ਚਰਨਜੀਤ ਸਿੰਘ ਪੰਨੂੰ
ਫੋਨ: 408-608-4961
ਅਮਰੀਕਾ ਵੱਸਦੇ ਲੇਖਕ ਚਰਨਜੀਤ ਸਿੰਘ ਪੰਨੂ ਦੀ ਕਹਾਣੀ ‘ਅੰਦਰਲੀ ਖ਼ਾਹਿਸ਼’ਦੀਆਂ ਪਰਤਾਂ ਜਿਉਂ-ਜਿਉਂ ਖੁੱਲ੍ਹਦੀਆਂ ਜਾਂਦੀਆਂ ਹਨ, ਜ਼ਿੰਦਗੀ ਦੀਆਂ ਪੇਚੀਦਗੀਆਂ ਅੱਗਿਓਂ ਹੋ ਕੇ ਟੱਕਰਦੀਆਂ ਜਾਪਦੀਆਂ ਹਨ। ਇਸ ਵਿਚ ਰਿਸ਼ਤਿਆਂ ਦੀਆਂ ਤੰਦਾਂ ਅਤੇ ਬੇਵਸੀ ਦੇ ਹਾਲਾਤ ਬਹੁਤ ਡੂੰਘੇ ਜੁੜੇ ਹੋਏ ਪ੍ਰਤੀਤ ਹੁੰਦੇ ਹਨ। ਫਿਰ ਵੀ ਬੰਦਾ ਆਸ ਦਾ ਪੱਲਾ ਘੁੱਟ ਕੇ ਫੜੀ ਰੱਖਣ ਦਾ ਯਤਨ ਕਰਦਾ ਹੈ।
ਕੁੱਝ‘ਅੱਖਾਂ ਵਿਚ ਵਾਲਾਂ ਨੇ ਇਨਫੈਕਸ਼ਨ ਕਰ ਦਿੱਤੀ ਹੈ। ਮਾਹਿਰ ਦੇਖ ਕੇ ਦੱਸੇਗਾ। ਹੋ ਸਕਦਾ ਹੈ ਚੀਰ ਫਾੜ ਕਰਨੀ ਪਵੇ।` ਮੁੱਢਲੇ ਡਾਕਟਰ ਨੇ ਪੱਲਾ ਝਾੜ ਦਿੱਤਾ।
‘ਨੀਂ ਇਹਨੂੰ ਬੁਨ੍ਹੇ ਨੂੰ ਕਹਿ ਮੇਰੀਆਂ ਝਿੰਮਣੀਆਂ ਦੇ ਵਾਲ ਜਿਹੜੇ ਅੰਦਰ ਵੱਲ ਮੁੜੇ ਵਿੰਗੇ ਹੋਏ ਡੇਲੇ ਨੂੰ ਪੱਛ ਰਹੇ ਨੇ, ਉਹ ਮੋਚਨੇ ਨਾਲ ਖਿੱਚ ਦੇਵੇ।` ਡਾਕਟਰ ਨੇ ਕੁਛ ਨਾ ਸੁਣੀ ਜਾਂ ਉਹ ਸਮਝ ਨਹੀਂ ਸਕਿਆ। ਬਿਨਾਂ ਕੁਛ ਹੱਥ ਪੱਲੇ ਪਏ ਘਰ ਵਾਪਸ ਮੁੜ ਆਈਆਂ। ਮਰਜ਼ ਠੀਕ ਨਾ ਹੋਈ।
‘ਇਹ ਇਨ੍ਹਾਂ ਦੇ ਵੱਸ ਦਾ ਰੋਗ ਨਹੀਂ। ਇਹ ਤਾਂ ਪੜਵਾਲ ਹੋਊ… ਤੂੰ ਵੇਖ ਮੇਰਾ ਪੁੱਤ! ਨੀਝ ਲਾ ਕੇ।` ਮਾਤਾ ਨੇ ਆਪਣੇ ਪਹਿਲੇ ਤਜਰਬੇ ਨਾਲ ਆਪਣੀ ਬਿਮਾਰੀ ਦੀ ਸੂਹ ਲਾ ਲਈ।
‘ਪਹਿਲਾਂ ਵੀ ਮੈਨੂੰ ਇਕ ਵੇਰਾਂ ਏਦਾਂ ਹੋਇਆ ਸੀ। ਉਹ ਭਜਨੀ ਹੁਸ਼ਿਆਰਪੁਰ ਵਾਲੀ! ਉਸ ਦਾ ਹੱਥ ਬੜਾ ਸਾਫ਼ ਸੀ, ਇਸ ਔਹਰ ਦੀ ਬੜੀ ਸਚਿਆਰੀ ਸੀ ਉਹ। ਉਸ ਨੇ ਛੂ-ਮੰਤਰ ਵਾਂਗ ਮੇਰੇ ਡੇਲੇ `ਚ ਵੱਜਦੇ ਮੁੜੇ ਵਾਲ ਬਾਹਰ ਖਿੱਚ ਮਾਰੇ ਸਨ। ਦੂਰ ਨੇੜੇ ਤੱਕ ਉਸ ਦੀ ਇਹ ਮੁਹਾਰਤ ਮਸ਼ਹੂਰ ਹੋ ਗਈ ਸੀ। ਉਸ ਦੇ ਘਰ ਅਜੇਹੇ ਮਰੀਜ਼ਾਂ ਦਾ ਤਾਂਤਾ ਲੱਗਾ ਰਹਿੰਦਾ ਸੀ। ਰੱਬ ਦੀ ਦਿੱਤੀ ਬਖ਼ਸ਼ ਸੀ ਉਸ ਨੂੰ। ਹਸਪਤਾਲਾਂ ਦੇ ਖ਼ਰਾਬ ਕੀਤੇ ਕੇਸ ਉਹ ਸਹਿਜ ਸੁਭਾਅ ਠੀਕ ਕਰ ਕੇ ਅਗਲੇ ਦੇ ਠੰਢ ਪਾ ਦਿੰਦੀ। ਅੰਦਰ ਨੂੰ ਮੁੜੇ ਹੋਏ ਵਾਲ ਉਹ ਮੋਚਨੇ ਨਾਲ ਇਉਂ ਖਿੱਚ ਲੈਂਦੀ ਜਿਵੇਂ ਖੀਰ `ਚੋਂ ਮੱਛਰ।` ਮਾਤਾ ਭਜਨੀ ਨੂੰ ਯਾਦ ਕਰਦੀ ਪਿਛਲੇ ਪੋਤੜੇ ਫੋਲਣ ਲੱਗੀ।
‘ਪਰ ਬੀਜੀ! ਭਜਨੀ ਮਾਤਾ ਵਰਗੀਆਂ ਸਚਿਆਰੀਆਂ ਇੱਥੇ ਨਹੀਂ ਮਿਲਦੀਆਂ। ਇੱਥੇ ਉਹ ਦੇਸੀ ਓਹੜ ਪੋਹੜ ਨਹੀਂ ਚੱਲਦੇ। ਮੈਂ ਆਪ ਨਹੀਂ ਇਹੋ ਜਿਹਾ ਕੰਮ ਕਰ ਸਕਦੀ। ਕਿਤੇ ਹੱਥ ਥਿੜਕ ਗਿਆ ਤਾਂ ਹੋਰ ਵਧਾਣ ਵਧ ਜਾਊ… ਇੱਥੇ ਤਾਂ ਲੋਕੀਂ ਸੂਅ ਵੀ ਬੜੀ ਛੇਤੀ ਕਰ ਦਿੰਦੇ ਨੇ ਤੇ ਫੇਰ ਪਤਾ ਨਹੀਂ ਕਿੰਨੀਂ ਵੀਹੀਂ ਸੌ ਹੋਊ?` ਬਰੇਸੀ ਨੇ ਆਪਣੀ ਚਿੰਤਾ ਭਰੀ ਮਜਬੂਰੀ ਪ੍ਰਗਟਾਅ ਦਿੱਤੀ।
‘ਸਾਡੀ ਗਵਾਂਢਣ ਮਾਈ ਕਰਮੀ ਕਈ ਦਿਨ ਵੱਡੇ ਹਸਪਤਾਲ ਰਹਿ ਕੇ ਅੱਖਾਂ ਦਾ ਅਪਰੇਸ਼ਨ ਕਰਵਾ ਕੇ ਆਈ ਸੀ। ਪਤਾ ਨਹੀਂ ਉਨ੍ਹਾਂ ਕੀ ਕੀਤਾ… ਕੁੱਕਰੇ ਛਿੱਲੇ ਜਾਂ ਮੋਤੀਆ ਕੱਟਿਆ ਪਰ ਉਸ ਦੀ ਹਾਲਤ ਹੋਰ ਨਿੱਘਰਦੀ ਗਈ। ਮੈਂ ਦੱਸ ਪਾਈ ਉਹ ਉੱਥੇ ਲੈ ਗਏ ਭਜਨੀ ਕੋਲ।`
‘ਖੂਹ `ਚ ਪੈਣ ਇਹੋ ਜਿਹੇ ਡਾਕਟਰ! ਬੀਬੀ ਦੇ ਤਾਂ ਵਾਲ ਅੰਦਰ ਨੂੰ ਮੁੜੇ ਹੋਏ ਜ਼ਖਮ ਕਰੀ ਜਾ ਰਹੇ ਨੇ। ਉਨ੍ਹਾਂ ਬੁੰਨ੍ਹਿਆਂ ਨੇ ਕੀ ਕਰਨਾ!` ਭਜਨੀ ਨੇ ਮੋਚਨਾ ਫੜਿਆ ਤੇ ਅੱਖ `ਚ ਮੁੜੇ ਲਟਕਦੇ ਵਾਲ ਖਿੱਚ ਕੇ ਮਰੀਜ਼ ਦੇ ਹੱਥ `ਤੇ ਧਰ ਦਿੱਤੇ। ਉਸ ਨੂੰ ਇਕਦਮ ਠੰਢ ਪੈ ਗਈ ਤੇ ਅਸੀਸਾਂ ਦੇਂਦੀ ਪੰਜ ਰੁਪਏ ਕੱਢ ਕੇ ਫੜਾਵੇ। ਉਹਨੇ ਕਿਹਾ ਜਾਹ ਬੀਬੀ ਕਿਸੇ ਮੰਦਰ ਗੁਰਦੁਆਰੇ ਚੜ੍ਹਾ ਦੇਵੀਂ।`
ਘਰ ਵਿਚ‘ਇਹ ਅੱਖਾਂ `ਚ ਪੜਵਾਲ ਕਹਿੰਦੇ ਨੇ। ਉੱਧਰ ਹੁਸ਼ਿਆਰਪੁਰ ਭਜਨੀ ਠੀਕ ਕਰ ਦਿੰਦੀ ਸੀ ਪਰ ਹੁਣ ਕਿੱਥੋਂ ਲੱਭੀਏ ਭਜਨੀ ਨੂੰ?` ਬਰੇਸੀ ਨੇ ਹੋਰ ਸੱਟ ਜਿਹੀ ਮਾਰਦੇ ਆਪਣਾ ਗੁੱਝਾ ਹਾਸਾ ਰੋਕਣ ਦੀ ਕੋਸ਼ਿਸ਼ ਕੀਤੀ।
‘ਕਿਹੜੀ ਭਜਨੀ ਮਾਤਾ? ਤੂੰ ਮੈਨੂੰ ਦੱਸ। ਜੇ ਕੋਈ ਤੈਨੂੰ ਠੀਕ ਕਰ ਸਕਦਾ ਹੈ ਤਾਂ ਆਪਣੀ ਮਾਤਾ ਵਾਸਤੇ ਮੈਂ ਜਿੱਥੋਂ ਕਹੇਂ ਪੈਦਾ ਕਰ ਦੇਊਂ ਭਾਵੇਂ ਮੈਨੂੰ ਜਹਾਜ਼ ਦੀ ਟਿਕਟ ਲੈ ਕੇ ਹੁਸ਼ਿਆਰਪੁਰ ਨਾ ਜਾਣਾ ਪਵੇ।’ ਸਰੂਰ `ਚ ਮਸਤ ਪੀਤੇ ਦੀ ਫਲਾਉਣੀ ਨੇ ਮਾਤਾ ਦਾ ਅੱਧਾ ਦੁੱਖ ਘੱਟ ਕਰ ਦਿੱਤਾ।
‘ਤੇਰੀ ਮਾਸੀ!… ਭਜਨੀ… ਉਹ ਚਿੰਤੋ ਮਾਸੀ।` ਮਾਤਾ ਨੇ ਆਸ਼ਾ ਭਰੀਆਂ ਅੱਖਾਂ ਝਮਕੀਆਂ।
‘ਮੈਨੂੰ ਯਾਦ ਆਇਆ… ਉਹ ਅਰਜੂ ਦੀ ਮਾਂ? ਉਹ ਵੀ ਤਾਂ ਏਥੇ ਹੀ ਹੈ, ਤੈਨੂੰ ਕੱਲ੍ਹ ਹੀ ਮਿਲਾ ਦਿਆਂਗੇ… ਭਾਵੇਂ ਹੁਣੇ ਚਲੀ ਚੱਲ। ਨੋ ਪ੍ਰਾਬਲਮ! ਇਹ ਵੀ ਕੀ ਗੱਲ ਹੋਈ? ਪੁੱਟਿਆ ਪਹਾੜ ਨਿਕਲੀ ਚੂਹੀ। ਲੈ ਹੁਣੇ ਲੈ…।`
ਦੂਜੇ ਪੈੱਗ ਦੀ ਗਲਾਸੀ ਖਾਲੀ ਕਰਦਾ ਮੋਮੋ-ਠੱਗਣੀਆਂ ਯੱਭਲ਼ੀਆਂ ਮਾਰਦਾ ਉਹ ਫ਼ੋਨ ਵੱਲ ਹੋ ਗਿਆ। ਡਾਇਰੀ ‘ਚੋਂ ਅਰਜੂ ਦਾ ਫ਼ੋਨ ਲੱਭ ਕੇ ਮਿਲਾਇਆ। ਪਤਾ ਲੱਗਾ ਕਿ ਭਜਨੀ ਅੱਜ ਕੱਲ੍ਹ ਬਿਰਧ ਆਸ਼ਰਮ ਵਿਚ ਦਾਖਲ ਬਿਮਾਰ ਹੈ।
ਇਹ ਸੁਣ ਕੇ ਮਾਤਾ ਦੇ ਦੁੱਖ ਉਡਾਰੀ ਮਾਰ ਉੱਡਣ ਲੱਗੇ। ਉਹ ਮਿਲਣ ਲਈ ਜ਼ਿੱਦ ਕਰਨ ਲੱਗੀ ਖ਼ਾਸ ਕਰਕੇ ਜਦ ਉਸ ਨੂੰ ਭਜਨੀ ਦੀ ਬਿਮਾਰੀ ਦੀ ਸੁੱਘ ਲੱਗੀ ਤਾਂ ਸਵੇਰੇ ਸੋਫ਼ੀ ਪੀਤੇ ਦੇ ਤਰਲੇ ਕੱਢ ਕੇ ਉਸ ਨੂੰ ਕੰਮ ਤੋਂ ਇਤਫ਼ਾਕੀਆ ਛੁੱਟੀ ਕਰਵਾ ਲਈ।
‘ਅਮਰੀਕਾ ਵਿਚ ਵਡਾਰੂਆਂ ਲੋੜਵੰਦ ਬਜ਼ੁਰਗਾਂ ਵਾਸਤੇ ਬਹੁਤ ਵਧੀਆਂ ਸਿਹਤ ਸੰਭਾਲ ਸਹੂਲਤਾਂ ਹਨ। ਵੇਖ ਕੇ ਮਾਤਾ ਬਹੁਤ ਖ਼ੁਸ਼ ਹੋਵੇਗੀ ਤੇ ਤਾਰੀਫ਼ ਕਰੇਗੀ।` ਇਹੀ ਪ੍ਰਭਾਵ ਪਾਉਣ ਲਈ ਪੀਤੇ ਨੇ ਪਹਿਲੇ ਹੀ ਸੋਚ ਰੱਖਿਆ ਸੀ ਪਰ ਅੱਜ ਪੜਵਾਲਾਂ ਦਾ ਬਹਾਨਾ ਵੀ ਇਸ `ਤੇ ਭਾਰੂ ਹੋ ਗਿਆ ਸੀ।
‘ਇਹ ਤਾਂ ਪੁੱਤ! ਬੜੀ ਸੁਡੌਲ ਮੁਟਿਆਰ ਜਦ ਗਲੀ `ਚੋਂ ਲੰਘਦੀ ਧਰਤੀ ਧਮਕ ਜਾਂਦੀ ਸੀ। ਹੱਥਾਂ ਦੀ ਏਨੀ ਸਚਿਆਰੀ ਸੀ ਕਿ ਸੂਈ ਕਸੀਦਾ ਬਾਗ ਫੁਲਕਾਰੀ ਆਪ ਵੀ ਕੱਢਦੀ ਤੇ ਪਿੰਡ ਦੀਆਂ ਕਈ ਹੋਰ ਕਈ ਕੁੜੀਆਂ ਨੂੰ ਵੀ ਸਿਖਾ ਕੇ ਬੰਨੇ ਲਾ ਦਿੰਦੀ ਸੀ। ਚੌਕੇ ਚੁੱਲ੍ਹੇ ਦੀ ਲਿੰਬਾ ਪੋਚੀ ਲਈ ਮਾਕੋਵਾਲ ਦਾ ਪੋਚਾ ਮੰਗਵਾ ਕੇ ਮੋਰ ਘੁੱਗੀਆਂ ਵੇਲ ਬੂਟੇ ਪਾ ਕੇ ਸਜਾ ਦਿੰਦੀ ਤੇ ਬੜੇ ਵੱਡੇ ਦਸਤਕਾਰਾਂ ਨੂੰ ਮਾਤ ਪਾ ਦਿੰਦੀ ਸੀ।`
ਭਜਨੀ ਨਾਨਕਿਆਂ ਵੱਲੋਂ ਸਾਡੀ ਦੂਰੋਂ ਨੇੜਿਉਂ ਸਕੀਰੀ ‘ਚੋਂ ਸੀ। ਪੰਜ ਪੁੱਤਰਾਂ ਦੀ ਮਾਂ… ਜਿਹਨੂੰ ਲੋਕ ਕਹਿੰਦੇ, ਮਾਂ ਨੇ ਪੰਜ ਸ਼ੇਰ ਜੰਮੇ ਨੇ ਜੜ੍ਹ ਲਾਉਣ ਲਈ ਤੇ ਕੁਣਬਾ ਤੋਰਨ ਲਈ, ਉਹ ਆਪਣੇ ਆਪਣੇ ਬੰਗਲਿਆਂ ਵਿਚ ਆਪਣੇ ਹੀ ਭਾਰ ਥੱਲੇ ਲਿਤਾੜੇ ਗਏ ਨੇ। ਹੁਣ ਇੱਕ ਦੂਸਰੇ ਦੇ ਖੂਨ ਦੇ ਤਿਹਾਏ ਮੂੰਹ ਮੱਥੇ ਲੱਗਣੋਂ ਵੀ ਗਏ। ਛੇ ਕੁ ਮਹੀਨੇ ਪਹਿਲਾਂ ਉਸ ਦਾ ਜੀਵਨ ਸਾਥੀ ਜਿੳਂੂਦਾ ਸੀ ਤਾਂ ਪੰਜਾਂ ਪੁੱਤਾਂ ਨੇ ਇਕ-ਇਕ ਮਹੀਨਾ ਬਾਂਧ ਬੰਨ੍ਹੀਂ ਰੱਖੀ ਸੀ। ਪਹਿਲੀ ਤਰੀਕ ਤੋਂ ਤੀਹ ਤਰੀਕ ਤਰਤੀਬ ਵਾਰ ਨੰਬਰ ਆ ਜਾਂਦਾ ਤੇ ਅਗਲੀ ਤਰੀਕ ਨੂੰ ਜੇ ਕਿਸੇ ਦੇ ਮਨ ਮਿਹਰ ਪੈ ਜਾਂਦੀ ਤਾਂ ਅਗਲੇ ਦੇ ਬੂਹੇ ਛੱਡ ਆਉਂਦੇ ਨਹੀਂ ਤਾਂ ਦੋਵੇਂ ਇਕ ਦੂਸਰੇ ਦੀ ਡੰਗੋਰੀ ਫੜ ਕੇ ਆਪੇ ਅਗਲੇ ਘਰ ਦੇ ਰਸਤੇ ਪੈ ਜਾਂਦੇ। ਇਕੱਤੀ ਵਾਲਾ ਮਹੀਨਾ ਉਹ ਮੁਫ਼ਤ ਦੀ ਸਰਕਾਰੀ ਬੱਸ ‘ਚ ਬੈਠ ਕੇ ਗੁਰਦੁਆਰੇ ਪਹੁੰਚ ਜਾਂਦੇ। ਸੋਸ਼ਲ ਸਿਕਿਉਰਿਟੀ ਦੇ ਮਿਲੇ ਡਾਲਰਾਂ ਵਿਚੋਂ ਆਪਣੇ ਕੋੜਮੇ ਦੀ ਸਲਾਮਤੀ ਦੀ ਤੇ ਆਪਣੀ ਜੂਨ ਖ਼ਲਾਸੀ ਵਾਸਤੇ ਦੁਆ ਕਰਦੇ ਨੱਕ ਰਗੜਦੇ। ਇਸ ਚੱਕਰਵਿਊ ਵਿਚ ਪੰਜ ਮਹੀਨੇ ਦਾ ਇੱਕ ਦੌਰ ਨਿਕਲ ਜਾਂਦਾ।
‘ਇਹ ਆਪਣੇ ਜੀਵਨ ਸਾਥੀ ਨੂੰ ਸ਼ਮਸ਼ਾਨਘਾਟ ਛੱਡਣ ਸਮੇਂ ਗ਼ਸ਼ੀ ਖਾ ਕੇ ਡਿਗ ਪਈ ਤੇ ਚੂਲਾ ਤੁੜਾ ਬੈਠੀ ਸੀ। ਬੇਟੀ ਨੇ ਚੁੱਕ ਕੇ ਡਾਕਟਰ ਕੋਲ ਪਹੁੰਚਾਇਆ। ਡਾਕਟਰ ਨੇ ਭਾਰੀ ਖਰਚਾ ਸੁਣਾ ਦਿੱਤਾ। ਸਾਰੇ ਵਾਰਿਸ ਇੱਕ ਦੂਸਰੇ ਤੋਂ ਅੱਖ ਚੁਰਾਉਂਦੇ, ਇੱਕ ਦੂਜੇ ਦੀਆਂ ਉਂਗਲਾਂ… ਊਜਾਂ ਤੋਂ ਡਰਦੇ ਕੰਨੀਂ ਕਤਰਾ ਗਏ। ਬੇਟੀ ਆਪਣੇ ਘਰ ਲੈ ਗਈ। ਥੋੜ੍ਹੇ ਸਮੇਂ ਬਾਅਦ ਬੇਟੀ ਛੋਟੇ ਘਰ ਦੀ ਮਜਬੂਰੀ ਜਾਂ ਮਾਤਾ ਨੂੰ ਸੰਭਾਲਣ ਵਾਲੀ ਕੇਅਰ-ਟੇਕਰ ਦਾ ਖਰਚਾ ਤੇ ਝਾਲ!… ਮਾਤਾ ਸਿੱਧੀ ਬਿਰਧ-ਘਰ ਪਹੁੰਚ ਗਈ ਜਾਂ ਪਹੁੰਚਾ ਦਿੱਤਾ ਗਿਆ। ਹੁਣ ਵੀ ਹਰ ਮਹੀਨੇ ਮੁਲਾਕਾਤ ਵਾਸਤੇ ਇਕ ਦੀ ਵਾਰੀ ਹੁੰਦੀ ਹੈ। ਇਸ ਤਰ੍ਹਾਂ ਪੰਜ ਮਹੀਨੇ ਉਡੀਕਦੇ ਲੰਘ ਜਾਂਦੇ ਨੇ। ਲੜਕੀ ਦੀ ਵਾਰੀ ਛੇਵੇਂ ਮਹੀਨੇ ਦੀ ਹੈ ਪਰ ਉਹ ਵਿਚ ਵਿਚਾਲੇ ਭਰਾਵਾਂ ਭਰਜਾਈਆਂ ਨਾਲ ਵੀ ਦਾਅ ਲਗਾ ਕੇ ਮਾਤਾ ਦਾ ਦੁੱਖ ਵੰਡਾ ਜਾਂਦੀ ਹੈ ਤੇ ਆਪਣਾ ਦੁੱਖ ਫੋਲ ਜਾਂਦੀ ਹੈ।` ਪੀਤੇ ਨੇ ਲੋਕਾਂ ਕੋਲੋਂ ਸੁਣੀ ਸੁਣਾਈ ਭਜਨੀ ਦੀ ਕਹਾਣੀ ਮਾਤਾ ਨੂੰ ਸੁਣਾ ਦਿੱਤੀ।
‘ਤੇ ਚੰਨ ਮੱਖਣਾ! ਸਾਡੇ ਪਿੰਡਾਂ ਵਿਚ ਤਾਂ ਪੁਰਾਣੇ ਪਸ਼ੂਆਂ ਨੂੰ ਵੀ ਬੜੀ ਸ਼ਾਨ ਸ਼ੌਕਤ ਨਾਲ ਸਤਿਕਾਰ ਦਿੰਦੇ ਨਜਿੱਠਦੇ ਹਨ। ਏਦਾਂ ਘਰੋਂ ਕੱਢ ਕੇ ਬੁੱਚੜਖ਼ਾਨੇ ਤਾਂ ਨਹੀਂ ਵਾੜ ਦਿੰਦੇ।` ਮਾਤਾ ਕੁੱਝ ਯਾਦ ਕਰ ਕੇ ਹਿਰਖ ਜਿਹੀ ਨਾਲ ਅੱਖਾਂ ਭਰ ਆਈ।
‘ਤੂੰ ਛੋਟਾ ਸੀ। ਸਾਡਾ ਇੱਕ ਮੀਣਾ ਬਲਦ ਫਾਲ਼ਾ ਵੱਜਣ ਕਰਕੇ ਮੁਤਾੜਿਆ ਗਿਆ, ਕੰਮ ਕਰਨ ਦੇ ਯੋਗ ਨਹੀਂ ਰਿਹਾ ਸੀ। ਉਸ ਨੂੰ ਅਸੀਂ ਹੀ ਨਹੀਂ ਬਲਕਿ ਸਾਰਾ ਪਿੰਡ ਵਡੇਰਿਆਂ ਵਾਂਗ ਪੂਜਦਾ ਰਿਹਾ ਸੀ ਤੇ ਉਸ ਦੇ ਮਰਨ `ਤੇ ਵੀ ਪਿੰਡ ਦੀਆਂ ਸਭ ਨੂੰਹਾਂ ਧੀਆਂ ਨੇ ਮੱਥਾ ਟੇਕ ਕੇ ਸ਼ਰਧਾਂਜਲੀ ਭੇਟ ਕੀਤੀ ਸੀ। ਇਹ ਵਿਚਾਰੀ ਰੱਬ ਦੇ ਨਾਮ ਵਾਲੀ ਗਊ ਵਰਗੀ ਜਨਾਨੀ ਕਦੇ ਕਿਸੇ ਦੇ ਸਿਰੇ ਨਹੀਂ ਆਈ। ਉਹਦੇ ਨਿਆਣਿਆਂ ਵੱਲੋਂ ਇਹੋ ਜਿਹਾ ਦੁਰ-ਵਿਹਾਰ! ਕੀ ਪਾਪ ਕੀਤੇ ਉਸ ਨੇ? ਮੇਰੀ ਸਮਝ ਤੋਂ ਬਾਹਰ ਹੈ।` ਮਾਤਾ ਹੋਰ ਚਿੰਤਾ ਵਿਚ ਉਲਝ ਗਈ।
‘ਅਮਰੀਕਾ ਵਿਚ ਪੱਥਰਾਂ ਨਾਲ ਪੱਥਰ ਹੋ ਜਾਂਦੇ ਨੇ ਲੋਕ! ਰਿਸ਼ਤੇ ਤਿੜਕ ਜਾਂਦੇ ਨੇ ਤੇ ਡਾਲਰਾਂ ਘੰਟਿਆਂ ਦੀ ਬਲੀ ਚੜ੍ਹ ਜਾਂਦੇ ਨੇ।` ਪੀਤੇ ਨੇ ਉਸ ਦੀ ਹਾਮੀ ਭਰਨ ਦੀ ਕੋਸ਼ਿਸ਼ ਕੀਤੀ।
‘ਪਿਛਲੇ ਦੇਸ਼ ਵਿਚ ਕਈ ਧਰਮੀ ਲੋਕ ਗਊ ਮਾਤਾ ਦੀ ਬੜੀ ਸੇਵਾ ਕਰਦੇ ਨੇ। ਗਊ ਮਾਤਾ ਵੀ ਆਪਣੇ ਕੁਨਬੇ ਦਾ ਬਹੁਤ ਵਫ਼ਾਦਾਰੀ ਨਾਲ ਪਿੱਛਾ ਕਰਦੀ ਸਾਥ ਨਿਭਾਉਂਦੀ ਹੈ। ਸ਼ਹਿਰਾਂ ਦੀਆਂ ਕਈ ਤੋਕੜ ਗਊਆਂ ਜਿਨ੍ਹਾਂ ਨੂੰ ਗਊਸ਼ਾਲਾ `ਚ ਢੋਈ ਨਹੀਂ ਮਿਲਦੀ, ਸਾਰਾ ਦਿਨ ਸੜਕਾਂ ਤੇ ਚੌਰਾਹਿਆਂ ਦਾ ਘਾਹ ਫੂਸ, ਸੁੱਟੇ ਫ਼ਾਲਤੂ ਫਲ ਫਰੂਟ ਖਾਂਦੀਆਂ ਗੁਜ਼ਾਰਾ ਕਰ ਲੈਂਦੀਆਂ ਹਨ। ਸ਼ਾਮ ਨੂੰ ਹਵਾਨਾ ਭਰ ਕੇ ਘਰ ਸਾਹਮਣੇ ਆ ਖੜ੍ਹੀਆਂ ਹੁੰਦੀਆਂ ਨੇ। ਸੁਆਣੀਆਂ ਦੁੱਧ ਦੀ ਬਾਲਟੀ ਭਰ ਕੇ ਕੰਡ `ਤੇ ਥਾਪੀ ਮਾਰਦੀਆਂ ਮੁੜ ਉਨ੍ਹਾਂ ਨੂੰ ਉਸੇ ਰਸਤੇ ਤੋਰ ਦਿੰਦੀਆਂ ਹਨ।` ਮਾਤਾ ਬਿਨ ਦੇਖਿਆਂ ਭਜਨੀ ਦੇ ਅਣਕਹੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਰਹੀ।
ਦੂਰ ਤੱਕ ਫੈਲੇ ਬਿਰਧ ਆਸ਼ਰਮ ਵਿਚ ਪਤਝੜ ਦੇ ਪੱਤਿਆਂ ਵਾਂਗ ਖਿੱਲਰੇ ਬਿਰਧ ਸਰੀਰ ਵੇਖ ਕੇ ਉਹ ਸੁੰਨ ਜਿਹੀ ਹੋ ਗਈ। ਮੰਜਿਆਂ ‘ਤੇ ਟੇਢੇ ਹੋਏ, ਪਹੀਏ ਵਾਲੀਆਂ ਕੁਰਸੀਆਂ ਉੱਤੇ ਰਿੜ੍ਹਦੇ, ਖੂੰਡੀਆਂ ਫੜੀ ਫੁੱਲਾਂ ਦੀ ਕਿਆਰੀ ਵਿਚ ਘਾਹ ਤੇ, ਕਈ ਰੰਗਾਂ ਨਸਲਾਂ ਦੇ ਕਾਲੇ ਗੋਰੇ ਚਿੱਟੇ ਧਾਰੀਦਾਰ ਲਿਬਾਸ ਵਿਚ ਨਿਰਜਿੰਦ ਲਾਸ਼ਾਂ, ਬਾਵਿਆਂ ਵਾਂਗ ਸਜੇ ਬੁੱਤ ਬਣੇ ਪਏ ਸਨ। ਨਰਸ ਕਿਸੇ ਨੂੰ ਨੁਹਾ ਰਹੀ ਸੀ, ਸਿਰ ਵਾਹ ਰਹੀ ਸੀ, ਮਾਲਸ਼ ਕਰ ਰਹੀ ਸੀ, ਮੋਢੇ ਦਾ ਸਹਾਰਾ ਦੇ ਕੇ ਛੋਟੇ ਬੱਚੇ ਵਾਂਗ ਤੁਰਨਾ ਸਿਖਾ ਰਹੀ ਸੀ। ਕੁੱਝ ਅਖ਼ਬਾਰ ਰਸਾਲੇ ਅੱਖਾਂ ਨੂੰ ਲਗਾਈ ਪੜ੍ਹਨ ‘ਚ ਮਸਰੂਫ਼ ਸਨ। ਕੁਛ ਗੁਲੂਕੋਸ ਲੱਗੀਆਂ ਬੋਤਲਾਂ ਜਾਂ ਪਿਸ਼ਾਬ ਵਾਲੀਆਂ ਨਾਲੀਆਂ ਹੱਥ ‘ਚ ਫੜੀ ਇੱਧਰ ਉੱਧਰ ਟਹਿਲ ਕਦਮੀਂ ਕਰ ਰਹੇ ਸਨ। ਦਵਾਈਆਂ ਦੀ ਗੰਧ ਮਾਤਾ ਦੇ ਸਿਰ ਦਿਮਾਗ਼ ਨੂੰ ਚੜ੍ਹਨ ਲੱਗੀ।
‘ਇਹਨੂੰ ਮੁਹਰਲਾ ਸੱਚਾ ਘਰ ਕਹਿੰਦੇ ਨੇ ਇੱਥੇ `ਮਰੀਕਾ ਵਿਚ?’ ਭੋਲੇ ਭਾ ਮਾਤਾ ਦੇ ਬੁੱਲ੍ਹ ਹਿੱਲੇ।
‘ਨਹੀਂ ਬੀ ਜੀ… ਇਹ ਆਰਾਮ ਘਰ ਹੈ ਪੁਰਾਣੇ ਬੇਸਹਾਰਾ ਬਜ਼ੁਰਗਾਂ ਵਾਸਤੇ। ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਵਾਲੀ ਵਾਰਿਸ ਨਹੀਂ, ਉਨ੍ਹਾਂ ਨੂੰ ਸਰਕਾਰ ਸਾਂਭਦੀ ਹੈ।`
ਇੱਕ ਵੱਡੇ ਕਮਰੇ ਦੀ ਖਿੜਕੀ ਵਿਚੋਂ ਮੁਲਾਕਾਤੀਆਂ ਦੀ ਇੰਤਜ਼ਾਰ ਵਿਚ ਅੱਖਾਂ ਵਿਛਾਈ ਕੈਦੀਆਂ ਵਾਂਗ ਚਿੰਤ ਕੌਰ ਉਰਫ ਭਜਨੀ ਨੇ ਝੀਲ ਵਰਗੀਆਂ ਖੁੱਲ੍ਹੀਆਂ ਅੱਖਾਂ ਅੱਡਦੇ ਦੂਰੋਂ ਹੀ ਤਾੜ ਲਿਆ। ਕੰਨਾਂ ‘ਚ ਲੱਗਾ ਗੁਰਬਾਣੀ ਸੁਣਨ ਵਾਲਾ ਯੰਤਰ ਉਸ ਨੇ ਲਾਹ ਕੇ ਪਾਸੇ ਰੱਖ ਦਿੱਤਾ।
‘ਮੇਰਾ ਲਾਡੀ ਆਇਆ… ਮੇਰਾ ਪੁੱਤ ਆਇਆ।` ਦਰਵਾਜ਼ੇ ਅੰਦਰ ਲੰਘਦੇ ਹੀ ਮਾਤਾ ਨੇ ਅੱਖਾਂ ਅੱਡੀਆਂ। ਉਸ ਦੀਆਂ ਜਿਵੇਂ ਚੰਘਿਆੜਾਂ ਹੀ ਨਿਕਲ ਗਈਆਂ।
‘ਲਾਡੀ ਨਹੀਂ ਮੈਂ ਪੀਤਾ ਹਾਂ ਮਾਸੀ।’ ਪੀਤੇ ਦੇ ਦੱਸਣ `ਤੇ ਉਸ ਨੇ ਮਾਤਾ ਨੂੰ ਪਛਾਣ ਲਿਆ।
ਉਹ ਦੋਵੇਂ ਗਲੇ ਲੱਗ ਕੇ ਕਿੰਨੀ ਦੇਰ ਰੋਂਦੀਆਂ ਰਹੀਆਂ। ਨੁੱਕਰ ‘ਚ ਪਏ ਕਿਸੇ ਮਰੀਜ਼ ਦਾ ਘੋਰੜੂ ਵੱਜਦਾ ਸੁਣ ਕੇ ਮਾਤਾ ਬਹੁਤ ਡੂੰਘੀ ਨਿਰਾਸ਼ਾ ਵਿਚ ਡੁੱਬ ਗਈ। ਚਿੰਤ ਕੌਰ ਆਪਣੇ ਮਹਿਮਾਨ ਦੇ ਚਿਹਰੇ ‘ਤੇ ਨਜ਼ਰਾਂ ਗੱਡੀ ਬਹੁਤ ਦੇਰ ਨਿਹਾਰਦੀ ਰਹੀ… ਕਹਿਣ ਲੱਗੀ,
‘ਆ ਜਾਹ ਇੱਥੇ ਬੜੀ ਮੌਜ ਹੈ, ਰਲ ਕੇ ਦੋਵੇਂ ਭੈਣਾਂ ਦਿਨ ਕੱਟੀ ਕਰ ਲਵਾਂਗੀਆਂ। ਵੇਖ ਲਾ! ਸ਼ੇਰ ਪੁੱਤਾਂ ਨੇ ਸਵਰਗ ਵਿਚ ਪਹੁੰਚਾ ਦਿੱਤਾ ਹੈ… ਤੇਰਾ ਵੀ ਨੰਬਰ ਆ ਜਾਊ ਛੇਤੀ ਜਦ ਗੂੰਹ ਮੂਤ ਪੁੰਝਾਉਣ ਵਾਲੇ ਨਿਆਣੇ ਛਤਰੀ ਥੱਲਿਓਂ ਨਿਕਲ ਗਏ।` ਉਸ ਨੇ ਜਿਵੇਂ ਸਰਾਪ ਦੇ ਦਿੱਤਾ ਹੋਵੇ! ਮਾਤਾ ਨੇ ਮੂੰਹ ਮਰੋੜ ਕੇ ਨਾ ਮਨਜ਼ੂਰ ਕਰ ਦਿੱਤਾ।
‘ਤੇਰੇ ਸਵਰਗ ਦੀ ਮੌਜ ਤਾਂ ਮੈਨੂੰ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਵਾਂਗ ਅੱਖੜਦੀ ਹੈ।` ਅੱਖਾਂ ਦੀ ਰਿੱਬ ਸਾਫ਼ ਕਰਦੇ ਮਾਤਾ ਨੇ ਚਿੰਤੀ ਤੇ ਉਸ ਦੀਆਂ ਗਵਾਂਢਣਾਂ ਨੂੰ ਹਸਾ ਦਿੱਤਾ।
‘ਗਰੈਮਾਂ! ਗੈੱਟ ਵੈੱਲ ਸੂਨ…. ਮੈਥਨੀ ਗਿੱਲ।`
‘ਆਹ ਵੇਖ ਮੇਰੀ ਪੋਤੀ ਰੱਖ ਗਈ। ਮਦਰ ਡੇਅ ਨੂੰ ਆਪਣੇ ਦੋਸਤਾਂ ਨਾਲ ਆਈ ਸੀ।` ਮਰੀਜ਼ ਨੇ ਮੋਢੇ ਉੱਚੇ ਕਰ ਕੇ ਕਾਰਡ ਨੂੰ ਹੱਥ ਪਾਇਆ।
‘ਹਾ… ਆ… ਅ.. ਨੀ ਅੜੀਏ ਤੇਰੇ ਤਾਂ ਵਾਲ ਮੁੜੇ ਪਏ ਨੇ। ਮੇਰੇ ਨੇੜੇ ਹੋ! ਮੈਂ ਵੇਖਾਂ ਚੰਗੀ ਤਰ੍ਹਾਂ।` ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ। ਮੰਜੇ `ਤੇ ਪਏ ਭਲਵਾਨ ਕੋਲ ਭਲਵਾਨੀ ਦੀ ਗੱਲ ਚੱਲ ਪਏ ਤਾਂ ਉਹ ਉਸਤਾਦ ਪਹਿਲਵਾਨ ਬਣ ਜਾਂਦਾ ਹੈ। ਭਜਨੀ ਆਪਣਾ ਕਸ਼ਟ ਭੁੱਲ ਕੇ ਉਸ ਦੀਆਂ ਅੱਖਾਂ `ਚ ਫੂਕਾਂ ਮਾਰਨ ਲੱਗੀ। ਵੱਡੇ ਸਰਜਨ ਵਾਂਗ ਉਸ ਦਾ ਵਾਰ ਵਾਰ ਮੁਆਇਨਾ ਕਰਦੀ ਵੇਖ ਕੇ ਗਵਾਂਢੀ ਬਿਸਤਰਿਆਂ ਵਾਲੇ ਹਮਸਫ਼ਰ ਤੇ ਨਰਸਾਂ ਵੇਖ ਕੇ ਹੱਸਣ ਲੱਗੀਆਂ।
‘ਧੈਂਗੜੀਏ ਇਹ ਹਾਲ ਤੇਰਾ! ਪਹਿਲਾਂ ਆ ਜਾਂਦੀ… ਮੋਚਨਾ ਲੈ ਆਉਂਦੀ। ਮੈਂ ਹੁਣੇ ਖਿੱਚ ਦਿੰਦੀ ਪਰ ਮੋਚਨਾ ਕਿੱਥੋਂ ਮਿਲੂ ਏਥੇ? ਉਹ ਸੋਚਣ ਲੱਗੀ।
ਪੀਤੂ ਨੇ ਨਰਸ ਦੇ ਖਾਨੇ ਵਿਚੋਂ ਚਿਮਟੀ ਜਿਹੀ ਫੜ ਲਈ ਤੇ ਇਸ਼ਾਰਾ ਕਰ ਕੇ ਬਾਹਰ ਵੱਲ ਤੁਰ ਪਿਆ। ਉਹ ਭੌੜੀਆਂ ਫੜੀ ਮਾਤਾ ਦਾ ਹੱਥ ਫੜ ਕੇ ਬਾਹਰਲੀਆਂ ਕੁਰਸੀਆਂ ‘ਤੇ ਆ ਬੈਠੀਆਂ। ਭਜਨੀ ਨੇ ਵਿੰਗੇ ਹੋਏ ਟੇਢੇ ਵਾਲ ਚਿਮਟੀ ਨਾਲ ਖਿੱਚ ਕੇ ਪੀਤੂ ਦੇ ਹੱਥ ‘ਤੇ ਧਰ ਦਿੱਤੇ। ਮਾਤਾ ਕੁੱਝ ਤਾਰੀਫ਼ ਸ਼ੁਕਰੀਆ ਕਹਿਣ ਲਈ ਤਿਆਰੀ ਹੀ ਕਰ ਰਹੀ ਸੀ।
‘ਲੈ ਲੈ… ਪਰ ਮੈਨੂੰ ਅਸੀਸ ਨਾ ਕੋਈ ਦੇਵੀਂ, ਮੇਰੇ ਜਲਦੀ ਮਰਨ ਦੀ ਅਰਦਾਸ ਕਰ।` ਉਹ ਹੜ੍ਹ ਵਾਂਗ ਵਗ ਪਈ।
‘ਆਹ ਵੇਖ! ਗਊਸ਼ਾਲਾ ਦੇ ਅਹਾਤੇ ਵਾਂਗ ਬਾਂ ਬਾਂ ਕਰਦੇ ਉਬਾਸੀਆਂ ਲੈਂਦੇ, ਊਂਘਦੇ, ਆਇਆਂ ਗਇਆਂ ਦੀ ਵੌੜ ਲੈਂਦੇ, ਪੁਰਾਣੇ ਸਰੀਰ ਬਣਾਏ ਸਵਾਰੇ ਆਪਣੀ ਔਲਾਦ ਦੀਆਂ ਰੀਝਾਂ ਚਾਵਾਂ ਨੂੰ ਤਰਸਦੇ ਵਕਤ ਨੂੰ ਧੱਕਾ ਦੇ ਰਹੇ ਨੇ ਸਾਰੇ ਮੇਰੇ ਵਰਗੇ। ਇਨ੍ਹਾਂ ਨੂੰ ਸਭ ਸਹੂਲਤਾਂ ਪ੍ਰਾਪਤ ਹਨ। ਨਰਸਾਂ ਨਹਾਉਂਦੀਆਂ ਹਨ, ਸਿਰ ਵਾਹੁੰਦੀਆਂ ਹਨ, ਸਫ਼ਾਈ ਕਰਦੀਆਂ ਹਨ, ਪਰ ਨੂੰਹਾਂ ਪੁੱਤਾਂ ਪੋਤਿਆਂ ਦੀਆਂ ਉਂਗਲਾਂ ਦਾ ਸਪਰਸ਼ ਜੋ ਇਸ ਪਤਝੜ ਦੀ ਉਮਰੇ ਸਕੂਨ ਦਿੰਦਾ ਹੈ ਕਿਸੇ ਕੀਮਤ `ਤੇ ਨਹੀਂ ਮਿਲਦਾ। ਪੋਤੇ ਦੋਹਤੇ ਜੋ ਢਿੱਡ `ਤੇ ਚੜ੍ਹ ਕੇ ਕਿਲਕਾਰੀਆਂ ਮਾਰਦੇ ਨੱਚਦੇ ਟੱਪਦੇ, ਵਾਲਾਂ `ਚ ਹੱਥ ਫੇਰਦੇ ਸਵਰਗੀ ਸੁਪਨੇ ਵਾਂਗ ਅੱਖਾਂ ਸਾਹਮਣੇ ਲੰਘ ਜਾਂਦੇ ਨੇ। ਤੋਤਲੀਆਂ ਤੋਤਲੀਆਂ ਗੱਲਾਂ ਕਰਦੇ ਬਾਤਾਂ ਸੁਣਨ ਦੀ ਜ਼ਿੱਦ ਕਰਦੇ ਹੁਣ ਸਕੂਲ ਕਾਲਜ ਚਲੇ ਗਏ। ਨਵੇਂ ਨਵੇਂ ਦੋਸਤ ਬਣਾ ਕੇ ਉਡਾਰੀ ਮਾਰ ਗਏ। ਵੱਟੀ ਨਹੀਂ ਵਾਹੁੰਦੇ। ਬੁੱਢਿਆਂ ਨੂੰ ਕੋਈ ਨਹੀਂ ਪੁੱਛਦਾ। ਏਨੇ ਰੁਝੇਵਿਆਂ ਵਿਚ ਉਨ੍ਹਾਂ ਕੋਲ ਸਮਾਂ ਹੀ ਨਹੀਂ, ਕੀ ਕਰਨ ਵਿਚਾਰੇ!`
ਪੀਤਾ ਮਾਤਾ ਨੂੰ ਛੱਡ ਕੇ ਆਪਣੇ ਹੋਰ ਕੰਮ ਭੁਗਤਾਉਣ ਚਲਾ ਗਿਆ। ਚਾਰ ਘੰਟਿਆਂ ਵਿਚ ਦੋਹਾਂ ਧਰਮ ਭੈਣਾਂ ਨੇ ਅਗਲੀਆਂ ਪਿਛਲੀਆਂ ਸਾਰੀਆਂ ਦੁੱਖ-ਸੁੱਖ ਦੀਆਂ ਹੱਡ ਬੀਤੀਆਂ ਤੇ ਜੱਗ ਬੀਤੀਆਂ ਫੋਲ ਮਾਰੀਆਂ। ਉਸ ਦੇ ਵਾਪਸ ਮੁੜਨ ਤੱਕ ਹੌਲ਼ੀਆਂ ਫੁਲ ਖਿੜਦੀਆਂ ਟਹਿਕ ਰਹੀਆਂ ਸਨ।
‘ਦੁੱਖ ਵੰਡਾਉਣ ਨਾਲ ਘਟਦਾ ਹੈ ਤੇ ਖ਼ੁਸ਼ੀ ਵੰਡਾਉਣ ਨਾਲ ਵਧਦੀ ਹੈ… ਆ ਜਾਇਆ ਕਰ ਕਦੇ… ਤੇਰਾ ਭਲਾ ਹੋਵੇ। ਮੇਰੀ ਰਹਿੰਦੀ ਉਮਰ ਤੈਨੂੰ ਲੱਗ ਜਾਏ। ਆਪਣੇ ਪੁੱਤ ਪੋਤਿਆਂ ਦੇ ਹੱਥਾਂ `ਚ ਹੱਸਦੀ ਖੇਲ੍ਹਦੀ ਅੱਖਾਂ ਮੀਟ ਜਾਏਂ।` ਭਜਨੀ ਨੇ ਮਹਿਮਾਨ ਨੂੰ ਅਸੀਸ ਦਿੰਦਿਆਂ ਦਾਅਵਤ ਦਿੱਤੀ।
‘ਦਾਤਰੀ ਨੂੰ ਇਕ ਪਾਸੇ ਦੰਦੇ ਹੁੰਦੇ ਨੇ ਪਰ ਦੁਨੀਆਂ ਨੂੰ ਦੋਹੀਂ ਪਾਸੀਂ। ਉਨ੍ਹਾਂ ਨੂੰ ਵੀ ਦੁਨੀਆਂ ਥੁੱਕਦੀ ਹੋਊ… ਤੂੰ ਬੁਰਾ ਨਾ ਮੰਨੇ ਤਾਂ ਮੇਰੇ ਘਰ ਚਲੀ ਚੱਲ। ਮੇਰੀ ਤਾਂ ਠੀਕ ਹੀ ਲੱਗਦੀ ਹੈ ਅਜੇ।` ਮਾਤਾ ਝੂਠੀ ਸੱਚੀ ਸੁਲਾਹ ਮਾਰਦੀ ਅੰਦਰੋਂ ਥਿੜਕ ਉੱਠੀ।
‘ਇਹ ਭੁਲੇਖਾ ਵੀ ਨਿਕਲ ਜਾਊ ਤੇਰਾ। ਘਰ ਤਾਂ ਇੱਥੇ ਨੂੰਹਾਂ ਦੇ ਹੀ ਹੁੰਦੇ ਨੇ ਸੱਸਾਂ ਦੇ ਤਾਂ ਪੰਜਾਬ ਵਿਚ ਹੀ ਰਹਿ ਜਾਂਦੇ ਨੇ… ਤੇ ਜਾਂ ਫਿਰ ਇੱਥੇ… ਇਹ ਘਰ। ਨਾਲੇ ਘਰ ਰਹਿ ਕੇ ਵੀ ਜਦ ਤੁਹਾਡੇ ਵਾਸਤੇ ਕਿਸੇ ਕੋਲ ਟਾਈਮ ਹੀ ਨਹੀਂ ਜਾਂ ਹਰ ਵੇਲੇ ਸੜੂੰ-ਭੁਜੂੰ ਹੁੰਦੀ ਰਹਿਣੀ ਹੈ ਤਾਂ ਈਦੋਂ ਤਾਂ ਇਹ ਬਿਗਾਨੇ ਸੇਵਾਦਾਰ ਲੱਖ ਦਰਜੇ ਚੰਗੇ ਨੇ। ਚਲੋ ਚੰਗਾ! ਸੁਖੀ ਰਹਿਣ ਆਪਣੇ ਹੀ ਪੇਟੋਂ ਜੰਮੇ ਨੇ।` ਭਜਨੀ ਦੇ ਅੰਦਰੋਂ ਗਰਮ ਲਾਵੇ ਵਰਗਾ ਸਾਰੀ ਕਾਇਨਾਤ ਨੂੰ ਝੁਲਸਣ ਯੋਗ ਹਉਕਾ ਨਿਕਲਿਆ।
‘ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ! ਭੈਣੇ ਰੱਬ ਨਾ ਕਿਸੇ `ਤੇ ਕਹਿਰਵਾਨ ਹੋਵੇ… ਉਹਨੂੰ ਸਭ ਦਾ ਫ਼ਿਕਰ ਹੈ।` ਮਾਤਾ ਨੇ ਤਸੱਲੀ ਦੇਣ ਦੀ ਗੱਲ ਕੀਤੀ।
‘ਬਹੁਤੇ ਘਰਾਂ ਦੇ ਪ੍ਰਾਹੁਣੇ ਭੁੱਖੇ ਰਹਿ ਜਾਂਦੇ ਨੇ ਪਰ ਤੂੰ ਤੌਖਲਾ ਨਾ ਕਰੀਂ, ਤੇਰੇ ਕਿਹੜੇ ਪੰਜ ਨੇ।… ਲੈ ਨੀਂ ਭੈਣੇ! ਆ ਗਿਆ ਤੇਰਾ ਸਰਵਣ ਪੁੱਤਰ!` ਬਾਹਰੋਂ ਪੀਤਾ ਮੁੜਦਾ ਵੇਖ ਕੇ ਚਿੰਤੋ ਨੇ ਨਕਲੀ ਜਿਹਾ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
ਭੈਣਾਂ ਦਾ ਆਖ਼ਰੀ ਸੰਵਾਦ ਪੀਤੇ ਨੇ ਬੜੀ ਗੰਭੀਰਤਾ ਨਾਲ ਸੁਣਿਆ। ਉਹ ਵੀ ਉਸਤਤ ਤੇ ਵਡਿਆਈਆਂ ਦੇ ਪਰਾਗੇ ਝੋਲੀ ਪੁਆ ਕੇ ਆਪਣੇ ਆਪ ਨੂੰ ਬੜਾ ਸਨਮਾਨਿਤ ਹੋਇਆ ਮਹਿਸੂਸ ਕਰਦਾ ਫੁੱਲ ਵਾਂਗ ਖਿੜ ਰਿਹਾ ਸੀ। ਉਸ ਨੇ ਮਨ ਵਿਚ ਪੱਕੀ ਧਾਰ ਲਈ ਕਿ ਉਹ ਆਪਣੀ ਮਾਂ ਨੂੰ ਕਦੇ ਵੀ ਬਿਗਾਨਿਆਂ ਦੇ ਹੱਥੀਂ ਰੁਲਣ ਲਈ ਜਾਂ ਸਾਂਭਣ ਲਈ ਇੱਥੇ ਆਉਣ ਦੀ ਨੌਬਤ ਪੈਦਾ ਨਹੀਂ ਹੋਣ ਦੇਵੇਗਾ।
ਨਮਾਜ਼ ਬਖ਼ਸ਼ਾਉਣ ਗਏ ਰੋਜ਼ੇ ਗਲ ਪੁਆ ਕੇ ਮਾਂ ਪੁੱਤ ਵਾਪਸ ਮੁੜ ਪਏ। ਕਾਰ ਵਿਚ ਬੈਠਦੀ ਹਉਕਾ ਭਰਦੀ ਮਾਤਾ ਘੋਰ ਉਦਾਸੀ ਦੇ ਸਮੁੰਦਰ ਵਿਚ ਡੁੱਬ ਗਈ ਜਿਵੇਂ ਚਿੰਤ ਕੌਰ ਨੇ ਆਪਣੀ ਸਾਰੀ ਚਿੰਤਾ ਮਾਤਾ ਦੀ ਝੋਲੀ ਪਾ ਦਿੱਤੀ ਹੋਵੇ। ਉਹ ਉਸ ਨਾਲ ਹੋਈ ਬੀਤੀ ਸੁਣੀ ਕਹਾਣੀ ਦੀ ਆਪਣੀ ਹੱਡ-ਬੀਤੀ ਨਾਲ ਤੁਲਨਾ ਕਰਨ ਲੱਗੀ।
‘ਜੜ੍ਹਾਂ ਨਾਲੋਂ ਤੋੜ ਕੇ… ਪੁੱਟ ਕੇ ਬੂਟਾ ਜਿੰਨੇ ਮਰਜ਼ੀ ਸੁੰਦਰ ਗਮਲੇ ਵਿਚ ਲਗਾ ਲਓ, ਉਸ ਨੂੰ ਪਾਣੀ ਪਾਓ, ਚੰਗੀ ਖਾਦ ਪਾਓ, ਉਸ ਨੇ ਤਾਂ ਸੁੱਕਣਾ ਹੀ ਹੈ। ਆਖ਼ਰ ਹਰਨਾ ਹੈ। ਨਦੀ ਕੰਢੇ ਰੁੱਖੜਾ ਕਿਚਰ ਬੰਨ੍ਹੇ ਧੀਰ, ਕੱਚੇ ਭਾਂਡੇ ਰੱਖੀਏ ਕਿੱਚਰ ਤਾਈਂ ਨੀਰ। ਸਰੀਰ ਤਾਂ ਕੱਚਾ ਭਾਂਡਾ ਹੈ, ਅੱਜ ਵੀ ਗਿਆ ਤੇ ਕੱਲ੍ਹ ਵੀ ਗਿਆ।` ਉਹ ਹਿਚਕੀਆਂ ਲੈਣ ਲੱਗੀ।
‘ਪੁੱਤ ਪੀਤੇ ਤੈਨੂੰ ਪਤਾ! ਇਸ ਦਾ ਸਹੁਰਾ ਤਕੜਾ ਜਗੀਰਦਾਰ ਸੀ ਤੇ ਇਸ ਦੇ ਘਰਵਾਲਾ ਬਰੂਵਾਲਾ ਪਿੰਡ ਦਾ ਇਕੱਲਾ ਆਧੀ ਸੀ। ਇੱਕ ਵੇਲੇ ਦੋ ਟਰੈਕਟਰ ਤੇ ਚਾਰ ਬੰਬੀਆਂ ਧਰਤੀ ਦੀ ਹਿੱਕ ਚੁੰਘਦੀਆਂ ਸਨ। ਪੰਜ ਦਸ ਬੰਦੇ ਜਨਾਨੀਆਂ ਨੌਕਰ ਚਾਕਰ ਹਰ ਵੇਲੇ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਦੇ ਸਨ ਤੇ ਹੱਥ ਅੱਡ ਕੇ ਰੋਟੀ ਫੜਦੇ ਸਨ। ਹਰ ਰੋਜ਼ ਉਸ ਦੇ ਚੁੱਲ੍ਹੇ ਦੋ ਚਾਰ ਮਹਿਮਾਨ ਚੜ੍ਹੇ ਰਹਿੰਦੇ ਸਨ। ਉਸ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਹੇਠਲਾ ਪਾਣੀ ਕੁਦਰਤੀ ਆਫ਼ਤ! ਖੇਤਾਂ `ਚ ਕੱਲਰ ਪੈ ਕੇ ਧਰਤੀ ਨੂੰ ਉਜਾੜ ਬਣਾ ਕੇ ਮੰਦਹਾਲੀ `ਚ ਸੁੱਟ ਗਿਆ। ਉੱਥੇ ਇਹ ਵਾਰ ਵਾਰ ਕਹਿੰਦੀ ਹੁੰਦੀ ਸੀ ਕਿ ਮੇਰੀ ਮੜ੍ਹੀ ਇਸੇ ਪਿੰਡ ਦੀ ਜੂਹ ਵਿਚ ਹੀ ਬਣੇਗੀ ਪਰ ਹੁਣ ਰੋਜ਼ੀ ਰੋਟੀ ਦੀ ਤਲਾਸ਼ ਵਿਚ ਸਾਰਾ ਕੁਣਬਾ ਵਿਦੇਸ਼ ਚਲਾ ਗਿਆ। ਪਿੰਡ ਨਾਲੋਂ ਇਸ ਦੀ ਸਾਂਝ ਟੁੱਟ ਗਈ। ਬੜੀ ਅਸਾਧ ਬਿਮਾਰੀ ਹੈ ਇਸ ਨੂੰ… ਕੈਂਸਰ ਦੀ ਪੀੜਤ ਹੈ ਇਹ। ਪਿਛਲੇ ਚਾਰ ਸਾਲ ਤੋਂ ਡਾਕਟਰ ਹੈਰਾਨ ਹਨ ਕਿ ਇਹ ਕਿਵੇਂ ਸਿਰੜ ਨਾਲ ਮੌਤ ਨੂੰ ਮਖ਼ੌਲ ਕਰੀ ਜਾ ਰਹੀ ਹੈ। ਦੀਦੇ ਤੇ ਦੰਦ ਨਵੇਂ ਨਰੋਏ ਅਜੇ ਕੈਮ ਹਨ। ਅੰਦਰੋਂ ਸਾਰੀ ਖਾਧੀ ਖੋਖਲੀ ਹੋ ਚੁੱਕੀ ਹੈ ਇਸ ਦੀ ਦੇਹ। ਇਸ ਦੀ ਬਿਮਾਰੀ ਦੌਰਾਨ ਇਸ ਦੇ ਚਾਰ ਰਿਸ਼ਤੇਦਾਰ ਇਸ ਨੂੰ ਮਿਲਣ ਦੇ ਬਹਾਨੇ ਇੱਧਰ ਲੰਘ ਚੁੱਕੇ ਹਨ ਤੇ ਪਨਾਹਗੀਰਾਂ ਦੀ ਕਤਾਰ ਵਿਚ ਲੱਗ ਗਏ ਹਨ। ਉਹ ਵੀ ਕਦੇ ਰੱਬ-ਤਰਸੀ ਮੂੰਹ-ਦਿਖਾਈ ਕਰ ਜਾਂਦੇ ਹਨ।’
ਭਜਨੋ ਦੀ ਕਹਾਣੀ ਦੁਹਰਾਉਂਦੀ ਚਿੱਥਦੀ ਦੰਦ ਕਰੀਚਦੀ ਮਾਤਾ ਪੁੱਤ ਨੂੰ ਸਮਝਾਉਤੀਆਂ ਦੇਣ ਲੱਗੀ। ਘਰ ਪਹੁੰਚਣ ਤੱਕ ਆਪਣੇ ਸਾਂਨ-ਫਰਾਂਸਿਸਕੋ ਹਵਾਈ ਅੱਡੇ ‘ਤੇ ਉੱਤਰਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਫਿਰਕੀ ਉਸ ਸਾਹਮਣੇ ਘੁੰਮ ਗਈ। ਉਹ ਆਪਣੀ ਗਠੜੀ ਖੋਲ੍ਹ ਬੈਠੀ। ਭਜਨੀ ਦੀ ਕਹਾਣੀ ਨਾਲ ਆਪਣਾ ਮੁਕਾਬਲਾ ਕਰਦੀ ਆਪਣੇ ਭਵਿੱਖ ਦੀਆਂ ਬੁਢੇਪੇ ਭਰੀਆਂ ਠੋਕਰਾਂ ਬਾਰੇ ਕਿਆਸਅਰਾਈਆਂ ਉਸ ਦੇ ਮਨ ‘ਚ ਘੁੰਮਦੀਆਂ ਖੱਲੜ ਮਚਾਉਣ ਲੱਗੀਆਂ।
ਜਿਸ ਦਿਨ ਉਸ ਨੇ ਅਮਰੀਕਾ ਦੀ ਧਰਤੀ ‘ਤੇ ਪੈਰ ਰੱਖਿਆ, ਉਹ ਇਤਨੀ ਖ਼ੁਸ਼ ਹੋਈ ਜਿਤਨੀ ਉਹ ਪਹਿਲਾਂ ਕਦੇ ਨਹੀਂ ਹੋਈ। ਲੁਸ਼ ਲੁਸ਼ ਕਰਦੀ ਗੋਰਿਆਂ ਨੂੰ ਮਾਤ ਪਾਉਂਦੀ ਸੁੰਦਰੀ ਸਵਰਗਾਂ ਦੀ ਮੁਸਕਾਨ ਕੇਰਦੀ ਹਵਾਈ ਅੱਡੇ ਤੋਂ ਬਾਹਰ ਗੇਟ ‘ਤੇ ਸੁਰਮਈ ਜੀਨ ਪੈਂਟ ਤੇ ਜੈਂਪਰ ਪਾਈ ਖੜੀ ਸੀ। ਉਹ ਲਾਲ ਸੁਰਖ਼ ਹੋਠਾਂ ਵਿਚੋਂ ਮੁਸਕਾਨ ਬਿਖੇਰਦੀ ਸੁੰਦਰ ਸੁਨੱਖੀ ਮੁਟਿਆਰ ਬਾਂਹਾਂ ਫੈਲਾਉਂਦੀ ਉਸ ਵੱਲ ਵਧੀ। ਉਸ ਨੇ ਝੁਕ ਕੇ ਪੈਰੀਂ ਹੱਥ ਲਾਇਆ ਤੇ ਬੜੇ ਨਿੱਘੇ ਸਲੀਕੇ ਨਾਲ ਮਾਤਾ ਨੂੰ ਲਿਪਟ ਗਈ। ਚੌਵੀ ਘੰਟਿਆਂ ਦੇ ਜਹਾਜ਼ ਦੇ ਸਫ਼ਰ ਦੀ ਭੰਨੀ ਅੱਕੀ ਥੱਕੀ ਹੋਈ ਉਹ ਬੌਂਦਲੀ ਪਈ ਸੀ। ਮਿੰਟ ਦੀ ਮਿੰਟ ਉਹ ਸ਼ਸ਼ੋਪੰਜ ਵਿਚ ਪੈ ਗਈ ਪਰ ਜਲਦੀ ਹੀ ਉਸ ਦੀਆਂ ਆਂਦਰਾਂ ਦੇ ਨਿੱਘ ਤੋਂ ਉਹ ਸਮਝ ਗਈ ਕਿ ਇਹ ਉਸ ਦੀ ਨੂੰਹ ਬਰੇਸੀ ਹੀ ਸੀ। ਮਾਤਾ ਨੇ ਇੱਕ ਵੇਰਾਂ ਫਿਰ ਘੁੱਟ ਕੇ ਗਲ ਨਾਲ ਲਾ ਲਿਆ। ਪ੍ਰੀਤੂ ਨੂੰ ਨਾ ਦੇਖ ਕੇ ਮਾਂ ਦਾ ਕਾਲਜਾ ਡੁੱਬਣ ਲੱਗਾ ਪਰ ਉਹ ਛੇਤੀ ਹੀ ਸੰਭਲ ਗਈ।
‘ਪੀਤਾ ਕੰਮ `ਤੇ ਹੈ ਬੀ ਜੀ! ਉਹ ਸ਼ਾਮ ਨੂੰ ਆਏਗਾ।` ਨੂੰਹ ਨੇ ਮਾਤਾ ਦੀਆਂ ਤਲਾਸ਼ ਕਰਦੀਆਂ ਨਜ਼ਰਾਂ ਦਾ ਹੁੰਗਾਰਾ ਦਿੱਤਾ।
‘ਫਿੱਟ ਨੀ ਨਿੱਜ-ਹੋਣੀਏ ਤੇਰਾ ਵੀ ਪੀਤਾ ਹੀ ਹੈ ਉਹ? ਮੈਂ ਤਾਂ ਅੱਜ ਤੱਕ ਉਹਦੇ ਪਿਉ ਦਾ ਨਾਮ ਕਦੇ ਬੁੱਲ੍ਹਾਂ `ਤੇ ਨਹੀਂ ਲਿਆਂਦਾ।` ਬੜੇ ਮੋਹ ਨਾਲ ਮਨ ਹੀ ਮਨ ਵਿਚ ਉਸ ਪਿਆਰਾਂ ਭਰੀ ਤਲਖ਼ੀ ਜਿਹੀ ਮਹਿਸੂਸ ਕੀਤੀ।
‘ਪਰ ਛੋਟੇ ਨਿਆਣੇ ਵੀ ਨਹੀਂ ਲਿਆਈ। ਖਾਲੀ ਹੱਥੀਂ ਆ ਗੀ ਬਾਂਹਾਂ ਲਟਕਾਈ।` ਹਕੀਕੀ ਸੋਚ ਨਾਲ ਮਾਤਾ ਨੂੰ ਓਪਰਾ ਜਿਹਾ ਝਟਕਾ ਲੱਗਾ।
ਚਾਰ ਚੁਫੇਰਾ ਅਸਮਾਨੀਂ ਹੱਥ ਲਾਉਂਦੀਆਂ ਉੱਚੀਆਂ ਉੱਚੀਆਂ ਸੁੰਦਰ ਇਮਾਰਤਾਂ, ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ, ਤੇ ਕਾਰ ਚਲਾਉਂਦੀ ਬਰੇਸੀ ਵੇਖ ਕੇ ਸੱਤੇ ਅਸਮਾਨ ਮਾਤਾ ਦੀ ਝੋਲੀ ਆਣ ਡਿੱਗੇ। ਉਹ ਆਪਣੀ ਕਿਸਮਤ ‘ਤੇ ਅਸ਼ ਅਸ਼ ਕਰ ਉੱਠੀ। ਮਹਿਲ ਵਰਗੀ ਵੱਡੀ ਸਾਰੀ ਕੋਠੀ ਦੇ ਸਾਹਮਣੇ ਆ ਕੇ ਕਾਰ ਰੁਕ ਗਈ। ਬਰੇਸੀ ਅੰਦਰ ਗਈ। ਵਾਪਸੀ ‘ਤੇ ਉਸ ਦੇ ਹੱਥੀਂ ਤੇਲ ਦੀ ਸ਼ੀਸ਼ੀ ਸੀ। ਦਹਿਲੀਜ਼ ‘ਤੇ ਦੋਨੇਂ ਪਾਸੇ ਨੈਪਕਿਨ ਪੇਪਰ ਰੱਖ ਕੇ ਤੇਲ ਚੋਅ ਕੇ ਮਾਤਾ ਦੇ ਪੈਰੀਂ ਹੱਥ ਲਾ ਕੇ ਮਾਤਾ ਦੇ ਨਾਲ ਘੁੱਟ ਕੇ ਚਿੰਬੜ ਗਈ।
‘ਜੀ ਆਇਆਂ ਨੂੰ… ਵੈਲ ਕਮ, ਵੈਲ ਕਮ।` ਦੇਹਲੀ ਦੇ ਅੰਦਰ ਪੈਰ ਧਰਦੇ ਹੀ ਅੰਦਰ ਲਟਕਦੇ ਪਿੰਜਰੇ `ਚ ਛੋਟੀ ਜਿਹੀ ਤੋਤੀ ਮਿੱਠੋ ਨੇ ਮਾਤਾ ਦਾ ਸਵਾਗਤ ਕੀਤਾ। ਵਿਦੇਸ਼ੀ ਨੂੰਹਾਂ ਬਾਰੇ ਲੋਕਾਂ ਦਾ ਦੱਸਿਆ ਮਾਤਾ ਦਾ ਤੌਖਲਾ ਉਸ ਨੂੰ ਝੂਠਾ ਝੂਠਾ ਜਾਪਿਆ। ਬੜੇ ਵੱਡੇ ਸਾਰੇ ਪੋਲੇ ਪੋਲੇ ਰੇਸ਼ਮੀ ਗੱਦਿਆਂ ਵਾਲੇ ਸੋਫ਼ੇ ਵਿਚ ਧੈੜ ਕਰਦੀ ਬੈਠਦੀ ਉਹ ਵਿੱਚੇ ਹੀ ਖੁੱਭ ਗਈ। ਪਿਛਲੇ ਟੱਬਰ ਟੀਹਰ ਦਾ ਖੈਰ ਸੁੱਖ ਪੁੱਛਦੇ ਨੂੰਹ ਨੇ ਟੀ.ਵੀ. ਲਗਾ ਦਿੱਤਾ। ਦਰਬਾਰ ਸਾਹਿਬ ਤੋਂ ਮੁੱਖ ਵਾਕ ਆ ਰਿਹਾ ਸੀ:- ‘ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ।`
ਰੱਬੀ ਰਹਿਮਤਾਂ ਵੰਡਦੀ ਤੇ ਸ਼ਗਨਾਂ ਭਰਿਆ ਸੰਦੇਸ਼ ਦਿੰਦੀ ਧੁਰ ਕੀ ਬਾਣੀ ਨੇ ਮਾਤਾ ਦਾ ਸ਼ੁੱਭ ਆਗਮਨ ਕੀਤਾ। ਮਾਤਾ ਨੇ ਸਿਰ ਢੱਕ ਕੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਸਰਵਣ ਕੀਤਾ ਤੇ ਗੋਡੇ ਟੇਕ ਕੇ ਮੱਥਾ ਟੇਕਿਆ।
‘ਧੰਨ ਮਾਲਕਾ ਤੇਰੀਆਂ ਕੁਜਰਤਾਂ! ਠੀਕ ਹੀ ਕਹਿੰਦੇ ਨੇ, ਉਹ ਹਰ ਘਰ… ਹਰ ਥਾਂ ਵੱਸਦਾ ਹੈ। ਦੇਖ ਲੈ! ਕਿੰਨੇ ਦਰਿਆ ਸਮੁੰਦਰ ਪਾਰ ਕਰ ਕੇ ਮੈਂ ਜਹਾਜ਼ ਚੜ੍ਹ ਕੇ ਪੰਝੀ ਘੰਟਿਆਂ ਵਿਚ ਆਈ ਹਾਂ ਤੇ ਇਹ ਵਿਚਾਰਾ! ਇੱਥੇ ਵੀ ਆਣ ਪਹੁੰਚਾ ਮੇਰੇ ਅੱਗੇ ਪਿੱਛੇ ਮੇਰੇ ਨਾਲ।` ਮਾਤਾ ਨੇ ਇਹ ਬੜਾ ਸ਼ੁੱਭ ਸ਼ਗਨ ਸਮਝਿਆ ਤੇ ਹੱਥ ਜੋੜ ਕੇ ਝੋਲੀ ਅੱਡੀ ਜਿਵੇਂ ਵਾਕ ਝੋਲੀ ਵਿਚ ਪਵਾਉਂਦੀ ਹੋਵੇ।
‘ਮੈਂ ਦੋ ਮਿੰਟ `ਚ ਆਈ! ਬੱਚਿਆਂ ਨੂੰ ਲੈ ਆਵਾਂ।` ਮਾਤਾ ਨੂੰ ਜੂਸ ਦਾ ਗਿਲਾਸ ਫੜਾਉਂਦੀ ਬਰੇਸੀ ਚਾਬੀਆਂ ਛਣਕਾਉਂਦੀ ਬਾਹਰ ਨਿਕਲ ਗਈ।
ਪੰਜਾਬੀ ਪ੍ਰੋਗਰਾਮ, ਪੰਜਾਬੀ ਗਾਣੇ ਵੇਖ ਕੇ ਮਾਤਾ ਮੁੜ ਪੰਜਾਬ ਪਹੁੰਚ ਗਈ। ਕਿਨ੍ਹਾਂ ਹਾਲਤਾਂ ਵਿਚ ਇੱਕੋ ਇੱਕ ਮੁੰਡਾ ਅੱਖਾਂ ਦਾ ਤਾਰਾ ਅੱਖਾਂ ਤੋਂ ਦੂਰ ਕਰਨਾ ਪਿਆ। ਪੰਜਾਬ ਦੀਆਂ ਮੁੰਡੇ-ਖਾਣੀਆਂ ਗਰਮ ਹਵਾਵਾਂ ਤੋਂ ਬਚਾਉਣ ਲਈ ਸੋਨਾ ਉਗਾਉਣ ਵਾਲਾ ਇੱਕ ਕਿੱਲਾ ਵੇਚ ਦਿੱਤਾ। ਇਹ ਰਕਮ ਝੋਲੇ ‘ਚ ਪਾ ਕੇ ਉਸ ਦਾ ਹੱਥ ਦਲਾਲ ਦੇ ਹੱਥ ਫੜਾ ਕੇ ਉਨ੍ਹਾਂ ਸੁਖ ਦਾ ਸਾਹ ਲਿਆ। ਸਰਬੱਤ ਦਾ ਭਲਾ ਮੰਗਣ ਵਾਲੀ ਮਾਤਾ ਪਹਿਲਾਂ ਜਿੱਥੇ ਸਰਬੱਤ ਦੇ ਭਲੇ ਨਾਲ ਨਗਰ ਖੇੜੇ ਦੀ ਸੁੱਖ ਠੰਢ ਮੰਗਦੀ ਉੱਥੇ ਹੁਣ ਨਾਲ ਨਗਰ ਖੇੜਾ ਤੇ ਦੇਸ਼ੀਂ ਪਰਦੇਸੀਂ ਆਕਾਸ਼ੀਂ ਪਾਤਾਲੀਂ ਸੁੱਖ ਠੰਢ ਦੀ ਕਾਮਨਾ ਕਰਦੀ ਦੋਵੇਂ ਸਮੇਂ ਅਰਦਾਸਾਂ ਕਰਦੀ ਰਹਿੰਦੀ। ਯਾਦਾਂ ਦੇ ਪਿਛਵਾੜੇ ਝਾਤੀ ਮਾਰਦੀ ਉਹ ਬੀਤੇ ਦੀ ਬੁੱਕਲ ਵਿਚ ਜਾ ਵੜੀ।
ਥੋੜ੍ਹੀ ਦੇਰ ਵਿਚ ਫੁੱਲਾਂ ਵਾਂਗ ਖਿੜੇ ਸੋਨੂੰ ਤੇ ਕਿੱਟੀ ਆ ਕੇ ਮਾਂ ਨਾਲ ਚਿੰਬੜ ਗਏ। ਪੀਤੂ ਦੇ ਆਉਣ ਨਾਲ ਸਾਰਾ ਘਰ ਖਿੜੀ ਕਪਾਹ ਦੀਆਂ ਫੁੱਟੀਆਂ ਵਾਂਗ ਖਿੜ ਉੱਠਿਆ। ਮਾਂ ਦਾ ਕਾਲਜਾ ਠੰਢਾ ਠਾਰ ਹੋ ਗਿਆ।
ਇੱਕ ਹਫ਼ਤੇ ਵਿਚ ਹੀ ਕੰਮ ਤੋਂ ਛੁੱਟੀ ਕਰ ਕੇ ਉਨ੍ਹਾਂ ਨੇ ਚਾਵਾਂ ਨਾਲ ਮਾਤਾ ਨੂੰ ਵੱਡੇ ਵੱਡੇ ਸਟੋਰ, ਦੁਕਾਨਾਂ, ਪਾਰਕ, ਝੀਲਾਂ, ਸਮੁੰਦਰ ਕੰਢੇ, ਉੱਚੇ ਉੱਚੇ ਪੰਘੂੜੇ ਦਿਖਾ ਕੇ ਅਮਰੀਕਾ ਦੇ ਬਾਹਰੀ ਦਰਸ਼ਨ ਕਰਵਾ ਦਿੱਤੇ।
ਮਾਂ ਨੂੰ ਕਲਾਵੇ ਵਿਚ ਲੈ ਕੇ ਪੀਤੇ ਨੇ ਸਾਰੇ ਕਮਰਿਆਂ ਵਿਚ ਘੁੰਮਦੇ ਬਾਂਹਾਂ ਫੈਲਾ-ਫੈਲਾ ਕੇ ਆਟਾ ਗੰੁਨ੍ਹਣ ਵਾਲੀ ਮਸ਼ੀਨ, ਭਾਂਡੇ ਧੋਣ ਵਾਲੀ, ਸਾਗ ਸਬਜ਼ੀ ਚੀਰਨ ਕੱਟਣ ਵਾਲੀ ਮਸ਼ੀਨ, ਸਲਾਈਸ ਬੇਕਿੰਗ ਵਾਲੀ, ਸਾਗ ਨੂੰ ਘੋਟਾ ਲਾਉਣ ਵਾਲੀ, ਕੱਪੜੇ ਧੋਣ ਸੁਕਾਉਣ ਵਾਲੀ ਮਸ਼ੀਨ, ਮਾਲਸ਼ ਵਾਲੀ… ਕਸਰਤ ਵਾਲੀ ਮਸ਼ੀਨ, ਬਿਜਲੀ, ਪਾਣੀ, ਗੈਸ, ਏ. ਸੀ. ਆਦਿ ਦੀ ਜਾਣਕਾਰੀ ਦੇ ਕੇ ਮਾਂ ਨੂੰ ਕਿਸੇ ਅਣਕਿਆਸੀ ਦੁਨੀਆ ਵਿਚ ਪਹੁੰਚਾ ਦਿੱਤਾ।
ਬਰੇਸੀ ਤੇ ਪੀਤਾ ਹਰ ਰੋਜ਼ ਸਾਝਰੇ ਚਾਹ ਵਾਲੇ ਗਲਾਸ ਹੱਥ ‘ਚ ਫੜੀ, ਮੂੰਹ ‘ਚ ਰੋਟੀ, ਬਰੈੱਡ ਪਰਾਉਂਠੇ ਦੇ ਪੀਸ ਚਬਾਉਂਦੇ ਸੁੱਤੇ ਬੱਚਿਆਂ ਨੂੰ ਮਾਂ ਹਵਾਲੇ ਛੱਡ ਕੇ ਟਾਹ-ਟਾਹ ਕਰਦੇ ਆਪੋ ਆਪਣੀਆਂ ਕਾਰਾਂ ‘ਚ ਦੌੜ ਜਾਂਦੇ।
ਸਵੇਰੇ ਚਾਹ ਨਾਸ਼ਤਾ ਤਿਆਰ ਕਰ ਕੇ ਮਾਤਾ ਨੂੰਹ ਤੇ ਪੁੱਤ ਨੂੰ ਕਾਰ ਤੱਕ ਛੱਡਦੀ ਹੱਸਦੀ ਹੱਸਦੀ ਸ਼ੁੱਭ ਕਾਮਨਾ ਕਹਿੰਦੀ ਉਨ੍ਹਾਂ ਨੂੰ ਵਿਦਾ ਕਰਦੀ। ਸਾਰਾ ਦਿਨ ਸਾਰੇ ਜਹਾਨ ਦੀਆਂ ਸੜਕਾਂ ਦੀ ਤੇ ਹਰੇਕ ਦੀ ਖੈਰ ਸੁੱਖ ਮੰਗਦੀ ਟੀ. ਵੀ. ‘ਤੇ ਆਉਂਦੇ ਬਾਬਿਆਂ ਸੰਤਾਂ ਮਹੰਤਾਂ ਤੋਂ ਸਾਰੀ ਖਲਕਤ ਦਾ ਭਲਾ ਮੰਗਦੀ ਹੱਥ ਜੋੜਦੀ ਨਮਸਕਾਰ ਕਰਦੀ ਰਹਿੰਦੀ। ਉਨ੍ਹਾਂ ਦੇ ਵਾਪਸ ਮੁੜਨ ‘ਤੇ ਉਨ੍ਹਾਂ ਦੇ ਚਿਹਰੇ ਪੜ੍ਹਦੀ ਸਾਰੇ ਦਿਨ ਦਾ ਲੇਖਾ ਜੋਖਾ ਕਰ ਲੈਂਦੀ।
ਦਾਦੀ ਮਾਂ ਬੱਚਿਆਂ ਨੂੰ ਬੜੇ ਪ੍ਰੇਮ ਨਾਲ ਜਗਾਉਂਦੀ। ਧੁੱਪੇ ਬਿਠਾ ਕੇ ਦੋਹਾਂ ਨੂੰ ਮਾਲਸ਼ ਕਰਦੀ, ਬਾਥਰੂਮ ਵਿਚ ਨਹਾਉਂਦੀ, ਤੜਾਗੀਆਂ ਨਿਹਾਰਦੀ, ਲੋਰੀਆਂ ਦਿੰਦੀ, ਗੀਤ ਸੁਣਾਉਂਦੀ, ਬਾਤਾਂ ਪਾਉਂਦੀ ਤੇ ਉਨ੍ਹਾਂ ਨੂੰ ਕੱਪੜੇ ਪਾ ਕੇ ਤਿਆਰ ਕਰ ਦਿੰਦੀ।
‘ਜਾਓ ਮੇਰੇ ਲਾਲ! ਤੁਸੀਂ ਵੀ ਜਾਓ ਹੁਣ ਸਕੂਲੇ, ਪੜ੍ਹ ਲਿਖ ਕੇ ਆਪਣੇ ਪਿਉ ਦਾਦੇ ਦਾ ਨਾਮ ਰੌਸ਼ਨ ਕਰਿਓ। ਪਿੱਛੇ ਆਪਣਾ ਵਿਰਸਾ ਨਾ ਭੁੱਲਿਓ। ਗੋਰਿਆਂ ਦੀ ਸੁਹਬਤ ਤੋਂ ਤੁਹਾਨੂੰ ਰੱਬ ਬਚਾਈ ਰੱਖੇ।` ਛੋਟੇ ਜਿਹੇ ਬਸਤੇ ਉਨ੍ਹਾਂ ਦੇ ਮੋਢੇ ਪਾ ਕੇ ਬਾਹਰ ਨੂੰ ਇਸ਼ਾਰਾ ਕਰਦੀ।
ਗੋਡੇ ਮੁੱਢ ਬਿਠਾ ਕੇ ਉਨ੍ਹਾਂ ਦੇ ਮੂੰਹੀਂ ਚੋਗ਼ਾ ਪਾਉਂਦੀ ਛੋਟੀਆਂ ਛੋਟੀਆਂ ਗੱਲਾਂ ਕਰਦੀ ਰਹਿੰਦੀ। ਥੋੜ੍ਹੇ ਦਿਨਾਂ ਵਿਚ ਕਿੱਟੀ ਦੀ ਦੁੱਧ ਵਾਲੀ ਬੋਤਲ ਤੇ ਡਾਈਪਰ ਵੀ ਛੁਡਾ ਕੇ ਆਪਣੀ ਨੂੰਹ ਦਾ ਮਨ ਜਿੱਤ ਲਿਆ। ਬੱਚਿਆਂ ਦੇ ਖਾਣ ਤੋਂ ਕਤਰਾਉਣ ਦੀ ਸ਼ਿਕਾਇਤ ਜੋ ਡਾਕਟਰਾਂ ਦੀ ਦਵਾਈ ਵੀ ਠੀਕ ਨਹੀਂ ਸੀ ਕਰ ਸਕੀ, ਵੀ ਜਲਦੀ ਹੀ ਖ਼ਤਮ ਹੋ ਗਈ। ਦੋਵੇਂ ਬੱਚੇ ਜ਼ਿਦੋ ਜ਼ਿਦੀ ਇੱਕ ਦੂਸਰੇ ਤੋਂ ਮੂਹਰੇ ਹੋ ਕੇ ਬੁਰਕੀ ਮੂੰਹ ਵਿਚ ਪੁਆ ਲੈਂਦੇ। ਸੋਨੂੰ ਦੀਆਂ ਨਜ਼ਾਕਤਾਂ, ਨੈਣ ਨਕਸ਼ ਤੇ ਖਾਣ ਪੀਣ ਦਾ ਢੰਗ ਤਰੀਕਾ ਬਿਲਕੁਲ ਆਪਣੇ ਪਿਓ ਵਰਗਾ ਹੀ ਸੀ। ਉਹ ਚਾਂਭਲੇ ਚਾਂਭਲੇ ਦਾਦੀ ਮਾਂ ਦੇ ਪਿਆਰ ਨਾਲ ਸ਼ਰਾਰਤਾਂ ਕਰਨ ਲੱਗਦੇ। ਖਾਂਦਾ ਖਾਂਦਾ ਸੋਨੂੰ ਮੂੰਹ ਅੱਡਦਾ, ਮਾਂ ਮਿੱਠੀ ਜਿਹੀ ਝਿੜਕ ਮਾਰਦੀ ਤੇ ਫਿਰ ਕਿੱਟੀ ਵੀ ਮੂੰਹ ਅੱਡ ਕੇ ਬੁਰਕੀ ਬਾਹਰ ਕੱਢ ਦਿੰਦੀ। ਮਾਤਾ ਹੱਥ ਨਾਲ ਬੁਰਕੀ ਬੋਚਦੀ ਤੇ ਸੁੱਟਣ ਦੀ ਥਾਂ ਆਪਣੇ ਮੂੰਹ ਵਿਚ ਪਾ ਲੈਂਦੀ। ਖਾਦ ਪਦਾਰਥਾਂ ਦੇ ਥੱਲੇ ਡਿੱਗੇ ਭੋਰੇ ਟੁਕੜੇ ਚੁਣ ਕੇ ਉਨ੍ਹਾਂ ਨੂੰ ਮਿੱਠੀ ਜਿਹੀ ਘੁਰਕੀ ਮਾਰਦੀ ਆਪਣੇ ਮੂੰਹ ‘ਚ ਜਜ਼ਬ ਕਰ ਲੈਂਦੀ। ਨਿਆਣੇ ਦਾਦੀ ਮਾਂ ਦੇ ਨਿੱਘ ਨਾਲ ਦੂਣੀ ਚੌਣੀ ਖਾ ਕੇ ਵੀ ਨਾ ਰੱਜਦੇ। ਕੇਲਾ, ਸੇਬ, ਸੰਤਰਾ ਤੇ ਹੋਰ ਫਲ ਅੱਧੇ ਅੱਧੇ ਖਾ ਕੇ ਸੁੱਟ ਮਾਰਦੇ। ਹੋਰ ਦੀ ਹੋਰ ਮੰਗੀ ਜਾਂਦੇ। ਮਾਤਾ ਇਨ੍ਹਾਂ ਦੇ ਛਿੱਲੜ ਤੇ ਬਚਿਆ-ਖੁਚਿਆ ਖਾ ਕੇ ਹੀ ਅੱਧੀ ਪਚੱਧੀ ਰੱਜ ਜਾਂਦੀ। ਬੱਚਿਆਂ ਦਾ ਗੂੰਹ ਮੂਤ ਪੂੰਝਣਾ, ਸਾਫ਼ ਕਰਨਾ ਤੇ ਉਨ੍ਹਾਂ ਦੀ ਜੂਠ ਪਚਾ ਕੇ ਮਾਰ ਮਾਰ ਸਵਾਦ ਲੈਣਾ ਉਸ ਨੂੰ ਦੁਨੀਆ ਦੀ ਕਿਸੇ ਵੀ ਵੱਡੀ ਤੋਂ ਵੱਡੀ ਨਿਆਮਤ ਨਾਲੋਂ ਮਿੱਠੀ ਤੇ ਗੁਣਕਾਰੀ ਮਹਿਸੂਸ ਹੁੰਦੀ। ਉਹ ਇਹ ਫ਼ਰਜ਼ ਨਿਭਾ ਕੇ ਖ਼ੁਸ਼ ਹੁੰਦੀ ਕੱਪੜਿਆਂ ਤੋਂ ਬਾਹਰ ਡਿੱਗ ਡਿੱਗ ਜਾਂਦੀ।
‘ਬੀ ਜੀ! ਗ਼ੁੱਸਾ ਨਾ ਕਰਿਓ। ਬੱਚਿਆਂ ਦੇ ਸਾਹਮਣੇ ਥੱਲਿਓਂ ਚੁੱਕ ਕੇ ਭੋਰੇ ਕਿਣਕੇ ਖਾਂਦੇ ਵੇਖ ਕੇ ਇਹ ਵੀ ਤੁਹਾਡੀ ਰੀਸ ਕਰਨਗੇ।`
ਬਰੇਸੀ ਚਾਤਰੋ ਨੇ ਧੰਨਵਾਦ ਸ਼ਾਬਾਸ਼ ਕਹਿਣ ਦੀ ਥਾਂ ਉਸ ਨੂੰ ਨਵੀਂ ਪੱਟੀ ਪੜ੍ਹਾ ਦਿੱਤੀ। ਉਹ ਸਾਰਾ ਦਿਨ ਚੌਂਕੇ ਚੁੱਲ੍ਹੇ ਦੀ ਸੇਵਾ ਸੰਭਾਲ ਕਰਦੀ, ਪਿੰਜਰੇ ਪਈ ਤੋਤੀ ਨਾਲ ਗੱਲਾਂ ਕਰਦੀ, ਉੱਪਰੋਂ ਲੰਘਦੇ ਕਬੂਤਰਾਂ ਵਾਂਗ ਉਡਾਰੀਆਂ ਭਰਦੇ ਜਹਾਜ਼ਾਂ ਦੀ ਗਿਣਤੀ ਕਰਦੀ ਰਹਿੰਦੀ ਤੇ ਵਿਹਲੀ ਹੋ ਕੇ ਗੁਟਕਾ ਫੜ ਬੈਠਦੀ। ਟੀ. ਵੀ. ਸਾਰਾ ਦਿਨ ਉਸ ਦੇ ਮਨ ਭਾਉਂਦੇ ਰੰਗ ਬਿਰੰਗੇ ਪੰਜਾਬੀ ਪ੍ਰੋਗਰਾਮਾਂ ਨਾਲ ਉਸ ਨੂੰ ਬਹਿਲਾਉਂਦਾ ਰਹਿੰਦਾ। ਘਰ ਦੀ ਸਫ਼ਾਈ ਵੱਲ ਉਹ ਖ਼ਾਸ ਧਿਆਨ ਦਿੰਦੀ। ਪਿਛਲੇ ਪਿੰਡ ਉਹ ਪੁਰਾਣੀਆਂ ਰੱਦੀ ਵਾਲੀਆਂ ਕਿਤਾਬਾਂ, ਕਾਪੀਆਂ, ਅਖ਼ਬਾਰਾਂ, ਛਾਣ ਬੂਰਾ ਸੂੜ੍ਹਾ ਤੇ ਇਨ੍ਹਾਂ ਦੇ ਖਾਲੀ ਪਊਏ, ਅੱਧੀਏ ਬੋਤਲਾਂ ਇਕੱਠੀਆਂ ਕਰ ਕੇ ਸਾਂਭ ਸਾਂਭ ਰੱਖਦੀ ਫੇਰੀ ਵਾਲੇ ਕਬਾੜੀਏ ਨੂੰ ਉਡੀਕਦੀ ਰਹਿੰਦੀ। ਜਦੋਂ ਆ ਕੇ ਹੋਕਾ ਲਾਉਂਦਾ ਉਹ ਸਾਰੇ ਕੰਮ ਛੱਡ ਕੇ ਦੌੜੀ ਦੌੜੀ ਉਸ ਨਾਲ ਸੌਦੇਬਾਜ਼ੀ ਕਰਦੀ ਕੁੱਝ ਪੈਸੇ ਨਕਦ ਜਾਂ ਇਸ ਦੇ ਵੱਟੇ ਸੱਟੇ ਚਾਹ-ਪੋਣੀ, ਕੱਪ ਪਲੇਟਾਂ ਬਿੰਦੀਆਂ ਜਾਂ ਮਰੂੰਡਾ ਲੈ ਕੇ ਜ਼ਿੱਦ ਕਰਦੇ ਰੋਂਦੇ ਪੀਤੇ ਨੂੰ ਵਰਚਾ ਲੈਂਦੀ ਸੀ। ਪਿਛਲੀ ਗਿੱਝੀ ਹੋਈ ਉਹ ਉਨ੍ਹਾਂ ਦੀ ਤਾੜ ਰੱਖਦੀ ਪਰ ਉਹ ਕਦੇ ਨਾ ਦਿਸੇ।
ਬਰੇਸੀ ਨੇ ਸਾਰੇ ਕਮਰਿਆਂ ਵਿਚੋਂ ਕੂੜਾ-ਦਾਨ ਖਾਲੀ ਕਰ ਕੇ ਤੇ ਮਾਤਾ ਦੇ ਇਕੱਠੇ ਕੀਤੇ ਕਬਾੜ ਚੁੱਕ ਕੇ ਢੋਲ ਵਿਚ ਸੁੱਟ ਮਾਰੇ। ਸਿਟੀ ਕਮੇਟੀ ਦੀ ਮੋਟਰ ਗੱਡੀ ਢੋਲ ਖਾਲੀ ਕਰ ਕੇ ਰਾਹ ਪਈ ਵੇਖ ਕੇ ਮਾਤਾ ਦਾ ਮਨ ਘਾਊਂ ਮਾਊਂ ਕਰਨ ਲੱਗਾ।
‘ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ। ਇਨ੍ਹਾਂ ਟੁਕੜਿਆਂ ਦੀ ਖ਼ਾਤਰ ਅਸੀਂ ਕਿਵੇਂ ਟੋਟੇ ਟੋਟੇ ਹੋ ਕੇ ਦੇਸੀਂ ਪਰਦੇਸੀਂ ਟੱਕਰਾਂ ਮਾਰਦੇ ਫਿਰਦੇ ਹਾਂ ਤੇ ਇਹ ਵੇਖ ਲਾ ਕਿੱਦਾਂ ਆਫਰੀ ਫਿਰਦੀ ਆ। ਭੁੱਖੀ ਮਰੇ ਉੱਖਲੀ ਝੁਬੱਕੇ ਲਵੇ ਛੱਜ। ਮੇਰੇ ਤਾਂ ਹੱਥਾਂ `ਚੋਂ ਅਜੇ ਗੋਹੇ ਦਾ ਰੰਗ ਵੀ ਨਹੀਂ ਲੱਥਾ ਤੇ ਇਹ ਕੀਮਤੀ ਚੀਜ਼ਾਂ ਐਵੇਂ ਸੁੱਟ ਮਾਰਦੇ ਨੇ। ਦਸ-ਦਸ ਡਾਲਰ ਟਿੱਪ ਦੇ ਛੱਡਦੇ ਨੇ।`
ਟੀ. ਵੀ. ‘ਤੇ ਅਰਦਾਸ ਸਮੇਂ ਮਾਤਾ ਸਿਰ ‘ਤੇ ਦੁਪੱਟਾ ਲੈ ਕੇ ਹੱਥ ਜੋੜਦੀ ਉੱਠ ਖਲੋਂਦੀ ਤੇ ਬੱਚਿਆਂ ਨੂੰ ਵੀ ਇਸੇ ਹਾਲਤ ਵਿਚ ਹੱਥ ਜੋੜਨ ਲਈ ਸਿੱਖਿਆ ਦਿੰਦੀ। ਬੱਚੇ ਮਾਤਾ ਤੋਂ ਜਲਦੀ ਹੀ ਅਕਲਕਾਂਦ ਆ ਗਏ। ਉਸ ਦੀਆਂ ਕਠੋਰ ਸਖ਼ਤ ਹਦਾਇਤਾਂ ਦਾ ਮੂੰਹ ਚਿੜ੍ਹਾਉਣ ਲੱਗੇ। ਅਰਦਾਸ ਦਾ ਸਮਾਂ ਆਉਣ ‘ਤੇ ਇਸ ਸਜ਼ਾ ਤੋਂ ਡਰਦੇ ਪਾਸੇ ਖਿਸਕ ਜਾਂਦੇ। ਮਾਤਾ ਦਾ ਗੁਰਬਾਣੀ ਚੈਨਲ ਕੱਟ ਕੇ ਕਾਰਟੂਨ ਲਗਾ ਲੈਂਦੇ। ਜਦ ਕਦੇ ਉਹ ਗ਼ੁੱਸੇ ਵਿਚ ਝਿੜਕਦੀ ਤਾਂ ਉਹ ਵੀ ਅੱਗੋਂ ਉਸ ਦੀ ਨਕਲ ਸਾਂਗ ਲਗਾ ਕੇ ਚੇੜ ਨਾਲ ਹੱਸਦੇ। ਗੇਂਦ ਖੇਲ੍ਹਦੇ ਖੇਲ੍ਹਦੇ ਜਦ ਗੇਂਦ ਮਾਤਾ ਦੇ ਵੱਜੀ ਤਾਂ ਉਸ ਦਾ ਸਬਰ ਟੁੱਟ ਗਿਆ। ਉਸ ਦੇ ਝਿੜਕਣ ‘ਤੇ ਬੱਚੇ ਹੋਰ ਚਿੜ ਕੇ ਉਸ ਦੇ ਗੇਂਦਾਂ ਮਾਰ-ਮਾਰ ਦੂਰ ਦੌੜ ਜਾਂਦੇ ਉਸ ਨੂੰ ਚਿੜਾਉਣ ਲੱਗੇ। ਉਸ ਦੀ ਐਨਕ ਫੜ ਕੇ ਲੁਕਾ ਲੈਂਦੇ। ਗ਼ੁਸਲਖ਼ਾਨੇ ‘ਚੋਂ ਉਸ ਦੇ ਦੰਦਾਂ ਦਾ ਪੀੜ੍ਹ ਚੁੱਕ ਕੇ ਓਹਲੇ ਕਰ ਦਿੰਦੇ ਜਾਂ ਕੂੜੇ-ਕਰਕਟ ਦੇ ਢੋਲ ਵਿਚ ਸੁੱਟ ਮਾਰਦੇ। ਉਸ ਨੂੰ ਈਡੂ ਈਡੂ ਕਰਦੇ ਭਕਾਈ ਕਰਾਉਣ ਲੱਗਦੇ। ਉਹ ਮਨ ਹੀ ਮਨ ਵਿਚ ਖਿਝਦੀ ਕੁੜ੍ਹਨ ਲੱਗਦੀ।
ਇਕ ਦਿਨ ਆਪਣੇ ਬੇਟੇ ਨੂੰ ਮਿੱਥੇ ਸਮੇਂ ਤੋਂ ਬਹੁਤ ਦੇਰ ਪਹਿਲਾਂ ਦਰਵਾਜ਼ੇ ‘ਤੇ ਵੇਖ ਕੇ ਹੈਰਾਨ ਰਹਿ ਗਈ। ਉਹ ਡਿਗਦਾ ਢਹਿੰਦਾ ਦਾਰੂ ਦਾ ਰੱਜਿਆ ਹੋਇਆ ਅੰਦਰ ਵੜ ਕੇ ਬਰੇਸੀ ਨੂੰ ਢੂੰਡਦਾ ਗਾਲ ਮੰਦਾ ਬੋਲਣ ਲੱਗਾ। ਮਾਤਾ ਸੁਣ ਕੇ ਘਬਰਾ ਗਈ। ਜਿਸ ਗੱਲ ਤੋਂ ਉਹ ਡਰਦੀ ਸੀ ਪੀਤੇ ਦਾ ਉਹੀ ਰੂਪ ਅੱਜ ਉਸ ਦੇ ਸਾਹਮਣੇ ਪ੍ਰਤੱਖ ਦਿਸ ਰਿਹਾ ਸੀ। ਇਸ ਛਿੱਟ ਦੀ ਦਾਰੂ ਦੀ ਲੱਤ ਨੇ ਉਸ ਨੂੰ ਬੱਜ ਲਗਾ ਦਿੱਤੀ ਸੀ।
‘ਕਿੱਥੇ ਹਰਾਮਖੋਰ! ਸਾਲੀ ਮੇਰੀ ਬੋਤਲ ਪਤਾ ਨਹੀਂ ਕਿੱਥੇ ਸੁੱਟ ਗਈ।`
ਮਾਤਾ ਨੇ ਪਿਆਰ ਪੁਚਕਾਰ ਕੇ ਪੀਤੇ ਨੂੰ ਚੁੱਪ ਕਰਾਇਆ ਪਰ ਕਾਰਨ ਪੁੱਛਣ ਦੀ ਉਸ ਦੀ ਹਿੰਮਤ ਨਾ ਪਈ। ਉੱਠ ਕੇ ਗੁਰਬਾਣੀ ਚੈਨਲ ਲਾ ਦਿੱਤਾ ਤੇ ਵਾਗੁਰੂ ਵਾਗੁਰੂ ਕਰਨ ਲੱਗੀ।
ਉਹਲੇ ਉਹਲੇ ਬਰੇਸੀ ਤੇ ਪੀਤੇ ਦੀ ਕੁੜ-ਕੁੜ ਸ਼ੁਰੂ ਹੋ ਗਈ ਸੀ। ਝਈਆਂ ਲੈ ਲੈ ਇਕ ਦੂਜੇ ਨੂੰ ਪੈਂਦੇ ਮਾਤਾ ਵੱਲ ਇਸ਼ਾਰੇ ਕਰਦੇ ਮਾਤਾ ਨੇ ਵੇਖ ਲਏ। ਖੌਰੇ ਕਹਿੰਦੇ ਹੋਣ ਚੁੱਪ ਕਰ! ਬੀਬੀ ਵੇਖ ਸੁਣ ਰਹੀ ਹੈ। ਮਾਤਾ ਅੰਦਰੋਂ ਡਰਨ ਲੱਗੀ ਸੀ ਕਿ ਕਿਤੇ ਇਨ੍ਹਾਂ ਦਾ ਝਗੜਾ ਮੇਰੇ ਨਾਮ ਨਾ ਲੱਗ ਜਾਏ।
‘ਰੱਬਾ! ਸ਼ਾਂਤੀ ਦਾ ਦਾਨ ਦੇਹ ਇਨ੍ਹਾਂ ਨੂੰ… ਸੁਮੱਤ ਬਖ਼ਸ਼।`
ਉੱਠ ਕੇ ਚਾਹ ਬਣਾਉਣ ਲੱਗੀ ਪਰ ਵਾਪਸ ਮੁੜ ਆਈ। ਇਹਨੇ ਅੰਨ੍ਹੇ ਹੋਏ ਨੇ ਚਾਹ ਕੀ ਪੀਣੀ? ਉਹ ਹਉਕੇ ਭਰਦੀ ਉਸ ਦਾ ਮੋਢਾ ਫੜ ਬੈਠੀ। ਕੁੱਝ ਕਹਿਣਾ ਸਮਝਾਉਣਾ ਚਾਹੁੰਦੀ ਸੀ ਪਰ ਕਹਿਣ ਵਾਲੇ ਬੋਲ ਉਸ ਦੀ ਸੰਘੀ ਅੰਦਰ ਹੀ ਨਪੀੜੇ ਗਏ। ਪੀਤਾ ਫਿਰ ਲਾਲੋ ਲਾਲ ਹੋਇਆ ਬਰੇਸੀ ਦੇ ਨਾਮ ‘ਤੇ ਬਕੜਵਾਹ ਕਰਨ ਲੱਗਾ। ਬਾਹਰ ਨਿਕਲ ਕੇ ਕਾਰ ਦੀ ਡਿੱਗੀ ‘ਚੋਂ ਬੋਤਲ ਕੱਢ ਲਿਆਇਆ ਟੀ. ਵੀ. ਸਾਹਮਣੇ ਬੈਠ ਗਿਆ। ਗਲਾਸੀ ਭਰ ਕੇ ਟੀ. ਵੀ. ਵਾਲੇ ਵਾਧਰੇ ‘ਤੇ ਟਿਕਾ ਦਿੱਤੀ। ਪੈਰ ਟੀ. ਵੀ. ਦੀ ਸਕਰੀਨ ਨਾਲ ਅਟਕਾ ਲਏ ਵੇਖ ਕੇ ਮਾਤਾ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
‘ਵੇ ਪੁੱਤਰ! ਏਨਾ ਪਾਪ ਨਾ ਚੜ੍ਹਾ। ਇਹ ਤਾਂ ਬੜੀ ਕਰੋਪੀ ਹੁੰਦੀ ਆ। ਲੋਕ ਇਹਨੂੰ ਮੱਥਾ ਟੇਕਦੇ, ਸਿਰ ਨਿਵਾਉਂਦੇ ਨੇ ਤੇ ਤੂੰ ਉਹਨੂੰ ਪੈਰ ਛੂਹਾ ਰਿਹੈਂ! ਜੀਹਦੇ ਵਿਚੋਂ ਬਾਬਾ ਦਰਸ਼ਨ ਦਿੰਦਾ ਹੈ।`
‘ਓਹੋ! ਸੌਰੀ।` ਪੀਤੇ ਨੇ ਮੁਆਫ਼ੀ ਮੰਗ ਕੇ ਮਾਤਾ ਦੀ ਸ਼ਰਧਾ ਦਾ ਸਤਿਕਾਰ ਕਰਦੇ ਪੈਰ ਥੱਲੇ ਉਤਾਰ ਲਏ।
ਇਕ ਦਿਨ ਆਪਣਾ ਦੰਦਾਂ ਵਾਲਾ ਬੁਰਸ਼ ਕੂੜੇ ਵਾਲੇ ਢੋਲ ਵਿਚ ਵੇਖ ਕੇ ਮਾਤਾ ਸੁੰਡੀ ਵਾਂਗ ਤੜਫ਼ ਉੱਠੀ। ਨੂੰਹ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।
‘ਮਾਤਾ ਜੀ! ਇਹ ਬੁਰਸ਼ ਪੁਰਾਣਾ ਹੋ ਗਿਆ ਸੀ, ਮੈਂ ਤੁਹਾਨੂੰ ਨਵਾਂ ਦੇ ਦਿੱਤਾ ਹੈ… ਤੁਹਾਡੇ ਮੂੰਹ `ਚੋਂ ਬਦਬੂ ਆਉਣ ਲੱਗੀ ਸੀ।`
‘ਤੇ ਪੁੱਤ। ਪੁਰਾਣੇ ਏਦਾਂ ਕੂੜੇ ਕਰਕਟ ਵਿਚ ਸੁੱਟ ਪਾਈਦੇ ਨੇ? ਮੇਰਾ ਤਾਂ ਅਜੇ ਚੰਗਾ ਭਲਾ ਕੰਮ ਤੁਰਿਆ ਜਾਂਦਾ ਸੀ… ਕੀੜੇ ਪਏ ਹੋਏ ਨੇ ਮੇਰੇ ਮੂੰਹ `ਚ?`
ਅਖੀਰਲੇ ਬੋਲ ਦਾੜ੍ਹਾਂ ਥੱਲੇ ਨੱਪ ਕੇ ਆਪਣੇ ਆਪ ਨੂੰ ਅੰਦਰੋਂ ਅੰਦਰ ਭੱਦੀਆਂ ਗੰਦੀਆਂ ਗਾਲ਼ਾਂ ਕੱਢਦੀ ਆਪਣਾ ਗ਼ੁੱਸਾ ਠੰਢਾ ਕੀਤਾ। ਇਸ ਅਪਮਾਨ ਤੇ ਤ੍ਰਿਸਕਾਰ ਨੇ ਬੁਢਾਪੇ ਦੀਆਂ ਤਰਕਾਲ਼ਾਂ ਦੀ ਅਗਾਊਂ ਖ਼ਤਰੇ ਦੀ ਘੰਟੀ ਵਜਾ ਦਿੱਤੀ। ਅਜੇਹੀ ਮੰਦਹਾਲੀ ਆਪਣੇ ਹੱਡਾਂ ‘ਤੇ ਹੰਢਾਉਂਦੀ ਜਲਦੀ ਹੀ ਉਹ ਮੂੰਹ ਮੋੜਨ ਲੱਗੀ। ਅਮਰੀਕਾ ਦੀ ਸੁਹਬਤ ਹੌਲੀ ਹੋਲੀ ਰੰਗ ਦਿਖਾਉਣ ਲੱਗੀ। ਪਿਛਲੇ ਨੌਕਰ ਚਾਕਰ ਤੇ ਕੰਮੀ ਕਮੀਣ ਉਸ ਦੇ ਚੇਤੇ ਆਉਣ ਲੱਗੇ। ਉਸ ਨੂੰ ਤੋਰਦੇ ਸਮੇਂ ਸਾਰੇ ਅੱਖਾਂ ਭਰ ਕੇ ਰੋਏ ਸਨ ਤੇ ਉਹਨੇ ਉਨ੍ਹਾਂ ਨੂੰ ਦਸ ਵੀਹ ਸੌ ਪੰਜਾਹ ਦੇ ਨੋਟ ਫੜਾਉਂਦਿਆਂ ਚੁੱਪ ਕਰਾਉਂਦਿਆਂ ਹਾਸਾ ਬਿਖੇਰ ਦਿੱਤਾ ਸੀ।
‘ਤੁਸੀਂ ਨਾ ਰੋਵੋ! ਰੋਣਾ ਤਾਂ ਮੈਨੂੰ ਚਾਹੀਦਾ, ਜੋ ਜਾ ਕੇ ਮੈਨੂੰ ਵੀ ਤੁਹਾਡੇ ਵਾਲਾ ਕੰਮ ਕਰਨਾ ਪੈਣਾ ਹੈ।` ਲੋਕਾਂ ਦੀਆਂ ਸੁਣੀਆਂ ਸੁਣਾਈਆਂ ਸੁਣਾ ਕੇ ਗੱਲ ਹਾਸੇ ਪਾ ਦਿੱਤੀ ਸੀ।
ਬਾਹਰੋਂ ਅੰਦਰ ਵੜਦੀ ਬਰੇਸੀ ਨੇ ਮਾਤਾ ਦਾ ਮੂੰਹ ਹਿੱਲਦਾ ਵੇਖ ਕੇ ਮੂੰਹ ਵੱਟ ਲਿਆ। ਮਾਤਾ ਨੇ ਰੋਜ਼ ਵਾਗ ਉੱਠ ਕੇ ਗੈਸ ਚਲਾਇਆ ਤੇ ਉਸ ਵਾਸਤੇ ਚਾਹ ਧਰ ਦਿੱਤੀ। ਬਰੇਸੀ ਦੇ ਚੇਂਜ ਕਰ ਕੇ ਮੁੜਨ ਤੱਕ ਮਾਤਾ ਦਰੀ ‘ਤੇ ਡਿੱਗੇ ਨਿਆਣਿਆਂ ਦੀ ਛੱਡੀ ਜੂਠ ਮੀਠ ਭੋਰੇ ਤੇ ਕਿਣਕੇ ਚੁਣ ਚੁਣ ਦਰੀ ਸਾਫ਼ ਕਰ ਰਹੀ ਸੀ।
‘ਮੈਂ ਚਾਹ ਨਹੀਂ ਪੀਣੀ।` ਬਰੇਸੀ ਦਾ ਖ਼ੁਸ਼ਕ ਰੁੱਖਾ ਜੁਆਬ ਸੁਣ ਕੇ ਮਾਤਾ ਦੇ ਹੱਥ ਦਾ ਕੱਪ ਥਿੜਕ ਗਿਆ।
ਸਾਫ਼ ਕੀਤੇ ਹੋਏ ਭਾਂਡੇ ਫੜ ਕੇ ਦੋਬਾਰਾ ਧੋਣ ਲੱਗੀ ਜਿਵੇਂ ਕਹਿ ਰਹੀ ਹੋਵੇ ਇਹ ਚੰਗੀ ਤਰ੍ਹਾਂ ਨਹੀਂ ਧੋਤੇ।
‘ਕੋਹ ਨਾ ਤੁਰੀ ਤੇ ਬਾਬਾ ਤਿਹਾਈ!` ਨੂੰਹ ਦੇ ਬਦਲੇ ਹੋਏ ਵਰਤਾਰੇ ਵੇਖ ਕੇ ਮਾਤਾ ਨੂੰ ਚਿੰਤਾ ਜਿਹੀ ਹੋ ਗਈ।
‘ਕੀ ਗੱਲ ਬੇਟਾ! ਅੱਜ ਕੁਛ ਅਵਾਜ਼ਾਰ ਜਿਹੀ ਲੱਗਦੀ ਏੇਂ।`
‘ਨਾ ਬੀ ਜੀ! ਜੀ ਸਭ ਠੀਕ ਹੈ।` ਉਸ ਨੇ ਨਕਲੀ ਜਿਹੀ ਹਾਸੀ ਹੱਸਦੇ ਮਾਂ ਨੂੰ ਚੁੱਪ ਕਰਾ ਦਿੱਤਾ ਤੇ ਨਿਆਣੇ ਖਿੱਚ ਕੇ ਪਰੇ ਲੈ ਗਈ।
‘ਮੈਂ ਕਿਹਾ ਤੁਹਾਡੀ ਮਦਦ ਕਰ ਦਿਆਂ… ਤੁਹਾਨੂੰ ਕੰਮ ਕੁੱਝ ਜ਼ਿਆਦਾ ਕਰਨਾ ਪੈਂਦਾ ਹੈ ਨਾ।`
ਮਾਂ ਦੇ ਕਲੇਜੇ ਇਕ ਵਹਿਮ ਜਿਹਾ ਦੜ ਗਿਆ। ਉਹ ਚੁੱਪ ਚੁਪੀਤੀ ਗੁੰਮ ਜਿਹੀ ਹੋ ਗਈ। ਪੈੱ੍ਰਸ ਕਰਦੀ ਤੋਂ ਉਸ ਦੀ ਸਲਵਾਰ ਦਾ ਸੜਿਆ ਪੌਂਚਾ ਜਦ ਉਹ ਦੇਖੇਗੀ ਤਾਂ ਪਤਾ ਨਹੀਂ ਕੀ ਤੂਫ਼ਾਨ ਮਚਾਏਗੀ। ਜ਼ਰੂਰ ਕਹੇਗੀ ਬੁਢੜੀ ਨੇ ਮੇਰਾ ਕੀਮਤੀ ਸੂਟ ਰੱਦੀ ਕਰ ਦਿੱਤਾ ਹੈ!
ਵਾਪਸੀ ਘਰ ਦੇ ਦਰਵਾਜ਼ੇ ਮੂਹਰੇ ਪਹੁੰਚਣ ਤੱਕ ਮਾਤਾ ਦਾ ਮਨ ਡੁੱਬਣ ਲੱਗਾ। ਨੂੰਹ ਤੇ ਬੱਚਿਆਂ ਦੇ ਰੋਜ਼ ਬਦਲਦੇ ਵਤੀਰੇ ਤੇ ਭੰਨ ਤੋੜ ਉਸ ਦੀਆਂ ਅੱਖਾਂ ਵਿਚ ਸਿੰਮ ਕੇ ਕਈ ਇਬਾਰਤਾਂ ਲਿਖ ਗਏ।
‘ਕਿੱਥੇ ਡੁੱਬ ਗਈ ਮਾਤਾ! ਕਿਨ੍ਹਾਂ ਵਹਿਣਾਂ ਵਿਚ? ਤੂੰ ਭੋਰਾ ਫ਼ਿਕਰ ਨਾ ਕਰ। ਤੈਨੂੰ ਉੱਥੇ ਨਹੀਂ ਭੇਜਦਾ। ਤੇਰੀ ਮੂੰਹੋਂ ਕੱਢੀ ਹਰ ਖ਼ਾਹਿਸ਼ ਪੂਰੀ ਕਰੇਗਾ ਤੇਰਾ ਇਹ ਪਤੰਦਰ… ਤੂੰ ਹੁਕਮ ਕਰ ਕੇ ਵੇਖ।` ਕਾਰ ਵਿਚੋਂ ਮੋਢਾ ਹਲੂਣਦੇ ਪੀਤੇ ਨੇ ਮਾਤਾ ਨੂੰ ਬਾਂਹਾਂ ਵਿਚ ਘੁੱਟ ਕੇ ਹੇਠਾਂ ਉਤਾਰ ਲਿਆ।
‘ਇੱਥੇ ਨੂੰਹਾਂ ਦੇ ਘਰ ਹੁੰਦੇ ਨੇ, ਸੱਸਾਂ ਦੇ ਨਹੀਂ… ਸੱਸਾਂ ਦੇ ਤਾਂ…।` ਉਸ ਦੇ ਪੈਰ ਅਟਕ ਗਏ।
‘ਪੁੱਤ ਜੇ ਆਖ਼ਰ ਉੱਥੇ ਹੀ ਜਾਣਾ ਪੈਣਾ ਹੈ ਤਾਂ ਉਹ ਭਜਨੀ ਦੇ ਨਾਲ ਵਾਲਾ ਬੈੱਡ ਤਾਂ ਖਾਲੀ ਹੋਣ ਵਾਲਾ ਹੈ। ਘੋਰੜੂ ਵੱਜ ਰਿਹਾ ਸੀ। ਹੁਣੇ ਮੇਰੇ ਲਈ ਰਾਖਵਾਂ ਰਖਵਾ ਲੈ। ਵਾਹਵਾ ਸੁਹਣਾ ਹਵਾਦਾਰ ਹੈ ਤਾਕੀ ਦੇ ਕੋਲ।` ਝਕਦੀ-ਝਕਦੀ ਮਾਤਾ ਨੇ ਤਰਲਾ ਜਿਹਾ ਕਰ ਕੇ ਪੁੱਤਰ ਦੀਆਂ ਨਜ਼ਰਾਂ `ਚੋਂ ਨਜ਼ਰਾਂ ਚੁਰਾ ਕੇ ਅੰਦਰਲੀ ਖ਼ਾਹਿਸ਼ ਪ੍ਰਗਟ ਕਰ ਦਿੱਤੀ।