ਭਾਈਚਾਰੇ ਨੂੰ ਅੰਤਰਝਾਤ ਮਾਰਨ ਦੀ ਲੋੜ
ਹਜ਼ਾਰਾ ਸਿੰਘ ਮਿਸੀਸਾਗਾ
ਫੋਨ: 647 685- 5997
“ਅਕਾਲ ਤਖ਼ਤ ਸਰਵੳੱੁਚ ਹੈ।” ਇਹ ਨਾ ਕੋਈ ਸਿਧਾਂਤ ਹੈ ਅਤੇ ਨਾ ਇਸ ਪ੍ਰਚਵਚਨ ਦਾ ਕੋਈ ਸਿਧਾਂਤਕ ਆਧਾਰ। ਇਸ ਪ੍ਰਵਚਨ ਨੂੰ ਪ੍ਰਚਲਿਤ ਕਰਨ ਪਿੱਛੇ ਨਿਰੋਲ ਨਿੱਜੀ ਅਤੇ ਧੜੇਬੰਦਕ ਰਾਜਨੀਤਕ ਕਪਟ ਸੀ। ਚਾਲ ਕੇਵਲ ਇੰਨੀ ਹੀ ਸੀ ਕੇ ਕਿਸੇ ਨਾ ਕਿਸੇ ਤਰ੍ਹਾਂ ਅਕਾਲ ਤਖ਼ਤ ਨੂੰ ਸਾਧਨ ਵਜੋਂ ਵਰਤ ਕੇ ਪੰਥਕ ਰਾਜਨੀਤੀ `ਤੇ ਕਬਜ਼ਾ ਜਮਾ ਲਿਆ ਜਾਏ। 1984 ਤੋਂ ਬਾਅਦ ਅਕਾਲ ਤਖ਼ਤ ਨੂੰ ਸਰਵਉੱਚ ਕਹਿਣ ਦੀ ਜ਼ੋਰਦਾਰ ਆਵਾਜ਼ ਗੂੰਜੀ। ਇਹ ਗੂੰਜ ਪਾਉਣ ਵਾਲੇ ਲੋਕ ਰਵਾਇਤੀ ਅਕਾਲੀ ਸਿਆਸਤ ਨੂੰ ਪੈਰੋਂ ਕੱਢ ਕੇ ਉਸਦੀ ਥਾਂ ਲੈਣ ਦੀ ਤਾਕ ਵਿਚ ਸਨ।
ਇਨ੍ਹਾਂ ਅਕਾਲੀ ਸਿਆਸਤ ਨੂੰ ਬੱਦੂ ਕਰ ਕੇ ਕਮਜ਼ੋਰ ਜ਼ਰੂਰ ਕੀਤਾ ਪਰ ਪੰਥਕ ਸਿਆਸਤ `ਤੇ ਕਾਠੀ ਨਾ ਪਾ ਸਕੇ। 1992 ਤੋਂ ਬਾਅਦ ਅਕਾਲ ਤਖ਼ਤ ਦੀ ਸਰਵਉੱਚਤਾ ਦੇ ਪ੍ਰਵਚਨ ਆਸਰੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਮੈਦਾਨਂੋ ਕੱਢਣ ਦੀ ਸਿਰ ਤੋੜ ਕੋਸਿ਼ਸ਼ ਕੀਤੀ ਗਈ, ਪਰ ਕਾਮਯਾਬੀ ਨਾ ਮਿਲੀ। ਜਿਵੇਂ-ਕਿਵੇਂ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਹੋਂਦ ਬਚਾ ਗਿਆ ਪਰ ਉਸਨੂੰ ਅਕਾਲ ਤਖ਼ਤ ਦੇ ‘ਸਰਵਉੱਚ’ ਹੋਣ ਵਾਲੇ ਡੰਡੇ ਨਾਲ ਡਰਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਹੁਣ 1999 ਆ ਗਿਆ। ਬਾਜ਼ੀ ਪੁੱਠੀ ਪੈ ਗਈ। ਅਕਾਲ ਤਖ਼ਤ ਵਾਲਾ ‘ਡੰਡਾ’ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆ ਗਿਆ। ਉਸਨੇ ਫਿਰ ‘ਅਕਾਲ ਤਖ਼ਤ ਸਰਵਉੱਚ’ ਦਾ ਪ੍ਰਵਚਨ ਘੜਨ ਵਾਲਿਆਂ ਦੀਆਂ ਇਸੇ ਡੰਡੇ ਨਾਲ ਹੀ ਚਾਂਗਰਾਂ ਕਢਵਾ ਦਿੱਤੀਆਂ। ਕਿਸੇ ਨੂੰ ਕੁਸਕਣ ਤੱਕ ਨਹੀਂ ਦਿੱਤਾ। ਹੁਣ ਬਾਦਲ ਵਿਰੋਧੀਆਂ ਦੀ ਹਾਲਤ ‘ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ’ ਵਾਲੀ ਹੋ ਗਈ। ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਵੀ ਨਾ ਖੁੱਲ੍ਹੀਆਂ। ਫਿਰ ਘਰਾਟ ਰਾਗ ਸ਼ੁਰੂ ਹੋ ਗਿਆ ਕਿ ਬਾਦਲ ਨੇ ਕਬਜ਼ਾ ਕਰ ਰੱਖਿਆ ਹੈੇ, ਅਕਾਲ ਤਖ਼ਤ ਦਾ ਜਥੇਦਾਰ ਨੌਕਰ ਬਣਾ ਰੱਖਿਆ ਹੈ, ਅਕਾਲ ਤਖ਼ਤ ਦੀ ਸੰਸਥਾ ਤਬਾਹ ਕਰ ਦਿੱਤੀ ਹੈ, ਅਕਾਲ ਤਖ਼ਤ ਨੂੰ ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ, ਵਗੈਰਾ ਵਗੈਰਾ। ਸੱਚ ਇਹ ਹੈ ਕਿ ਅਕਾਲ ਤਖ਼ਤ ਨੂੰ ‘ਸਰਵਉੱਚ’ ਕਹਿ ਕੇ ਦੂਸਰੇ ਜਿਹੜੀ ਦੁਰਵਰਤੋਂ ਬਾਦਲ ਖਿ਼ਲਾਫ ਕਰਨਾ ਚਾਹੁੰਦੇ ਸਨ, ਬਾਦਲ ਨੇ ਉਸੇ ਹਥਿਆਰ ਨਾਲ ਹੀ ‘ਪੰਥ’ ਵਿਚਲੇ ਆਪਣੇ ਵਿਰੋਧੀਆਂ ਨੂੰ ਚਿੱਤ ਕਰ ਦਿੱਤਾ। ਫਰਕ ਸਿਰਫ ਇਹ ਸੀ ਕਿ ਅਕਾਲ ਤਖ਼ਤ ਸਰਵਉੱਚ ਵਾਲਾ ਜਿਹੜਾ ਡੰਡਾ ਬਾਦਲ ਨੂੰ ਸਿਆਸੀ ਤੌਰ `ਤੇ ਮਾਰਨ ਲਈ ਘੜਿਆ ਗਿਆ ਸੀ ਉਹੋ ਘੜਿਆ-ਘੜਾਇਆ ਡੰਡਾ ਬਾਦਲ ਦੇ ਹੱਥ ਲੱਗ ਜਾਣ ਕਾਰਨ ਘੜਨ ਵਾਲਿਆਂ `ਤੇ ਵਰ੍ਹ ਗਿਆ।
ਜੋ ਬੁੱਧੀਜੀਵੀ ਅਜੇ ਵੀ ਅਕਾਲ ਤਖ਼ਤ ਦੇ ਸਰਵਉੱਚ ਹੋਣ ਦਾ ਰਾਗ ਅਲਾਪਦੇ ਹਨ, ਲਗਦੈ ਉਨ੍ਹਾਂ ਇਸ ਗਲਤੀ ਦਾ ਅਹਿਸਾਸ ਹੀ ਨਹੀਂਂ ਕੀਤਾ। ਸ਼ਾਇਦ ਕੁੱਝ ਲੋਕ ਅਜੇ ਵੀ ਅਕਾਲ ਤਖ਼ਤ ਵਾਲੇ ਇਸ ਹਥਿਆਰ ਨਾਲ ਸਮੁੱਚੀ ਕੌਮ ਨੂੰ ਭੇਡਾਂ ਵਾਂਗ ਹੱਕਣ ਦੇ ਸੁਪਨੇ ਲੈ ਰਹੇ ਹੋਣ। ਇਹ ਸੋਚ ਗੈਰ ਲੋਕਤੰਤਰੀ ਤਾਂ ਹੈ ਹੀ, ਨਾਲ ਦੀ ਨਾਲ ਗੁਰਮਤਿ ਦੀ ਕਸੌਟੀ ਤੇ ਵੀ ਖਰੀ ਉੱਤਰਨ ਵਾਲੀ ਨਹੀਂ ਹੈ। ਅਕਾਲ ਤਖ਼ਤ ਸਰਵਉੱਚ ਦੇ ਬਿਰਤਾਂਤ ਵਿਚੋਂ ਕੁੱਝ ਵੀ ਸਾਰਥਕ ਨਹੀਂ ਨਿਕਲਿਆ। ਇਸ ਆਸਰੇ ਪੰਥ ਉੱਪਰ ਕਾਠੀ ਪਾਉਣ ਦੀ ਸੋਚ ਨੁਕਸਾਨਦੇਹ ਹੈ। ਸੋ, ਜੋ ਲੋਕ ਇਹ ਸੋਚ ਰਹੇ ਹਨ ਕਿ ਅਕਾਲ ਤਖ਼ਤ ਨੂੰ ਆਜ਼ਾਦ ਕਰਵਾ ਕੇ ਇਸਦੀ ਆਜ਼ਾਦ ਹਸਤੀ ਬਹਾਲ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ, ਇਹ ਉਨ੍ਹਾਂ ਦੀ ਖਾਮ-ਖਿਆਲੀ ਹੈ। ਐਸਾ ਹੋ ਨਹੀਂ ਸਕਣਾ। ਵੱਖਰਾ ਸਿੱਖ ਰਾਜ ਬਣਨ ‘ਤੇ ਵੀ ਐਸਾ ਨਹੀਂਂ ਹੋ ਸਕਣਾ। ਵੱਖਰੇ ਰਾਜ ਵਿਚ ਵੀ ਜਾਂ ਤਾਂ ਸਮੁੱਚਾ ਰਾਜ ਹੀ ਅਕਾਲ ਤਖ਼ਤ ਅਧੀਨ ਹੋਵੇਗਾ ਜਾਂ ਫਿਰ ਅਕਾਲ ਤਖ਼ਤ ਸਿੱਖ ਰਾਜ ਦੇ ਕਾਨੂੰਨ ਅਧੀਨ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਰਾਜ ਪ੍ਰਬੰਧ ਅਕਾਲ ਤਖ਼ਤ ਅਧੀਨ ਨਹੀਂ ਸੀ। ਕਿਸੇ ਵੀ ਰਾਜ ਵਿਚ ਸੱਤਾ ਦੇ ਦੋ ਕੇਂਦਰ ਨਹੀਂ ਹੋ ਸਕਦੇ। ਸੱਤਾ ਦੇ ਇਸ ਬੁਨਿਆਦੀ ਅਸੂਲ ਨੂੰ ਜੇ ਕੋਈ ਨਹੀਂ ਸਮਝੇਗਾ ਤਾਂ ਖੁਆਰੀ ਅਟੱਲ ਹੈ। ਸਿੱਖਾਂ ਦੀ ਹੁਣ ਤੱਕ ਦੀ ਖੁਆਰੀ ਦਾ ਇੱਕ ਕਾਰਨ ਗੈਰ-ਸਿਧਾਂਤਕ ਤੌਰ ‘ਤੇ ਉਸਾਰਿਆ ਪ੍ਰਵਚਨ ਕਿ ‘ਅਕਾਲ ਤਖ਼ਤ ਸਰਵਉੱਚ ਹੈ’, ਵੀ ਹੈ। ਹੁਣ ਇਸ ਤੋਂ ਗੁਰੇਜ਼ ਕਰਨਾ ਯੋਗ ਹੋਏਗਾ।
ਅਕਾਲ ਤਖ਼ਤ ਦੇ ਨਾਲ ਹੀ ਜੁੜੀ ਇੱਕ ਹੋਰ ਧਾਰਨਾ ਹੈ, ਸਰਬੱਤ ਖਾਲਸੇ ਦੀ। ਸਰਬੱਤ ਖਾਲਸੇ ਵਿਚੋਂ ਕੁੱਝ ਸਾਰਥਕ ਕੱਢ ਸਕਣ ਦੀ ਗੱਲ ਵੀ ਵੇਲਾ ਵਿਹਾ ਚੁੱਕੀ ਹੈ। ਵਿਚਲੀ ਗੱਲ ਇਹ ਹੈ ਕਿ ਸਭਰਾਵਾਂ ਦੀ ਲੜਾਈ ਹਾਰਨ ਤੋਂ ਬਾਅਦ ਸਿੱਖਾਂ ਦੇ ਮਨਾਂ ਅੰਦਰ ਉਸ ਹਾਰ ਦੀ ਚਸਕ ਅਜੇ ਬਾਕੀ ਹੈ। ਇਸ ਪੀੜ ਦੀ ਨਵਿਰਤੀ ਲਈ ਕਈ ਸੋਚ ਵਿਚਾਰਾਂ ਚਲਦੀਆਂ ਰਹਿੰਦੀਆਂ ਹਨ, ਪਰ ਸਪੱਸ਼ਟ ਸੇਧ ਦੀ ਅਣਹੋਂਦ ਰਹੀ ਹੈ। ਇਨ੍ਹਾਂ ਸੋਚਾਂ ਦੇ ਘੜਮੱਸ ਵਿਚ ਹਥਿਆਰਬੰਦ ਲੜਾਈ ਦਾ ਵਲਵਲਾ ਵੀ ਉਛਾਲੇ ਮਾਰਦਾ ਰਿਹਾ। ਸਿੱਖ ਪੰਥ ਦਾ ਇੱਕ ਹਿੱਸਾ ਹਥਿਆਰਬੰਦ ਲੜਾਈ ਦਾ ਰਾਹ ਅਜ਼ਮਾ ਕੇ ਵੇਖਣਾ ਚਾਹੁੰਦਾ ਸੀ। 1984 ਵਿਚ ਉਨ੍ਹਾਂ ਇਹ ਲੜਾਈ ਲੜ ਕੇ ਦੇਖ ਲਈ। 6 ਜੂਨ 1984 ਨੂੰ ਸਿੱਖ ਹਥਿਆਰਬੰਦ ਲੜਾਈ ਹਾਰ ਗਏ।
ਇਸ ਲੜਾਈ ਤੋਂ ਬਾਅਦ ਭਾਈ ਮੋਹਕਮ ਸਿੰਘ ਅਤੇ ਉਨ੍ਹਾਂ ਦੇ ਹੋਰ ਟਕਸਾਲੀ ਸਾਥੀਆਂ ਨੇ ਅਕਾਲੀਆਂ ਦੀਆਂ ਕਮਜੋਰੀਆਂ ਦੇ ਭੇਤੀ ਪੱਤਰਕਾਰ ਦਲਬੀਰ ਸਿੰਘ ਨਾਂ ਦੇ ਇਕ ਪੁਰਾਣੇ ਖੁੰਢ ਕਾਮਰੇਡ ਦੀਆਂ ਲੁਕਵੀਆਂ ਸੇਵਾਵਾਂ ਲੈਂਦਿਆਂ ਪੁਰਾਤਨ ਪਰੰਪਰਾ ਵਿਚਲੀਆਂ ਸੰਸਥਾਵਾਂ ਦੇ ਨਕਸ਼ ਉਘੇੜ ਕੇ ਮਜ਼ਬੂਤੀ ਹਾਸਲ ਕਰਨ ਦੀ ਸੋਚ ਨਾਲ ਸਰਬੱਤ ਖਾਲਸੇ ਦੀ ਸੰਸਥਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸਿ਼ਸ਼ ਕੀਤੀ ਗਈ। ਜਨਵਰੀ 1986 ਵਿਚ ਸਰਬੱਤ ਖਾਲਸਾ ਦੇ ਨਾਂ ਹੇਠ ਸੱਦੇ ਇਕੱਠ ਨੇ ਇੱਕ ਧਿਰ ਨੂੰ ਮਜ਼ਬੂਤੀ ਦਿੱਤੀ। ਪਰ ਇਹ ਧਿਰ ਟਿਕਾਊ ਸਾਬਿਤ ਨਾਂ ਹੋ ਸਕੀ। ਕਈ ਹੋਰ ਸਰਬੱਤ ਖਾਲਸੇ ਕਰਕੇ ਇਸ ਧਿਰ ਨੂੰ ਪੈਰਾਂ ਸਿਰ ਕਰਨ ਦੀਆਂ ਕੋਸਿ਼ਸ਼ਾਂ ਵੀ ਸਫਲ ਨਾ ਹੋਈਆਂ। ਹਥਿਆਰਬੰਦ ਯੁੱਧ ਲੜ ਕੇ ਵੇਖ ਲੈਣ ਵਾਂਗ ਸਰਬੱਤ ਖਾਲਸਾ ਵਿਚੋਂ ਵੀ ਜੋ ਨਿਕਲ ਸਕਦਾ ਸੀ, ਕੱਢ ਕੇ ਵੇਖ ਲਿਆ ਗਿਆ। ਇਸ ਸਭ ਕੁੱਝ ਦੀ ਰੌਸ਼ਨੀ ਵਿਚ ਹਥਿਆਰਬੰਦ ਲੜਾਈ ਜਾਂ ਸਰਬੱਤ ਖਾਲਸੇ ਵਿਚੋਂ ਕੁੱਝ ਹਾਸਲ ਕਰਨ ਦੀ ਝਾਕ ਰੱਖਣਾ ਅਣਜਾਣਪੁਣਾ ਹੈ। ਪਰਖੇ ਹੋਏ ਹਥਿਆਰਾਂ ਨੂੰ ਮੁੜ ਪਰਖਣਾਂ ਨਦਾਨੀ ਹੈ। 2015 ਵਿਚ ਚੱਬੇ ਕੀਤਾ ਗਿਆ ਸਰਬੱਤ ਖਾਲਸਾ ਵੀ ਪਰਖੇ ਹੋਏ ਨੂੰ ਮੁੜ ਪਰਖਣ ਦੀ ਕਾਰਵਾਈ ਤੋਂ ਵੱਧ ਨਹੀਂਂ ਸੀ। ਇਹ ਜਟਕੇ ਤਰੀਕੇ ਪੰਥ ਨੂੰ ਭੁਚਲਾ ਕੇ ਆਪਣੇ-ਆਪ ਨੂੰ ਪੰਥਕ ਸਿਆਸਤ ਵਿਚ ਮੁੜ ਸਥਾਪਤ ਕਰਨ ਦੀ ਚਤੁਰਾਈ ਸੀ; ਜੋ ਸਫਲ ਨਾ ਹੋਈ। ਅੱਜ ਦੇ ਬਦਲੇ ਰਾਜਨੀਤਕ ਅਤੇ ਸਮਾਜਿਕ ਹਾਲਾਤਾਂ ਵਿਚ ਸਰਬੱਤ ਖਾਲਸਾ ਪ੍ਰਸੰਗਿਕ ਨਹੀਂ ਰਿਹਾ।
ਅੱਜ ਵੀ ਕਈ ਕਾਰਕੁਨ ਅਤੇ ਬੁੱਧੀਜੀਵੀ ਸਰਬੱਤ ਖਾਲਸੇ ਰਾਹੀਂ ਅਕਾਲ ਤਖ਼ਤ ਦੀ ਸਰਵਉੱਚਤਾ ਵਾਲੀ ਪੌੜੀ ਵਰਤ ਕੇ ਆਪਣੀ ਖੁੱਸੀ ਸਾਖ ਬਹਾਲ ਕਰਨ ਦੀ ਸੋਚ ਰਹੇ ਹਨ। ਇਹ ਗੈਰਸਿਧਾਂਤਕ ਪਹੁੰਚ ਸਿੱਖ ਸਿਸਟਮ ਵਿਚ ਤਾਨਾਸ਼ਾਹੀ ਰੁਚੀਆਂ ਨੂੰ ਪਣਪਣ ਦਾ ਮੌਕਾ ਦਿੰਦੀ ਹੈ। ਇਸਦਾ ਸੰਤਾਪ ਸਿੱਖ ਹੰਢਾਅ ਵੀ ਚੁੱਕੇ ਹਨ ਅਤੇ ਹੰਢਾਅ ਵੀ ਰਹੇ ਹਨ। ਯਾਦ ਕਰੋ ਜਦ ਚੰਡੀਗੜ੍ਹ ਵਾਲੇ ਡਾ. ਦਰਸ਼ਨ ਸਿੰਘ ਜੀ ਦੀ ‘ਸਰਵਉੱਚਤਾ’ ਦੀ ਆੜ ਵਿਚ ਸਰਵ ਸਮਰੱਥ ਜਥੇਦਾਰ ਵੱਲੋਂ ਬਾਂਹ ਮਰੋੜੀ ਗਈ ਸੀ ਤਾਂ ਇਹ ‘ਸਰਵਉੱਚਤਾ’ ਕਿਹੜੇ ਗੁਰਮਤਿ ਸਿਧਾਂਤ ਦੀ ਬਾਤ ਪਾ ਰਹੀ ਸੀ? ਵਿਦੇਸ਼ਾਂ ਵਿਚ ਲੰਗਰ ਵਿਚਲੀਆਂ ਕੁਰਸੀਆਂ ਚੁਕਾਉਣ ਦੇ ਮੁੱਦੇ ਤੇ ਹੁੜਦੁੰਗ ਮਚਾਉਣ ਨੂੰ ਸ਼ਹਿ ਵੀ ਇਸੇ ‘ਸਰਵਉੱਚਤਾ’ ਦੀ ਹੀ ਦੇਣ ਸੀ। ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ ਅਸਪੱਸ਼ਟ ਲਿਖਤ ਨੂੰ ਆਪੂੰ ਬਣੀਆਂ ਸਤਿਕਾਰ ਕਮੇਟੀਆਂ ਨੇ ਖੌਰੂ ਪਾਉਣ ਦਾ ਲਾਇਸੈਂਸ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹਟਾਉਣ ਅਤੇ ਨਿਸ਼ਾਨ ਸਾਹਿਬ ਪੁੱਟਣ ਦੀ ਹਨੇਰੀ ਝੁਲਾ ਛੱਡੀ। ਉਹ ਇਸ ਲਿਖਤ ਨੂੰ ਅਕਾਲ ਤਖ਼ਤ ਦਾ ਹੁਕਨਾਮਾ ਕਹਿ ਕੇ, ਹੁਕਮਨਾਮਾ ਲਾਗੂ ਕਰਾਉਣ ਵਾਲੀ ਪੁਲੀਸ ਬਣ ਬੈਠੇ। ਸਤਿਕਾਰ ਕਮੇਟੀਆਂ ਜਦ ਆਮ ਲੋਕਾਂ ਦੀ ਧੌੜੀ ਲਾਹ ਰਹੀਆਂ ਸਨ ਤਾਂ ‘ਸਰਵਉੱੱਚ’ ਜਥੇਦਾਰ ਖਾਮੋਸ਼ ਰਹੇ। ਜਦ ਇਹੋ ਸਤਿਕਾਰ ਕਮੇਟੀਆਂ ਸ਼੍ਰੋਮਣੀ ਕਮੇਟੀ ਦੇ ਗਲ਼ ਜਾ ਪਈਆਂ ਤਾਂ ਜਥੇੇਦਾਰਾਂ ਨੇ ਮਸਲਾ ਨਜਿੱਠਣ ਲਈ ਟਾਸਕ ਫੋਰਸ ਅੱਗੇ ਕਰ ਦਿੱਤੀ। ਕੀ ਲਾਭ ਹੋਇਆ ਅਕਾਲ ਤਖ਼ਤ ਦੇ ਜਥੇਦਾਰ ਦਾ?
ਕਿਸੇ ਸਮੇਂ ਬਰਨਾਲੇ ਨੂੰ ਥਮਲੇ ਨਾਲ ਬੰਨ੍ਹ ਕੇ ਅਕਾਲੀ ਫੂਲਾ ਸਿੰਘ ਦਾ ਇਤਹਾਸ ਦੁਹਰਾਉਣ ਵਾਲੇ ਵਿਦਵਾਨ ਜਥੇਦਾਰ ਰਾਗੀ ਦਰਸ਼ਨ ਸਿੰਘ ਨੂੰ ਇਸੇ ਤਖ਼ਤ ਤੋਂ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕ ਦੇਣ ਦੀ ਕਾਰਵਾਈ ਵੀ ਇਸੇ ‘ਸਰਵਉੱਚਤਾ’ ਖਾਤੇ ਹੀ ਪੈਂਦੀ ਹੈ। ਅੱਜ ਦਾ ਜਥੇਦਾਰ ਮੀਡੀਏ ਦੀ ਜ਼ੁਬਾਨਬੰਦੀ ਬਾਰੇ ਤਾਂ ਗੱਲ ਕਰ ਰਿਹਾ ਹੈ ਪਰ ਢੱਡਰੀਆਂਵਾਲੇ ਦੇ ਦੀਵਾਨ ‘ਸਰਵਉੱਚਤਾ’ ਦੀ ਧੌਂਸ ਆਸਰੇ ਬੰਦ ਕਰਵਾਏ ਹੋਏ ਹਨ। ਸਮਝਣ ਵਾਲੀ ਗੱਲ ਕੇਵਲ ਇਹ ਹੈ ਕਿ ਅਸੀਂ ਐਸੀ ਤਾਨਾਸ਼ਾਹੀ ਪਿਰਤ ਨੂੰ ਹਵਾ ਦੇਣ ਦੇ ਆਹਰ ਵਿਚ ਕਿਉਂ ਲੱਗੇ ਹੋਏ ਹਾਂ? ਇਸ ‘ਸਰਵਉੱਚਤਾ’ ਦੇ ਪ੍ਰਪੰਚ ਕਾਰਨ ਸਿਆਸੀ ਲੋਕਾਂ ਨੇ ਆਪਣੇ-ਆਪ ਨੂੰ ‘ਧਾਰਮਕਿ ਦੋਸ਼ੀ’ ਬਣਾਉਣ ਦਾ ਪੁਆੜਾ ਵੀ ਸਹੇੜਿਆ ਹੋਇਆ ਹੈ। ਵੋਟਾਂ ਦੀ ਰਾਜਨੀਤੀ ਵਿਚ ਉਮੀਦਵਾਰਾਂ ਨੂੰ ਵੋਟ ਲੈਣ ਲਈ ਹਰ ਕਿਸੇ ਕੋਲ ਜਾਣਾ ਪੈਂਦਾ ਹੈ। ਪਰ ਅਸੀਂ ਹੁਕਮਨਾਮੇ ਜਾਰੀ ਕਰੀ ਬੈਠੇ ਹਾਂ-ਨਿਰੰਕਾਰੀਆਂ ਕੋਲ ਨਹੀਂਂ ਜਾਣਾ, ਪ੍ਰੇਮੀਆਂ ਕੋਲ ਨਹੀਂ ਜਾਣਾ। ਭਲਾ ਵੋਟਾਂ ਦੀ ਸਿਆਸਤ ਵਿਚ ਇਹ ਕਿਵੇਂ ਸੰਭਵ ਹੈ? ਸੋ, ਸਾਰੇ ਪੰਥਕ ਉਮੀਦਵਾਰ ਐਸੇ ਵੋਟਰਾਂ ਕੋਲ ਚੋਰੀਂ ਜਾਂਦੇ ਹਨ। ਪਰ ਕੋਈ ਇਸ ਜੂੜ ਤੋਂ ਖਹਿੜਾ ਛੁਡਾਉਣ ਦੀ ਗੱਲ ਨਹੀਂ ਕਰਦਾ। ਵੈਸੇ, ‘ਸ਼ਾਨਦਾਰ ਨੂੰ ਕਰੇ ਨਾਂ ਕੋਈ ਝੂਠਾ, ਝੂਠਾ ਮਾੜੇ ਨੂੰ ਕਰਕੇ ਟੋਰਦੇ ਨੇ’, ਵਾਂਗ ਇਹ ‘ਸਰਵਉੱਚਤਾ’ ਇਸ ਮਾਮਲੇ ਵਿਚ ਵੀ ਕਮਜ਼ੋਰ ਧਿਰਾਂ ਨੂੰ ਹੀ ‘ਹੁਕਨਾਮਾ’ ਉਲੰਘਣ ਕਾਰਨ ਤਲਬ ਕਰਦੀ ਹੈ ਤਕੜਿਆਂ ਨੂੰ ਨਹੀਂਂ। ਇੱਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲੋਂ ਭਾਂਡੇ ਮੰਜਵਾਏ ਸਨ। ਵੈਸੇ ਨਿਰੰਕਾਰੀ ਭਵਨ ਜਾਣ ‘ਤੇ ਫੜੇ ਜਾਣ ਕਾਰਨ ਇੱਕ ਵਾਰ ਟੌਹੜਾ ਸਾਹਿਬ ਨੂੰ ਵੀ ਚੰਗਾ ਖੱਜਲ ਹੋਣਾ ਪਿਆ ਸੀ।
ਭਾਈ ਕਾਹਨ ਸਿੰਘ ਨਾਭਾ ਨੇ ਕੋਈ 125 ਸਾਲ ਪਹਿਲਾਂ ਲਿਖਿਆ ਸੀ ਕਿ ਜੋ ਕੌਮਾਂ ਆਪਣੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਮਸਲਿਆਂ ਦੀ ਖਿਚੜੀ ਬਣਾ ਕੇ ਲੜਦੀਆਂ-ਝਗੜਦੀਆਂ ਰਹਿੰਦੀਆਂ ਹਨ ਉਹ ਆਪ ਵੀ ਦੁਖੀ ਹੁੰਦੀਆਂ ਅਤੇ ਦੂਸਰਿਆਂ ਨੂੰ ਵੀ ਦੁਖੀ ਕਰੀ ਰੱਖਦੀਆਂ ਹਨ। ਕਾਫੀ ਸਮੇਂ ਤੋਂ ਸਿੱਖ ਪੰਥ ਆਪਣੇ ਅੰਦਰੂਨੀ ਮਸਲਿਆਂ ਦੀ ਵੀ ਐਸੀ ਖਿਚੜੀ ਬਣਾ ਕੇ ਪ੍ਰੇਸ਼ਾਨ ਹੋਇਆ ਬੈਠਾ ਹੈ ਅਤੇ ਸਭ ਦੇ ਹੱਲ ਦੀ ਉਮੀਦ ਅਕਾਲ ਤਖ਼ਤ ਦੀ ਸਰਵਉੱਚਤਾ ‘ਚੋਂ ਹੀ ਕੱਢਣ ਦੀ ਉਮੀਦ ਲਾਈ ਬੈਠਾ ਹੈੈ। ਪਰ ਇਹ ਸਭ ਕੁੱਝ ਮਿਰਗ ਤ੍ਰਿਸ਼ਨਾ ਸਾਬਿਤ ਹੋਇਆ। ਇਸ ਸਰਵਉੱਚਤਾ ਨੇ ਮਸਲੇ ਹੱਲ ਕਰਨ ਦੀ ਥਾਂ ਹੋਰ ਉਲਝਾ ਦਿੱਤੇ। ਲੋਕਾਂ ਨੂੰ ਸਿੱਖੀ ‘ਚੋਂ ਛੇਕਣ ਦਾ ਭੈਅ ਫੈਲਾ ਦਿੱਤਾ। ਜਦ ਕਿ ਸਿੱਖੀ ਸਿਧਾਂਤ ਨਿਰਭਓ ਦਾ ਹੈ।
ਕਿਸੇ ਵੱਲੋਂ ਵੀ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਦਾ ਨਾ ਕੋਈ ਜਵਾਬ ਆਉਂਦਾ ਹੈ, ਨਾ ਕੋਈ ਮੰਗੀ ਗਈ ਸੇਧ ਦਿੱਤੀ ਜਾਂਦੀ ਹੈ। ਹੁਣ ਅਜਨਾਲੇ ਵਾਲੀ ਘਟਨਾ ਬਾਰੇ ਵੀ ਰਿਪੋਰਟ ਬੰਦ ਲਿਫਾਫੇ ਵਿਚ ਪ੍ਰਾਪਤ ਕੀਤੀ ਗਈ। ਐਨਾ ਕੁਝ ਹੋ ਜਾਣ ਤੋਂ ਬਾਅਦ ਵੀ ਜੋ ਬੁੱਧੀਜੀਵੀ ਅਕਾਲ ਤਖ਼ਤ ਵੱਲੋਂ ਕਿਸੇ ਠੋਸ ਸੇਧ ਦੀ ਆਸ ਰੱਖ ਰਹੇ ਹਨ; ਉਹ ਕੇਵਲ ਭਰਮ ਸਿਰਜ ਰਹੇ ਹਨ। ਵਿਦੇਸ਼ੀ ਸਿੱਖਾਂ ਦੀਆਂ ਕਈ ਜਥੇਬੰਦੀਆਂ ਅਕਾਲ ਤਖ਼ਤ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਤੋਂ ਮੁਕਤ ਕਰਵਾ ਕੇ ਆਪਣੇ ਪ੍ਰਭਾਵ ਹੇਠ ਲੈਣ ਲਈ ਕੋਈ ਨਾ ਕੋਈ ਅਜੀਬੋ ਗਰੀਬ ਫਾਰਮੂਲਾ ਪੇਸ਼ ਕਰਦੀਆਂ ਰਹਿੰਦੀਆਂ ਹਨ। ਅੰਤਿਮ ਨਿਸ਼ਾਨਾ ਸਭ ਦਾ ਪੰਥ ਨੂੰ ਆਪਣੇ ਪ੍ਰਭਾਵ ਆਧੀਨ ਲਿਆ ਕੇ ਆਪਣੇ ਤਰੀਕੇ ਚਲਾਉਣ ਦਾ ਹੈ। ਇਸ ਸਾਰੇ ਵਿਹਾਰ ਵਿਚ ਨਾ ਤਾਂ ਲੋਕਤੰਤਰੀ ਭਾਵਨਾ ਸ਼ਾਮਿਲ ਹੈ ਅਤੇ ਨਾ ਹੀ ਨਿੱਜੀ ਆਜ਼ਾਦੀਆਂ ਦੀ ਮਾਨਤਾ।
ਸਰਬੱਤ ਖਾਲਸਾ ਬਾਬਤ ਵਿਦਵਾਨ 18ਵੀਂ ਸਦੀ ਦੇ ਹਵਾਲੇ ਨਾਲ ਜਿਵੇਂ ਹੁਣ ਬਹੁਤ ਕੁੱਝ ਕਹਿ ਰਹੇ ਹਨ, ਇਸੇ ਤਰ੍ਹਾਂ 1984 ਤੋਂ ਬਾਅਦ ਵੀ ਬੜਾ ਕੁੱਝ ਲਿਖਿਆ ਜਾ ਰਿਹਾ ਸੀ। 1994, ਜਦ ਤੱਕ ਕਾਫੀ ਸਰਬੱਤ ਖਾਲਸੇ ਹੋ ਚੁੱਕੇ ਸਨ, ਵਿਚ ਜਥੇਦਾਰ ਭਾਈ ਮਨਜੀਤ ਸਿੰਘ ਨੂੰ ਟੋਰਾਂਟੋ ਹੋਈ ਪ੍ਰੈਸ ਕਾਨਫਰੰਸ ਵਿਚ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ ਦੌਰਾਨ ਜੋ ਸਰਬੱਤ ਖਾਲਸੇ ਹੋਏ ਹਨ; ਉਨ੍ਹਾਂ ਵਿਚੋਂ ਅਸਲੀ ਕਿੰਨੇ ਸਨ? ਜਥੇਦਾਰ ਦਾ ਜਵਾਬ ਸੀ ਕਿ ਮੈ ਇਸ ਬਾਰੇ ਕੁਝ ਨਹੀਂਂ ਕਹਿਣਾ ਕਿਉਂਕਿ ਮੇਰੇ ਕੁੱਝ ਕਹਿਣ ਨਾਲ ਦੁਬਿਧਾ ਵਧ ਸਕਦੀ ਹੈ। ਅਜੀਬ ਗੱਲ ਹੈ ਕਿ ਦੁਬਿਧਾ ਵਧਣ ਦੇ ਡਰੋਂ ਕਿਸੇ ਗੱਲ ਨੂੰ ਵੀ ਸਪੱਸ਼ਟ ਨਾਂ ਕਰਨ ਦੀ ਰੀਤ ਤੋਰ ਦਿਓ। ਵੈਸੇ ਅੱਜ ਕੱਲ੍ਹ ਕਾਫੀ ਵਿਦਵਾਨ ਇਹ ਕਹਿ ਰਹੇ ਹਨ ਕਿ 1986 ਤੋਂ 2015 ਤੱਕ ਹੋਏ ਸਰਬੱਤ ਖਾਲਸੇ ਅਸਲੀ ਸਰਬੱਤ ਖਾਲਸੇ ਨਹੀਂਂ ਸਨ। ਪਰ ਉਹ ਅਜੇ ਵੀ ਇਹ ਸੋਚ ਰਹੇ ਹਨ ਕਿ ਕਿਸੇੇ ਨਾ ਕਿਸੇੇ ਤਰਾਂ 18ਵੀਂ ਸਦੀ ਵਾਲਾ ਸਰਬੱਤ ਖਾਲਸਾ ਸਿਸਟਮ ਮੁੜ ਸੁਰਜੀਤ ਹੋ ਜਾਵੇ। ਹੁਣ 21ਵੀਂ ਸਦੀ ਵਿਚ ਰਾਜਨੀਤਕ, ਸਮਾਜਿਕ ਢਾਂਚਾ ਬਦਲ ਚੁੱਕਿਆ ਹੋਣ ਕਾਰਨ ਐਸਾ ਸੰਭਵ ਨਹੀਂ। 18ਵੀਂ ਸਦੀ ਵਾਲੀਆਂ ਪ੍ਰੰਪਰਾਵਾਂ ਹੁਣ ਪ੍ਰਸੰਗਿਕ ਨਹੀਂ ਰਹੀਆਂ। ਹੁਣ ਗੁਰੂ ਆਸ਼ੇੇ ਅਨੁਸਾਰ ਐਸੀ ਲੋਕਤੰਤਰੀ ਜਥੇਬੰਦੀ ਉਸਾਰਨ ਦੀ ਲੋੜ ਹੈ ਜਿਸ ‘ਤੇ ਸਿੱਖਾਂ ਸਮੇਤ ਗੈਰ ਸਿੱਖ ਵੀ ਭਰੋਸਾ ਕਰ ਸਕਣ।
ਨੌਜਵਾਨ ਅਤਿ ਨਿਰਾਸ਼ਤਾ ਵਸ ਭਟਕੇ ਹੋਏ ਹਨ, ਦਲਿਤ ਦੁਖੀ ਹਨ, ਪੰਜਾਬ ਦਾ ਕਿਸਾਨ ਘੋਰ ਸੰਕਟ ਵਿਚ ਹੈ, ਧਰਤੀ ਹੇਠਲਾ ਪਾਣੀ ਮੁਕਦਾ ਜਾ ਰਿਹਾ ਹੈ, ਹੁਣ ਭਾਈਚਾਰੇ ਨੂੰ ਅਜਿਹੀਆਂ ਖੇਡਾਂ ਤੋਂ ਕਿਨਾਰਾ ਕਰਕੇ ਅਜਿਹੇ ਮਸਲਿਆਂ ਦੇ ਹੱਲ ਲਈ ਅੰਤਰਝਾਤ ਮਾਰਨ ਵਲ ਤੁਰਨਾ ਚਾਹੀਦਾ ਹੈ।