ਗਿੱਲਾ ਪੀਣ੍ਹ-4: ਸੱਚੀਂ ਰੱਬ ਆਹ ਦਿਨ ਨਾ ਹੀ ਵਿਖਾਵੇ!

ਐੱਸ.ਅਸ਼ੋਕ. ਭੌਰਾ
ਮੈਂ ਖੁਦ ਭਾਵੇਂ ਢਾਈ ਦਹਾਕਿਆਂ ਤੱਕ ਅਧਿਆਪਕ ਰਿਹਾ ਹਾਂ, ਪਰ ਵਿਦਿਆਰਥੀ ਜੀਵਨ ਵਿਚ ਪੜ੍ਹਨ ਨੂੰ ਚੰਗਾ ਹੋਣ ਦੇ ਬਾਵਜੂਦ ਆਦਤਾਂ ਵਧੇਰੇ ਕਰ ਕੇ ਉਹੀ ਰਹੀਆਂ ਹਨ, ਜੋ ਸਾਧਾਰਨ ਪੜ੍ਹਾਕੂਆਂ ਦੀਆਂ ਹੁੰਦੀਆਂ ਹਨ। ਕਰੀਬ ਸਾਰੇ ਅਧਿਆਪਕਾਂ ਦੇ ਪੁੱਠੇ-ਸਿੱਧੇ ਨਾਂ ਰੱਖੇ ਹੀ ਹੁੰਦੇ ਹਨ। ਘਰਦਿਆਂ ਦੀਆਂ ਆਸਾਂ ਤਾਂ ਇੰਜੀਨੀਅਰ ਬਣਾਉਣ ਦੀਆਂ ਸਨ, ਪਰ ਮੈਂ ਬਾਕੀਆਂ ਨਾਲ ਰਲ ਕੇ ਪੁੱਠੇ ਲੱਛਣੀਂ ਪੈ ਗਿਆ ਸਾਂ।

ਬੰਗਿਆਂ ਦੇ ਇਕ ਮੇਲੇ ’ਚੋਂ ਮੈਂ ਕਿਤਾਬ ਖਰੀਦ ਲਿਆਇਆ ਬਾਬੂ ਸਿੰਘ ਮਾਨ ਦੇ ਗੀਤਾਂ ਦੀ,-‘ਸੁਪਨੇ ’ਚ ਆ ਜਾ ਗੋਰੀਏ।’ ਟਾਈਟਲ ’ਤੇ ਫੋਟੋ ਲੱਗੀ ਹੋਈ ਸੀ, ਸੀਮਾ ਤੇ ਪ੍ਰੋਮਿਲਾ ਪੰਮੀ ਦੀ ਜੀਹਨੇ ਬਾਅਦ ’ਚ ਗੁਰਚਰਨ ਪੋਹਲੀ ਨਾਲ ਵਿਆਹ ਕਰਵਾ ਲਿਆ ਸੀ। ਉਹ ਕਿਤਾਬ ਹਰ ਵੇਲੇ ਸਕੂਲ ਦੇ ਬਸਤੇ ਵਿੱਚ ਰਹਿੰਦੀ। ਥੋੜ੍ਹਾ ਥੋੜ੍ਹਾ ਗੀਤ ਲਿਖਣ ਨੂੰ ਵੀ ਮੂੰਹ ਮਾਰਨ ਲੱਗ ਪਿਆ ਸਾਂ। ਜੋ ਅਕਸਰ ਅਖਬਾਰਾਂ ’ਚ ਵੀ ਛਪ ਜਾਂਦੇ। ਕਿਸੇ ਕਿਸੇ ਮਾਸਟਰ ਨੂੰ ਇਸ ਗੱਲ ਦਾ ਪਤਾ ਸੀ।
ਉਨ੍ਹਾਂ ਦਿਨਾਂ ਵਿੱਚ ਕੁਲਦੀਪ ਮਾਣਕ ਦੀ ‘ਸਾਹਿਬਾਂ ਬਣੀ ਭਾਰਵਾਂ ਦੀ’ ਨਾਲ ਚੜ੍ਹਾਈ ਬਹੁਤ ਸੀ। ਸਾਡੇ ਨਾਲ ਦੇ ਪਿੰਡ ਉੱਚੇ ਲਧਾਣੇ ਮਾਣਕ ਨੇ ਲੋਹੜੀ ਤੋਂ ਇਕ ਦਿਨ ਪਹਿਲਾਂ ਆਉਣਾ ਸੀ। ਹਰ ਕੋਈ ਚਾਹੁੰਦਾ ਸੀ ਮਾਣਕ ਦੇਖਣਾ। ਅਸੀਂ ਤਿੰਨ-ਚਹੁੰ ਜਣਿਆਂ ਨੇ ’ਕੱਠੇ ਹੋ ਕੇ ਆਪਣੇ ਕਲਾਸ ਇੰਚਾਰਜ ਉਸੇ ਮੈਥ ਮਾਸਟਰ ਤੋਂ ਮਾਣਕ ਵੇਖਣ ਲਈ ਛੁੱਟੀ ਮੰਗੀ ਤਾਂ ਉਹਨੇ ਬਾਕੀਆਂ ਨੂੰ ਤਾਂ ਘੱਟ ਕੁਝ ਕਿਹਾ, ਸਿੱਧਾ ਅਲ-ਕਾਇਦਾ ਵਾਂਗ ਮੇਰੇ ਦੁਆਲੇ, ‘ਸੁਣ ਓਏ ਥਰੀਕਿਆਂ ਵਾਲਿਆ, ਬੰਦਾ ਬਣ ਕੇ ਕਲਾਸ ’ਚ ਬਹਿ ਜਾ। ਪੇਪਰ ਨ੍ਹੀਂ ਪਾਉਣ ਆਉਣੇ ਤੇਰੇ ਥਾਂ ਮਾਣਕ ਨੇ।’ ਪਰ ਉਹਦਾ ਅਸਰ ਕੋਈ ਨਾ ਹੋਇਆ। ਅਸੀਂ ਦੋ ਜਣਿਆਂ ਨੇ ਝੋਲੇ ਕਣਕ ’ਚ ਲੁਕੋਏ ਤੇ ਅੱਧੀ ਛੁੱਟੀ ਤੋਂ ਬਾਅਦ ਬਾਗ਼ੀ ਹੋ ਕੇ ਚਲੇ ਗਏ ਅਖਾੜਾ ਵੇਖਣ। ਸਾਡੇ ਪਿੰਡ ਦਾ ਇਕ ਜੱਟ ਨਰਿੰਦਰ ਫ਼ਰਾਲੀਆ ਪੰਜ-ਪੰਜ ਦੇ ਨੋਟ ਦੇਵੇ ਟਰੈਕਟਰ ਦੇ ਨਾਂ ਉੱਤੇ। ਉਦੋਂ ਫੋਰਡ ਆਇਆ ਵੀ ਨਵਾਂ ਹੀ ਸੀ ਤੇ ਉਹਨੇ ਲਿਆਂਦਾ ਵੀ ਨਵਾਂ ਈ ਸੀ। ਰੁਪਿਆ ਤਾਂ ਉਹਨੇ ਡੂਢ ਕੁ ਸੌ ਦਿੱਤਾ ਹੋਣਾ, ਪਰ ਚਰਚਾ ਪੰਜਾਂ-ਸੱਤਾਂ ਪਿੰਡਾਂ ਵਿਚ ਕਰਵਾ ਗਿਆ ਫ਼ੋਰਡ ਦੀ। ਅਗਲੇ ਦਿਨ ਕਰੇਲਾ ਫਿਰ ਨਿੰਮ ’ਤੇ ਚੜ੍ਹ ਗਿਆ। ਨਾਲ ਦੇ ਸ਼ਰਾਰਤੀ ਮੁੰਡਿਆਂ ਨੇ ਝੋਲੇ ਕਣਕ ’ਚੋਂ ਚੁੱਕ ਕੇ ਫ਼ਿਰ ਹਿਸਾਬ ਵਾਲੇ ਮਾਸਟਰ ਕੋਲ ਫੜਾ ’ਤੇ। ਹਾਲਾਤ ਮੇਰੇ ਉਹ ਬਣ ਗਏ ਜਿਵੇਂ ਕਿਸੇ ਨੇ ਚੋਰੀ ਟਕੇ ਦੀ ਨਾ ਕੀਤੀ ਹੋਵੇ, ਪਰ ਨਾਂ ਦਸ ਨੰਬਰੀਆਂ ਵਿਚ ਆ ਜਾਵੇ। ਜਿਹੜੇ ਭੱਜ ਕੇ ਉੱਦਣ ਕੁਲਦੀਪ ਮਾਣਕ ਦੇਖਣ ਗਏ ਸੀ, ਸਾਰੇ ਕੱਢ ਲਏ ਸਵੇਰੇ ਪ੍ਰੇਅਰ ਵਿਚ। ਸੱਤ-ਸੱਤ ਬੈਂਤਾਂ ਮਾਰੀਆਂ ਕੱਬੇ ਹੈੱਡਮਾਸਟਰ ਗੁਰਦਿਆਲ ਸਿੰਘ ਨੇ। ਉਹਨੂੰ ਉਦੋਂ ’ਕੱਲੇ ਪੜ੍ਹਨ ਵਾਲੇ ਹੀ ਨਹੀਂ, ਸਗੋਂ ਪੜ੍ਹਾਉਣ ਵਾਲੇ ਵੀ ‘ਮੂਜੀ’ ਕਿਹਾ ਕਰਦੇ ਸਨ।
ਜਦੋਂ ਸਾਨੂੰ ਬਸਤੇ ਦੇਣ ਲੱਗੇ ਤਾਂ ਹੈੱਡਮਾਸਟਰ ਚਪੜਾਸੀ ਕਾਬਲ ਨੂੰ ਕਹਿਣ ਲੱਗਾ, ‘ਫੋਲੀਂ ਤਾਂ ਇਹ ਬਸਤਾ ਜ਼ਰਾ।’ ਇਕ ਕਤਲ ਲਈ ਦੋ ਸਜ਼ਾਵਾਂ! ਉਹੀ ‘ਸੁਪਨੇ ’ਚ ਆ ਜਾ ਗੋਰੀਏ’ ਕਿਤਾਬ ਫ਼ਿਰ ਉਸ ਮੂਜੀ ਹੈੱਡਮਾਸਟਰ ਦੇ ਹੱਥ ਲੱਗ ਗਈ।
‘ਉਏ ਆਹ ਕੀ ਰੱਖੀਂ ਫ਼ਿਰਦੈਂ ਨਾਲ ਤੂੰ। ਸਕੂਲ ਨੂੰ ਸਮਝਦਾ ਕੀ ਐਂ? ਇਹ ਕਾਹਦੇ ਵਾਸਤੇ ਰੱਖੀ ਐ ਨਾਲ।’ ਮੈਂ ਕੁਝ ਬੋਲਦਾ, ਉਸ ਤੋਂ ਪਹਿਲਾਂ ਈ ਮੰਗਤ ਰਾਮ ਮਾਸਟਰ ਨੇ ਤਸਦੀਕ ਕਰ’ਤੀ, ‘ਚਮਨ ਲਾਲ ਸ਼ੁਗਲ ਬਣੀ ਫ਼ਿਰਦੈ, ਗਾਣੇ ਲਿਖਦਾ ਕੰਜਰ।’ ਜਿਵੇਂ ਦਿੱਲੀ ’ਕਾਲੀਆਂ ਨੂੰ ਪੈਂਦੀ ਐ, ਆਏਂ ਓਦਣ ਮੇਰੇ ਨਾਲ ਹੋਈ। ਜਿਵੇਂ ਦਿਨ ਬੰਨ੍ਹਣ ਆਏ ਵਿਆਹ ਤੋਂ ਜੁਆਬ ਦੇ ਗਏ ਹੋਣ। ਸੱਤ-ਅੱਠ ਸੌ ਵਿਦਿਆਰਥੀਆਂ ’ਚ ਹੋਈ ਬੇਇੱਜਤੀ ਨਾਲ ਮੈਂ ਮਹਿਸੂਸ ਕਰਨ ਲੱਗਾ ਸਾਂ ਕਿਹੜੇ ਕੁੱਤੇ ਕੰਮ ’ਚ ਫਸ ਗਿਐਂ? ਛੱਡ ਦਿਆਂ ਸਭ ਕੁਝ, ਪਰ ਇਹ ਸੱਚ ਹੈ ਕਿ ਹੱਡਾ-ਰੋੜੀ ਜਾਣ ਵਾਲਾ ਕੁੱਤਾ ਹਟਦਾ ਨ੍ਹੀਂ, ਭਾਵੇਂ ਰਾਹ ਬਦਲ ਕੇ ਜਾਵੇ।
ਸਕੂਲ ’ਚ ਉੱਪਰੋਂ-ਉੱਪਰੋਂ ਮੇਰੀ ਕੁਪੱਤ ਹੁੰਦੀ ਸੀ, ਪਰ ਅਖਬਾਰ ਪੜ੍ਹ ਕੇ ਅਧਿਆਪਕਾਂ ਦੀਆਂ ਸਿਫ਼ਤਾਂ ਮੇਰੇ ਤੱਕ ਪਹੁੰਚ ਵੀ ਜਾਂਦੀਆਂ ਸਨ ਕਿ ‘ਆਹ ਮੁੰਡਾ ਜਿਹੜਾ ਲਿਖਦੈ, ਇਹ ਸਾਡੇ ਸਕੂਲ ’ਚ ਪੜ੍ਹਦੈ।’ ਪਰ ਇਹ ਸਿਫ਼ਤ ਕਈ ਵਾਰ ਮੈਨੂੰ ਆਏਂ ਲੱਗਦੀ ਸੀ ਜਿਵੇਂ ਰਾਤ ਨੂੰ ਥਾਣੇ ’ਚ ਬੇਕਸੂਰ ਨੂੰ ਪੁੱਠਾ ਲਟਕਾ ਕੇ ਥਾਣੇਦਾਰ ਸਵੇਰ ਨੂੰ ਪੁੱਛੇ, ‘ਚਾਹ ਦਾ ਕੱਪ ਲਏਂਗਾ?’
ਤਸਵੀਰ ਕੈਪਸ਼ਨ: ਉਨ੍ਹਾਂ ਦਿਨਾਂ ਦੀ ਹੈ ਲੇਖਕ ਨਾਲ ਇਹ ਤਸਵੀਰ ਜਦੋਂ ਪੰਜਾਬੀ ਫ਼ਿਲਮ ‘ਬਲਬੀਰੋ ਭਾਬੀ’ ਚੱਲਣ ਤੋਂ ਬਾਅਦ ਕੁਲਦੀਪ ਮਾਣਕ ਨੇ ‘ਦੇਸੀ ਮੇਮ’ ਬਣਾਉਣ ਦਾ ਐਲਾਨ ਕੀਤਾ ਸੀ।