ਬੋਤੇ ਨੂੰ ਜਹਾਜ਼ ਤੋਂ ਉੱਤਮ ਸਵਾਰੀ ਮੰਨਦਾ ਸਰਵਣ ਸਿੰਘ

ਗੁਰਬਚਨ ਸਿੰਘ ਭੁੱਲਰ
ਫੋਨ:+91-80763-63058
ਸਰਵਣ ਸਿੰਘ ਦੀ ਤੇ ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਦੋ ਰੇਲ ਗੱਡੀਆਂ ਵਰਗੀ ਸੀ, ਜੋ ਦੋ ਸਟੇਸ਼ਨਾਂ ਵਿਚਕਾਰ ਦੂਹਰੀ ਪਟੜੀ ਉੱਤੇ ਇਕ ਦੂਜੀ ਦੇ ਕੋਲੋਂ ਦੀ ਲੰਘ ਜਾਂਦੀਆਂ ਹਨ। 1967 ਵਿਚ ਜਦੋਂ ਉਹ ਖਾਲਸਾ ਕਾਲਜ ਦਿੱਲੀ ਦੀ ਪ੍ਰੋਫ਼ੈਸਰੀ ਛੱਡ ਕੇ ਢੁੱਡੀਕੇ ਕਾਲਜ ਵਿੱਚ ਪ੍ਰੋਫ਼ੈਸਰ ਲੱਗਣ ਲਈ ਪੰਜਾਬ ਵੱਲ ਚਾਲੇ ਪਾ ਰਿਹਾ ਸੀ, ਮੈਂ ਪੰਜਾਬ ਵਿਚੋਂ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਪ੍ਰੋਫ਼ੈਸਰੀ ਛੱਡ ਕੇ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿੱਚ ਕੰਮ ਕਰਨ ਲਈ ਦਿੱਲੀ ਵੱਲ ਕੂਚ ਕਰ ਰਿਹਾ ਸੀ।

ਸਰਵਣ ਸਿੰਘ ਆਪ ਤਾਂ ਦਿੱਲੀ ਤੋਂ ਆ ਗਿਆ ਪਰ ਪਿੱਛੇ ਦਿਲਚਸਪ ਗੱਲਾਂ ਛੱਡ ਆਇਆ। ਜਿਵੇਂ ਅਤਰ-ਫੁਲੇਲ ਲਾਏ ਵਾਲਾ ਬੰਦਾ ਬੈਠਕ ਵਿਚੋਂ ਉੱਠ ਕੇ ਚਲਿਆ ਗਿਆ ਹੋਵੇ ਤੇ ਮਹਿਕ ਪਿੱਛੇ ਛੱਡ ਗਿਆ ਹੋਵੇ। ਅਨਜਾਣੇ ਸਰਵਣ ਸਿੰਘ ਨਾਲ ਮੇਰੀ ਕੜੀ ਗੁਰਦੇਵ ਸਿੰਘ ਰੁਪਾਣਾ ਸੀ। ਉਹ ਉਹਦੇ ਵੇਲੇ ਤੋਂ ਦਿੱਲੀ ਸੀ ਤੇ ਦੋਵੇਂ ਚੰਗੇ ਦੋਸਤ ਸਨ। ਹੁਣ ਉਹ ਮੇਰਾ ਦੋਸਤ ਬਣ ਗਿਆ ਸੀ। ਮੇਰੇ ਦਿੱਲੀ ਪਹੁੰਚਣ ਵੇਲੇ ਹੀ ਅਜਿਹੇ ਯਾਰਾਂ ਦੇ ਯਾਰ ਤੇ ਮੌਜੀ ਬੰਦੇ ਦਾ ਉਥੋਂ ਚਲੇ ਜਾਣਾ, ਅਨਜਾਣਿਆ ਹੋਣ ਦੇ ਬਾਵਜੂਦ, ਕਿਸੇ ਮਿੱਤਰ-ਪਿਆਰੇ ਦੇ ਚਲੇ ਜਾਣ ਵਾਂਗ ਲਗਦਾ। ਰੁਪਾਣੇ ਦੀ ਇਸ ਹੈਰਾਨੀ ਵਿਚ ਮੇਰੀ ਹੈਰਾਨੀ ਵੀ ਰਲ ਜਾਂਦੀ ਕਿ ਉਹ ਦਿੱਲੀ ਦਾ ਖਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਪੇਂਡੂ ਕਾਲਜ ਵਿਚ ਕਿਉਂ ਚਲਿਆ ਗਿਆ!
ਮਗਰੋਂ ਸਰਵਣ ਸਿੰਘ ਨਾਲ ਵਾਹ ਪਿਆ ਤਾਂ ਇਹਦੇ ਦਿੱਲੀ ਤੋਂ ਢੁੱਡੀਕੇ ਚਲੇ ਜਾਣ ਦੀ ਉਲਝਣ ਵੀ ਛੇਤੀ ਹੀ ਹੱਲ ਹੋ ਗਈ। ਸਗੋਂ ਇਹ ਸਾਫ਼ ਹੋ ਗਿਆ ਕਿ ਇਹ ਬੰਦਾ ਦਿੱਲੀ ਰਹਿ ਹੀ ਨਹੀਂ ਸੀ ਸਕਦਾ। ਜਿਹੜਾ ਭਲਾਮਾਣਸ ਸਾਰੀ ਉਮਰ ਪ੍ਰੋਫ਼ੈਸਰੀ-ਪ੍ਰਿੰਸੀਪਲੀ ਕਰ ਕੇ ਅਤੇ ਅਮਰੀਕਾ, ਕੈਨੇਡਾ ਤੇ ਯੂਰਪ ਗਾਹ ਕੇ ਕਹਿੰਦਾ ਹੈ, ਪੈਂਟਾਂ-ਪਜਾਮੇ ਚਾਦਰੇ ਦੀ ਰੀਸ ਨਹੀਂ ਕਰ ਸਕਦੇ, ਉਹਦਾ ਤੰਗ ਪਤਲੂਨਾਂ ਤੇ ਘੁੱਟਵੀਆਂ ਪਜਾਮੀਆਂ ਵਾਲੀ ਉਸ ਸਮੇਂ ਦੀ ਦਿੱਲੀ ਵਿੱਚ ਗੁਜ਼ਾਰਾ ਕਿਥੋਂ ਹੋਣਾ ਸੀ! ਮਹਾਂਨਗਰ ਆਖਦਾ ਹੈ, ਇਥੇ ਰਹਿਣਾ ਹੈ ਤਾਂ ਮੇਰੇ ਅਨੁਸਾਰ ਢਲ ਪਰ ਇਹ ਦਿੱਲੀ ਨੂੰ ਆਪਣਾ ਪਿੰਡ ਚਕਰ ਬਣਾਈ ਬੈਠਾ ਸੀ।
ਯੂਨੀਵਰਸਿਟੀ ਨੇੜੇ ਕੋਈ ਢਾਬਾ ਨਾ ਹੋਣ ਕਰਕੇ ਇਹ ਉਹਦੀ ਬਾਹਰਲੀ ਕੰਧ ਉੱਤੇ ਬੈਠ ਮੌਜ ਨਾਲ ਲੱਤਾਂ ਹਿਲਾ-ਹਿਲਾ ਕੇ ‘ਲੰਚ’ ਕਰਦਾ। ਹਵਾ ਦੇ ਬੁੱਲੇ ਮਾਣਦਿਆਂ ਤੇ ਲੰਘਣ-ਟੱਪਣ ਵਾਲੀਆਂ ਦੇ ਨਜ਼ਾਰੇ ਲੈਂਦਿਆਂ ਕੀਤਾ ਜਾਂਦਾ ਇਹ ‘ਲੰਚ’ ਸੜਕ-ਕਿਨਾਰੇ ਬੈਠੇ ਮੱਕੀ ਦੀਆਂ ਛੱਲੀਆਂ ਭੁੰਨਣ ਵਾਲੇ ਤੋਂ ਲਈਆਂ ਨੇਂਬੂ ਘਸਾ ਕੇ ਨੂਣ ਭੁੱਕੇ ਵਾਲੀਆਂ ਤਿੰਨ-ਚਾਰ ਛੱਲੀਆਂ ਦਾ ਹੁੰਦਾ। ਪੇਂਡੂ ਜੀਵਨ ਜਾਨਦਾਰ, ਤਕੜੀਆਂ, ਸਖ਼ਤ ਚੀਜ਼ਾਂ ਦੁਆਲੇ ਘੁੰਮਦਾ ਹੈ ਜਿਨ੍ਹਾਂ ਦੇ ਸੌਖੇ ਕੀਤਿਆਂ ਟੁੱਟਣ ਦਾ ਡਰ ਨਹੀਂ ਹੁੰਦਾ। ਸ਼ਹਿਰ ਨਰਮ-ਨਾਜ਼ਕ ਚੀਜ਼ਾਂ ਦਾ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਹੱਥ ਲਾਉਂਦਿਆਂ ਪੇਂਡੂ ਬੰਦਾ ਉਨ੍ਹਾਂ ਦੇ ਟੁੱਟਣ ਤੋਂ ਡਰਦਾ ਹੈ। ਇਸੇ ਕਰਕੇ ਜਦੋਂ ਸ਼ਹਿਰ ਵਿਚ ਪੂਰੀਆਂ-ਛੋਲੇ ਖਾਂਦੇ ਪੇਂਡੂ ਨੂੰ ਕੰਚ ਦੇ ਗਲਾਸ ਵਿਚ ਪਾਣੀ ਰੱਖਿਆ ਜਾਂਦਾ ਹੈ, ਉਹ ਉਹਨੂੰ ਡਿੱਗ ਕੇ ਟੁੱਟਣ ਤੋਂ ਬਚਾਉਣ ਲਈ ਝੱਟ ਕਿਨਾਰਿਉਂ ਦੂਰ ਮੇਜ਼ ਦੇ ਅੰਦਰ ਨੂੰ ਖਿਸਕਾ ਦਿੰਦਾ ਹੈ। ਸ਼ਹਿਰ ਨਰਮ-ਨਾਜ਼ਕ ਚੀਜ਼ਾਂ ਨਾਲ ਰਹਿਣਾ ਸਿੱਖਣ ਦੀ ਤੇ ਖੱਦਰ ਦੇ ਗਲਾਸ ਦੀ ਥਾਂ ਕੰਚ ਦੇ ਗਲਾਸ ਵਿਚ ਪਾਣੀ ਪੀਣ ਲੱਗਣ ਦੀ ਮੰਗ ਕਰਦਾ ਹੈ।
ਐਮ. ਏ. ਪੰਜਾਬੀ ਦੀ ਜਮਾਤ ਵਿਚ ਇਹ ਇਕੱਲਾ ਪੇਂਡੂ ਮੁੰਡਾ, ਜਿਸ ਨਾਲ ਪੰਜ ਸ਼ਹਿਰੀ ਕੁੜੀਆਂ ਸਨ। ਇਹਨੂੰ ਛੱਲੀਆਂ ਚਬਦਾ ਦੇਖ ਚੁੱਕੀਆਂ ਕੁੜੀਆਂ ਦੁਪਹਿਰ ਦੀ ਰੋਟੀ ਬਾਰੇ ਪੁਛਦੀਆਂ ਤੇ ਫੇਰ ਟਿੱਚਰ ਕਰਦੀਆਂ, “ਕਿਤੇ ਛੱਲੀਆਂ-ਛੁੱਲੀਆਂ ਚੱਬ ਕੇ ਹੀ ਤਾਂ ਨਹੀਂ ਡੰਗ ਸਾਰੀ ਜਾਂਦੇ?” ਇਹਨੂੰ ਕੱਚਾ ਹੋਇਆ ਦੇਖ ਉਹ ਇਕ-ਇਕ ਫੁਲਕਾ ਵੱਧ ਲਿਆ ਕੇ ਆਪਣੇ ਨਾਲ ਰੋਟੀ ਖੁਆਉਣ ਦੀ ਪੇਸ਼ਕਸ਼ ਕਰਦੀਆਂ। ਤਾਂ ਵੀ ਇਹ ‘ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ’ ਦੀ ਪੁਰਖਿਆਂ ਦੀ ਦਿੱਤੀ ਮੱਤ ਚੇਤੇ ਨਾ ਕਰਦਾ, ਸਗੋਂ ਡੇਰੇ ਵਾਲੇ ਸਾਧ ਵਾਂਗ ਕਿਸੇ ਤਿੱਥ-ਤਿਹਾਰ ਨੂੰ ਖਾਣਾ ਖਾ ਲੈਣਾ ਤਾਂ ਪਰਵਾਨ ਕਰਦਾ, ਪਰ ਰੋਜ਼-ਰੋਜ਼ ਨਹੀਂ। ਇਹ ਸਵੈਜੀਵਨੀ ਵਿਚ ਲਿਖਦਾ ਹੈ, “ਕੁੜੀਆਂ ਬੜੀਆਂ ਪਿਆਰੀਆਂ ਸਨ। ਉਨ੍ਹਾਂ ਕੋਲੋਂ ਅਤਰ-ਫੁਲੇਲ ਦੀਆਂ ਮਹਿਕਾਂ ਆਉਂਦੀਆਂ। ਹਸਦੀਆਂ ਤਾਂ ਉਨ੍ਹਾਂ ਦੇ ਚਿੱਟੇ ਦੰਦ ਚਮਕਦੇ। ਗੋਰੀਆਂ ਗੱਲ੍ਹਾਂ ਵਿਚ ਟੋਏ ਪੈਂਦੇ। ਇਕ ਕੁੜੀ, ਜੋ ਕੁਝ ਵਧੇਰੇ ਹੀ ਮੋਹ ਕਰਦੀ, ਫੁਲਕੇ ਖਾਣ ਦੀ ਗਿਣਤੀ ਪੁਛਦੀ ਤਾਂ ‘ਜੇ ਕਿਤੇ ਤੂੰ ਫੁਲਕੇ ਲਾਹ ਕੇ ਦੇਈ ਚੱਲੇਂ, ਮੈਂ ਰੱਜਾਂ ਹੀ ਨਾ’ ਆਖਣਾ ਤਾਂ ਚਾਹੁੰਦਾ ਪਰ ਆਖ ਨਾ ਸਕਦਾ।
ਅੱਗੇ ਚੱਲ ਕੇ ਜਦੋਂ ਇਹ ‘ਨਚਾਰ’ ਕਹਾਣੀ ਵਿਚ ਇਕ ਕੁੜੀ ਦੀਆਂ ਅੱਖਾਂ ਬਾਰੇ ‘ਉਹਦੀਆਂ ਅੱਖਾਂ ਤਾਂ ਨਸ਼ਿਆਂ ਦੇ ਬਾਗ਼ ਹਨ ਬਾਗ਼’ ਕਹਾਉਂਦਾ ਹੈ ਤਾਂ ਇਸੇ ਕੁੜੀ ਦੀਆਂ ਅੱਖਾਂ ਚੇਤੇ ਕਰ ਕੇ ਕਹਾਉਂਦਾ ਹੈ। ਪਰ ਇਹ ਇਕਬਾਲ ਕਰਦਾ ਹੈ ਕਿ ਉਨ੍ਹੀਂ ਦਿਨੀਂ ਬੜਾ ਬਣਦਾ-ਫ਼ਬਦਾ ਹੋਣ ਤੇ ਚਿੱਤ ਕੁੜੀਆਂ ਦੀ ਸੰਗਤ ਮਾਣ ਕੇ ਖ਼ੁਸ਼ ਹੁੰਦਾ ਹੋਣ ਦੇ ਬਾਵਜੂਦ ‘ਮੇਰਾ ਪੇਂਡੂ ਪਿਛੋਕੜ ਮੈਨੂੰ ਭਾਪਿਆਂ ਦੀਆਂ ਕੁੜੀਆਂ ਨਾਲ ਬਹੁਤਾ ਘੁਲਣ-ਮਿਲਣ ਨਹੀਂ ਸੀ ਦਿੰਦਾ!’ ਮਨ ਵਿਚੋਂ ਕੰਚ ਦਾ ਗਲਾਸ ਟੁੱਟ ਜਾਣ ਦਾ ਡਰ ਹੀ ਨਹੀਂ ਸੀ ਨਿਕਲਦਾ! ਅਜਿਹੇ ਬੰਦੇ ਲਈ ਦਿੱਲੀ ਨਾਲੋਂ ਢੁੱਡੀਕੇ ਹੀ ਠੀਕ ਸੀ।
ਵੈਸੇ ਇਹਦੀ ਦਿੱਲੀ ਤੋਂ ਢੁੱਡੀਕੇ ਪਹੁੰਚਣ ਦੀ ਕਹਾਣੀ ਵੀ ਇਹਦੀਆਂ ਹੋਰ ਬਹੁਤ ਸਾਰੀਆਂ ਕਰਨੀਆਂ ਵਾਂਗ ਅਨੋਖੀ ਹੀ ਹੈ। ਕਾਲਜੀ ਵਿਦਿਆਰਥੀ ਹੁੰਦਿਆਂ ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਪੜ੍ਹਿਆ ਤਾਂ ਇਹ ਉਹਦਾ ਮੁਰੀਦ ਹੋ ਗਿਆ। ਮਗਰੋਂ ਉਹਦੇ ਨਾਵਲ ‘ਰਾਤ ਬਾਕੀ ਹੈ’ ਨੇ ਤਾਂ ਇਹਦੇ ਉੱਤੇ ਟੂਣਾ ਹੀ ਕਰ ਦਿੱਤਾ। ਦੋਵਾਂ ਦੇ ਪਿੰਡ, ਇਹਦਾ ਚਕਰ ਤੇ ਕੰਵਲ ਦਾ ਢੁੱਡੀਕੇ, ਨੇੜੇ-ਨੇੜੇ ਹੋਣ ਸਦਕਾ ਜਾਣ-ਪਛਾਣ ਵੀ ਹੋ ਗਈ। ਕੰਵਲ ਦੀਆਂ Eਦੋਂ ਤੱਕ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਕੇ ਤੇ ਉਥੇ ਬਲਰਾਜ ਸਾਹਨੀ ਦਾ ਆਉਣਾ-ਜਾਣਾ ਸੁਣ ਕੇ, ਇਹਦਾ ਕਹਿਣਾ ਹੈ, “ਮੇਰੇ ਮਨ ਵਿਚ ਪਿੰਡ ਢੁੱਡੀਕੇ ਲਈ ਰੁਮਾਂਸ ਪੈਦਾ ਹੋ ਗਿਆ”। ਕੰਵਲ ਦੀ ਅਗਵਾਈ ਵਿਚ ਢੁੱਡੀਕੇ ਕਾਲਜ ਖੁੱਲ੍ਹਿਆ ਤਾਂ ਪ੍ਰੋ. ਪ੍ਰੀਤਮ ਸਿੰਘ ਨੇ ਕੰਵਲ ਨੂੰ ਸਲਾਹ ਦਿੱਤੀ ਕਿ ਲੈਕਚਰਰ ਪਿੰਡਾਂ ਦੇ ਹੀ ਰੱਖਿE, ਸ਼ਹਿਰੀਏ ਜੇ ਆ ਵੀ ਗਏ, ਪਿੰਡ ਵਿਚ ਟਿਕਣੇ ਨਹੀਂ। ਕੰਵਲ ਦੀ ਇਸ ਮੁਹਿੰਮ ਵਿਚ ਢੱੁਡੀਕੇ ਦਾ ਹੀ ਕਵੀ ਦਰਸ਼ਨ ਗਿੱਲ, ਜੋ ਮਗਰੋਂ ਕੈਨੇਡਾ-ਵਾਸੀ ਬਣ ਗਿਆ ਸੀ, ਸਰਕਾਰੀ ਕਾਲਜ ਦੀ ਨੌਕਰੀ ਛੱਡ ਕੇ ਆਉਣ ਤੋਂ ਨਾਂਹ ਕਰ ਗਿਆ, ਪਰ ਸਰਵਣ ਸਿੰਘ ਦਿੱਲੀ ਛੱਡ ਕੇ ਆਉਣ ਲਈ ਤਿਆਰ ਹੋ ਗਿਆ।
ਕਾਲਜ ਚੱਲ ਪਿਆ। ਕੰਵਲ ਸੰਤੁਸ਼ਟ ਹੋ ਕੇ ਬਦੇਸ ਦੌਰੇ ‘ਤੇ ਚਲਿਆ ਗਿਆ। ਕੁਝ ਦਿਨਾਂ ਵਿਚ ਹੀ ਸਰਵਣ ਸਿੰਘ ਨੂੰ ਦਿੱਲੀ ਦੇ ਉਦਰੇਵੇਂ ਦਾ ਦੌਰਾ ਪੈ ਗਿਆ ਤੇ ਇਹ ਅਸਤੀਫ਼ਾ ਦੇ ਕੇ ਦਿੱਲੀ, ਜਿਥੋਂ ਇਹ ਅਜੇ ਛੁੱਟੀ ਲੈ ਕੇ ਆਇਆ ਹੋਇਆ ਸੀ, ਵਾਪਸ ਪੜ੍ਹਾਉਣ ਜਾ ਲੱਗਿਆ। ਬਦੇਸੋਂ ਆਏ ਕੰਵਲ ਨੂੰ ਗੁੱਸਾ ਚੜ੍ਹਨਾ ਕੁਦਰਤੀ ਸੀ। ਉਹਨੇ ਮਿਹਣਾ ਮਾਰਿਆ, “ਜੇ ਪਿੰਡਾਂ ਦੇ ਮੁੰਡਿਆਂ ਨੇ ਪੜ੍ਹ-ਲਿਖ ਕੇ ਪਿੰਡਾਂ ਵਿਚ ਨਹੀਂ ਪੜ੍ਹਾਉਣਾ, ਸ਼ਹਿਰਾਂ ਦੀ ਹਰੀ ਅੰਗੂਰੀ ਹੀ ਚਰਨੀ ਐ, ਤਾਂ ਥੋਨੂੰ ਪੜ੍ਹਾਉਣ ਦਾ ਕੀ ਫ਼ਾਇਦਾ ਹੋਇਆ?” ਕੰਵਲ ਦੇ ਮਿਹਣਿਆਂ ਦਾ ਮਾਰਿਆ ਇਹ ਆਉਣ ਲਈ ਫੇਰ ਤਿਆਰ ਹੋ ਗਿਆ।
ਜਦੋਂ ਇਹਨੇ ਖਾਲਸਾ ਕਾਲਜ, ਦਿੱਲੀ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਬੱਲ ਦੇ ਸਾਹਮਣੇ ਆਪਣਾ ਅਸਤੀਫ਼ਾ ਰੱਖਿਆ, ਉਹ ਸਾਰਾ ਮਾਜਰਾ ਸੁਣ ਕੇ ਬੋਲਿਆ, “ਤੂੰ ਅਜੇ ਨਿਆਣਾ ਹੈਂ। ਤੈਨੂੰ ਯਾਦ ਨਹੀਂ, ਇਸ ਕਾਲਜ ਦੀ ਪੱਕੀ ਪੋਸਟ ਤੈਨੂੰ ਕਿਵੇਂ ਮਿਲੀ ਹੈ? ਇਥੇ ਤਰੱਕੀ ਕਰੇਂਗਾ। ਮੁੜ ਕੇ ਪਿੰਡ ਚਲਾ ਗਿਆ ਤਾਂ ਸਾਰੀ ਉਮਰ ਪਛਤਾਏਂਗਾ।”
ਪਰ ਇਹ ਵਾਰ-ਵਾਰ ਇਹੋ ਦੁਹਰਾਉਂਦਾ ਰਿਹਾ, “ਮੈਂ ਢੁੱਡੀਕੇ ਵਾਲਿਆਂ ਨੂੰ ‘ਹਾਂ’ ਕਰ ਆਇਆ ਹਾਂ। ਹੁਣ ਮੈਂ ਨਾਂਹ ਨਹੀਂ ਕਰ ਸਕਦਾ!”
ਆਖ਼ਰ ਪ੍ਰਿੰਸੀਪਲ ਬੱਲ ਨੇ ਪਰੇਸ਼ਾਨ ਹੋ ਕੇ ਹਥਿਆਰ ਸੁਟਦਿਆਂ ਕਿਹਾ, “Eਨਲੀ ਏ ਜਾਟ ਆਰ ਏ ਫ਼ੂਲ ਕੈਨ ਡੂ ਦਿਸ!” (ਇਹੋ ਜਿਹਾ ਕੰਮ ਜਾਂ ਜੱਟ ਕਰ ਸਕਦਾ ਹੈ ਜਾਂ ਬੇਵਕੂਫ਼!)
ਇਹਨੇ ਜਵਾਬ ਦਿੱਤਾ, “ਸਰ, ਤੁਹਾਡਾ ਅੱਧਾ ਫ਼ਿਕਰਾ ਬਿਲਕੁਲ ਸਹੀ ਐ!” ਤੇ ਪਿੰ੍ਰਸੀਪਲ ਨੂੰ ਅਤੇ ਦਿੱਲੀ ਨੂੰ ਫ਼ਤਿਹ ਬੁਲਾ ਕੇ ਇਹ ਢੁੱਡੀਕੇ ਪਹੁੰਚ ਗਿਆ। ਹੁਣ ਇਹਨੇ ਸਿਦਕ ਦਿਖਾਇਆ। ਦਿੱਲੀ ਦਾ ਹੇਰਵਾ ਕਰਨ ਦੀ ਥਾਂ ਇਹ ਲਾਲਾ ਲਾਜਪਤ ਰਾਏ ਕਾਲਜ, ਢੁੱਡੀਕੇ ਵਿਚ ਇਉਂ ਰਚ ਗਿਆ ਜਿਵੇਂ ਮੱਛੀ ਪਾਣੀ ਵਿਚ ਸਹਿਜ ਹੁੰਦੀ ਹੈ। ਬਹੁਤੇ ਲੋਕ ਇਹਨੂੰ ਢੁੱਡੀਕੇ ਦਾ ਜੰਮ-ਪਲ ਹੀ ਸਮਝਣ ਲੱਗੇ। 1967 ਤੋਂ 1996 ਤੱਕ, ਸਮਝੋ ਤਿੰਨ ਦਹਾਕੇ, ਇਹਨੇ ਉਥੇ ਕੰਮ ਕਰਦਿਆਂ ਚੰਗਾ ਨਾਂ ਕਮਾਇਆ। 1996 ਵਿਚ ਡਾ. ਸਰਦਾਰਾ ਸਿੰਘ ਜੌਹਲ ਇਹਨੂੰ ਅਮਰਦੀਪ ਮੈਮੋਰੀਅਲ ਕਾਲਜ, ਮੁਕੰਦਪੁਰ ਪ੍ਰਿੰਸੀਪਲ ਬਣਾ ਕੇ ਲੈ ਗਏ। ਚਾਰ ਸਾਲ ਇਹ ਉਸ ਕੁਰਸੀ ਉੱਤੇ ਬੈਠਾ ਤੇ ਇਨ੍ਹਾਂ ਚਾਰ ਸਾਲਾਂ ਵਿਚ ਇਹਦੀ ਪ੍ਰਬੰਧਕੀ ਸੂਝ ਨੇ ਖ਼ੂਬ ਵਡਿਆਈ ਖੱਟੀ। ਵਿਦਿਆਰਥੀਆਂ ਦੀ ਗਿਣਤੀ, ਜੋ ਇਹਦੇ ਪਹੁੰਚਣ ਸਮੇਂ 328 ਸੀ, ਇਹਦੀ ਵਿਦਾਇਗੀ ਵੇਲੇ 1,135 ਹੋ ਚੁੱਕੀ ਸੀ। ਪੰਜਾਬ ਦੇ ਕਿਸੇ ਪੇਂਡੂ ਕਾਲਜ ਦੀ ਅਜਿਹੀ ਤਰੱਕੀ ਆਪਣੀ ਮਿਸਾਲ ਆਪ ਸੀ।
ਇਹ ਇਸ ਮੱਤ ਦੀ ਇਕ ਵਧੀਆ ਮਿਸਾਲ ਹੈ ਕਿ ਲੇਖਕ ਤਾਂ ਲੇਖਕ ਹੁੰਦਾ ਹੈ, ਕਿਸੇ ਇਕ ਵਿਧਾ ਵਿਚ ਬਹੁਤਾ ਲਿਖਣ ਦਾ ਭਾਵ ਇਹ ਨਹੀਂ ਹੁੰਦਾ ਕਿ ਉਹ ਹੋਰ ਵਿਧਾਵਾਂ ਵਿਚ ਵਧੀਆ ਨਹੀਂ ਲਿਖ ਸਕਦਾ ਜਾਂ ਨਹੀਂ ਲਿਖਦਾ। ਅੱਜ ਦੇ ਇਸ ਪ੍ਰਮੁੱਖ ਖੇਡ-ਲੇਖਕ ਨੇ ਖੇਡ-ਸਾਹਿਤ ਤੋਂ ਇਲਾਵਾ ਵੀ ਕਈ ਵਿਧਾਵਾਂ ਵਿਚ ਬਹੁਤ ਕੁਛ ਲਿਖਿਆ ਹੈ ਤੇ ਵਧੀਆ ਲਿਖਿਆ ਹੈ। ਸਗੋਂ ਇਹ ਖੇਡ-ਲੇਖਕ ਮਗਰੋਂ ਬਣਿਆ, ਪਹਿਲੀਆਂ ਪੁਲਾਂਘਾਂ ਤਾਂ ਇਹਨੇ ਕਹਾਣੀਕਾਰ ਵਜੋਂ ਪੁੱਟੀਆਂ। ਪਹਿਲੀ ਹੀ ਕਹਾਣੀ ‘ਨਚਾਰ’ 1965 ਵਿਚ ਚੋਟੀ ਦੇ ਮਾਸਕ ‘ਆਰਸੀ’ ਵਿਚ ਛਪੀ। ਨਚਾਰਾਂ ਦੇ ਜਲਸਿਆਂ ਦੀ ਆਪਣੀ ਹੀ ਖਿੱਚ ਹੁੰਦੀ ਸੀ। ਜਿਨ੍ਹਾਂ ਨੇ ਇਹ ਜਲਸੇ ਦੇਖੇ ਹੋਏ ਸਨ, ਉਹ ਕਹਾਣੀ ਦਾ ਨਾਂ ਦੇਖ ਕੇ ਇਹਨੂੰ ਪੜ੍ਹੇ ਬਿਨਾਂ ਰਹਿ ਹੀ ਨਹੀਂ ਸਨ ਸਕਦੇ। ਇਉਂ ਇਹ ਪਹਿਲੀ ਕਹਾਣੀ ਹੀ ਚਰਚਿਤ ਹੋ ਗਈ।
ਰਸਾਲੇ ਵਿਚ ਉਹਦੇ ਛਪ ਗਈ ਹੋਣ ਦਾ ਇਹਨੂੰ ਅਜੇ ਪਤਾ ਵੀ ਨਹੀਂ ਸੀ। ਇਹ ਡਾ. ਹਰਿਭਜਨ ਸਿੰਘ ਕੋਲ ਬੈਠਾ ਹੋਇਆ ਸੀ, ਜਦੋਂ ਤਾਰਾ ਸਿੰਘ ‘ਆਰਸੀ’ ਦਾ ਨਵਾਂ ਅੰਕ ਅੱਗੇ ਕਰਦਿਆਂ ਬੋਲਿਆ, “ਡਾਕਟਰ ਸਾਹਿਬ, ਐਤਕੀਂ ਦੀ ‘ਆਰਸੀ’ ਵਿਚ ਇਕ ਕਹਾਣੀ ਪੜ੍ਹਨ ਵਾਲੀ ਐ। ਕਿਸੇ ਨਵੇਂ ਲੇਖਕ ਦੀ ਐ।” ਇਹਦੇ ਦੱਸਣ ਮਗਰੋਂ ਇਹਦੇ ਹੀ ਮੂੰਹੋਂ ਸੁਣ ਕੇ ਡਾ. ਹਰਿਭਜਨ ਸਿੰਘ ਨੇ ਵੀ ਕਹਾਣੀ ਦੀ ਤਾਰੀਫ਼ ਕੀਤੀ। ਜਿਸ ਨਵੇਂ ਲੇਖਕ ਦੀ ਪਹਿਲੀ ਹੀ ਕਹਾਣੀ ਦੀ ਸਿਫ਼ਤ ਡਾ. ਹਰਿਭਜਨ ਸਿੰਘ ਤੇ ਤਾਰਾ ਸਿੰਘ ਵਰਗੇ ਮਹਾਂਰਥੀ ਕਰਨ, ਉਹਦੀ ਕਲਮ ਦੇ ਦਮ ਬਾਰੇ ਸ਼ੱਕ ਦੀ ਗੁੰਜਾਇਸ਼ ਕਿਥੇ ਰਹਿ ਜਾਂਦੀ ਹੈ!
ਫੇਰ ਇਹ ਖਿਡਾਰੀਆਂ ਦੇ ਕਲਮੀ ਚਿਤਰ ਲਿਖਣ ਲੱਗ ਪਿਆ। ਸ਼ਰੀਕ ਉੱਜੜਿਆ, ਵਿਹੜਾ ਮੋਕਲਾ! ਖੇਡ-ਲੇਖਕ ਬਣਨ ਤੋਂ ਮਗਰੋਂ ਵੀ ਜਦੋਂ ਕਦੀ-ਕਦਾਈਂ ਇਹਦੀ ਕਹਾਣੀ ਛਪਦੀ, ਮੈਂ ਕਹਿੰਦਾ, ਚੰਗਾ ਹੋਇਆ, ਸਰਵਣ ਸਿੰਘ ਦੀ ਕਲਮ ਖੇਡਾਂ ਵਾਲੇ ਪਾਸੇ ਪੈ ਗਈ! ਇਹਦੀ ਕਹਾਣੀ ਵਿਚ ਏਨੀ ਕੁ ਜਾਨ ਹੈ ਸੀ ਕਿ ਇਹਨੇ ਸਾਡੇ, ਆਪਣੇ ਹਾਣੀ ਕਹਾਣੀਕਾਰਾਂ ਦੇ ਸਾਹਮਣੇ ਜਰੀਬ ਸੁੱਟ ਕੇ ਕਹਿਣਾ ਸੀ, ਲਉ ਭਰਾਵੋ, ਮੇਰੇ ਹਿੱਸੇ ਦਾ ਅਸਮਾਨ ਵੰਡ ਕੇ ਮੇਰੇ ਹਵਾਲੇ ਕਰੋ। ਇਹਨੂੰ ਗੱਲ ਤੋਂ ਗਲਪ ਤੇ ਸੁਣੀ-ਦੇਖੀ ਤੋਂ ਕਹਾਣੀ ਬਣਾਉਣ ਦੀ ਕਲਾ ਆਉਂਦੀ ਹੈ। ‘ਨਚਾਰ’ ਕਹਾਣੀ ਦਾ ਪਿਛੋਕੜ ਬਿਆਨਦਿਆਂ ਇਹ ਬਿਲਕੁਲ ਵੱਖਰੇ ਥਾਂਵਾਂ ਉੱਤੇ, ਬਿਲਕੁਲ ਵੱਖਰੇ ਪ੍ਰਸੰਗਾਂ ਵਿਚ ਵਾਪਰੀਆਂ ਘਟਨਾਵਾਂ ਅਤੇ ਵੱਖ-ਵੱਖ ਦੇਖੇ ਹੋਏ ਦ੍ਰਿਸ਼ਾਂ ਬਾਰੇ ਦਸਦਾ ਹੈ ਕਿਵੇਂ ਇਹਨੇ ਇਹ ਸਭ ਕੁਝ ਇਸ ਕਹਾਣੀ ਦੀ ਇਕ ਲੜੀ ਵਿਚ ਲਿਆ ਪਰੋਇਆ। ਕਹਾਣੀ ਤਾਂ ਹੈ ਹੀ ਅਸੰਬੰਧਿਤ ਘਟਨਾਵਾਂ ਨੂੰ ਇਕੋ ਲੜੀ ਵਿਚ ਪਰੋਨ ਦੀ ਅਤੇ ਕਈ ਬੰਦਿਆਂ ਦੇ ਸੁਭਾਵਾਂ ਦੇ ਟੋਟੇ ਲੈ ਕੇ ਇਕ ਪੂਰਾ ਪਾਤਰ ਸਿਰਜਣ ਦੀ ਕਲਾ।
ਕੁਝ ਸਾਲ ਮਗਰੋਂ ‘ਆਰਸੀ’ ਵਿਚ ਹੀ ਇਹਦੀ ਕਹਾਣੀ ‘ਬੁੱਢਾ ਤੇ ਬੀਜ’ ਛਪੀ। ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਿਕਸਿਤ ਕੀਤੇ ਕਣਕ ਦੇ ਬੀ ਦੀ ਪ੍ਰਤੀ ਕਿਸਾਨ ਚਾਰ ਕਿਲੋ ਦੀ ਥੈਲੀ ਕਿਵੇਂ ਨਾ ਕਿਵੇਂ ਹਾਸਲ ਕਰਨ ਲਈ ਲੋੜਵੰਦਾਂ ਦੀਆਂ ਭੀੜਾਂ ਜੁੜੀਆਂ ਹੋਈਆਂ ਹਨ। ਖਿੱਚ-ਧੂਹ ਤੇ ਧੱਕਮ-ਧੱਕੇ ਵਾਲੀ ਇਸ ਜੱਦੋ-ਜਹਿਦ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਸੱਤਰ-ਅੱਸੀ ਸਾਲ ਦੀ ਸਿਵਿਆਂ ਨੂੰ ਜਾਣ ਵਾਲੀ ਬਿਰਧ ਉਮਰ, ਘਸਮੈਲੇ ਕੱਪੜੇ, ਬੱਗੀ ਦਾੜ੍ਹੀ, ਜਟੂਰੀਆਂ ਪੱਗ ਦੇ ਪੇਚਾਂ ਵਿਚੋਂ ਬਾਹਰ ਨਿੱਕਲੀਆਂ ਹੋਈਆਂ, ਮੋਢੇ ਝੋਲ਼ਾ ਤੇ ਲੋਕਾਂ ਦੀਆਂ ਟਿੱਚਰਾਂ ਦਾ ਨਿਸ਼ਾਨਾ। ਧੱਕੇ ਨਾਲ ਡਿਗਦਾ ਹੈ ਪਰ ਫੇਰ ਕਤਾਰ ਵਿਚ ਫਸ ਜਾਂਦਾ ਹੈ। ਜ਼ੋਰ ਦਾ ਇਕ ਹੋਰ ਧੱਕਾ ਪੈਂਦਾ ਹੈ ਤਾਂ ਉਹ ਕਤਾਰ ਵਿਚੋਂ ਬਾਹਰ ਗੋਡਣੀਏਂ ਜਾ ਡਿਗਦਾ ਹੈ। ਉਹਦੀ ਐਨਕ ਡਿੱਗ ਪੈਂਦੀ ਹੈ ਜਿਸ ਨੂੰ ਉਹ ਭੋਇੰ ਉੱਤੇ ਹੱਥ ਮਾਰ ਕੇ ਭਾਲਦਾ ਹੈ। ਜਦੋਂ ਮੈਂ-ਪਾਤਰ ਉਹਨੂੰ ਖੜ੍ਹਾ ਹੋਣ ਵਿਚ ਮਦਦ ਕਰ ਕੇ ਡਰ ਸਾਂਝਾ ਕਰਦਾ ਹੈ ਕਿ “ਮੈਨੂੰ ਨਹੀਂ ਲਗਦਾ, ਤੁਸੀਂ ਸਿਰੇ ਲੱਗ ਸਕੋਂਗੇ ਕਿਉਂਕਿ ਧੱਕੇ ਅਜੇ ਹੋਰ ਵੀ ਪੈਣਗੇ”, ਉਹ ਅਡੋਲ ਆਖਦਾ ਹੈ, “ਇਹ ਗੱਲ ਤੂੰ ਮੇਰੇ ‘ਤੇ ਛੱਡ ਦੇ, ਬੀ ਤਾਂ ਮੈਂ ਲੈ ਕੇ ਹੀ ਮੁੜੂੰ!” ਕਹਾਣੀ ਪੜ੍ਹ ਕੇ ਉਹ ਬਜ਼ੁਰਗ ਮੈਨੂੰ ਅਰਨੈਸਟ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ ਨਾਇਕ ਸਾਂਤਿਆਗੋ ਦਾ ਜੌੜਾ ਭਰਾ ਲਗਦਾ ਹੈ। ਕਹਾਣੀ ਦਾ ਹੈਮਿੰਗਵੇ ਦੇ ਨਾਵਲ ਵਰਗਾ ਨਾਂ ‘ਬੁੱਢਾ ਤੇ ਬੀਜ’ ਦਸਦਾ ਹੈ ਕਿ ਸਰਵਣ ਸਿੰਘ ਨੂੰ ਵੀ ਇਉਂ ਹੀ ਲੱਗਿਆ ਸੀ। ਇਹ ਗੱਲ ਮਗਰੋਂ ਇਹਨੇ ਵੀ ਦੱਸੀ ਕਿ ਕਿੰਨੇ ਹੀ ਦਿਨ ਉਹ ਬਾਬਾ ਇਹਦੇ ਮਨ ਉੱਤੇ ਸਾਂਤਿਆਗੋ ਵਾਂਗ ਛਾਇਆ ਰਿਹਾ।
ਸਰਵਣ ਸਿੰਘ ਮਨੁੱਖੀ ਹਿੰਮਤ, ਸਿਦਕ-ਸਿਰੜ ਤੇ ਜੇਤੂ ਜਜ਼ਬੇ ਦਾ ਅਡੋਲ ਪ੍ਰਸੰਸਕ ਹੈ। ਇਹਦੀ ਇਸੇ ਭਾਵਨਾ ਨੇ ਬੀ ਵਾਲਾ ਬਾਬਾ ਸਿਰਜਿਆ ਤੇ ਇਹੋ ਭਾਵਨਾ ਇਹਦੀ ਸਮੁੱਚੀ ਰਚਨਾ ਵਿਚ, ਖਾਸ ਕਰ ਕੇ ਖੇਡਾਂ ਤੇ ਖਿਡਾਰੀਆਂ ਬਾਰੇ ਇਹਦੀਆਂ ਲਿਖਤਾਂ ਵਿਚ ਸਮਾਈ ਹੋਈ ਹੈ। ਇਹ ਕਹਿੰਦਾ ਹੈ, “ਮਨੁੱਖ ਦੀ ਸ਼ਕਤੀ ਤੇ ਸਾਹਸ ਦਾ ਕੋਈ ਸਿਰਾ ਨਹੀਂ। ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਜਿੱਡੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮਨੁੱਖ ਜੂਝਣ ਲਈ ਪੈਦਾ ਹੋਇਆ ਹੈ। ਮੁੱਢ-ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕਿਰਤਕ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਦੇ ਮੈਦਾਨਾਂ ਵਿਚ ਬੰਦੇ ਦੀ ਲਗਨ, ਦ੍ਰਿੜ੍ਹਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲਗਦਾ ਹੈ। ਮਨੁੱਖ ਫ਼ਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ ਜੱਗ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਮਨ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿੱਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।”
ਚੰਗਾ ਕਹਾਣੀਕਾਰ ਉਹ ਹੁੰਦਾ ਹੈ, ਜਿਸ ਨੂੰ ਕਹਾਣੀ ਲਿਖਣੀ ਹੀ ਨਾ ਆਉਂਦੀ ਹੋਵੇ, ਆਪਣੀ ਤੇ ਹੋਰਾਂ ਦੀ ਕਹਾਣੀ ਦੀ ਨਿਰਖ-ਪਰਖ ਵੀ ਆਉਂਦੀ ਹੋਵੇ। ਕੋਈ ਹੋਰ ਕਹਾਣੀਕਾਰ ਗੱਲ ਕਿਥੋਂ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ ਤੇ ਕਿਵੇਂ ਕਰ ਰਿਹਾ ਹੈ! ਸਾਹਿਤ ਸਭਾ ਦਿੱਲੀ ਦੀ ਹਫ਼ਤੇਵਾਰ ਬੈਠਕ ਵਿਚ ਸੁਣੀ ਸਤਿਆਰਥੀ ਜੀ ਦੀ ਕਹਾਣੀ ਬਾਰੇ ਇਹ ਨਿਰਣਾ ਕਰਦਾ ਹੈ, “ਕਹਾਣੀ ਦਾ ਇਕ ਫ਼ਿਕਰਾ ਦੂਜੇ ਨਾਲ ਮੇਲ ਨਹੀਂ ਸੀ ਖਾਂਦਾ। ਇਕ ਫ਼ਿਕਰੇ ਵਿਚ ਸੱਪ ਡੰਗ ਮਾਰਦਾ ਸੀ ਤੇ ਦੂਜੇ ਫ਼ਿਕਰੇ ਵਿਚ ਰੰਗਮਹਿਲ ਨੂੰ ਅੱਗ ਲੱਗ ਜਾਂਦੀ ਸੀ। ਇਕ ਪੈਰੇ ਵਿਚ ਭੂਚਾਲ ਦਾ ਜ਼ਿਕਰ ਸੀ, ਦੂਜੇ ਵਿਚ ਰਿਸ਼ੀਆਂ-ਮੁਨੀਆਂ ਦੀ ਸਮਾਧੀ ਦਾ ਤੇ ਵਿਚੇ ਲਕ-ਟੁਣੂੰ-ਟੁਣੂੰ ਹੋਈ ਜਾਂਦੀ ਸੀ। ਕਹਾਣੀ ਵਾਲੀ ਕੋਈ ਗੱਲ ਨਹੀਂ ਸੀ ਪਰ ਫ਼ਿਕਰੇਬਾਜ਼ੀ ਕਮਾਲ ਦੀ ਸੀ।”
ਰਾਇ ਪੁੱਛੇ ਤੋਂ ਇਹ ਆਖਦਾ ਹੈ, “ਮੈਨੂੰ ਤਾਂ ਨਾ ਇਹ ਨਿੱਕੀ ਕਹਾਣੀ ਲੱਗੀ ਹੈ, ਨਾ ਵੱਡੀ ਤੇ ਨਾ ਹੀ ਨਾਵਲੈੱਟ। ਇਹ ਸਤਿਆਰਥੀ ਸਾਹਿਬ ਦਾ ਨਵਾਂ ਹੀ ਪੰਗਾ ਹੈ, ਜਿਸ ਦਾ ਕੋਈ ਨਵਾਂ ਹੀ ਨਾਂ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਸਿਰਲੇਖ ਬਾਰੇ ਮੇਰਾ ਸੁਝਾਅ ਹੈ ਕਿ ‘ਸਮੁੰਦਰ ਵਿਚ ਡੁਬਦਾ ਸ਼ਹਿਰ’ ਦੀ ਥਾਂ ‘ਸ਼ਹਿਰ ਵਿਚ ਡੁਬਦਾ ਸਮੁੰਦਰ’ ਰੱਖ ਲਿਆ ਜਾਵੇ ਤਾਂ ਵਧੇਰੇ ਜਚੇਗਾ। ਜਦੋਂ ਹੇਠਾਂ ਸਾਰਾ ਕੁਛ ਉਲਟਾ-ਪੁਲਟਾ ਕੀਤਾ ਹੋਇਆ ਹੈ ਤਾਂ ਸਿਰਲੇਖ ਵੀ ਉਲਟਾ ਹੀ ਚਾਹੀਦਾ ਹੈ।” ਸਤਿਆਰਥੀ ਜੀ ਤਾਂ ਆਪ ਅਜਿਹੀਆਂ ਭਾਸ਼ਾਈ ਕਲਾਬਾਜ਼ੀਆਂ ਦੇ ਮੰਨੇ ਹੋਏ ਉਸਤਾਦ ਸਨ। ਇਹ ਸੁਝਾਅ ਸੁਣ ਕੇ ਉਹ ਗਦਗਦ ਹੋ ਗਏ ਤੇ ‘ਆਰਸੀ’ ਵਿਚ ਉਹ ਕਹਾਣੀ ਇਹਦੇ ਦੱਸੇ ਨਾਂ ਨਾਲ ਹੀ ਛਪੀ।
ਸਰਵਣ ਸਿੰਘ ਦੀਆਂ ਸਾਹਿਤਕ ਤੇ ਭੂਗੋਲਿਕ ਉਡਾਰੀਆਂ ਦੇਖ ਕੇ ਮੈਂ ਆਪਣਾ ਇਹ ਅੰਦਾਜ਼ਾ ਵੀ ਪਾਠਕਾਂ ਨਾਲ ਸਾਂਝਾ ਕਰਨ ਬਾਰੇ ਸੋਚਦਾ ਕਿ ਇਹ ਸਾਊ-ਸਿੱਧਾ ਤਾਂ ਜ਼ਰੂਰ ਹੈ ਪਰ ਏਨਾ ਵੀ ਨਹੀਂ। ਇਹਦੀਆਂ ਚੁਸਤੀਆਂ ਦੇ ਕਿੱਸੇ ਅਨੇਕ ਹਨ, ਇਕ ਤੋਂ ਇਕ ਚੜ੍ਹਦਾ! ਇਹ ਕਿਸੇ ਦੀ ਦੱਸੀ ਜੁਗਤ ਅਨੁਸਾਰ ਪਿੰਡ ਨੂੰ ਜਾਣ ਲੱਗਿਆ ਹਰ ਵਾਰ ਰਾਤ ਨੂੰ ਦਿੱਲੀ ਤੋਂ ਪੰਜਾਬ ਮੇਲ ਦੇ ਸੌਣ ਵਾਲੇ ਡੱਬੇ ਦੇ ਟੀਟੀ ਦੇ ਢਿੱਡ ਉੱਤੇ ਪੋਲੀ ਜਿਹੀ ਉਂਗਲ ਲਾਉਂਦਾ ਅਤੇ ਉਹਦੇ ਇਸ਼ਾਰੇ ਨਾਲ ਖੂੰਜੇ ਵਿਚ ਜਾ ਕੇ ਦਸਾਂ ਦਾ ਨੋਟ ਉਹਦੇ ਹੱਥ ਫੜਾ ਵਿਹਲੇ ਸਲੀਪਰ ਉੱਤੇ ਆਰਾਮ ਨਾਲ ਸੌਂ ਜਾਂਦਾ। ਕਾਲਜ ਦੀ ਅਥਲੈਟਿਕ ਟੀਮ ਦਾ ਅੱਧਾ ਦੱੁਧ ਕਪਤਾਨ ਬਣਿਆ ਇਹ ਛੱਲੀਆਂ ਵਾਲਾ ਛਕਦਾ। ਭੇਤ ਦੀ ਗੱਲ ਇਹੋ ਸੀ ਕਿ ਜਿਹੜੇ ਖਿਡਾਰੀ ਪ੍ਰੈਕਟਿਸ ਕਰਨ ਨਾ ਆਉਂਦੇ, ਉਨ੍ਹਾਂ ਦੀਆਂ ਹਾਜ਼ਰੀਆਂ ਭਰ ਕੇ ਕੁੱਖਾਂ ਇਹ ਆਪ ਕੱਢ ਲੈਂਦਾ!
ਢੁੱਡੀਕੇ ਕਾਲਜ ਵਾਲੀ ਇੰਟਰਵਿਊ ਕਰਨ ਵਾਲਿਆਂ ਵਿਚ ਸ਼ਾਮਲ ਚੂਹੜਚੱਕ ਦਾ ਜਥੇਦਾਰ ਭਜਨ ਸਿੰਘ ਸਿੱਧੂ ਪਹਿਲਾਂ ਤਾਂ ਇਹਦਾ ਬਿਨ-ਗੋਤਾ ਇਕਹਿਰਾ ਨਾਂ ਸੁਣ ਕੇ ਇਹਦੇ ਜੱਟ ਹੋਣ ਦੀ ਤਸੱਲੀ ਕਰਦਾ ਹੈ ਤੇ ਫੇਰ ਦਾਰੂ ਪੀਣ ਜਾਂ ਨਾ ਪੀਣ ਬਾਰੇ ਪੁਛਦਾ ਹੈ। ਇਹ ਮਚਲਾ ਹੋ ਕੇ ਆਖਦਾ ਹੈ, “ਮੈਨੂੰ ਤੁਹਾਡੇ ਸਵਾਲ ਦੀ ਸਮਝ ਨਹੀਂ ਆਈ।” ਜਸਵੰਤ ਸਿੰਘ ਕੰਵਲ ਦੇ ‘ਚਲੋ ਛੱਡੋ, ਕੋਈ ਹੋਰ ਸਵਾਲ ਪੁੱਛੋ’ ਕਹਿਣ ਦੇ ਬਾਵਜੂਦ ਜਥੇਦਾਰ ਖੰਘੂਰਾ ਮਾਰ ਕੇ ਫੇਰ ਉਹੀ ਸਵਾਲ ਕਰਦਾ ਹੈ, “ਕਾਕਾ, ਤੂੰ ਜੱਟਾਂ ਦਾ ਮੁੰਡਾ ਐਂ, ਮੈਂ ਪੁਛਦਾ ਹਾਂ, ਘੁੱਟ ਪੀ ਵੀ ਲੈਨਾ ਐਂ?”
ਦੁਬਿਧਾ ਇਹ ਸੀ ਕਿ ਜਥੇਦਾਰ ਦਾਰੂ ਨਾ ਪੀਣ ਵਾਲੇ ਨੂੰ ਚੰਗਾ ਸਮਝਦਾ ਹੈ ਜਾਂ ਅੱਗੇ ਨੂੰ ਦਾਰੂ ਦਾ ਰਾਹ ਖੋਲ੍ਹਣ ਦਾ ਚਾਹਵਾਨ ਹੈ? ਕੀ ਪਤਾ, ਉਹ ਹਾਂ ਜਾਂ ਨਾਂਹ ਨੂੰ ਕਿਵੇਂ ਲਵੇ? ਇਹਦਾ ਜਵਾਬ ਹੈ, “ਜਦੋਂ ਆਖੋਂਗੇ, ਪ੍ਰੋਗਰਾਮ ਬਣਾ ਲਵਾਂਗੇ। ਬਾਕੀ ਕੰਵਲ ਸਾਹਿਬ ਨਾਲ ਸਲਾਹ ਕਰ ਲਿਉ।” ਪਿੱਛੋਂ ਇਹ ਹੁੱਬ ਕੇ ਦਸਦਾ ਹੈ, “ਮੈਂ ਝੂਠ ਬੋਲਣੋਂ ਵੀ ਬਚ ਗਿਆ ਤੇ ਸੱਚੀ ਗੱਲ ਵੀ ਨਾ ਦੱਸੀ! ਮੈਨੂੰ ਨਿਯੁਕਤੀ-ਪੱਤਰ ਮਿਲ ਗਿਆ।”
ਗੁਰੂ ਨਾਨਕ ਕਾਲਜ ਮੋਗਾ ਦੇ ਪ੍ਰਿੰਸੀਪਲ ਲਈ ਇੰਟਰਵਿਊ ਸਮੇਂ ਇਹ ਅਰਜ਼ੀ ਭੇਜਣ ਵਾਲੇ ਦਿਨ ਤੋਂ ਹੀ ਦਾੜ੍ਹੀ ਮਾੜੀ-ਮੋਟੀ ਠੱਪਣੀ ਵੀ ਬੰਦ ਕਰ ਦਿੰਦਾ ਹੈ ਅਤੇ ਕਰੁੱਤੇ ਆਏ ਹੋਏ ਦੋ-ਚਾਰ ਧੌਲੇ ਵੀ ਅਣਪੱਟੇ ਰਹਿਣ ਦਿੰਦਾ ਹੈ। ਕਹਿੰਦਾ ਹੈ, “ਏਨੀ ਕੁ ਸਿਆਣਪ ਤਾਂ ਵਰਤਣੀ ਹੀ ਪੈਣੀ ਸੀ, ਨਹੀਂ ਤਾਂ ਜਥੇਦਾਰਾਂ ਨੇ ਪਤਿਤ ਸਮਝ ਕੇ ਹੀ ਜਵਾਬ ਦੇ ਦੇਣਾ ਸੀ।” ਸਿੱਟੇ ਵਜੋਂ ਨਿਯੁਕਤੀ-ਪੱਤਰ ਇਹਨੂੰ ਹੀ ਮਿਲਦਾ ਹੈ।
ਇਹਦੀ ਸਿਆਣਪ ਤੇ ਚਤੁਰਾਈ ਇਕ ਪੁੱਤਰ ਨੂੰ ਕੈਨੇਡਾ ਵਸਾਉਣ ਤੇ ਦੂਜੇ ਨੂੰ ਪੰਜਾਬ ਵਿਚ ਰੱਖਣ ਤੋਂ ਵੀ ਦਿਸਦੀ ਹੈ। ਇਥੋਂ ਦੀਆਂ ਗਰਮੀਆਂ ਦੀ ਭੈੜੀ ਰੁੱਤੇ ਟਿਕਾਣਾ ਕੈਨੇਡਾ ਬਣਦਾ ਹੈ ਜਿਸ ਨੂੰ ਅੱਡਾ ਬਣਾ ਕੇ ਇਹ ਯੂਰਪ ਤੇ ਅਮਰੀਕਾ ਵਿਚ ਇਉਂ ਘੁੰਮਦਾ-ਫਿਰਦਾ ਹੈ, ਜਿਵੇਂ ਖੇਤੀਂ ਗੇੜੇ ਮਾਰਦਾ ਹੋਵੇ। ਕੈਨੇਡਾ ਦੇ ਸੀਤ ਸਿਆਲ ਦੇ ਮੁਕਾਬਲੇ ਇਥੋਂ ਦੇ ਨਿੱਘੇ ਸਿਆਲ ਵਿਚ ਡੇਰਾ ਪ੍ਰੋਫ਼ੈਸਰ ਪੁੱਤਰ ਕੋਲ ਆ ਲਾਉਂਦਾ ਹੈ, ਜਿਥੋਂ ਇਹ ਦਿੱਲੀ-ਦੱਖਣ ਤੱਕ ਸਾਹਿਤਕ ਮਾਰ ਕਰਦਾ ਹੈ।
ਸਾਡੀ ਪੀੜ੍ਹੀ ਦੇ ਜੀਵਨ ਸੁਹਾਣੇ ਸਬੱਬਾਂ ਤੇ ਅਨੋਖੇ ਮੌਕਾ-ਮੇਲਾਂ ਨਾਲ ਭਰੇ ਪਏ ਹਨ। ਸਾਡੀ, ਸਰਵਣ ਸਿੰਘ ਤੇ ਮੇਰੇ ਵਰਗਿਆਂ ਦੀ ਪੀੜ੍ਹੀ ਅਨਪੜ੍ਹ ਜਾਂ ਲਗਭਗ ਅਨਪੜ੍ਹ ਪੇਂਡੂ ਕਿਸਾਨ ਪਰਿਵਾਰਾਂ ਦੇ ਪੜ੍ਹੇ ਹੋਏ ਪੁੱਤਾਂ ਦੀ ਪਹਿਲੀ ਪੀੜ੍ਹੀ ਸੀ। ਸਾਡੀ ਕਿਸੇ ਮੰਜ਼ਿਲ ਦਾ ਪਤਾ ਘਰਦਿਆਂ ਨੂੰ ਤਾਂ ਕਿਥੋਂ ਹੋਣਾ ਸੀ, ਸਾਨੂੰ ਆਪ ਵੀ ਨਹੀਂ ਸੀ ਹੁੰਦਾ। ਨਾ ਹੀ ਕੋਈ ਹੋਰ ਦੱਸਣ ਵਾਲਾ ਹੁੰਦਾ ਸੀ। ਮੰਜ਼ਿਲ ਨੇ ਆਪ ਤਾਂ ਸੈਣਤਾਂ ਕਿਥੋਂ ਮਾਰਨੀਆਂ ਹੋਈਆਂ। ਪਰ ਅਸ਼ਕੇ ਇਸ ਪੀੜ੍ਹੀ ਦੇ, ਜਿਹੜੀ ਪਗਡੰਡੀ ਮਿਲੀ, ਉਸੇ ਨੂੰ ਸ਼ਾਹਰਾਹ ਸਮਝਦਿਆਂ ਤੇ ਢੋਲੇ ਦੀਆਂ ਲਾਉਂਦਿਆਂ, ਜਿਥੇ ਪੜਾਅ ਹੋਇਆ, ਉਸੇ ਨੂੰ ਸੁਹਾਵਣੀ ਮੰਜ਼ਿਲ ਵਿੱਚ ਪਲਟ ਲਿਆ। ਐਨ ਉਸੇ ਤਰ੍ਹਾਂ ਜਿਵੇਂ ਜੱਟ ਬੰਜਰ ਪਈ ਧਰਤੀ ਨੂੰ ਵਾਹ-ਸੁਹਾਗ ਕੇ ਵਧੀਆ ਉਪਜਾਊ ਖੇਤ ਵਿਚ ਪਲਟ ਲੈਂਦਾ ਹੈ।
ਸਰਵਣ ਸਿੰਘ ਨੇ ਤਾਂ ਪਰ ਹੱਦ ਹੀ ਕਰ ਦਿੱਤੀ! ਘਰੋਂ ਸਲਾਹ ਕਰ ਕੇ ਜਾਂਦਾ ਕਿਸੇ ਹੋਰ ਸ਼ਹਿਰ ਦੇ ਸਕੂਲ-ਕਾਲਜ ਵਿਚ ਦਾਖ਼ਲ ਹੋਣ ਦੀ ਤੇ ਅੱਡੇ ਤੋਂ ਉਥੋਂ ਦੀ ਬੱਸ ਨਾ ਮਿਲਣ ਕਰਕੇ ਸਾਹਮਣੇ ਖੜ੍ਹੀ ਬੱਸ ਫੜ ਦਾਖ਼ਲ ਕਿਸੇ ਹੋਰ ਸ਼ਹਿਰ ਜਾ ਹੁੰਦਾ। ਫਾਜ਼ਿਲਕਾ ਤੋਂ ਗੱਡੀ ਚੜ੍ਹਿਆ ਸੀ ਮਹਿੰਦਰਾ ਕਾਲਜ ਪਟਿਆਲੇ ਤੋਂ ਐਮ. ਏ. ਕਰਨ, ਉੱਤਰ ਗਿਆ ਮੁਕਤਸਰ ਤੋਂ ਬੀ. ਐੱਡ. ਕਰਨ! ਸਭ ਤੋਂ ਦਿਲਚਸਪ ਕਿੱਸਾ ਤਾਂ ਇਹਦੇ ਦਿੱਲੀ ਪਹੁੰਚਣ ਦਾ ਹੈ। ਬੀ. ਐੱਡ ਕਰ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਐਮ. ਏ. ਵਿਚ ਦਾਖ਼ਲ ਹੋਣ ਜਾਣਾ ਸੀ। ਚਕਰੋਂ ਬੱਧਨੀ ਤੱਕ ਸਾਈਕਲ, ਬੱਧਨੀ ਤੋਂ ਮੋਗੇ ਤੱਕ ਬਸ ਤੇ ਅੱਗੇ ਅੰਮ੍ਰਿਤਸਰ ਦੀ ਬੱਸ। ਬੱਧਨੀ ਦੇ ਰਾਹ ਵਿਚ ਸਾਈਕਲ ਦੇ ਟਾਇਰ ਦਾ ਪਟਾਕਾ ਪੈ ਜਾਂਦਾ ਹੈ ਤੇ ਮੋਗੇ ਵਾਲੀ ਬੱਸ ਮੀਂਹ ਦੇ ਖੋਭੇ ਵਿਚ ਖੁੱਭ ਜਾਂਦੀ ਹੈ। ਨਤੀਜੇ ਵਜੋਂ ਅੰਮ੍ਰਿਤਸਰ ਜਾਣ ਵਾਲੀ ਆਖ਼ਰੀ ਬਸ ਵੀ ਖੁੰਝ ਜਾਂਦੀ ਹੈ। ਮੋਗੇ ਕੋਈ ਠਾਹਰ ਨਹੀਂ, ਬਿਚਾਰਾ ਜਾਵੇ ਤਾਂ ਕਿਧਰ ਜਾਵੇ? ਦਿੱਲੀ ਸ਼ਹਿਰ ਦੀ ਰਾਜਧਾਨੀ ਵਾਲੀ ਟੌਹਰ ਬਾਰੇ ਵੀ ਸੁਣਿਆ ਹੋਇਆ ਸੀ ਤੇ ਉਥੋਂ ਦੇ ਲਾਲ ਕਿਲ਼ੇ ਦੀ ਸ਼ਾਹੀ ਸ਼ਾਨ ਬਾਰੇ ਵੀ। ਇਕ ਵਾਰ ਕਿਸੇ ਨੇ ਉਥੋਂ ਦੇ ਖਾਲਸਾ ਕਾਲਜ ਵਿਚ ਐਮ. ਏ. ਪੰਜਾਬੀ ਹੋਣ ਬਾਰੇ ਵੀ ਦੱਸਿਆ ਸੀ। ਨਾਲੇ ਰਾਤ ਕੱਟਣ ਦਾ ਫ਼ਿਕਰ ਵੀ ਨਹੀਂ ਸੀ ਰਹਿਣਾ, ਰਾਹ ਵਿੱਚ ਸੁੱਤਿਆਂ ਲੰਘ ਜਾਊ। ਇਹਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵਾਲਾ ਨਾਅਰਾ ‘ਚਲੋ ਦਿੱਲੀ’ ਲਾਇਆ ਤੇ ਖਾਲਸਾ ਕਾਲਜ ਦਿੱਲੀ ਐਮ. ਏ. ਦਾ ਵਿਦਿਆਰਥੀ ਜਾ ਬਣਿਆ!
ਕਹਾਣੀਕਾਰ ਵਜੋਂ ਮੁੱਢਲੀਆਂ ਪੁਲਾਂਘਾਂ ਤੋਂ ਖੇਡ-ਸਾਹਿਤ ਦੀ ਮੈਰਾਥਨ ਵੱਲ ਮੋੜ ਵੀ ਏਨਾ ਹੀ ਸਬੱਬੀ ਸੀ। ਇਹਦਾ ਕਹਿਣਾ ਹੈ, “ਖੇਡਾਂ ਤੇ ਖਿਡਾਰੀਆਂ ਬਾਰੇ ਮੈਂ ਗਿਣ-ਮਿਥ ਕੇ ਨਹੀਂ ਸੀ ਲਿਖਣ ਲੱਗਿਆ। ਮੇਰੇ ਨਾਲ ਤਾਂ ਉਵੇਂ ਹੋਈ ਜਿਵੇਂ ਸੁੰਘਿਆ ਸੀ ਫੁੱਲ ਕਰ ਕੇ, ਰੌਂਅ ਗਿਆ ਹੱਡਾਂ ਵਿੱਚ ਸਾਰੇ!” ਕਿਵੇਂ ਵੀ ਹੋਇਆ, ਫੁੱਲ ਦੀ ਖ਼ੁਸ਼ਬੋ ਤਾਂ ਹੱਡਾਂ ਵਿੱਚ ਪੂਰੀ ਤਰ੍ਹਾਂ ਰਮ ਹੀ ਗਈ ਸੀ। ਇਸੇ ਕਰਕੇ ਇਹਦੀ ਖੇਡ-ਸਾਹਿਤਕਾਰੀ ਨਾਲ ਨਾ ਕੋਈ ਗਉਂ ਜੁੜਿਆ ਹੋਇਆ ਹੈ ਤੇ ਨਾ ਕੋਈ ਲੋਭ-ਲਾਲਚ।
ਕੁੱਝ ਸਮਾਂ ਪਹਿਲਾਂ ਤੱਕ, ਪਹਿਲਵਾਨ, ਡੰਡ-ਬੈਠਕਾਂ ਕੱਢਣ ਵਾਲ਼ੇ, ਕਬੱਡੀ ਦੇ ਖਿਡਾਰੀ, ਭਾਰ-ਚੁਕਾਵੇ ਅਤੇ ਅਨੇਕਾਂ ਹੋਰ ਦੇਸੀ ਖੇਡਾਂ ਦੇ ਖਿਡਾਰੀ ਪੰਜਾਬ ਦੇ ਲਗਭਗ ਹਰ ਪਿੰਡ ਵਿਚ ਹੁੰਦੇ ਸਨ। ਲੋਕ ਉਨ੍ਹਾਂ ਨੂੰ ਪਿੰਡ ਦਾ ਮਾਣ ਸਮਝਦੇ। ਪਹਿਲਵਾਨਾਂ ਨੂੰ ਤਾਂ ਸਾਧੂਆਂ-ਸੰਤਾਂ ਵਾਂਗ ਭਲੇ ਪੁਰਸ਼ ਸਮਝਿਆ ਜਾਂਦਾ ਸੀ। ਪਿੰਡ ਵਾਲ਼ੇ ਉਨ੍ਹਾਂ ਨੂੰ ਪੀਪੇ ਭਰ-ਭਰ ਘਿE ਭੇਟ ਕਰਦੇ। ਜਦੋਂ ਸਾਹਿਤ ਹੋਰ ਸਭ ਵਿਧਾਵਾਂ ਵਿਚ ਤੇਜ਼ੀ ਨਾਲ ਪ੍ਰਫੁੱਲਤ ਹੋਣ ਲੱਗਿਆ, ਖੇਡਾਂ-ਖਿਡਾਰੀਆਂ ਬਾਰੇ ਲਿਖਣ ਲਈ ਕੋਈ ਲੇਖਕ ਪ੍ਰੇਰਿਤ ਨਾ ਹੋਇਆ। ਫੇਰ ਵਲਾਇਤ-ਵਾਸੀ ਬਲਬੀਰ ਸਿੰਘ ਕੰਵਲ ਨੇ 1964 ਵਿਚ ‘ਭਾਰਤ ਦੇ ਪਹਿਲਵਾਨ’ ਪੁਸਤਕ ਛਪਵਾ ਕੇ ਪੰਜਾਬੀ ਖੇਡ-ਸਾਹਿਤ ਦੀ ਪਗਡੰਡੀ ਪਾਈ। ਇਸ ਪਗਡੰਡੀ ਨੂੰ ਸ਼ਾਹਰਾਹ ਬਣਾਉਣ ਦਾ ਅਤੇ 1966 ਤੋਂ ਖੇਡਾਂ ਤੇ ਖਿਡਾਰੀਆਂ ਬਾਰੇ ਨਿੱਠ ਕੇ ਲਗਾਤਾਰ ਲਿਖਣ ਦਾ ਸਿਹਰਾ ਸਰਵਣ ਸਿੰਘ ਦੇ ਸਿਰ ਬਝਦਾ ਹੈ। ਇਸੇ ਕਰਕੇ ਇਹਨੂੰ ਪੰਜਾਬੀ ਖੇਡ-ਸਾਹਿਤ ਦਾ ਮੋਹੜੀਗੱਡ ਮੰਨਿਆ ਜਾਂਦਾ ਹੈ। ਡਾ. ਹਰਿਭਜਨ ਸਿੰਘ ਇਹਨੂੰ ‘ਸ਼ਬਦਾਂ ਦਾ Eਲੰਪੀਅਨ’ ਆਖਦਾ ਸੀ।
ਸਰਵਣ ਸਿੰਘ ਦਾ ਖੇਡ-ਲੇਖਕ ਬਣਨਾ ਵੀ ਸਬੱਬ ਹੀ ਸੀ। 1966 ਵਿਚ ਇਹ ਖਾਲਸਾ ਕਾਲਜ ਦਿੱਲੀ ਵਿਚ ਪੜ੍ਹਾਉਂਦਾ ਸੀ ਤੇ ਗਰਮੀ ਦੀਆਂ ਛੁੱਟੀਆਂ ਵਿਚ ਪਿੰਡ ਗਿਆ ਹੋਇਆ ਸੀ। ਪਤਾ ਲੱਗਿਆ ਕਿ ਕਿੰਗਸਟਨ ਵਿਚ ਹੋਣ ਵਾਲ਼ੀਆਂ ਕਾਮਨਵੈਲਥ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਪਟਿਆਲੇ ਦੇ ਕੌਮੀ ਖੇਡ ਇੰਸਟੀਚਿਊਟ ਵਿਚ ਲੱਗਿਆ ਹੋਇਆ ਹੈ। ਉਨ੍ਹਾਂ ਵਿਚੋਂ ਕੁਝ ਅਥਲੀਟ ਇਹਦੇ ਚੰਗੇ ਜਾਣੂ ਸਨ। ਉਨ੍ਹਾਂ ਨੂੰ ਮਿਲਣ ਦੀ ਨੀਤ ਨਾਲ ਇਹ ਪਟਿਆਲੇ ਜਾ ਪਹੁੰਚਿਆ। ਇਹਦਾ ਸਾਰਾ-ਸਾਰਾ ਦਿਨ ਅਥਲੀਟਾਂ ਦੀ ਸੰਗਤ ਵਿਚ ਬੀਤਦਾ। ਅਥਲੀਟ ਆਪਣੀ ਵਰਜ਼ਿਸ਼, ਖੇਡ-ਸਿਖਲਾਈ ਤੇ ਆਰਾਮ ਕਰਦੇ ਸਮਾਂ ਲੰਘਾਉਂਦੇ। ਸਰਵਣ ਸਿੰਘ ਉਨ੍ਹਾਂ ਨੂੰ ਦੇਖਦਾ ਰਹਿੰਦਾ, ਵਰਜ਼ਿਸ਼ ਤੇ ਖੇਡ ਨਾਲ ਕਮਾਏ ਹੋਏ ਉਨ੍ਹਾਂ ਦੇ ਸਰੀਰ, ਇਕ-ਦੂਜੇ ਨਾਲ ਹੁੰਦਾ ਹਾਸਾ-ਮਖੌਲ, ਉਨ੍ਹਾਂ ਦੀਆਂ ਆਦਤਾਂ, ਉਨ੍ਹਾਂ ਦਾ ਖਾਣ-ਪੀਣ, ਉਨ੍ਹਾਂ ਦੀ ਅਭਿਆਸੀ ਮਿਹਨਤ ਤੇ ਲਗਨ। ਉਹਨੀਂ ਦਿਨੀਂ ਬਲਵੰਤ ਗਾਰਗੀ ਦਾ ਸ਼ਬਦ-ਚਿੱਤਰਾਂ ਦਾ ਨਵਾਂ ਸੰਗ੍ਰਹਿ ‘ਨਿੰਮ ਦੇ ਪੱਤੇ’ ਸੱਜਰਾ-ਸੱਜਰਾ ਪੜ੍ਹਿਆ ਹੋਣ ਕਰਕੇ ਇਹਦੇ ਮਨ ਵਿਚ ਵਿਚਾਰ ਆਇਆ, ਕਿਉਂ ਨਾ ਏਨੇ ਨੇੜਿਉਂ ਤੱਕੇ ਇਹਨਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਸ਼ਬਦ-ਚਿੱਤਰ ਲਿਖੇ ਜਾਣ!
ਇਹ ਸਾਰਾ ਦਿਨ ਕੈਂਪ ਵਿਚ ਸ਼ਾਮਲ ਖਿਡਾਰੀਆਂ ਨੂੰ ਗਹੁ ਨਾਲ ਦੇਖਦਾ-ਨਿਹਾਰਦਾ ਰਹਿੰਦਾ ਤੇ ਰਾਤ ਨੂੰ ਆਪਣੇ ਟਿਕਾਣੇ ਆ ਕੇ ਉਹ ਸਭ ਕੁਝ ਕਾਗ਼ਜ਼ ਉੱਤੇ ਉਤਾਰ ਲੈਂਦਾ। ਨਤੀਜਾ ਇਹ ਹੋਇਆ ਕਿ ਤਿੰਨ ਹਫ਼ਤਿਆਂ ਮਗਰੋਂ ਘਰ ਪਰਤਦਿਆਂ ਦੋ ਕੁ ਦਰਜਨ ਖਿਡਾਰੀਆਂ ਬਾਰੇ ਦੋ ਕੁ ਸੌ ਪੰਨਿਆਂ ਦੀ ਕੱਚੀ ਸਮੱਗਰੀ ਇਹਦੇ ਝੋਲ਼ੇ ਵਿਚ ਸੀ। ਦਿੱਲੀ ਪਰਤ ਕੇ ਇਹਨੇ ਪਹਿਲਾ ਸ਼ਬਦ-ਚਿੱਤਰ ‘ਮੁੜ੍ਹਕੇ ਦਾ ਮੋਤੀ’ ਡਿਕੈਥਲੋਨ ਦੇ ਏਸ਼ੀਅਨ ਚੈਂਪੀਅਨ ਤੇ ਟੋਕੀE Eਲੰਪਿਕ ਖੇਡਾਂ ਵਿਚ ਪੰਜਵੇਂ ਨੰਬਰ ਦੇ ਹਰਡਲਜ਼ ਦੌੜਾਕ ਗੁਰਬਚਨ ਸਿੰਘ ਬਾਰੇ ਲਿਖਿਆ ਜੋ ‘ਆਰਸੀ’ ਨੂੰ ਭੇਜ ਦਿੱਤਾ। ਛਪਿਆ ਤਾਂ ਪਾਠਕਾਂ ਨੇ ਖ਼ੂਬ ਸਲਾਹਿਆ। ‘ਆਰਸੀ’ ਵੱਲੋਂ ਮੰਗ ਆਉਂਦੀ ਰਹਿੰਦੀ, ਇਹ ਲਿਖਦਾ ਰਹਿੰਦਾ ਤੇ ਪਾਠਕ ਸਲਾਹੁੰਦੇ ਰਹਿੰਦੇ। ਫੇਰ ਹੋਰ ਅਖ਼ਬਾਰਾਂ-ਰਸਾਲਿਆਂ ਦੀ ਮੰਗ ਵੀ ਆਉਣ ਲੱਗੀ। ਹੁਣ ਤੱਕ ਜਿਨ੍ਹਾਂ ਖਿਡਾਰੀਆਂ ਨੂੰ ਇਹਨੇ ਆਪਣੇ ਸ਼ਬਦਾਂ ਵਿਚ ਚਿੱਤਰਿਆ ਹੈ, ਉਨ੍ਹਾਂ ਦੀ ਗਿਣਤੀ ਦੋ ਸੌ ਨੂੰ ਪੁੱਜ ਗਈ ਹੈ। ਨਾਲ ਹੀ ਪਾਠਕ ਦੇਸੀ-ਬਦੇਸੀ ਖੇਡਾਂ ਦੀਆਂ ਬਰੀਕੀਆਂ ਜਾਣਨ ਦੀ ਉਤਸੁਕਤਾ ਦਿਖਾਉਣ ਲੱਗੇ ਤੇ ਇਹਨੇ ਸੌ ਦੇ ਲਗਭਗ ਖੇਡਾਂ ਦੀ ਜਾਣਕਾਰੀ ਅਖ਼ਬਾਰਾਂ-ਰਸਾਲਿਆਂ ਰਾਹੀਂ ਉਨ੍ਹਾਂ ਤੱਕ ਪੁਜਦੀ ਕਰ ਦਿੱਤੀ। ਇਹਦੀਆਂ ਖੇਡ-ਲਿਖਤਾਂ ਅਨੇਕ ਦੇਸਾਂ ਦੇ ਪੰਜਾਬੀ ਅਖ਼ਬਾਰਾਂ ਵਿਚ ਛਪ ਕੇ ਬਹੁਤ ਵੱਡੇ ਪਾਠਕ-ਘੇਰੇ ਤੱਕ ਪੁਜਦੀਆਂ ਰਹੀਆਂ।
ਖੇਡ-ਲੇਖਨ ਦੇ ਮਾਰਗ ਉੱਤੇ ਤੁਰਿਆ ਤਾਂ ਸਰਵਣ ਸਿੰਘ ਇਕੱਲਾ ਹੀ ਸੀ ਪਰ ਕੁਝ ਹੀ ਸਾਲਾਂ ਮਗਰੋਂ ਸੱਜੇ-ਖੱਬੇ ਦੇਖਿਆ ਤਾਂ ਇਹਦੇ ਨਾਲ ਪੂਰਾ ਕਾਰਵਾਂ ਜੁੜ ਚੁੱਕਿਆ ਸੀ। ਹੁਣ ਪੰਜਾਬੀ ਵਿਚ ਪੰਜਾਹ ਕੁ ਖੇਡ-ਲੇਖਕ ਅਜਿਹੇ ਹਨ ਜਿਨ੍ਹਾਂ ਦੀ ਘੱਟੋ-ਘੱਟ ਇਕ ਪੁਸਤਕ ਤਾਂ ਛਪੀ ਹੀ ਹੈ ਤੇ ਕਈਆਂ ਦੀਆਂ ਇਕ ਤੋਂ ਵੱਧ ਪੁਸਤਕਾਂ ਵੀ ਛਪੀਆਂ ਹਨ। ਪੰਜਾਬੀ ਦੀਆਂ ਸਵਾ ਸੌ ਤੋਂ ਵੱਧ ਖੇਡ-ਪੁਸਤਕਾਂ ਵਿਚ ਇਕੱਲੇ ਸਰਵਣ ਸਿੰਘ ਦਾ ਯੋਗਦਾਨ ਦੋ ਦਰਜਨ ਖੇਡ-ਪੁਸਤਕਾਂ ਨਾਲ ਪੰਜਵਾਂ ਹਿੱਸਾ ਬਣ ਜਾਂਦਾ ਹੈ! ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਕੌਮੀ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਵਿਸ਼ਵ ਕੱਪਾਂ ਵਿਚੋਂ ਦੀ ਹੁੰਦਿਆਂ Eਲੰਪਿਕ ਖੇਡਾਂ ਤੇ ਅੰਤਰਰਾਸ਼ਟਰੀ ਕਬੱਡੀ ਮੇਲੇ ਵੇਖੇ ਹੋਣ ਦੀ ਇਹਦੀ ਗਿਣਤੀ ਸੈਂਕੜਿਆਂ ਵਿਚ ਹੈ। ਇਹਦੀਆਂ ਤਿੰਨ ਪੁਸਤਕਾਂ ਤਾਂ ਅੱਖੀਂ ਡਿੱਠੇ ਖੇਡ-ਮੇਲਿਆਂ ਬਾਰੇ ਹੀ ਛਪ ਚੁੱਕੀਆਂ ਹਨ। ਇਹਨੇ ਸੌ ਤੋਂ ਵੱਧ ਖੇਡ-ਮੇਲਿਆਂ ਵਿਚ ਕਬੱਡੀ ਦੇ ਮੈਚਾਂ ਦੀ ਰਸ-ਭਰੀ ਭਾਸ਼ਾ ਵਿਚ ਕਮੈਂਟਰੀ ਕਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਹੈ। ਇਹਨੇ ਪੰਜਾਬੀ, ਭਾਰਤੀ ਤੇ ਵਿਸ਼ਵ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਹੈ। ਦੇਸੀ, ਏਸ਼ੀਆਈ, ਕਾਮਨਵੈਲਥ ਤੇ Eਲੰਪਿਕ ਖੇਡ-ਉਤਸਵਾਂ ਦਾ ਨਜ਼ਾਰਾ ਦਿਖਾਇਆ ਹੈ ਅਤੇ ਅਨੇਕ ਛੋਟੇ-ਵੱਡੇ ਖੇਡ-ਮੁਕਾਬਲਿਆਂ ਦਾ ਹਾਲ ਕਲਮਬੰਦ ਕੀਤਾ ਹੈ।
ਸਰਵਣ ਸਿੰਘ ਆਪਣੇ ਘੁੰਮਣ-ਫਿਰਨ ਤੇ ਤੋਰੇ-ਫੇਰੇ ਦੇ ਸ਼ੌਕ ਦੀ ਗੱਲ ਕਰਦਾ ਹੈ ਤਾਂ ਇਹ ਵੀ ਦਸਦਾ ਹੈ ਕਿ ਇਸ ਸ਼ੌਕ ਨੇ ਉਹਦੀ ਜੀਵਨ-ਜਾਚ ਉੱਤੇ ਕਿਵੇਂ ਅਸਰ ਪਾਇਆ, “ਮੈਨੂੰ ਬਚਪਨ ਦੇ ਤੋਰੇ-ਫੇਰੇ ਨੇ ਤਿੰਨ ਆਦਤਾਂ ਪਾਈਆਂ। ਪਹਿਲੀ ਆਦਤ ਪੈਦਲ ਚੱਲਣ ਦੀ ਪਈ ਜੋ ਹਾਲਾਂ ਤੱਕ ਬਰਕਰਾਰ ਹੈ। ਅੱਜ ਵੀ ਮੇਰੇ ਲਈ ਚਾਰ-ਪੰਜ ਕਿਲੋਮੀਟਰ ਤੁਰਨਾ ਲੱਤਾਂ ਹਿਲਾਉਣ ਸਮਾਨ ਹੈ। ਕਦੇ-ਕਦੇ ਮੇਰੀ ਸੈਰ ਸੱਤ-ਅੱਠ ਕਿਲੋਮੀਟਰ ਤੱਕ ਵੀ ਚਲੀ ਜਾਂਦੀ ਹੈ। ਪੰਜ-ਛੇ ਕਿਲੋਮੀਟਰ ਤੁਰੇ ਬਿਨਾਂ ਤਾਂ ਮੈਨੂੰ ਨੀਂਦ ਹੀ ਨਹੀਂ ਆਉਂਦੀ। ਦੂਜੀ ਆਦਤ ਮੈਨੂੰ ਚਿੱਠਿਆਂ ਤੋਂ ਪੁਸਤਕਾਂ ਪੜ੍ਹਨ ਦੀ ਪਈ ਤੇ ਤੀਜੀ ਆਦਤ, ਮੈਂ ਮੇਲੇ ਵੇਖਣ ਦਾ ਸ਼ੌਂਕੀ ਬਣ ਗਿਆ। ਇਨ੍ਹਾਂ ਤਿੰਨਾਂ ਆਦਤਾਂ ਨੇ ਹੀ ਮੈਨੂੰ ਹਾਲੇ ਤੱਕ ਤਰੋ-ਤਾਜ਼ਾ ਰੱਖਿਆ ਹੋਇਆ ਹੈ। ਜੀਹਨੇ ਦੁਨੀਆ ਦਾ ਮੇਲਾ ਵੇਖਣਾ ਹੋਵੇ, ਉਹ ਹੋਰ ਕੁਝ ਕਰੇ ਜਾਂ ਨਾ ਕਰੇ, ਪਰ ਤੋਰਾ-ਫੇਰਾ ਜ਼ਰੂਰ ਰੱਖੇ। ਤੋਰੇ-ਫੇਰੇ ਵਿਚ ਹੀ ਜੀਵਨ ਦਾ ਚਾਅ ਹੈ, ਖੇੜਾ ਹੈ, ਆਨੰਦ ਹੈ। ਕੁਝ ਵੇਖਣ ਦੀ ਇੱਛਾ ਤੇ ਕੁਝ ਮਾਣਨ ਦੀ ਰੀਝ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਇੱਛਾ ਮੁੱਕ ਜਾਵੇ ਤਾਂ ਜੀਵਨ ਦੇ ਆਹਰ ਹੀ ਮੁੱਕ ਜਾਂਦੇ ਹਨ। ਰੀਝਾਂ ਮਰ ਜਾਣ ਤਾਂ ਕਲਪਨਾ ਵੀ ਕੁਮਲਾਅ ਜਾਂਦੀ ਹੈ।
“ਬੰਦਾ ਇੱਛਾਵਾਂ ਤੇ ਕਾਮਨਾਵਾਂ ਦੇ ਸਿਰ ਉੱਤੇ ਹੀ ਪੀੜ੍ਹੀ-ਦਰ-ਪੀੜ੍ਹੀ ਜਿਉਂਦਾ ਆ ਰਿਹਾ ਹੈ। ਕੁਝ ਕਰਨ ਦੀ ਤੇ ਕੁਝ ਮਾਣਨ ਦੀ ਤਰੰਗ ਅਤੇ ਇਸ ਤਰੰਗ ਨੂੰ ਪੂਰੀ ਕਰਨ ਲਈ ਆਹਰੇ ਲੱਗੇ ਰਹਿਣਾ ਹੀ ਜ਼ਿੰਦਗੀ ਹੈ। ਇਕ ਗੱਲ ਹੋਰ ਵੀ ਹੈ। ਧਰਤੀ, ਚੰਦ, ਸੂਰਜ ਤੇ ਤਾਰੇ, ਸਭ ਹਰਕਤ ਵਿਚ ਹਨ। ਪੰਖੇਰੂ ਬਿਨਾਂ ਮਤਲਬ ਹੀ ਉਡਾਰੀਆਂ ਨਹੀਂ ਭਰੀ ਜਾਂਦੇ। ਹੀਰੇ ਹਿਰਨ ਭਲਾ ਕਾਹਦੇ ਲਈ ਚੁੰਗੀਆਂ ਭਰਦੇ ਹਨ! ਮੱਛੀਆਂ ਪਾਣੀ ਵਿਚ ਕਿਉਂ ਤਰਦੀਆਂ ਤੇ ਕਲੋਲਾਂ ਕਰਦੀਆਂ ਹਨ! ਦਰਿਆ ਵਗਦੇ ਰਹਿਣ ਨਾਲ ਹੀ ਤਰੋਤਾਜ਼ਾ ਹਨ। ਖੜ੍ਹੇ ਪਾਣੀ ਮੁਸ਼ਕ ਮਾਰਨ ਲੱਗ ਪੈਂਦੇ ਹਨ। ਘੁਰਨਿਆਂ ਵਿਚ ਬੈਠੇ ਤਾਂ ਸ਼ੇਰ-ਬਘੇਲੇ ਵੀ ਸ਼ਿਕਾਰ ਮਾਰਨੋਂ ਰਹਿ ਜਾਣ ਤੇ ਭੁੱਖੇ ਮਰ ਜਾਣ। ਹਵਾਵਾਂ ਰੁਮਕਦੀਆਂ ਰਹਿੰਦੀਆਂ ਹਨ ਅਤੇ ਧੁੱਪਾਂ ਚੜ੍ਹਦੀਆਂ ਤੇ ਲਹਿੰਦੀਆਂ ਰਹਿੰਦੀਆਂ ਹਨ। ਬ੍ਰਹਿਮੰਡ ਦਾ ਨਾਦ ਵਜਦਾ ਰਹਿੰਦਾ ਹੈ। ਇਹੋ ਤਾਂ ਜੀਵਨ ਦਾ ਭੇਤ ਹੈ! ਹਰਕਤ ਵਿਚ ਹੀ ਜ਼ਿੰਦਗੀ ਹੈ। ਕੁਦਰਤ ਦਾ ਸ਼ੁਕਰ ਹੈ, ਹਾਲਾਂ ਹਰਕਤ ਵਿਚ ਹਾਂ ਤੇ ਘੁੰਮ-ਫਿਰ ਕੇ ਦੁਨੀਆ ਦਾ ਮੇਲਾ ਵੇਖ ਰਿਹਾ ਹਾਂ।”
ਇਹਨੇ ਖੇਡਾਂ ਦੇ ਸੰਬੰਧ ਵਿਚ ਪੂਰੇ ਸਿਦਕ-ਸਿਰੜ ਨਾਲ ਖੋਜ ਵੀ ਕੀਤੀ ਹੈ। ਇਹਦੀ ਖੋਜ ਦਸਦੀ ਹੈ ਕਿ ਪੰਜਾਬ ਦੀਆਂ ਨਿਰੋਲ ਆਪਣੀਆਂ ਦੇਸੀ ਖੇਡਾਂ ਦੀ ਗਿਣਤੀ ਸੌ ਤੋਂ ਵੱਧ ਹੈ, ਜਿਨ੍ਹਾਂ ਵਿਚੋਂ ਸਤਾਸੀ ਖੇਡਾਂ ਦੀ ਜਾਣਕਾਰੀ ਤਾਂ ਇਹਨੇ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਸ਼ਾਮਲ ਕੀਤੀ ਹੋਈ ਹੈ। ਇਹਨੇ ਪੰਜਾਬੀ ਹਾਕੀ-ਖਿਡਾਰੀਆਂ ਦੇ ਕੁਝ ਦਿਲਚਸਪ ਅੰਕੜੇ ਵੀ ਲੱਭੇ ਹਨ। ਜਦੋਂ Eਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦੀ ਝੰਡੀ ਸੀ, Eਦੋਂ ਹਾਕੀ ਨੂੰ ਆਪਣੀ ਖਿੱਦੋ-ਖੂੰਡੀ ਦਾ ਨੇਮਬੱਧ ਰੂਪ ਸਮਝਣ ਵਾਲੇ ਪੰਜਾਬੀ ਖਿਡਾਰੀ ਭਾਰਤੀ ਟੀਮ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ। 1928 ਤੋਂ 2012 ਤੱਕ ਦੇ Eਲੰਪਿਕ ਹਾਕੀ ਮੁਕਾਬਲਿਆਂ ਵਿਚ 137 ਸਿੱਖ ਖਿਡਾਰੀ ਖੇਡੇ ਤੇ ਉਨ੍ਹਾਂ ਨੇ 254 ਗੋਲ ਕੀਤੇ।
ਸਿੱਖ ਖਿਡਾਰੀ ਨੌਂ ਦੇਸਾਂ, ਭਾਰਤ, ਕੀਨੀਆ, ਤਨਜ਼ਾਨੀਆ, ਯੂਗੰਡਾ, ਮਲੇਸ਼ੀਆ, ਸਿੰਗਾਪੁਰ, ਕੈਨੇਡਾ, ਇੰਗਲੈਂਡ ਤੇ ਹਾਂਗਕਾਂਗ ਦੀਆਂ Eਲੰਪਿਕ ਹਾਕੀ ਟੀਮਾਂ ਵਿਚ ਸ਼ਾਮਲ ਰਹੇ। 1972 ਦੀਆਂ ਮਿਊਨਿਖ਼ Eਲੰਪਿਕ ਖੇਡਾਂ ਵਿਚ ਇੰਡੀਆ, ਕੀਨੀਆ, ਯੂਗੰਡਾ ਤੇ ਮਲੇਸ਼ੀਆ ਦੀਆਂ ਟੀਮਾਂ ਵਿਚ 30 ਸਿੱਖ ਖਿਡਾਰੀਆਂ ਨੇ ਆਪਣਾ ਕਮਾਲ ਦਿਖਾਇਆ ਤੇ 35 ਗੋਲ ਕੀਤੇ। ਜਦੋਂ ਯੂਗੰਡਾ ਤੇ ਜਰਮਨੀ ਵਿਚਕਾਰ ਹਾਕੀ ਦਾ ਮੁਕਾਬਲਾ ਹੋਇਆ, ਯੂਗੰਡਾ ਦੀ ਟੀਮ ਵਿਚ ਕਪਤਾਨ ਸਮੇਤ ਦਸ ਸਿੱਖ ਖਿਡਾਰੀ ਦੇਖ ਕੇ ਦਰਸ਼ਕ ਸਮਝਦੇ ਰਹੇ ਕਿ ਮੁਕਾਬਲਾ ਭਾਰਤ ਤੇ ਜਰਮਨੀ ਵਿਚਕਾਰ ਹੈ। ਜਦੋਂ ਕੀਨੀਆ ਤੇ ਯੂਗੰਡਾ ਵਿਚਕਾਰ ਮੈਚ ਹੋਇਆ ਤਾਂ ਦੋਵਾਂ ਟੀਮਾਂ ਵਿਚ ਸਿੱਖ ਖਿਡਾਰੀਆਂ ਦੀ ਗਿਣਤੀ ਦੇਖ ਕੇ ਇਉਂ ਲੱਗਿਆ ਜਿਵੇਂ ਮੈਚ ਦੋ ਦੇਸਾਂ ਵਿਚਕਾਰ ਨਹੀਂ, ਦੋ ਖਾਲਸਾ ਕਾਲਜਾਂ ਵਿਚਕਾਰ ਹੋ ਰਿਹਾ ਹੋਵੇ! ਸਰਵਣ ਸਿੰਘ ਦੀਆਂ ਖੇਡ-ਲਿਖਤਾਂ ਵਿਚ ਅਜਿਹੀਆਂ ਅਨੇਕ ਦਿਲਚਸਪ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ।
ਪੰਜਾਬੀ ਖਿਡਾਰੀਆਂ ਨੇ ਕੁਸ਼ਤੀ ਤੇ ਕਬੱਡੀ ਵਰਗੀਆਂ ਦੇਸੀ ਖੇਡਾਂ ਦੇ ਨਾਲ-ਨਾਲ ਪੱਛਮ ਤੋਂ ਆਈਆਂ ਹੋਰ ਖੇਡਾਂ ਵਿਚ ਵੀ ਖ਼ੂਬ ਨਾਮਣਾ ਖੱਟਿਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਨਾਲ ਲਿਆ ਜੋੜਿਆ। ਸਰਵਣ ਸਿੰਘ ਨੇ ਖੇਡਾਂ ਤੇ ਖਿਡਾਰੀਆਂ ਨੂੰ ਕਮਾਲ ਦੀ ਵਾਰਤਕ ਵਿਚ ਸਾਕਾਰਨ ਦਾ ਪੂਰਨੇ-ਪਾਊ ਉੱਦਮ ਕੀਤਾ ਤੇ ਇਸ ਵਿਚ ਖਿਡਾਰੀਆਂ ਵਾਂਗ ਹੀ ਭਰਪੂਰ ਆਦਰ-ਮਾਣ ਕਮਾਇਆ! ਵਾਰਤਕ ਲਿਖਦਾ ਉਹਦਾ ਮਨ ਨਾਲੋ-ਨਾਲ ਸ਼ਾਇਰ ਵੀ ਹੋਇਆ ਹੁੰਦਾ ਹੈ। ਲਿਖਣਾ ਉਹਨੂੰ ਨਸ਼ਾ ਚਾੜ੍ਹ ਦਿੰਦਾ ਹੈ।
ਕਬੱਡੀ ਬਾਰੇ ਲਿਖੀਆਂ ਉਹਦੀਆਂ ਕੁਝ ਸਤਰਾਂ ਦੇਖੋ, “ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਧਾਵਿਆਂ ਤੇ ਪਕੜਾਂ ਦੀ ਲੀਲ੍ਹਾ। ਜ਼ੋਰਾਵਰ ਜੁੱਸਿਆਂ ਦਾ ਕੌਤਕੀ ਨਜ਼ਾਰਾ। ਜਿਵੇਂ ਢੋਲ ਦਾ ਡੱਗਾ ਪੰਜਾਬੀਆਂ ਦੇ ਪੱਬ ਚੁੱਕ ਦਿੰਦਾ ਹੈ, ਤਿਵੇਂ ਕਬੱਡੀ-ਕਬੱਡੀ ਦਾ ਅਲਾਪ ਰੋਮ-ਰੋਮ ਵਿਚ ਝਰਨਾਟਾਂ ਛੇੜ ਜਾਂਦਾ ਹੈ। ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ। ਕਬੱਡੀ ਦਾ ਸਾਹ ਪੰਜਾਬੀਆਂ ਲਈ ਜੀਵਨ-ਸੁਆਸ ਹੈ ਜੀਹਨੂੰ ਲਏ ਬਿਨਾਂ ਉਨ੍ਹਾਂ ਦਾ ਸਰਦਾ ਨਹੀਂ, ਭਾਵੇਂ ਉਹ ਪੰਜਾਬ ਦੀ ਧਰਤੀ ਉੱਤੇ ਰਹਿਣ ਤੇ ਭਾਵੇਂ ਵਲੈਤੀਂ ਜਾ ਵਸਣ!…ਬੇਸ਼ੱਕ ਝੱਖੜ ਝੁਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਏ ਹੋਣ, ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹਾ ਹੈ, ਫੇਰ ਕਿਹੜਾ ਪੰਜਾਬੀ ਹੈ, ਜਿਹੜਾ ਵਗਦੀ ਨੈਂ ਵਿਚ ਨਾ ਠਿੱਲ੍ਹੇ! ਉਹ ਰਾਹ ਵਿਚ ਪੈਂਦੇ ਸੱਪਾਂ-ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਦਾਇਰੇ ਦੁਆਲ਼ੇ ਜਾ ਖੜ੍ਹੇਗਾ।”
ਇਸੇ ਤਰ੍ਹਾਂ ਦੀ ਪਾਠਕਾਂ ਨੂੰ ਮੋਹ ਲੈਣ ਵਾਲੀ ਸ਼ੈਲੀ ਵਿਚ ਉਹ ਖਿਡਾਰੀਆਂ ਤੇ ਹੋਰਾਂ ਦੇ ਸ਼ਬਦ-ਚਿੱਤਰ ਸਿਰਜਦਾ ਹੈ। ਜਗਤ-ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੂੰ ਕੁਝ ਹੀ ਸਤਰਾਂ ਵਿਚ ਇਸ ਤੋਂ ਚੰਗਾ ਹੋਰ ਕੋਈ ਕੀ ਉਲੀਕੇਗਾ! “ਮੁਹੰਮਦ ਅਲੀ ਬਾਰੇ ਲਿਖਣਾ ਸ਼ਬਦਾਂ ਨਾਲ ਘੁਲਣਾ ਹੈ। ਉਹ ਅਲੋਕਾਰ ਵਿਅਕਤੀ ਹੈ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਤੱਕ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਸ ਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਰਲਡ ਚੈਂਪੀਅਨ ਬਣਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆ। ਅਠਾਰਾਂ ਸਾਲਾਂ ਦੀ ਉਮਰ ਵਿਚ ਉਹਨੇ Eਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਿਆ ਤੇ ਚੁਤਾਲੀ ਸਾਲਾਂ ਦੀ ਉਮਰ ਵਿਚ ਅਠਾਈ ਸਾਲਾਂ ਦੀ ਮਨੋਵਿਗਿਆਨੀ ਯੋਲੰਡਾ ਨਾਲ ਚੌਥਾ ਵਿਆਹ ਕੀਤਾ। ਉਹਦੀ ਧੀ ਲੈਲਾ ਵੀ ਤਕੜੀ ਮੁੱਕੇਬਾਜ਼ ਬਣੀ।”
ਪੰਜਾਬੀ ਵਿਚ ਕੋਈ ਵਿਰਲਾ-ਟਾਂਵਾਂ ਤਾਂ ਆਲੋਚਕ ਹੈ ਪਰ ਬਹੁਤੇ ਫ਼ਤਵਾਬਾਜ਼ ਹਨ। ਇਕ ਅਜਿਹੇ ਫ਼ਤਵਾਬਾਜ਼ ਨੇ ਕਈ ਸਾਲ ਪਹਿਲਾਂ ਇਕ ਸਾਹਿਤਕ ਗੋਸ਼ਟੀ ਵਿਚ ਉਸ ਸਮੇਂ ਅੱਧੀ ਦਰਜਨ ਖੇਡ-ਪੁਸਤਕਾਂ ਦੇ ਲੇਖਕ ਬਣ ਚੁੱਕੇ ਸਰਵਣ ਸਿੰਘ ਨੂੰ ਕਿਹਾ ਸੀ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ ਜਾ ਸਕਦਾ ਹੈ। ਉਹ ਪੱਤਰਕਾਰ ਹੋ ਸਕਦੇ ਹਨ ਪਰ ਸਾਹਿਤਕਾਰ ਨਹੀਂ।” ਇਹਨੇ ਅਜਿਹੀਆਂ ਟਿੱਪਣੀਆਂ ਨਾਲ ਦਿਲ ਨਹੀਂ ਛੱਡਿਆ ਸਗੋਂ ਇਨ੍ਹਾਂ ਨੂੰ ਖਿਡਾਰੀ ਦੇ ਪਿੰਡੇ ਨੂੰ ਲੱਗੀ ਮਿੱਟੀ ਵਾਂਗ ਝਾੜ ਕੇ ਅੱਗੇ ਵਧਦਾ ਗਿਆ।
ਪੰਜਾਬੀ ਵਿਚ ਖੇਡ-ਸਾਹਿਤ ਦੀ ਕਿਸੇ ਪ੍ਰੰਪਰਾ ਦੀ ਅਣਹੋਂਦ ਵੱਲ ਦੇਖਦਿਆਂ ਇਹਦੀ ਪ੍ਰਾਪਤੀ ਬਿਨਾਂ-ਸ਼ੱਕ ਵੱਡੀ ਹੈ। ਹੁਣ ਪੰਜਾਬੀ ਸਾਹਿਤ ਵਿਚ ਖੇਡ-ਲਿਖਤਾਂ ਨੂੰ ਸਿਰਫ਼ ਇਕ ਵਿਧਾ ਹੀ ਨਹੀਂ ਮੰਨਿਆ ਜਾਂਦਾ ਸਗੋਂ ਹੋਰ ਵਿਧਾਵਾਂ ਵਾਂਗ ਇਸ ਨਾਲ ਸੰਬੰਧਿਤ ਖੋਜ-ਕਾਰਜ ਕਰਦਿਆਂ ਕਈ ਖੋਜਾਰਥੀ ਐਮ. ਫਿਲ. ਤੇ ਪੀ-ਐੱਚ. ਡੀ. ਕਰ ਚੁੱਕੇ ਹਨ ਤੇ ਕਈ ਕਰ ਰਹੇ ਹਨ। ਇਹ ਪੰਜਾਬੀ ਖੇਡ-ਸਾਹਿਤ ਦੀ ਨਵੀਂ ਧਰਤੀ ਉੱਤੇ ਪਹਿਲੀਆਂ ਪੈੜਾਂ ਕਰ ਦਿੰਦਾ, ਉਹੋ ਬਹੁਤ ਹੋਣੀਆਂ ਸਨ। ਪਰ ਇਹਨੇ ਤਾਂ ਇਕੱਲੇ ਨੇ ਹੀ ਖੁੱਲ੍ਹਾ-ਮੋਕਲਾ ਮਾਰਗ ਬਣਾ ਦਿੱਤਾ। ਇਹਦੇ ਮੇਲ ਦਾ ਖੇਡ-ਲੇਖਕ ਪੰਜਾਬੀ ਵਿਚ ਕੋਈ ਦੂਜਾ ਪੈਦਾ ਹੋਣ ਦੀ ਸੰਭਾਵਨਾ ਅਜੇ ਤਾਂ ਨਜ਼ਰ ਨਹੀਂ ਆਉਂਦੀ।
ਭਾਵੇਂ ਇਹਨੇ ਆਪਣੀ ਮੂਲ ਵਿਧਾ ਕਹਾਣੀ ਨਾਲੋਂ ਤਾਂ ਨਾਤਾ ਤੋੜ ਲਿਆ, ਪਰ ਇਹਦਾ ਇਹ ਮਤਲਬ ਨਹੀਂ ਕਿ ਇਹ ਖੇਡ-ਸਾਹਿਤ ਤੱਕ ਹੀ ਸੀਮਤ ਹੋ ਗਿਆ। ਇਹਦੀਆਂ ਤਿੰਨ ਕਿਤਾਬਾਂ, ‘ਪਿੰਡ ਦੀ ਸੱਥ ‘ਚੋਂ’, ‘ਬਾਤਾਂ ਵਤਨ ਦੀਆਂ’, ‘ਫੇਰੀ ਵਤਨਾਂ ਦੀ’, ਪੰਜਾਬ ਦੀ ਰਹਿਤਲ ਦੀਆਂ ਇਤਿਹਾਸਕ ਦਸਤਾਵੇਜ਼ਾਂ ਹਨ। ਜੀਵਨੀਆਂ ਤੇ ਸ਼ਬਦ-ਚਿੱਤਰਾਂ ਦੀ ਰਚਨਾ ਭਾਰੀ-ਗੌਰੀ ਤਾਂ ਹੈ ਹੀ, ਖੇਡ-ਸਾਹਿਤ ਵਾਂਗ ਹੀ ਹਰਮਨਪਿਆਰੀ ਵੀ ਹੋਈ ਹੈ। ‘ਪੰਜਾਬ ਦੇ ਕੋਹੇਨੂਰ’ ਨਾਂ ਨਾਲ ਸ਼ਬਦ-ਚਿੱਤਰਾਂ ਦੀਆਂ ਤਿੰਨ ਪੁਸਤਕਾਂ ਦੀ ਲੜੀ ਤਾਂ ਖਾਸ ਕਰ ਕੇ ਵਡਮੁੱਲੀ ਹੈ। ਅਮਰੀਕਾ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਤੇ ‘ਫੇਰੀ ਵਤਨਾਂ ਦੀ’ ਵੀ ਲਿਖ ਛੱਡੇ ਹਨ। ਲਗਦੇ ਹੱਥ ਕਈ ਪੁਸਤਕਾਂ ਦਾ ਸੰਪਾਦਨ ਤੇ ਕਈਆਂ ਦਾ ਅਨੁਵਾਦ ਵੀ ਕੀਤਾ ਹੈ।
ਇਹ ਗਿਣਤੀ ਦੇ ਉਨ੍ਹਾਂ ਪੰਜਾਬੀ ਲੇਖਕਾਂ ਵਿਚੋਂ ਹੈ ਜੋ ਕਿਸੇ ਇਨਾਮ-ਸਨਮਾਨ ਲਈ ਤਰਲੇ ਨਹੀਂ ਮਾਰਦੇ। ਮਿਲ ਗਿਆ ਤਾਂ ਵਾਹ-ਭਲੀ, ਨਹੀਂ ਤਾਂ ਨਾ ਸਹੀ! ਇਹਨੂੰ ਪੰਜਾਬੀ ਸਾਹਿਤ ਟ੍ਰੱਸਟ ਢੁੱਡੀਕੇ ਦਾ ਵਿਸ਼ੇਸ਼ ਸਨਮਾਨ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਪੰਜਾਬੀ ਸੱਥ ਲਾਂਬੜਾ ਦਾ ਸੱਯਦ ਵਾਰਸ ਸ਼ਾਹ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਪੁਰੇਵਾਲ ਖੇਡਾਂ ਦਾ ਸਰਬੋਤਮ ਖੇਡ ਲੇਖਕ ਗੁਰਜ, ਖਾਲਸਾ ਕਾਲਜ ਗਲੋਬਲ ਗੌਰਵ ਪੰਜਾਬੀ ਪੁਰਸਕਾਰ, ਪਰਵਾਸੀ ਅਦਾਰਾ ਟੋਰਾਂਟੋ ਦਾ ਪਰਵਾਸੀ ਲੇਖਕ ਪੁਰਸਕਾਰ, ਆਦਿ ਮਿਲੇ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਤਾਂ ਇਹਨੂੰ ਦੋ ਵਾਰ ਕੌਮੀ ਪੁਰਸਕਾਰ ਨਾਲ ਸਨਮਾਨਿਆ ਹੈ। ਸਾਹਿਤ ਸਭਾਵਾਂ ਵੱਲੋਂ ਤੇ ਖੇਡ ਮੇਲਿਆਂ ਦੇ ਪ੍ਰਬੰਧਕਾਂ ਵੱਲੋਂ ਮਿਲੇ ਮਾਣ-ਸਨਮਾਨਾਂ ਦੀ ਗਿਣਤੀ ਕੌਣ ਕਰੇ! ਅਨੇਕ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਤੇ ਸੈਮੀਨਾਰਾਂ ਦਾ ਇਹ ਸਰਗਰਮ ਭਾਈਵਾਲ ਰਿਹਾ। ਇਹਦੇ ਨਾਲ ਹੀ ਅਨੇਕ ਅਕਾਦਮਿਕ ਤੇ ਖੇਡ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਸਲਾਹਕਾਰ ਜਾਂ ਮੈਂਬਰ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਹ ਇਹਦੀ ਇੱਛਾ ਦੇ ਨਹੀਂ ਸਗੋਂ ਦੇਣ ਵਾਲਿਆਂ ਦੀ ਪਾਰਖੂ ਅੱਖ ਦੇ ਫਲ ਹਨ। ਖੇਡ-ਲੇਖਕਾਂ ਬਾਰੇ ਸਾਹਿਤਕਾਰ ਨਾ ਹੋਣ ਦਾ ਫ਼ਤਵਾ ਦੇਣ ਵਾਲਾ ਆਲੋਚਕ ਤਾਂ ਹੁਣ ਪਤਾ ਨਹੀਂ ਕਿਥੇ ਹੈ ਤੇ ਕੀ ਹੈ, ਸਰਵਣ ਸਿੰਘ ਨੂੰ ਨਾ ਜਾਨਣ ਵਾਲਾ ਪੰਜਾਬੀ ਦਾ ਇਕ ਵੀ ਪਾਠਕ ਲੱਭਣਾ ਔਖਾ ਹੈ।
ਟੂਰਨਾਮੈਂਟਾਂ ਦੇ ਕੁਮੈਂਟੇਟਰ ਵਜੋਂ ਇਹਦਾ ਦੂਰ-ਦੂਰ ਦੇ ਦੇਸਾਂ ਵਿਚ ਜਾਣਾ ਦੇਖ ਕੇ ਮੈਂ ਇਕ ਵਾਰ ਪੁੱਛਿਆ, “ਉਹ ਤੈਨੂੰ ਕੁਛ ਦਿੰਦੇ ਵੀ ਹਨ ਕਿ ਏਸ ਉਮਰ ਵਿਚ ਐਵੇਂ ਭੱਜਿਆ ਫਿਰਦਾ ਹੈਂ?”
ਬੇਪਰਵਾਹੀ ਨਾਲ ਕਹਿੰਦਾ, “ਆਉਣ-ਜਾਣ ਦੀ ਹਵਾਈ ਟਿਕਟ ਭੇਜ ਦਿੰਦੇ ਐ, ਉਥੇ ਸਾਂਭ-ਸੰਭਾਈ ਵਧੀਆ ਕਰਦੇ ਐ, ਹੋਰ ਆਪਾਂ ਨੂੰ ਕੀ ਚਾਹੀਦੈ? ਆਪਾਂ ਨੂੰ ਸੁੱਖ ਨਾਲ ਕਿਹੜਾ ਕੋਈ ਘਾਟਾ ਐ ਕਿਸੇ ਗੱਲ ਦਾ!”
ਕੁਝ ਸਾਲ ਪਹਿਲਾਂ ਮੈਂ ਦਸ ਨੇੜਲੇ ਸੱਜਨਾਂ ਦੇ ਕਲਮੀ ਚਿੱਤਰਾਂ ਦਾ ਸੰਗ੍ਰਹਿ ‘ਨੇੜੇ ਨੇੜੇ’ ਛਪਵਾਇਆ ਸੀ। ਉਸ ਪਿੱਛੋਂ ਕਈ ਕਲਮੀ ਚਿੱਤਰ ਰਸਾਲਿਆਂ-ਪੁਸਤਕਾਂ ਵਿਚ ਛਪੇ। ਜਿਨ੍ਹਾਂ ਬਾਰੇ ਲਿਖਣ ਦੀ ਸਲਾਹ ਸੀ, ਉਨ੍ਹਾਂ ਵਿਚ ਸਰਵਣ ਸਿੰਘ ਨੇ ਤਾਂ ਸ਼ਾਮਲ ਹੋਣਾ ਹੀ ਸੀ। ਮੈਂ ਸੋਚਦਾ, ਜਦੋਂ ਲਿਖਿਆ, ਨਾਂ ਰੱਖਾਂਗਾ ‘ਬੋਤੇ ਤੋਂ ਹਵਾਈ ਜਹਾਜ਼ ਤੱਕ’! ਸਾਡੇ ਇਲਾਕੇ ਵਿਚ ਸਾਡੀ ਚੜ੍ਹਦੀ ਉਮਰੇ ਪੂਰੇ ਟੱਬਰ ਨੇ ਕਿਤੇ ਵਿਆਹ-ਸਾਹੇ ਜਾਣਾ ਹੁੰਦਾ ਤਾਂ ਸੁਸਤ ਚਾਲ ਦੇ ਬਾਵਜੂਦ ਗੱਡਾ ਹੀ ਸਵਾਰੀ ਬਣਦਾ। ਬਹੁਤੇ ਬੰਦਿਆਂ ਨੂੰ ਢੋਣ ਵਾਲੀ ਹੋਰ ਕੋਈ ਸਵਾਰੀ ਹੈ ਹੀ ਨਹੀਂ ਸੀ। ਇਕੱਲੇ-ਦੁਕੱਲੇ ਦੇ ਜਾਣ ਲਈ ਜਿਵੇਂ ਹੁਣ ਲੋਕ ਮੋਟਰਸਾਈਕਲ ਜਾਂ ਕਾਰ ਦੀ ਚਾਬੀ ਘੁਮਾ ਲੈਂਦੇ ਹਨ, Eਦੋਂ ਬੋਤੇ ਨੂੰ ਥਾਪੀ ਦਿੱਤੀ ਜਾਂਦੀ ਸੀ। ਹਵਾਈ ਜਹਾਜ਼ ਤਾਂ ਬੱਸ ਅਸੀਂ ਉੱਚਾ ਉਡਦਾ ਦੇਖਦੇ। ਚਿੜੀ ਕੁ ਜਿੱਡਾ ਜਹਾਜ਼ ਬਾਕੀ ਸਾਰਿਆਂ ਨਾਲੋਂ ਪਹਿਲਾਂ ਭਾਲਣਾ ਸਾਡੀ ਨਿਆਣਿਆਂ ਦੀ ਦਿਲਚਸਪ ਖੇਡ ਹੁੰਦੀ। ਇਸੇ ਕਰਕੇ ਸਰਵਣ ਸਿੰਘ ਆਪਣੀਆਂ ਲਿਖਤਾਂ ਵਿਚ ਬੋਤੇ ਦੀ ਸਵਾਰੀ ਦਾ ਜ਼ਿਕਰ ਹਵਾਈ ਜਹਾਜ਼ ਦੇ ਸਫ਼ਰ ਦੇ ਜ਼ਿਕਰ ਜਿੰਨੀ ਠਾਠ ਨਾਲ ਨਹੀਂ ਸਗੋਂ ਵੱਧ ਵਡਿਆਈ ਨਾਲ ਕਰਦਾ ਹੈ।
ਸਬੱਬ ਨਾਲ, ਇਹ ਆਪਣੇ ਸ਼ਬਦ-ਚਿੱਤਰ ਦਾ ਨਾਂ ਵੀ ਲਗਭਗ ਮੇਰੇ ਉਪਰੋਕਤ ਨਾਂ ਵਰਗਾ ਹੀ ਸੁਝਾਉਂਦਾ ਹੈ, “ਮੇਰਾ ਸ਼ੌਕ ਬੋਤੇ ਉੱਤੇ ਚੜ੍ਹਨ ਦਾ ਸੀ। ਬੋਤਾ ਮੈਂ ਭਜਾਉਂਦਾ ਵੀ ਬਹੁਤ ਸੀ। ਆਪਣੇ ਜਾਣੇ ਰੇਲ-ਗੱਡੀ ਬਣਾ ਦਿੰਦਾ ਸੀ। ਸਾਡੇ ਤਿਰਕਾਂ ਵਾਲੇ ਖੇਤ ਮੱਲ੍ਹੇ ਦੀ ਹੱਦ ਨਾਲ ਸਨ। ਇਕ ਦਿਨ ਉਥੋਂ ਪੱਠਿਆਂ ਦੀ ਚਿੱਲੀ ਲੱਦ ਕੇ ਲਿਆਉਣੀ ਸੀ। ਮੈਂ ਤੰਗੜ ਚੁੱਕਿਆ ਤੇ ਬੋਤੇ ਉੱਤੇ ਸਵਾਰ ਹੋ ਗਿਆ। ਪਿੱਛੋਂ ਬੱਗੜਾਂ ਦੀ ਬੋਤੀ ਮਗਰ ਲੱਗ ਗਈ। ਬੋਤੀ ਦੇ ਮਨ ਵਿਚ ਪਤਾ ਨਹੀਂ ਕੀ ਆਈ, ਉਹਨੇ ਸਾਡੇ ਬੋਤੇ ਦੀ ਪੂਛ ਉੱਤੇ ਅਚਾਨਕ ਦੰਦੀ ਵੱਢ ਦਿੱਤੀ। ਫੇਰ ਕੀ ਸੀ, ਬੋਤਾ ਇਉਂ ਨੱਠਿਆ ਜਿਵੇਂ ਰਾਕਟ ਛੁਟਦਾ ਹੈ! ਮੈਨੂੰ ਸੰਭਲਣਾ ਔਖਾ ਹੋ ਗਿਆ। ਆਸੇ-ਪਾਸੇ ਕਣਕਾਂ ਦੀ ਗੋਡੀ ਕਰਦੇ ਕਾਮੇ ਰੰਬੇ ਛੱਡ ਕੇ ਉੱਠ ਖੜ੍ਹੇ ਹੋਏ ਤੇ ਰੌਲਾ ਪਾਉਣ ਲੱਗੇ, ‘ਬੋਤੇ ਨੂੰ ਰੋਕੋ Eਏ, ਬੋਤੇ ਨੂੰ ਰੋਕੋ!’ ਪਰ ਰੋਕਣਾ ਕੀਹਨੇ ਸੀ! ਬੋਤਾ ਤਾਂ ਬੰਬੂਕਾਟ ਬਣਿਆ ਜਾਂਦਾ ਸੀ। ਮੇਰੇ ਆਲੇ-ਦੁਆਲੇ ਧਰਤੀ ਘੁੰਮ ਰਹੀ ਸੀ, ਰੁੱਖ ਘੁੰਮ ਰਹੇ ਸਨ ਤੇ ਲਗਦਾ ਸੀ ਜਿਵੇਂ ਭੁਚਾਲ ਆ ਗਿਆ ਹੋਵੇ!
“ਮੈਂ ਬੁਲਿਟ ਮੋਟਰ ਸਾਈਕਲ ਉੱਤੇ ਘੰਟੇ ਦੀ ਸੌ ਕਿਲੋਮੀਟਰ ਰਫ਼ਤਾਰ ਨਾਲ ਅਤੇ ਕਾਰ ਉੱਤੇ ਸਵਾ ਸੌ ਕਿਲੋਮੀਟਰ ਦੀ ਰਫ਼ਤਾਰ ਨਾਲ ਸਫ਼ਰ ਕੀਤਾ ਹੈ, ਪਰ ਚੇਤੇ ਕਰਾਂ ਤਾਂ ਉਸ ਬੋਤੇ ਦੀ ਰਫ਼ਤਾਰ ਦੀਆਂ ਕਿਆ ਬਾਤਾਂ! ਪੂਛ ਦੀ ਪੀੜ ਦਾ ਵਿੰਨ੍ਹਿਆ ਬੋਤਾ ਵਾਵਰੋਲਾ ਬਣਿਆ ਜਾਂਦਾ ਸੀ ਤੇ ਮੈਂ ਕੁਹਾਂਠ ਨਾਲ ਜੋਕ ਵਾਂਗ ਚੰਬੜਿਆ ਹੋਇਆ ਸੀ। ਤੰਗੜ ਡਿੱਗ ਪਿਆ ਸੀ, ਪੱਗ ਉੱਡ ਗਈ ਸੀ, ਜੂੜਾ ਖੁੱਲ੍ਹ ਗਿਆ ਸੀ, ਪਰ ਅਸ਼ਕੇ ਮੇਰੇ ਕਿ ਮੈਂ ਡਿੱਗਿਆ ਨਹੀਂ ਸੀ। ਬੋਤਾ ਖੇਤ ਜਾ ਕੇ ਰੁਕਿਆ। ਸਿਆਲ ਦੀ ਰੁੱਤੇ ਵੀ ਬੋਤੇ ਦੇ ਪਿੰਡੇ ਤੋਂ ਮੁੜ੍ਹਕੇ ਦੀਆਂ ਤਤੀਰੀਆਂ ਵਗੀ ਜਾਂਦੀਆਂ ਸਨ ਤੇ ਮੇਰੀ ਕੌਡੀ ਵੀ ਧੜਕੀਂ ਜਾਂਦੀ ਸੀ। ਫਿਰ ਵੀ ਮੈਂ ਬੋਤੇ ਉੱਤੇ ਚੜ੍ਹਨ ਤੋਂ ਤੋਬਾ ਨਹੀਂ ਕੀਤੀ ਤੇ Eਦੋਂ ਤੱਕ ਬੋਤੇ ਉੱਤੇ ਚੜ੍ਹਦਾ ਰਿਹਾ ਜਦੋਂ ਤੱਕ ਬੋਤਾ ਸਾਡੇ ਘਰ ਰਿਹਾ ਜਾਂ ਮੈਂ ਪਿੰਡ ਆਪਣੇ ਘਰ ਰਿਹਾ। ਜੇ ਕਿਸੇ ਨੇ ਮੇਰਾ ਰੇਖਾ-ਚਿੱਤਰ ਲਿਖਣਾ ਹੋਵੇ ਤਾਂ ਉਹਦਾ ਢੁੱਕਵਾਂ ਸਿਰਲੇਖ ਹੋ ਸਕਦਾ ਹੈ, ਬੋਤੇ ਦੀ ਸਵਾਰੀ ਤੋਂ ਹਵਾਈ ਜਹਾਜ਼ ਦੀ ਉਡਾਰੀ ਤੱਕ!”
ਆਪਣੇ ਲਿਖੇ ਸ਼ਬਦ-ਚਿੱਤਰ ਨੂੰ ਪਹਿਲਾਂ ਮੈਂ ਇਹਦਾ ਸੁਝਾਇਆ ਇਹ ਨਾਂ ਹੀ ਦਿੱਤਾ, ਪਰ ਫੇਰ ਮਨ ਵਿਚ ਆਇਆ, ਇਹ ਤਾਂ ਸ਼ਬਦ-ਚਿੱਤਰ ਲਿਖੇ ਜਾਣ ਤੋਂ ਵੀ ਪਹਿਲਾਂ ਉਹਦਾ ਸੁਝਾਇਆ ਸਾਧਾਰਨ ਸਿਰਲੇਖ ਹੈ, ਮੈਨੂੰ ਸਿਰਲੇਖ ਆਪਣੇ ਸ਼ਬਦ-ਚਿੱਤਰ ਵਿਚ ਸਾਹਮਣੇ ਆਏ ਬੋਤੇ ਤੇ ਹਵਾਈ ਜਹਾਜ਼ ਸੰਬੰਧੀ ਸਰਵਣ ਸਿੰਘ ਦੇ ਨਜ਼ਰੀਏ ਅਨੁਸਾਰ ਰੱਖਣਾ ਚਾਹੀਦਾ ਹੈ। ਇਉਂ ਮੇਰਾ ਹੁਣ ਵਾਲਾ ਸਿਰਲੇਖ ਆਪਣੇ ਪਹਿਲਾਂ ਸੋਚੇ ਸਿਰਲੇਖ ਤੇ ਇਹਦੇ ਸੁਝਾਏ ਸਿਰਲੇਖ ਤੋਂ ਫ਼ਰਕ ਵਾਲਾ ਹੋ ਗਿਆ: ਬੋਤੇ ਨੂੰ ਹਵਾਈ ਜਹਾਜ਼ ਤੋਂ ਉੱਤਮ ਸਵਾਰੀ ਮੰਨਣ ਵਾਲਾ ਸਰਵਣ ਸਿੰਘ।
2001 ਤੋਂ ਇਹ ਕੈਨੇਡਾ ਦਾ ਪਰਵਾਸੀ ਹੈ। Eਦੋਂ ਤੋਂ ਗਰਮੀਆਂ ਕੈਨੇਡਾ ਵਿਚ ਤੇ ਸਰਦੀਆਂ ਪੰਜਾਬ ਵਿਚ ਕਟਦਾ ਹੈ। ਇਹ ਦਸਦਾ ਹੈ, “ਦਸੰਬਰ ਵਿਚ ਜਦੋਂ ਟੋਰਾਂਟੋ ਵਿਚ ਬਰਫ਼ਾਂ ਪੈਣ ਲਗਦੀਆਂ ਹਨ ਤਾਂ ਮੈਂ ਸਾਇਬੇਰੀਆ ਦੀਆਂ ਕੂੰਜਾਂ ਵਾਂਗ ਪੰਜਾਬ ਨੂੰ ਉਡਾਰੀ ਮਾਰ ਲੈਂਦਾ ਹਾਂ। ਮਈ ਦੀਆਂ ਲੂਆਂ ਵਗਣ ਤੋਂ ਪਹਿਲਾਂ-ਪਹਿਲਾਂ ਕੈਨੇਡਾ ਪਰਤ ਆਉਂਦਾ ਹਾਂ!”
ਸਰਵਣ ਦੀ ਇਕ ਵੱਡੀ ਸਿਫ਼ਤ ਇਹਦਾ ਟੱਬਰ ਦਾ ਬੰਦਾ ਹੋਣਾ ਹੈ, ਆਪਣੇ ਟੱਬਰ ਦਾ ਵੀ ਤੇ ਦੋਸਤਾਂ-ਮਿੱਤਰਾਂ ਦੇ ਟੱਬਰਾਂ ਦਾ ਵੀ। ਔਖ-ਸੌਖ ਨਾਲ ਗੁਜ਼ਾਰਾ ਕਰਨ ਵਾਲੇ ਸਾਧਾਰਨ ਕਿਸਾਨ ਪਰਿਵਾਰਾਂ ਵਿਚੋਂ ਪੜ੍ਹ ਜਾਣ ਵਾਲੇ ਬਹੁਤੇ ਮੁੰਡੇ, ਖਾਸ ਕਰ ਕੇ ਵਿਆਹ ਮਗਰੋਂ, ਸੋਚਣ ਲਗਦੇ ਹਨ ਕਿ ਘਰ-ਪਰਿਵਾਰ ਦਾ ਵਾਧੂ ਦਾ ਭਾਰ ਹੁਣ ਕਾਹਦੇ ਲਈ ਚੁੱਕਣਾ ਹੋਇਆ! ਉਹ ਅੱਡ ਹੋ ਜਾਂਦੇ ਹਨ ਤੇ ਘਰਦਿਆਂ ਨੂੰ ਪਹਿਲਾਂ ਵਾਂਗ ਠੂਠੇ ਨਾਲ ਕੁਨਾਲੀ ਵਜਾਉਂਦੇ ਛੱਡ ਕੇ ਮੌਜਾਂ ਕਰਦੇ ਹਨ। ਸਰਵਣ ਸਿੰਘ ਨੌਕਰੀ ਲੱਗਣ ਸਾਰ ਮਹਿਸੂਸ ਕਰਦਾ ਹੈ, “ਮੇਰੀ ਪੜ੍ਹਾਈ ’ਤੇ ਖਾਸਾ ਖ਼ਰਚ ਹੋਣ ਕਰਕੇ ਘਰ ਵਿਚ ਮੈਨੂੰ ਖਾਸੇ ਪੈਸੇ ਕਮਾ ਕੇ ਦੇਣੇ ਚਾਹੀਦੇ ਹਨ!” ਇਹ ਕਿਸਾਨ ਪਰਿਵਾਰ ਲਈ ਲੋੜੀਂਦੀ ਸਭ ਤੋਂ ਕੀਮਤੀ ਤੇ ਜ਼ਰੂਰੀ ਚੀਜ਼, ਜ਼ਮੀਨ ਖਰੀਦਣ ਵਿਚ ਸਹਾਈ ਹੁੰਦਾ ਹੈ, ਟਿਊਬਵੈੱਲ ਲੁਆਉਂਦਾ ਹੈ ਤੇ ਟਰੈਕਟਰ ਖਰੀਦਦਾ ਹੈ। ਜਿਥੋਂ ਵੀ, ਜਿਸ ਵੀ ਸਿਫ਼ਾਰਸ਼ ਜਾਂ ਜੁਗਾੜ ਨਾਲ ਕਣਕ ਦਾ ਨਵਾਂ ਨਿਕਲਿਆ ਬੀ ਮਿਲਦਾ ਹੈ, ਪ੍ਰੋਫ਼ੈਸਰ ਲੱਗਿਆ ਹੋਣ ਦੇ ਬਾਵਜੂਦ ਬੋਰੀ ਸਿਰ ਉੱਤੇ ਚੁੱਕ ਲਿਆਉਂਦਾ ਹੈ। ਗੱਲ ਕੀ, ਜਿੰਨਾ ਇਹ ਆਪ ਅੱਗੇ ਵਧਦਾ ਹੈ, ਆਪਣੇ ਨਾਂ ਦੀ ਲਾਜ ਪਾਲਦਿਆਂ ਸਰਵਣ-ਪੁੱਤ ਬਣ ਕੇ ਨਾਲੋ-ਨਾਲ ਘਰ-ਪਰਿਵਾਰ ਨੂੰ ਵੀ Eਨਾ ਹੀ ਅੱਗੇ ਵਧਾਉਂਦਾ ਜਾਂਦਾ ਹੈ।
ਟੱਬਰਦਾਰੀ ਇਹਦੀ ਰਹਿਤਲ ਵਿਚ ਇਉਂ ਰਚੀ-ਵਸੀ ਹੋਈ ਹੈ ਕਿ ਜਦੋਂ ਆਉਂਦਾ ਹੈ, ਮੈਨੂੰ ਇਹ ਸਦਾ ਹੀ ਦੋਸਤ-ਮਿੱਤਰ ਨਾਲੋਂ ਵਧ ਕੇ ਸਾਡੇ ਵਡੇਰੇ ਪਰਿਵਾਰ ਦਾ ਇਕ ਜੀਅ, ਇਕ ਸਕਾ-ਸੰਬੰਧੀ ਲਗਦਾ ਹੈ। ਸਾਡੀ ਪਹਿਲੀ ਉਮਰੇ ਜਦੋਂ ਕੋਈ ਸਕਾ-ਸੰਬੰਧੀ ਆਉਂਦਾ, ਘਰ ਦੇ ਇਕ-ਇਕ ਜੀਅ ਦੀ ਸੁੱਖ-ਸਾਂਦ ਤੋਂ ਤੁਰ ਕੇ ਚਾਚਿਆਂ-ਤਾਇਆਂ ਦੇ ਪਰਿਵਾਰਾਂ ਵਿਚੋਂ ਦੀ ਹੁੰਦਾ ਹੋਇਆ ਮੱਝਾਂ, ਗਊਆਂ, ਬਲ੍ਹਦਾਂ, ਬੋਤਿਆਂ ਦਾ ਹਾਲ-ਚਾਲ ਪੁਛਦਿਆਂ ਇਕ-ਇਕ ਖੇਤ ਦੀ ਫ਼ਸਲ-ਬਾੜੀ ਤੱਕ ਜਾ ਪੁਜਦਾ। ਸਰਵਣ ਜਦੋਂ ਆਉਂਦਾ ਹੈ, ਉਹੋ ਜਿਹਾ ਸਕਾ-ਸੰਬੰਧੀ ਬਣ ਕੇ ਆਉਂਦਾ ਹੈ। ਕਿਹੜਾ ਬੱਚਾ ਕਿਥੇ ਹੈ ਤੇ ਕੀ ਕਰ ਰਿਹਾ ਹੈ! ਮੇਰੀ ਸਰੀਰਕ ਤੇ ਕਲਮੀ ਸਿਹਤ ਕਿਵੇਂ ਹੈ! ਤੇ ‘ਭੈਣ ਜੀ’ ਦੇ ਜਾਣ ਬਾਅਦ ਮੈਨੂੰ ਬਣੀ ਮੁਸ਼ਕਿਲ ਨੂੰ ਮਹਿਸੂਸ ਕਰਦਾ ਹੈ! ਉਨ੍ਹਾਂ ਭਲੇ ਵੇਲਿਆਂ ਵਿਚ ਤੁਰਨ ਲੱਗੇ ਰਿਸ਼ਤੇਦਾਰ ਮੇਰੇ ਵਰਗੇ ਵੱਲ ਹੱਥ ਕਰ ਕੇ ਆਖਦੇ, ਇਹਨੂੰ ਮੈਂ ਲੈ ਜਾਨਾਂ, ਦਸ-ਵੀਹ ਦਿਨ ਮਸਤੀ ਮਾਰ ਆਊ! ਇਕ ਵਾਰ ਇਹ ਆਇਆ ਤਾਂ ਮੇਰਾ ਬੇਟਾ ਬਚਪਨ ਵਿਚੋਂ ਨਿੱਕਲ ਕੇ ਜਵਾਨੀ ਦੀ ਦਿਹਲੀ ਉੱਤੇ ਖੜ੍ਹਾ ਸੀ। ਇਹ ਪੂਰੀ ਸੁਹਿਰਦਤਾ ਨਾਲ ਬੋਲਿਆ, “ਜਦੋਂ ਛੁੱਟੀਆਂ ਹੋਈਆਂ, ਇਹਨੂੰ ਦੋ ਕੁ ਮਹੀਨੇ ਮੈਂ ਲੈ ਜਾਊਂ। ਨਾਲੇ ਤਾਂ ਇਹਦਾ ਮਾਹੌਲ ਬਦਲ ਜਾਊ, ਨਾਲੇ ਮੈਂ ਇਹਨੂੰ ਕਸਰਤਾਂ ਸਿਖਾ ਦੇਊਂ। ਏਸ ਉਮਰ ਵਿਚ ਇਹਦੇ ਬਹੁਤ ਕੰਮ ਆਉਣਗੀਆਂ। ਸਰੀਰ ਵੀ ਗੁੰਦਵਾਂ ਹੋ ਜਾਊ, ਦਮ ਵੀ ਪੱਕ ਜਾਊ। ਅੱਗੇ ਨੂੰ ਉਹੋ ਕਸਰਤਾਂ ਕਰਦਾ ਰਹੇ, ਫੇਰ ਇਹ ਸਰੀਰਕ ਪੱਖੋਂ ਕਦੇ ਮਾਰ ਨਹੀਂ ਖਾਂਦਾ!”
ਇਹਨੇ ਖੇਡਾਂ ਤੇ ਖਿਡਾਰੀਆਂ ਬਾਰੇ ਤਾਂ ਰੱਜ ਕੇ ਲਿਖਿਆ ਹੀ ਹੈ, ਕਹਾਣੀਆਂ ਤੋਂ ਤੁਰ ਕੇ ਸਵੈਜੀਵਨੀ, ਜੀਵਨੀਆਂ, ਸਫ਼ਰਨਾਮੇ, ਹਾਸ-ਵਿਅੰਗ, ਕਲਮੀ ਚਿਤਰਾਂ, ਯਾਦਾਂ ਅਤੇ ਪੇਂਡੂ ਲੋਕਾਂ ਤੇ ਪੇਂਡੂ ਜੀਵਨ ਬਾਰੇ ਲੇਖਾਂ ਦੀ ਵੀ ਛਹਿਬਰ ਲਾ ਦਿੱਤੀ ਹੈ। ਹੁਣ ਆਪਣੇ ਮੁੱਢਲੇ ਆਲੋਚਕ ਉੱਤੇ ਵਿਅੰਗ ਕਰਦਾ ਹੋਇਆ ਆਖਦਾ ਹੈ, ਸ਼ਾਇਦ ‘ਸਾਹਿਤਕਾਰ’ ਬਣਨ ਲਈ ਨਾਵਲ-ਕਹਾਣੀਆਂ ਲਿਖਣ ਲਈ ਵੀ ਕਲਮ ਅਜ਼ਮਾ ਲਵਾਂ। ਮੈਨੂੰ ਲੱਗਿਆ, ਦੁਬਾਰਾ ਨਾਵਲ-ਕਹਾਣੀਆਂ ਲਿਖਣ ਦੀ ਗੱਲ ਕਰ ਕੇ ਇਹ ਐਵੇਂ ਸਾਨੂੰ, ਆਪਣੇ ਹਾਣੀ ਕਹਾਣੀਕਾਰਾਂ ਨੂੰ ਵੰਗਾਰਦਾ-ਡਰਾਉਂਦਾ ਹੈ।
ਸਰਵਣ ਸਿੰਘ ਮੈਥੋਂ ਪੂਰੇ 3 ਸਾਲ, 3 ਮਹੀਨੇ ਤੇ 3 ਹਫ਼ਤੇ ਛੋਟਾ ਹੈ। ਕਹਾਵਤ ਹੈ, “ਮਰਦ ਤੇ ਘੋੜੇ ਬੁੜ੍ਹੇ ਨਾ ਹੁੰਦੇ, ਜਿਉਂ-ਜਿਉਂ ਮਿਲਣ ਖ਼ੁਰਾਕਾਂ!” ਇਸ ਨੂੰ ਨਾ ਤਾਂ ਸਰੀਰਕ ਖ਼ੁਰਾਕ ਦਾ ਘਾਟਾ ਹੈ, ਨਾ ਮਾਨਸਿਕ ਚੈਨ ਦਾ ਤੇ ਨਾ ਹੀ ਰੂਹਾਨੀ ਰੱਜ ਦਾ! ਸੁੱਖ ਨਾਲ ਉਮਰ ਨਾਲੋਂ ਤਕੜਾ ਪਿਆ ਹੈ। ਜੇ ਕਿਤੇ ਦਾੜ੍ਹੀ ਰੰਗ ਲਵੇ, ਪਚਵੰਜਾ ਦਾ ਲੱਗੇ। ਅਜੇ ਇਹਨੇ ਲੰਮੀ ਉਮਰ ਮਾਣਨੀ ਹੈ ਤੇ ਬਹੁਤ ਕੁਝ ਹੋਰ ਲਿਖਣਾ ਹੈ। ਇਹਦੀ ਲੰਮੀ ਉਮਰ ਦਾ ਕਾਰਨ ਇਹ ਵੀ ਹੈ ਕਿ ਜਦੋਂ ਲੋੜ ਪਈ, ਰੱਬ ਦੇ ਉਮਰ-ਵਧਾਊ ਦਫ਼ਤਰ ਵਿੱਚ ਜਾਵੇਗਾ ਅਤੇ ਇਕ ਬੰਦੇ ਨੂੰ ਕਣਕ ਦਾ ਇਕ ਥੈਲੀ ਮਿਲਣ ਵਾਲਾ ਬੀ ਕਈ-ਕਈ ਥੈਲੀਆਂ ਲੈ ਆਉਣ ਵਾਲਾ ਗੁਰ ਵਰਤੇਗਾ। ਕਹੇਗਾ, “ਭੁੱਲਰ ਤੋਂ ਵੱਧ 3 ਸਾਲ, 3 ਮਹੀਨੇ ਤੇ 3 ਹਫ਼ਤੇ ਤਾਂ ਮੇਰੇ ਵੈਸੇ ਹੀ ਬਣਦੇ ਹਨ, ਐਹ ਤਿੰਨਾਂ ਤੀਆਂ ਵਿਚੋਂ ਸਾਲਾਂ ਵਾਲੇ ਤੀਏ ਨਾਲ ਬੱਸ ਇੱਕ ਤੀਆ ਹੋਰ ਪਾ ਦਿਉ!” ਤੇ ਫੇਰ ਕਣਕ ਦੇ ਬੀ ਦੀਆਂ ਵੱਧ ਥੈਲੀਆਂ ਵਾਲੇ ਲੇਖ ਵਾਂਗ ਇਹ ਇਕ ਲੇਖ ਉਮਰ ਦੇ ਇਸ ਵਧੀਕ ਲੁਆਏ ਹੋਏ ਤੀਏ ਬਾਰੇ ਵੀ ਜ਼ਰੂਰ ਲਿਖੇਗਾ!