ਸਿੱਖ ਸੰਸਥਾਵਾਂ, ਸਰਬੱਤ ਖਾਲਸਾ ਅਤੇ ਅੱਜ ਦੇ ਸਿੱਖ

ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਿਛਲੇ ਅੰਕ (8 ਅਪਰੈਲ, 2023) ਵਿਚ ਪ੍ਰਭਸ਼ਰਨਦੀਪ ਸਿੰਘ ਦਾ ਲੇਖ ‘ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ ਤੇ ਸਿੱਖਾਂ ਦੀ ਮੌਜੂਦਾ ਸਥਿਤੀ’ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਅਕਾਲੀ ਸਿਆਸਤ ਅਤੇ ਸਿੱਖ ਸੰਸਥਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ। ਇਸ ਬਾਰੇ ਹੁਣ ਸਾਨੂੰ ਸ. ਗੋਬਿੰਦਰ ਸਿੰਘ ਸਮਰਾਓ ਦਾ ਇਹ ਲੇਖ ਹਾਸਲ ਹੋਇਆ ਹੈ ਜਿਸ ਵਿਚ ਉਨ੍ਹਾਂ ਨੇ ਪ੍ਰਭਸ਼ਰਨਦੀਪ ਸਿੰਘ ਦੇ ਕੁਝ ਨੁਕਤਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਮਸਲੇ ਬਾਰੇ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ ਪਰ ਆਸ ਕਰਦੇ ਹਾਂ ਕਿ ਇਸ ਸੰਵਾਦ ਵਿਚ ਹਿੱਸਾ ਲੈਣ ਵਾਲੇ ਸੰਜਮ ਦਾ ਪੱਲਾ ਘੁੱਟ ਕੇ ਫੜੀ ਰੱਖਣਗੇ।

‘ਪੰਜਾਬ ਟਾਈਮਜ਼’ ਦੇ 8 ਅਪਰੈਲ (2023) ਵਾਲੇ ਅੰਕ ਵਿਚ ਪ੍ਰਭਸ਼ਰਨਦੀਪ ਸਿੰਘ ਦਾ ਲੇਖ ‘ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ ਤੇ ਸਿੱਖਾਂ ਦੀ ਮੌਜੂਦਾ ਸਥਿਤੀ’ ਪੜ੍ਹਿਆ। ਇਹ ਲੇਖ ਕਈ ਭੂਤ-ਪੂਰਵ ਧਾਰਨਾਵਾਂ ‘ਤੇ ਆਧਾਰਿਤ ਹੈ ਜੋ ਚੜ੍ਹਦੀ ਕਲਾ ਵਾਲੀ ਸੇਧ ਦੇਣ ਵਾਲੀਆਂ ਕਤਈ ਨਹੀਂ ਹਨ। ਇਸ ਲਈ ਇਹ ਲੇਖ ਸਿੱਖ ਇਤਿਹਾਸ ਨੂੰ ਪਿਛਲਖੁਰੀ ਮੋੜਨ ਵਾਲਾ ਹੈ। ਇਸ ਨੂੰ ਮੌਜੂਦਾ ਕਾਲ ਵਿਚ ਕਿਸੇ ਪੂਰਵ ਕਿਆਸੇ ਏਜੰਡੇ ਦੀ ਪੂਰਤੀ ਲਈ ਘੜਿਆ ਜਾਪਦਾ ਹੈ ਜਿਸ ਕਾਰਨ ਇਸ ਵਿਚ ਕਈ ਗੈਰ-ਇਤਿਹਾਸਕ ਤੇ ਆਤਮ-ਵਿਰੋਧੀ ਗੱਲਾਂ ਆ ਜੁੜੀਆਂ ਹਨ।
ਲੇਖ ਦੇ ਮੁੱਢ ਵਿਚ ਹੀ ਲੇਖਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ‘ਖਾਲਸਾਈ ਪ੍ਰਭੂਸੱਤਾ ਦਾ ਸਰਬਉੱਚ ਕੇਂਦਰ’ ਦੱਸਦਾ ਹੈ ਪਰ ਇਤਿਹਾਸਕ ਤੌਰ ‘ਤੇ ਪ੍ਰਮਾਣਿਤ ਗੱਲ ਇਹ ਹੈ ਕਿ ਜਦੋਂ 17ਵੀਂ ਸਦੀ ਦੇ ਮੁੱਢ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਸੀ, ਉਸ ਵੇਲੇ ਨਾ ਖਾਲਸੇ ਦੀ ਸਿਰਜਣਾ ਹੋਈ ਸੀ ਤੇ ਨਾ ਹੀ ਪ੍ਰਭੂਸੱਤਾ ਦਾ ਸੰਕਲਪ ਹੋਂਦ ਵਿਚ ਆਇਆ ਸੀ। ਗੁਰੂ ਸਾਹਿਬ ਦਾ ਮਨੋਰਥ ਆਤਮ-ਰੱਖਿਆ ਲਈ ਸਿੱਖਾਂ ਨੂੰ ਹਥਿਆਰਬੰਦ ਕਰਨਾ ਸੀ। ਰਾਜ ਜਾਂ ਪ੍ਰਭੂਸੱਤਾ ਉਸ ਵੇਲੇ ਮੁਗਲ ਸਮਰਾਟ ਜਹਾਂਗੀਰ ਦੀ ਹੀ ਸੀ ਜਿਸ ਨੇ ਗੁਰੂ ਸਾਹਿਬ ਨੂੰ ਬਗ਼ਾਵਤ ਦਾ ਦੋਸ਼ ਲਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ। ਕੁਝ ਸਮੇਂ ਬਾਅਦ, ਵੇਲੇ ਦੀ ਸਰਕਾਰ ਨੇ ਉਨ੍ਹਾਂ ਨੂੰ ਆਲ੍ਹਾ ਕਿਰਦਾਰ ਅਤੇ ਵਧੀਆ ਵਿਹਾਰ ਕਾਰਨ ਰਿਹਾਅ ਕਰ ਦਿੱਤਾ ਸੀ ਜਿਸ ਦੀ ਖੁਸ਼ੀ ਵਿਚ ਸਿੱਖ ਦੀਵਾਲੀ ਮਨਾਉਂਦੇ ਹਨ। ਅਗਲੇ ਤਿੰਨ ਗੁਰੂਆਂ ਨੇ ਹਥਿਆਰਬੰਦੀ ਦਾ ਰਸਤਾ ਨਹੀਂ ਅਪਣਾਇਆ ਤੇ ਉਹ ਕੇਵਲ ਧਾਰਮਿਕ ਆਗੂ ਰਹਿ ਕੇ ਸਿੱਖੀ ਦਾ ਵਿਸਥਾਰ ਕਰਦੇ ਰਹੇ। ਪ੍ਰਭੂਸੱਤਾ ਉਸ ਵੇਲੇ ਵੀ ਮੁਗ਼ਲ ਦਰਬਾਰ ਦੀ ਹੀ ਸੀ ਜਿਸ ਦੇ ਸੱਦੇ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੇ ਨੁਮਾਇੰਦੇ ਉਸ ਦਰਬਾਰ ਵਿਚ ਪੇਸ਼ ਹੁੰਦੇ ਸਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਵੀ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ‘ਤੇ ਦਿੱਲੀ ਗਏ ਸਨ ਜਿੱਥੇ ਉਨ੍ਹਾਂ ਨੇ ਧਾਰਮਿਕ ਅਕੀਦੇ ਅਤੇ ਵਿਚਾਰਾਂ ਦੀ ਸੁਤੰਤਰਤਾ ਦੇ ਹੱਕ ਵਿਚ ਸੀਸ ਦੇ ਕੇ ਅਦੁੱਤੀ ਕੁਰਬਾਨੀ ਦਿੱਤੀ। ਰਹੀ ਗੱਲ ਅਕਾਲ ਤਖ਼ਤ ਸਾਹਿਬ ਦੀ, ਉਹ ਤਾਂ ਗੁਰੂ ਹਰਿਗੋਬਿੰਦ ਸਾਹਿਬ ਦੇ ਆਪਣੇ ਕਾਰਜਕਾਲ ਦੌਰਾਨ ਹੀ ਮੀਣੇ ਵਿਰੋਧੀਆਂ ਦੇ ਕਬਜ਼ੇ ਹੇਠ ਚਲਾ ਗਿਆ ਸੀ। ਆਪਣੀ ਉਮਰ ਦੇ ਪਿਛਲੇ ਦਸ ਸਾਲ ਨਾ ਤਾਂ ਉਹ ਅੰਮ੍ਰਿਤਸਰ ਰਹੇ ਤੇ ਨਾ ਅਕਾਲ ਤਖ਼ਤ ‘ਤੇ ਬੈਠੇ। ਉਨ੍ਹਾਂ ਤੋਂ ਬਾਅਦ ਕੋਈ ਹੋਰ ਗੁਰੂ ਵੀ ਉਥੇ ਫੇਰਾ ਪਾਉਣ ਨਹੀਂ ਗਿਆ। ਇੱਥੋਂ ਤੱਕ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਖਾਲਸੇ ਦੀ ਸਿਰਜਣਾ ਕੀਤੀ, ਵੀ ਜੀਵਨ ਭਰ ਅੰਮ੍ਰਿਤਸਰ ਨਹੀਂ ਗਏ।
ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਨੇ ਖਾਲਸੇ ਦੀ ਸਿਰਜਣਾ ਵੀ ਖੇਤਰੀ ਪ੍ਰਭੂਸੱਤਾ ਲਈ ਨਹੀਂ ਸੀ ਕੀਤੀ ਸਗੋਂ ਧਾਰਮਿਕ ਸੁਤੰਤਰਤਾ ਤੇ ਇਨਸਾਫ ਪ੍ਰਾਪਤੀ ਲਈ ਕੀਤੀ ਸੀ। ਉਨ੍ਹਾਂ ਨੇ ਸਾਰੀ ਉਮਰ ਧਰਮ ਲਈ ਸੰਘਰਸ਼ ਕੀਤਾ ਪਰ ਰਾਜ ਸਥਾਪਤ ਨਹੀਂ ਕੀਤਾ। ਇਥੋਂ ਤੱਕ ਕਿ ਅਨੰਦਪੁਰ ਸਾਹਿਬ ਦੀ ਧਰਤੀ ਵੀ ਜਿੱਥੇ ਉਹ ਬਹੁਤਾ ਸਮਾਂ ਕਾਰਜਸ਼ੀਲ ਰਹੇ, ਜਿੱਤ ਕੇ ਜਾਂ ਖੋਹ ਕੇ ਪ੍ਰਾਪਤ ਨਹੀਂ ਸੀ ਕੀਤੀ ਗਈ ਸਗੋਂ ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਦੁਆਰਾ ਪਹਾੜੀ ਰਾਜੇ ਤੋਂ ਮੁੱਲ ਲਈ ਗਈ ਸੀ। ਸਾਰੀ ਉਮਰ ਦੇ ਜੱਦੋ-ਜਹਿਦ ਦੌਰਾਨ ਕਦੇ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਸੀ ਐਲਾਨਿਆ; ਸਿੱਖ ਭਾਵੇਂ ਉਨ੍ਹਾਂ ਨੂੰ ਬੇਤਾਜ ਬਾਦਸ਼ਾਹ ਮੰਨਦੇ ਸਨ। ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿਚ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਹੁਕਮਰਾਨ ਨਹੀਂ ਸੀ ਦੱਸਿਆ, ਕੇਵਲ ਪੁੱਤਰਾਂ ਦੇ ਕਾਤਲਾਂ ਦੀ ਹਵਾਲਗੀ ਮੰਗੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਜਾਨਸ਼ੀਨ ਬਹਾਦਰ ਸ਼ਾਹ ਨਾਲ ਨੇੜਤਾ ਹੋਣ ਵੇਲੇ ਵੀ ਉਸ ਦਰਵੇਸ਼ ਪਾਤਸ਼ਾਹ ਨੇ ਉਸ ਤੋਂ ਰਾਜ ਭਾਗ ਜਾਂ ਸੂਬੇਦਾਰੀ ਨਹੀਂ ਸੀ ਮੰਗੀ ਸਗੋਂ ਪੁੱਤਰਾਂ ‘ਤੇ ਜਬਰ ਦਾ ਇਨਸਾਫ ਚਾਹਿਆ ਸੀ। ਬੰਦਾ ਬਹਾਦਰ ਨੂੰ ਵੀ ਉਨ੍ਹਾਂ ਨੇ ਪੰਜਾਬ ਵਿਚ ਰਾਜ ਸਥਾਪਤ ਕਰਨ ਲਈ ਨਹੀਂ ਸੀ ਭੇਜਿਆ ਸਗੋਂ ਆਪਣੇ ਦੋ ਮਾਸੂਮ ਸਾਹਿਬਜ਼ਾਦਿਆਂ ਦੇ ਹਤਿਆਰੇ ਨੂੰ ਦੰਡ ਦੇਣ ਲਈ ਭੇਜਿਆ ਸੀ।
ਪਿੱਛੋਂ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਪ੍ਰਭੂਸੱਤਾਧਾਰੀ ਰਾਜ ਜ਼ਰੂਰ ਸਥਾਪਤ ਕੀਤਾ ਪਰ ਉਹ ਸਹੀ ਸ਼ਬਦਾਂ ਵਿਚ ਸਿੱਖ ਰਾਜ ਨਹੀਂ ਸੀ। ਉਹ ਆਪ ਸਿੱਖ ਜ਼ਰੂਰ ਸੀ ਪਰ ਉਸ ਦਾ ਕੋਈ ਧਾਰਮਿਕ ਏਜੰਡਾ ਨਹੀਂ ਸੀ। ਉਸ ਦੇ ਰਾਜ ਵਿਚ ਨਾ ਕਿਸੇ ਨੂੰ ਜਬਰੀ ਸਿੱਖ ਬਣਾਇਆ ਗਿਆ, ਨਾ ਸਿੱਖੀ ਦੀ ਧੌਂਸ ਦਿੱਤੀ ਗਈ ਤੇ ਨਾ ਹੀ ਕਿਸੇ ਦੂਜੇ ਫਿਰਕੇ ਦੇ ਲੋਕਾਂ ਨਾਲ ਧਾਰਮਿਕ ਪੱਖਪਾਤ ਕੀਤਾ ਗਿਆ। ਉਸ ਨੇ ਸਿੱਖਾਂ, ਮੁਗਲਾਂ, ਅਫਗਾਨਾਂ, ਸਭ ਦੇ ਖਿ਼ਲਾਫ ਜੰਗ ਲੜੀ ਅਤੇ ਸਭ ਖਿ਼ਲਾਫ ਕੂਟਨੀਤੀ ਵਰਤ ਕੇ ਆਪਣੇ ਬਲਬੂਤੇ ਰਾਜ ਖੜ੍ਹਾ ਕੀਤਾ। ਉਸ ਦਾ ਰਾਜ ਉਸ ਦੀ ਨਿੱਜੀ ਲਿਆਕਤ ਕਾਰਨ ਹੋਂਦ ਵਿਚ ਆਇਆ ਸੀ ਤੇ ਸ਼ਾਇਦ ਇਸੇ ਲਈ ਉਸ ਦੀ ਮੌਤ ਤੋਂ ਤੁਰੰਤ ਬਾਅਦ ਬਿਖਰ ਗਿਆ।
ਜੇ ਸਿੱਖੀ ਦੀ ਸਥਾਪਤੀ ਵਿਚ ਇੰਨਾ ਕੁਝ ਸਰਬੱਤ ਖਾਲਸਿਆਂ ਅਤੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਤੋਂ ਬਿਨਾ ਵਾਪਰ ਸਕਦਾ ਹੈ ਤਾਂ ਹੁਣ ਕਿਹੜੀ ਹੰਗਾਮੀ (ਐਮਰਜੈਂਸੀ ਵਾਲੀ) ਹਾਲਤ ਪੈਦਾ ਹੋ ਗਈ ਹੈ ਕਿ ਇਸ ਸਨਮਾਨਯੋਗ ਸੰਸਥਾ ਅਤੇ ਇਸ ਦੇ ਜਥੇਦਾਰ ਨੂੰ ਪੈਰ-ਪੈਰ ‘ਤੇ ਦੁਨਿਆਵੀ ਗੱਲਾਂ ਵਿਚ ਘਸੀਟਿਆ ਜਾਵੇ। ਕਈ ਵਿਦਵਾਨ ਤਰਕ ਵਜੋਂ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸਜ਼ਾ ਦੀ ਉਦਾਹਰਨ ਦੇ ਕੇ ਸਾਬਤ ਕਰਨਾ ਚਾਹੁੰਦੇ ਹੋਣਗੇ ਕਿ ਰਾਜੇ ਮਹਾਰਾਜੇ ਵੀ ਅਕਾਲ ਤਖ਼ਤ ਦੀ ਪ੍ਰਭੂਸੱਤਾ ਅਧੀਨ ਹਨ। ਇਹ ਗੱਲ ਅੱਧੀ ਹੀ ਠੀਕ ਹੈ ਕਿਉਂਕਿ ਉਹ ਇਹ ਨਹੀਂ ਦੱਸਦੇ ਕਿ ਉਹ ਸਜ਼ਾ ਮਹਾਰਾਜੇ ਦੀ ਰਾਜਨੀਤਕ ਕੁਤਾਹੀ ਦੀ ਨਹੀਂ ਸੀ ਸਗੋਂ ਨਿੱਜੀ ਗਲਤੀ ਦਾ ਧਾਰਮਿਕ ਦੰਡ ਸੀ ਜੋ ਉਸ ਨੇ ਨਿਮਾਣਾ ਸਿੱਖ ਹੋਣ ਦੇ ਨਾਤੇ ਸਵੀਕਾਰ ਕੀਤੀ। ਅਹਿਮ ਗੱਲ ਇਹ ਹੈ ਕਿ ਉਸ ਨੇ ਨਾ ਕਦੇ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਮਾਮਲਿਆਂ ਲਈ ਵਰਤਿਆ ਤੇ ਨਾ ਹੀ ਅਕਾਲ ਤਖ਼ਤ ਨੇ ਉਸ ਦੇ ਦਰਬਾਰ ਵਿਚ ਕੋਈ ਦਖਲ ਅੰਦਾਜ਼ੀ ਕੀਤੀ। ਉਸ ਦੀ ਮੌਤ ਤੋਂ ਪਿੱਛੋਂ ਅੰਗਰੇਜ਼ਾਂ ਨਾਲ ਲੜਾਈਆਂ ਵੇਲੇ ਵੀ ਉਸ ਦੇ ਉਤਰ-ਅਧਿਕਾਰੀਆਂ ਜਾਂ ਉਸ ਦੇ ਕਿਸੇ ਫੌਜੀ ਜਰਨੈਲ ਵਲੋਂ ਕਦੇ ਸਰਬੱਤ ਖਾਲਸਾ ਬੁਲਾਉਣ ਜਾਂ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾਉਣ ਦੀ ਗੁਹਾਰ ਨਹੀਂ ਸੀ ਲਾਈ ਗਈ। ਇਤਿਹਾਸਕਾਰਾਂ ਦਾ ਮੱਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ਹੀ ਸਰਬੱਤ ਖਾਲਸਾ ਅਤੇ ਰਾਜਨੀਤਕ ਗੁਰਮਤਿਆਂ ਦਾ ਭੋਗ ਪੈ ਗਿਆ ਸੀ। ਸ੍ਰ਼ੋਮਣੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਤਾਂ ਇਨ੍ਹਾਂ ਦੀ ਲੋੜ ਹੀ ਮੁੱਕ ਗਈ ਸੀ ਕਿਉਂਕਿ ਸਿੱਖਾਂ ਨੂੰ ਸ੍ਰੋ਼ਮਣੀ ਕਮੇਟੀ ਜਿਹਾ ਪੱਕਾ ਜਮਹੂਰੀ ਸੰਗਠਨ ਮਿਲ ਗਿਆ ਹੈ ਜੋ ਸਾਰਾ ਸਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਕਰਦਾ ਹੈ ਤੇ ਸਰਬੱਤ ਖਾਲਸੇ ਵਾਂਗ ਸਾਲ ਵਿਚ ਦੋ ਵਾਰ ਅੰਮ੍ਰਿਤਸਰ ਵਿਚ ਇਜਲਾਸ ਕਰ ਕੇ ਸਿੱਖਾਂ ਦੇ ਮਸਲੇ ਵੀ ਵਿਚਾਰਦਾ ਹੈ।
ਸਿੱਖ ਗੁਰਦੁਆਰਾ ਐਕਟ (1925) ਨੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸ੍ਰ਼ੋਮਣੀ ਕਮੇਟੀ ਨੂੰ ਸੌਂਪ ਕੇ ਇਹ ਵੀ ਸਾਬਤ ਕਰ ਦਿੱਤਾ ਕਿ ਸਿੰਘ ਸਾਹਿਬ “ਖਾਲਸਾਈ ਪ੍ਰਭੂਸੱਤਾ ਦਾ ਸਰਬਉਚ ਕੇਂਦਰ” ਨਹੀਂ ਸਗੋਂ ਸਿੱਖਾਂ ਦੀ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸੰਸਥਾ ਦਾ ਮੁਲਾਜ਼ਮ ਹੈ। ਇਸ ਅਨੁਸਾਰ ਇਹ ਵੀ ਸਪੱਸ਼ਟ ਹੋ ਗਿਆ ਕਿ ਉਸ ਦਾ ਮੁੱਖ ਕਾਰਜ ਸਰਬੱਤ ਖਾਲਸਾ ਬੁਲਾਉਣਾ ਅਤੇ ਰਾਜਨੀਤਕ ਹੁਕਮਨਾਮੇ ਜਾਰੀ ਕਰਨਾ ਨਹੀਂ ਸਗੋਂ ਅਕਾਲ ਤਖ਼ਤ ‘ਤੇ ਸਥਾਪਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਉਣਾ ਹੈ। ਜੇ ਕੋਈ ਫਿਰ ਵੀ ਅਕਾਲ ਤਖ਼ਤ ਨੂੰ ਖਾਲਸਾਈ ਪ੍ਰਭੂਸੱਤਾ ਦਾ ਪ੍ਰਤੀਕ ਸਮਝਦਾ ਹੈ ਜਾਂ ਅਜਿਹਾ ਐਲਾਨਣ ਲਈ ਸਰਬੱਤ ਖਾਲਸੇ ਦੀ ਮੰਗ ਕਰਦਾ ਹੈ ਤਾਂ ਸਮਝੋ ਉਹ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਵਿਚ ਕੱਚਾ ਹੈ ਤੇ ਰੋਂਢੀ ਬਣ ਕੇ ਲੋਕਤੰਤਰੀ ਢਾਂਚੇ ਵਿਚੋਂ ਬਾਹਰ ਭੱਜਣ ਦਾ ਸੱਦਾ ਦਿੰਦਾ ਹੈ। ਚੜ੍ਹਦੀ ਕਲਾ ਦੀ ਦੌੜ ਵਿਚ ਪੱਛੜੇ ਸਿੱਖੀ ਦੇ ਅਜਿਹੇ ਆਪੂੰ ਬਣੇ ਅਲੰਬਰਦਾਰਾਂ ਲਈ ਪੱਛਮ ਵਿਚ ਲੋਕਤੰਤਰੀ ਸੰਕਲਪ ਦੇ ਮੁੱਦਈ ਤੇ ਸਿਧਾਂਤਕਾਰ ਜਾਨ ਲਾਕ ਨੇ ਜੋ ਲਿਖਿਆ ਹੈ, ਉਹ ਲੇਖਕ ਆਪ ਹੀ ਪੜ੍ਹਨ ਦੀ ਖੇਚਲ ਕਰ ਲਵੇ।
ਸਿੱਖ ਕੇਵਲ ਆਪਣੇ ਚੋਲੇ, ਬਾਣੇ ਅਤੇ ਧਾਰਮਿਕ ਚਿੰਨ੍ਹਾਂ ਕਾਰਨ ਹੀ ਸਿੱਖ ਨਹੀਂ ਹਨ ਸਗੋਂ ਉਹ ਸਿੱਖੀ ਵਿਚਾਰਧਾਰਾ ਨਾਲ ਜੁੜੇ ਹੋਣ ਕਾਰਨ ਵੀ ਸਿੱਖ ਹਨ। ਇਹ ਵਿਗਿਆਨਕ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਵਿਚ ਦਰਜ ਹੈ ਤੇ ਵਿਗਿਆਨਕ ਹੋਣ ਕਰ ਕੇ ਇਸ ਦਾ ਕੋਈ ਬਦਲ ਨਹੀਂ ਹੈ। ਇਹੀ ਕਾਰਨ ਹੈ ਕਿ ਕੋਈ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਤੇ ਇਸ ਦੇ ਸਿਧਾਂਤਾਂ ਬਾਰੇ ਕੋਈ ਸਮਝੌਤਾ ਨਹੀਂ ਕਰ ਸਕਦਾ। ਮੰਨ ਲਵੋ ਕਿ ਇਹ ਸੱਚੀ ਤੇ ਵਿਗਿਆਨਕ ਵਿਚਾਰਧਾਰਾ ਅੱਜ ਤਿੰਨ ਕਰੋੜ ਸਿੱਖਾਂ ਕੋਲ ਹੈ ਤੇ ਗੁਰੂ ਆਸੇ ਮੁਤਾਬਕ ਉਨ੍ਹਾਂ ਨੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੀਕਰ ਪਹੁੰਚਾਉਣਾ ਹੈ। ਇਸ ਕੰਮ ਲਈ ਉਨ੍ਹਾਂ ਨੂੰ ਕਿਸੇ ਭੂਮੀਤਲ ਰਾਜ ਦੀ ਲੋੜ ਨਹੀਂ ਸਗੋਂ ਦੂਰ ਦੁਰਾਡੇ ਵਸੇ ਲੋਕਾਂ ਵਿਚ ਜਾ ਕੇ ਕੰਮ ਕਰਨ ਦੀ ਲੋੜ ਹੈ। ਇਹ ਪ੍ਰਚਾਰ ਸ੍ਰ਼ੋਮਣੀ ਕਮੇਟੀ ਵੀ ਕਰ ਸਕਦੀ ਹੈ, ਪੰਥਕ ਧਿਰਾਂ ਵਾਲੇ ਸਿੱਖ ਵੀ ਕਰ ਸਕਦੇ ਹਨ ਤੇ ਸਿੱਖਾਂ ਸਮੇਤ ਲੇਖਕ ਖੁਦ ਵੀ ਕਰ ਸਕਦਾ ਹੈ। ਜਿੰਨੀ ਦੂਰ ਤੱਕ ਸਿੱਖ ਜਾਣਗੇ, ਓਨਾ ਹੀ ਇਸ ਦਾ ਸੰਦੇਸ਼ ਵਧੇਰੇ ਲੋਕਾਂ ਕੋਲ ਪਹੁੰਚੇਗਾ। ਗੁਰੂ ਨਾਨਕ ਦੇ ਸਮੇਂ ਤੋਂ ਹੀ ਸਿੱਖ ਬਿਨਾ ਰਾਜਸੀ ਪ੍ਰਭੂਸੱਤਾ ਹਿੰਦੁਸਤਾਨ ਸਮੇਤ ਬਹੁਤ ਸਾਰੇ ਹੋਰ ਦੇਸ਼ਾਂ ਵਿਚ ਜਾ ਕੇ ਪ੍ਰਚਾਰ ਕਰਦੇ ਰਹੇ ਹਨ। ਅਜੋਕੇ ਸਮੇਂ ਵਿਚ ਵੀ ਉਹ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਛੋਟੇ ਵੱਡੇ ਦੇਸ਼ ਵਿਚ ਵਸੇ ਹੋਏ ਹਨ। ਸਾਰਾ ਸੰਸਾਰ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਤੇ ਸਭ ਥਾਂ ਉਨ੍ਹਾਂ ਨੂੰ ਸਤਿਕਾਰ ਦੀ ਭਾਵਨਾ ਨਾਲ ਦੇਖਿਆ ਜਾਂਦਾ ਰਿਹਾ ਹੈ। ਸਿੱਖੀ ਦੀ ਵਿਗਿਆਨਕ ਵਿਚਾਰਧਾਰਾ ਦਾ ਸਬੰਧ ਚੰਗੇ ਅਮਲਾਂ ਨਾਲ ਹੈ ਜਿਨ੍ਹਾਂ ਦੇ ਸੁਧਾਰ ਲਈ ਪ੍ਰਭੂਸੱਤਾਧਾਰੀ ਹਕੂਮਤ ਦੀ ਲੋੜ ਨਹੀਂ ਅਕਲ, ਲਗਨ, ਹੁਨਰ ਤੇ ਉਤਸ਼ਾਹ ਦੀ ਲੋੜ ਹੈ। ਆਧੁਨਿਕ ਯੁਗ ਵਿਚ ਇਸ ਨੂੰ ਇਲੈਕਟ੍ਰਾਨਿਕ ਤੇ ਡਿਜੀਟਲ ਮਾਧਿਅਮ ਰਾਹੀਂ ਕਿਤੇ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਪਰ ਅਜਿਹਾ ਕੋਈ ਤਾਂ ਹੀ ਕਰੇਗਾ ਜੇ ਉਸ ਨੂੰ ਪਤਾ ਹੋਵੇਗਾ ਕਿ ਗੁਰਬਾਣੀ ਵਿਗਿਆਨਕ ਹੈ ਤੇ ਕਿਵੇਂ ਹੈ। ਇਸ ਸਮਝ ਦੇ ਅਭਾਵ ਵਿਚ ਬਹੁਤੇ ਸਿੱਖ ਮੋਹਰੀਆਂ ਅਤੇ ਵਿਦਵਾਨਾਂ ਕੋਲ ਸਾਧ ਸੁਭਾਵੀ ਸਿੱਖਾਂ ਨੂੰ ਗੁਮਰਾਹ ਕਰ ਕੇ ਭੜਕਾਉਣ ਦਾ ਕੰਮ ਹੀ ਰਹਿ ਗਿਆ ਜਾਪਦਾ ਹੈ ਤੇ ਉਹੀ ਉਹ ਕਰ ਰਹੇ ਹਨ।
ਲੇਖਕ ਅਕਾਲੀ ਧੜਿਆਂ ਅਤੇ ਪੰਥਕ ਧਿਰਾਂ ਦਾ ਜ਼ਿਕਰ ਵਾਰ-ਵਾਰ ਕਰਦਾ ਹੈ ਜਿਵੇਂ ਇਹ ਦੋ ਵੱਖ-ਵੱਖ ਪ੍ਰਕਾਰ ਦੇ ਸਿੱਖ ਹੋਣ ਪਰ ਉਹ ਇਨ੍ਹਾਂ ਵਿਚ ਫਰਕ ਵੀ ਨਹੀਂ ਦੱਸਦਾ। ਜੇ ਕੋਈ ਸਮਝੇ ਤਾਂ ਅਕਾਲੀ ਧੜਿਆਂ ਵਾਲੇ ਸਿੱਖ ਵੀ ਸਾਬਤ ਸਰੂਪ ਅੰਮ੍ਰਿਤਧਾਰੀ ਹਨ ਤੇ ਪੰਥਕ ਸਿੱਖ ਵੀ ਉਨ੍ਹਾਂ ਵਾਂਗ ਹੀ ਕਕਾਰਧਾਰੀ ਹਨ, ਫਿਰ ਉਹ ਪੰਥਕ ਸਿੱਖਾਂ ਨੂੰ ਅਕਾਲੀ ਧੜਿਆਂ ਵਾਲੇ ਸਿੱਖਾਂ ਤੋਂ ਘਟੀਆ ਤੇ ਨਿਕੰਮੇ ਸਿੱਖ ਕਿਉਂ ਸਮਝਦਾ ਹੈ? ਜੇ ਉਹ ਉਨ੍ਹਾਂ ‘ਤੇ ਖ਼ੁਦਗਰਜ਼ ਹੋਣ ਦਾ ਦੋਸ਼ ਲਾਉਂਦਾ ਹੈ ਤਾਂ ਕੀ ਗਰੰਟੀ ਹੈ ਕਿ ਪੰਥਕ ਧਿਰ ਵਾਲੇ ਲੋਕ ਅਜਿਹੇ ਦੋਸ਼ ਤੋਂ ਮੁਕਤ ਹਨ? ਉਨ੍ਹਾਂ ਦੇ ਆਪਣੇ ਹਿੱਤ ਵੀ ਤਾਂ ਹੋ ਸਕਦੇ ਹਨ ਜੋ ਉਹ ਆਪਣੇ ਪੱਖ ਵਿਚ ਖੇਤਰੀ ਪ੍ਰਭੂਸੱਤਾ ਹਾਸਲ ਕਰਨ ਲਈ ਅਕਾਲ ਤਖ਼ਤ ‘ਤੇ ਜੋ਼ਰ ਪਾ ਰਹੇ ਹਨ। ਜੇ ਉਨ੍ਹਾਂ ਦਾ ਦੂਜੇ ਸਿੱਖਾਂ ਨਾਲ ਕੋਈ ਮੱਤਭੇਦ ਹੈ ਵੀ ਤਾਂ ਉਹ ਸ਼੍ਰ਼ੋਮਣੀ ਕਮੇਟੀ ਦੀ ਚੋਣ ਵਿਚ ਸ਼ਾਮਲ ਹੋ ਕੇ ਉਸ ਨੂੰ ਜਮਹੂਰੀ ਢੰਗ ਨਾਲ ਦੂਰ ਕਰਨ। ਜੇ ਉਹ ਉਥੇ ਕਾਮਯਾਬ ਨਹੀਂ ਹੁੰਦੇ ਤਾਂ ਬਹੁਮਤ ਨੂੰ ਸਵੀਕਾਰ ਕਰਨ। ਸਭ ਸਿੱਖ ਸਿਆਸਤਦਾਨਾਂ ਨੇ ਬਹੁਮਤ ਦਾ ਹੀ ਰਾਹ ਅਪਣਾਇਆ ਹੈ। ਇੱਥੋਂ ਤੱਕ ਕਿ ਸੰਤ ਭਿੰਡਰਾਂਵਾਲੇ ਨੇ ਵੀ ਸ੍ਰ਼ੋਮਣੀ ਕਮੇਟੀ ਦੀ ਚੋਣ ਲੜੀ ਸੀ। ਫਿਰ ਇਹ “ਪੰਥਕ ਧਿਰਾਂ” ਵਾਲੇ ਸਿੱਖ ਆਪਣੇ ਆਪ ਨੂੰ ਬਹੁਮਤ ਤੋਂ ਉਪਰ ਕਿਉਂ ਸਮਝਦੇ ਹਨ?
ਲੇਖਕ ਦੀਆਂ ਅੱਡਰੀਆਂ ਅਤੇ ਭੜਕਾਊ ਗੱਲਾਂ ਪਿੱਛੇ ਪੂਰਵ-ਨਿਰਧਾਰਤ ਉਦੇਸ਼ ਛੁਪਿਆ ਲਗਦਾ ਹੈ। ਇਸ ਦਾ ਭੇਤ ਇਸ ਪ੍ਰਸ਼ਨ ਦੇ ਉਤਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਕੋਲੋਂ ਮੁਕਤ ਹੋ ਕੇ “ਖਾਲਸਾਈ ਪ੍ਰਭੂਸੱਤਾ” ਜਾਵੇਗੀ ਕਿਸ ਕੋਲ? ਲੇਖਕ ਅਨੁਸਾਰ ਇਹ ਸਮੂਹ ਸਿੱਖਾਂ ਕੋਲ ਨਹੀਂ ਜਾਵੇਗੀ ਭਾਵੇਂ ਇਸ ਦੀ ਪ੍ਰਾਪਤੀ ਵਿਚ ਸਭ ਸਿੱਖਾਂ ਦਾ ਯੋਗਦਾਨ ਹੋਵੇਗਾ। ਉਸ ਅਨੁਸਾਰ ਇਹ ਚੋਣਵੇਂ ਮੋਹਰੀ ਸਿੱਖਾਂ ਕੋਲ ਜਾਵੇਗੀ। ਸਰਬੱਤ ਖਾਲਸਾ ਦੇ ਕਰਤੱਵਾਂ ਨੂੰ ਆਪਣੇ ਢੰਗ ਨਾਲ ਬਿਆਨ ਕਰਦਾ ਹੋਇਆ ਉਹ ਖੁੱਲ੍ਹੇ ਸ਼ਬਦਾਂ ਵਿਚ ਕਹਿੰਦਾ ਹੈ ਕਿ ਸਰਬੱਤ ਖਾਲਸਾ ਇਸ ਨੂੰ ਪ੍ਰਾਪਤ ਕਰ ਕੇ ਚੁਣਿੰਦਾ ਖਾਲਸਾਈ ਸਿੱਖਾਂ ਦੇ ਹਵਾਲੇ ਕਰ ਦੇਵੇਗਾ; ਅਰਥਾਤ ਸਰਬੱਤ ਖਾਲਸੇ ਦੇ ਘਰੋ-ਘਰੀ ਚਲੇ ਜਾਣ ਤੋਂ ਬਾਅਦ ਸਿੱਖ ਪ੍ਰਭੂਸੱਤਾ ਨੂੰ ਇਕ ਖਾਲਸਾ ਆਲੀਗਾਰਕੀ ਸੰਭਾਲੇਗੀ। ਆਲੀਗਾਰਕੀ ਤੋਂ ਉਸ ਦਾ ਭਾਵ ਉਹੀ “ਪੰਥਕ ਧਿਰਾਂ” ਦੇ ਮੋਹਰੀ ਲੀਡਰ ਹਨ ਜੋ ਜਮਹੂਰੀਅਤ ਤੋਂ ਪਾਸਾ ਵੱਟਦੇ ਹਨ। ਉਹ ਇਹ ਨਹੀਂ ਸੋਚਦਾ ਕਿ ਸਿੱਖ ਤਾਂ ਇਕ ਸਦੀ ਪਹਿਲਾਂ ਤੋਂ ਹੀ ਆਪਣੇ ਮਸਲੇ ਲੋਕਤੰਤਰੀ ਢੰਗ ਨਾਲ ਚੁਣੀ ਸ਼੍ਰੋਮਣੀ ਕਮੇਟੀ ਰਾਹੀਂ ਸੰਭਾਲ ਰਹੇ ਹਨ। ਉਹ ਉਸ ਦੇ ਕਹਿਣ ‘ਤੇ ਮੁੜ ਐਲੋਗਾਰਕਿਕ ਵਿਵਸਥਾ (ਜੁੰਡਲੀ ਰਾਜ) ਵੱਲ ਕਿਉਂ ਮੁੜਨਗੇ? ਰਿਹਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਸਲਾ, ਸਿੱਖ ਇਸ ਨੂੰ ਵੀ ਸੰਵਿਧਾਨਕ ਉਪਚਾਰਾਂ ਰਾਹੀਂ ਆਪ ਹੱਲ ਕਰ ਲੈਣਗੇ। ਸ੍ਰ਼ੋਮਣੀ ਕਮੇਟੀ ਦੀਆਂ ਚੋਣਾਂ ਕਦੇ-ਕਦੇ ਲੇਟ ਜ਼ਰੂਰ ਹੋਈਆਂ ਹਨ ਪਰ ਇਸ ਕਮੇਟੀ ਨੂੰ ਕਦੇ ਕਿਸੇ ਨੇ ਭੰਗ ਤਾਂ ਨਹੀਂ ਕੀਤਾ। ਆਪਣੇ ਬਣਨ ਤੋਂ ਬਾਅਦ ਇਹ ਹਮੇਸ਼ਾ ਹੋਂਦ ਵਿਚ ਰਹੀ ਹੈ ਤੇ ਸਿੱਖ ਮਸਲਿਆਂ ਬਾਰੇ ਸਰਬਉਚ ਸ਼ਕਤੀ ਦਾ ਇਸਤੇਮਾਲ ਕਰਦੀ ਰਹੀ ਹੈ। ਇਸ ਤੋਂ ਤਾਂ ਇਹੀ ਸਮਝ ਵਿਚ ਆਉਂਦਾ ਹੈ ਕਿ ਜੇ ਇਰਾਦੇ ਸੰਕੁਚਿਤ ਨਾ ਹੋਣ ਤਾਂ ਸਿੱਖਾਂ ਦੀ ਇਸ ਪਾਰਲੀਮੈਂਟ ਦੇ ਦਾਇਰੇ ਤੋਂ ਬਾਹਰ ਕੋਈ ਪ੍ਰਭੂਸੱਤਾ ਨਹੀਂ ਰਹਿ ਜਾਂਦੀ।
ਇਸ ਲੇਖ ਵਿਚ ਇਸ ਸਮਝ ਦੀ ਘਾਟ ਹੈ ਕਿ 19ਵੀਂ ਸਦੀ ਦੀਆਂ ਗੱਲਾਂ ਇੱਕੀਵੀਂ ਸਦੀ ਵਿਚ ਨਹੀਂ ਚਲਦੀਆਂ। ਹੁਣ ਸਿਰਾਂ ਦਾ ਮੁੱਲ ਵੱਢ ਕੇ ਨਹੀਂ ਪਾਇਆ ਜਾਂਦਾ ਸਗੋਂ ਸਨਮਾਨ ਨਾਲ ਗਿਣ ਕੇ ਪਾਇਆ ਜਾਂਦਾ ਹੈ। ਲੋਕ ਰਾਇ ਨੂੰ ਪਾਲਿਆ ਜਾਂਦਾ ਹੈ ਤੇ ਮਤ-ਦਾਤਿਆਂ ਨੂੰ ਰਿਝਾਇਆ ਜਾਂਦਾ ਹੈ। ਇਹ ਸਿੱਖਿਆ ਅਤੇ ਗਿਆਨ ਦਾ ਜ਼ਮਾਨਾ ਹੈ ਜਿਸ ਵਿਚ ਤਰਕ ਤੇ ਦਲੀਲ ਤੋਂ ਕੰਮ ਲਿਆ ਜਾਂਦਾ ਹੈ। ਇਹ ਤੇਜ਼ ਤਰਾਰ ਮੀਡੀਆ ਤੇ ਪਾਰਦਰਸ਼ਤਾ ਦਾ ਜ਼ਮਾਨਾ ਹੈ ਜਿਸ ਵਿਚ ਕਿਸੇ ਨੂੰ ਵਧੇਰੇ ਦੇਰ ਤੱਕ ਹਨੇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਸਭ ਨੂੰ ਪਤਾ ਹੈ ਕਿ ਪੁਰਾਤਨ ਸਿੱਖ ਸੰਸਥਾਵਾਂ ਜਿਨ੍ਹਾਂ ਨੂੰ ਸਿੱਖ ਗੁਰੂਆਂ ਤੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਿਰਜਿਆ ਸੀ, ਹੁਣ ਸਿੱਖ ਇਤਿਹਾਸ ਦੇ ਮਾਣਮੱਤੇ ਵਿਰਸੇ ਦਾ ਭਾਗ ਹਨ। ਕਾਲ ਦੇ ਗੇੜ ਕਾਰਨ ਇਨ੍ਹਾਂ ਵਿਚੋਂ ਕਈ ਬਿਰਧ ਹੋ ਗਈਆਂ ਹਨ ਤੇ ਇਨ੍ਹਾਂ ਦੀ ਮਹਾਨਤਾ ਸੰਕੇਤਕ ਬਣ ਕੇ ਰਹਿ ਗਈ ਹੈ। ਇਹ ਕੇਵਲ ਸਨਮਾਨ ਦੀਆਂ ਪਾਤਰ ਹਨ ਕਿਉਂਕਿ ਇਨ੍ਹਾਂ ਨੂੰ ਉਸੇ ਹਾਲਤ ਵਿਚ ਮੁੜ ਕਾਰਜਸ਼ੀਲ ਨਹੀਂ ਕੀਤਾ ਜਾ ਸਕਦਾ ਤੇ ਕਰਨਾ ਵਾਜਿਬ ਵੀ ਨਹੀਂ। ਸਮੇਂ ਕਾਲ ਤੋਂ ਬਾਹਰ ਜਾ ਕੇ ਕਿਸੇ ਮਾਣਮੱਤੀ ਸੰਸਥਾ ਦੀ ਸ਼ਕਤੀ ਪਰਖਣਾ ਉਸ ਦਾ ਅਪਮਾਨ ਕਰਨ ਬਰਾਬਰ ਹੈ। ਉਸ ਦਾ ਤਾਂ ਹਰ ਹਾਲਤ ਵਿਚ ਸਨਮਾਨ ਹੀ ਕਰਨਾ ਬਣਦਾ ਹੈ ਜਿਵੇਂ ਬਹੁਤੇ ਸਿੱਖ ਸ਼ਰਧਾਪੂਰਵਕ ਕਰਦੇ ਰਹੇ ਹਨ। ਇਹ ਅਜਿਹਾ ਕਰੜਾ ਨਿਯਮ ਹੈ ਜੋ ਵਿਸ਼ੇਸ਼ ਸੰਸਥਾਵਾਂ ‘ਤੇ ਹੀ ਨਹੀਂ, ਕੁਦਰਤ ਦੀ ਹਰ ਸ਼ੈਅ ‘ਤੇ ਲਾਗੂ ਹੁੰਦਾ ਹੈ।
ਇਹ ਸਮੇਂ ਦਾ ਹੀ ਫਰਕ ਹੈ ਕਿ ਅੱਜ ਸਿੱਖਾਂ ਦੀ ਸਥਿਤੀ ਤਿੰਨ ਸਦੀਆਂ ਪਹਿਲਾਂ ਵਾਲੀ ਨਹੀਂ ਰਹਿ ਗਈ। ਅੱਜ ਸਿੱਖ ਵੱਖ-ਵੱਖ ਰਾਜਨੀਤਕ ਦਲਾਂ ਵਿਚ ਵੰਡੇ ਹੋਏ ਹਨ। ਕੁਝ ਅਕਾਲੀ, ਕੁਝ ਕਾਂਗਰਸੀ ਤੇ ਕੁਝ ਆਮ ਆਦਮੀ ਪਾਰਟੀ ਦੇ ਸਿੱਖ ਹਨ। ਕਈ ਸਿੱਖ ਤਾਂ ਭਾਰਤੀ ਜਨਤਾ ਪਾਰਟੀ ਵਿਚ ਵੀ ਹਨ ਜਿਸ ਨੂੰ ਅਖੌਤੀ ਤੌਰ ‘ਤੇ ਹਿੰਦੂਆਂ ਦੀ ਪਾਰਟੀ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਇਕ ਹੀ ਰਾਜਨੀਤਕ ਪਾਰਟੀ ਵਾਲੇ ਸਿੱਖਾਂ ਦੇ ਹਿੱਤ ਵੀ ਇਕ ਦੂਜੇ ਨਾਲ ਨਹੀਂ ਮਿਲਦੇ। ਲੇਖਕ ਖੁਦ ਵੀ ਸਿੱਖਾਂ ਦੇ ਇਸ ਵਖਰੇਵੇਂ ਨੂੰ ਮੰਨਦਾ ਹੈ। ਇਸ ਲਈ ਸਮੂਹ ਸਿੱਖਾਂ ਲਈ ਅਕਾਲ ਤਖ਼ਤ ਦਾ ਕੋਈ ਸਾਂਝਾ ਰਾਜਨੀਤਕ ਪ੍ਰੋਗਰਾਮ ਜਾਂ ਸੇਧ ਸੰਭਵ ਹੀ ਨਹੀਂ ਹੋ ਸਕਦਾ। ਕੇਵਲ ਧਰਮ ਦੀ ਸਾਂਝ ਕਾਰਨ ਉਨ੍ਹਾਂ ਨੂੰ ਅਕਾਲ ਤਖ਼ਤ ਰਾਹੀਂ ਰਾਜਨੀਤਕ ਤੌਰ ‘ਤੇ ਪ੍ਰਭਾਵਿਤ ਕਰਨ ਦਾ ਰੁਝਾਨ ਅਨੈਤਿਕ ਹੈ। ਜੋ ਲੋਕ ਅਕਾਲ ਤਖ਼ਤ ਤੋਂ ਰਾਜਨੀਤਕ ਹੁਕਮਨਾਮੇ ਜਾਰੀ ਕਰਾਉਣ ਦੀ ਸਲਾਹ ਦਿੰਦੇ ਹਨ, ਉਹ ਅਕਾਲ ਤਖ਼ਤ ਦੀ ਮਰਿਆਦਾ ਨੂੰ ਨਮੋਸ਼ੀ ਦੇ ਰਾਹ ਪਾਉਣ ਦਾ ਕੰਮ ਕਰਦੇ ਹਨ।
ਸ਼ਾਇਦ ਇਸੇ ਕਾਰਨ ਹੀ ਇਹ ਲੇਖ ਸਿੱਖਾਂ ਲਈ ਗੁਮਰਾਹਕੁਨ ਸਮੱਗਰੀ ਪੇਸ਼ ਕਰਦਾ ਹੈ। ਇਸ ਅਨੁਸਾਰ ਸਿੱਖਾਂ ਦੀ ਦੁਸ਼ਮਣ ਹਿੰਦੁਸਤਾਨੀ ਹਕੂਮਤ ਅਕਾਲ ਤਖ਼ਤ ਨੂੰ “ਢਾਹ ਲਾਉਣ” ‘ਤੇ ਤੁਲੀ ਹੋਈ ਹੈ; ਅਸਲੀਅਤ ਇਸ ਦੇ ਉਲਟ ਹੈ। ਇਸੇ ਹਿੰਦੁਸਤਾਨੀ ਸਰਕਾਰ ਦੇ ਆਲ੍ਹਾ ਮੰਤਰੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਸਹਿਚਾਰ ਭਰੀਆਂ ਬੰਦ ਕਮਰਾ ਮੀਟਿੰਗਾਂ ਕਰ-ਕਰ ਜਾਂਦੇ ਹਨ। ਪਿਛਲੇ ਇਕ-ਡੇਢ ਸਾਲ ਵਿਚ ਬਹੁਤ ਸਾਰੇ ਸਿੱਖ ਲੀਡਰ ਆਪੋ-ਆਪਣੀਆਂ ਪਾਰਟੀਆਂ ਛੱਡ ਕੇ ਉਸੇ ਹਿੰਦੁਸਤਾਨੀ ਹਕੂਮਤ ਵਾਲੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਤੇ ਉਸ ਦੇ ਸੋਹਲੇ ਗਾ ਰਹੇ ਹਨ। ਉਨ੍ਹਾਂ ਬਾਰੇ ਤਾਂ ਲੇਖਕ ਨੇ ਕਦੇ ਨਹੀਂ ਕਿਹਾ ਕਿ ਜਥੇਦਾਰ ਜੀ ਇਨ੍ਹਾਂ ਸਿੱਖ ਲੀਡਰਾਂ ਖਿ਼ਲਾਫ ਹੁਕਮਨਾਮਾ ਜਾਰੀ ਕਰੋ ਤਾਂ ਜੋ ਇਹ ਵਾਪਸ ਆ ਕੇ ਪੰਥਕ ਪਾਰਟੀ ਨਾਲ ਖੜ੍ਹਨ ਤੇ ਹਿੰਦੁਸਤਾਨ ‘ਤੇ ਰਾਜ ਕਰਦੀ “ਸਿੱਖਾਂ ਦੀ ਦੁਸ਼ਮਣ” ਪਾਰਟੀ ਵਿਰੁੱਧ ਲੜਨ। ਹਾਲ ਹੀ ਵਿਚ ਢਾਈ ਦਹਾਕੇ ਤੱਕ ਸ਼੍ਰੋਮਣੀ ਕਮੇਟੀ ‘ਤੇ ਕਬਜ਼ੇ ਵਾਲਾ ਅਕਾਲੀ ਦਲ ਇਸੇ ਅਖੌਤੀ “ਸਿੱਖਾਂ ਦੀ ਦੁਸ਼ਮਣ ਪਾਰਟੀ” ਦੀ ਭਾਈਵਾਲੀ ਨਾਲ ਰਾਜ ਕਰਦਾ ਰਿਹਾ ਹੈ। ਉਸ ਵੇਲੇ ਤਾਂ ਲੇਖਕ ਨੇ ਨਹੀਂ ਕਿਹਾ ਕਿ ਜਥੇਦਾਰ ਜੀ ਸਰਬੱਤ ਖਾਲਸਾ ਸੱਦੋ ਅਤੇ ਪੰਥਕ ਪਾਰਟੀ ਦੀ ਰਾਜ ਤੇ ਕੇਂਦਰ ਸਰਕਾਰ ਵਿਚੋਂ ਭਾਈਵਾਲੀ ਖਤਮ ਕਰਨ ਦਾ ਹੁਕਮ ਦਿਓ।
ਫਿਰ ਹੁਣ ਕੀ ਹੋ ਗਿਆ ਹੈ ਕਿ ਉਹ ਰਾਜਨੀਤਕ ਸਰਬੱਤ ਖਾਲਸਾ ਸੱਦਣ ਲਈ ਪੱਬਾਂ ਭਾਰ ਹੋ ਰਿਹਾ ਹੈ? ਸਭ ਨੂੰ ਪਤਾ ਹੈ ਕਿ ਅਕਾਲ ਤਖ਼ਤ ‘ਤੇ ਜਥੇਦਾਰ ਨਹੀਂ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਅਕਾਲ ਤਖ਼ਤ ਦਾ ਜਥੇਦਾਰ ਤਾਂ ਉਨ੍ਹਾਂ ਦਾ ਸੇਵਾਦਾਰ ਹੈ ਜਿਸ ਦਾ ਕੰਮ ਪੇਸ਼ ਹੋਏ ਮਸਲੇ ‘ਤੇ ਸ਼ਬਦ ਗੁਰੂ ਵਿਚੋਂ ਹੁਕਮਨਾਮਾ ਲੈ ਕੇ ਇਸ ਦਾ ਭਾਵ ਦੂਜੇ ਸਿੰਘ ਸਾਹਿਬਾਨ ਦੀ ਮਦਦ ਨਾਲ ਪ੍ਰਤਿਆਸ਼ੀ ਨੂੰ ਸਮਝਾ ਦੇਣਾ ਹੈ। ਸਭ ਕੁਝ ਜਾਣਦਾ ਹੋਇਆ ਵੀ ਲੇਖਕ ਅਜਿਹੇ ਕਾਰਜ ਲਈ ਅਕਾਲ ਤਖ਼ਤ ਦੇ ਜਥੇਦਾਰ ਦੇ ਪਿੱਛੇ ਕਿਉਂ ਪੈ ਰਿਹਾ ਹੈ ਜੋ ਉਸ ਦੇ ਅਧਿਕਾਰ ਖੇਤਰ ਵਿਚ ਹੈ ਹੀ ਨਹੀਂ? ਚੰਗਾ ਹੋਵੇ ਕਿ ਲੇਖਕ ਇਨ੍ਹਾਂ ਗੱਲਾਂ ਦਾ ਕਾਰਨ ਆਪ ਹੀ ਸਪੱਸ਼ਟ ਕਰੇ।