ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਫੋਨ: 95011-00062
ਵਾਰਿਸ ਸਿੰਘ ਆਹਲੂਵਾਲੀਆ ਨਿਊ ਯਾਰਕ ਦਾ ਰਹਿਣ ਵਾਲਾ ਇੱਕ ਹਰਫਨਮੌਲਾ ਵਿਅਕਤੀ ਤੇ ਸੰਪੂਰਨ ਸਿੱਖੀ ਸਰੂਪ ਵਾਲਾ ਕਲਾਕਾਰ ਹੈ। ਉਹ ਐਕਟਰ, ਮਾਡਲ, ਦਾਨਵੀਰ ਤੇ ਕੱਪੜਿਆਂ ਅਤੇ ਜ਼ੇਵਰਾਂ ਦਾ ਵਿਸ਼ਵ ਪ੍ਰਸਿੱਧ ਡਿਜ਼ਾਈਨਰ ਹੈ। ਉਸ ਦਾ ਜਨਮ 1974 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ ਜਦੋਂ ਉਹ ਪੰਜ ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਨਿਊਯਾਰਕ ਹਿਜ਼ਰਤ ਕਰ ਗਿਆ ਸੀ।
ਉਸ ਨੇ ਕੋਲੰਬੀਆ ਯੂਨੀਵਰਸਿਟੀ ‘ਤੋਂ ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਹਾਸਲ ਕੀਤੀ ਤੇ ਕੁਝ ਸਾਲ ਪ੍ਰਸਿੱਧ ਫੈਸ਼ਨ ਡਿਜ਼ਾਇਨਰਾਂ ਨਾਲ ਕੰਮ ਕਰਨ ਤੋਂ ਬਾਅਦ ਆਪਣੀ ਕੰਪਨੀ ‘ਹਾਊਸ ਆਫ ਵਾਰਿਸ’ ਦੀ ਸ਼ੁਰੂਆਤ ਕਰ ਲਈ। ਅੱਜ ਇਹ ਕੰਪਨੀ ਵਿਸ਼ਵ ਪੱਧਰ ‘ਤੇ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ। ਉਸ ਦੀ ਕੰਪਨੀ ਦੇ ਜ਼ੇਵਰ ਅਤੇ ਕੱਪੜੇ ਪੁਰਾਣੇ ਸ਼ਾਹੀ ਘਰਾਣਿਆ ਦੇ ਡਿਜ਼ਾਈਨਾਂ ਤੋਂ ਪ੍ਰਭਾਵਿਤ ਹਨ। ਇਸ ਲਈ ਉਹ ਸਾਲ ਵਿੱਚ ਕਈ ਵਾਰ ਰੋਮ ਅਤੇ ਰਾਜਸਥਾਨ ਦਾ ਦੌਰਾ ਕਰਦਾ ਹੈ ਤੇ ਸੁਨਿਆਰਿਆਂ ਅਤੇ ਦਰਜ਼ੀਆਂ ਦੇ ਉਨ੍ਹਾਂ ਘਰਾਣਿਆਂ ਤੋਂ ਕੰਮ ਕਰਵਾਉਂਦਾ ਹੈ, ਜੋ ਸਦੀਆਂ ਤੋਂ ਰਾਜਿਆਂ-ਮਹਾਰਾਜਿਆਂ ਦੇ ਜ਼ੇਵਰ ਅਤੇ ਕੱਪੜੇ ਤਿਆਰ ਕਰਦੇ ਰਹੇ ਹਨ।
ਵਾਰਿਸ ਦਾ ਮਾਡਲੰਿਗ ਕੈਰੀਅਰ ਵੀ ਬੁਲੰਦੀਆਂ ‘ਤੇ ਹੈ ਤੇ ਉਹ ਕਈ ਵਾਰ ਵੋਗ ਅਤੇ ਵੈਨਿਟੀ ਫੇਅਰ ਵਰਗੇ ਸੰਸਾਰ ਦੇ ਚੋਟੀ ਦੇ ਫੈਸ਼ਨ ਮੈਗਜ਼ੀਨਾਂ ਦੇ ਕਵਰ ‘ਤੇ ਛਪ ਚੁੱਕਾ ਹੈ। ਉਹ ਇਸ ਵੇਲੇ ਜ਼ੇਵਰ ਨਿਰਮਾਣ ਵਿੱਚ ਵੱਡਾ ਨਾਮ ਹੈ ਤੇ ਡੀ ਬੀਅਰਜ਼, ਟਿਲਡਾ ਸਵਿੰਟਨ, ਪਰਿੰਗਲ ਆਫ ਸਕਾਟਲੈਂਡ, ਬੈਂਜਾਮੀ ਚੋਅ, ਲੁੱਕਮੈਟਿਕ, ਦੀ ਵੈੱਬਸਟਰ ਮਿਆਮੀ ਅਤੇ ਕੋਈਲੈਟ ਪੈਰਿਸ ਆਦਿ ਵਰਗੀਆਂ ਦੁਨੀਆਂ ਦੀਆਂ ਚੋਟੀ ਦੀਆਂ ਜ਼ੇਵਰ ਕੰਪਨੀਆਂ ਨਾਲ ਮਿਲ ਕੇ ਮਰਦਾਂ ਅਤੇ ਔਰਤਾਂ ਵਾਸਤੇ ਜ਼ੇਵਰ ਤਿਆਰ ਕਰਦਾ ਹੈ। ਉਹ ਇਨਸਾਨੀਅਤ ਦੇ ਭਲੇ ਵਾਸਤੇ ਵੀ ਵਧ ਚੜ੍ਹ ਕੇ ਯੋਗਦਾਨ ਪਾਉਂਦਾ ਹੈ। ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਵਾਸਤੇ ਉਸ ਨੇ ਆਪਣੇ ਸਾਥੀਆਂ ਮਾਰਟੀਅਰ ਸਿੰਗਰ ਅਤੇ ਟੀਨਾ ਭੋਜਵਾਨੀ ਨਾਲ ਮਿਲ ਕੇ 11 ਕਰੋੜ ਰੁਪਏ ਦੀ ਮਦਦ ਭੇਜੀ ਸੀ। 2013 ਵਿੱਚ ਉਸ ਨੇ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਡਿਜ਼ਾਈਨਰ ਕੱਪੜਿਆਂ ਦੇ ਹਾਊਸ ਆਫ ਵਾਰਿਸ ਨਾਮਕ ਸਟੋਰ ਖੋਲ੍ਹੇ ਹਨ ਜੋ ਸਫਲਤਾ ਪੂਰਵਕ ਚੱਲ ਰਹੇ ਹਨ।
ਦਾ ਲਾਈਫ ਐਕੁਐਟਿਕ (2004) ਉਸ ਦੀ ਪਹਿਲੀ ਫਿਲਮ ਸੀ। ਉਹ ਹੁਣ ਤੱਕ 14 ਫਿਲਮਾਂ ਤੇ 6 ਟੀ.ਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕਾ ਹੈ। ਵਾਰਿਸ ਆਹਲੂਵਾਲੀਆ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਉਹ ਹਾਲੀਵੱਡ ਦੀਆਂ ਫਿਲਮਾਂ ਵਿੱਚ ਪੂਰਨ ਸਿੱਖੀ ਸਰੂਪ ਵਿੱਚ ਕੰਮ ਕਰਦਾ ਹੈ ਜਿਸ ਕਾਰਨ ਅਮਰੀਕਾ ਵਿੱਚ ਅਲ ਕਾਇਦਾ ਦੁਆਰਾ ਕੀਤੇ ਗਏ 9 ਸਤੰਬਰ 2011 ਦੇ ਹਮਲਿਆ ਤੋਂ ਬਾਅਦ ਆਮ ਅਮਰੀਕਨਾਂ ਨੂੰ ਇਹ ਸਮਝਾਉਣ ਵਿੱਚ ਸਫਲਤਾ ਮਿਲੀ ਹੈ ਕਿ ਸਿੱਖ ਅਰਬੀਆਂ ਤੋਂ ਅਲੱਗ ਕੌਮੀਅਤ ਦੇ ਲੋਕ ਹਨ। 2006 ਵਿੱਚ ਆਈ ਹਾਲੀਵੁੱਡ ਦੀ ਹਿੱਟ ਫਿਲਮ, ਦੀ ਇਨਸਾਈਡ ਮੈਨ (ਜਿਸ ਵਿੱਚ ਹਾਲੀਵੱੁਡ ਦੇ ਸੁਪਰ ਸਟਾਰ ਡੈਂਜ਼ਲ ਵਾਸ਼ਿੰਗਟਨ ਨੇ ਕੰੰਮ ਕੀਤਾ ਸੀ) ਵਿੱਚ ਉਸ ਨੇ ਵਿਕਰਮ ਵਾਲੀਆ ਨਾਮਕ ਬੈਂਕ ਮੁਲਾਜ਼ਮ ਦਾ ਰੋਲ ਨਿਭਾਇਆ ਸੀ। ਇਹ ਰੋਲ ਸਿਰਫ ਸਿੱਖਾਂ ਦੀ ਦਸਤਾਰ ਦੀ ਅਹਿਮੀਅਤ ਵਿਖਾਉਣ ਲਈ ਹੀ ਫਿਲਮ ਵਿੱਚ ਪਾਇਆ ਗਿਆ ਸੀ। ਫਿਲਮ ਵਿੱਚ ਕੁਝ ਲੁਟੇਰੇ ਬੈਂਕ ‘ਤੇ ਕਬਜ਼ਾ ਕਰ ਲੈਂਦੇ ਹਨ ਤੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬਾਹਰ ਕੱਢ ਦਿੰਦੇ ਹਨ। ਪੁਲਿਸ ਇਸ ਸ਼ੱਕ ਕਾਰਨ ਕਿ ਕਿਤੇ ਲੁਟੇਰੇ ਇਨ੍ਹਾਂ ਵਿੱਚ ਰਲ ਕੇ ਬਾਹਰ ਨਾ ਆ ਗਏ ਹੋਣ, ਸਭ ਨੂੰ ਘੇਰ ਲੈਂਦੇ ਹਨ ਤੇ ਤਲਾਸ਼ੀ ਲੈਂਦੇ ਹਨ। ਜਦੋਂ ਇੱਕ ਪੁਲਿਸ ਅਫਸਰ ਵਾਰਿਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅੱਗੋਂ ਚਿਲਾਉਂਦਾ ਹੈ ਕਿ ਮੈਂ ਸਿੱਖ ਹਾਂ, ਮੇਰੀ ਦਸਤਾਰ ਨੂੰ ਹੱਥ ਨਹੀਂ ਲਾਉਣਾ। ਇਸ ‘ਤੇ ਇੱਕ ਸੀਨੀਅਰ ਪੁਲਿਸ ਅਫਸਰ ਉਸ ਪੁਲਿਸ ਵਾਲੇ ਨੂੰ ਸਮਝਾਉਂਦਾ ਹੈ ਕਿ ਦਸਤਾਰ ਨਾ ਉਤਾਰੀ ਜਾਵੇ, ਕਿਉਂਕਿ ਇਹ ਸਿੱਖਾਂ ਲਈ ਪਵਿੱਤਰ ਹੁੰਦੀ ਹੈ।
ਐਨੀ ਪ੍ਰਸਿੱਧੀ ਦੇ ਬਾਵਜੂਦ ਵਾਰਿਸ ਨੂੰ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। 2016 ਵਿੱਚ ਉਸ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਤੋਂ ਇਨਕਾਰ ਕਰਨ ਕਾਰਨ ਮੈਕਸੀਕੋ ਤੋਂ ਨਿਊਯਾਰਕ ਦੀ ਫਲਾਈਟ (ਏਅਰੋ ਮੈਕਸੀਕੋ) ਵਿੱਚ ਸਫਰ ਕਰਨ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਉਹ ਨਿਊਯਾਰਕ ਫੈਸ਼ਨ ਵੀਕ ਵਿੱਚ ਹਿੱਸਾ ਨਹੀਂ ਸੀ ਲੈ ਸਕਿਆ। ਇਸ ਤੋਂ ਬਾਅਦ ਉਸ ਨੇ ਮੈਕਸੀਕੋ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਅਤੇ ਏਅਰੋ ਮੈਕਸੀਕੋ ਨੂੰ ਸਿੱਖਾਂ ਦੀ ਦਸਤਾਰ ਦੀ ਮਹੱਤਤਾ ਬਾਰੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਤੇ ਏਅਰਲਾਈਨ ਦੇ ਖਿਲਾਫ ਕੇਸ ਦਾਇਰ ਕੀਤਾ ਸੀ। 2017 ਵਿੱਚ ਏਅਰਪੋਰਟ ਅਤੇ ਏਅਰਲਾਈਨ ਦੇ ਅਧਿਕਾਰੀਆਂ ਨੂੰ ਉਸ ਤੋਂ ਮਾਫੀ ਮੰਗਣੀ ਪਈ ਸੀ। 2010 ਵਿੱਚ ਵੈਨਿਟੀ ਫੇਅਰ ਫੈਸ਼ਨ ਮੈਗਜ਼ੀਨ ਨੇ ਉਸ ਨੂੰ ਵਿਸ਼ਵ ਦੇ ਸਭ ਤੋਂ ਵੱਧ ਸਲੀਕੇਦਾਰ ਢੰਗ ਨਾਲ ਕੱਪੜੇ ਪਹਿਨਣ ਵਾਲੇ ਦਸ ਵਿਅਕਤੀਆਂ ਵਿੱਚ ਸਥਾਨ ਦਿੱਤਾ ਸੀ।