ਅੰਮ੍ਰਿਤਸਰ: ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ ਅਤੇ 20 ਅਪਰੈਲ ਤੋਂ ਗੁਰਦੁਆਰੇ ਨੂੰ ਜਾਂਦੇ ਰਾਹ ਤੋਂ ਜੰਮੀ ਬਰਫ ਹਟਾਉਣ ਦਾ ਕੰਮ ਆਰੰਭ ਕੀਤਾ ਜਾਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਾਲਾਨਾ ਯਾਤਰਾ ਸ਼ੁਰੂ ਕਰਨ ਸਬੰਧੀ ਉਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਡਾ. ਐਸ.ਐਸ. ਸੰਧੂ ਨਾਲ ਮੁਲਾਕਾਤ ਕੀਤੀ ਗਈ ਹੈ।
ਮੁਲਾਕਾਤ ਦੌਰਾਨ ਉਨ੍ਹਾਂ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਹੇਮਕੁੰਟ ਸਾਹਿਬ ਨੂੰ ਜਾਂਦੇ ਪਹਾੜੀ ਰਸਤੇ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਵਧੇਰੇ ਹਿੱਸੇ ਵਿਚ ਬਰਫ ਜੰਮੀ ਹੋਈ ਹੈ, ਜਿਸ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਦੇ ਜਵਾਨਾਂ ਵੱਲੋਂ 20 ਅਪਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਵਾਸਤੇ ਹਰ ਸਾਲ ਸਰਧਾਲੂਆਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਵਾਸਤੇ ਰਿਹਾਇਸ਼ ਲਈ ਕਮਰਿਆਂ ਦਾ ਪ੍ਰਬੰਧ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਲੰਗਰ ਤੇ ਡਾਕਟਰੀ ਸਹਾਇਤਾ ਦੇ ਪ੍ਰਬੰਧਾਂ ਵਾਸਤੇ ਵੀ ਟਰੱਸਟ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਹਨ। ਉਨ੍ਹਾਂ ਹੇਮਕੁੰਟ ਸਾਹਿਬ ਆਉਣ ਵਾਲੇ ਸਰਧਾਲੂਆਂ ਨੂੰ ਅਪੀਲ ਕੀਤੀ ਕਿ ਯਾਤਰਾ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਭਰੋਸਾ ਨਾ ਕੀਤਾ ਜਾਵੇ। ਜੇਕਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਗੁਰਦੁਆਰਾ ਟਰੱਸਟ ਨਾਲ ਸੰਪਰਕ ਕੀਤਾ ਜਾਵੇ।