ਮੇਜਰ ਮਾਂਗਟ
ਫੋਨ: +1-905-796-9797
ਬਰੈਂਪਟਨ (ਕੈਨੇਡਾ) ਵੱਸਦੇ ਕਹਾਣੀਕਾਰ ਮੇਜਰ ਮਾਂਗਟ ਦੀ ਕਹਾਣੀ ‘ਸ਼ਾਂਤੀ ਬਹਾਲ’ ਅੱਜ ਦੇ ਉਸ ਮਨੁੱਖ ਦੀ ਕਹਾਣੀ ਹੈ ਜੋ ਦੋ ਨਹੀਂ, ਅਣਗਿਣਤ ਪੁੜਾਂ ਵਿਚਕਾਰ ਪੀਸਿਆ ਜਾ ਰਿਹਾ ਹੈ। ਇਹ ਅਸਲ ਵਿਚ ਅੱਜ ਦੇ ਮਨੁੱਖ ਦੀ ਤ੍ਰਾਸਦੀ ਹੈ ਕਿ ਸਿਆਸਤ ਦੀ ਸੱਤਾ ਦੀ ਭੁੱਖ ਉਸ ਨੂੰ ਲਗਾਤਾਰ ਨਪੀੜ ਰਹੀ ਹੈ।
“ਵਿਚ ਕੰਟਰੀ ਯੂ ਫਰੌਮ?” ਮੈਂ ਨੋਲਾ ƒ ਪੁੱਛਿਆ।
“ਸਾਊਥ ਕੋਰੀਆ।”
ਤੇਫੇਰ ਉਹ ਆਪਣਾ ਪਿਛੋਕੜ ਦੱਸਣ ਲੱਗ ਪਿਆ। ਉਸਦਾ ਦਾਦਾ ਕੋਈ ਪੰਜਾਹ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ। ਇਹ ਉਸ ਨਾਲ ਮੇਰੀ ਪਹਿਲੀ ਗੱਲਬਾਤ ਸੀ। ਮਿਲਦੇ ਤਾਂ ਅਸੀਂ ਇਕ ਸਾਲ ਤੋਂ ਆ ਰਹੇ ਸਾਂ ਪਰ ਕਦੇ ਗੱਲਬਾਤ ਨਹੀਂ ਸੀ ਹੋਈ।
“ਸਕਿਉਰਟੀ ਦੀ ਜੌਬ ਕਿੰਨੀ ਦੇਰ ਕੀਤੀ?” ਮੈਂ ਉਸ ƒ ਅਗਲਾ ਸਵਾਲ ਪੁੱਛਿਆ।
“ਟੂ ਈਅਰਜ਼।”
ਮੈਂ ਜਿੰਨਾ ਕੁ ਸਵਾਲ ਪੁੱਛਦਾ, ਉਹ ਉਨਾ ਕੁ ਜਵਾਬ ਦੇ ਦਿੰਦਾ। ਪਿਛਲੇ ਸਾਲ ਉਹ ਕਾਸਟਾ ਅਤੇ ਗਾਰਡਾ, ਦੋਨੋਂ ਮਸ਼ਹੂਰ ਸਕਿਉਰਟੀ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਸੀ ਜਿਨ੍ਹਾਂ ਕੋਲ ਟੋਰਾਂਟੋ ਦੇ ਪੀਅਰਸਨ ਅੰਤਰਾਸ਼ਟਰੀ ਹਵਾਈ ਅੱਡੇ ƒ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸੀ। ਕੁੱਝ ਸਮਾਂ ਉਸਦੀ ਡਿਊਟੀ ਗੇਟ ਨੰਬਰ 315 ‘ਤੇ ਸੀ ਜਿੱਥੋਂ ਅਕਸਰ ਅਸੀਂ ਲੰਘਦੇ ਸੀ। ਮੇਰੀ ਉਸ ਨਾਲ ਜਾਣ ਪਛਾਣ ਹੋ ਗਈ ਸੀ।
ਮੈਂ ਜਾਣਿਆ ਕਿ ਨੋਲਾ ਹੁਕਮ ਵਿਚ ਰਹਿਣ ਵਾਲਾ ਬੰਦਾ ਹੈ, ਕਾਇਦੇ ਕਾƒਨ ਦੀ ਪਾਲਣਾ ਕਰਨ ਵਾਲਾ। ਜਦੋਂ ਦਾ ਉਹ ਸਾਡੀ ਕੰਪਨੀ ਵਿਚ ਆਇਆ ਸੀ, ਏਥੇ ਵੀ ਉਸਦੇ ਉਹ ਹੀ ਅਸੂਲ ਸਨ। ਨਾ ਤਾਂ ਉਹ ਕੰਮ ‘ਤੇ ਕਦੇ ਲੇਟ ਹੁੰਦਾ ਤੇ ਨਾ ਹੀ ਕੰਮ ਤੋਂ ਜੀਅ ਚੁਰਾਉਂਦਾ। ਕੰਮ ‘ਤੇ ਵਾਧੂ ਗੱਲਾਂ ਕਰਨੀਆਂ ਜਾਂ ਫੋਨ ਦੇਖੀ ਜਾਣਾ ਵੀ ਉਸ ƒ ਚੰਗਾ ਨਹੀਂ ਸੀ ਲੱਗਦਾ।
ਹੁਣ ਏਅਰ ਕਰਾਫਟ ਮੇਨਟੀਨੈਂਸ ਵਿਭਾਗ ਵਿਚ ਉਸਦੀ ਪ੍ਰੋਬੇਸ਼ਨ ਪੂਰੀ ਹੋ ਚੁੱਕੀ ਸੀ। ਮਕੈਨੀਕਲ ਬੈਕਰਾਊਂਡ ਹੋਣ ਕਾਰਨ ਹੀ ਉਹ ਮੇਨਟੀਨੈਂਸ ਵਿਚ ਆਇਆ ਸੀ। ਤੇ ਹੁਣ ਉਸ ƒ ਆਪ ਵੀ ਉਸੇ ਸਕਿਉਰਟੀ ਵਿਚੋਂ ਲੰਘਣਾ ਪੈਂਦਾ ਸੀ। ਉਸ ਦੀ ਟੀਮ ਮੇਰੇ ਨਾਲ ਬਣੀ ਸੀ। ਹੌਲ਼ੀ ਹੌਲ਼ੀ ਉਹ ਮੇਰੇ ਨਾਲ ਖੁੱਲ੍ਹਣ ਲੱਗ ਪਿਆ।
“ਅਮਰੀਕਾ ਆਉਣਾ ਕਿਵੇਂ ਹੋਇਆ ਸੀ?” ਇਕ ਦਿਨ ਮੈਂ ਉਤਸੁਕਤਾ ਨਾਲ ਪੁੱਛਿਆ।
ਜਦੋਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਲੜ ਰਹੇ ਸਨ ਤਾਂ ਵੱਡੀਆਂ ਤਾਕਤਾਂ ਵੀ ਧਿਰ ਬਣ ਗਈਆਂ ਸਨ। ਉਦੋਂ ਅਮਰੀਕਾ ਦੱਖਣੀ ਕੋਰੀਆ ਨਾਲ ਖੜ੍ਹ ਗਿਆ। ਮੇਰੇ ਪਿਤਾ ƒ ਉਦੋਂ ਅਮਰੀਕਨ ਫੌਜਾਂ ਨਾਲ ਮਿਲ ਕੇ ਕੰਮ ਕਰਨਾ ਪਿਆ ਸੀ। ਉਦੋਂ ਹੀ ਇਕ ਅਮਰੀਕਨ ਨੇਵੀ ਕਮਾਂਡਰ ਨੇ ਮੇਰੇ ਪਿਤਾ ƒ ਅਮਰੀਕਾ ਆ ਕੇ ਵਸਣ ਦੀ ਸਲਾਹ ਦਿੱਤੀ ਸੀ। ਤੇ ਫੇਰ ਉਹ ਜੰਗਬੰਦੀ ਤੋਂ ਬਾਅਦ ਪਰਿਵਾਰ ਸਮੇਤ ਅਮਰੀਕਾ ਆ ਗਿਆ ਸੀ।
“ਫੇਰ ਕੈਨੇਡਾ ਕਦੋਂ ਆਇਆ?” ਮੈਂ ਅਗਲਾ ਸਵਾਲ ਕਰ ਦਿੱਤਾ।
“ਮੇਰੀ ਪੜ੍ਹਾਈ ਤਾਂ ਮਕੈਨੀਕਲ ਇੰਜਨੀਅਰਿੰਗ ਦੀ ਹੈ ਪਰੰਤੂ ਮੈਂ ਕਈ ਸਾਲ ਯੂਨਾਈਟਿਡ ਨੇਸ਼ਨ ਨਾਲ ਪੀਸ ਕੀਪਰ ਦੀ ਜੌਬ ਕਰਦਾ ਰਿਹਾ ਹਾਂ। ਫੇਰ ਦਿਮਾਗ਼ੀ ਪਰੇਸ਼ਾਨੀ ਕਾਰਨ ਇਹ ਜੌਬ ਮੈƒ ਛੱਡਣੀ ਪੈ ਗਈ। ਕੈਨੇਡਾ ਆਉਣ ਦਾ ਇਕ ਕਾਰਨ ਇਹ ਵੀ ਸੀ।
ਕੁੱਝ ਦੇਰ ਰੁਕ ਕੇ ਉਹ ਫੇਰ ਬੋਲਿਆ, “ਅਮਰੀਕਾ ਰਹਿੰਦਿਆਂ ਮੈƒ ਬਹੁਤ ਬੇਚੈਨੀ ਹੋਣ ਲੱਗ ਪਈ ਸੀ, ਮੈਂ ਡੀਪਰੈਸ਼ਨ ਵਿਚ ਚਲਾ ਗਿਆ ਸਾਂ। ਡਾਕਟਰ ਨੇ ਕਿਹਾ ਸੀ ਕਿ ਮੈਂ ਜਗ੍ਹਾ ਬਦਲ ਲਵਾਂ। ਮੇਰੇ ਲਈ ਜਾਂ ਸਾਊਥ ਕੋਰੀਆ ਜਾ ਕੇ ਵਸਣ ਦਾ ਰਾਹ ਸੀ, ਤੇ ਜਾਂ ਕੈਨੇਡਾ। ਉਦੋਂ ਹੀ ਮੈਂ ਕੈਨੇਡਾ ਵਾਸਤੇ ਵਰਕ ਪਰਮਿਟ ਲਈ ਅਪਲਾਈ ਕਰ ਦਿੱਤਾ ਜੋ ਮੈਨੂੰ ਉਸੇ ਸਾਲ ਮਿਲ ਗਿਆ। ਤੇ ਬੱਸ ਮੈਂ ਕੈਨੇਡਾ ਆ ਗਿਆ।”
ਮੈਂ ਮਹਿਸੂਸ ਕੀਤਾ ਕਿ ਨੋਲਾ ਗੱਲਾਂ ਕਰਦਾ ਕਰਦਾ, ਅਜੇ ਵੀ ਕਦੇ ਕਦੇ ਤਣਾਅ ਵਿਚ ਆ ਜਾਂਦਾ ਹੈ। ਮੈƒ ਲੱਗਿਆ ਕਿ ਕੁੱਝ ਗੱਲਾਂ ਉਹ ਮੇਰੇ ਤੋਂ ਲੁਕਾ ਰਿਹਾ ਏ। ਗੱਲਾਂ ਕਰਦਾ ਕਰਦਾ ਉਹ ਚੁੱਪ ਕਰ ਜਾਂਦਾ, ਜਿਵੇਂ ਕੁੱਝ ਕਹਿਣ ਤੋਂ ਡਰਦਾ ਹੋਵੇ। ਇਕ ਦਿਨ ਤਾਂ ਉਹ ਕਹਿ ਹੀ ਬੈਠਿਆ ਕਿ ਪੀਸ ਕੀਪਰ ਦੀ ਨੌਕਰੀ ਸਮੇਂ ਉਸ ਦੀ ਤਾਇਨਾਤੀ ਇਰਾਕ ਅਤੇ ਅਫਗ਼ਾਨਿਸਤਾਨ ਵਿਚ ਵੀ ਰਹੀ ਹੈ, ਤਾਂ ਮੇਰੇ ਕੰਨ ਖੜ੍ਹੇ ਹੋ ਗਏ। ਉਸ ਦੇ ਅੰਦਰੋਂ ਬਹੁਤ ਕੁੱਝ ਕਢਵਾਇਆ ਜਾ ਸਕਦਾ ਸੀ। ਉਸ ਦੇ ਅੰਦਰ ਢੇਰਾਂ ਦੇ ਢੇਰ ਘਟਨਾਵਾਂ ਹੋਣਗੀਆਂ ਜੋ ਉਸ ƒ ਪਰੇਸ਼ਾਨ ਕਰੀ ਰੱਖਦੀਆਂ। ਨੋਲਾ ਦੇ ਬਦਲਦੇ ਵਰਤਾਰਿਆਂ ƒ ਸਮਝਣ ਲਈ ਮੈਂ ਉਸਦੇ ਅੰਦਰ ਉੱਤਰਨ ਦਾ ਫੈਸਲਾ ਕੀਤਾ। ਫੇਰ ਹੌਲ਼ੀ ਹੌਲ਼ੀ ਉਸ ਦੇ ਮਨ ƒ ਸੰਨ੍ਹ ਲਾਉਣ ਵਿਚ ਸਫਲ ਵੀ ਹੋ ਗਿਆ।
“ਮੇਰਾ ਪਿਤਾ ਕੋਰੀਅਨ ਫੌਜ ਵਿਚ ਸਾਰਜੈਂਟ ਸੀ। ਜਦੋਂ ਸੰਨ 1950 ਵਿਚ ਯੈਲੋ ਸੀਅ ਕਿਨਾਰੇ, ਕੋਰੀਅਨ ਪੈਨਸੂਆਲਾ ‘ਤੇ 25 ਜੂਨ ਤੋਂ 27 ਜੁਲਾਈ ਤਕ ਲਗਭਗ ਇਕ ਮਹੀਨਾ ਘਮਸਾਣ ਦੀ ਲੜਾਈ ਹੋਈ ਤਾਂ ਉਹ ਅਮਰੀਕਨ ਫੌਜਾਂ ਨਾਲ ਮਿਲ ਕੇ ਬਾਗ਼ੀਆਂ ਖਿਲਾਫ ਲੜਿਆ। ਉਸ ƒ ਅਮਰੀਕਾ ਨੇ ਕਈ ਸਨਮਾਨਾਂ ਨਾਲ ਨਿਵਾਜਿਆ ਤੇ ਅਮਰੀਕਾ ਵਸਣ ਦੀ ਪੇਸ਼ਕਸ਼ ਕੀਤੀ। ਜਦੋਂ ਕੋਰੀਆ ਦੋ ਭਾਗਾਂ ਵਿਚ ਵੰਡਿਆ ਗਿਆ ਤਾਂ ਮੇਰੇ ਪਿਤਾ ਨੇ ਫੌਜ ਛੱਡ ਕੇ ਅਮਰੀਕਾ ਵਸਣ ਦਾ ਮਨ ਬਣਾ ਲਿਆ।”
ਉਹ ਮੈƒ ਆਪਣੀ ਕਹਾਣੀ ਸੁਣਾਉਂਦਾ ਰਿਹਾ। ਜਦੋਂ ਵੀ ਵਕਤ ਮਿਲਦਾ ਤਾਂ ਉਹ ਅਗਲੀ ਕੜੀ ਜੋੜ ਲੈਂਦਾ।
“ਮੈਂ ਤਿੰਨ ਭਰਾਵਾਂ ਵਿਚ ਸਭ ਤੋਂ ਛੋਟਾ ਹਾਂ। ਮੇਰਾ ਜਨਮ 1975 ਦਾ ਹੈ। ਜਦੋਂ ਮੈਂ ਵੱਡਾ ਹੋਇਆ ਤਾਂ ਮੇਰਾ ਪਿਤਾ ਚਾਹੁੰਦਾ ਸੀ ਕਿ ਮੈਂ ਅਮਰੀਕਨ ਫੌਜ ਵਿਚ ਭਰਤੀ ਹੋ ਜਾਵਾਂ ਤੇ ਮੈƒ ਵੀ ਠੀਕ ਲੱਗਿਆ। ਸਾਲ 1995 ਵਿਚ ਮੈਂ ਅਮਰੀਕਨ ਫੌਜ ਵਿਚ ਭਰਤੀ ਹੋ ਗਿਆ। ਟ੍ਰੇਨਿੰਗ ਲਈ ਅਤੇ ਹਥਿਆਰ ਚਲਾਉਣੇ ਸਿੱਖੇ। ਫੇਰ ਮੈਂ ਹੁਕਮ ਵਿਚ ਬੱਝਾ ਸੈਨਿਕ ਬਣ ਗਿਆ। ਮੇਰਾ ਪਿਤਾ ਤਾਂ ਬਹੁਤ ਖੁਸ਼ ਸੀ ਪਰ ਮਾਂ ਨਹੀਂ ਸੀ ਚਾਹੁੰਦੀ ਕਿ ਮੈਂ ਫੌਜ ਵਿਚ ਜਾਵਾਂ। ਮਾਂ ਦਾ ਦਿਹਾਂਤ ਸੰਨ 2000 ਵਿਚ ਹੋ ਗਿਆ ਜੋ ਮੇਰੇ ਲਈ ਪਹਿਲੀ ਵੱਡੀ ਸੱਟ ਸੀ।”
ਮੈਂ ਉਸ ਦੀਆਂ ਗੱਲਾਂ ਦੇ ਹੁੰਗਾਰੇ ਭਰਦਾ ਤੇ ਮਨ ‘ਚੋਂ ਉੱਠਦੇ ਸਵਾਲ ਰੱਖਦਾ।
“ਜਦੋਂ ਸੰਨ 2001 ਵਿਚ ਟਵਿੱਨ ਟਾਵਰਾਂ ‘ਤੇ ਹਮਲਾ ਹੋਇਆ ਤੇ ਹਜ਼ਾਰਾਂ ਲੋਕ ਮਾਰੇ ਗਏ, ਉੱਥੇ ਜੋ ਨੈਸ਼ਨਲ ਗਾਰਡ ਮਦਦ ਲਈ ਭੇਜੇ ਗਏ, ਉਨ੍ਹਾਂ ਵਿਚ ਮੈਂ ਵੀ ਸੀ। ਅਸੀਂ ਮਲਬੇ ਹੇਠ ਦੱਬੀਆਂ ਲਾਸ਼ਾਂ ਕੱਢਦੇ ਰਹੇ। ਲੋਕਾਂ ਦਾ ਦਰਦ ਧੁਰ ਅੰਦਰ ਤਕ ਚੀਰ ਗਿਆ। ਮੇਰਾ ਮਨ ਪਸੀਜਿਆ ਗਿਆ। ਕਈ ਵਾਰ ਮੇਰੀਆਂ ਭੁੱਬਾਂ ਨਿੱਕਲ ਜਾਂਦੀਆਂ। ਆਫੀਸਰ ਕਹਿੰਦੇ, ਸੈਨਿਕ ƒ ਭਾਵੁਕ ਨਹੀਂ ਹੋਣਾ ਚਾਹੀਦਾ, ਇਹ ਉਸਦੀ ਕਮਜ਼ੋਰੀ ਹੁੰਦਾ ਹੈ।” ਇਹ ਦੱਸਦਾ ਨੋਲਾ ਅੱਖਾਂ ਵੀ ਭਰ ਲੈਂਦਾ।
“ਮੈਂ ਸਕੂਲ ਤੋਂ ਹੀ ਵਲੰਟੀਅਰ ਵਰਕ ਕਰਦਾ ਰਿਹਾ ਹਾਂ। ਜਦੋਂ ਯੂਨੈਸਕੋ ਨੇ ਦੁਨੀਆ ਭਰ ਤੋਂ ਪੀਸ ਕੀਪਰ ਲੈਣੇ ਸਨ ਤਾਂ ਆਪਣੀ ਯੁੂਨਿਟ ਵਿਚੋਂ ਮੈਂ ਵੀ ਅਪਲਾਈ ਕਰ ਦਿੱਤਾ ਤੇ ਸਿਲੈਕਟ ਹੋ ਗਿਆ। ਬੱਸ ਫੇਰ ਮੇਰਾ ਅਗਲਾ ਜੀਵਨ ਯੂਨੈਸਕੋ ਦੇ ਪੀਸ ਕੀਪਰ ਵਜੋਂ ਕਈ ਦੇਸ਼ਾਂ ਵਿਚ ਗੁਜ਼ਰਿਆ। ਮੈਂ ਖੁਸ਼ ਸਾਂ, ਨਵੇਂ ਚੈਲੰਿਜ ਜ਼ਰੂਰ ਸਨ ਪਰ ਨਵੇਂ ਅਨੁਭਵ ਵੀ ਸਨ। ਕੋਈ ਪੱਕਾ ਠਿਕਾਣਾ ਨਹੀਂ ਸੀ। ਤੇ ਫੇਰ ਸਾƒ ਨਾਟੋ ਫੌਜਾਂ ਨਾਲ ਜੋੜ ਦਿੱਤਾ ਗਿਆ।”
“ਇਹ ਨਾਟੋ ਸੈਨਾਵਾਂ ਕੀ ਹੁੰਦੀਆਂ ਨੇ?” ਮੈਂ ਅਗਲਾ ਪ੍ਰਸ਼ਨ ਕੀਤਾ।
‘ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ’ ਇਸਦਾ ਪੂਰਾ ਨਾਂ ਹੈ। ਇਸ ਵਿਚ ਉੱਤਰੀ ਅਮਰੀਕਾ ਤੋਂ ਇਲਾਵਾ ਯੂਰਪ ਦੇ ਉਣੱਤੀ ਦੇਸ਼ ਸ਼ਾਮਲ ਨੇ। ਜਦੋਂ ਇਨ੍ਹਾਂ ਦੇਸ਼ਾਂ ਵਿਚੋਂ ਕਿਸੇ ‘ਤੇ ਵੀ ਬਿਪਤਾ ਪੈਂਦੀ ਹੈ, ਜਾਂ ਕਿਸੇ ‘ਤੇ ਕੋਈ ਹਮਲਾ ਹੋ ਜਾਂਦਾ ਹੈ ਤਾਂ ਇਹ ਸਾਰੇ ਦੇਸ਼ ਇਕੱਠੇ ਹੋ ਕੇ ਕਾਰਵਾਈ ਕਰਦੇ ਨੇ। ਅਗਰ ਕੋਈ ਦੇਸ਼ ਯੂ.ਐੱਨ.E. ਦੇ ਨਿਯਮਾਂ ਦੀ ਉਲੰਘਣਾ ਕਰੇ ਜਾਂ ਦੂਸਰੇ ਦੇਸ਼ਾਂ ਲਈ ਖਤਰਾ ਬਣੇ, ਤਾਂ ਵੀ ਨਾਟੋ ਸੈਨਾਵਾਂ ਉਸ ਦੇਸ਼ ਦੇ ਖਿਲਾਫ ਕਾਰਵਾਈ ਕਰਦੀਆਂ ਨੇ।” ਉਸ ਨੇ ਮੈƒ ਵਿਸਥਾਰ ਨਾਲ ਦੱਸਿਆ।
ਵਿਸ਼ਾ ਦਿਲਚਸਪ ਸੀ। ਉਸ ਦੀਆਂ ਗੱਲਾਂ ਸੁਣ ਕੇ ਮੇਰੀ ਦਿਲਚਸਪੀ ਹੋਰ ਵੀ ਵਧ ਗਈ। ਉਸ ਦੀਆਂ ਦੋ ਬੇਟੀਆਂ ਤੇ ਪਤਨੀ ਸੀ। ਸਕਿਉਰਟੀ ਕਰਮਚਾਰੀਆਂ ਵਿਚ ਉਹ ਸਭ ਤੋਂ ਵੱਖਰਾ ਸੀ, ਹੱਸਮੁੱਖ ਅਤੇ ਸਲੀਕੇ ਨਾਲ ਪੇਸ਼ ਆਉਣ ਵਾਲਾ। ਉਹ ਹੱਸਦਿਆਂ ਹੱਸਦਿਆਂ ਹੱਥ ਸਕੈਨ ਕਰਦਾ, ਮੈਟਲ ਡੀਟੈਕਟਰ ਘੁੰਮਾਉਂਦਾ। ਦੇਖਣ ƒ ਉਹ ਸਾਧਾਰਨ ਲੱਗਦਾ ਪਰ ਨਜ਼ਰਾਂ ਬਾਜ਼ ਦੀ ਅੱਖ ਵਰਗੀਆਂ। ਉਸ ਕੋਲ ਏਅਰਪੋਰਟ ਨਾਲ ਸੰਬੰਧਤ ਬਹੁਤ ਸਾਰੇ ਪਛਾਣ ਪੱਤਰ ਅਤੇ ਅਨੁਭਵ ਹੋਣ ਕਾਰਨ ਉਹ ਸਹਿਜੇ ਹੀ ਮੇਰੀ ਕੰਪਨੀ ਵਿਚ ਰੱਖਿਆ ਗਿਆ।
ਮੈਂ ਉਸ ƒ ਆਪਣੇ ਵਿਭਾਗ ਵਿਚ ਵੇਖ ਕੇ ਹੈਰਾਨ ਹੋਇਆ। ਉਹ ਤਾਂ ਮੇਰੀ ਹੀ ਟੀਮ ਵਿਚ ਆ ਗਿਆ ਸੀ। ਅਸੀਂ ਏਅਰਕਰਾਫਟ ਵਿਚ ਮੇਨਟੀਨਂੈਸ ਨਾਲ ਸੰਬੰਧਤ ਕੰਮ ਕਰਦੇ। ਜਦੋਂ ਕੋਈ ਅਸਾਈਨਮੈਂਟ ਨਾ ਹੁੰਦੀ ਜਾਂ ਬਰੇਕ ਮਿਲਦੀ ਤਾਂ ਅਸੀ ਗੱਲਾਂ ਛੇੜ ਕੇ ਬਹਿ ਜਾਂਦੇ। ਅਸੀਂ ਇਕ ਦੂਜੇ ਨਾਲ ਆਪਣਾ ਪਿਛੋਕੜ ਸਾਂਝਾ ਕਰਦੇ। ਸਾਡੇ ਵਿਸ਼ੇ ਅੰਤਰ-ਰਾਸ਼ਟਰੀ ਸਮੱਸਿਆਵਾਂ ਦੁਆਲ਼ੇ ਘੁੰਮਦੇ ਰਹਿੰਦੇ। ਕਈ ਵਾਰ ਅਸੀਂ ਦੂਸਰੇ ਮੁਲਕਾਂ ਦੀਆਂ ਗੱਲਾਂ ਕਰਦੇ। ਕਈ ਹੋਰ ਲੋਕ ਵੀ ਸਾਡੇ ਨਾਲ ਸ਼ਾਮਲ ਹੋ ਜਾਂਦੇ।
“ਫੇਰ ਮੇਰੀ ਪੋਸਟਿੰਗ ਬਗ਼ਦਾਦ ਦੀ ਹੋ ਗਈ। ਇਹ ਸਾਲ 2007 ਦੀ ਗੱਲ ਹੈ। ਸੱਦਾਮ ਹੁਸੈਨ ƒ ਫਾਂਸੀ ਚੜ੍ਹਾਇਆ ਜਾ ਚੁੱਕਾ ਸੀ। ਅਮਰੀਕਾ ਨੇ ਇਰਾਕ ‘ਤੇ ਜ਼ਬਰਦਸਤ ਹਮਲੇ ਕੀਤੇ ਸਨ। ਮਿਜ਼ਾਈਲਾਂ ਡਿੱਗਦੀਆਂ ਤਾਂ ਤੁਸੀਂ ਵੀ ਵੇਖੀਆਂ ਹੋਣਗੀਆਂ। ਇਰਾਕ ƒ ਢਾਹ ਢੇਰੀ ਕਰ ਦਿੱਤਾ ਗਿਆ ਸੀ। ਬਰਬਾਦੀ ਤੋਂ ਬਾਅਦ ਉੱਥੇ ਮੁੜ ਉਸਾਰੀ ਅਮਰੀਕਾ ਦੀ ਨਿਗਰਾਨੀ ਹੇਠ ਹੋ ਰਹੀ ਸੀ। ਯੂਨੈਸਕੋ ਨੇ ਉੱਥੇ ਪੀਸ ਕੀਪਰ ਭੇਜਣ ਦਾ ਐਲਾਨ ਕੀਤਾ ਜਿਨ੍ਹਾਂ ਵਿਚ ਮੇਰੀ ਵੀ ਚੋਣ ਹੋ ਗਈ।”
ਉਸ ਨੇ ਕੋਈ ਅਣਲਿਖਿਆ ਇਤਿਹਾਸ ਫਰੋਲ ਲਿਆ। ਅਜਿਹੀਆਂ ਕਹਾਣੀਆਂ ਕਿਤਾਬਾਂ ਜਾਂ ਟੀ.ਵੀ. ਚੈਨਲਾਂ ਤੋਂ ਨਹੀਂ ਮਿਲਦੀਆਂ।
“ਜਿਸ ਬੰਦੇ ƒ ਮੁੜ ਸੱਤਾ ਸੰਭਾਲ਼ੀ, ਉਹ ਅਮਰੀਕਾ ਦੀ ਕਠਪੁਤਲੀ ਸੀ। ਇਹ ਬੰਦਾ ਸ਼ੀਆ ਮੁਸਲਮਾਨ ਸੀ ਜਿਸ ਨੇ ਸੁੰਨੀਆਂ ƒ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ੀਆ, ਸੁੰਨੀ ਅਤੇ ਕੁਰਦਾਂ ਦੀ ਤਿਕੋਨੀ ਟੱਕਰ ਜਾਰੀ ਹੋ ਚੁੱਕੀ ਸੀ। ਪਹਿਲਾਂ ਬੰਬਾਂ ਕਾਰਨ ਤੇ ਫੇਰ ਆਤਮਘਾਤੀ ਹਮਲਿਆਂ ਕਾਰਨ ਲੋਕ ਮਰਨੇ ਸ਼ੁਰੂ ਹੋ ਗਏ। ਜਦੋਂ ਅਸੀਂ ਬਗਦਾਦ ਜਾ ਕੇ ਉੱਤਰੇ ਤਾਂ ਹਰ ਪਾਸੇ ਹੀ ਅਫਰਾ-ਤਫਰੀ ਸੀ।”
ਮੈਂ ਨੋਲਾ ਨਾਲ ਇਕ ਦਿਨ ਗੱਲ ਕਰ ਰਿਹਾ ਸੀ ਤਾਂ ਦੋ ਤਿੰਨ ਬੰਦੇ ਹੋਰ ਸਾਡੀ ਗੱਲਬਾਤ ਵਿਚ ਸ਼ਾਮਲ ਹੋ ਗਏ। ਇਕ ਔਰਤ ਪੁੱਛ ਰਹੀ ਸੀ ਕਿ”ਅਮਰੀਕਨ ਸੈਨਿਕਾਂ ਦਾ ਇਰਾਕ ਦੇ ਸਾਧਾਰਨ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਸੀ?”
ਇਸ ਪ੍ਰਸ਼ਨ ƒ ਸੁਣਦਿਆਂ ਹੀ ਨੋਲਾ ƒ ਕੰਬਣੀ ਛਿੜ ਗਈ।
“ਇਹੋ ਤਾਂ ਵਜ੍ਹਾ ਸੀ ਕਿ ਮੈƒ ਪੀਸ ਕੀਪਰ ਦੀ ਨੌਕਰੀ ਛੱਡਣੀ ਪਈ।”
ਉਹਨੇ ਜ਼ੋਰਦਾਰ ਮੁੱਕਾ ਸਾਹਮਣੇ ਪਏ ਟੇਬਲ ‘ਤੇ ਮਾਰਿਆ ਅਤੇ ਕਚੀਚੀ ਵੱਟੀ।
“ਜੋ ਕੁੱਝ ਤੁਹਾƒ ਦਿਖਾਇਆ ਜਾਂਦਾ ਏ, ਇਹ ਜ਼ਰਾ ਜਿੰਨਾ ਵੀ ਸੱਚ ਨਹੀਂ। ਸ਼ਾਂਤੀ ਬਹਾਲ ਕਰਨ ਗਏ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੀ ਅਸ਼ਾਂਤੀ ਭਰ ਕੇ ਮੁੜਦੇ ਨੇ।” ਉਹ ਨਮੋਸ਼ੀ ਨਾਲ ਭਰ ਗਿਆ।
“ਤੁਸੀਂ ਇਰਾਕ ਦੇ ਕਿਹੜੇ ਹਿੱਸੇ ਵਿਚ ਸੀ?” ਮੈਂ ਸਵਾਲ ਪੁੱਛਿਆ।
“ਪਹਿਲਾਂ ਕੁੱਝ ਦੇਰ ਅਸੀਂ ਬਗਦਾਦ ਰਹੇ, ਫੇਰ ਟਿਰਕਤ, ਮੌਸੂਲ ਤੇ ਸਿੰਜਰ ਵਰਗੀਆਂ ਥਾਵਾਂ ‘ਤੇ, ਜਾਂ ਤੇਲ ਭੰਡਾਰਾਂ ਦੇ ਨੇੜੇ ਸਾਡੀ ਡਿਊਟੀ ਲੱਗਦੀ ਰਹੀ।”
“ਮੁਆਫ ਕਰਨਾ ਗੱਲ ਤਾਂ ਨਿੱਜੀ ਏ… ਪਰ ਕਿਉਂ ਛੱਡ ਦਿੱਤੀ ਨੌਕਰੀ?” ਮੈਂ ਪੁੱਛਿਆ।
“ਮੈਂ ਕੁੱਝ ਸਮਾਂ ਅਫਗਾਨਸਤਾਨ ਵਿਚ ਵੀ ਰਿਹਾਂ ਤੇ ਦੋ ਸਾਲ ਇਰਾਕ ਵਿਚ ਰਿਹਾ ਹਾਂ; ਜੋ ਕੁੱਝ ਮੈਂ ਵਾਪਰਦਾ ਵੇਖਿਆ, ਉਹ ਅਣਮਨੁੱਖੀ ਸੀ। ਮੇਰੇ ਨਾਲ ਕੰਮ ਕਰਨ ਵਾਲਿਆਂ ਨੇ ਵੀ ਕਈ ਅਜਿਹੀਆਂ ਕਹਾਣੀਆਂ ਦੱਸੀਆਂ ਕਿ ਮੇਰਾ ਦਿਲ ਟੁੱਟ ਗਿਆ। ਮੇਰੇ ‘ਤੇ ਉਦਾਸੀ ਭਾਰੂ ਰਹਿਣ ਲੱਗੀ।” ਲੱਗਦਾ ਸੀ ਕਿ ਉਹ ਰੋ ਪਵੇਗਾ।
“ਮੈਂ ਅਮਰੀਕਨ ਸੈਨਿਕਾਂ ƒ ਨਾਬਾਲਿਗ਼ ਲੜਕੀਆਂ ਨਾਲ ਹਵਸ ਪੂਰੀ ਕਰਦਿਆਂ ਵੇਖਿਆ। ਉਹ ਕਿਸੇ ਵੀ ਬਾਲਿਗ਼ ਜਾਂ ਨਾਬਾਲਿਗ਼ ƒ ਆਪਣੀ ਜਿਸਮਾਨੀ ਭੁੱਖ ਦਾ ਸ਼ਿਕਾਰ ਬਣਾ ਸਕਦੇ ਸਨ। ਰੌਲ਼ਾ ਪਾਉਣ ਵਾਲੀਆਂ ƒ ਬਿਲੇ ਲਗਾ ਜੰਗ ਦੇ ਖਾਤੇ ਪਾ ਦਿੱਤਾ ਜਾਂਦਾ ਸੀ। ਨਿਰਦੋਸ਼ਾਂ ƒ ਅਤਿਵਾਦੀ ਕਹਿ ਕੇ ਮਾਰਦੇ ਰਹੇ।”
ਉਹ ਰੁਕ ਕੇ ਫੇਰ ਬੋਲਿਆ।
“ਹਰ ਤਰ੍ਹਾਂ ਦੇ ਅਤਿਵਾਦੀਆਂ ƒ ਹਥਿਆਰ ਵੀ ਸਾਡੀਆਂ ਹੀ ਏਜੰਸੀਆਂ ਜਾਂ ਸਾਡੇ ਹੀ ਏਜੰਟ ਵੇਚਦੇ ਸਨ। ਪਹਿਲਾਂ ਹਿੰਸਾ ਕਰਵਾਈ ਜਾਂਦੀ, ਫੇਰ ਤੇਲ ਭੰਡਾਰਾਂ ‘ਤੇ ਕਬਜ਼ੇ ਕੀਤੇ ਜਾਂਦੇ। ਜਾਣ ਬੁੱਝ ਕੇ ਅੱਗਾਂ ਲਗਾਈਆਂ ਜਾਂਦੀਆਂ। ਰਾਕਟ ਮਿਜ਼ਾਈਲ ਛੱਡੇ ਜਾਂਦੇ। ਮੇਰੇ ਅੰਦਰਲਾ ਮਨੁੱਖ ਮੈƒ ਲਾਹਣਤਾਂ ਪਾਉਂਦਾ।”
ਗੱਲ ਕਰਦਿਆਂ ਕਰਦਿਆਂ ਉਹ ਰੁਕ ਜਾਂਦਾ। ਟਿਸ਼ੂ ਨਾਲ ਅੱਖਾਂ ਪੂੰਝਦਾ ਤੇ ਫੇਰ ਸ਼ੁਰੂ ਹੋ ਜਾਂਦਾ।
“ਮੈਂ ਅੱਖੀਂ ਮਨੁੱਖੀ ਬੰਬ ਫਟਦੇ ਦੇਖੇ, ਗੋਲੀਆਂ ਨਾਲ ਛਲਣੀ ਹੁੰਦੇ ਸੀਨੇ ਦੇਖੇ, ਜ਼ਮੀਨਦੋਜ਼ ਵਿਸਫੋਟਿਕ ਸਮੱਗਰੀ ਦੇ ਫਟਣ ਨਾਲ ਹਵਾ ਵਿਚ ਉੱਡਦੇ ਮਨੁੱਖੀ ਚੀਥੜੇ ਦੇਖੇ। ਮੇਰਾ ਕਾਲਜਾ ਮੂੰਹ ƒ ਆਉਂਦਾ। ਆਤਮਾ ਲਾਹਣਤਾਂ ਪਾਉਂਦੀ। ਮੈਂ ਆਪਣੇ ਆਪ ƒ ਪੁੱਛਦਾ ਕਿ ‘ਤੂੰ ਕਿਹੜੀ ਸ਼ਾਂਤੀ ਬਹਾਲ ਕਰਨ ਆਇਆ ਏਂ?`”
ਐਡਮੀਰਾ ਵਿਚੋਂ ਹੀ ਬੋਲੀ,”ਸਰਬੀਆ ਵਿਚ ਵੀ ਤਾਂ ਏਹੋ ਕੁੱਝ ਹੋਇਆ ਸੀ। ਹੁਣ ਸੀਰੀਆ ਵਿਚ ਵੀ ਏਹੋ ਕੁੱਝ ਹੋ ਰਿਹਾ ਏ।”
ਮਨਰਾਜ ਦੱਸ ਰਿਹਾ ਸੀ ਕਿ ਉਸਦੇ ਦੋ ਚਾਚੇ ਸਨ, ਇਕ ਇਰਾਕ ਵਿਚ ਤੇ ਦੂਸਰਾ ਲਿਬੀਆ ਵਿਚ।
“ਦੋਨੋਂ ਚੰਗੀਆਂ ਨੌਕਰੀਆਂ ਕਰਦੇ ਸਨ ਤੇ ਚੋਖੇ ਪੈਸੇ ਪਿੱਛੇ ਭੇਜਦੇ ਸਨ। ਉਹ ਉੱਥੋਂ ਦੀ ਖੁਸ਼ਹਾਲੀ ਦੀਆਂ ਗੱਲਾਂ ਸੁਣਾਉਂਦੇ। ਜੇ ਮੁਲਕ ਖੁਸ਼ਹਾਲ ਸਨ ਤਾਂ ਹੀ ਤਾਂ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਲੋਕ ਨੌਕਰੀਆਂ ਕਰਨ ਉੱਥੇ ਜਾਂਦੇ ਸਨ…। ਉਹੀ ਸੱਦਾਮ ਹੁਸੈਨ ƒ ਹਥਿਆਰ ਦੇ ਕੇ ਅਮਰੀਕਾ ਇਰਾਨ ਦੇ ਖਿਲਾਫ ਲੜਾਉਂਦਾ ਰਿਹਾ। ਉਦੋਂ ਤਾਂ ਉਹ ਚੰਗਾ ਸੀ। ਫੇਰ ਅਜਿਹਾ ਕੀ ਹੋ ਗਿਆ ਕਿ ਉਹ ਅਮਰੀਕਾ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ?”
“ਦੇਖੋ ਜੀ, ਮੁੱਖ ਸਮੱਸਿਆ ਤਾਂ ਤੇਲ ਦੀ ਆ। ਅਮਰੀਕਾ ਆਪਣੀਆਂ ਫੌਜਾਂ ਲੈ ਕੇ ਉੱਥੇ ਹੀ ਜਾਂਦੈ ਜਿੱਥੇ ਉਹਦੇ ਹਿੱਤ ਹੋਣ। ਉਹ ਹਥਿਆਰ ਵੇਚਦਾ ਹੈ ਤੇ ਕੁਦਰਤੀ ਸਾਧਨਾਂ ƒ ਦਬੋਚਦਾ ਹੈ। ਬਹਾਨੇ ਨਾਲ ਆਪਣਾ ਪੁਰਾਣਾ ਅਸਲ੍ਹਾ ਚਲਾ ਆਉਂਦਾ ਤੇ ਖਰਚਾ ਉਸ ਦੇਸ਼ ਸਿਰ ਮੜ੍ਹਦਾ ਹੈ ਜਿਸ ਦੀ ਮਦਦ ਕਰਨ ਗਿਆ ਹੋਵੇ। ਫੇਰ ਆਪਣੀਆਂ ਸ਼ਰਤਾਂ ‘ਤੇ ਪੁੱਠੇ ਸਿੱਧੇ ਇਕਰਾਰਨਾਮੇ ਲਿਖਵਾਉਂਦਾ ਹੈ। ਇਹ ਵੀ ਨਵੀਂ ਕਿਸਮ ਦਾ ਸਾਮਰਾਜ ਹੈ।” ਰੌਬ ਕਹਿ ਰਿਹਾ ਸੀ।
“ਅਮਰੀਕਾ ਵਿਚ ਗੰਨ ਲਾਬੀ ਤੇ ਕਨਸਟਰੱਕਸ਼ਨ ਲਾਬੀ, ਦੋਨੋਂ ਭਾਰੂ ਨੇ। ਇਹ ਧਨਾਢ ਲੋਕ ਹੀ ਸਰਕਾਰਾਂ ਚੁਣਦੇ ਨੇ ਤੇ ਇਨ੍ਹਾਂ ਦਾ ਹੀ ਤੇਲ ਭੰਡਾਰਾਂ ਤੇ ਊਰਜਾ ਉੱਤੇ ਕਬਜ਼ੇ ਨੇ। ਰਾਜ ਕਰਨ ਵਾਲੇ ਤਾਂ ਇਨ੍ਹਾਂ ਦੀਆਂ ਕਠਪੁਤਲੀਆਂ ਨੇ। ਹੁਣ ਅਮਰੀਕਾ ਦੁਨੀਆ ਦਾ ਬੌਸ ਬਣਿਆ ਫਿਰਦੈ।” ਕਮਲ ਨੇ ਵੀ ਚੱਲਦੀ ਗੱਲ ਵਿਚ ਹਿੱਸਾ ਪਾ ਦਿੱਤਾ।
ਨੋਲਾ ਇਹ ਗੱਲਾਂ ਸੁਣਦਾ ਰਿਹਾ। ਮੈਂ ਉਸ ƒ ਫੇਰ ਪੁੱਛ ਲਿਆ।
“ਤੁਸੀਂ ਉੱਥੇ ਖਾਂਦੇ ਪੀਂਦੇ ਕੀ ਸੀ?”
“ਬੀਫ, ਚਿਕਨ, ਫਿਸ਼, ਗੋਟ, ਲੈਮ ਸਭ ਮਿਲਦਾ ਸੀ। ਅਸੀਂ ਲੋਕਲ ਖਾਣੇ ਵੀ ਟਰਾਈ ਕਰਦੇ ਸੀ। ਸੀਖ ਕਬਾਬ ਤੇ ਚਪਲੀ ਕਬਾਬ ਮੈƒ ਬਹੁਤ ਚੰਗੇ ਲੱਗਦੇ ਸੀ। ਚਿਕਨ ਜਾਂ ਗੋਟ ਬਰਿਆਨੀ ਵੀ ਬਣਾ ਲੈਂਦੇ ਸੀ। ਉੱਥੇ ਤਾਂ ਮੈਂ ਕੈਮਲ ਮਿਲਕ ਵੀ ਪੀਤਾ ਏ, ਤੇ ਅਰਬ ਦੀ ਸਵੀਟ ਬੁਕਲਾਵਾ ਵੀ ਖਾਧੀ ਏ।” ਹੁਣ ਉਹ ਮੁਸਕਰਾ ਰਿਹਾ ਸੀ।
“ਵੈਸੇ ਸਾਧਾਰਨ ਲੋਕ ਬੜੇ ਸਲੀਕੇ ਵਾਲੇ ਨੇ ਅਤੇ ਉਨ੍ਹਾਂ ਦਾ ਭੋਜਨ ਵੀ ਬੜਾ ਹੈਲਥੀ ਆ। ਮੈਂ ਤਾਂ ਸੁਣਿਆ ਸੀ ਕਿ ਦੁਨੀਆ ƒ ਰਹਿਣ ਦੇ ਤੌਰ ਤਰੀਕੇ ਸਿਖਾਉਣ ਵਾਲੇ ਇਹ ਹੀ ਲੋਕ ਸਨ। ਬੇਬੀਲੋਨ ਸੱਭਿਅਤਾ ਦਾ ਵਿਕਾਸ ਏਥੇ ਹੀ ਹੋਇਆ ਸੀ। ਮੈਸੋਪਟੇਮੀਆ ਦਾ ਮਤਲਬ ਵੀ ਦੋ ਦਰਿਆਵਾਂ ਵਿਚਕਾਰ ਹੈ; ਭਾਵ ਦਜ਼ਲਾ ਤੇ ਫਿਰਾਤ ਦਰਿਆਵਾਂ ਦੇ ਵਿਚਕਾਰ ਪਨਪਣ ਵਾਲੀ ਸੱਭਿਅਤਾ। ਮੇਰੀ ਤਾਂ ਡਿਊਟੀ ਵੀ ਬੇਬੀਲੋਨ ਸ਼ਹਿਰ ਵਿਚ ਰਹੀ ਹੈ। ਕਦੇ ਕਦੇ ਮੈƒ ਲੱਗਦਾ ਹੈ ਕਿ ਸਾਰਾ ਕੁੱਝ ਜਾਣ ਬੁੱਝ ਕੇ ਤਬਾਹ ਕਰ ਦਿੱਤਾ ਗਿਆ। ਇਹ ਲੜਾਈਆਂ ਕਿਸੇ ਗਹਿਰੀ ਸਾਜ਼ਿਸ਼ ਦਾ ਹੀ ਨਤੀਜਾ ਨੇ।” ਉਹ ਫਿਕਰਮੰਦੀ ਜ਼ਾਹਰ ਕਰ ਰਿਹਾ ਸੀ।
ਮੈਂ ਨੋਲਾ ƒ ਧਿਆਨ ਨਾਲ ਵੇਖਦਾ ਰਿਹਾ। ਉਹ ਲੰਬਾ ਸਮਾਂ ਉਦਾਸੀ ਰੋਗ ਦਾ ਸ਼ਿਕਾਰ ਰਿਹਾ ਸੀ। ਉਸ ਅੰਦਰਲੀਆਂ ਕੋਮਲ ਭਾਵਨਾਵਾਂ ਅਜੇ ਵੀ ਵਲੂੰਧਰੀਆਂ ਪਈਆਂ ਸਨ। ਉਸ ਦਾ ਸਭ ਕਾਸੇ ਤੋਂ ਵਿਸ਼ਵਾਸ ਉੱਠ ਚੁੱਕਾ ਸੀ। ਉਸ ਵੱਲੋਂ ਜੌਬ ‘ਤੇ ਸੁਣੀਆਂ ਹੌਲਨਾਕ ਕਹਾਣੀਆਂ ਵੀ ਉਸਦੇ ਮਨ ਵਿਚ ਘੁੰਮਦੀਆਂ ਰਹਿੰਦੀਆਂ।
ਕੰਬੋਡੀਆ, ਯਮਨ ਤੇ ਕਈ ਹੋਰ ਦੇਸ਼ਾਂ ਦੀਆਂ ਕਹਾਣੀਆਂ ਵੀ ਉਸੇ ਤਰ੍ਹਾਂ ਦੀਆਂ ਸਨ। ਔਰਤਾਂ ƒ ਪਸ਼ੂਆਂ ਵਾਂਗ ਅਗਵਾ ਕਰਕੇ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ। ਬੱਚਿਆਂ ƒ ਮਾਵਾਂ ਦੇ ਸਾਹਮਣੇ ਹੀ ਬੰਬਾਂ ਨਾਲ ਉਡਾ ਦਿੱਤਾ ਜਾਂਦਾ ਰਿਹਾ। ਘਰ ਬਾਰ ਢਹਿ ਢੇਰੀ ਕਰ ਦਿੱਤੇ ਜਾਂਦੇ ਰਹੇ। ਹੋਰ ਤਾਂ ਹੋਰ ਮਰਿਆਂ ਦੇ ਅੰਗ ਵੇਚਣ ਵਾਲੇ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਸਭ ਮਿਲੀਭੁਗਤ ਸੀ। ਪੈਸਾ ਪ੍ਰਧਾਨ ਸੀ। ਇਹ ਸੀ ਇੱਕੀਵੀਂ ਸਦੀ ਦਾ ਚਿਹਰਾ ਮੋਹਰਾ ਜੋ ਨੋਲਾ ƒ ਪਰੇਸ਼ਾਨ ਕਰੀ ਰੱਖਦਾ।
ਮੈਂ ਕੋਈ ਮਨੋਵਿਗਿਆਨਕ ਨਹੀਂ ਸੀ ਜੋ ਨੋਲਾ ƒ ਪੂਰੀ ਤਰ੍ਹਾਂ ਸਮਝ ਸਕਦਾ। ਟੋਰਾਂਟੋ ਦਾ ਪੀਅਰਸਨ ਏਅਰਪੋਰਟ ਵੀ ਗਲੋਬਲ ਹੱਬ ਸੀ। ਨਿੱਕਾ ਜਿਹਾ ਸੰਸਾਰ ਜਿੱਥੇ ਦੁਨੀਆ ਭਰ ਨਾਲ ਸੰਬੰਧਤ ਕਾਮੇ ਕੰਮ ਕਰਦੇ ਸਨ।
ਜਦੋਂ ਉਹ ਕਿਸੇ ਮੁਸਾਫਰ ƒ ਸੀਰੀਆ, ਅਫਗ਼ਾਨਸਤਾਨ ਜਾਂ ਇਰਾਕ ਤੋਂ ਆਉਂਦਾ ਵੇਖਦਾ ਤਾਂ ਇਕਦਮ ਭਾਵੁਕ ਹੋ ਜਾਂਦਾ। ਫੇਰ ਮੁਸਕਰਾਉਂਦਾ ਕਿ ਸ਼ੁਕਰ ਆ, ਇਹ ਮੌਤ ਦੇ ਮੂੰਹ ‘ਚੋਂ ਨਿਕਲ ਆਇਆ ਏ।
ਫੇਰ ਇਕ ਦਿਨ ਦੀ ਖਬਰ ਸੀ ਕਿ ਅਮਰੀਕਾ ਦੇ ਸ਼ਹਿਰ ਪੈਂਟਾਗਨ ਵਿਚ ਇਕ ਸਾਬਕਾ ਫੌਜੀ ਨੇ ਨਿਜੀ ਗੰਨ ਨਾਲ ਕੁੱਝ ਲੋਕ ਮਾਰ ਦਿੱਤੇ ਨੇ। ਅਮਰੀਕਾ ਵਿਚ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਸਨ, ਜਦੋਂ ਜੰਗਾਂ ਯੁੱਧਾਂ ਤੋਂ ਪਰਤੇ ਮਨੋਰੋਗੀ ਸੈਨਿਕਾਂ ਵੱਲੋਂ ਸਮੂਹਕ ਕਤਲੇਆਮ ਕੀਤਾ ਗਿਆ ਸੀ। ਨੋਲਾ ਕਹਿੰਦਾ ਸੀ ਕਿ ਉਹ ਵੀ ਅਜਿਹੀ ਸਥਿਤੀ ਦੇ ਨੇੜਿਉਂ ਹੀ ਪਰਤਿਆ ਹੈ। ਲੰਬਾ ਸਮਾਂ ਉਸ ਦੀ ਕੌਂਸਲੰਿਗ ਹੋਈ ਸੀ ਤੇ ਨਵਾਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ ਜਿਸ ਕਰਕੇ ਉਹ ਹੁਣ ਟੋਰਾਂਟੋ ਸੀ।
ਉਹ ਹੋਰ ਗੱਲਾਂ ਦੱਸਦਾ ਰਿਹਾ,”ਮੈਂ ਵੀ ਆਪਣੀ ਗੰਨ ਨਾਲ ਖੁਦਕਸ਼ੀ ਕਰਨ ਦੀ ਸੋਚੀ ਸੀ। ਇਹ ਇਰਾਕ ਦੀ ਗੱਲ ਆ। ਮੇਰੇ ਕਮਾਂਡਰ ƒ ਪਤਾ ਲੱਗ ਗਿਆ। ਉਸ ƒ ਇਹ ਵੀ ਡਰ ਸੀ ਕਿ ਕਿਤੇ ਮੈਂ ਆਪਣੇ ਸੈਨਿਕਾਂ ‘ਤੇ ਹੀ ਨਾ ਹਮਲਾ ਕਰ ਦੇਵਾਂ। ਮੈƒ ਤੁਰੰਤ ਰੀਹੈਵ ਵਿਚ ਭੇਜ ਦਿੱਤਾ ਤੇ ਫੇਰ ਵਾਪਸ ਅਮਰੀਕਾ ਭੇਜ ਦਿੱਤਾ। ਏਥੇ ਮੇਰੀ ਇਕ ਸਾਲ ਕੌਂਸਲੰਿਗ ਚੱਲਦੀ ਰਹੀ। ਅੰਤ ƒ ਮੈƒ ਪੈਕਿਜ ਦੇ ਕੇ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ, ਤੇ ਮੈਂ ਬਹੁਤ ਸ਼ੁਕਰ ਕੀਤਾ।”
ਉਸ ਕੋਲ਼ ਅਜੇ ਵੀ ਕੁੱਝ ਤਸਵੀਰਾਂ ਸੰਭਾਲੀਆਂ ਹੋਈਆਂ ਸਨ। ਕਿਤੇ ਉਹ ਖੰਜੂਰ ਦੇ ਰੁੱਖ ਹੇਠ ਖੜ੍ਹਾ ਸੀ ਤੇ ਕਿਤੇ ਕਿਸੇ ਊਠ ਕੋਲ਼। ਕੁੱਝ ਤਸਵੀਰਾਂ ਵਿਚ ਬੁਰਕੇ ਹਿਜਾਬ ਵਾਲੀਆਂ ਔਰਤਾਂ, ਤੇ ਕਿਤੇ ਨਿੱਕੀਆਂ ਟੋਪੀਆਂ ਤੇ ਲੰਬੀਆਂ ਦਾੜ੍ਹੀਆਂ ਵਾਲੇ ਮਰਦ ਸਨ। ਇਕ ਥਾਂ ਉਹ ਆਪ ਵੀ ਨਿੱਕੀ ਟੋਪੀ ਤੇ ਸਲਵਾਰ ਕਮੀਜ਼ ਪਹਿਨੀ ਊਠਾਂ ਦੇ ਕਾਫਲੇ ਨਾਲ ਤੁਰਿਆ ਜਾ ਰਿਹਾ ਸੀ।
ਮੈਂ ਇਕ ਦਿਨ ਫੇਰ ਉਸ ƒ ਸਵਾਲ ਕਰ ਦਿੱਤਾ, “ਕੀ ਯੂਨੈਸਕੋ ƒ ਇਹ ਜ਼ੁਲਮ ਨਹੀਂ ਦਿਸਦੇ? ਜਦੋਂ ਇਰਾਕ ਕੋਲ਼ੋਂ ਕੈਮੀਕਲ ਹਥਿਆਰ ਮਿਲੇ ਹੀ ਨਹੀਂ, ਫੇਰ ਉਸ ‘ਤੇ ਹਮਲਾ ਕਿਉਂ ਕੀਤਾ ਗਿਆ? ਯੂ.ਐਨ.E., ਅਮਰੀਕਾ ƒ ਇਹ ਸਵਾਲ ਕਿਉਂ ਨਹੀਂ ਪੁੱਛਦਾ?”
“ਯੂ.ਐਨ.E. ਅਮਰੀਕਾ ਦਾ ਹੀ ਤਾਂ ਹੈ; ਜੋ ਅਮਰੀਕਾ ਕਹੇਗਾ, ਉਹ Eਹੀ ਕਰੇਗਾ, ਉਸੇ ਦੀ ਬੋਲੀ ਬੋਲੇਗਾ ਤੇ ਅੰਤ ƒ ਉਸੇ ਦੇ ਹੱਕ ਵਿਚ ਭੁਗਤੇਗਾ। ਰੈੱਡ ਕਰਾਸ, ਪੀਸ ਕੀਪਰ; ਇਹ ਸਭ ਦਿਖਾਵੇ ਦੀਆਂ ਸੰਸਥਾਵਾਂ ਨੇ ਤੇ ਅੰਦਰੂਨੀ ਮਕਸਦ ਤਾਂ ਕੁੱਝ ਹੋਰ ਨੇ।”
“ਅੱਛਾ!” ਮੈਂ ਹੈਰਾਨ ਹੋਇਆ।
“ਜਦੋਂ ਹਥਿਆਰ ਲਾਬੀ ਆਪਣਾ ਕੰਮ ਮੁਕਾ ਲੈਂਦੀ ਏ, ਫੇਰ ਕੰਨਸਟਰਕਸ਼ਨ ਲਾਬੀ ਅੱਗੇ ਆਉਂਦੀ ਹੈ। ਲੋਕਾਂ ਲਈ ਹਸਪਤਾਲ, ਸੜਕਾਂ, ਸਕੂਲ, ਪਾਰਕ ਉਸਾਰਨ ਦੇ ਠੇਕੇ ਲਏ ਜਾਂਦੇ ਨੇ। ਕਠਪੁਤਲੀ ਸਰਕਾਰਾਂ ਬਣਾਉਣ ਕਰਕੇ ਇਹ ਕੰਮ ਸਹਿਜੇ ਹੀ ਹੋ ਜਾਂਦਾ ਹੈ। ਫੇਰ ਉਸ ਦੇਸ਼ ਦਾ ਧਨ ਦੌਲਤ ਤੇ ਕੁਦਰਤੀ ਭੰਡਾਰ ਲੁੱਟੇ ਜਾਂਦੇ ਨੇ। ਵਿਕਾਸ ਦੇ ਨਾਂ ‘ਤੇ ਵਸਤਾਂ ਵੇਚ ਕੇ ਕੌਮਾਂ ਦੇ ਸਿਰ ਕਰਜ਼ੇ ਚੜ੍ਹਾਏ ਜਾਂਦੇ ਨੇ। ਰਾਜਨੀਤਕ ਲੋਕਾਂ ƒ ਕਮਿਸ਼ਨ ਦਿੱਤੇ ਜਾਂਦੇ ਨੇ। ਫੇਰ ਏਸੇ ਕਰਜ਼ੇ ਦੀ ਆੜ ਵਿਚ ਨਵੇਂ ਸਮਝੌਤੇ ਕਰ ਕੇ ਅਗਲੇ ਦਹਾਕਿਆਂ ਲਈ ਕਿਸੇ ਦੇਸ਼ ƒ ਆਪਣੀ ਬਸਤੀ ਬਣਾ ਕੇ ਲੁੱਟਿਆ ਜਾਂਦਾ ਏ।” ਨੋਲਾ ਮਨ ਅੰਦਰਲੇ ਭੇਤ ਖੋਲ੍ਹਦਾ ਰਿਹਾ।
ਮੈƒ ਭਾਰਤ ਦੇ ਇਤਿਹਾਸ ਦੀ ਯਾਦ ਆਈ, ਕਿਵੇਂ ਈਸਟ ਇੰਡੀਆ ਕੰਪਨੀ ਨੇ ਆਪਣੇ ਵਪਾਰ ਦੇ ਬਹਾਨੇ ਦੇਸ਼ ƒ ਦੱਬ ਲਿਆ ਸੀ। ਫੇਰ ਕਿਵੇਂ ਸੌ ਸਾਲ, ਭਾਰਤ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ। ਧਨ ਦੌਲਤ ਤੇ ਕੁਦਰਤੀ ਸਰੋਤਾਂ ƒ ਲੁੱਟਿਆ ਗਿਆ। ਹੁਣ ਲੁੱਟਣ ਦਾ ਤਰੀਕਾ ਬਦਲ ਗਿਆ ਸੀ। ਇਰਾਦੇ ਉਹ ਹੀ ਸਨ। ਹੁਣ ਅਗਲੇ ਖੁਦ ਰਾਜ ਨਹੀਂ ਸੀ ਕਰਦੇ ਪਰ ਆਪਣੇ ਹੱਥ ਠੋਕਿਆਂ ƒ ਰਾਜ ਗੱਦੀ ‘ਤੇ ਬਿਠਾ ਕੇ ਪੂਰੇ ਦੇਸ਼ ƒ ਮੰਡੀ ਬਣਾ ਲੈਂਦੇ ਤੇ ਆਪਣਾ ਸਮਾਨ ਵੇਚਦੇ। ਟੈਲੀਵਿਜ਼ਨ, ਸੋਸ਼ਲ ਮੀਡੀਆ ਤੇ ਇੰਟਰਨੈੱਟ ਅੱਜ ਦੇ ਨਵੇਂ ਹਥਿਆਰ ਸਨ ਜੋ ਸਰੀਰਾਂ ƒ ਨਹੀਂ ਬਲਕਿ ਮਨ ਦੀ ਸੋਚ ƒ ਮਾਰਦੇ ਸਨ ਅਤੇ ਬੰਦਾ ਮੰਡੀ ਦਾ ਗ਼ੁਲਾਮ ਹੋ ਜਾਂਦਾ ਸੀ।
“ਅਫਗ਼ਾਨਿਸਤਾਨ ਵੀ ਤਾਂ ਅਫੀਮ, ਚਰਸ, ਹੈਰੋਇਨ, ਮੌਰਫੀਨ ਦੀ ਮੰਡੀ ਸੀ। ਦੁਨੀਆ ਦਾ ਸਭ ਤੋਂ ਵੱਡਾ ਵਪਾਰ ਡਰੱਗ ਸਮਗਲੰਿਗ ਹੈ ਜਿਹਦੇ ਵਿਚ ਬਹੁਤ ਪੈਸਾ ਹੈ ਤੇ ਇਹ ਧੰਦਾ, ਨੇਤਾ ਲੋਕਾਂ ਦੀ ਪੁਸ਼ਤ ਪਨਾਹੀ ਤੋਂ ਬਗ਼ੈਰ ਨੀ ਚੱਲਦਾ। ਦੂਸਰਾ ਦੁਨੀਆ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜੋ ਰੈੱਡ ਕਰਾਸ ਨਾਲ ਵੀ ਜੁੜੀਆਂ ਹੋਈਆਂ ਨੇ, ਦੁਨੀਆ ƒ ਚਲਾਉਣ ਦਾ ਬਹੁਤ ਵੱਡਾ ਪਹੀਆ ਹਨ। ਫਰਮਾਸੂਟੀਕਲ ਕੰਪਨੀਆਂ, ਡਰੱਗ ਮਾਫੀਆ ਸਭ ਰਲੇ ਮਿਲੇ ਨੇ। ਕੁਦਰਤੀ ਸਾਧਨਾਂ ਦੀ ਵੀ ਖਿੱਚ ਸੀ, ਏਵੇਂ ਨਹੀਂ ਅਮਰੀਕਾ ਸੜੇ ਸੁੱਕੇ ਪਹਾੜਾਂ ਵਿਚ ਧੱਕੇ ਖਾਣ ਗਿਆ।” ਮੈਂ ਆਪਣੀ ਦਲੀਲ ਰੱਖੀ ਜਿਸ ਨਾਲ ਨੋਲਾ ਪੂਰੀ ਤਰ੍ਹਾਂ ਸਹਿਮਤ ਸੀ। ਤੇ ਬੋਲਿਆ,”ਇਹ ਸਿਰਫ ਤਾਕਤ ਹਥਿਆਉਣ ਦੀ ਲੜਾਈ ਆ। ਪਹਿਲਾਂ ਕੋਈ ਬਹਾਨਾ ਬਣਾ ਕੇ ਜੰਗ ਛੇੜੀ ਜਾਂਦੀ ਆ, ਫੇਰ ਮਦਦ ਬਹਾਨੇ ਜਾ ਕੇ ਮਿਲਟਰੀ ਬੇਸ ਬਣਾਏ ਜਾਂਦੇ ਨੇ, ਕਮਿਊਨੀਕੇਸ਼ਨ ਸੈੱਟ ਕੀਤੀ ਜਾਂਦੀ ਆ। ਤੇ ਫੇਰ ਪੂਰਾ ਜਾਲ ਵਿਛਾ ਦਿੱਤਾ ਜਾਂਦਾ ਏ ਤਾਂ ਕਿ ਭੋਲਾ ਪੰਛੀ ਪਰ ਵੀ ਨਾ ਮਾਰ ਸਕੇ।”
ਸਾਡੀਆਂ ਗੱਲਾਂ ਕਦੇ ਕਿਸੇ ਪਾਸੇ ਨਿੱਕਲ ਜਾਂਦੀਆਂ ਤੇ ਕਦੇ ਕਿਸੇ ਪਾਸੇ। ਨੋਲਾ ਕਦੇ ਹੁੰਗਾਰੇ ਭਰਦਾ ਤੇ ਕਦੇ ਪੂਰੀ ਬਹਿਸ ਦਾ ਕੇਂਦਰ ਬਣ ਜਾਂਦਾ।
ਅਸੀਂ ਉਸ ਦਿਨ ਜੌਬ ‘ਤੇ ਸੀ, ਤੇ ਸਾਹਮਣੇ ਕਸਟਮ ਐਂਡ ਇਮੀਗਰੇਸ਼ਨ ਅਧਿਕਾਰੀਆਂ ਦੀ ਗੱਡੀ ਖੜ੍ਹੀ ਸੀ। ਕੁੱਝ ਦੇਸ਼ਾਂ ਤੋਂ ਆਈਆਂ ਫਲਾਈਟਾਂ ਦਾ ਕਸਟਮ ਤੇ ਪਾਸਪੋਰਟ ਗੇਟਾਂ ‘ਤੇ ਹੀ ਚੈੱਕ ਕੀਤੇ ਜਾਂਦਾ ਸੀ। ਵਿਦੇਸ਼ਾਂ ਤੋਂ ਆਉਣ ਵਾਲੀ ਡਰੱਗ ਜਾਂ ਨਸ਼ੀਲੇ ਪਦਾਰਥਾਂ ਦੀ ਤਲਾਸ਼ ਵੀ ਏਥੇ ਹੀ ਕੀਤੀ ਜਾਂਦੀ ਸੀ।
ਇਹ ਉਡਾਣ ਕਿੰਗਸਟਨ ਯਮੀਕਾ ਤੋਂ ਆਈ ਸੀ ਜਿਸ ƒ ਚੈੱਕ ਕਰਨ ਲਈ ਕਸਟਮ ਵਾਲਿਆਂ ਦੀਆਂ ਗੱਡੀਆਂ ਨੇ ਦੋਵਾਂ ਪਾਸਿਆਂ ਤੋਂ ਜਹਾਜ਼ ƒ ਘੇਰਿਆ ਹੋਇਆ ਸੀ। ਅਸੀਂ ਇਸ ਏਅਰ ਕਰਾਫਟ ਵਿਚ ਕੁੱਝ ਟੀ.ਵੀ. ਸਕਰੀਨ, ਕੇਬਲਾਂ, ਆਰਮ ਰੈਸਟਾਂ, ਹੈੱਡ ਰੈਸਟਾਂ ਤੇ ਫੂਡ ਟਰੇਅ ਟੇਬਲ ਠੀਕ ਕਰਨੇ ਸਨ ਜੋ ਟਰਬੂਲੈਂਸ ਸਮੇਂ ਅਕਸਰ ਢਿੱਲੇ ਹੋ ਜਾਂਦੇ। ਪਾਇਲਟ ਨੇ ਅਜਿਹਾ ਏਅਰ ਵਿਚੋਂ ਹੀ ਮੇਨਟੀਨੈਂਸ ƒ ਦੱਸ ਦਿੱਤਾ ਸੀ ਤਾਂ ਕਿ ਅਗਲੀ ਉਡਾਣ ਤੋਂ ਪਹਿਲਾਂ ਸਭ ਕੁੱਝ ਠੀਕ ਹੋ ਸਕੇ ਪਰੰਤੂ ਤਲਾਸ਼ੀ ਲੈਣ ਚੜ੍ਹੇ ਆਫੀਸਰ ਥੱਲੇ ਹੀ ਨਹੀਂ ਸੀ ਆ ਰਹੇ। ਤੇ ਸਾਡੀ ਗੱਲਬਾਤ ਹੁਣ ਇਨ੍ਹਾਂ ‘ਤੇ ਹੀ ਚੱਲ ਰਹੀ ਸੀ।
“ਨੋਲਾ ਤੂੰ ਸਕਿਉਰਟੀ ‘ਤੇ ਸਰਚ ਕਰਦਿਆਂ ਕਿਸੇ ਪੈਸੰਜਰ ਕੋਲ਼ੋਂ ਡਰੱਗ ਫੜੀ ਆ?” ਡੈਨੀ ਨੇ ਪੁੱਛਿਆ।
“ਅਗਲੇ ਏਨੇ ਪਾਗ਼ਲ ਨੀ ਹੁੰਦੇ ਬਈ ਸਕਿਉਰਟੀ ਲਾਂਘੇ ਰਾਹੀਂ ਡਰੱਗ ਲੈ ਕੇ ਆਉਣ। ਹਾਂ ਕਦੇ ਕਦੇ ਸਾਧਾਰਨ ਮੁਸਾਫਰ ਭੁੱਲ ਭੁਲੇਖੇ ਨਾ-ਮਾਤਰ ਨਸ਼ਾ ਲੈ ਵੀ ਆਉਂਦੇ ਨੇ। ਵੱਡੀਆਂ ਖੇਪਾਂ ਤਾਂ ਮਿਲੀਭੁਗਤ ਨਾਲ ਹੀ ਆਉਂਦੀਆਂ ਨੇ ਜਿਨ੍ਹਾਂ ਵਿਚ ਪਾਇਲਟ, ਕਰੂਅ ਮੈਂਬਰ, ਬੈਗ ਹੈਂਡਲਰ, ਮਕੈਨਿਕ, ਪਲਾਨਰ ਵੀ ਰਲ਼ੇ ਹੋ ਸਕਦੇ ਨੇ ਤੇ ਰਾਜਨੀਤਕ ਲੋਕ ਵੀ। ਕਈ ਵਾਰ ਤਾਂ ਕਸਟਮ ਅਧਿਕਾਰੀ ਵੀ ਵਿਕੇ ਹੋਏ ਹੁੰਦੇ ਨੇ।” ਉਹ ਅੰਦਰਲੀਆਂ ਗੱਲਾਂ ਦੱਸ ਰਿਹਾ ਸੀ।
“ਵੱਡੇ ਮਗਰਮੱਛਾਂ ƒ ਕੋਈ ਹੱਥ ਨੀ ਪਾਉਂਦਾ। ਫੜੇ ਸਿਰਫ ਛੋਟੇ ਜਾਂਦੇ ਨੇ ਜਿਨ੍ਹਾਂ ਦੀ ਵੱਡਿਆਂ ਨਾਲ ਸੁਰ ਨਹੀਂ ਮਿਲਦੀ। ਕਈ ਦੇਸ਼ ਵੀ ਬਹੁਤ ਵੱਡੇ ਮਗਰਮੱਛ ਨੇ।” ਡੈਨੀ ਹੱਸਿਆ।
“ਸਾਡੇ ਵਰਗੇ ਲੋਕ ਤਾਂ ਵਰਤੇ ਜਾਣ ਲਈ ਹੁੰਦੇ ਨੇ ਜੋ ਇਨ੍ਹਾਂ ਮਗਰਮੱਛਾਂ ਲਈ ਰਸਤਾ ਤਿਆਰ ਕਰਦੇ ਨੇ। ਸਾਡਾ ਪੀਸ ਕੀਪਿੰਗ ਦਾ ਕੰਮ ਵੀ ਸ਼ਾਂਤ ਮੰਡੀ ਲਈ ਵਿਵਸਥਾ ਪੈਦਾ ਕਰਨ ਤੋਂ ਇਲਾਵਾ ਕੁੱਝ ਨਹੀਂ ਸੀ।” ਨੋਲਾ ਫੇਰ ਗੰਭੀਰ ਹੋ ਗਿਆ।
ਸਾਡੇ ਵਿਚ ਚੁੱਪ ਪਸਰ ਗਈ।
ਕੈਨੇਡਾ ਦੀ ਟਰੂਡੋ ਸਰਕਾਰ ਨੇ ਅਸ਼ਾਂਤ ਮੁਲਕਾਂ ਵਿਚੋਂ ਪਨਾਹਗੀਰ ਲੈਣ ਦਾ ਵੱਡਾ ਫੈਸਲਾ ਕਰ ਲਿਆ ਸੀ। ਸੀਰੀਅਨ ਰਿਫਿਊਜੀ ਧੜਾ ਧੜ ਆ ਰਹੇ ਸਨ। ਉੱਥੇ ਬੰਬ ਵਰ੍ਹਾਏ ਜਾ ਰਹੇ ਸਨ। ਸ਼ੀਆ ਸੁੰਨੀ ਟੱਕਰ ਕਰਵਾਈ ਜਾ ਰਹੀ ਸੀ, ਜਿਵੇਂ ਕੋਈ ਤਮਾਸ਼ਬੀਨ ਮੁਰਗ਼ਿਆਂ ਦੀ ਲੜਾਈ ਜਾਂ ਸਾਨ੍ਹਾਂ ਦਾ ਭੇੜ ਆਪਣੇ ਮਨੋਰੰਜਨ ਲਈ ਕਰਵਾਉਂਦਾ ਹੈ। ਲੋਕ ਇਹ ਭੇੜ ਦੇਖਣ ਲੱਗ ਜਾਂਦੇ ਨੇ ਤੇ ਚੋਰ ਉਨ੍ਹਾਂ ਦਾ ਘਰ ਲੁੱਟ ਲੈਂਦੇ ਨੇ। ਕਿਤੇ ਕੁਰਦਾਂ ਦਾ ਕਤਲ, ਕਿਤੇ ਆਈਸਿਸ ਦਾ ਅੱਤਿਆਚਾਰ। ਉਸ ਅਨੁਸਾਰ ਬਹੁਤਾ ਮੀਡੀਆ ਤਾਂ ਸਰਕਾਰਾਂ ਦਾ ਧੂਤਰੂ ਸੀ। ਨੋਲਾ ਦੇ ਖਦਸ਼ੇ ਹੁਣ ਸਾƒ ਵੀ ਸਮਝ ਆਉਣ ਲੱਗ ਪਏ ਸਨ।
“ਇਹ ਲੜਾਈਆਂ ਤਾਂ ਲੁੱਟਣ ਦੀਆਂ ਨੇ ਜੋ ਕਦੇ ਨਹੀਂ ਰੁਕਣੀਆਂ। ਲੋਕਾਂ ਦਾ ਏਕਾਂ ਇਨ੍ਹਾਂ ਕਦੇ ਨਹੀਂ ਹੋਣ ਦੇਣਾ। ਸੀਰੀਆ ਵਿਚ ਪੰਜ ਲੱਖ ਲੋਕਾਂ ਦੇ ਕਤਲ ਹੋ ਚੁੱਕੇ ਨੇ। ਮੁੜ ਉਸਾਰੀ ਲਈ ਤੇ ਮੰਡੀ ਦੀ ਬਹਾਲੀ ਲਈ ਸਾਡੇ ਵਰਗੇ ਫੇਰ ਝੋਕ ਦਿੱਤੇ ਜਾਣਗੇ।” ਨੋਲਾ ਸਿਰ ਮਾਰਦਾ ਬੋਲ ਰਿਹਾ ਸੀ।
“ਸ਼ਾਂਤੀ, ਕਬਰਾਂ… ਵਰਗੀ ਸ਼ਾਂਤੀ। ਜਿੱਥੇ ਕੋਈ ਵਿਰੋਧ ਨਾ ਕਰੇ। ਕੋਈ ਰੌਲ਼ਾ ਨਾ ਪਾਵੇ। ਕਿਸੇ ਗੱਲ ‘ਤੇ ਏਕਾ ਨਾ ਹੋਵੇ।”
ਘਬਰਾਹਟ ਘਟਾਉਣ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਨੋਲਾ ਦੇ ਹੱਥ ਵਿਚ ਕੰਬ ਰਹੀ ਸੀ।
ਕੋਈ ਬੋਲਿਆ, “ਯਾਰ ਪੁਰਾਣੀਆਂ ਗੱਲਾਂ ਨਾ ਛੇੜੋ, ਇਸ ƒ ਪੈਨਿਕ ਅਟੈਕ ਹੋ ਜਾਂਦੈ।”
ਉਸਦੀ ਘਬਰਾਹਟ ਤਾਂ ਵਧਦੀ ਹੀ ਜਾ ਰਹੀ ਸੀ। ਲੀਡ ਨੇ ਮੈਨੇਜਰ ƒ ਫੋਨ ਕਰ ਦਿੱਤਾ।
ਗੱਡੀ ਆਈ ਤੇ ਨੋਲਾ ƒ ਚੁੱਕ ਕੇ ਲੈ ਗਈ।
ਸਾਡੀ ਗੱਡੀ ਵਿਚ ਚੁੱਪ ਪਸਰ ਗਈ।
ਜੰਗ ਤੋਂ ਬਾਅਦ, ਸ਼ਮਸ਼ਾਨ ਵਰਗੀ ਚੁੱਪ।
ਨੋਲਾ ਜਾ ਚੁੱਕਾ ਸੀ।
ਪਿੱਛੇ ਰਹਿ ਗਈ ਸੀ ਮੁਰਦਾ ਸ਼ਾਂਤੀ।
ਫੇਰ ਕੋਈ ਨਾ ਬੋਲਿਆ।
ਨੋਲਾ ਦੇ ਹੱਥ ਵਿਚ ਫੜੀ ਦਵਾਈਆਂ ਵਾਲੀ ਸ਼ੀਸ਼ੀ ਵਾਂਗ।
ਮੇਰਾ ਦਿਮਾਗ ਹਿੱਲਦਾ ਜਾਪਿਆ।