ਸੰਸਦ `ਚ ਗੈਰ-ਹਾਜ਼ਰੀ ਪੱਖੋਂ ਸਨੀ ਦਿਓਲ ਪਹਿਲੇ ਤੇ ਸੁਖਬੀਰ ਦੂਜੇ ਨੰਬਰ `ਤੇ

ਨਵੀਂ ਦਿੱਲੀ: ਪਾਰਲੀਮੈਂਟ ਵਿਚ ਬਜਟ ਸੈਸ਼ਨ ਦੌਰਾਨ ਲੋਕ ਸਭਾ ਮੈਂਬਰਾਂ ਵਿਚੋਂ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਅਤੇ ਸ਼੍ਰੋਮਣੀ ਅਕਾਲੀ ਦੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਸਭ ਤੋਂ ਘੱਟ ਰਹੀ। ਭਾਜਪਾ ਐਮ.ਪੀ. ਸਨੀ ਦਿਓਲ ਦੀ ਹੁਣ ਤੱਕ ਸਮੁੱਚੀ ਹਾਜ਼ਰੀ ਸਿਰਫ 20 ਫੀਸਦੀ ਹੀ ਰਹੀ ਹੈ। ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਵਲ ਚਾਰ ਦਿਨ ਹੀ ਪਾਰਲੀਮੈਂਟ ਵਿਚ ਪੈਰ ਪਾਇਆ ਅਤੇ ਉਹ 19 ਦਿਨ ਗ਼ੈਰ-ਹਾਜ਼ਰ ਰਹੇ ਹਨ।

ਪਾਰਲੀਮੈਂਟ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਅਤੇ 6 ਅਪਰੈਲ ਨੂੰ ਖ਼ਤਮ ਹੋਇਆ ਹੈ। ਇਸ ਸੈਸ਼ਨ ਦੌਰਾਨ 23 ਬੈਠਕਾਂ ਹੋਈਆਂ ਹਨ। ਸਨੀ ਦਿਓਲ ਨੇ ਸਿਰਫ ਦੋ ਦਿਨ ਹੀ ਹਾਜ਼ਰੀ ਭਰੀ ਹੈ ਜਦੋਂਕਿ ਉਹ 21 ਦਿਨ ਗ਼ੈਰ-ਹਾਜ਼ਰ ਰਹੇ। ਸਨੀ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਗੁਰਦਾਸਪੁਰ ਵਿਚੋਂ ਵੀ ਗ਼ੈਰ-ਹਾਜ਼ਰ ਚੱਲੇ ਆ ਰਹੇ ਹਨ ਅਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਵੀ ਲੱਗ ਚੁੱਕੇ ਹਨ। ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਵਲ ਚਾਰ ਦਿਨ ਹੀ ਪਾਰਲੀਮੈਂਟ ਵਿਚ ਪੈਰ ਪਾਇਆ ਅਤੇ ਉਹ 19 ਦਿਨ ਗ਼ੈਰ-ਹਾਜ਼ਰ ਰਹੇ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਐਤਕੀਂ ਸੰਸਦ ਵਿਚ 15 ਦਿਨ ਹਾਜ਼ਰ ਰਹੇ ਹਨ ਅਤੇ ਅੱਠ ਦਿਨ ਉਨ੍ਹਾਂ ਦੀ ਗ਼ੈਰ-ਹਾਜ਼ਰੀ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਇਸ ਮਾਮਲੇ ‘ਚ ਮੋਹਰੀ ਰਹੇ ਹਨ। ਜਲੰਧਰ ਹਲਕੇ ਦੀ ਨੁਮਾਇੰਦਗੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਕਰ ਕੇ ਨਹੀਂ ਰਹੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਸੌ ਫ਼ੀਸਦੀ ਰਹੀ ਹੈ ਜਦੋਂਕਿ ਪ੍ਰਨੀਤ ਕੌਰ ਸੰਸਦ ਵਿਚ ਇੱਕ ਦਿਨ ਗ਼ੈਰ-ਹਾਜ਼ਰ ਰਹੇ ਹਨ।
ਫ਼ਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ 14 ਦਿਨ ਬਜਟ ਸੈਸ਼ਨ ਵਿਚ ਹਾਜ਼ਰੀ ਰਹੀ ਹੈ। ਕਾਂਗਰਸ ਦੇ ਜਸਵੀਰ ਡਿੰਪਾ ਵੀ 20 ਦਿਨ ਹਾਜ਼ਰ ਰਹੇ ਹਨ। ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ 20 ਦਿਨ ਸੰਸਦ ਵਿਚ ਹਾਜ਼ਰ ਰਹੇ ਅਤੇ ਤਿੰਨ ਦਿਨ ਗ਼ੈਰ-ਹਾਜ਼ਰ ਰਹੇ। ਬਜਟ ਸੈਸ਼ਨ ਇਸ ਵਾਰ ਦੋ ਪੜਾਵਾਂ ਵਿਚ ਚੱਲਿਆ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰਾਂ ਦੀ ਹਾਜ਼ਰੀ ਨੂੰ ਘੋਖੀਏ ਤਾਂ ‘ਆਪ` ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸੈਸ਼ਨ ਦੌਰਾਨ ਨਜ਼ਰ ਨਹੀਂ ਆਏ। ਉਨ੍ਹਾਂ ਨੇ ਸੈਸ਼ਨ ਦੌਰਾਨ ਛੁੱਟੀ ਲਈ ਹੋਈ ਸੀ।
ਐਮ.ਪੀ. ਵਿਕਰਮਜੀਤ ਸਿੰਘ ਸਾਹਨੀ ਨੇ ਵੀ ਛੇ ਦਿਨ ਹੀ ਹਾਜ਼ਰੀ ਭਰੀ। ਰਾਜ ਸਭਾ ਦੀਆਂ ਬਜਟ ਸੈਸ਼ਨ ਦੌਰਾਨ 25 ਬੈਠਕਾਂ ਹੋਈਆਂ ਹਨ। ‘ਆਪ` ਸੰਸਦ ਮੈਂਬਰ ਸੰਦੀਪ ਪਾਠਕ ਵੀ ਬਜਟ ਸੈਸ਼ਨ ਵਿਚੋਂ 11 ਦਿਨ ਗ਼ੈਰ-ਹਾਜ਼ਰ ਰਹੇ ਹਨ ਅਤੇ ਡਾ. ਅਸ਼ੋਕ ਕੁਮਾਰ ਮਿੱਤਲ ਦੀ ਹਾਜ਼ਰੀ 15 ਦਿਨਾਂ ਦੀ ਰਹੀ ਹੈ। ਐਮ.ਪੀ. ਸੰਤ ਬਲਬੀਰ ਸਿੰਘ ਸੀਚੇਵਾਲ ਨੇ 15 ਦਿਨ ਹਾਜ਼ਰੀ ਭਰੀ ਅਤੇ ਉਹ 10 ਦਿਨ ਗੈਰ-ਹਾਜ਼ਰ ਰਹੇ ਹਨ। ‘ਆਪ` ਮੈਂਬਰਾਂ ਵਿਚੋਂ ਸਭ ਤੋਂ ਵੱਧ ਹਾਜ਼ਰੀ ਰਾਘਵ ਚੱਢਾ ਦੀ ਰਹੀ ਜੋ 21 ਦਿਨ ਹਾਜ਼ਰ ਰਹੇ ਹਨ ਅਤੇ ਇਸੇ ਤਰ੍ਹਾਂ ਸੰਜੀਵ ਅਰੋੜਾ 19 ਦਿਨ ਹਾਜ਼ਰ ਰਹੇ ਹਨ।
ਹਾਜ਼ਰੀ ਪੱਖੋਂ ਕਾਂਗਰਸੀ ਸੰਸਦ ਮੈਂਬਰ ਮੋਹਰੀ ਰਹੇ
ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਇਸ ਮਾਮਲੇ ‘ਚ ਮੋਹਰੀ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਸੌ ਫ਼ੀਸਦੀ ਰਹੀ ਹੈ ਜਦੋਂਕਿ ਪ੍ਰਨੀਤ ਕੌਰ ਸੰਸਦ ਵਿਚ ਇਕ ਦਿਨ ਗ਼ੈਰ-ਹਾਜ਼ਰ ਰਹੇ ਹਨ। ਫ਼ਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ 14 ਦਿਨ ਬਜਟ ਸੈਸ਼ਨ ਵਿਚ ਹਾਜ਼ਰੀ ਰਹੀ ਹੈ।