ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਬਾਰੇ ਦਾਅਵੇ; ਆਮਦਨ `ਚ ਰਿਕਾਰਡ ਵਾਧਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ‘ਆਪ` ਸਰਕਾਰ ਦੇ ਯਤਨਾਂ ਨਾਲ ਸਰਕਾਰ ਦੀ ਆਮਦਨ ਵਿਚ ਰਿਕਾਰਡ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੰਘੇ ਵਿੱਤੀ ਸਾਲ ਦੌਰਾਨ ਸੂਬੇ ਨੂੰ 8,841 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਹ ਮਾਲੀਆ ਪਿਛਲੇ ਸਾਲ ਨਾਲੋਂ 2587 ਕਰੋੜ ਰੁਪਏ ਵੱਧ ਹੈ, ਜੋ ਕਿ ਲਗਭਗ 41.41 ਫੀਸਦੀ ਵੱਧ ਬਣਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਲਈ 9,754 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਜੀ.ਐੱਸ.ਟੀ. ਦੀ ਵਸੂਲੀ ਵਿਚ 16.6 ਫੀਸਦੀ ਦੇ ਵਾਧੇ ਨਾਲ ਸੂਬਾ ਜੀ.ਐੱਸ.ਟੀ. ਕੁਲੈਕਸ਼ਨ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿਚ ਸ਼ਾਮਲ ਹੋ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਵਿਚ 18,126 ਕਰੋੜ ਰੁਪਏ ਜੀ.ਐੱਸ.ਟੀ. ਮਾਲੀਆ ਇਕੱਤਰ ਹੋਇਆ ਹੈ ਜਦਕਿ ਉਸ ਤੋਂ ਪਿਛਲੇ ਸਾਲ 15,542 ਕਰੋੜ ਰੁਪਏ ਇਕੱਤਰ ਹੋਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਜ਼ਮੀਨ-ਜਾਇਦਾਦ ਦੀ ਰਜਿਸਟਰੇਸ਼ਨ ਲਈ ਸਟੈਂਪ ਡਿਊਟੀ ‘ਤੇ 2.25 ਫੀਸਦੀ ਦੀ ਛੋਟ ਦੇਣ ਦਾ ਨਵਾਂ ਤਜਰਬਾ ਕੀਤਾ ਗਿਆ। ਇਸ ਨਾਲ ਫਰਵਰੀ ਮਹੀਨੇ ਵਿਚ 339 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਇਆ ਸੀ ਜਦਕਿ ਮਾਰਚ ਮਹੀਨੇ ਵਿਚ ਇਹ ਮਾਲੀਆ ਵਧ ਕੇ 658.68 ਕਰੋੜ ਰੁਪਏ ਹੋ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 20,200 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਜਾਰੀ ਕੀਤੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬਸਿਡੀ ਵਿਚੋਂ 9063.79 ਕਰੋੜ ਰੁਪਏ ਖੇਤੀਬਾੜੀ ਸੈਕਟਰ ਨੂੰ 8285.90 ਕਰੋੜ ਰੁਪਏ ਘਰੇਲੂ ਖਪਤਕਾਰਾਂ ਲਈ ਸਬਸਿਡੀ ਵਜੋਂ ਅਤੇ 2911 ਕਰੋੜ ਰੁਪਏ ਸਨਅਤੀ ਸੈਕਟਰ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਤੋਂ ਪੀ.ਐਲ.ਪੀ.ਸੀ.ਐਲ. ਦਾ 9020 ਕਰੋੜ ਰੁਪਏ ਦਾ ਕਰਜ਼ਾ ਵਿਰਾਸਤ ਵਿਚ ਮਿਲਿਆ ਸੀ ਤੇ ਸੂਬਾ ਸਰਕਾਰ 1894 ਕਰੋੜ ਰੁਪਏ ਦੀਆਂ ਪੰਜ ਕਿਸ਼ਤਾਂ ਰਾਹੀਂ ਇਹ ਕਰਜ਼ਾ ਵੀ ਮੋੜ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 3538 ਨੌਜਵਾਨਾਂ ਨੂੰ ਪਾਵਰਕੌਮ ਵਿਚ ਨੌਕਰੀਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਸੂਬੇ ਦੇ 28,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 504 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ ਅਤੇ ਅਜਿਹੇ 134 ਹੋਰ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਮਾਨ ਨੇ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 21.21 ਲੱਖ ਮਰੀਜ਼ ਲਾਭ ਉਠਾ ਚੁੱਕੇ ਹਨ ਅਤੇ ਕੁਝ ਹੀ ਮਹੀਨਿਆਂ ਵਿਚ ਲੱਖਾਂ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਵਿਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਸੂਬੇ ਵਿਚ ਰੇਤ ਦੀਆਂ 50 ਦੇ ਕਰੀਬ ਜਨਤਕ ਖੱਡਾਂ ਚੱਲ ਰਹੀਆਂ ਹਨ ਤੇ ਇਸ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ ਕਿਉਂਕਿ ਸੂਬਾ ਸਰਕਾਰ ਛੇਤੀ ਹੀ ਸੂਬਾ ਭਰ ਵਿੱਚ 150 ਨਵੀਆਂ ਰੇਤ ਖੱਡਾਂ ਖੋਲ੍ਹੇਗੀ।