵੀ ਲੈ ਗਏ। ਸਵਰਨ ਸਿੰਘ ਬੜੇ ਨਿੱਘ ਨਾਲ ਮਿਲੇ। ਇਨ੍ਹਾਂ ਨੇ ਪੁਸਤਕਾਂ ਭੇਟ ਕੀਤੀਆਂ ਤਾਂ ਉਨ੍ਹਾਂ ਨੇ ਫਰੋਲਣੀਆਂ ਤਾਂ ਕਿਤੇ ਰਹੀਆਂ, ਨਾਂਵਾਂ ਉੱਤੇ ਵੀ ਝਾਤ ਪਾਏ ਬਿਨਾਂ ਹੀ ਨਾਲ ਦੇ ਸੋਫ਼ੇ ਉੱਤੇ ਸੁੱਟਣ ਵਾਂਗ ਰਖਦਿਆਂ ਕਿਹਾ, “ਇਹ ਠੀਕ ਥਾਂ ਪਹੁੰਚ ਗਈਆਂ ਸਮਝੋ। ਮੈਂ ਆਪਣੇ ਪਿੰਡ ਲਾਇਬਰੇਰੀ ਖੁਲ੍ਹਵਾਈ ਹੈ, ਇਨ੍ਹਾਂ ਨੂੰ ਉਥੇ ਭਿਜਵਾ ਦੇਵਾਂਗਾ।”
ਮਗਰੋਂ ਦੇ ਲੰਮੇ ਵਾਹ ਨੇ ਦੁੱਗਲ ਦਾ ਮਿਹਰਬਾਨ ਸੁਭਾਅ ਵਾਰ-ਵਾਰ ਉਜਾਗਰ ਕੀਤਾ। ਇਕ ਵਾਰ ਭਾਪਾ ਜੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਰਸਾਲੇ ਵਿਚ ਛਾਪਣ ਦੇ ਮਕਸਦ ਨਾਲ ਆਪਣੀ ਵਡ-ਆਕਾਰੀ ਸਵੈਜੀਵਨੀ ‘ਕਿਸੁ ਪਹਿ ਖੋਲਉ ਗੰਠੜੀ’ ਬਾਰੇ ਗੱਲਬਾਤ ਉਹ ਕਿਸ ਲੇਖਕ ਨਾਲ ਕਰਨੀ ਚਾਹੁਣਗੇ ਤਾਂ ਉਨ੍ਹਾਂ ਨੇ ਮੇਰਾ ਨਾਂ ਲਿਆ। ਮੇਰੀ ਹੈਰਾਨੀ ਸੁਭਾਵਿਕ ਸੀ। ਉਨ੍ਹਾਂ ਨੂੰ ਮਿਲ ਕੇ ਪਤਾ ਲੱਗਿਆ, ਮੇਰੀਆਂ ਕੁਝ ਲੇਖਕਾਂ ਨਾਲ ਕੀਤੀਆਂ ਮੁਲਾਕਾਤਾਂ ਉਨ੍ਹਾਂ ਦੀ ਪਾਰਖੂ ਨਜ਼ਰੋਂ ਲੰਘੀਆਂ ਸਨ। ਇਸ ਮੁਲਾਕਾਤ ਸਮੇਂ ਇਕ ਦਿਲਚਸਪ ਘਟਨਾ ਵਾਪਰੀ ਜਿਸ ਤੋਂ ਪਤਾ ਲੱਗਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਇਸ ਗੱਲ ਬਾਰੇ ਕਿੰਨਾ ਸੁਚੇਤ ਸੀ ਕਿ ਉਨ੍ਹਾਂ ਦਾ ਸਮਾਂ ਵਾਧੂ ਮਿਲਣ-ਗਿਲਣ ਵਾਲਿਆਂ ਦੀ ਭੇਟ ਨਾ ਚੜ੍ਹੇ। ਮੈਂ ਉਨ੍ਹਾਂ ਨੂੰ ਸ਼ੁੱਕਰਵਾਰ ਵਾਲੇ ਦਿਨ ਢਾਈ ਕੁ ਵਜੇ ਪਹੁੰਚਣਾ ਦੱਸਿਆ ਹੋਇਆ ਸੀ। ਮੈਂ ਤੇ ਨਰਿੰਦਰ ਭੁੱਲਰ ਨੇ ਵੇਲੇ-ਸਿਰ ਘੰਟੀ ਜਾ ਵਜਾਈ। ਅੰਦਰੋਂ ਉਨ੍ਹਾਂ ਦਾ ਪੁੱਤਰ ਡਾਕਟਰ ਸੁਹੇਲ ਨਿੱਕਲਿਆ ਤੇ ਸਾਡੀ ਦੁੱਗਲ ਜੀ ਨੂੰ ਮਿਲਣ ਦੀ ਗੱਲ ਸੁਣ ਕੇ ਬੋਲਿਆ, “ਉਹ ਤਾਂ ਇਸ ਸਮੇਂ ਘਰ ਨਹੀਂ। ਕਿਤੇ ਗਏ ਹੋਏ ਨੇ।”
ਮੈਂ ਹੈਰਾਨ ਹੋ ਕੇ ਕਿਹਾ, “ਇਹ ਕਿਵੇਂ ਹੋ ਸਕਦਾ ਹੈ! ਉਨ੍ਹਾਂ ਨੇ ਮਿਲਣ ਦਾ ਇਹ ਸਮਾਂ ਆਪ ਦਿੱਤਾ ਹੋਇਆ ਹੈ।” ਉਹ ਪਰੇਸ਼ਾਨ ਜਿਹਾ ਤਾਂ ਹੋਇਆ ਕਿ ਹੁਣ ਆਪਣੇ ਝੂਠ ਉੱਤੇ ਪਰਦਾ ਕਿਵੇਂ ਪਾਵੇ, ਪਰ ਝੱਟ ਹੀ ਸੰਭਲ ਕੇ ਉਹਨੇ ਬੜੀ ਚੁਸਤੀ ਦਿਖਾਈ। ਕਹਿਣ ਲੱਗਿਆ, “ਮੈਂ ਅਗਲੇ ਕਮਰੇ ਵਿਚ ਬੈਠਾ ਹੋਇਆ ਸੀ। ਕੋਠੀ ਦਾ ਇਕ ਬੂਹਾ ਪਿੱਛੇ ਵੀ ਹੈ। ਜੇ ਉਨ੍ਹਾਂ ਨੇ ਸਮਾਂ ਦਿੱਤਾ ਹੋਇਆ ਸੀ, ਹੋ ਸਕਦਾ ਹੈ, ਉਹ ਪਿਛਲੇ ਬੂਹਿਉਂ ਆ ਗਏ ਹੋਣ। ਮੈਂ ਦੇਖਦਾ ਹਾਂ।” ਉਹ ਅੰਦਰ ਗਿਆ ਅਤੇ ਮੁਸਕਰਾਉਂਦਾ ਹੋਇਆ ਆ ਕੇ ਬੋਲਿਆ, “ਮਾਫ਼ ਕਰਨਾ! ਉਹ ਪਿਛਲੇ ਬੂਹਿਉਂ ਹੀ ਆ ਗਏ ਸਨ। ਆਉ, ਆਉ, ਅੰਦਰ ਆਉ!” ਗੱਲਬਾਤ ਪ੍ਰਕਾਸ਼ਿਤ ਹੋਈ ਤਾਂ ਮੈਂ ਉਨ੍ਹਾਂ ਦਾ ਪ੍ਰਤਿਕਰਮ ਜਾਣਨ ਲਈ ਚਿੱਠੀ ਲਿਖੀ। ਉਨ੍ਹਾਂ ਦਾ ਉੱਤਰ ਮੇਰੇ ਲਈ ਇਕ ਵੱਡਾ ਪੁਰਸਕਾਰ ਸੀ: “ਭੁੱਲਰ ਜੀ, ਤੁਸਾਂ ਦੀ ਮੇਰੇ ਨਾਲ ਕੀਤੀ ਗੱਲਬਾਤ ਆਦਿ ਤੋਂ ਅੰਤ ਤੱਕ ਇਕ ਨਗ਼ਮਾ ਹੈ।”
ਰਾਮ ਸਰੂਪ ਅਣਖੀ ਦੇ ਤ੍ਰੈਮਾਸਕ ‘ਕਹਾਣੀ ਪੰਜਾਬ’ ਦੇ ਪਹਿਲੇ ਅੰਕ ਤੋਂ ਹੀ ਮੈਂ ‘ਪੰਜਾਬੀ ਕਹਾਣੀ ਯਾਤਰਾ’ ਦੇ ਨਾਂ ਹੇਠ ਇਕ ਕਾਲਮ ਸ਼ੁਰੂ ਕੀਤਾ। ਇਸ ਵਿਚ ਹਰ ਵਾਰ ਮੋਢੀਆਂ ਤੋਂ ਸ਼ੁਰੂ ਕਰ ਕੇ ਕਿਸੇ ਕਹਾਣੀਕਾਰ ਦੀ ਇਕ ਕਹਾਣੀ ਦੀ ਪਾਠਕੀ ਪੜ੍ਹਤ ਦਿੱਤੀ ਜਾਂਦੀ ਸੀ। ਮੈਂ ਦੁੱਗਲ ਜੀ ਦੀ ਕਹਾਣੀ ‘ਚਾਨਣੀ ਰਾਤ ਦਾ ਇਕ ਦੁਖਾਂਤ’ ਚੁਣੀ। ਇਸ ਵਾਰ ਵੀ ਉਨ੍ਹਾਂ ਦਾ ਪ੍ਰਤਿਕਰਮ ਜਾਣਨ ਦੀ ਇੱਛਾ ਹੋਣੀ ਸੁਭਾਵਿਕ ਸੀ। ਉਨ੍ਹਾਂ ਨੇ ਮੇਰੀ ਵਿਧੀ ਤੇ ਸ਼ੈਲੀ ਦੀ ਭਰਪੂਰ ਵਡਿਆਈ ਕੀਤੀ ਅਤੇ ਕਿਹਾ, “ਤੁਹਾਡਾ ਲਿਖਿਆ ਪੜ੍ਹਦਿਆਂ ਮੈਨੂੰ ਆਪਣੀ ਇਹ ਕਹਾਣੀ ਪੜ੍ਹਨ ਜਿੰਨਾ ਹੀ ਸੁਆਦ ਆਇਆ।” ਉਨ੍ਹਾਂ ਨੇ ਇਹ ਵੀ ਲਿਖਿਆ ਕਿ ਕਹਾਣੀ ਨੂੰ ਸਮਝਣ ਦਾ ਤੇ ਹੋਰਾਂ ਨੂੰ ਸਮਝਾਉਣ ਦਾ ਤਰੀਕਾ ਅਜਿਹਾ ਹੀ ਸਰਲ ਅਤੇ ਆਮ-ਫ਼ਹਿਮ ਹੋਣਾ ਚਾਹੀਦਾ ਹੈ।
‘ਚਾਨਣੀ ਰਾਤ ਦਾ ਇਕ ਦੁਖਾਂਤ’ ਬਾਰੇ ਉਨ੍ਹਾਂ ਦਾ ਆਪਣਾ ਕਹਿਣਾ ਸੀ, “ਇਹ ਨਾ ਨਾਕਾਮ ਪਿਆਰ ਦੀ ਕਹਾਣੀ ਹੈ, ਨਾ ਕਾਮਯਾਬ ਪਿਆਰ ਦੀ, ਇਹ ਸਿਰਫ਼ ਪਿਆਰ ਦੀ ਕਹਾਣੀ ਹੈ।” ਉਨ੍ਹਾਂ ਨੇ ਇਹ ਕਹਾਣੀ 1961-62 ਵਿਚ ਰਾਂਚੀ ਹੁੰਦਿਆਂ ਲਿਖੀ ਸੀ। ਜਿਸ ਦਿਨ ਇਹ ਲਿਖੀ, ਉਸੇ ਦਿਨ ਇਨ੍ਹਾਂ ਦਾ ਇਕ ਸੈਸ਼ਨ ਜੱਜ ਦੋਸਤ ਖਾਣੇ ਲਈ ਆਇਆ। ਕੁਝ ਨਵਾਂ ਲਿਖਿਆ ਹੋਣ ਦੀ ਗੱਲ ਚੱਲੀ ਤੋਂ ਇਨ੍ਹਾਂ ਨੇ ਇਸ ਕਹਾਣੀ ਦਾ ਕਥਾ-ਸਾਰ ਜ਼ਬਾਨੀ ਸੁਣਾ ਦਿੱਤਾ। ਜੱਜ ਹੱਕਾ-ਬੱਕਾ, ਹੈਰਾਨ-ਪਰੇਸ਼ਾਨ, ਕਹਿੰਦਾ, ਦੁੱਗਲ ਸਾਹਿਬ, ਇਹ ਤਾਂ ਮੇਰੀ ਹੀ ਕਹਾਣੀ ਹੈ! ਮਗਰੋਂ ਇਨ੍ਹਾਂ ਦੇ ਸਾਂਢੂ ਅਲੀ ਸਰਦਾਰ ਜਾਫ਼ਰੀ ਨੇ ਸੁਣੀ ਤਾਂ ਇਹਦੇ ਕੈਨਵਸ ਦੀ ਵਿਸ਼ਾਲਤਾ ਦੇਖ ਕੇ ਨਾਵਲ ਬਣਾਉਣ ਦਾ ਸੁਝਾਅ ਦਿੱਤਾ।
ਦੁੱਗਲ ਆਪਣੇ ਸਮਕਾਲੀ ਕਹਾਣੀਕਾਰਾਂ ਤੋਂ ਕਈ ਗੱਲਾਂ ਵਿਚ ਵੱਖਰੇ ਸਨ। ਸ਼ਾਇਦ ਇਸੇ ਕਰਕੇ ਆਪਣੇ ਲਈ ਕਹਾਣੀਕਾਰ ਵਜੋਂ ਉਹ ਕੁਝ ਹਟਵਾਂ, ਕੁਝ ਨਵੇਕਲਾ ਸਥਾਨ ਬਣਾ ਸਕੇ। ਇਕ ਤਾਂ ਜਦੋਂ ਲਗਭਗ ਸਾਰੇ ਹੀ ਗਲਪਕਾਰ ਪਿੰਡਾਂ ਦੇ ਲੋਕਾਂ ਬਾਰੇ ਜਾਂ ਛੋਟੇ ਸ਼ਹਿਰਾਂ ਤੇ ਨਗਰਾਂ ਦੇ ਸਾਧਾਰਨ ਜਾਂ ਹੇਠਲੇ ਲੋਕਾਂ ਬਾਰੇ ਲਿਖ ਰਹੇ ਸਨ, ਦੁੱਗਲ ਨੇ ਆਪਣੀ ਕਲਮ ਲਈ ਇਕ ਵੱਖਰਾ ਸੰਸਾਰ ਚੁਣਿਆ। ਇਹ ਸੀ ਸ਼ਹਿਰੀ ਮੱਧਵਰਗ ਤੇ ਉੱਚ-ਮੱਧਵਰਗ ਦਾ ਬਿਲਕੁਲ ਵੱਖਰੇ ਭਾਂਤ ਦਾ ਅਤਰ-ਫੁਲੇਲੀ ਜੀਵਨ, ਜਿਸ ਦੀਆਂ ਭੁੱਖਾਂ, ਤ੍ਰਿਸ਼ਨਾਵਾਂ, ਰੀਝਾਂ, ਉਮੰਗਾਂ, ਕਲੋਲਾਂ, ਤ੍ਰਿਪਤੀਆਂ, ਤੋਟਾਂ ਤੇ ਪੀੜਾਂ ਵੱਖਰੀਆਂ ਸਨ ਅਤੇ ਜਿਸ ਤੋਂ ਉਸ ਸਮੇਂ ਦਾ ਬਹੁਤਾ ਪੰਜਾਬੀ ਪਾਠਕ ਵਰਗ ਅਜੇ ਨਾਵਾਕਫ਼ ਸੀ।
ਦੂਜੇ, ਉਨ੍ਹਾਂ ਨੇ ਕਲਾ ਵਿਚ ਮਾਧਿਅਮ ਦਾ ਮਹੱਤਵ ਪਛਾਣਦਿਆਂ ਭਾਸ਼ਾ ਦੀ ਵਰਤੋਂ ਵਿਚ ਅਲੋਕਾਰਤਾ ਲਿਆਂਦੀ। ਉਹ ਸਾਧਾਰਨ ਸ਼ਬਦਾਂ ਨੂੰ ਇਉਂ ਸੁਰਬੱਧ ਕਰਦੇ ਸਨ ਕਿ ਪਾਠਕ ਰਸ-ਰੰਗ ਦੇ ਸੰਸਾਰ ਵਿਚ ਪਹੁੰਚ ਜਾਂਦਾ। ਉਹ ਆਪਣੀ ਰਚਨਾ ਵਿਚ ਬਹੁਤੇ ਪਾਠਕਾਂ ਨੂੰ ਨਵੇਂ-ਨਵੇਕਲੇ ਜਾਪਦੇ ਪੋਠੋਹਾਰੀ ਸ਼ਬਦਾਂ ਦਾ ਛਿੱਟਾ ਵੀ ਦੇਈ ਜਾਂਦੇ। ਉਹ ਆਮ ਵਰਤੀਂਦੇ ਸ਼ਬਦਾਂ ਨੂੰ ਬਣਾ-ਸੰਵਾਰ ਕੇ, ਸਜਾ ਕੇ, ਕਈ ਵਾਰ ਥੋੜ੍ਹਾ ਜਿਹਾ ਵੱਖਰਾ ਉਚਾਰਨ ਦੇ ਕੇ ਅਨੋਖੀ ਹੀ ਛੱਬ ਦੇ ਦਿੰਦੇ। ਸ਼ਬਦ ਉਨ੍ਹਾਂ ਦੀ ਕਲਮ ਦੇ ਚੱਕ ਲਈ ਕੁੰਭਕਾਰ ਦੀ ਗੁੰਨ੍ਹੀ-ਗੋਈ ਹੋਈ ਗਿੱਲੀ ਮਿੱਟੀ ਹੁੰਦੇ ਜਿਸ ਨਾਲ ਉਹ ਮੋਹਣੀਆਂ ਅਪੱਸਰਾਵਾਂ ਤੋਂ ਲੈ ਕੇ ਦੇਵੀਆਂ ਤੱਕ, ਆਸ਼ਕਾਂ ਤੋਂ ਲੈ ਕੇ ਫ਼ਕੀਰਾਂ ਤੱਕ ਦੀਆਂ ਸ਼ਬਦੀ ਮੂਰਤੀਆਂ ਡੌਲਦੇ।
ਪਾਠਕੀ ਪੜ੍ਹਤ ਲਈ ‘ਚਾਨਣੀ ਰਾਤ ਦਾ ਇਕ ਦੁਖਾਂਤ’ ਕਹਾਣੀ ਨੂੰ ਇਕ ਤੋਂ ਵੱਧ ਵਾਰ ਤੇ ਵਧੇਰੇ ਬਰੀਕੀ ਨਾਲ ਪੜ੍ਹਦਿਆਂ ਉਨ੍ਹਾਂ ਦੀ ਭਾਸ਼ਾ ਦੇ ਪੂਰੇ ਜਲੌਅ ਵਿਚ ਦਰਸ਼ਨ ਹੋਏ: “ਮਾਲਣ ਆਪਣੀ ਧੀ ਦੇ ਮੂੰਹ ਵੱਲ ਦੇਖਦੀ ਤੇ ਉਹਨੂੰ ਲਗਦਾ ਜਿਵੇਂ ਉਚੜੀ-ਪੁਚੜੀ ਉਹ ਆਪ ਹੋਵੇ।…ਮੋਟੀਆਂ-ਮੋਟੀਆਂ ਕਾਲੀਆਂ ਅੱਖੀਆਂ। ਮਾਲਣ ਦੀਆਂ ਅੱਖੀਆਂ। ਗੋਰੀਆਂ-ਗੋਰੀਆਂ ਗੱਲ੍ਹਾਂ ਹੇਠ ਤਿਲ। ਮਾਲਣ ਦਾ ਤਿਲ। ਗਜ਼-ਗਜ਼ ਲੰਮੇ ਵਾਲ। ਮਾਲਣ ਦੇ ਵਾਲ।” ਲੇਖਕ ਮਾਲਣ ਦੇ ਪਤੀ ਨੂੰ ‘ਸੂਤ-ਸੌਦੇ ਦਾ ਵਪਾਰੀ’ ਅਤੇ ਪ੍ਰੇਮੀ ਨੂੰ ‘ਮੋਤੀਆਂ ਦਾ ਵਪਾਰੀ…ਚਾਨਣੀ ਰਾਤ ਦਾ ਚੋਰ’ ਆਖ ਕੇ ਗਿਣਤੀ ਦੇ ਸ਼ਬਦਾਂ ਵਿਚ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਉਘਾੜ ਤੇ ਨਿਖੇੜ ਦਿੰਦਾ ਹੈ। ਸਾਰੀ ਜ਼ਿੰਦਗੀ ਇਨ੍ਹਾਂ ਦੋਵਾਂ ਪੁੜਾਂ ਵਿਚਕਾਰ ਪਿਸਦੀ ਰਹੀ ਹੋਣ ਦੇ ਬਾਵਜੂਦ ਮਾਲਣ ਆਪਣੀ ਧੀ ਨੂੰ ਮੁਟਿਆਰ ਹੋਈ ਜਾਣ ਕੇ ਵੀ ਖ਼ੁਦ ਨੂੰ ਘਟਾ ਕੇ ਨਹੀਂ ਦੇਖਦੀ, “ਤੇ ਉਹ ਸੋਚਦੀ, ਹੁਣ ਵੀ ਉਹਦਾ ਕੀ ਵਿਗੜਿਆ ਸੀ। ਹੁਣ ਵੀ, ਹੁਣ ਵੀ ਕੋਈ ਪਹਾੜ ਕੱਟ ਕੇ ਉਸ ਵਾਸਤੇ ਨਹਿਰ ਵਿਛਾਣ ਲਈ ਬੇਤਾਬ ਸੀ। ਹੁਣ ਵੀ, ਹੁਣ ਵੀ ਕੋਈ ਝਨਾ ਤਰਨ ਲਈ ਉਸ ਵਾਸਤੇ ਬੇਕਰਾਰ ਸੀ।”
ਤੀਜੇ, ਜਦੋਂ ਉਨ੍ਹਾਂ ਦੇ ਸਮਕਾਲੀ ਲੇਖਕ, ਖਾਸ ਕਰ ਕੇ ਗਲਪਕਾਰ ਅਜੇ ਅਕਸਰ ਭਾਸ਼ਾਈ ਸੁੱਚਮ ਦੇ ਵਿਸ਼ਵਾਸੀ ਸਨ ਤੇ ਇਸਤਰੀ-ਪੁਰਸ਼ ਸਰੀਰਕ ਮਿਲਾਪ ਨੂੰ ‘ਚੰਦ ਬੱਦਲਾਂ ਓਹਲੇ ਹੋ ਗਿਆ’ ਜਿਹੇ ਕਥਨਾਂ ਨਾਲ ਪਰਗਟ ਕਰਦੇ ਸਨ, ਦੁੱਗਲ ਨੇ ਇਹ ਵਲਗਣ ਤੋੜ ਕੇ ਲੋੜੀਂਦੀ ਗੱਲ ਢੁੱਕਵੀਂ ਭਾਸ਼ਾ ਵਿਚ ਕਹਿਣ ਦੀ ਦਲੇਰੀ ਕੀਤੀ: “ਸਰਦ-ਪੁੰਨਿਆਂ ਦੀ ਰਾਤ ਉਹ ਜ਼ਰੂਰ ਇਹਦੇ ਦਰਵਾਜ਼ੇ ਨੂੰ ਠਕੋਰਦਾ ਸੀ।…ਇਕ ਪਿਆਸ ਨਾਲ ਉਹਦੀਆਂ ਬੁੱਲ੍ਹੀਆਂ ਬੇਕਰਾਰ ਹੋ ਰਹੀਆਂ ਸਨ।…ਮਾਲਣ ਨੂੰ ਲੱਗਾ ਜਿਵੇਂ ਇਕ ਐਂਠਣ ਜਿਹੀ ਉਹਦੇ ਅੰਗ ਅੰਗ ਫ਼ੈਲਦੀ ਜਾ ਰਹੀ ਸੀ!” ਤੇ ਜਦੋਂ ਉਹ ਮਿਲਦੇ ਹਨ: “ਤੇ ਫੇਰ ਬੁੱਲ੍ਹੀਆਂ ’ਤੇ ਬੁੱਲ੍ਹੀਆਂ, ਫੇਰ ਦੰਦੀਆਂ ਵਿਚ ਦੰਦੀਆਂ! ਵੀਹ ਸਾਲਾਂ ਦਾ ਰੁਕਿਆ ਹੜ੍ਹ ਜਿਵੇਂ ਹੱਦਾਂ-ਬੰਨੇ ਤੋੜ ਕੇ ਵਗ ਤੁਰਿਆ। ਜਿਵੇਂ ਕੋਈ ਤੂੜੀ ਦਾ ਤੀਲਾ ਕਿਸੇ ਬਲੂਹਣੇ ਦੀ ਲਪੇਟ ਵਿਚ ਆ ਜਾਏ।…ਦੰਦੀਆਂ ਵਿਚ ਦੰਦੀਆਂ ਜਮਾਈ ਉਹ ਇਕ ਦੂਜੇ ਨੂੰ ਚਿਮਟੇ ਹੋਏ ਸਨ!”
ਦੁੱਗਲ ਦੀ ਸਮੁੱਚੀ ਰਚਨਾ ਦਾ ਆਕਾਰ ਅਤੇ ਉਹਦੀ ਵੰਨਸੁਵੰਨਤਾ ਦੇਖ ਕੇ ਵਿਅਕਤੀ ਦੰਗ ਰਹਿ ਜਾਂਦਾ ਹੈ! ਸ਼ਾਇਦ, ਸ਼ਾਇਦ ਉਨ੍ਹਾਂ ਦੀ ਕਲਮ ਦੇ ਸਿਰਜੇ ਸ਼ਬਦ-ਸੰਸਾਰ ਦਾ ਆਕਾਰ ਹੋਰ ਹਰੇਕ ਭਾਰਤੀ ਲੇਖਕ ਦੇ ਮੁਕਾਬਲੇ ਵੱਡਾ ਹੋਵੇ! ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਤੇ ਸਾਹਿਤਕਾਰਾਂ ਦੀ ਜਾਣਕਾਰੀ ਰੱਖਣ ਵਾਲਾ ਖ਼ੁਸ਼ਵੰਤ ਸਿੰਘ ਵੀ ਦੁੱਗਲ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਮੁੱਚੀ ਰਚਨਾ ਬਾਰੇ ਕਹਿੰਦਾ ਸੀ, “ਮੈਨੂੰ ਨਹੀਂ ਲਗਦਾ, ਕੋਈ ਵੀ ਹੋਰ ਭਾਰਤੀ ਲੇਖਕ ਉਸ ਦੇ ਰਿਕਾਰਡ ਦੀ ਬਰਾਬਰੀ ਕਰ ਸਕਿਆ ਹੈ!”
ਉਨ੍ਹਾਂ ਨੇ ਪਹਿਲੀ ਕਹਾਣੀ 1934 ਵਿਚ ਲਿਖੀ ਪਰ ਛਪੀ ਉਹ ਰਸਾਲੇ ‘ਲਿਖਾਰੀ’ ਵਿਚ 1937 ਵਿਚ। ਪੁਸਤਕੀ ਆਰੰਭ 1941 ਵਿਚ ਪਹਿਲੇ ਕਾਵਿ-ਸੰਗ੍ਰਹਿ ‘ਕੰਢੇ ਕੰਢੇ’ ਅਤੇ ਪਹਿਲੇ ਕਹਾਣੀ-ਸੰਗ੍ਰਹਿ ‘ਸਵੇਰ ਸਾਰ’ ਨੇ ਕੀਤਾ। ਕਵਿਤਾ ਦੋ ਸੰਗ੍ਰਹਿਆਂ ਮਗਰੋਂ ਲੰਮਾ ਸਮਾਂ ਮੱਠੀ ਪਈ ਰਹੀ ਜਿਸ ਕਰਕੇ ਤੀਜਾ ਸੰਗ੍ਰਹਿ 1999 ਵਿਚ ਆਇਆ। ਪਰ ਅੰਤਲੇ ਸਮੇਂ ਵਿਚ ਫੇਰ ਕਵਿਤਾ ਜਾਗ੍ਰਿਤ ਹੋ ਉੱਠੀ, ਉਹ ਵੀ ਅਧਿਆਤਮਕ ਰੰਗ ਵਿਚ ਰੰਗੀਜ ਕੇ! ਸਬੱਬ ਦੇਖੋ, 1941 ਵਿਚ ਕਾਵਿ-ਸੰਗ੍ਰਹਿ ‘ਕੰਢੇ ਕੰਢੇ’ ਨਾਲ ਸ਼ੁਰੂ ਹੋਇਆ ਕਲਮੀ ਸਫ਼ਰ ਗਲਪ, ਨਾਟਕ, ਵਾਰਤਕ, ਆਲੋਚਨਾ, ਅਨੁਵਾਦ, ਆਦਿ ਦੇ ਖੇਤਰਾ ਵਿਚ ਮੱਲਾਂ ਮਾਰ ਕੇ 2011 ਵਿਚ ਛਪੇ ਕਾਵਿ-ਸੰਗ੍ਰਹਿ ‘ਸਗਲ ਭਵਨ ਕੇ ਨਾਇਕਾ’ ਨਾਲ ਹੀ ਸਮਾਪਤ ਹੋਇਆ!
ਦਿਲਚਸਪ ਗੱਲ ਇਹ ਹੈ ਕਿ ਜਿਸ ਮੁਸਲਮਾਨ ਕੁੜੀ ਆਇਸ਼ਾ ਨਾਲ ਅੱਗੇ ਜਾ ਕੇ ਉਨ੍ਹਾਂ ਦਾ ਪਿਆਰ-ਵਿਆਹ ਹੋਇਆ, ਉਹ ਦੁੱਗਲ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਸਵੇਰ ਸਾਰ’ ਛਪਣ ਤੋਂ ਵੀ ਪਹਿਲਾਂ ਉਸ ਵਿਚ ਸ਼ਾਮਲ ਇਕ ਕਹਾਣੀ ਦੇ ਕਿਸੇ ਉਰਦੂ ਰਸਾਲੇ ਵਿਚ ਛਪੇ ਅਨੁਵਾਦ ਦੀ ਦੇਣ ਸੀ। ਦੁੱਗਲ ਨੇ ਇਸ ਪੁਸਤਕ ਦਾ ਸਮਰਪਨ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ: “ਆਇਸ਼ਾ ਦੇ ਨਾਂ ਜਿਸ ਨੂੰ ‘ਵੱਢ ਵਿਚ ਇਕ ਸਵੇਰ’ ਨਾਂ ਦੀ ਕਹਾਣੀ ਉਰਦੂ ਵਿਚ ਪੜ੍ਹ ਕੇ ਅਫ਼ਸਾਨਾ-ਨਿਗਾਰ ਨੂੰ ਮਿਲਣ ਦੀ ਤਾਂਘ ਪੈਦਾ ਹੋਈ!” ਆਇਸ਼ਾ ਨੂੰ, ਉਹ ਵੀ ਉਸ ਜ਼ਮਾਨੇ ਵਿਚ, ਜੀਵਨ-ਸਾਥਣ ਵਜੋਂ ਚੁਣਨਾ ਜਾਤਾਂ-ਗੋਤਾਂ, ਧਰਮਾਂ ਅਤੇ ਇਲਾਕਿਆਂ, ਆਦਿ ਦੀਆਂ ਸੌੜੀਆਂ ਵਲਗਣਾਂ ਤੋਂ ਉੱਚੀ ਉੱਠੀ ਹੋਈ ਦੁੱਗਲ ਦੀ ਮਾਨਵਵਾਦੀ ਸੋਚ ਨੂੰ ਉਜਾਗਰ ਕਰਦਾ ਹੈ। ਇਸ ਤੋਂ ਵੀ ਵੱਡੀ ਗੱਲ, ਉਨ੍ਹਾਂ ਦੇ ਮਨ ਵਿਚ ਕਦੀ ‘ਆਇਸ਼ਾ’ ਨੂੰ ‘ਐਸ਼ਪ੍ਰੀਤ ਕੌਰ’ ਬਣਾਉਣ ਦਾ ਖ਼ਿਆਲ ਤੱਕ ਨਹੀਂ ਸੀ ਆਇਆ। ਉਹ ਸਾਰਾ ਜੀਵਨ ਆਇਸ਼ਾ ਰਹੀ ਅਤੇ ਉਹ ਕਰਤਾਰ ਸਿੰਘ ਦੁੱਗਲ ਰਹੇ! ਇਕ ਦੇ ਮੁਸਲਮਾਨ ਅਤੇ ਦੂਜੇ ਦੇ ਸਿੱਖ ਸਕੇ-ਸੰਬੰਧੀਆਂ ਦਾ ਉਨ੍ਹਾਂ ਦੇ ਸਾਂਝੇ ਘਰ ਵਿਚ ਸਦਾ ਇਕੋ ਜਿਹਾ ਮਾਣ-ਸਤਿਕਾਰ ਰਿਹਾ। ਦੁੱਗਲ ਅਤੇ ਉਨ੍ਹਾਂ ਦੇ ਸਾਢੂ, ਬੜੇ ਪ੍ਰਤਿਭਾਸ਼ਾਲੀ ਉਰਦੂ ਸ਼ਾਇਰ ਅਲੀ ਸਰਦਾਰ ਜਾਫ਼ਰੀ ਦੀ ਤਾਂ ਖ਼ੂਬ ਨੇੜਤਾ ਸੀ।
1942 ਵਿਚ ਪਹਿਲੇ ਰੇਡੀਓ ਨਾਟਕ ਸੰਗ੍ਰਹਿ ‘ਔਹ ਗਏ ਸਾਜਨ’ ਤੋਂ ਆਰੰਭ ਕਰ ਕੇ ਉਨ੍ਹਾਂ ਨੇ ਰੇਡੀਓ ਨਾਟਕਾਂ, ਇਕਾਂਗੀ ਨਾਟਕਾਂ ਤੇ ਪੂਰੇ ਨਾਟਕਾਂ ਦੀਆਂ ਇਕ ਦਰਜਨ ਦੇ ਕਰੀਬ ਪੁਸਤਕਾਂ ਦਿੱਤੀਆਂ। ਇਹ ਸਾਰੇ ਨਾਟਕ 1998 ਵਿਚ ਦੋ ਜਿਲਦਾਂ ਵਿਚ ‘ਦੁੱਗਲ ਦੇ ਨਾਟਕ’ ਨਾਂ ਹੇਠ ਛਪੇ। 1948 ਵਿਚ ਪਹਿਲੇ ਨਾਵਲ ‘ਆਦਰਾਂ’ ਨਾਲ ਹੋਈ ਸ਼ੁਰੂਆਤ ਉਨ੍ਹਾਂ ਦੇ ਨਾਵਲਾਂ ਦੀ ਗਿਣਤੀ ਨੂੰ ਵੀ ਦਰਜਨ ਤੋਂ ਪਾਰ ਲੈ ਗਈ। ਉਨ੍ਹਾਂ ਵਿਚੋਂ ‘ਨਾਨਕ ਨਾਮ ਚੜ੍ਹਦੀ ਕਲਾ’, ‘ਤੇਰੇ ਭਾਣੇ’ ਅਤੇ ‘ਸਰਬੱਤ ਦਾ ਭਲਾ’ ਨਾਵਲਾਂ ਦੀ ਤ੍ਰੈਲੜੀ ਕਾਫ਼ੀ ਚਰਚਿਤ ਹੋਈ ਜਿਸ ਦੇ ਪੰਨੇ ਦੋ ਹਜ਼ਾਰ ਦੇ ਕਰੀਬ ਬਣ ਜਾਂਦੇ ਹਨ। ਉਨ੍ਹਾਂ ਨੇ ਹੋਰ ਹਰੇਕ ਪੰਜਾਬੀ ਕਹਾਣੀਕਾਰ ਤੋਂ ਵੱਧ, ਪੰਜ ਸੌ ਤੋਂ ਵਧੀਕ ਕਹਾਣੀਆਂ ਲਿਖੀਆਂ। 1985 ਵਿਚ ਨਵਯੁੱਗ ਨੇ ਜਦੋਂ ਉਨ੍ਹਾਂ ਦੇ ਉਸ ਸਮੇਂ ਤੱਕ ਦੇ ਵੀਹ ਸੰਗ੍ਰਹਿਆਂ ਨੂੰ ਚਾਰ-ਚਾਰ ਪੁਸਤਕਾਂ ਜੋੜ ਕੇ ਕੁੱਲ ਕੋਈ ਤਿੰਨ ਹਜ਼ਾਰ ਪੰਨੇ ਦੀਆਂ ਪੰਜ ਖ਼ੂਬਸੂਰਤ ਸੈਂਚੀਆਂ ਵਿਚ ਪ੍ਰਕਾਸ਼ਿਤ ਕੀਤਾ, ਉਨ੍ਹਾਂ ਵਿਚ 465 ਕਹਾਣੀਆਂ ਤੇ ਦੋ ਲੰਮੀਆਂ ਕਹਾਣੀਆਂ ਸ਼ਾਮਲ ਸਨ। ਮਗਰੋਂ ਦੇ ਚਾਰ ਕਹਾਣੀ-ਸੰਗ੍ਰਹਿ ਇਨ੍ਹਾਂ ਤੋਂ ਵੱਖਰੇ ਹਨ।
ਉਨ੍ਹਾਂ ਦੀਆਂ ਫੁਟਕਲ ਪੰਜਾਬੀ ਪੁਸਤਕਾਂ ਦੀ ਗਿਣਤੀ ਵੀ ਵੀਹ ਦੇ ਨੇੜੇ ਜਾ ਪੁਜਦੀ ਹੈ। ਉਨ੍ਹਾਂ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਉਰਦੂ ਤੇ ਹਿੰਦੀ ਵਿਚ ਮੌਲਕ ਵੀ ਲਿਖਿਆ ਅਤੇ ਇਨ੍ਹਾਂ ਭਾਸ਼ਾਵਾਂ ਵਿਚੋਂ ਇਕ ਤੋਂ ਦੂਜੀ ਵਿਚ ਹੋਰਾਂ ਵੱਲੋਂ ਕੀਤੇ ਗਏ ਅਨੁਵਾਦ ਤੋਂ ਇਲਾਵਾ, ਆਪਣੀਆਂ ਕਈ ਰਚਨਾਵਾਂ ਦਾ ਅਨੁਵਾਦ ਆਪ ਵੀ ਕੀਤਾ। ਉਹ ਕਈ ਦੇਸੀ-ਪਰਦੇਸੀ ਭਾਸ਼ਾਵਾਂ ਦੇ ਪਾਠਕਾਂ ਤੱਕ ਵੀ ਅਨੁਵਾਦ ਹੋ ਕੇ ਪਹੁੰਚੇ। ਅੰਗਰੇਜ਼ੀ ਵਿਚ ਤਾਂ ਉਨ੍ਹਾਂ ਨੇ ਪੰਜਾਬ, ਪੰਜਾਬੀ ਸਾਹਿਤ, ਪੰਜਾਬੀ ਸਾਹਿਤਕਾਰਾਂ ਤੇ ਹੋਰ ਸ਼ਖ਼ਸੀਅਤਾਂ, ਸਿੱਖ ਧਰਮ, ਗੁਰਬਾਣੀ, ਆਦਿ ਬਾਰੇ ਅਨੇਕ ਮੌਲਕ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚ ਕਈ ਬਾਣੀਆਂ ਦਾ ਅਨੁਵਾਦ ਵੀ ਸ਼ਾਮਲ ਸੀ। ਇਸ ਖੇਤਰ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਤੇ ਵਰਨਣਯੋਗ ਉੱਦਮ 2004 ਵਿਚ ਛਪਿਆ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਚਾਰ ਸੈਂਚੀਆਂ ਵਿਚ ਅੰਗਰੇਜ਼ੀ ਕਵਿਤਾ ਵਿਚ ਅਨੁਵਾਦ ਹੈ। ਬਿਰਧ ਉਮਰ ਵਿਚ ਉਨ੍ਹਾਂ ਦੀ ਇਹ ਘਾਲਨਾ ਦੇਖ ਕੇ ਲੋਕਾਂ ਦਾ ਹੈਰਾਨ ਰਹਿ ਜਾਣਾ ਸੁਭਾਵਿਕ ਸੀ।
ਅਨੇਕ ਵਿਧਾਵਾਂ ਵਿਚ ਉਨ੍ਹਾਂ ਦੀ ਏਨੀ ਵਡ-ਆਕਾਰੀ ਰਚਨਾ ਬਾਰੇ ਆਲੋਚਕਾਂ ਨੇ ਬਹੁਤ ਹੀ ਘੱਟ ਲਿਖਿਆ ਹੈ, ਲਗਭਗ ਨਾ ਹੋਇਆਂ ਵਰਗਾ! ਇਹ ਤੱਥ ਪੰਜਾਬੀ ਆਲੋਚਨਾ ਦੀ ਤਰਸਜੋਗ ਹਾਲਤ ਅਤੇ ਉਲਾਰ ਸੋਚ ਉੱਤੇ ਇਕ ਸਖ਼ਤ ਟਿੱਪਣੀ ਹੈ। ਪਰ ਇਹ ਕਸਰ ਵੱਖ-ਵੱਖ ਸਾਹਿਤਕ ਤੇ ਹੋਰ ਸੰਸਥਾਵਾਂ ਵੱਲੋਂ ਦਿੱਤੀਆਂ ਗਈਆਂ ਪਦਵੀਆਂ ਅਤੇ ਭੇਟ ਕੀਤੇ ਗਏ ਅਨੇਕਾਂ-ਅਨੇਕ ਕੌਮੀ-ਕੌਮਾਂਤਰੀ ਪੁਰਸਕਾਰਾਂ ਨੇ ਪੂਰੀ ਕਰ ਦਿੱਤੀ। ਉਹ ਅਨੇਕ ਸਾਹਿਤਕ ਸੰਸਥਾਵਾਂ ਦੇ ਅਹੁਦੇਦਾਰ ਰਹੇ। ਪੰਜਾਬੀ ਸਾਹਿਤ ਸਭਾ ਦਿੱਲੀ ਨੇ 1997 ਵਿਚ ਆਪਣੇ ਨਵੇਂ ਰੂਪ ਵਿਚ ‘ਪੰਜਾਬੀ ਭਵਨ’ ਨਾਂ ਦੇ ਨਵੇਂ ਘਰ ਵਿਚ ਪ੍ਰਵੇਸ਼ ਕੀਤਾ, ਤਾਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਉਹ ਉਸ ਸਾਲ ਤੋਂ ਲੈ ਕੇ ਆਪਣੇ ਅੰਤ ਤੱਕ ਲਗਾਤਾਰ ਪ੍ਰਧਾਨ ਚੁਣੇ ਜਾਂਦੇ ਰਹੇ। ਪੰਜਾਬੀ ਅਕਾਦਮੀ ਦਿੱਲੀ, ਭਾਸ਼ਾ ਵਿਭਾਗ ਪੰਜਾਬ, ਸਾਹਿਤ ਅਕਾਦਮੀ ਲੁਧਿਆਣਾ, ਆਦਿ ਨੇ ਆਪਣੇ ਪ੍ਰਮੁੱਖ ਪੁਰਸਕਾਰ ਭੇਟ ਕੀਤੇ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ‘ਪੰਜਾਬ ਰਤਨ’ ਨਾਲ ਸਨਮਾਨਿਆ।
ਸਾਹਿਤ ਅਕਾਦਮੀ ਨੇ ਉਨ੍ਹਾਂ ਦੇ ਕਹਾਣੀ-ਸੰਗ੍ਰਹਿ ‘ਇਕ ਛਿੱਟ ਚਾਨਣ ਦੀ’ ਲਈ 1965 ਦਾ ਪੁਰਸਕਾਰ ਦੇਣ ਤੋਂ ਪਿੱਛੋਂ 2007 ਵਿਚ ਫ਼ੈਲੋਸ਼ਿਪ ਭੇਟ ਕੀਤੀ। ਫ਼ੈਲੋਸ਼ਿਪ ਸਾਹਿਤ ਅਕਾਦਮੀ ਵੱਲੋਂ ਦਿੱਤਾ ਜਾਂਦਾ ਸਭ ਤੋਂ ਵੱਡਾ ਮਾਣ-ਸਤਿਕਾਰ ਹੈ। ਸੋਵੀਅਤ ਯੂਨੀਅਨ ਨੇ ਦੁੱਗਲ ਨੂੰ ‘ਸੋਵੀਅਤ ਦੇਸ ਨਹਿਰੂ ਪੁਰਸਕਾਰ’ ਨਾਲ ਨਿਵਾਜਿਆ ਜਿਸ ਸਦਕਾ ਉਹ ਉਸ ਦੇਸ ਦੀ ਯਾਤਰਾ ਵੀ ਕਰ ਸਕੇ। ਸਾਹਿਤਕ ਪੁਰਸਕਾਰਾਂ ਤੋਂ ਇਲਾਵਾ ਉਨ੍ਹਾਂ ਨੂੰ 1988 ਵਿਚ ਰਾਸ਼ਟਰਪਤੀ ਨੇ ‘ਪਦਮ ਭੂਸ਼ਨ’ ਨਾਲ ਸਤਿਕਾਰਿਆ। ਪੰਜਾਬੀ ਯੂਨੀਵਰਸਿਟੀ ਨੇ 1984 ਵਿਚ ਫ਼ੈਲੋਸ਼ਿਪ ਤੇ 1996 ਵਿਚ ਡੀ. ਲਿਟ. ਦੀ ਡਿਗਰੀ ਦਿੱਤੀ। ਉਨ੍ਹਾਂ ਨੂੰ ‘ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ’ ਤੇ ‘ਗ਼ਾਲਿਬ ਇਨਾਮ’ ਨਾਲ ਸਨਮਾਨਿਆ ਗਿਆ। 1997 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਾਜਸਭਾ ਦਾ ਮੈਂਬਰ ਬਣਾਇਆ। ਰਾਜਸਭਾ ਦੇ ਮੈਂਬਰ ਵਜੋਂ ਜਨਤਕ ਕਾਰਜਾਂ ਲਈ ਮਿਲਣ ਵਾਲਾ ਦੋ ਕਰੋੜ ਰੁਪਏ ਦਾ ਸਾਲਾਨਾ ਫ਼ੰਡ ਉਨ੍ਹਾਂ ਨੇ ਅੰਮ੍ਰਿਤਸਰ, ਜਲੰਧਰ ਤੇ ਕਪੂਰਥਲਾ ਵਿਚ ਸਾਹਿਤਕ-ਸਭਿਆਚਾਰਕ ਸਰਗਰਮੀਆਂ ਦੇ ਕੇਂਦਰਾਂ ਵਜੋਂ ‘ਵਿਰਸਾ-ਵਿਹਾਰ’ ਉਸਾਰਨ ਦੇ ਲੇਖੇ ਲਾਇਆ। ਇਸੇ ਫ਼ੰਡ ਵਿਚੋਂ ਉਨ੍ਹਾਂ ਨੇ ਅੰਮ੍ਰਿਤਸਰ ਦੀ ‘ਐਸ. ਜੀ. ਠਾਕੁਰ ਸਿੰਘ ਆਰਟ ਗੈਲਰੀ’ ਦੇ ਆਡੀਟੋਰੀਅਮ ਲਈ ਸਹਾਇਤਾ ਦਿੱਤੀ। ਇਹ ਉਨ੍ਹਾਂ ਦੇ ਅਜਿਹੇ ਕਾਰਜ ਸਨ ਜਿਹੋ ਜਿਹੇ ਅੱਜ ਤੱਕ ਪੰਜਾਬ ਦੀ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ।
ਉਨ੍ਹਾਂ ਦੇ ਗੁਜ਼ਰਨ ਤੋਂ ਕੁਝ ਸਮਾਂ ਪਹਿਲਾਂ ਪੰਜਾਬੀ ਸਾਹਿਤ ਸਭਾ ਦਿੱਲੀ ਨੇ ਪੰਜਾਬੀ ਭਾਸ਼ਾ ਸੰਬੰਧੀ ਗੋਸ਼ਟੀ ਕਰਵਾਈ, ਜਿਸ ਵਿਚ ਮੈਂ ਪਾਠਕਾਂ ਦੀ ਘਾਟ ਦੀ ਸਮੱਸਿਆ ਬਾਰੇ ਪਰਚਾ ਪੜ੍ਹਿਆ। ਸਰੀਰਕ ਕਮਜ਼ੋਰੀ ਦੇ ਬਾਵਜੂਦ ਦੁੱਗਲ ਪ੍ਰਧਾਨਗੀ ਕਰਨ ਲਈ ਆਏ। ਮੈਂ ਨਿੰਵਿਆ ਤਾਂ ਮੋਢਿਆਂ ਤੋਂ ਫੜ ਕੇ ਮੈਨੂੰ ਸਾਹਮਣੇ ਖੜ੍ਹਾ ਕਰਦਿਆਂ ਅਸੀਸ ਵਜੋਂ ਮੁਸਕਰਾ ਪਏ। ਬਹੁਤ ਉੱਚਾ ਸੁਣਨ ਲੱਗ ਪਏ ਸਨ। ਬਹੁਤੀਆ ਗੱਲਾਂ ਦੇ ਜਵਾਬ ਵਿਚ ਦੋ-ਚਾਰ ਸ਼ਬਦਾਂ ਨਾਲ ਜਾਂ ਕੇਵਲ ਮੁਸਕਰਾ ਕੇ ਹੀ ਸਾਰ ਰਹੇ ਸਨ। ਕੁਝ ਸਮੇਂ ਮਗਰੋਂ ‘ਭਾਪਾ ਜੀ ਯਾਦਗਾਰੀ ਭਾਸ਼ਨ’ ਦੀ ਪ੍ਰਧਾਨਗੀ ਕਰਨ ਦੀ ਬੇਨਤੀ ਵੀ ਉਨ੍ਹਾਂ ਨੇ ਪਰਵਾਨ ਕਰ ਹੀ ਲਈ। ਜਦੋਂ ਮੈਂ ਸਭਾ ਵਿਚ ਗਿਆਨੀ ਹਰੀ ਸਿੰਘ ਯਾਦਗਾਰੀ ਭਾਸ਼ਨ ਦਿੱਤਾ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਖਟਕਦੀ ਰਹੀ। ਹੁਣ ਉਹ ਆਖਣ ਲੱਗ ਪਏ ਸਨ, ਮੈਂ ਆ ਕੇ ਕੀ ਕਰਾਂਗਾ, ਮੈਨੂੰ ਇਕ ਸ਼ਬਦ ਵੀ ਸੁਣਾਈ ਨਹੀਂ ਦਿੰਦਾ।
ਬਹੁਤੇ ਲੋਕਾਂ ਦੇ ਉਲਟ ਉਹ ਆਪਣੇ ਜੀਵਨ ਤੋਂ ਬਹੁਤ ਸੰਤੁਸ਼ਟ ਸਨ, “ਪਾਰਟੀਸ਼ਨ ਦੇ ਸਿਵਾਏ ਅਜਿਹਾ ਕੋਈ ਹਾਦਸਾ ਨਹੀਂ ਜਿਸ ਨੇ ਮੈਨੂੰ ਕਦੇ ਲਹੂ-ਲੁਹਾਨ ਕੀਤਾ ਹੋਵੇ। ਮੇਰੀ ਜ਼ਿੰਦਗੀ ਤਾਂ ਏਨੀ ਹਮਵਾਰ ਰਹੀ ਏ, ਏਨੀ ਸਿੱਧੀ ਤੇ ਸਪਾਟ, ਏਨੀ ਖ਼ੁਸ਼ਗਵਾਰ, ਬੱਸ ਰੱਬ ਦੀ ਖਾਸ ਹੀ ਮਿਹਰ ਰਹੀ ਏ ਮੇਰੇ ’ਤੇ। ਸਾਰਾ ਕੁਝ ਇਸ ਤਰ੍ਹਾਂ ਵਾਪਰਦਾ ਗਿਆ, ਜਿਵੇਂ ਕਿਸੇ ਨੇ ਪਹਿਲੋਂ ਹੀ ਸਭ ਕੁਝ ਵਿਉਂਤ ਕੇ ਤੇ ਵੇਤਰ ਕੇ ਰੱਖਿਆ ਹੋਇਆ ਹੋਵੇ। ਮੇਰਾ ਬਚਪਨ, ਸਕੂਲ, ਪੜ੍ਹਾਈ, ਸਭ।…ਪੜ੍ਹਾਈ ਖ਼ਤਮ ਹੋਈ ਤਾਂ ਝਟਪਟ ਰੇਡੀਓ ਦੀ ਨੌਕਰੀ ਮਿਲ ਗਈ। ਰੇਡੀਓ ਦੀ ਨੌਕਰੀ ਓਦੋਂ ਆਈ. ਏ. ਐਸ. ਦੀ ਨੌਕਰੀ ਤੋਂ ਵੀ ਵੱਡੀ ਸਮਝੀ ਜਾਂਦੀ ਸੀ ਕਿਉਂਕਿ ਇਸ ਵਿਚ ਸਿਰਫ਼ ਬੁੱਧੀਜੀਵੀਆਂ ਨੂੰ, ਕਲਾਕਾਰਾਂ ਨੂੰ ਹੀ ਲਿਆ ਜਾਂਦਾ ਸੀ। ਬੜੇ ਖ਼ਾਸ ਕਿਸਮ ਦੇ ਲੋਕਾਂ ਨੂੰ। ਫੇਰ ਆਇਸ਼ਾ ਨਾਲ ਮੁਹੱਬਤ, ਵਿਆਹ, ਬੱਚੇ! ਤੇ ਹੁਣ ਪੋਤਰੀਆਂ, ਦੋਹਤਰੀਆਂ!”
2012 ਦੀ ਅੱਠ ਜਨਵਰੀ ਨੂੰ ਭਾਪਾ ਜੀ ਦੀ ਚਲਾਈ ਰੀਤ ਅਨੁਸਾਰ ਉਨ੍ਹਾਂ ਦੇ ਫ਼ਾਰਮ ਵਿਖੇ ਲੇਖਕਾਂ-ਪਾਠਕਾਂ ਦੀ ‘ਧੁੱਪ ਦੀ ਮਹਿਫ਼ਲ’ ਸਜੀ ਤਾ ਦੁੱਗਲ ਜੀ ਦਾ ਸਿਹਤ ਦੀ ਮਜਬੂਰੀ ਕਾਰਨ ਨਾ ਆ ਸਕਣ ਦਾ ਅਤੇ ਸਭ ਨੂੰ ਸਨੇਹ ਨਾਲ ਯਾਦ ਕਰਦੇ ਹੋਣ ਦਾ ਲਿਖਤੀ ਸੁਨੇਹਾ ਆ ਗਿਆ। ਅਠਾਰਾਂ ਦਿਨਾਂ ਮਗਰੋਂ, 2012 ਦੇ ਗਣਰਾਜ ਦਿਵਸ ਨੂੰ ਉਹ 95 ਸਾਲ ਦੀ ਸਫਲ ਲੰਮੀ ਆਯੂ ਭੋਗ ਕੇ ਪੂਰੇ ਹੋ ਗਏ। ਉਨ੍ਹਾਂ ਦਾ ਅੰਤ ਰੋਗ ਜਿਹੇ ਕਿਸੇ ਪਛਤਾਉਣਜੋਗ ਕਾਰਨ ਕਰਕੇ ਨਹੀਂ ਸਗੋਂ ਵੱਡੀ ਉਮਰ ਕਾਰਨ ਸਰੀਰ ਦੇ ਹੰਢਣ-ਛਿੱਜਣ ਨਾਲ ਹੋਇਆ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਦੀ ਮਾਲਾ ਦੇ ਉਹ ਅੰਤਲੇ ਮਣਕੇ ਸਨ। ਪੰਜਾਬੀ ਦੇ ਵੱਡੇ ਗਲਪਕਾਰ ਹੀ ਨਹੀਂ, ਉਹ ਵੱਡੇ ਸਾਹਿਤਕਾਰ ਸਨ ਜਿਨ੍ਹਾਂ ਦੀਆਂ ਰਚਨਾਵਾਂ ਪੜਨ੍ਹ ਦਾ ਮੌਕਾ ਹੋਰ ਕਈ ਭਾਸ਼ਾਵਾਂ ਦੇ ਪਾਠਕਾਂ ਨੂੰ ਵੀ ਮਿਲਿਆ। ਜਿਸ ਕਿਸੇ ਦਾ ਵੀ ਕਦੀ ਉਨ੍ਹਾਂ ਨਾਲ ਵਾਹ ਪਿਆ, ਉਹੋ ਇਸ ਗੱਲ ਦੀ ਸਾਹਦੀ ਭਰੇਗਾ ਕਿ ਵੱਡੇ ਸਾਹਿਤਕਾਰ ਹੋਣ ਅਤੇ ਵੱਡੀਆਂ ਪਦਵੀਆਂ ਉੱਤੇ ਰਹਿਣ ਦੇ ਬਾਵਜੂਦ ਇਕ ਮਨੁੱਖ ਵਜੋਂ ਉਹ ਸਾਊ, ਸਨਿਮਰ ਅਤੇ ਸੁਚੱਜੇ ਸਨ।
(ਸੰਪਰਕ: +918076363058)