ਗੁਰਬਾਣੀ, ਮਾਰਕਸਵਾਦ ਅਤੇ ਸਾਡੇ ਨਵ-ਸਿੱਖ ਚਿੰਤਕ

ਕਰਮ ਬਰਸਟ
ਫੋਨ: +91-94170-73831
ਸ. ਗੁਰਬਚਨ ਸਿੰਘ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਅਤੇ ਮਾਰਕਸਵਾਦੀ ਵਿਚਾਰਧਾਰਾਵਾਂ ਦਾ ਸੁਮੇਲ ਕਰਦਿਆਂ ਪੰਜਾਬ ਟਾਈਮਜ਼ ‘ਚ ਲਿਖਦੇ ਆ ਰਹੇ ਹਨ। ਉਹ ਪੰਜਾਬ ਸਮੇਤ ਦੁਨੀਆ ਭਰ ਵਿਚ ਇਕ ਅਜਿਹਾ’ ਬੇਗਮਪੁਰਾ’ ਅਤੇ’ ਹਲੇਮੀ ਰਾਜ’ ਦੇਖਣ ਦੀ ਤਾਂਘ ਵਿਚ ਹਨ ਜਿੱਥੇ’ ਸਭੇ ਸਾਂਝੀਵਾਲ ਦਸਾਇਨੁ ਕੋਇ ਨ ਦੀਸੈ ਬਾਹਰਾ ਜੀਓ।’

ਵਰਗਾ ਆਦਰਸ਼ਕ ਸਮਾਜ ਹੋਵੇ। ਉਨ੍ਹਾਂ ਦੀ ਇਸ ਖ਼ਾਹਸ਼ ਨੂੰ ਪ੍ਰਣਾਮ ਵੀ ਹੈ ਅਤੇ ਸਾਡੇ ਵੱਲੋਂ ਸ਼ੁਭ ਇੱਛਾ ਵੀ ਹੈ ਕਿ ਉਨ੍ਹਾਂ ਦਾ ਇਹ ਸੁਪਨਾ ਜਲਦੀ ਤੋਂ ਜਲਦੀ ਪੂਰਾ ਹੋਵੇ। ਉਨ੍ਹਾਂ ਦੇ ਕਈ ਲੇਖ ਜਿਵੇਂ ‘ਆਤਮਿਕ ਆਜ਼ਾਦੀ ਦਾ ਪੈਰੋਕਾਰ ਕਾਰਲ ਮਾਰਕਸ’, ‘ਪੰਜਾਬ ਦੀ ਸਿੱਖ ਅਤੇ ਕਮਿਊਨਿਸਟ ਧਿਰਾਂ ਦੀ ਸਾਂਝ’ ਅਤੇ ‘ਸਾਮਰਾਜ ਪੂੰਜੀਵਾਦ ਅਤੇ ਗੁਰਮਤਿ ਅਨੁਸਾਰ ਮਨੁੱਖੀ ਸ਼ਕਤੀ’ ‘ਗੁਰਬਾਣੀ ਅੰਦਰ ਨਿਹਿਤ ਹੈ ਸਾਂਝੀ ਪੰਜਾਬੀ ਕੌਮ ਦਾ ਸਿਰਜਣ ਦਾ ਆਧਾਰ’ ਪੜ੍ਹਨਯੋਗ ਹਨ। ਇਸੇ ਕਰਕੇ ਮੈਨੂੰ ਲੱਗਿਆ ਸੀ ਕਿ ਉਨ੍ਹਾਂ ਨਾਲ ਬੁਨਿਆਦੀ ਮੁੱਦਿਆਂ ‘ਤੇ ਸੰਵਾਦ ਰਚਾਉਣ ਦੀ ਲੋੜ ਹੈ। ਇਸੇ ਮਨਸ਼ਾ ਵਿਚੋਂ ਹੀ ਮੇਰੇ ਵੱਲੋਂ ਲਿਖਿਆ ਇਕ ਲੇਖ’ ਅਜੋਕਾ ਪੰਜਾਬ, ਸਿੱਖ ਭਾਈਚਾਰਾ, ਗੁਰਬਾਣੀ ਅਤੇ ਮਾਰਕਸਵਾਦ’ ਪੰਜਾਬ ਟਾਈਮਜ਼ ਦੇ 11 ਮਾਰਚ 2023 ਵਾਲੇ ਅੰਕ ਵਿਚ ਛਪਿਆ ਸੀ। ਇਸਦੇ ਜਵਾਬ ਵਿਚ ਉਨ੍ਹਾਂ ਦਾ ਇਕ ਪ੍ਰਤੀਕਰਮ’ ਗੁਰਮਤਿ ਪੰਜਾਬੀ ਕੌਮ ਅਤੇ ਵੈਦਿਕ ਫ਼ਿਲਾਸਫ਼ੀ’ ਨਾਮ ਹੇਠ (8 ਅਪਰੈਲ 2023) ਦੇ ਅੰਕ ਵਿਚ ਛਪਿਆ ਹੈ।
ਸੰਖੇਪ ਵਿਚ ਕਹਿਣਾ ਹੋਵੇ ਤਾਂ ਸੰਵਾਦ ਦੇ ਮੁੱਖ ਮੁੱਦੇ – ਗੁਰਬਾਣੀ ਵਿਚ ਰੱਬ ਦਾ ਸੰਕਲਪ, ਮਨੁੱਖ ਵੱਲੋਂ ਰੱਬ ਦੀ ਪ੍ਰਾਪਤੀ ਲਈ ਕੀ ਯਤਨ ਕੀਤੇ ਜਾਣ, ਜਨਮ ਮਰਨ ਭਾਵ ਚੌਰਾਸੀ ਲੱਖ ਜੂਨਾਂ ਤੋਂ ਛੁਟਕਾਰਾ ਪਾ ਕੇ ਕਿਵੇਂ ਪੁਨਰ ਜਨਮ ਅਤੇ ਸਵਰਗ ਨਰਕ ਦੇ ਚੱਕਰ ਵਿਚੋਂ ਨਿਕਲਿਆ ਜਾਵੇ ਵਗੈਰਾ ਸਨ। ਇਸਦੇ ਨਾਲ ਹੀ ਪੁਰਾਤਨ ਧਰਮ ਦਰਸ਼ਨਾਂ ਜਿਵੇਂ ਕਿ ਸਨਾਤਨੀ ਧਰਮਾਂ ਵਿਚੋਂ ਨਿਕਲੇ ਜੈਨ, ਬੁੱਧ ਅਤੇ ਸਿੱਖ ਧਰਮਾਂ, ਅਬਰਾਹਿਮਿਕ ਧਰਮਾਂ ਵਿਚੋਂ ਨਿਕਲੇ ਯਹੂਦੀ, ਇਸਾਈਅਤ ਅਤੇ ਇਸਲਾਮਕ ਧਰਮਾਂ ਨਾਲ ਸਿੱਖੀ ਦਾ ਕੀ ਸੰਬੰਧ ਹੈ, ਵਰਗੇ ਮੁੱਦੇ ਬਣਨੇ ਚਾਹੀਦੇ ਸਨ। ਪਰੰਤੂ ਪਿਛਲੇ ਅੰਕ ਵਿਚ ਛਪੇ ਉਨ੍ਹਾਂ ਦੇ ਪ੍ਰਤੀਕਰਮ’ ਗੁਰਮਤਿ, ਪੰਜਾਬੀ ਕੌਮ ਅਤੇ ਵੈਦਿਕ ਫ਼ਿਲਾਸਫ਼ੀ’ ਨੇ ਕਾਫ਼ੀ ਨਿਰਾਸ਼ ਕੀਤਾ ਹੈ।
ਉਨ੍ਹਾਂ ਨੇ ਬੁਨਿਆਦੀ ਮੁੱਦਿਆਂ ਨੂੰ ਛੱਡਦੇ ਹੋਏ ਸਾਰਾ ਜ਼ੋਰ ਇਸ ਗੱਲ ‘ਤੇ ਲਗਾ ਦਿੱਤਾ ਹੈ ਕਿ ਗੁਰਬਾਣੀ ਵਿਚ ਵਾਰ ਵਾਰ ਆਉਂਦੇ ਸ਼ਬਦ’ ਰਾਮ’ ਦਾ ਦਸ਼ਰਥ ਪੁੱਤਰ ਰਾਮ ਚੰਦਰ ਨਾਲ ਕੋਈ ਸੰਬੰਧ ਨਹੀਂ ਹੈ। ਉਹ ਮੇਰੇ ਖਿ਼ਲਾਫ ਫ਼ਤਵਾ ਜਾਰੀ ਕਰਦੇ ਹੋਏ ਲਿਖਦੇ ਹਨ,’ ਜਾਪਦਾ ਹੈ ਕਿ ਗੁਰਮਤਿ ਬਾਰੇ ਸ. ਕਰਮ ਬਰਸਟ ਦੀਆਂ ਧਾਰਨਾਵਾਂ ਗੁਰਬਾਣੀ ਪੜ੍ਹ ਕੇ ਨਹੀਂ ਬਲਕਿ ਬਚਪਨ ਵਿਚ ਕਿਸੇ ਪਾਖੰਡੀ ਸਾਧ ਦੀ ਕਥਾ ਸੁਣ ਕੇ ਬਣੀਆਂ ਹਨ।’
ਗੁਰਬਚਨ ਜੀ ਤੁਹਾਡੀ ਇਹ ਪ੍ਰਤੀਕਿਰਿਆ ਮੇਰੇ ਲਈ ਜਾਂ ਤੁਹਾਡੇ ਸਮੇਤ ਕਿਸੇ ਲਈ ਵੀ ਮਿਹਣਾ ਨਹੀਂ ਬਣਨੀ ਚਾਹੀਦੀ। ਕੋਈ ਵੀ ਮਨੁੱਖ’ ਅਭਿਮੰਨਿਊ’ ਵਾਂਗ ਮਾਤ ਗਰਭ ਵਿਚੋਂ ਸਿੱਖਿਆ ਪ੍ਰਾਪਤ ਕਰ ਕੇ ਪੈਦਾ ਨਹੀਂ ਹੁੰਦਾ। ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮਨੁੱਖ ਇਕ ਮਾਦਾ ਹੈ ਅਤੇ ਮਾਦੇ ਦਾ ਵਿਕਾਸ ਕੁਦਰਤੀ ਪ੍ਰਕਿਰਿਆ ਵਿਚ ਹੀ ਸੰਭਵ ਹੈ। ਮਾਦੇ’ ਚ ਉਚੇਰੀ ਪੁਲਾਂਘ ਉਦੋਂ ਹੀ ਵੱਜਦੀ ਹੈ ਜਦੋਂ ਅੰਦਰੂਨੀ ਤੇ ਬਾਹਰੀ ਹਕੀਕਤਾਂ ਇਕਸੁਰ ਹੁੰਦੀਆਂ ਹਨ। ਹਰੇਕ ਮਨੁੱਖ ਦੀ ਗਿਆਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਉਪਰ ਵੀ ਇਹੀ ਨਿਯਮ ਲਾਗੂ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਤੁਹਾਡੇ ਵਰਗੇ ਲੋਕ ਸ਼ਹੀਦ ਭਗਤ ਸਿੰਘ ਦੇ ਭਾਸ਼ਾ ਬਾਰੇ ਲਿਖੇ ਸਕੂਲੀ ਲੇਖ ਦੇ ਆਧਾਰ ਉਪਰ ਉਸਨੂੰ ਹਿੰਦੀ ਪੱਖੀ ਅਤੇ ਪੰਜਾਬੀ ਵਿਰੋਧੀ ਜਾਂ ਆਰੀਆ ਸਮਾਜੀ ਸਿੱਧ ਕਰਨ ਵਿਚ ਲੱਗੇ ਹੋਏ ਹਨ। ਇਵੇਂ ਹੀ ਤੁਸੀਂ ਕਾਰਲ ਮਾਰਕਸ ਦੀਆਂ ਸਕੂਲੀ ਲਿਖਤਾਂ ਵਿਚੋਂ ਰੂਹਾਨੀਅਤ ਲੱਭ ਰਹੇ ਹੋ।’ (ਆਤਮਿਕ ਆਜ਼ਾਦੀ ਦਾ ਪੈਰੋਕਾਰ ਕਾਰਲ ਮਾਰਕਸ)’
ਅਸਲ ਵਿਚ ਸ. ਗੁਰਬਚਨ ਸਿੰਘ ਅਤੇ ਉਸ ਦੇ ਦੋਸਤਾਂ ਦੀ ਸਮੱਸਿਆ ਇਹ ਹੈ ਕਿ ਉਹ ਪਹਿਲਾਂ ਸਿੱਟਾ ਕੱਢ ਲੈਂਦੇ ਹਨ ਅਤੇ ਫਿਰ ਉਸਦੀ ਵਾਜਬੀਅਤ ਸਿੱਧ ਕਰਨ ਲਈ ਤੱਥ ਇਕੱਠੇ ਕਰਦੇ ਹਨ। ਰਾਮਚੰਦਰ ਬਾਰੇ ਵੀ ਉਨ੍ਹਾਂ ਨੇ ਇਵੇਂ ਹੀ ਕੀਤਾ ਹੈ।
ਰੋਵੈ ਰਾਮੁ ਨਿਕਾਲਾ ਭਇਆ।
ਸੀਤਾ ਲਖਮਣੁ ਵਿਛੁੜਿ ਗਇਆ ॥ (954)
ਉਹ ਇੱਥੇ ਵਰਤੇ ਗਏ’ ਭਇਆ’ ਨੂੰ ਭਈਆ (ਭਰਾ) ਨਾਲ ਰਲਗੱਡ ਕਰ ਦਿੰਦੇ ਹਨ।
ਕੀ ਇਸ ਤੁਕ ਦਾ ਅਰਥ ਇਹ ਨਿਕਲਦਾ ਹੈ ਕਿ ਰਾਮ ਚੰਦਰ ਇਸ ਕਰਕੇ ਰੋ ਰਿਹਾ ਹੈ ਕਿ ਉਸਦੇ ਭਰਾ ਨੂੰ ਦੇਸ ਨਿਕਾਲਾ ਮਿਲ ਗਿਆ ਹੈ? ਜਾਂ ਉਹ ਇਸ ਕਰਕੇ ਰੋ ਰਿਹਾ ਹੈ ਕਿ ਖੁਦ ਉਸਨੂੰ ਦੇਸ ਨਿਕਾਲਾ ਮਿਲ ਗਿਆ ਹੈ? ਇੱਥੇ ਭਇਆ ਦੇ ਅਰਥ ਕਿਰਿਆ ਭਾਵ ਰਾਮ ਨੂੰ ਦੇਸ ਨਿਕਾਲੇ ਦੀ ਘਟਨਾ ਵਾਪਰ ਜਾਣ ਨਾਲ ਸਬੰਧਤ ਹਨ। ਸਰਦਾਰ ਸਾਹਿਬ ਅਜੀਬ ਕਹਿਰ ਵਰਤਾਉਂਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਦੇਖੋ ਭਾਈ ਗੁਰੂ ਸਾਹਿਬ ਦੇ ਬਚਨ ਕਿੰਨੇ ਕੀਮਤੀ ਹਨ ਕਿ ਉਹ ਭਇਆ ਨੂੰ ਭਈਆ ਕਹਿ ਕੇ ਸੰਬੋਧਨ ਕਰ ਰਹੇ ਹਨ। ਗੁਰਬਚਨ ਜੀ ਇਸ ਵਿਆਖਿਆ ਜ਼ਰੀਏ ਪੰਜਾਬ ਦੀ ਧਨੀ ਕਿਸਾਨੀ ਉਪਰ ਹਮਲਾ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਇਸਨੇ ਭਈਆ ਸ਼ਬਦ ਨੂੰ ਨਫ਼ਰਤ ਦਾ ਪਾਤਰ ਬਣਾਇਆ ਹੋਇਆ ਹੈ ਜਦਕਿ ਗੁਰੂ ਸਾਹਿਬ ਯੂਪੀ ਤੇ ਬਿਹਾਰ ਤੋਂ ਆਉਂਦੀ ਪਰਵਾਸੀ ਲੇਬਰ ਨੂੰ ਸਤਿਕਾਰ ਨਾਲ’ ਭਈਆ’ ਬੁਲਾ ਰਹੇ ਹਨ। ਹੁਣ ਇਹ ਕਿਸ ਨੂੰ ਨਹੀਂ ਪਤਾ ਕਿ ਯੂਪੀ ਬਿਹਾਰ ਦੀ ਲੇਬਰ ਦਾ ਵਰਤਾਰਾ ਕੁਝ ਕੁ ਦਹਾਕਿਆਂ ਭਾਵ ਹਰੇ ਇਨਕਲਾਬ ਤੋਂ ਬਾਅਦ ਦੀ ਦੇਣ ਹੈ। ਗੁਰੂ ਸਾਹਿਬ ਵੇਲੇ ਤਾਂ ਇਹ ਮਸਲਾ ਹੀ ਨਹੀਂ ਸੀ।
ਕੌਮ ਦੇ ਮਸਲੇ ‘ਤੇ ਉਹ ਸੰਤ ਭਿੰਡਰਾਂਵਾਲੇ ਦੀ ਸਿਫ਼ਤ ਕਰਦੇ ਹੋਏ ਲਿਖਦੇ ਹਨ ਕਿ ਉਨ੍ਹਾਂ ਲਈ’ ਖਾਲਿਸਤਾਨ’ ਦਾ ਸ਼ਬਦ ਨਹਿਰੂਕਿਆਂ ਵਾਂਗ ਕਿਸੇ ਹਿੰਦੁਸਤਾਨ ਜਾਂ ਪਾਕਿਸਤਾਨ ਵਰਗੀ ਕੋਈ ਹੋਰ’ ਨੇਸ਼ਨ ਸਟੇਟ’ ਨਹੀਂ ਸੀ, ਸਗੋਂ ਅਕਾਲ ਪੁਰਖ ਦੀ ਸਿੱਧੀ ਸਰਪ੍ਰਸਤੀ ਅਧੀਨ’ ਸਿੱਖ ਪਾਤਸ਼ਾਹੀ’ ਸੀ। ਦੂਜੇ ਪਾਸੇ ਉਹ ਇਸੇ ਹੀ ਲੇਖ ਵਿਚ ਨਵੇਂ ਉੱਭਰੇ ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ,’ ਖਾਲਿਸਤਾਨ ਧਰਤੀ ਦੇ ਕਿਸੇ ਟੁਕੜੇ ਉਪਰ ਹੀ ਬਣੇਗਾ ਅਤੇ ਸ਼ੁਰੂਆਤ ਕਰਨ ਲਈ ਇਸ ਵਾਸਤੇ ਗੁਰੂਆਂ ਦੀ ਵਰੋਸਾਈ ਹੋਈ ਧਰਤੀ ਪੰਜਾਬ ਹੀ ਸਭ ਤੋਂ ਵਧੀਆ ਥਾਂ ਹੈ।’ ਨਾਲ ਹੀ ਲਿਖ ਦਿੰਦੇ ਹਨ ਕਿ ਖਾਲਿਸਤਾਨ ਦੀ ਵਿਆਖਿਆ ਕਿਸੇ ਵੀ ਤਰ੍ਹਾਂ’ ਨੇਸ਼ਨ ਸਟੇਟ’ ਦੇ ਚੌਖਟੇ ਵਿਚ ਰਹਿ ਕੇ ਨਹੀਂ ਕੀਤੀ ਜਾਣੀ ਚਾਹੀਦੀ।’
ਗੁਰਬਚਨ ਜੀ ਕਿਸ ਆਧਾਰ ਅਤੇ ਅਧਿਕਾਰ ਨਾਲ ਸੰਤ ਭਿੰਡਰਾਂਵਾਲੇ ਦੀ ‘ਸਮਝ’ ਦੀ ਵਿਆਖਿਆ ਕਰ ਰਹੇ ਹਨ? ਕੀ ਉਹ ਦਮਦਮੀ ਟਕਸਾਲ ਜਾਂ ਕਿਸੇ ਸਿੱਖ ਖਾੜਕੂ ਜਥੇਬੰਦੀ ਜਾਂ ਪੰਥਕ ਕਮੇਟੀ ਦੇ ਮੈਂਬਰ ਰਹੇ ਹਨ? ਫੇਰ ਉਹ ਕਿਸਦੀ ਬੋਲੀ ਬੋਲ ਰਹੇ ਹਨ, ਸਾਨੂੰ ਤਾਂ ਸਮਝ ਨਹੀਂ ਲੱਗੀ? ਸ਼ਾਇਦ ਕੋਈ ਪਾਠਕ ਇਸਦੇ ਅਰਥ ਸਮਝਾ ਦੇਵੇ। ਸਗੋਂ ਇਸਦੇ ਬਿਲਕੁਲ ਉਲਟ ਕੁਝ ਲੋਕਾਂ ਵੱਲੋਂ ਸਿੱਖ ਮਾਨਸਿਕਤਾ ਵਿਚ ਇਹ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਕਿ ਸਿੱਖਾਂ ਨੂੰ ਕੌਮ ਮੰਨ ਕੇ ਵੱਖਰਾ ਰਾਜ ਕਿਉਂ ਨਹੀਂ ਦਿੱਤਾ ਗਿਆ? ਜੇ ਖਾਲਿਸਤਾਨ ਦੀ ਮੁੱਢਲੀ ਭੋਇੰ ਵੱਢਿਆ ਟੁੱਕਿਆ ‘ਪੰਜਾਬੀ ਸੂਬਾ’ ਹੀ ਬਣਨਾ ਹੈ ਤਾਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਨਿੱਕਾ ਜਿਹਾ ਟੋਟਾ ਹੀ ਗੁਰੂ ਸਾਹਿਬਾਨ ਵੱਲੋਂ ਕਿਉਂ ਵਰੋਸਾਇਆ ਹੋਇਆ ਹੈ, ਪੂਰਾ ਜਗਤ ਕਿਉਂ ਨਹੀਂ? ਕੀ ਇਸ ਖ਼ਿੱਤੇ ਅੰਦਰ ਉਹ ਇਲਾਕੇ ਵੀ ਸ਼ਾਮਲ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰਿਆਂ ਦੀ ਤਾਂਘ ਸਿੱਖਾਂ ਦੀ ਰੋਜ਼ਾਨਾ ਦੀ ਅਰਦਾਸ ਵਿਚ ਸ਼ਾਮਲ ਹੈ? ਗੁਰੂਆਂ ਵੱਲੋਂ ਨਨਕਾਣਾ ਸਾਹਿਬ (ਪਾਕਿਸਤਾਨ), ਪਟਨਾ ਸਾਹਿਬ (ਬਿਹਾਰ) ਅਤੇ ਹਜ਼ੂਰ ਸਾਹਿਬ (ਮਹਾਰਾਸ਼ਟਰ) ਆਦਿ ਵਰਗੇ ਵਰੋਸਾਏ ਹੋਏ ਇਲਾਕੇ ਖਾਲਿਸਤਾਨ ਵਿਚ ਕੌਣ ਅਤੇ ਕਿਵੇਂ ਸ਼ਾਮਲ ਕਰੇਗਾ?
ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਫੇਸਬੁਕ ‘ਤੇ ਪਾਈ ਪੋਸਟ ‘ਰਾਜ ਕਰੇਗਾ ਖਾਲਸਾ’ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਸਤਿਗੁਰੂ ਨਾਨਕ ਪਾਤਸ਼ਾਹ ਦੇ ਆਤਮਿਕ ਇਨਕਲਾਬ ਦਾ ਸਾਰ ਤੱਤ’ ਪਾਤਿਸ਼ਾਹੀ ਬਨਾਮ ਬਾਦਸ਼ਾਹੀ’ ਹੈ:
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਪੰਨਾ 966)
ਕੀ ਸੱਤੇ ਬਲਵੰਡ ਵੱਲੋਂ ਗੁਰੂ ਨਾਨਕ ਦੀ ਸਿਫ਼ਤ ਵਿਚ ਗਾਈ ਇਸ ਪਉੜੀ ਦਾ ਇਹ ਮਤਲਬ ਨਿਕਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਦੁਨਿਆਵੀ ਹਕੂਮਤ ਕਾਇਮ ਕਰ ਦਿੱਤੀ ਹੈ। ਦੁਨਿਆਵੀ ਹਕੂਮਤ ਕਦੇ ਵੀ ਖਲਾਅ ਵਿਚ ਨਹੀਂ ਖੜ੍ਹੀ ਹੁੰਦੀ। ਇਸਦਾ ਇਕ ਨਿਸ਼ਚਤ ਖੇਤਰਫਲ ਅਤੇ ਸੀਮਾਵਾਂ ਹੁੰਦੀਆਂ ਹਨ। ਪਰ ਫੇਰ ਵੀ ਜੇ ਗੁਰਬਚਨ ਸਿੰਘ ਦੀ ਧਾਰਨਾ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਉਨ੍ਹਾਂ ਨੂੰ ਇਹ ਦੱਸਣਾ ਵੀ ਬਣਦਾ ਹੈ ਕਿ ਗੁਰੂ ਸਾਹਿਬਾਨ ਦੇ ਰੂਹਾਨੀ ਸੰਕਲਪ ਨੂੰ ‘ਆਰਥਿਕ ਖੇਤਰ’ ਵਿਚ ਕਿਵੇਂ ਸਾਕਾਰ ਕੀਤਾ ਗਿਆ ਸੀ ਜਾਂ ਭਵਿੱਖ ਵਿਚ ਕਿਵੇਂ ਕੀਤਾ ਜਾਵੇਗਾ? ਇਸ ਲਿਖਤ ਵਿਚ ਵਰਣਨ ਕੀਤੇ ਗਏ ‘ਖ਼ਾਲਸਾ ਰਾਜ’ ਦੇ ਤਸੱਵਰ ਨਾਲ ਭਲਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਮਾਜ ਵਿਚ ਸੱਚੀਂ-ਮੁੱਚੀਂ ਦਾ ਹਲੇਮੀ ਰਾਜ ਤੇ ਬੇਗਮਪੁਰਾ ਹੋਵੇ। ਪਰ ਗੁਰਬਾਣੀ ਸੰਸਾਰਕ ਰਾਜ ਦੀ ਗੱਲ ਕਰਨ ਦੀ ਬਜਾਇ ਇਕ ਅਗੰਮੀ ‘ਸੱਚੀ ਪਾਤਸ਼ਾਹੀ’ ਦਾ ਤਸੱਵਰ ਕਰਦੀ ਹੈ ਜੋ ਕਿ ਮਰਨ ਉਪਰੰਤ ਦੂਜੇ ਸੰਸਾਰ ਵਿਚ ਹੀ ਸੰਭਵ ਹੈ।
ਸ. ਹਾਕਮ ਸਿੰਘ ਜੀ ਆਪਣੇ ਲੇਖ ‘ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਸਮਝਣ ਦਾ ਸੁਝਾਅ’ (ਪੰਜਾਬ ਟਾਈਮਜ਼- 6 ਜੁਲਾਈ 2019) ਵਿਚ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕਰਦੇ ਹਨ, ‘ਗੁਰਬਾਣੀ ਤਾਂ ਸਮਾਜ, ਕੁਦਰਤ ਅਤੇ ਰਾਜ ਨੂੰ ਸੰਬੋਧਿਤ ਹੀ ਨਹੀਂ ਹੈ। ਇਸਦਾ ਸੰਬੰਧ ਤਾਂ ਨਿਰੋਲ ਮਨੁੱਖ ਨਾਲ ਹੈ। ਗੁਰਬਾਣੀ ਤਾਂ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣ, ਉਸਦਾ ਭਾਣਾ ਮੰਨਣ ਅਤੇ ਜੋ ਕੁਝ ਹੋ ਰਿਹਾ ਹੈ, ਉਸਨੂੰ ਪ੍ਰਵਾਨ ਕਰਨ ਲਈ ਆਖਦੀ ਹੈ ਨਾ ਕਿ ਸਮਾਜ ਨੂੰ ਸੁਧਾਰਨ ਲਈ। ਇਹ ਮਨੁੱਖਾ ਜੀਵਨ ਦੀ ਇਕ ਵੱਖਰੀ ਅਤੇ ਅਕਲਪਿਤ ਸਚਾਈ ਬਿਆਨ ਕਰਦੀ ਹੈ ਤੇ ਮਨੁਖ ਨੂੰ ਪ੍ਰਭੂ ਮਿਲਾਪ ਲਈ ਉੱਦਮ ਕਰਨ ਲਈ ਪ੍ਰੇਰਦੀ ਹੈ।’ ਬੇਸ਼ੱਕ ਸਾਡੇ ਵੱਲੋਂ ਹਾਕਮ ਸਿੰਘ ਜੀ ਦੀ ਸਮੁੱਚੀ ਵਿਆਖਿਆ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਪਰ ਉਨ੍ਹਾਂ ਦੀਆਂ ਦਲੀਲਾਂ ਕਾਫ਼ੀ ਵਜ਼ਨਦਾਰ ਹਨ।
ਉਹ ਲਿਖਦੇ ਹਨ, ਇਹ ਵਿਚਾਰ ਵੀ ਕਿ ‘ਇਸ ਦ੍ਰਿਸ਼ਟੀਗੋਚਰ ਹੁੰਦੇ ਸੰਸਾਰ ਵਿਚ ਵਸਦੀ ਸਮੂਹ ਜੀਵਾਂ ਦੀ ਜ਼ਿੰਦਗੀ ਇਸ ਸੱਚ ਦਾ ਪ੍ਰਗਟ ਰੂਪ ਹੈ’ ਗੁਰਮਤਿ ਅਨੁਸਾਰੀ ਨਹੀਂ ਹੈ। ਮਾਨਵਤਾ ਪ੍ਰਭੂ ਦੇ ਹੁਕਮ ਨਾਲ ਹੋਂਦ ਵਿਚ ਆਇਆ ਅਸਤਿੱਤਵ ਹੈ, ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰਨਾ 2) ਉਸ ਨੂੰ ਪ੍ਰਭੂ ਦਾ ਪ੍ਰਗਟ ਸਰੂਪ ਆਖਣਾ ਸਹੀ ਨਹੀਂ ਜਾਪਦਾ। ਲੇਖਕ ਅਨੁਸਾਰ ‘ਧਰਮ ਦੇ ਤਿੰਨ ਪੱਖ ਹਨ: ਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਭਾਵ ਫਿਲਾਸਫੀ, ਮਨੁੱਖੀ ਸਦਾਚਾਰ ਅਤੇ ਕਰਮਕਾਂਡ।’ ਧਰਮ ਦੇ ਇਨ੍ਹਾਂ ਤਿੰਨਾਂ ਪੱਖਾਂ ਦੀ ਗੁਰਬਾਣੀ ਵਿਚ ਦਿੱਤੀ ਧਰਮ ਦੀ ਪਰਿਭਾਸ਼ਾ ਨਾਲ ਕੋਈ ਸਾਂਝ ਨਹੀਂ ਹੈ। ਗੁਰਬਾਣੀ ਧਾਰਮਿਕ ਕਰਮ ਕਾਂਡਾਂ ਦਾ ਖੰਡਨ ਕਰਦੀ ਹੈ ਅਤੇ ਸਦਾਚਾਰ ਨੂੰ ਤ੍ਰੈਗੁਣੀ ਸੰਸਾਰਕ ਜੀਵਨ ਦਾ ਵਿਹਾਰ ਹੋਣ ਕਾਰਨ ਇਸ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਦੇ ਮਾਰਗ ਵਿਚ ਰੁਕਾਵਟ ਦੱਸਦੀ ਹੈ। ਫਿਲਾਸਫੀ ਦਾ ਸਰੋਕਾਰ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨਾਲ ਹੈ, ਪਰ ਗੁਰਬਾਣੀ ਮਨੁੱਖ ਦੇ ਕੁਦਰਤ ਨਾਲ ਰਿਸ਼ਤੇ ਨੂੰ ਨਹੀਂ, ਪ੍ਰਭੂ ਨਾਲ ਮਿਲਾਪ ਨੂੰ ਮਨੁੱਖੀ ਜੀਵਨ ਦਾ ਮਨੋਰਥ ਦੱਸਦੀ ਹੈ,
“ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ (ਪੰਨਾ 176)
‘ਗੁਰਮਤਿ ਸੰਪ੍ਰਦਾਇਕ ਜਾਂ ਸੰਗਠਤ ਧਰਮ ਨਹੀਂ ਹੈ, ਪਰ ਗੁਰਬਾਣੀ ਸੰਪ੍ਰਦਾਇਕ ਅਤੇ ਸੰਗਠਤ ਧਰਮਾਂ ਦਾ ਵਿਰੋਧ ਵੀ ਨਹੀਂ ਕਰਦੀ ਤੇ ਨਾ ਹੀ ਕਿਸੇ ਧਰਮ ਨੂੰ ਬੁਰਾ ਆਖਦੀ ਹੈ। ਕੇਵਲ ਉਨ੍ਹਾਂ ਵਿਚ ਬੇਅਰਥ ਕਰਮ ਕਾਂਡਾਂ ਦਾ ਖੰਡਨ ਅਤੇ ਕਥਨੀ ਤੇ ਕਰਨੀ ਦੇ ਭੇਦ ਅਤੇ ਭਰਮਾਂ ਦੀ ਆਲੋਚਨਾ ਕਰਦੀ ਹੈ। ਉਹ ਹਿੰਦੂ ਨੂੰ ਅੱਛਾ ਹਿੰਦੂ ਅਤੇ ਮੁਸਲਮਾਨ ਨੂੰ ਅੱਛਾ ਮੁਸਲਮਾਨ ਬਣਨ ਲਈ ਪ੍ਰੇਰਦੀ ਹੈ। ਉਹ ਧਰਮ ਦੇ ਸੰਗਠਨ ਸਥਾਪਤ ਕਰਨ ਦਾ ਉਪਦੇਸ਼ ਨਹੀਂ ਕਰਦੀ, ਸਗੋਂ ਪੁੱਛਦੀ ਹੈ,
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ॥ (ਪੰਨਾ 477)’
‘ਗੁਰਬਾਣੀ ਸਮਾਜਿਕ ਜਾਂ ਸੰਪ੍ਰਦਾਇਕ ਧਾਰਮਿਕ ਵਿਚਾਰਧਾਰਾ ਨਹੀਂ ਹੈ, ਅਧਿਆਤਮਕ ਗਿਆਨ ਹੈ। ਇਹ ਪ੍ਰਭੂ, ਸ੍ਰਿਸ਼ਟੀ, ਸੰਸਾਰ, ਮਨੁੱਖਤਾ ਅਤੇ ਮਨੁੱਖ ਬਾਰੇ ਪ੍ਰਚਲਿਤ ਫਿਲਾਸਫੀਕਲ, ਵਿਗਿਆਨਕ ਤੇ ਲੋਕ ਰਾਏ ਤੋਂ ਵੱਖਰੇ ਵਿਚਾਰ ਪੇਸ਼ ਕਰਦੀ ਹੈ। ਇਹ ਮਨੁੱਖਾ ਜੀਵਨ ਦੀ ਵੱਖਰੀ ਅਤੇ ਅਕਲਪਿਤ ਸੱਚਾਈ ਬਿਆਨ ਕਰਦੀ ਹੈ ਤੇ ਮਨੁੱਖ ਨੂੰ ਪ੍ਰਭੂ ਮਿਲਾਪ ਲਈ ਉਦਮ ਕਰਨ ਲਈ ਪ੍ਰੇਰਦੀ ਹੈ। ਇਸ ਪੱਖੋਂ ਗੁਰਮਤਿ ਅਤੇ ਫਿਲਾਸਫੀਕਲ ਧਰਮ ਦੋ ਅਸੰਗਤ ਸੰਕਲਪ ਹਨ। ਗੁਰਬਾਣੀ ਦਾ ਮੂਲ ਉਪਦੇਸ਼ ਤਿੰਨ ਮੁੱਖ ਵਿਸ਼ਿਆਂ-ਪ੍ਰਭੂ, ਸੰਸਾਰਕ ਮਾਇਆ ਅਤੇ ਮਨੁੱਖੀ ਮਨ ਨਾਲ ਸਬੰਧਤ ਹੈ। ਪ੍ਰਭੂ ਇੱਕ ਹੈ। ਉਸ ਦੀ ਸਦੀਵੀ ਹੋਂਦ ਹੈ, ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1) ਹੋਂਦ ਕੇਵਲ ਉਸੇ ਦੀ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ, ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ॥ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥1॥ ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਉਹ ਸਾਰੀ ਕਾਇਨਾਤ ਦਾ ਕਰਤਾ ਹੈ ਅਤੇ ਆਪ ਉਸ ਵਿਚ ਵਿਦਮਾਨ ਹੈ।’
ਕੀ ਭਗਤ ਰਵਿਦਾਸ ਜੀ ਦਾ ‘ਬੇਗਮਪੁਰਾ’ ਇਸ ਜਗਤ ਦੀ ਗੱਲ ਕਰ ਰਿਹਾ ਹੈ? ਕੀ ਇਹ ਕਹਿਣਾ ਵੱਧ ਠੀਕ ਨਹੀ ਕਿ ਉਹ ਤਾਂ ਮਨੁੱਖ ਨੂੰ ਮਰਨ ਉਪਰੰਤ ਦੂਸਰੇ ਜਗਤ ਦਾ ਵਿਵਰਣ ਦੱਸ ਰਹੇ ਹਨ ਕਿ ਭਾਈ ਸੱਚੇ ਸਤਿਗੁਰੂ ਦੇ ਲੜ ਲੱਗੋ ਤਦ ਹੀ ਤੁਹਾਨੂੰ ਦੂਸਰੇ ਜਗਤ ਭਾਵ ਸਵਰਗ ਵਿਚ ਸੁੱਖ ਅਰਾਮ ਦੀ ਜ਼ਿੰਦਗੀ ਪ੍ਰਾਪਤ ਹੋਵੇਗੀ।
ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੋ ਮੀਤ ਹਮਾਰਾ॥੩॥੨॥ (ਪੰਨਾ 345)
ਭਗਤ ਰਵਿਦਾਸ ਜੀ ਜਿਸ ਜਾਤ-ਪਾਤੀ ਸਮਾਜ ਦਾ ਸ਼ਿਕਾਰ ਰਹੇ ਹਨ, ਸੁਭਾਵਿਕ ਹੈ ਕਿ ਉਹ ਅਜਿਹੇ ਸੰਸਾਰ ਦੀ ਕਲਪਨਾ ਕਰ ਰਹੇ ਹਨ ਜਿੱਥੇ ਜਾਤੀ ਭੇਦ-ਭਾਵ ਨਾ ਹੋਵੇ, ਨਾ ਦੁੱਖ ਹੋਵੇ, ਨਾ ਟੈਕਸ ਹੋਵੇ, ਘੁੰਮਣ ਫਿਰਨ ਦੀ ਖੁੱਲ੍ਹ ਹੋਵੇ, ਪਾਪ ਕਰਮ ਨਾ ਹੋਵੇ, ਸਾਰੇ ਲੋਕ ਸੁਖੀ ਵੱਸਣ ਆਦਿ। ਇਹੀ ਤਾਂ ਉਹ ਸੁਪਨਈ ਸਮਾਜ ( ੁਟੋਪਅਿ) ਹੈ ਜਿਸ ਦੀ ਮਾਰਕਸ ਪੜਚੋਲ ਕਰਦੇ ਹਨ।
ਗੁਰਬਚਨ ਸਿੰਘ ਮਾਰਕਸਵਾਦ ਦੇ ਪ੍ਰਬੁੱਧ ਪੈਰੋਕਾਰ ਰਹੇ ਹਨ। ਕੀ ਉਹ ਨਹੀਂ ਜਾਣਦੇ ਕਿ ਸੁਪਨਈ ਸਮਾਜ ਬਾਰੇ ਮਾਰਕਸ ਅਤੇ ਐਂਗਲਜ਼ ਦੇ ਕੀ ਵਿਚਾਰ ਸਨ? ਜਮਾਤੀ ਘੋਲ਼ ਦੀ ਅਵਿਕਸਿਤ ਹਾਲਤ ਵਿਚ ਅਤੇ ਉਸ ਦੁਆਲੇ ਉਸਰਿਆ ਮਾਹੌਲ, ਇਸ ਕਿਸਮ ਦੇ ਸੁਪਨਸਾਜ਼ ਸਮਾਜਵਾਦੀਆਂ ਨੂੰ ਆਪਣੇ ਆਪ ਨੂੰ ਸਾਰੇ ਜਮਾਤੀ ਵਿਰੋਧੀਆਂ ਨਾਲੋਂ ਕਿਤੇ ਵੱਧ ਉੱਚਾ ਸਮਝਣ ਦਾ ਕਾਰਨ ਬਣਦਾ ਹੈ। ਉਹ ਆਪਣੇ ਸਭ ਤੋਂ ਵੱਧ ਪਸੰਦੀਦਾ ਵਿਅਕਤੀਆਂ ਸਮੇਤ ਸਮਾਜ ਦੇ ਹਰ ਮੈਂਬਰ ਦੀ ਹਾਲਤ ਸੁਧਾਰਨਾ ਚਾਹੁੰਦੇ ਹਨ। ਇਸ ਲਈ, ਉਹ ਆਮ ਤੌਰ ‘ਤੇ ਵਰਗ ਦੇ ਭੇਦ-ਭਾਵ ਤੋਂ ਬਿਨਾਂ, ਵੱਡੇ ਪੱਧਰ ‘ਤੇ ਸਮਾਜ ਨੂੰ ਅਤੇ ਤਰਜੀਹੀ ਤੌਰ ‘ਤੇ, ਹਾਕਮ ਜਮਾਤ ਨੂੰ ਅਪੀਲ ਕਰਦੇ ਹਨ, ਕਿਉਂਕਿ ਲੋਕ, ਜਦੋਂ ਇੱਕ ਵਾਰ ਉਹ ਆਪਣੀ ਪ੍ਰਣਾਲੀ ਨੂੰ ਸਮਝ ਲੈਂਦੇ ਹਨ, ਤਾਂ ਇਸ ਨੂੰ ਸਮਾਜ ਦੇ ਸਰਵੋਤਮ ਸੰਭਵ ਰਾਜ ਦੀ ਸਭ ਤੋਂ ਵਧੀਆ ਸੰਭਵ ਯੋਜਨਾ ਵਿਚ ਕਿਵੇਂ ਵੇਖਣ ਵਿਚ ਅਸਫਲ ਹੋ ਸਕਦੇ ਹਨ? ਇਸ ਲਈ, ਉਹ ਸਾਰੇ ਰਾਜਨੀਤਿਕ ਕੰਮਾਂ ਅਤੇ ਖਾਸ ਕਰਕੇ ਸਾਰੀਆਂ ਇਨਕਲਾਬੀ, ਕਾਰਵਾਈਆਂ ਨੂੰ ਰੱਦ ਕਰਦੇ ਹਨ; ਉਹ ਸ਼ਾਂਤਮਈ ਢੰਗਾਂ ਨਾਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਾਜ਼ਮੀ ਹੀ ਅਸਫਲ ਰਹਿਣ ਲਈ ਬੱਝੀਆਂ ਹੁੰਦੀਆਂ ਹਨ। ‘ਸੱਭੇ ਸਾਂਝੀਵਾਲ ਸਦਾਇਨ’ ਗੁਰਬਾਣੀ ਦਾ ਕੇਂਦਰੀ ਸੰਦੇਸ਼ ਹੈ ਅਤੇ ਮਾਰਕਸਵਾਦੀ ਦਰਸ਼ਨ ਦੇ ਤਹਿਤ ਵੀ ਅਜਿਹੇ ਆਦਰਸ਼ ਸਮਾਜ ਨਿਰਮਾਣ ਦੀ ਹੀ ਬੜੇ ਜ਼ੋਰਦਾਰ ਤਰੀਕੇ ਨਾਲ ਕਾਮਨਾ ਕੀਤੀ ਗਈ ਹੈ। ਰੌਲਾ ਤਾਂ ਇਤਨਾ ਹੀ ਹੈ ਕਿ ਇਸ ਆਦਰਸ਼ ਨੂੰ ਹਕੀਕੀ ਸੰਸਾਰ ਵਿਚ ਅਮਲੀ ਤੌਰ `ਤੇ ਉਤਾਰਿਆ ਕਿਵੇਂ ਜਾਵੇ? ਕੀ ਉਨ੍ਹਾਂ ਨੇ ਫੈ੍ਰਡਰਿਕ ਏਂਗਲਜ਼ ਦੀਆਂ ‘ਸੋਸ਼ਲਿਜ਼ਮ: ਯੂਟੋਪੀਅਨ ਐਂਡ ਸਾਇੰਟਿਫਿਕ’ ਅਤੇ ‘ਐਂਟੀ- ਡੂਹਰਿੰਗ’ ਨਾਂ ਦੀਆਂ ਬੁਨਿਆਦੀ ਪੁਸਤਕਾਂ ਪੜ੍ਹੀਆਂ ਨਹੀਂ ਹਨ? ਅਤੇ ਜੇ ਪੜ੍ਹੀਆਂ ਹਨ ਤਾਂ ਉਹ ਦੱਸਣ ਤਾਂ ਸਹੀ ਕਿ ਏਂਗਰਜ਼ ਨੂੰ ਆਖਰ ਉਹ ਕਿਉਂ ਲਿਖਣੀਆਂ ਪਈਆਂ ਸਨ?
ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਹੈ ਕਿ ਭਾਰਤ ਅੰਦਰ ਬੰਗਾਲ, ਕੇਰਲ ਅਤੇ ਤ੍ਰਿਪੁਰਾ ਅੰਦਰ ਕਮਿਊਨਿਸਟ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋਏ। ਸੰਸਾਰ ਪੱਧਰ ‘ਤੇ ਮੰਨ ਲਈਏ ਕਿ ਉਹ ਰੂਸ, ਚੀਨ ਅਤੇ ਕਿਊਬਾ ਅੰਦਰ ਵੀ ਅਸਫਲ ਰਹੇ ਹਨ। ਪਰ ਕੀ ਕੋਈ ਵਿਅਕਤੀ ਪੂੰਜੀਵਾਦ ਦਾ ਸਮਾਜਵਾਦ ਤੋਂ ਬਿਨਾ ਹੋਰ ਕੋਈ ਵਧੀਆ ਬਦਲ ਦੱਸ ਸਕਦਾ ਹੈ? ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਵੀਹਵੀਂ ਸਦੀ ਦੇ ਧੁਰੰਤਰ ਬੁੱਧੀਜੀਵੀਆਂ ਤੋਂ ਇਲਾਵਾ ਪਾਲ ਸਵੀਜ਼ੀ, ਚਾਰਲਸ ਬੈਥਲਹਾਈਮ ਅਤੇ ਆਪਣੇ ਪ੍ਰੋ. ਰਣਧੀਰ ਸਿੰਘ ਵਰਗੇ ਅਤਿ ਸੁਹਿਰਦ ਮਾਰਕਸਵਾਦੀਆਂ ਨੇ ਇਨ੍ਹਾਂ ਸਮੱਸਿਆਵਾਂ ਦਾ ਤੋੜ ਲੱਭਣ ਲਈ ਆਪਣੀ ਸਾਰੀ ਜ਼ਿੰਦਗੀ ਝੋਕ ਰੱਖੀ ਸੀ। ਕੀ ਇਹ ਗੱਲਾਂ ਗੁਰਬਚਨ ਸਿੰਘ ਜੀ ਤੋਂ ਲੁਕੀਆਂ ਹੋਈਆਂ ਹਨ? ਫੇਰ ਉਹ ਕਿਉਂ ਵਾਰ ਵਾਰ ਅਮੂਰਤ ਧਾਰਮਿਕ ਪ੍ਰਵਚਨਾਂ ਨੂੰ ਦੁਹਰਾਉਣ ਵਿਚ ਲੱਗੇ ਹੋਏ ਹਨ? ਸਾਡੇ ਤੋਂ ਵੀ ਪਹਿਲਾਂ ਸੈਂਕੜੇ ਵਿਦਵਾਨਾਂ ਨੇ ਮਸੀਹੀ ਸਮਾਜਵਾਦ ਅਤੇ ਇਸਲਾਮੀ ਸਮਾਜਵਾਦ ਉਸਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹੋਈਆਂ ਹਨ। ਅਰਬ ਜਗਤ ਅਤੇ ਅਫ਼ਰੀਕੀ ਮਹਾਂਦੀਪ ਦੇ ਦੇਸ਼ਾਂ ਅੰਦਰ ਇਸਲਾਮੀ ਅਤੇ ਈਸਾਈ ਧਰਮ ਸ਼ਾਸਤਰਾਂ ਨੂੰ ਲਾਗੂ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਹਨ।
ਇਕ ਹੋਰ ਗੱਲ, ਗੈਰ-ਧਰਮੀ ਆਲੋਚਨਾ ਦੀ ਬੁਨਿਆਦ ਹੀ ਇਹ ਹੈ ਕਿ ਧਰਮ ਮਨੁੱਖ ਨੂੰ ਨਹੀਂ ਬਣਾਉਂਦਾ, ਸਗੋਂ ਇਹ ਮਨੁੱਖ ਹੈ ਜੋ ਧਰਮ ਦੀ ਸਿਰਜਣਾ ਕਰਦਾ ਹੈ। ਧਰਮ, ਅਸਲ ਵਿਚ, ਮਨੁੱਖ ਦੀ ਸਵੈ-ਚੇਤਨਾ ਅਤੇ ਆਪਾ ਸਨਮਾਨ ਹੈ ਜੋ ਜਾਂ ਤਾਂ ਅਜੇ ਤੱਕ ਆਪਣੇ ਆਪ ਵਿਚ ਜਿੱਤਿਆ ਨਹੀਂ ਹੈ, ਜਾਂ ਪਹਿਲਾਂ ਹੀ ਆਪਣੇ ਆਪ ਨੂੰ ਕਿਸੇ ਤੋਂ ਦੁਬਾਰਾ ਹਾਰ ਗਿਆ ਹੈ। ਪਰ ਮਨੁੱਖ ਸੰਸਾਰ ਤੋਂ ਬਾਹਰ ਬੈਠਾ ਕੋਈ ਅਮੂਰਤ ਜੀਵ ਨਹੀਂ ਹੈ। ਮਨੁੱਖ ਹੀ ਮਨੁੱਖ ਦਾ ਸੰਸਾਰ ਹੈ ਜਿਸ ਵਿਚ ਰਾਜ ਤੇ ਸਮਾਜ ਸ਼ਾਮਲ ਹਨ। ਇਹ ਰਾਜ ਅਤੇ ਸਮਾਜ ਹੀ ਧਰਮ ਪੈਦਾ ਕਰਦਾ ਹੈ, ਜੋ ਸੰਸਾਰ ਦੀ ਇੱਕ ਪੁਠ ਪੈਰੀਂ ਚੇਤਨਾ ਹੈ, ਕਿਉਂਕਿ ਇਹ ਸੰਸਾਰ ਸਿਰ ਪਰਨੇ ਖੜ੍ਹਾ ਹੋਇਆ ਹੋਇਆ ਹੈ। ਧਰਮ ਇਸ ਸੰਸਾਰ ਦਾ ਸਾਧਾਰਨ ਸਿਧਾਂਤ ਹੈ, ਇਸਦਾ ਵਿਸ਼ਵਕੋਸ਼ੀ ਸੰਗ੍ਰਹਿ ਹੈ। ਇਸਦਾ ਨੈਤਿਕ ਤਰਕ, ਅਧਿਆਤਮਿਕ ਮਾਨ ਸਨਮਾਨ, ਉਤਸ਼ਾਹ, ਇਸਦੀ ਨੈਤਿਕ ਪ੍ਰਵਾਨਗੀ ਹੈ। ਧਰਮ ਇਸਦਾ ਸੰਪੂਰਨ ਪੂਰਕ, ਅਤੇ ਧਰਵਾਸ ਅਤੇ ਜਾਇਜ਼ਤਾ ਦਾ ਸਰਵ ਵਿਆਪਕ ਆਧਾਰ ਹੈ। ਇਹ ਮਨੁੱਖੀ ਤੱਤ ਦਾ ਸੁਪਨਈ ਅਨੁਭਵ ਹੈ ਕਿਉਂਕਿ ਮਨੁੱਖੀ ਤੱਤ ਨੇ ਕੋਈ ਸੱਚੀ ਹਕੀਕਤ ਪ੍ਰਾਪਤ ਨਹੀਂ ਕੀਤੀ ਹੈ ਇਸ ਲਈ ਧਰਮ ਦੇ ਵਿਰੁੱਧ ਸੰਘਰਸ਼ ਅਸਿੱਧੇ ਤੌਰ ‘ਤੇ ਉਸ ਦੂਸਰੇ ਸੰਸਾਰ (ਸਵਰਗ) ਵਿਰੁੱਧ ਸੰਘਰਸ਼ ਹੈ ਜਿਸਦੀ ਆਤਮਿਕ ਸੁਗੰਧੀ ਧਰਮ ਹੈ। ਇਸ ਦੁਨੀਆ, ਕੁਦਰਤ ਅਤੇ ਬ੍ਰਹਿਮੰਡ ਦੀ ਵਿਆਖਿਆ ਕਰਨ ਲਈ ਦਾਰਸ਼ਨਿਕਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਖਤਮ ਹੋ ਚੁੱਕੀਆਂ ਹਨ। ਖੁਦ ਮਾਰਕਸ ਨੇ ਫਿਊਰਬਾਖ ਦੀ ਆਲੋਚਨਾ ਵਾਲੇ ਲੇਖ ਦੀਆਂ ਅੰਤਮ ਸਤਰਾਂ ਵਿਚ ਸਭਨਾਂ ਧਰਮ ਗੁਰੂਆਂ ਅਤੇ ਦਾਰਸ਼ਨਿਕਾਂ ਨੂੰ ਇਹ ਕਹਿ ਕੇ ਨਿਰ-ਉਤਰ ਕੀਤਾ ਹੋਇਆ ਹੈ ਕਿ “ਸਭਨਾ ਦਾਰਸ਼ਨਿਕਾਂ ਨੇ ਇਸ ਸੰਸਾਰ ਦੀ ਵੱਖ ਵੱਖ ਢੰਗਾਂ ਨਾਲ ਵਿਆਖਿਆ ਕੀਤੀ ਹੈ, ਪਰ ਅਸਲ ਸਵਾਲ ਤਾਂ ਇਸਨੂੰ ਬਦਲਣ ਦਾ ਹੈ।”
ਗੁਰਬਚਨ ਜੀ ਗੁਰਬਾਣੀ ਦੀ ਰੋਸ਼ਨੀ ਵਿਚ ਇਸ ਸੰਸਾਰ ਦੀ ਵਿਆਖਿਆ ਕਰਨ ਵਿਚ ਲੱਗੇ ਹੋਏ ਹਨ ਪਰ ਕੀ ਉਹ ਦੱਸ ਸਕਦੇ ਹਨ ਕਿ ਉਹ ਇਸ ਸੰਸਾਰ ਨੂੰ ਬਦਲਣ ਲਈ ਅਮਲ ਵਿਚ ਕੀ ਕਰ ਰਹੇ ਹਨ? ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਸਾਰੇ ਧਰਮਾਂ ਵਿਚੋਂ ਨਵੀਂ ਹੈ। ਇਹ ਸ੍ਰਿਸ਼ਟੀ ਨੂੰ ਨਵੇਂ ਸਿਰਿਉਂ ਵਖਿਆਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਸਮੇਂ ਦੀਆਂ ਲੋੜਾਂ ਅਨੁਸਾਰ ਇਸ ਵਿਚ ਪੁਰਾਣੇ ਧਰਮਾਂ ਦੇ ਕਰਮ ਕਾਂਡਾਂ, ਜਾਤ ਪਾਤ, ਊਚ ਨੀਚ, ਰਾਜੇ ਰੰਕ ਆਦਿ ਵਰਗੀਆਂ ਵੰਡਾਂ ਦਾ ਖੰਡਨ ਕੀਤਾ ਗਿਆ ਹੈ। ਇਸੇ ਲਈ ਇਹ ਬਾਕੀਆਂ ਨਾਲ਼ੋਂ ਨਿਵੇਕਲਾ ਜਾਪਦਾ ਹੈ।
ਕੀ ਸ. ਗੁਰਬਚਨ ਸਿੰਘ ਜੀ ਦੱਸ ਸਕਦੇ ਹਨ ਕਿ ਗੁਰਬਾਣੀ ਜਾਂ ਕਿਸੇ ਹੋਰ ਧਾਰਮਿਕ ਪੋਥੀ ਦੀ ਕਲਪਨਾ ਮੁਤਾਬਕ ਤਸੱਵਰ ਕੀਤਾ ਕੋਈ ਸਮਾਜ ਕਿਸੇ ਯੁੱਗ ਅੰਦਰ ਹੋਂਦ ਵਿਚ ਆਇਆ ਹੈ? ਜੇ ਨਹੀਂ ਆਇਆ ਤਾਂ ਕਿਉਂ ਨਹੀਂ? ਕਿਉਂਕਿ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਸਮਾਜ ਨੂੰ ਬਦਲਣ ਦਾ ਨਾ ਹੀ ਸੰਕਲਪ ਹੈ ਨਾ ਵਿਉਂਤਬੰਦੀ। ਸੱਯਦ ਕੁਤਬ ਅਤੇ ਮੌਲਾਨਾ ਮੌਦੂਦੀ ਵਰਗੇ ਇਸਲਾਮੀ ਚਿੰਤਕਾਂ ਨੇ ਕੁਰਾਨ ਸ਼ਰੀਫ਼ ਦੀ ਵਿਆਖਿਆ ਕਰਨ ਲਈ ਅਨੇਕਾਂ ਗ੍ਰੰਥ ਰਚ ਦਿੱਤੇ ਹਨ। ਸੱਯਦ ਕੁਤਬ ਨੇ ਤਾਂ ਅਮਲੀ ਤੌਰ ‘ਤੇ ਮਿਸਰ ਵਿਚ ਜੀਅ ਤੋੜ ਕੰਮ ਕੀਤਾ ਹੋਇਆ ਹੈ। ਪਰ ਉਨ੍ਹਾਂ ਦੇਸ਼ਾਂ ਵਿਚ “ਇਸਲਾਮੀ ਸਮਾਜਵਾਦ” ਦੀ ਸਥਾਪਨਾ ਕਰਨ ਲਈ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਹਨ, ਉਨ੍ਹਾਂ ਦਾ ਹਸ਼ਰ ਸਭ ਦੇ ਸਾਹਮਣੇ ਹੈ।
ਧਾਰਮਿਕ ਲੋਕਾਂ ਨੂੰ ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ ਵਿਚ ਹਮੇਸ਼ਾ ਹੀ ਸ਼ਾਮਲ ਕੀਤਾ ਜਾਂਦਾ ਰਿਹਾ ਕਿਉਂਕਿ ਕਮਿਊਨਿਸਟਾਂ ਦੀ ਸਮਝ ਸੀ ਕਿ ਧਰਮ ਦੀ ਖਾਲੀ ਆਲੋਚਨਾ ਕਰਨ ਨਾਲ ਕੁਝ ਵੀ ਨਹੀਂ ਹੋਣ ਵਾਲਾ। ਗਦਰੀ ਬਾਬਿਆਂ ਦਾ ਕਿਰਤੀ, ਲਾਲ ਪਾਰਟੀ ਅਤੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਣਾ ਸਾਡੇ ਸਾਹਮਣੇ ਸੱਜਰੀਆਂ ਮਿਸਾਲਾਂ ਹਨ। ਸ. ਗੁਰਬਚਨ ਸਿੰਘ ਨੇ ਰਾਮ ਚੰਦਰ ਨੂੰ ਨਕਾਰਨ ਲਈ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ। ਉਹ ਕਿਸ ਮੁੱਦੇ ਨੂੰ ਕਿੰਨੀ ਮਹੱਤਤਾ ਦਿੰਦੇ ਹਨ, ਇਹ ਉਨ੍ਹਾਂ ਦਾ ਮੌਲਿਕ ਜਮਹੂਰੀ ਹੱਕ ਹੈ। ਹਾਲਾਂਕਿ ਉਹ ਖੁਦ ਹੀ ਰਾਮ ਚੰਦਰ ਨੂੰ ਹਿੰਦੂਆਂ ਦਾ ਅਵਤਾਰੀ ਪੁਰਸ਼ ਮੰਨਦੇ ਹਨ। ਵੈਸੇ ਵੀ ਮੇਰੀ ਲਿਖਤ ਦਾ ਇਹ ਗੌਣ ਮੁੱਦਾ ਸੀ। ਪਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ, ਕਿ ਕਿਸੇ ਵੀ ਗ੍ਰੰਥ ਜਾਂ ਲਿਖਤ ਵਿਚ ਜੇਕਰ ਕੋਈ ਸ਼ਬਦ ਹਜ਼ਾਰਾਂ ਵਾਰੀ ਵਰਤਿਆ ਜਾਂਦਾ ਹੈ ਤਾਂ ਉਸਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਕਿਉਂਕਿ ਉਹ ਸ਼ਬਦ ਪਾਪੂਲਰ ਕਲਚਰ ਭਾਵ ਜਨ ਮਾਨਸ ਦੀ ਮਾਨਸਿਕਤਾ ਵਿਚ ਗੂੜੀ ਤਰ੍ਹਾਂ ਉੱਕਰਿਆ ਹੁੰਦਾ ਹੈ। ਸਾਡੇ ਸਮਾਜ ਵਿਚ ਰਮਾਇਣ ਦੀਆਂ ਤਿੰਨ ਸੌ ਤੋਂ ਉਪਰ ਲਿਖਤੀ ਵਿਆਖਿਆਵਾਂ ਪ੍ਰਚੱਲਤ ਹਨ। ਸਾਡੇ ਗੁਰੂ ਸਾਹਿਬਾਨ ਵੀ ਕਿਸੇ ਓਪਰੇ ਗ੍ਰਹਿ ਦੇ ਵਸਨੀਕ ਨਹੀਂ ਸਨ। ਕੋਈ ਵੀ ਪੈਗ਼ੰਬਰ ਜਿੰਨਾ ਮਰਜ਼ੀ ਵੱਡਾ ਹੋਵੇ, ਉਹ ਆਪਣੇ ਪ੍ਰਵਚਨਾਂ ਲਈ ਹਾਸਲ ਸਮਾਜ ਵਿਚੋਂ ਹੀ ਬੋਲੀ, ਸ਼ਬਦ, ਰੂਪਕ ਅਤੇ ਅਲੰਕਾਰ ਵਰਤਦਾ ਹੈ। ਜਿਹੜੀ ਵਸਤੂ ਹਾਸਲ ਸਮਾਜ ਵਿਚ ਨਹੀਂ ਹੁੰਦੀ, ਉਹ ਕਿਸੇ ਲਿਖਤ ਜਾਂ ਗ੍ਰੰਥ ਵਿਚ ਆ ਹੀ ਨਹੀਂ ਸਕਦੀ। ਆਪਾਂ ਇਕ ਵਾਰ ਫੇਰ ਦਸ਼ਰਥ ਪੁੱਤਰ ਰਾਮ ਵੱਲ ਮੁੜਦੇ ਹਾਂ। ਗੁਰਬਾਣੀ ਵਿਚ ਚਾਰ ਯੁੱਗਾਂ ਅਤੇ ਚਾਰੇ ਯੁੱਗਾਂ ਦੇ ਪਰਮਾਤਮਾਵਾਂ ਦਾ ਜ਼ਿਕਰ ਆਉਂਦਾ ਹੈ। ਚਾਰ ਵੇਦਾਂ ਨੂੰ (ਸਾਮਵੇਦ, ਯਜੁਰਵੇਦ, ਰਿਗਵੇਦ ਅਤੇ ਅਥਰਵ ਵੇਦ) ਚਾਰ ਯੁੱਗਾਂ (ਸਤਯੁੱਗ, ਦੁਆਪਰ, ਤਰੇਤਾ ਅਤੇ ਕਲਯੁੱਗ) ਨੂੰ ਚਾਰ ਅਵਤਾਰਾਂ (ਬਾਮਨ/ ਨਰਸਿੰਘ, ਰਾਮ ਚੰਦਰ, ਕ੍ਰਿਸਨ ਅਤੇ ਮੁਹੰਮਦ) ਵਿਚ ਵੰਡਿਆ ਹੋਇਆ ਹੈ। ਇਹ ਬੰਸਾਵਲੀ ਸਿਰਫ ਗੁਰੂ ਸਾਹਿਬਾਨ ਦੀ ਬਾਣੀ ਵਿਚ ਹੀ ਨਹੀਂ ਬਲਕਿ ਭਾਈ ਗੁਰਦਾਸ ਅਤੇ ਭੱਟਾਂ ਦੀ ਰਚਨਾ ਵਿਚ ਵੀ ਮਿਲਦੀ ਹੈ। ਭੱਟਾਂ ਨੇ ਤਾਂ ਗੁਰੂ ਸਾਹਿਬਾਨ ਦੀ ਸਿਫ਼ਤ ਕਰਦਿਆਂ ਉਨ੍ਹਾਂ ਨੂੰ ਰਾਜੇ ਜਨਕ, ਵਿਸ਼ਨੂੰ, ਬ੍ਰਾਹਮਣ, ਕ੍ਰਿਸ਼ਨ ਅਤੇ ਰਾਮ ਚੰਦਰ ਦਾ ਅਵਤਾਰ ਮੰਨਿਆ ਹੈ। ਸ. ਗੁਰਬਚਨ ਸਿੰਘ ਜੀ ਨੇ ਜੇ ਆਸਾ ਦੀ ਵਾਰ ਅਤੇ ਭੱਟਾਂ ਦੇ ਸਵੱਈਏ ਪੜ੍ਹੇ ਹੁੰਦੇ ਤਾਂ ਉਨ੍ਹਾਂ ਕੋਲ਼ੋਂ ਦਸ਼ਰਥ ਪੁੱਤਰ ਰਾਮ ਦੀ ਅਣਦੇਖੀ ਨਹੀਂ ਹੋਣੀ ਸੀ। ਪਾਠਕਾਂ ਦੀ ਜਾਣਕਾਰੀ ਲਈ ਕੁਝ ਮਿਸਾਲਾਂ ਦੇਣੀਆਂ ਜ਼ਰੂਰੀ ਹਨ:
ਰਿਗੁ ਕਹੈ ਰਹਿਆ ਭਰਪੂਰਿ॥ ਰਾਮ ਨਾਮੁ ਦੇਵਾ ਮਹਿ ਸੂਰੁ॥ (470)
ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਕਰਦੇ ਹੋਏ ਭੱਟ ਲਿਖਦੇ ਹਨ:
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥ ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ (1390)
ਉਪਰੋਕਤ ਉਦਾਹਰਨਾਂ ਤੋਂ ਬਿਲਕੁਲ ਸਪੱਸ਼ਟ ਹੈ ਕਿ ਗੁਰਬਾਣੀ ਸਨਾਤਨ ਧਰਮ ਵਾਂਗ ਹੀ ਸ੍ਰਿਸ਼ਟੀ ਦੀ ਰਚਨਾ ਨੂੰ ਚਾਰ ਯੁੱਗ, ਚਾਰ ਵੇਦ ਅਤੇ ਚਾਰ ਅਵਤਾਰਾਂ ਵਿਚ ਵੰਡ ਕੇ ਦੇਖਦੀ ਹੈ। ਗੁਰਬਾਣੀ ‘ਚੋਂ ਲਈਆਂ ਇਨ੍ਹਾਂ ਸਾਰੀਆਂ ਹੀ ਮਿਸਾਲਾਂ ਵਿਚ ਤਰੇਤਾ ਯੁੱਗ ਦਾ ਭਗਵਾਨ ਰਾਮ ਚੰਦਰ ਨੂੰ ਮੰਨਿਆ ਗਿਆ ਹੈ। ਸ. ਗੁਰਬਚਨ ਸਿੰਘ ਜੀ ਇਕ ਓਅੰਕਾਰ ਦੀ ਵਿਆਖਿਆ ਕਰਦੇ ਹੋਏ ਇਸਨੂੰ ਅੰਕ ਗਣਿਤ ਦੇ ਇਕ ਹਿੰਦਸੇ ਦਾ ਵਿਸਥਾਰ ਦੱਸਦੇ ਹਨ। ਅਸੀਂ ਵੈਦਿਕ ਗ੍ਰੰਥਾਂ ਦੇ ਹਵਾਲੇ ਨਾਲ ਇਸ ਮਸਲੇ ਉਪਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਵੈਦਿਕ ਦਰਸ਼ਨ ਵਿਚ ਅਥਰਵ ਵੇਦ ਨਾਲ ਜੁੜੇ ਹੋਏ ਮਾਂਡੂਕਿਆ ਉਪਨਿਸ਼ਦ ਵਿਚ ਓਮ ਬਾਰੇ ਸੰਖੇਪ ਪਰ ਭਾਵਪੂਰਨ ਚਰਚਾ ਕੀਤੀ ਮਿਲਦੀ ਹੈ। ਇਸ ਉਪਨਿਸ਼ਦ ਅਨੁਸਾਰ ‘ਇਹ ਸਾਰਾ ਸੰਸਾਰ ਓਮ ਦਾ ਹੀ ਪਾਸਾਰ ਹੈ। ਇਹ ਸ਼ਬਦ ਹੀ ਸਮੁੱਚੀ ਕਾਇਨਾਤ ਹੈ ਇਹ ਸਾਰਾ ਸੰਸਾਰ ਹੈ’। ਅ+ਓ+ਮ+ ਗਹਿਰੀ ਖ਼ਾਮੋਸ਼ੀ ਜਾਂ ਸੁੰਨ (ਕਿਸੇ ਵੀ ਤੱਤ ਦੀ ਅਣਹੋਂਦ) ਭਾਵ ‘ਚਾਰ ਗੁਣਾ’ ਦੇ ਢਾਂਚੇ ‘ਤੇ ਬਣਾਇਆ ਗਿਆ ਹੈ। ਸਮੇਂ ਦੀਆਂ ਸਾਰੀਆਂ ਅਵਸਥਾਵਾਂ-ਭੂਤਕਾਲ, ਵਰਤਮਾਨ ਅਤੇ ਭਵਿੱਖ ਵਿਚ ਸਿਰਫ ਇਹ ਤਿੰਨ ‘ਓਮ’ ਹਨ। ਸਮੇਂ ਦਾ ਚੌਥਾ ਓਮ ਉਹ ਹੁੰਦਾ ਹੈ ਜੋ ਸਮੇਂ ਤੋਂ ਵੀ ਵੱਧ ਜਾਂਦਾ ਹੈ ਅਤੇ ਉਹ ਵੀ ‘ਓਮ’ ਦੇ ਰੂਪ ਵਿਚ ਪਰਗਟ ਹੁੰਦਾ ਹੈ। ਆਤਮਾ ਦੀਆਂ ਸਾਰੀਆਂ ਅਵਸਥਾਵਾਂ ਦੇ ਰੂਪ ਵਿਚ ਇਹ ਓਮ ਹੀ ਇਕ ਸੰਪੂਰਨ ਬ੍ਰਹਮ ਹੈ। ਇਹ ਸਵੈ ਆਤਮ ਹੈ। ਇਹ ਉਪਨਿਸ਼ਦ ਉਤਪਤੀ ਦੇ ਚਾਰ ਮੂਲ ਸਰੋਤਾਂ ਨੂੰ ਗਿਣਦਾ ਹੈ। ਗੁਰਬਾਣੀ ਇਸਨੂੰ ਅੰਡਜ, ਜੇਰਜ, ਸੇਤਜ ਅਤੇ ਉਤਭਜ ਵਜੋਂ ਬਿਆਨਦੀ ਹੈ। ਇਹ ਸਭ ਦਾ ਪ੍ਰਭੂ (ਸਰਵ-ਈਸ਼ਵਰ), ਸਭ ਦਾ ਜਾਣਨ ਵਾਲਾ (ਸਰਵ-ਜੰਨਿਆ), ਅੰਦਰੂਨੀ ਕੰਟਰੋਲ ਕਰਨ ਵਾਲਾ (ਅੰਤਰ-ਯਾਮੀ), ਸਭਨਾਂ ਜੂਨਾਂ ਦਾ ਸਰੋਤ, ਰਚੀਆਂ ਗਈਆਂ ਚੀਜ਼ਾਂ ਦੀ ਉਤਪੱਤੀ ਕਰਨ ਵਾਲਾ ਅਤੇ ਵਿਨਾਸ਼ ਕਰਨ ਵਾਲਾ ਹੈ। ਇਹ ਕਾਰਣ-ਕਰਨ (ਚਅਸੁਅਲ) ਸਰੀਰ ਹੈ ਜੋ ਉੱਚਤਮ ਅਤੇ ਧੁਰ ਆਤਮਾ ਦਾ ਲਖਾਇਕ ਹੈ। ਇਕ ਕਾਰਕ ਤੂਰੀਆ ਅਵਸਥਾ ਭਾਵ ਸ਼ੁੱਧ ਚੇਤਨਾ ਹੈ। ਇਸ ਚੇਤਨਾ ਵਿਚ ਸੰਪੂਰਨ ਅਤੇ ਸਾਪੇਖਿਕ, ਸਰਗੁਣ ਅਤੇ ਨਿਰਗੁਣ ਬ੍ਰਹਮ ਦੋਵੇਂ ਵਿਆਪਤ ਹੁੰਦੇ ਹਨ। ਇਹ ਅਨੰਤ ਹੈ, ਅਦਵੈਤ/ਅਭੇਦ ਦੇ ਅਨੁਭਵ ਦੀ ਸੱਚੀ ਅਵਸਥਾ ਹੈ, ਜੋ ਕਿ ਦਵੈਤਵਾਦੀ ਅਨੁਭਵ ਤੋਂ ਮੁਕਤ ਹੈ। ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਦਾ ਇਕ ਓਅੰਕਾਰ ਮਾਂਡੁਕਿਆ ਉਪਨਿਸ਼ਦ ਦੇ ਓਮ ਨਾਲ਼ੋਂ ਕਿਵੇਂ ਵੱਖਰਾ ਹੈ?
ਸਾਨੂੰ ਗੁਰੂ ਨਾਨਕ ਜੀ ਦੇ ਸ੍ਰਿਸ਼ਟੀ ਦੀ ਉਤਪੱਤੀ ਬਾਰੇ ਇਕ ਅਤਿ ਮਹੱਤਵਪੂਰਨ ਸਲੋਕ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥੧॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਨਾ ਤਦਿ ਸੁਰਗੁ ਮਛੁ ਪਇਆਲਾ॥
ਦੋਜਕੁ ਭਿਸਤੁ ਨਹੀ ਖੈ ਕਾਲਾ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥ (1035)
ਨੂੰ ਰਿਗਵੇਦ ਦੇ ਨਾਸਦੀਆ ਸੂਕਤ ਨਾਲ ਮੇਲ ਕੇ ਵਿਸ਼ਲੇਸ਼ਣ ਕਰੀਏ ਤਾਂ ਅਦਭੁੱਤ ਸਮਾਨਤਾਵਾਂ ਸਾਹਮਣੇ ਆਉਂਦੀਆਂ ਹਨ। ਇਸ ਸੂਤਕ ਦੇ ਸੱਤ ਨੁਕਤੇ ਹਨ:
1. ਉਦੋਂ ਵੀ ਕਿਸੇ ਵਸਤੂ ਦੀ ਨਾ ਹੋਂਦ ਸੀ, ਨਾ ਅਣਹੋਂਦ ਸੀ, ਉਦੋਂ ਨਾ ਹਵਾ ਸੀ, ਨਾ ਉਸ ਤੋਂ ਪਰ੍ਹੇ ਸਪੇਸ ਸੀ। ਇਹ ਬ੍ਰਹਿਮੰਡ ਕਿੱਥੇ ਸੀ? ਇਸ ਦੀ ਰਖਵਾਲੀ ਕੌਣ ਕਰ ਰਿਹਾ ਸੀ? ਕੀ ਉਦੋਂ ਬ੍ਰਹਿਮੰਡੀ ਤਰਲ ਅਤੇ ਇਸਦੀ ਡੂੰਘਾਈ ਵਿਚ ਅਨੰਤ-ਅਥਾਹ ਪਾਸਾਰ ਸੀ?
2. ਨਾ ਉੱਥੇ ਮੌਤ ਸੀ, ਨਾ ਅਮਰਤਾ ਸੀ, ਨਾ ਰਾਤ ਦਿਨ ਦੀ ਰੌਸ਼ਨ ਮਸ਼ਾਲ ਸੀ। ਉਹ ਹਵਾ ਤੋਂ ਬਗੈਰ ਅਤੇ ਸਵੈ-ਨਿਰਭਰਤਾ ਵਿਚ ਸਾਹ ਲੈ ਰਿਹਾ ਸੀ। ਉਦੋਂ ਸਿਰਫ ਉਹ ਹੀ ਇਕੱਲਾ ਸੀ, ਅਤੇ ਹੋਰ ਕੋਈ ਨਹੀਂ ਸੀ।
3. ਸਭ ਤੋਂ ਪਹਿਲਾਂ ਸਾਰਾ ਕੁਝ ਹੀ ਘੁੱਪ ਹਨੇਰਾ, ਧੁੰਦੂਕਾਰਾ ਸੀ। ਇਥੇ ਕੇਵਲ ਗੈਰ ਪ੍ਰਕਾਸ਼ਮਾਨ ਬ੍ਰਹਿਮੰਡੀ ਪਾਣੀ, ਤਰਲ ਪਦਾਰਥ ਸੀ। ਉਹ ਜੋ ਪਹਿਲਾਂ ਕਿਸੇ ਵੀ ਰੂਪ ਵਿਚ ਹਾਜ਼ਰ ਨਹੀਂ ਪਰ ਅੰਤ ਵਿਚ ਗਿਆਨ ਦੀ ਸ਼ਕਤੀ ਤੋਂ ਪੈਦਾ ਹੋਇਆ ਸੀ।
4. ਸ਼ੁਰੂ ਵਿਚ ਬ੍ਰਹਮ ਦੇ ਮਨ ਵਿਚ ਜਗਤ ਦੀ ਉਤਪੱਤੀ ਕਰਨ ਦੀ ਇੱਛਾ ਪੈਦਾ ਹੋਈ। ਇਹ ਇੱਛਾ ਹੀ ਮੂਲ ਬੀਜ ਸੀ, ਜੋ ਮਨ ਤੋਂ ਪੈਦਾ ਹੋਇਆ ਸੀ। ਜਿਨ੍ਹਾਂ ਰਿਸ਼ੀਆਂ ਮੁਨੀਆਂ ਨੇ ਬੁੱਧੀ ਨਾਲ ਆਪਣੇ ਮਨਾਂ ਦੀ ਖੋਜ ਕੀਤੀ ਹੈ, ਉਹ ਜਾਣਦੇ ਹਨ ਕਿ ਜੋ ਵੀ ਹੈ, ਉਹ ਉਸਦਾ ਅੰਸ਼ ਹੈ ਪਰ ਉਸਦੀ ਹੋਂਦ ਵੀ ਨਹੀਂ ਅਤੇ ਅਣਹੋਂਦ ਵੀ ਨਹੀਂ ਹੈ।
5. ਉਨ੍ਹਾਂ ਨੇ ਆਪਣੀ ਰੱਸੀ ਨੂੰ ਖਾਲੀ ਪਾਸਾਰ ਦੇ ਪਾਰ ਤੱਕ ਫੈਲਾਇਆ ਹੋਇਆ ਹੈ ਅਤੇ ਜਾਣਦੇ ਹਨ ਕਿ ਉੱਪਰ ਕੀ ਸੀ, ਅਤੇ ਹੇਠਾਂ ਕੀ ਸੀ? ਦੈਵੀ ਸ਼ਕਤੀਆਂ ਨੇ ਕਾਰਕ ਸ਼ਕਤੀਆਂ ਬਣਾਈਆਂ ਹਨ, ਜਿਨ੍ਹਾਂ ਦੇ ਹੇਠਾਂ ਸ਼ਕਤੀ ਸੀ ਅਤੇ ਇਸ ਦੇ ਉੱਪਰ ਚੇਤਨਾ ਸੀ।
6. ਪਰ ਆਖ਼ਰਕਾਰ, ਕੌਣ ਜਾਣਦਾ ਹੈ, ਅਤੇ ਕੌਣ ਕਹਿ ਸਕਦਾ ਹੈ ਕਿ ਇਹ ਸਭ ਕਿੱਥੋਂ ਆਇਆ ਅਤੇ ਰਚਨਾ ਕਿਵੇਂ ਹੋਈ? ਦੇਵਤੇ ਤਾਂ ਖੁਦ ਸ੍ਰਿਸ਼ਟੀ ਤੋਂ ਬਾਅਦ ਪੈਦਾ ਹੋਏ ਹਨ, ਇਸ ਲਈ ਉਹ ਵੀ ਨਹੀਂ ਦੱਸ ਸਕਦੇ ਕਿ ਕੌਣ ਕਿੱਥੋਂ ਪੈਦਾ ਹੋਇਆ ਹੈ?
7. ਇਸ ਸਾਰੀ ਸ੍ਰਿਸ਼ਟੀ ਦੀ ਸ਼ੁਰੂਆਤ ਕਿੱਥੋਂ ਹੋਈ, ਜੜ੍ਹ ਕਿੱਥੇ ਹੈ? ਸਿਰਜਣਹਾਰ ਨੇ ਇਸ ਨੂੰ ਬਣਾਇਆ ਵੀ ਹੈ ਜਾਂ ਨਹੀਂ। ਇਹ ਸਿਰਜਣਹਾਰ, ਜੋ ਸਭ ਤੋਂ ਉੱਚੇ ਸਵਰਗ ਵਿਚ ਬੈਠਾ ਇਸ ਦਾ ਸਰਵੇਖਣ ਕਰਦਾ ਹੈ, ਉਹ ਹੀ ਇਸ ਜਗਤ ਦੀ ਰਚਨਾ ਬਾਰੇ ਜਾਣਦਾ ਹੈ – ਜਾਂ ਸ਼ਾਇਦ ਉਹ ਵੀ ਨਹੀਂ ਜਾਣਦਾ।
ਸਾਡੀ ਸ. ਗੁਰਬਚਨ ਸਿੰਘ ਸਮੇਤ ਕਿਸੇ ਨਾਲ ਵੀ ਦਰਸ਼ਨ- ਦਿਘ ਦਰਸ਼ਨ ਵਰਗੀ ਮਹਾਂਗੋਸ਼ਟ ਰਚਾਉਣ ਦਾ ਕੋਈ ਏਜੰਡਾ ਨਹੀਂ ਹੈ ਕਿਉਂਕਿ ਅਰਬਾਂ ਸਾਲਾਂ ਤੋਂ ਰਿਸ਼ੀ ਮੁਨੀ, ਪੀਰ ਪੈਗ਼ੰਬਰ ਇਸ ਜਗਤ ਦੀਆਂ ਗੁੰਝਲ਼ਾਂ ਖੋਲ੍ਹਣ ਵਿਚ ਲੱਗੇ ਰਹੇ ਹਨ। ਸਾਡਾ ਮੰਤਵ ਤਾਂ ਸਿਰਫ ਇਹ ਜਾਣਨਾ ਹੈ ਕਿ ਜਿਹੜੇ ਸਿੱਖ ਚਿੰਤਕ ਵਿਸਮਾਦ ਦੀ, ਵਿਸਮਾਦੀ ਸਮਾਜ ਅਤੇ ਪੂੰਜੀ ਦੀ ਕਲਪਨਾ ਕਰਨ ਵਿਚ ਲੱਗੇ ਹੋਏ ਹਨ ਅਤੇ ਬਾਕੀਆਂ ਨੂੰ ਮਨਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ, ਕੀ ਉਹ ਠੋਸ ਅਮਲੀ ਸਰਗਰਮੀ ਕਰਕੇ ਦੱਸਣਗੇ ਕਿ ਵਿਸਮਾਦੀ ਸਮਾਜ, ਬੇਗਮਪੁਰਾ ਅਤੇ ਹਲੇਮੀ ਰਾਜ ਨੂੰ ਅਮਲ ਵਿਚ ਕਿਵੇਂ ਉਤਾਰਿਆ ਜਾਵੇਗਾ? ਇਸ ਇਲਾਹੀ ਸੰਸਾਰ ਦੀ ਰਚਨਾ ਕੌਣ ਅਤੇ ਕਿਵੇਂ ਕਰੇਗਾ?
ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਨੂੰ ਲੈ ਕੇ ਸਿੱਖ ਚਿੰਤਕ ਸ. ਅਜਮੇਰ ਸਿੰਘ ਅਤੇ ਗੁਰਬਚਨ ਸਿੰਘ ਜੀ ਚਿੰਤਾਗ੍ਰਸਤ ਹੋਏ ਰਹੇ ਹਨ ਅਤੇ ਉਸ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੀ ਸਰਾਹਨਾ ਕਰਨ ਵਿਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ, ਕੀ ਇਸ ਨਾਲ ਸਿੱਖ ਅਤੇ ਪੰਜਾਬੀ ਸਮਾਜ ਦਾ ਕਿੰਨਾ ਕੁ ਭਲਾ ਹੋਵੇਗਾ? ਸਾਡੇ ਸਮਾਜ ਵਿਚ ਨਸ਼ੇ, ਵਾਤਾਵਰਨ ਦੇ ਵਿਗਾੜ, ਪ੍ਰਵਾਸ, ਬੇਕਾਰੀ, ਸਮਾਜਿਕ ਅਫਰਾ-ਤਫਰੀ ਨੂੰ ਹੱਲ ਕਰਨ ਲਈ ਕਿਹੜੀ ਸਮਾਜਿਕ ਜਥੇਬੰਦੀ ਅਤੇ ਵਿਚਾਰ ਚੌਖਟਾ ਹੈ? ਉਮੀਦ ਹੈ ਕਿ ਇਹ ਚਿੰਤਕ ਯੂ-ਟਿਊਬ ਅਤੇ ਫੇਸਬੁਕ ‘ਤੇ ਪ੍ਰਵਚਨ ਕਰਨ ਦੀ ਬਜਾਏ, ਮੂਹਰੇ ਹੋ ਕੇ ਸਮਾਜ ਦੀ ਅਗਵਾਈ ਕਰਨਗੇ।