ਗੁਰਬਚਨ ਸਿੰਘ ਭੁੱਲਰ
(ਸੰਪਰਕ: +918076363058)
ਬਲਵੰਤ ਗਾਰਗੀ ਨੂੰ ਮੈਂ ਪਹਿਲੀ ਵਾਰ ਦੰਦਾਂ ਦੇ ਡਾਕਟਰ ਪਿਆਰਾ ਸਿੰਘ ਪਲਟਾ ਦੀ ਦੁਕਾਨ ਵਿਚ ਮਿਲਿਆ। ਦੁਕਾਨ ਚਲਦੀ ਨਹੀਂ ਸੀ। ਉਹਨੇ ਸੋਚਿਆ, ਲੋਕਾਂ ਉੱਤੇ ਰੁਅਬ ਜਮਾਉਣ ਲਈ ਫੋਨ ਸਹਾਈ ਰਹੇਗਾ। ਫੋਨ ਲੁਆ ਲਿਆ, ਪਰ ਅਜੇ ਕੁਨੈਕਸ਼ਨ ਨਹੀਂ ਸੀ ਮਿਲਿਆ।
ਦੁਕਾਨ ਵਿਚ ਆਏ ਮਰੀਜ਼ ਨੂੰ ਪ੍ਰਭਾਵਿਤ ਕਰਨ ਲਈ ਪਤਨੀ ਸਤਵੰਤ, ਜਿਸ ਨੂੰ ਉਹਨੇ ਨਰਸ ਵਾਲੀ ਵਰਦੀ ਪੁਆ ਦਿੱਤੀ ਸੀ, ਦੂਜੇ ਕਮਰੇ ਵਿਚ ਜਾ ਕੇ ਫੋਨ ਦੀ ਘੰਟੀ ਵਾਂਗ ਘੰਟੇ ਦਾ ਅਲਾਰਮ ਵਜਾ ਦਿੰਦੀ। ਉਹ ਬਹੁਤ ਰੁੱਝਿਆ ਹੋਇਆ ਡਾਕਟਰ ਹੋਣ ਦਾ ਦਿਖਾਵਾ ਕਰਨ ਵਾਸਤੇ ਫੋਨ ਚੁਕਦਾ ਅਤੇ ਅਣਹੋਂਦੇ ਤੇ ਅਣਸੁਣਦੇ ਮਰੀਜ਼ ਨਾਲ ਗੱਲਾਂ ਕਰਨ ਲਗਦਾ। ਇਕ ਦਿਨ ਇਕ ‘ਮਰੀਜ਼’ ਦੀ ਵਾਰ-ਵਾਰ ਦੀ ਬੇਚੈਨੀ ਤੇ ਕਾਹਲੀ ਦੀ ਪ੍ਰਵਾਹ ਨਾ ਕਰਦਿਆਂ ਉਹਨੇ ਕਿਸੇ ਹੋਰ ਮਰੀਜ਼ ਨਾਲ ਲੰਮੀ ਗੱਲਬਾਤ ਤੋਂ ਵਿਹਲਾ ਹੋ ਕੇ ਉਸ ਵੱਲ ਧਿਆਨ ਦੇਣ ਦੀ ਕਿਰਪਾ ਕੀਤੀ ਤਾਂ ਅੱਗੋਂ ਉਹ ਬੋਲਿਆ, ਜੀ ਮੈਂ ਤੁਹਾਡੇ ਇਸ ਨਵੇਂ ਫੋਨ ਦਾ ਕੁਨੈਕਸ਼ਨ ਦੇਣ ਆਇਆ ਹਾਂ! ‘ਡਾਕਟਰ ਪਲਟਾ’ ਸਾਡੀ ਸਕੂਲੀ ਪਾਠ-ਪੁਸਤਕ ਵਿਚ ਗਾਰਗੀ ਦਾ ਲਿਖਿਆ ਹੋਇਆ ਇਕਾਂਗੀ ਨਾਟਕ ਸੀ। ਉਸ ਉਮਰ ਦੀ ਅਕਲ ਅਨੁਸਾਰ ਵੀ ਇਸ ਨਾਟਕ ਦੀ ਕਹਾਣੀ ਸਿੱਧੀ ਸਮਝ ਆਉਣ ਵਾਲੀ ਸੀ ਅਤੇ ਬੋਲੀ ਆਮ ਬੋਲਚਾਲ ਵਾਲੀ ਸਰਲ ਸੀ। ਅਸੀਂ ਪਹਿਲਾਂ ਡਾਕਟਰ ਪਲਟਾ ਦੀ ਚਲਾਕੀ ਨੂੰ ਤੇ ਫੇਰ ਉਹਦੀ ਪਰੇਸ਼ਾਨੀ ਨੂੰ ਸੁਆਦ ਲੈ-ਲੈ ਪੜ੍ਹਦੇ ਤੇ ਇਕ ਦੂਜੇ ਨਾਲ ਸਾਂਝੀ ਕਰਦੇ।
ਇਹ ਗਾਰਗੀ ਦੀ ਸਾਹਿਤਕ ਜਾਦੂਗਰੀ ਹੀ ਸਮਝੋ ਕਿ ਅੱਜ ਵੀ ਇਹ ਨਾਟਕ ਚੇਤੇ ਆ ਕੇ ਮਨ ਵਿਚ ਕੁਤਕੁਤਾੜੀ ਕੱਢ ਜਾਂਦਾ ਹੈ। ਅੱਗੇ ਚੱਲ ਕੇ ਭਾਵੇਂ ਉਹਨੇ ਪੂਰੇ ਤੇ ਇਕਾਂਗੀ ਨਾਟਕ ਲਿਖੇ, ਕਹਾਣੀਆਂ, ਨਾਵਲ ਤੇ ਕਲਮੀ ਚਿੱਤਰ ਲਿਖੇ ਜਾਂ ਫੇਰ ਲੇਖ, ਆਦਿ ਕੁਝ ਹੋਰ ਲਿਖਿਆ, ਵਿਸ਼ੇ ਦਾ ਦਿਲਚਸਪ ਹੋਣਾ ਤੇ ਬੋਲੀ ਦਾ ਸਰਲ ਤੇ ਕਰਾਰੀ-ਟੁਣਕਾਰੀ ਹੋਣਾ ਉਹਦੇ ਮੀਰੀ ਗੁਣ ਰਹੇ। ਰਚਨਾ ਕਰਨੀ ਹੋਵੇ ਜਾਂ ਨਾਟਕ ਖੇਡਣਾ ਹੋਵੇ ਜਾਂ ਫੇਰ ਮਿਰਚ-ਮਸਾਲੇ ਵਾਲੀ ਮਾਂਹਾਂ ਦੀ ਦਾਲ ਬਣਾਉਣੀ ਹੋਵੇ, ਉਹ ਸੰਪੂਰਨਤਾਵਾਦੀ ਸੀ। ਘੱਟੋ-ਘੱਟ ਉਹ ਆਪਣੀ ਕੀਤੀ ਕਿਸੇ ਰਚਨਾ ਜਾਂ ਆਪਣੇ ਕੀਤੇ ਕਿਸੇ ਕੰਮ ਵਿਚ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਰਹਿਣ ਦੇਣੀ ਚਾਹੁੰਦਾ। ਪਾਠ-ਪੁਸਤਕ ਵਿਚੋਂ ਬਲਵੰਤ ਗਾਰਗੀ ਦਾ ਨਾਂ ਇਸ ਕਰਕੇ ਵੀ ਚੰਗਾ ਲਗਦਾ ਕਿ ਉਹ ਸਾਡੇ ਬਠਿੰਡੇ ਦਾ ਸੀ। ਹਾਂ, ਬਲਵੰਤ ਤਾਂ ਠੀਕ ਸੀ, ਗਾਰਗੀ ਜ਼ਰੂਰ ਜ਼ਨਾਨੀਆਂ ਵਾਲਾ ਨਾਂ ਲਗਦਾ। ਸਾਡੇ ਗਿਆਨੀ ਮਾਸਟਰ ਜੀ ਨੇ ਸਪੱਸ਼ਟ ਕੀਤਾ ਕਿ ਉਹ ਹੈ ਤਾਂ ਗਰਗ, ਪਰ ਲੇਖਕ ਹੋਣ ਕਰਕੇ ਆਪਣੇ ਨਾਂ ਨੂੰ ਹੋਰ ਗਰਗਾਂ ਨਾਲੋਂ ਵੱਖਰਾ ਦਿਖਾਉਣ ਵਾਸਤੇ ਗਾਰਗੀ ਲਿਖਣ ਲੱਗ ਪਿਆ ਹੈ।
ਉਹ ਵੱਡੇ ਲੇਖਕਾਂ ਤੋਂ ਬਿਨਾਂ ਬਾਕੀ ਹਮਾਤੜਾਂ ਨੂੰ ਜਾਣਦਿਆਂ ਹੋਇਆਂ ਵੀ ਇਕ-ਦੋ ਵਾਰ ਨਹੀਂ, ਵਾਰ-ਵਾਰ ਅਣਜਾਣਤਾ ਦਿਖਾਉਂਦਾ ਰਹਿੰਦਾ। ਡਾਕਟਰ ਪਲਟਾ ਦੇ ਉਲਟ ਉਹਦੀ ਸਾਹਿਤ ਦੀ ਦੁਕਾਨ ਖ਼ੂਬ ਚਲਦੀ ਹੋਣ ਦੇ ਬਾਵਜੂਦ ਉਹਨੂੰ ਇਉਂ ਡਾਕਟਰ ਪਲਟਾ ਬਣਨ ਦੀ ਲੋੜ ਪਤਾ ਨਹੀਂ ਕਿਉਂ ਪੈਂਦੀ ਸੀ! ਮੈਨੂੰ ਪਹਿਲੀ ਵਾਰ ਉਹ ਭਾਪਾ ਪ੍ਰੀਤਮ ਸਿੰਘ ਦੇ ਦਫ਼ਤਰ ਵਿਚ ਮਿਲਿਆ। ਕੌਫ਼ੀ ਪੀਂਦਿਆਂ ਕਿੰਨਾ ਚਿਰ ਬਠਿੰਡੇ ਦੇ ਇਲਾਕੇ ਦੀਆਂ ਗੱਲਾਂ ਹੁੰਦੀਆਂ ਰਹੀਆਂ। ਤਾਂ ਵੀ ਉਹ ਜਦੋਂ ਕਿਸੇ ਸਾਹਿਤਕ-ਸਭਿਆਚਾਰਕ ਇਕੱਠ ਵਿਚ ਮਿਲਦਾ, ਹਰ ਵਾਰ ਆਪਣੀ ਪਛਾਣ ਦੱਸਣੀ ਪੈਂਦੀ। ਫੇਰ ਇਕ ਅਜਿਹੀ ਘਟਨਾ ਵਾਪਰੀ ਜਿਸ ਪਿੱਛੋਂ ਉਹਨੇ ਮੇਰੀ ਪਛਾਣ ਦਾ ਭੁਲੇਖਾ ਕਦੇ ਨਾ ਖਾਧਾ, ਭਾਵੇਂ ਕਿ ਉਹ ਘਟਨਾ ਵਾਪਰਨ ਵੇਲੇ ਮੈਂ ਉਥੇ ਹਾਜ਼ਰ ਨਹੀਂ ਸੀ।
ਧੀਰ ਜੀ ਦਿੱਲੀ ਆਏ ਉਹਦੇ ਕੋਲ ਠਹਿਰਦੇ ਸਨ। ਮੇਰੇ ਨਾਲ ਦੋਸਤੀ ਬਣੀ ਤਾਂ ਉਹ ਮੇਰੇ ਕੋਲ ਠਹਿਰਨ ਲੱਗੇ। ਪਰ ਉਹ ਹਰ ਵਾਰ ਗਾਰਗੀ ਨੂੰ ਮਿਲਣ ਜ਼ਰੂਰ ਜਾਂਦੇ। ਉਹ ਤੁਰਨ ਲਗਦੇ ਤਾਂ ਗਾਰਗੀ ਆਖਦਾ, ‘ਮੇਰੇ ਕੋਲ ਰਹਿ, ਧੀਰ, ਕੀਹਦੇ ਕੋਲ ਜਾਣਾ ਹੈ ਤੂੰ ਹੁਣ?’ ਧੀਰ ਜੀ ਆਖਦੇ, ‘ਕੁਛ ਕੰਮ ਵੀ ਹੈ, ਮੈਂ ਭੁੱਲਰ ਕੋਲ ਰਹੂੰ।’ ਗਾਰਗੀ ਪੁਛਦਾ, ‘ਕੌਣ ਭੁੱਲਰ?’ ਧੀਰ ਜੀ ਨੇ ਦੋ ਵਾਰ ਸੁਣਿਆ, ਚਾਰ ਵਾਰ ਸੁਣਿਆ, ਆਖ਼ਰ ਪੁਰਾਣੇ ਜਾਣੂ ਸਨ, ਅੰਦਰਲੀ ਗੱਲ ਸਮਝ ਕੇ ਬੋਲੇ, ‘ਲਾਲਾ, ਲਾਲਾ, ਹਟ ਜਾ ਤੂੰ ਯਧਖਤੀਆਂ ਕਰਨੋਂ! ਜਾਣਦਾ ਨੀ ਤੂੰ ਭੁੱਲਰ ਨੂੰ? ਭੁੱਲਰ ਜਿਹੜਾ ਤੇਰੇ ਇਲਾਕੇ ਦਾ ਐ, ਕਹਾਣੀਆਂ ਲਿਖਦੈ, ਰੂਸੀ ਅੰਬੈਸੀ ਵਿਚ ਕੰਮ ਕਰਦੈ। ਜੀਹਨੂੰ ਤੂੰ ਪੰਜਾਹ ਵਾਰੀਂ ਮਿਲਿਐਂ। ਹੁਣ ਸਮਝ ਗਿਆ? ਯਾਦ ਰੱਖੀਂ ਹੁਣ, ਭੁੱਲਰ ਕੌਣ ਐ। ਜੇ ਫੇਰ ਇਹ ਚਬਰੀਕੀ ਕੀਤੀ, ਲਾਲਾ, ਮੈਂ ਤੈਨੂੰ ਹੇਠਾਂ ਸਿੱਟ ਕੇ ਕੰਨ ਉੱਤੇ ਗੋਡਾ ਫੇਰੂੰ!’ ਉਹ ਦਿਨ ਸੋ ਉਹ ਦਿਨ, ਮੁੜ ਕੇ ਕਦੇ ਉਹ ਮੈਨੂੰ ਧੀਰ ਜੀ ਦੀ ਗ਼ੈਰਹਾਜ਼ਰੀ ਵਿਚ ਵੀ ਨਹੀਂ ਸੀ ਭੁੱਲਿਆ।
ਉਹਦੀਆਂ ਬਹੁਤ ਘੱਟ ਰਚਨਾਵਾਂ ਤੜਕੇ ਤੋਂ ਵਿਰਵੀਆਂ ਹਨ। ਇਕ ਥਾਂ ਉਹ ਲਿਖਦਾ ਹੈ ਕਿ ਕਿਤੇ ਦਿੱਲੀ ਤੋਂ ਬਾਹਰ ਪ੍ਰੋਗਰਾਮ ਦੇ ਕੇ ਆਈ ਪਾਕਿਸਤਾਨੀ ਗਾਇਕਾ ਰੇਸ਼ਮਾ ਨੇ ਵਰ੍ਹਦੇ ਮੀਂਹ ਵਿਚ ਡੂੰਘੀ ਰਾਤ ਉਹਦਾ ਬੂਹਾ ਆ ਖੜਕਾਇਆ। ਪੜ੍ਹ ਕੇ ਮੈਂ ਹੈਰਾਨ ਹੋਇਆ ਕਿ ਰੇਸ਼ਮਾ ਦੀ ਭਾਰਤ-ਫੇਰੀ ਦੇ ਪ੍ਰਬੰਧਕ ਤੇ ਮੇਜ਼ਬਾਨ ਉਹਨੂੰ ਰਾਤ ਨੂੰ ਵਰ੍ਹਦੇ ਮੀਂਹ ਵਿਚ ਬਿਗਾਨੇ ਦੇਸ ਸੜਕ ਉੱਤੇ ਇਕੱਲੀ ਛੱਡ ਕੇ ਕਿਥੇ ਚਲੇ ਗਏ ਸਨ? ਤੇ ਜੇ ਭਲਾ ਉਹ ਚਲੇ ਹੀ ਗਏ ਸਨ, ਕੀ ਰੇਸ਼ਮਾ ਨੂੰ ਕੋਈ ਹੋਟਲ ਨਾ ਦਿੱਸਿਆ ਜੋ ਭੀੜੀ-ਹਨੇਰੀ ਗਲੀ ਦਾ ਗਾਰਾ ਮਿਧਦੀ ਅੱਧੀ ਰਾਤੀਂ ਵਰ੍ਹਦੇ ਮੀਂਹ ਵਿਚ ਗਾਰਗੀ ਦੇ ਘਰ ਆਈ! ਇਸੇ ਤਰ੍ਹਾਂ ਉਹ ਇਕ ਵਾਰ ਅਚਾਨਕ ਪ੍ਰਵੀਨ ਬਾਬੀ ਉਹਦੇ ਘਰ ਆ ਟਪਕੀ ਹੋਣ ਦਾ ਜ਼ਿਕਰ ਕਰਦਾ ਹੈ। ਉਹਦੇ ਇਕ ਬਹੁਤ ਨੇੜਲੇ ਮਿੱਤਰ ਨੇ ਭੇਤ ਦੀ ਗੱਲ ਦੱਸੀ, ਨਾ ਰੇਸ਼ਮਾ ਆਈ ਸੀ ਤੇ ਨਾ ਬਾਬੀ। ਉਹਨੇ ਇਕ ਗੁੱਝੀ ਗੱਲ ਹੋਰ ਦੱਸੀ। ਜਦੋਂ ਕਦੀ ਗਾਰਗੀ ਬੰਬਈ ਜਾਂਦਾ, ਆਪਣੇ ਕਿਸੇ ਫ਼ਿਲਮੀ ਦੋਸਤ ਨੂੰ ਕਿਸੇ ਵੀ ਹੋਣ ਵਾਲ਼ੀ ਪਾਰਟੀ ਦੇ ਸੱਦੇ ਦਾ ਪ੍ਰਬੰਧ ਕਰਨ ਲਈ ਆਖਦਾ। ਪਾਰਟੀ ਵਿਚ ਉਹ ਕਿਸੇ ਫੋਟੋਗ੍ਰਾਫਰ ਨੂੰ ਗੰਢਦਾ ਤੇ ਫੇਰ ਉਹਦਾ ਹੱਥ ਮਿਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਕਿਸੇ ਵੀ ਪਾਰਟੀ ਵਿਚ ਤੁਸੀਂ ਕਿਸੇ ਵੀ ਬੰਦੇ ਵੱਲ ‘ਹੈਲੋ, ਫ਼ਲਾਣਾ ਸਾਹਿਬ’ ਆਖ ਕੇ ਹੱਥ ਵਧਾ ਦਿਉ, ਉਹ ਮੁਸਕਰਾ ਕੇ ਹੱਥ ਤਾਂ ਮਿਲਾਵੇਗਾ ਹੀ! ਇਹ ਤਸਵੀਰਾਂ ਮਗਰੋਂ ‘ਬਾਵਕਤ ਜ਼ਰੂਰਤ’ ਕੰਮ ਆਉਂਦੀਆਂ ਰਹਿੰਦੀਆਂ ਸਨ।
ਗਾਰਗੀ ਨੂੰ ਗੁਰਮੁਖੀ ਚੱਜ ਨਾਲ਼ ਲਿਖਣੀ ਨਹੀਂ ਸੀ ਆਉਂਦੀ ਤੇ ਨਾ ਉਹਨੇ ਅੰਤ ਤੱਕ ਗੁਰਮੁਖੀ ਲਿਖਣ ਦਾ ਕੋਈ ਅਭਿਆਸ ਜਾਂ ਜਤਨ ਹੀ ਕੀਤਾ। ਪਹਿਲੇ ਦੋ ਕੁ ਨਾਟਕ ਉਹਨੇ ਸ਼ਾਹਮੁਖੀ ਲਿਪੀ ਵਿਚ ਲਿਖੇ ਤੇ ਕਿਸੇ ਹੋਰ ਤੋਂ ਗੁਰਮੁਖੀ ਵਿਚ ਲਿਖਵਾਏ। ਫੇਰ ਉਹ ਬੋਲ ਕੇ ਲਿਖਵਾਉਣ ਦੀ ਕਲਾ ਵਿਚ ਪੂਰਾ ਤਾਕ ਹੋ ਗਿਆ। ਅਨੇਕ ਵਿਧਾਵਾਂ ਵਿਚ ਉਹਨੇ ਜੋ ਏਨੀਆਂ ਪੁਸਤਕਾਂ ਰਚੀਆਂ, ਸਭ ਬੋਲ ਕੇ ਲਿਖਵਾਈਆਂ। ਉਹਦਾ ਲਿਖਾਰੀ ਰਿਹਾ ਅਮਰੀਕ ਗਿੱਲ ਆਪਣਾ ਅਨੁਭਵ ਇਉਂ ਬਿਆਨਦਾ ਹੈ, ‘ਅਸੀਂ ਤੜਕੇ ਉੱਠ ਕੇ ਕੰਮ ਕਰਦੇ। ਗਾਰਗੀ ਸਾਹਿਬ ਤਖ਼ਤਪੋਸ਼ ’ਤੇ ਚੌਕੜੀ ਮਾਰ ਕੇ ਮੇਜ਼ ਸਾਹਮਣੇ ਬੈਠ ਜਾਂਦੇ ਤੇ ਦੂਸਰੇ ਪਾਸੇ ਮੈਂ। ਉਹ ਲਿਖਣ ਲਈ ਮਹਿੰਗੇ ਸਫ਼ੈਦ ਕਾਗ਼ਜ਼ ਤੇ ਅਮਰੀਕਨ ਬਾਲ-ਪੈੱਨ ਹੀ ਵਰਤਦੇ। ਉਹ ਮੰਨਦੇ ਸਨ ਕਿ ਸਸਤੀ ਸਟੇਸ਼ਨਰੀ ਨਾਲ਼ ਸਸਤਾ ਸਾਹਿਤ ਹੀ ਲਿਖਿਆ ਜਾ ਸਕਦਾ ਹੈ। ਉਹ ਸਾਹਿਤ ਦੀ ਧੂਣੀ ਜਗਾਉਂਦੇ ਤਾਂ ਵਿਚਾਰਾਂ ਦਾ ਹੜ੍ਹ ਵਗ ਤੁਰਦਾ, ਸਿਰਜਣਾ ਦੀ ਸ਼ੂਕਦੀ ਨਦੀ। ਲੱਖਾਂ ਸ਼ਬਦ ਉਨ੍ਹਾਂ ਸਾਹਮਣੇ ਹੱਥ ਬੰਨ੍ਹੀ ਖੜ੍ਹੇ ਰਹਿੰਦੇ। ਤੇ ਉਹ ਆਪਣੀ ਮਰਜ਼ੀ ਨਾਲ਼ ਸ਼ਬਦ ਚੁਣਦੇ ਤੇ ਜੜਦੇ। ਸੰਵਾਦਾਂ ਨੂੰ ਬੋਲ-ਬੋਲ ਕੇ ਉਨ੍ਹਾਂ ਦੀ ਨਾਟਕੀਅਤਾ ਪਰਖਦੇ। ਇਕ ਸ਼ਬਦ ਨਾ ਜਚਦਾ ਤਾਂ ਉਹਨੂੰ ਕੱਢ ਦੂਸਰਾ ਚਿਣ ਕੇ ਵੇਖਦੇ। ਨਾਟਕੀ ਸੀਨਾਂ ਵਿਚ ਉਨ੍ਹਾਂ ਦਾ ਚਿਹਰਾ ਲਾਲ ਹੋ ਜਾਂਦਾ, ਗੱਲ੍ਹਾਂ ’ਤੇ ਹਲਕੀ ਜਿਹੀ ਕੰਬਣੀ ਤੇ ਸਰੀਰ ਵਿਚ ਕਦੀ-ਕਦੀ ਝੁਣਝੁਣਾਹਟ ਮਹਿਸੂਸ ਕਰਦੇ। ਉਨ੍ਹਾਂ ਨੂੰ ਹਰ ਸ਼ਬਦ ਦੀ ਸ਼ਕਤੀ ਤੇ ਵਜ਼ਨ ਦਾ ਗਿਆਨ ਸੀ।’
ਸ਼ਬਦਾਂ ਦਾ ਇਹ ਪਾਰਖੀ ਉਨ੍ਹਾਂ ਦੀ ਟੁਣਕਾਰ ਸੁਣ ਸਕਦਾ ਸੀ, ਉਨ੍ਹਾਂ ਨੂੰ ਰਗੜ ਕੇ ਚੰਗਿਆੜੇ ਕੱਢ ਸਕਦਾ ਸੀ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਮਹਿਸੂਸ ਕਰ ਵੀ ਸਕਦਾ ਸੀ ਤੇ ਕਰਵਾ ਵੀ ਸਕਦਾ ਸੀ। ਪਰ ਉਹ ਵੇਗਵਾਨ ਨਦੀ ਦੇ ਵਹਿਣ ਵਰਗੀ ਜਿੰਨੀ ਖ਼ੂਬਸੂਰਤ ਪੰਜਾਬੀ ਲਿਖਦਾ ਸੀ, ਬੁਲਾਰੇ ਵਜੋਂ ਓਨਾ ਹੀ ਸੰਕੋਚਵਾਂ-ਸੁੰਗੜਵਾਂ ਸੀ। ਉਹ ਕਾਨਫ਼ਰੰਸਾਂ ਵਿਚ ਬਹੁਤ ਘੱਟ ਬੋਲਣ ਬਾਰੇ ਤੇ ਭਾਸ਼ਨ ਦੇਣ ਤੋਂ ਝਿਜਕਣ ਬਾਰੇ ਇਕਬਾਲ ਕਰਦਿਆਂ ਦਸਦਾ ਹੈ ਕਿ ਅਜਿਹਾ ਕਿਸੇ ਨਿਮਰਤਾ ਕਾਰਨ ਨਹੀਂ ਸਗੋਂ ਇਸ ਲਈ ਹੈ ਕਿ ਉਹ ਭਾਸ਼ਨ ਦੇ ਹੀ ਨਹੀਂ ਸਕਦਾ। ਇਕ ਵਾਰ ਪ੍ਰਬੰਧਕਾਂ ਨੇ ਉਹਦੇ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਬੋਲਣ ਤੋਂ ਨਾਂਹ-ਨੁੱਕਰ ਕਰਦੇ ਗਾਰਗੀ ਨੂੰ ਜ਼ਬਰਦਸਤੀ ਧੱਕ ਕੇ ਮੰਚ ਉੱਤੇ ਖੜ੍ਹਾ ਕਰ ਦਿੱਤਾ। ਉਹਦੇ ਆਪਣੇ ਸ਼ਬਦਾਂ ਵਿਚ ਉਹਦੀਆਂ ਲੱਤਾਂ ਕੰਬਣ ਲੱਗੀਆਂ, ਬੁੱਲ੍ਹ ਫਰਕਣ ਲੱਗੇ, ਰੰਗ ਪੀਲਾ-ਜ਼ਰਦ ਹੋ ਗਿਆ ਤੇ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ! ਮੇਰੇ ਦੇਖਦਿਆਂ ਇਕ ਵਾਰ ਉਹਨੂੰ ਇਕ ਵੱਡੀ ਪੰਜਾਬੀ ਸਾਹਿਤਕ ਕਾਨਫ਼ਰੰਸ ਦੇ ਨਾਟਕ ਸੰਬੰਧੀ ਸੈਸ਼ਨ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ ਗਈ। ਉਹ ਬੱਤਖ਼ ਵਾਂਗ ਮਟਕ-ਮਟਕ ਤੁਰਦਾ ਮਾਈਕ ਕੋਲ ਗਿਆ ਤੇ ‘ਮੈਂ ਇਸ ਸੈਸ਼ਨ ਦਾ ਉਦਘਾਟਨ ਕਰਦਾ ਹਾਂ’ ਆਖ ਕੇ ਸਹਿਜ ਨਾਲ ਉਸੇ ਚਾਲ ਚਲਦਾ ਕੁਰਸੀ ਉੱਤੇ ਆ ਬੈਠਾ। ਮੇਰਾ ਲੱਖਣ ਹੈ ਕਿ ਸੰਸਾਰ ਦਾ ਸਭ ਤੋਂ ਛੋਟਾ ਭਾਸ਼ਨ ਦੇਣ ਦਾ ਗਾਰਗੀ ਦਾ ਇਹ ਰਿਕਾਰਡ ਕੋਈ ਵਿਦਵਾਨ, ਕੋਈ ਪ੍ਰੋਫ਼ੈਸਰ, ਕੋਈ ਲੇਖਕ ਅਜੇ ਤੱਕ ਤਾਂ ਤੋੜ ਨਹੀਂ ਸਕਿਆ ਹੋਣਾ!
ਗਾਰਗੀ ਦਾ ਜੱਦੀ-ਪੁਸ਼ਤੀ ਪਰਿਵਾਰਕ ਘਰ ਬਠਿੰਡਾ ਸ਼ਹਿਰ ਵਿਚ ਸੀ, ਕਿਲ਼ੇ ਦੇ ਨੇੜੇ। ਇਹ ਉਹੋ ਕਿਲ਼ਾ ਹੈ ਜਿਥੇ ਬੰਦੀ ਬਣਾਈ ਗਈ ਸੁਲਤਾਨ ਰਜ਼ੀਆ ਰੱਸਿਆਂ ਨਾਲ ਲਮਕ ਕੇ ਬਚ ਨਿੱਕਲੀ ਸੀ। ਇਸੇ ਕਰਕੇ ਗਾਰਗੀ ਨੇ ‘ਸੁਲਤਾਨ ਰਜ਼ੀਆ’ ਨਾਟਕ ਲਿਖਿਆ। ਉਹਦਾ ਨਹਿਰੀ ਕਲਰਕ ਪਿਤਾ ਸ਼ਿਵ ਦਿਆਲ ਲੰਮਾ ਸਮਾਂ ਪਿੰਡ ਸ਼ਹਿਣੇ ਦੀ ਨਹਿਰੀ ਕੋਠੀ ਵਿਚ ਰਹਿੰਦਾ ਰਿਹਾ। ਗਾਰਗੀ ਨੇ ਪ੍ਰਾਇਮਰੀ ਵੀ ਸ਼ਹਿਣੇ ਦੇ ਸਕੂਲੋਂ ਹੀ ਪਾਸ ਕੀਤੀ। ਨਾਨਕੇ ਉਹਦੇ ਤਪਾ ਮੰਡੀ ਸਨ। ਸਾਡੇ ਇਲਾਕੇ ਵਿਚ ਔਰਤਾਂ ਜਣੇਪਾ ਆਮ ਕਰ ਕੇ ਪੇਕੀਂ ਹੀ ਕਰਦੀਆਂ ਸਨ। ਗਾਰਗੀ ਦੇ ਨਾਨਕੇ ਪਰਿਵਾਰ ਨਾਲ਼ ਨੇੜ ਤੋਂ ਇਲਾਵਾ ਗਾਰਗੀ ਨਾਲ ਐਸ. ਤਰਸੇਮ ਦੀ ਰਿਸ਼ਤੇਦਾਰੀ ਵੀ ਸੀ। ਗਾਰਗੀ ਦੀ ਭੈਣ ਦੁਆਰਕੀ ਉਹਦੇ ਤਾਏ ਦੇ ਪੁੱਤਰ ਸੱਤਪਾਲ ਨੂੰ ਵਿਆਹੀ ਹੋਈ ਸੀ। ਤਰਸੇਮ ਦਸਦਾ ਸੀ ਕਿ ਗਾਰਗੀ ਦੀ ਮਾਮੀ ਇਕ ਕਮਰੇ ਵੱਲ ਹੱਥ ਕਰ ਕੇ ਆਖਿਆ ਕਰਦੀ ਸੀ, ‘ਔਸ ਕਮਰੇ ਵਿਚ ਮੇਰੀ ਨਨਾਣ ਪੁੰਨੀ ਨੇ ਬਲਵੰਤ ਨੂੰ ਜਨਮ ਦਿੱਤਾ ਸੀ।’
ਬਾਬੂ ਸ਼ਿਵ ਦਿਆਲ ਸੇਵਾ-ਮੁਕਤ ਹੋਣ ਤੋਂ ਪਹਿਲਾਂ ਹੀ ਚਲਾਣਾ ਕਰ ਗਿਆ ਤਾਂ ਨਹਿਰੀ ਮਹਿਕਮੇ ਨੇ ਨੇਮਾਂ-ਅਨੁਸਾਰ ਉਹਦੇ ਚਾਰਾਂ ਪੁੱਤਰਾਂ ਵਿਚੋਂ ਪੜ੍ਹਿਆ ਹੋਇਆ ਹੋਣ ਕਰਕੇ ਬਲਵੰਤ ਨੂੰ ਕਾਨੂੰਗੋ ਲਾਉਣ ਦੀ ਪੇਸ਼ਕਸ਼ ਕੀਤੀ ਜੋ ਉਹਨੇ ਰੱਦ ਕਰ ਦਿੱਤੀ। ਇਕ ਸ਼ਹਿਰੀ ਮੁਲਾਜ਼ਮ ਦੇ ਘਰ ਪੈਦਾ ਹੋਇਆ ਹੋਣ ਸਦਕਾ ਉਹਨੂੰ ਅੱਗੇ ਵਧਣ ਲਈ ਸਾਡੇ ਇਲਾਕੇ ਦੇ ਆਮ ਮੁੰਡਿਆਂ ਨਾਲੋਂ ਵੱਧ ਸਹੂਲਤਾਂ ਤੇ ਮੌਕੇ ਹਾਸਲ ਸਨ। ਅੰਗਰੇਜ਼ੀ ਦੀ ਐਮ. ਏ. ਉਹਨੇ ਸਰਕਾਰੀ ਕਾਲਜ ਲਾਹੌਰ ਤੋਂ ਤੇ ਰਾਜਨੀਤੀ-ਸ਼ਾਸਤਰ ਦੀ ਐਮ. ਏ. ਪ੍ਰਸਿੱਧ ਐਫ਼. ਸੀ. ਕਾਲਜ ਲਾਹੌਰ ਤੋਂ ਕੀਤੀ। ਲਾਹੌਰ ਉਸ ਸਮੇਂ ਸਾਂਝੇ ਪੰਜਾਬ ਦੀ ਰਾਜਧਾਨੀ ਹੀ ਨਹੀਂ, ਸਾਹਿਤ-ਸਭਿਆਚਾਰ ਦਾ ਇਕ ਵੱਡਾ ਕੇਂਦਰ ਵੀ ਸੀ। ਕਹਾਵਤ ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’ ਉਸ ਸਮੇਂ ਦੇ ਲਾਹੌਰ ਦੇ ਮਹੱਤਵ ਨੂੰ ਹੀ ਪ੍ਰਗਟਾਉਂਦੀ ਹੈ। ਦੇਸ ਦੀ ਵੰਡ ਮਗਰੋਂ ਉਹ ਦਿੱਲੀ ਪਹੁੰਚ ਗਿਆ ਜੋ ਦੇਸ ਦੀ ਰਾਜਧਾਨੀ ਹੋਣ ਤੋਂ ਇਲਾਵਾ ਪਹਿਲਾਂ ਹੀ ਸਾਹਿਤ ਤੇ ਸਭਿਆਚਾਰ ਦਾ ਲਾਹੌਰ ਤੋਂ ਵੀ ਵੱਡਾ ਕੇਂਦਰ ਸੀ ਅਤੇ ਵੰਡ ਦੀ ਮਾਰ ਕਾਰਨ ਆਏ ਇਨ੍ਹਾਂ ਖੇਤਰਾਂ ਦੇ ਨਾਮੀ ਲੋਕਾਂ ਨਾਲ ਇਸ ਪੱਖੋਂ ਹੋਰ ਵੀ ਮਹੱਤਵਪੂਰਨ ਹੋ ਗਿਆ ਸੀ। ਉਹ ਲਿਖਦਾ ਹੈ ਕਿ ਅੰਗਰੇਜ਼ੀ ਸਾਹਿਤ ਤੇ ਪੁਲਿਟੀਕਲ ਸਾਇੰਸ ਦੀਆਂ ਐਮ. ਏ. ਕੀਤੀਆਂ ਸੀ ਤਾਂ ਕਿਤੇ ਪ੍ਰੋਫ਼ੈਸਰ ਲਗਦਾ, ਕਿਤੇ ਤਸੀਲਦਾਰ ਲਗਦਾ, ਪਰ ਮੈਂ ਪੰਜਾਬੀ ਚੁਣੀ ਤੇ ਕੁੱਲ-ਵਕਤੀ ਲੇਖਕ ਬਣ ਕੇ ਇਸੇ ਸਹਾਰੇ ਜੀਵਨ ਬਿਤਾਉਣ ਦਾ ਰਾਹ ਚੁਣਿਆ। ਉਹਨੇ ਕਦੀ-ਕਦਾਈਂ ਮਿਲਣ ਵਾਲੀਆਂ ਰਾਇਲਟੀਆਂ ਤੇ ਟੁੱਟਵੀਆਂ ਨੌਕਰੀਆਂ ਦੇ ਸਹਾਰੇ ਬਾਦਸ਼ਾਹੀ ਵੀ ਬਥੇਰੀ ਭੋਗੀ ਤੇ ਅਨੇਕ ਵਾਰ ਤੰਗੀ-ਤੁਰਸ਼ੀ ਦਾ ਸਾਹਮਣਾ ਵੀ ਕੀਤਾ।
ਪੰਜਾਬੀ ਦੇ ਪੱਖੋਂ ਉਹ ਆਪਣੇ ਆਪ ਨੂੰ ਬੇਝਿਜਕ ਹੋ ਕੇ ‘ਅਣਪੜ੍ਹ’ ਆਖਦਾ ਸੀ ਜਿਸ ਨੇ ਮਾਲਵੇ ਦੀ ਪੇਂਡੂ ਬੋਲੀ ਇਸ ਲਈ ਵਰਤੀ ਕਿ ਉਸ ਨੂੰ ਹੋਰ ਕੋਈ ਬੋਲੀ ਨਹੀਂ ਸੀ ਆਉਂਦੀ। ‘ਅਣਪੜ੍ਹ’ ਗਾਰਗੀ ਵਰਗੀ ਪੰਜਾਬੀ ‘ਪੜ੍ਹੇ-ਲਿਖੇ’ ਲੇਖਕਾਂ ਵਿਚੋਂ ਵੀ ਕਿਸੇ ਵਿਰਲੇ ਨੂੰ ਹੀ ਭਾਵੇਂ ਨਸੀਬ ਹੋਈ ਹੋਵੇ। ਉਹਦੀ ਮਘਦੀ-ਦਗਦੀ ਪੰਜਾਬੀ ਨਿੱਘ ਵੀ ਦਿੰਦੀ ਹੈ ਤੇ ਚਾਨਣ ਵੀ ਕਰਦੀ ਹੈ। ਉਹ ਦਸਦਾ ਸੀ ਕਿ ਮਾਂ ਨੇ ਚਾਰਾਂ ਪੁੱਤਾਂ ਨੂੰ ਡੇਰੇ ਵਾਲੇ ਸਾਧ ਆਤਮਾ ਨੰਦ ਸਾਹਮਣੇ ਖੜ੍ਹੇ ਕਰ ਕੇ ਪੁੱਛਿਆ ਸੀ, ‘ਮਹਾਰਾਜ, ਇਨ੍ਹਾਂ ਵਿਚੋਂ ਕਿਹੜੇ ਦੇ ਢਿੱਡ ਵਿਚ ਅੱਖਰ ਪੈਣਗੇ?’ ਜਟਾਧਾਰੀ ਸਾਧ ਨੇ ਚਾਰਾਂ ਮੁੰਡਿਆਂ ਨੂੰ ਘੋਖਿਆ ਤੇ ਬਲਵੰਤ ਵੱਲ ਉਂਗਲ ਕਰ ਦਿੱਤੀ। ਗਾਰਗੀ ਲਿਖਦਾ ਹੈ, ‘ਜੇ ਸਾਧ ਦੀ ਉਂਗਲ ਕਿਸੇ ਦੂਜੇ ਉੱਤੇ ਟਿਕ ਜਾਂਦੀ ਤਾਂ ਬਲਵੰਤ ਗਾਰਗੀ ਹੁਣ ਲਾਲਾ ਬਲਵੰਤ ਰਾਏ ਐਂਡ ਸਨਜ਼ ਬਣ ਕੇ ਬਠਿੰਡੇ ਦੀ ਸੱਟਾ ਮੰਡੀ ਵਿਚ ਬੈਠਾ ਹੁੰਦਾ।’ ਸਾਧ ਆਤਮਾ ਨੰਦ ਦੀ ਕੀਤੀ ਚੋਣ ਉੱਤੇ ਫੁੱਲ ਚੜ੍ਹਾਉਂਦਿਆਂ ਮਾਂ ਬਲਵੰਤ ਨੂੰ ਨਿਹੰਗ ਸਿੰਘਾਂ ਦੇ ਡੇਰੇ ਲੈ ਗਈ ਤੇ ਫ਼ਤਿਹ ਬੁਲਾ ਕੇ ਕਾਕੇ ਨੂੰ ਗੁਰਮੁਖੀ ਸਿਖਾਉਣ ਦੀ ਬੇਨਤੀ ਕੀਤੀ।
ਨਿਹੰਗ ਸਿੰਘ ਨੇ ਰੇਤੇ ਉੱਤੇ ਡਾਂਗ ਨਾਲ ੳ ਪਾ ਕੇ ਇਹਨੂੰ ਯਾਦ ਕਰਨ ਲਈ ਕਿਹਾ। ਭੁੰਜੇ ਬੈਠੇ ਗਾਰਗੀ ਨੇ ਸਿਰ ਚੁੱਕ ਕੇ ਲੰਮੇ-ਉੱਚੇ ਨਿਹੰਗ ਸਿੰਘ ਨੂੰ ਦੇਖਿਆ ਤਾਂ ਇਹਨੂੰ ਉਹਦੀ ਦਾੜ੍ਹੀ ਅਤੇ ਬਹੁਤ ਉੱਚਾ ਦੁਮਾਲਾ ਇਕ ਬਹੁਤ ਵੱਡਾ ੳ ਜਾਪਿਆ। ਅਗਲੇ ਪਾਠ ਵਜੋਂ ਨਿਹੰਗ ਸਿੰਘ ਨੇ ਇਹਦੀ ਉਂਗਲ ਫੜ ਕੇ ਰੇਤੇ ਉੱਤੇ ਚਲਾਈ ਅਤੇ ਏਕਾ ਤੇ ਊੜਾ ਇਕਓਂਕਾਰ ਪਾ ਕੇ ਆਖਿਆ, ‘ਸਾਰੇ ਅੱਖਰ ਇਸ ਵਿਚੋਂ ਹੀ ਨਿੱਕਲੇ ਨੇ। ਇਸ ਨੂੰ ਯਾਦ ਕਰ ਲੈ ਤੇ ਸਾਰਾ ਕੁਸ਼ ਯਾਦ ਹੋ ਜੂ। ਸਾਡੇ ਬਚਨ-ਬਲਾਸ ਯਾਦ ਰੱਖੀਂ। ਗੁਰੂ ਭਲੀ ਕਰੂ।’ ਗੁਰੂ ਨੇ ਸੱਚਮੁੱਚ ਭਲੀ ਕੀਤੀ। ਨਿਹੰਗ ਸਿੰਘ ਦਾ ਪੜ੍ਹਾਇਆ ਇਹ ਪਾਠਾਂ-ਸਿਰ-ਪਾਠ ਪੜ੍ਹਨ ਮਗਰੋਂ ਉਹਨੂੰ ਅੱਗੇ ਹੋਰ ਗੁਰਮੁਖੀ ਜਾਂ ਪੰਜਾਬੀ ਪੜ੍ਹਨ-ਸਿੱਖਣ ਦੀ ਕੋਈ ਲੋੜ ਹੀ ਨਾ ਰਹੀ! ਉਹਨੇ ਸਾਧ ਆਤਮਾ ਨੰਦ ਤੇ ਨਿਹੰਗ ਸਿੰਘ ਦੇ ਬਚਨਾਂ ਦੀ ਲਾਜ ਰੱਖੀ ਤੇ ਪੰਜਾਬੀ ਲੇਖਕਾਂ ਵਿਚ ਏਨੇ ਉੱਚੇ ਮਰਾਤਬੇ ਤੱਕ ਪਹੁੰਚਿਆ। ਨਿਹੰਗ ਦੇ ਡਾਂਗ ਵਾਲ਼ੇ ੳ ਤੱਕ ਗੁਰਮੁਖੀ ਪੜ੍ਹਿਆ ਹੋਇਆ ਗਾਰਗੀ ਕੱਚੀ ਉਮਰ ਦੇ ਗਿਣਵੇਂ ਸਾਲਾਂ ਵਿਚ ਕੰਜੂਸ ਬਾਣੀਏ ਵਾਂਗ ਪੰਜਾਬੀ ਸ਼ਬਦਾਂ ਦੀ ਕਿੰਨੀ ਵੱਡੀ ਪੂੰਜੀ ਜੋੜ ਲਿਆਇਆ ਸੀ, ਉਹਦੀਆਂ ਲਿਖਤਾਂ ਨੂੰ ਪੜ੍ਹਿਆਂ ਹੀ ਜਾਣਿਆ ਜਾ ਸਕਦਾ ਹੈ।
ਬਠਿੰਡੇ ਦੇ ਇਲਾਕੇ ਦੇ ਕੱਕੇ ਰੇਤੇ ਨਾਲ ਖੇਡਦਿਆਂ ਬਚਪਨ ਵਿਚ ਹੋਇਆ ਪਿਆਰ ਗਾਰਗੀ ਨੇ ਅੰਤਲੇ ਸਾਹ ਤੱਕ ਨਿਭਾਇਆ। ਇਸੇ ਕੱਕੇ ਰੇਤੇ ਉੱਤੇ ਪਾਠ ਪੜ੍ਹਾ ਕੇ ਨਿਹੰਗ ਸਿੰਘ ਨੇ ਇਹ ਪਿਆਰ-ਤੰਦਾਂ ਅਟੁੱਟ ਬਣਾ ਦਿੱਤੀਆਂ। ਇਸੇ ਮੋਹ ਸਦਕਾ ਉਹਨੇ ਆਪਣੇ ਪਹਿਲੇ ਨਾਵਲ ਦਾ ਨਾਂ ‘ਕੱਕਾ ਰੇਤਾ’ ਰੱਖਿਆ। ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਵਿਚ ਹੁੰਦਾ ਤੇ ਭਾਵੇਂ ਉਹ ਕਿੰਨੇ ਸਾਲ ਬਠਿੰਡੇ ਦਾ ਗੇੜਾ ਨਾ ਮਾਰ ਸਕਦਾ, ਉਹਦੇ ਪੈਰ ਇਸੇ ਰੇਤੇ ਉੱਤੇ ਹੀ ਤੁਰਦੇ! ਵਾਸ਼ਿੰਗਟਨ, ਮਾਸਕੋ, ਪੈਰਿਸ ਤੇ ਲੰਡਨ ਦੀਆਂ ਸੜਕਾਂ ਉੱਤੇ ਘੁੰਮਦਿਆਂ ਉਹਨੂੰ ਪੈਰਾਂ ਹੇਠ ਇਹੋ ਰੇਤਾ ਵਿਛਿਆ ਮਹਿਸੂਸ ਹੁੰਦਾ! ਮਾਂ, ਜੋ ਆਪ ਸਕੂਲੀ ਪੱਖੋਂ ਅਣਪੜ੍ਹ ਸੀ, ਪਰ ਜੀਹਨੂੰ ਏਨੀ ਪੰਜਾਬੀ ਆਉਂਦੀ ਸੀ ਕਿ ਗਾਰਗੀ ਬੋਲੀ ਦੀਆਂ ਬਰੀਕੀਆਂ ਤੇ ਘੁੰਡੀਆਂ ਉਹਤੋਂ ਸਿੱਖ ਸਕੇ, ਬਲਵੰਤ ਦੀ ਥਾਂ ਉਹਨੂੰ ਸਾਰੀ ਉਮਰ ਬਲੰਤ ਆਖ ਕੇ ਹੀ ਬੁਲਾਉਂਦੀ ਰਹੀ। ਜੇ ਹੋਰ ਜਿਉਂਦੀ ਰਹਿੰਦੀ ਤਾਂ ਸ਼ਾਇਦ ਉਹ ਬਲੰਤ ਦੀ ਬੁਲੰਦੀ ਦੇਖ ਕੇ ਇਹਨੂੰ ਚਲੰਤ ਕਹਿਣ ਵਿਚ ਮਾਣ ਮਹਿਸੂਸ ਕਰਦੀ।
ਮੈਂ ਜਿਸ ਨੂੰ ਪਰਖਣਾ ਜਾਂ ਅਜ਼ਮਾਉਣਾ ਕਹਿਣ ਲੱਗ ਪਿਆ ਹਾਂ, ਉਹ ਪਰਤਿਆਉਣਾ ਲਿਖਦਾ ਹੈ। ਲੱਕੜ ਵਿਚ ਛੇਕ ਕਰਨ ਨੂੰ ਉਹ ਸੱਲ ਕੱਢਣਾ ਆਖਦਾ ਹੈ। ਉਹ ਵਸਤਰਾਂ ਨੂੰ ਭੋਛਣ, ਟੀਕੇ ਨੂੰ ਸੂਆ ਤੇ ਚੌਥਾ ਬੱਚਾ ਜੰਮਣ ਨੂੰ ਚੌਥਾ ਸੂਆ ਪੈਣਾ ਕਹਿੰਦਾ ਹੈ। ਇਕ ਪਾਠਕ ਦੇ ਸਵਾਲ ‘ਤੁਸੀਂ ਦਿੱਲੀ ਬੈਠੇ ਪਿੰਡਾਂ ਬਾਰੇ ਕਿਵੇਂ ਲਿਖ ਲੈਂਦੇ ਓ’ ਦੇ ਜਵਾਬ ਵਿਚ ਉਹ ਕਹਿੰਦਾ ਹੈ, ‘ਪੰਜਾਬੀ ਖਾਣਾ, ਪੰਜਾਬੀ ਜੱਫੀਆਂ, ਪੰਜਾਬੀ ਗੀਤ। ਇਕ ਵਾਰ ਬੰਦਾ ਪਿੰਡ ਵਿਚ ਜੰਮਿਆ ਹੋਵੇ, ਫਿਰ ਭਾਵੇਂ ਉਸ ਨੂੰ ਜੇਲ੍ਹ ਭੇਜ ਦੇਵੋ ਭਾਵੇਂ ਅਮਰੀਕਾ, ਉਹ ਪੰਜਾਬੀ ਨਹੀਂ ਭੁੱਲ ਸਕਦਾ। ਪੰਜਾਬੀ ਸਾਡੇ ਬੁੱਲ੍ਹਾਂ ’ਤੇ ਨਹੀਂ, ਹੱਡਾਂ ਵਿਚ ਹੈ।’ ਅਸ਼ਕੇ ਗਾਰਗੀ ਦੀ ਪੰਜਾਬੀ ਦੇ!
ਗਾਰਗੀ ਸਫਲ ਨਾਟਕਾਂ ਦਾ ਲੇਖਕ ਅਤੇ ਹੁਨਰਮੰਦ ਨਿਰਦੇਸ਼ਕ ਸੀ। ਨਾਟਕ ਦੇ ਪਿੜ ਵਿਚ ਉਹਨੇ ਘਾਲਨਾ ਵੀ ਬਹੁਤ ਘਾਲੀ। ਉਹਦੇ ਵਿਸ਼ਿਆਂ ਦੇ ਵਿਸ਼ਾਲ ਖੇਤਰ ਵਿਚ ਸਮਕਾਲੀ ਸਮਾਜ ਦੇ ਨਾਲ-ਨਾਲ ਲੋਕਧਾਰਾ, ਇਤਿਹਾਸ ਤੇ ਮਿਥਿਹਾਸ ਵੀ ਸ਼ਾਮਲ ਸਨ। ਸਮਾਜਕ ਯਥਾਰਥ ਤੋਂ ਇਤਿਹਾਸ-ਮਿਥਿਹਾਸ ਵੱਲ ਜਾਣ ਦਾ ਕਾਰਨ ਉਹਦਾ ਹੌਲੀ-ਹੌਲੀ ਇਸ ਸਿੱਟੇ ਉੱਤੇ ਪੁੱਜਣਾ ਸੀ ਕਿ ਨਾਟਕ ਦੀ ਸੌਖੀ ਸਫਲਤਾ ਲਈ ਕਾਮ ਨਾਲ ਹਿੰਸਾ ਤੇ ਮ੍ਰਿਤੂ ਦੇ ਮੇਲ ਦੀ ਪੱਛਮੀ ਜੁਗਤ ਬੜੀ ਕੰਮ ਦੀ ਚੀਜ਼ ਹੈ। ਇਤਿਹਾਸ-ਮਿਥਿਹਾਸ ਵਿਚੋਂ ਇਨ੍ਹਾਂ ਤਿੰਨਾਂ ਨੂੰ ਸਮੋਣ ਵਾਲੇ ਵਿਸ਼ੇ ਸੌਖਿਆਂ ਹੀ ਮਿਲ ਜਾਂਦੇ ਹਨ। ‘ਸੁਲਤਾਨ ਰਜ਼ੀਆ’, ‘ਸੌਕਣ’, ‘ਅਭਿਸਾਰਕਾ’, ਆਦਿ ਨਾਟਕ ਉਹਦੀ ਇਸੇ ਸੋਚ ਦੀ ਉਪਜ ਸਨ। ਨਾਟਕਾਂ ਦੇ ਰੂਪ ਅਤੇ ਮੰਚ ਦੀ ਤਕਨੀਕ ਲਈ ਉਹਦਾ ਆਧਾਰ ਇਕ ਪਾਸੇ ਬੜੀ ਨਿੱਗਰ ਪ੍ਰੰਪਰਾ ਵਾਲਾ ਸੰਸਕ੍ਰਿਤ ਨਾਟ-ਸੰਸਾਰ ਸੀ ਅਤੇ ਦੂਜੇ ਪਾਸੇ ਸੰਸਾਰ-ਪ੍ਰਸਿੱਧ ਆਧੁਨਿਕ ਨਾਟਕਕਾਰਾਂ ਦੇ ਮੰਚ-ਤਜਰਬੇ ਸਨ। ਆਪਣੇ ਨਾਟਕੀ ਆਧਾਰ, ਉਸਾਰ ਤੇ ਅਨੁਭਵ ਨੂੰ ਲੈ ਕੇ ਉਹਨੇ ਦੋ ਪੁਸਤਕਾਂ ‘ਰੰਗਮੰਚ’ ਤੇ ‘ਲੋਕ ਨਾਟਕ’ ਲਿਖੀਆਂ।
‘ਰੰਗ ਮੰਚ’ ਸਦਕਾ ਉਹਨੂੰ 1962 ਵਿਚ ਸਾਹਿਤ ਅਕਾਦਮੀ ਨੇ ਪੁਰਸਕਾਰਿਆ। ਸੰਗੀਤ ਨਾਟਕ ਅਕਾਦਮੀ ਨੇ ਵੀ ਉਹਨੂੰ ਨਾਟ-ਕਲਾ ਦੇ ਨਿਰਦੇਸ਼ਨ ਜਿਹੇ ਕਿਸੇ ਹੋਰ ਪੱਖ ਦੀ ਥਾਂ 1998 ਵਿਚ ਨਾਟ-ਲੇਖਕ ਵਜੋਂ ਹੀ ਸਨਮਾਨਿਆ। ਉਹਨੂੰ 1972 ਵਿਚ ਪਦਮਸ਼੍ਰੀ ਸਨਮਾਨ ਵੀ ਭੇਟ ਕੀਤਾ ਗਿਆ। ਉਹਦੀ ਕਲਾ ਨੂੰ ਅਨੇਕ ਦੇਸੀ-ਪਰਦੇਸੀ ਮਾਣ-ਸਨਮਾਨ ਹਾਸਲ ਹੋਏ। ਇਹ ਸਿਹਰਾ ਇਕੱਲੇ ਗਾਰਗੀ ਦੇ ਸਿਰ ਬਝਦਾ ਹੈ ਕਿ ਉਹਨੇ ਪੰਜਾਬੀ ਨਾਟਕ ਨੂੰ ਸਹੀ ਅਰਥਾਂ ਵਿਚ ਕੌਮਾਂਤਰੀ ਪਛਾਣ ਦੁਆਈ। ਉਹਦੇ ਨਾਟਕ ਕਈ ਭਾਸ਼ਾਵਾਂ ਵਿਚ ਅਨੁਵਾਦੇ ਗਏ ਅਤੇ ਦੇਸ ਦੇ ਅਨੇਕ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਰੂਸ, ਜਰਮਨੀ, ਪੋਲੈਂਡ, ਆਦਿ ਦੇਸਾਂ ਵਿਚ ਵੀ ਖੇਡੇ ਤੇ ਸਲਾਹੇ ਗਏ। ਉਹ ਨਾਟਕਕਾਰ ਹੀ ਨਹੀਂ ਸੀ, ਨਾਟ-ਕਲਾ ਦਾ ਚਿੰਤਕ ਤੇ ਸਿਧਾਂਤਕਾਰ ਵੀ ਸੀ। ਉਹਨੇ 1966-67 ਵਿਚ ਅਮਰੀਕਾ ਦੀ ਸਿਆਟਲ ਯੂਨੀਵਰਸਿਟੀ ਵਿਚ ਨਾਟਕ ਪੜ੍ਹਾਇਆ। ਇਥੇ ਹੀ ਉਹਨੂੰ ਭਵਿੱਖੀ ਪਤਨੀ ਜੀਨੀ ਮਿਲੀ। ਉਹਨੇ ਕੋਈ ਇਕ ਦਰਜਨ ਪੱਛਮੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਾਡੇ ਨਾਟਕ, ਨਾਟ-ਚਿੰਤਨ ਤੇ ਨਾਟ-ਸ਼ਾਸਤਰ ਬਾਰੇ ਭਾਸ਼ਨ ਦੇ ਕੇ ਪੰਜਾਬੀ-ਭਾਰਤੀ ਨਾਟਕ ਦਾ ਪਰਚਮ ਉੱਚਾ ਝੁਲਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਉਹਨੇ ਥੀਏਟਰ ਵਿਭਾਗ ਦਾ ਮੁੱਢ ਬੰਨ੍ਹਿਆ ਅਤੇ ਉਹਦੇ ਬਾਨੀ ਨਿਰਦੇਸ਼ਕ ਵਜੋਂ ਕੰਮ ਕੀਤਾ।
ਉਹਦੇ ਨਾਟਕਾਂ ਬਾਰੇ ਜਾਣਕਾਰਾਂ ਦਾ ਇਹ ਵੀ ਕਹਿਣਾ ਸੀ ਕਿ ਜੇ ਸਾਰਿਆਂ ਦਾ ਨਹੀਂ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਦਾ ਸਾਰ ਮੌਲਕ ਹੋਣ ਦੀ ਥਾਂ ਹੋਰਾਂ ਥਾਂਵਾਂ ਤੋਂ ਲਿਆ ਗਿਆ ਹੈ ਅਤੇ ਸਥਾਨਕ ਵਿਸ਼ੇ ਤੇ ਪੰਜਾਬੀ ਦੇ ਭਾਸ਼ਾਈ ਮੁਹਾਵਰੇ ਦਾ ਕਰਾਰਾ ਤੜਕਾ ਲਾ ਕੇ ਉਨ੍ਹਾਂ ਨੂੰ ਅਸਲੋਂ ਹੀ ਨਵਾਂ ਰੂਪ ਦੇ ਦਿੱਤਾ ਗਿਆ ਹੈ। ਕਈ ਵਿਰੋਧੀ ਇਹਨੂੰ ਚੋਰੀ ਵੀ ਆਖ ਦਿੰਦੇ। ਉਹ ਸਪੇਨ ਦੇ ਬੇਹੱਦ ਜ਼ਹੀਨ ਨਾਟਕਕਾਰ, ਨਿਰਦੇਸ਼ਕ, ਕਵੀ ਤੇ ਚਿੱਤਰਕਾਰ ਫ਼ੈਡੇਰੀਕੋ ਗਾਰਸੀਆ ਲੋਰਕਾ ਦੇ ਨਾਟਕ ‘ਬਲੱਡ ਵੈਡਿੰਗ’ (1932) ਨੂੰ ਗਾਰਗੀ ਦੇ ‘ਕਣਕ ਦੀ ਬੱਲੀ’ (1968) ਦਾ ਅਤੇ ‘ਯਰਮਾ’ (1934) ਨੂੰ ‘ਧੂਨੀ ਦੀ ਅੱਗ’ (1977) ਦਾ ਆਧਾਰ ਦਸਦੇ।
ਇਕ ਵਾਰ ਮਿੱਤਰ ਤਾਰਾ ਸਿੰਘ ਨਾਲ, ਜੋ ਗਾਰਗੀ ਦਾ ਵੀ ਬਹੁਤ ਗੂੜ੍ਹਾ ਦੋਸਤ ਸੀ, ਗੱਲ ਚੱਲੀ, ਤਾਂ ਉਹਨੇ ਬੜਾ ਵਧੀਆ ਜਵਾਬ ਦਿੱਤਾ। ਇਕ ਬੰਦੇ ਨੂੰ ਕਲਾ-ਵਸਤਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਉਹਦੇ ਘਰ ਮੇਜ਼, ਅਲਮਾਰੀ, ਸਟੂਲ, ਟਾਂਡ, ਆਦਿ ਉੱਤੇ ਤਾਂ ਹੋਣੀਆਂ ਹੀ ਸਨ, ਕੁਰਸੀ ਤੇ ਮੰਜੇ ਉੱਤੇ ਵੀ ਕਲਾ-ਵਸਤਾਂ ਪਈਆਂ ਸਨ। ਸਭ ਉੱਤੇ ਧੂੜ ਦਾ ਜੰਮਣਾ ਵੀ ਕੁਦਰਤੀ ਸੀ। ਇਕ ਦਿਨ ਉਹ ਚੋਰੀ ਹੋ ਗਈਆਂ। ਖੋਜੀ ਦੀ ਫੜੀ ਪੈੜ ਜਿਹੜੇ ਘਰ ਪਹੁੰਚੀ, ਉਹਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਉਹਨੇ ਖਿੜਕੀ ਵਿਚੋਂ ਅੰਦਰ ਝਾਤ ਮਾਰੀ ਤਾਂ ਸਭ ਵਸਤਾਂ ਝਾੜ-ਪੂੰਝ ਕੇ ਬੜੇ ਸਲੀਕੇ ਨਾਲ ਢੁੱਕਵੇਂ ਥਾਂਵਾਂ ਉੱਤੇ ਸਜਾਈਆਂ ਪਈਆਂ ਸਨ। ਉਹ ਖੋਜੀ ਨੂੰ ਬੋਲਿਆ, ‘ਆ ਜਾ, ਚੱਲੀਏ। ਇਹ ਇਥੇ ਹੀ ਸੋਭਦੀਆਂ ਨੇ!’ ਤਾਰਾ ਸਿੰਘ ਨੇ ਤੋੜਾ ਝਾੜਿਆ, ‘ਜੇ ਲੋਰਕਾ ਆਪ ਵੀ ਗਾਰਗੀ ਦੇ ਨਾਟਕ ਪੜ੍ਹ ਜਾਂ ਦੇਖ ਲਵੇ, ਚੋਰੀ ਤੋਂ ਗੁੱਸੇ ਹੋਣ ਦੀ ਥਾਂ ਖ਼ੁਸ਼ ਹੋ ਕੇ ਆਖੇ, ਇਹਨੇ ਤਾਂ ਮੇਰੀ ਗੱਲ ਮੇਰੇ ਨਾਲੋਂ ਵੀ ਵਧੀਆ ਬਣਾ ਕੇ ਪੇਸ਼ ਕਰ ਦਿੱਤੀ! ਇਹ ਨਾਟਕ ਇਹਦੇ ਹੀ ਨੇ, ਭਾਈ!’ ਇਸ ਇਲਜ਼ਾਮ ਬਾਰੇ ਜੇ ਕੋਈ ਗਾਰਗੀ ਨਾਲ਼ ਗੱਲ ਕਰਨ ਦੀ ਹਿੰਮਤ ਕਰਦਾ, ਉਹ ਬੇਝਿਜਕ ਆਖਦਾ ਸੀ ਕਿ ਦੁੱਧ ਦੇ ਗਾਹਕ ਨੂੰ ਵਧੀਆ ਦੁੱਧ ਚਾਹੀਦਾ ਹੈ, ਉਹਨੂੰ ਇਸ ਗੱਲ ਨਾਲ਼ ਕੋਈ ਮਤਲਬ ਨਹੀਂ ਹੁੰਦਾ ਕਿ ਮੱਝ ਦਾ ਮਾਲਕ ਕੌਣ ਹੈ, ਉਹਨੇ ਚਾਰਾ ਕਿਹੜੇ ਖੇਤ ਦਾ ਖਾਧਾ ਹੈ ਤੇ ਪਾਣੀ ਕਿਹੜੇ ਛੱਪੜ ਦਾ ਪੀਤਾ ਹੈ।
ਅਨੇਕ ਵਿਧਾਵਾਂ ਵਿਚ ਲਿਖਦਾ ਹੋਣ ਦੇ ਬਾਵਜੂਦ ਗਾਰਗੀ ਨੂੰ ਕਿਹਾ ਨਾਟਕਕਾਰ ਹੀ ਜਾਂਦਾ ਸੀ। ਬਹੁਤੇ ਲੋਕਾਂ ਨੂੰ ਪਤਾ ਨਹੀਂ, ਉਹ ਕਾਲਜ ਦੇ ਦਿਨਾਂ ਵਿਚ ਕਵਿਤਾਵਾਂ ਲਿਖਦਾ ਹੋਣ ਦੀ ਵੀ ਗੱਲ ਕਰਦਾ ਸੀ ਅਤੇ ਕਵੀ ਬਣਨ ਦਾ ਖ਼ਿਆਲ ਛੱਡਣ ਤੋਂ ਪਹਿਲਾਂ ਤਿੰਨ ਸੌ ਕਵਿਤਾਵਾਂ ਲਿਖ ਲਈਆਂ ਹੋਣ ਦਾ ਦਾਅਵਾ ਕਰਦਾ ਸੀ। ਉਹਨੇ ਦਿਲਚਸਪ ਨਾਵਲਾਂ ਤੇ ਖ਼ੂਬਸੂਰਤ ਕਹਾਣੀਆਂ ਦੀ ਰਚਨਾ ਕੀਤੀ। ਉਹਦੀਆਂ ਕਈ ਕਹਾਣੀਆਂ ਸਮਾਜਕ ਤੇ ਸਭਿਆਚਾਰਕ ਪੱਖੋਂ ਬਹੁਤ ਮਹੱਤਵਪੂਰਨ ਵਿਸ਼ਿਆਂ ਨੂੰ ਛੋਂਹਦੀਆਂ ਹਨ। ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਹੀਂ ਕਿ ਗਾਰਗੀ ਮੁੱਢਲੇ ਦੌਰ ਵਿਚ ਲੰਮਾ ਸਮਾਂ ਅੱਗੇਵਧੂ ਲਹਿਰ, ਖਾਸ ਕਰਕੇ ਇਪਟਾ ਨਾਲ ਜੁੜਿਆ ਰਿਹਾ ਸੀ। ਸੁਭਾਵਿਕ ਸੀ ਕਿ ਉਹਦੀਆਂ ਉਸ ਦੌਰ ਦੀਆਂ ਰਚਨਾਵਾਂ ਲੋਕ-ਪੱਖੀ ਲੱਛਣ ਵਾਲੀਆਂ ਹੁੰਦੀਆਂ। ਮਿਸਾਲ ਵਜੋਂ, ਉਹਦੀ ਕਿਹਾਣੀ ‘ਟਿਕਟ ਚੈੱਕਰ’। ਭਾਸ਼ਾ ਤੇ ਸਭਿਆਚਾਰ ਦੀ ਅਸੀਮ ਸ਼ਕਤੀ ਦਾ ਗਿਆਨ ਪ੍ਰਾਪਤ ਕਰਨ ਲਈ ਸਾਡੇ ਵਿਦਵਾਨਾਂ ਦੇ ਇਧਰੋਂ-ਉਧਰੋਂ ਜੁਗਾੜ ਕਰ ਕੇ ਲਿਖੇ ਪੋਥੇ ਪੜ੍ਹਨ ਨਾਲੋਂ ਗਾਰਗੀ ਦੀ ਇਹ ਇਕ ਕਹਾਣੀ ਪੜ੍ਹਨੀ ਵਧੇਰੇ ਲਾਭਦਾਇਕ, ਸਿਖਿਆਦਾਇਕ ਤੇ ਗਿਆਨਦਾਇਕ ਰਹੇਗੀ। ਉਹਦੀ ਕਹਾਣੀ ‘ਟਿੱਡਾ ਸਾਈਂ’ ਜਿਸ ਸਹਿਜਤਾ ਨਾਲ਼ ਦੋ ਰਹਿਤਲਾਂ ਦਾ ਫ਼ਰਕ ਦਿਖਾਉਂਦੀ ਹੈ, ਇਹ ਕਰਾਮਾਤ ਗਾਰਗੀ ਹੀ ਕਰ ਸਕਦਾ ਸੀ।
ਜਿਵੇਂ ਬਾਜ਼ੀਗਰ ਇਕ ਹਥੇਲੀ ਉੱਤੇ ਸਾਰੇ ਸਰੀਰ ਦਾ ਭਾਰ ਪਾ ਕੇ ਉਲਟੇ ਖੜ੍ਹੇ ਹੋ ਜਾਂਦੇ ਹਨ, ਉਹ ਇਕ ਸ਼ਬਦ ਉੱਤੇ ਸਾਰੀ ਕਹਾਣੀ ਖੜ੍ਹੀ ਕਰ ਸਕਦਾ ਸੀ। ‘ਕੜਾਕਾ ਸਿੰਘ’ ਕਹਾਣੀ ਪੂਰੀ ਦੀ ਪੂਰੀ ਸਿਰਫ਼ ਇਕ ਸ਼ਬਦ ‘ਸ਼ਰਨ’ ਦੇ ਸਹਾਰੇ ਟਿਕੀ ਹੋਈ ਹੈ। ਸਰਕਾਰਾਂ ਦੇ ਕੰਮ ਕੱਛੂ-ਚਾਲ ਚਲਦੇ ਹਨ ਅਤੇ ਫ਼ੈਸਲੇ ਦੀ ਉਡੀਕ ਕਰਦੇ-ਕਰਦੇ ਬੰਦੇ ਮਨੁੱਖ ਤੋਂ ਰੁੱਖ ਬਣ ਜਾਂਦੇ ਹਨ। ਕਹਾਣੀ ‘ਸੌ ਮੀਲ ਦੌੜ’ ਲਾਲਫ਼ੀਤਾਸ਼ਾਹੀ ਦਾ ਪੂਰੀ ਤਰ੍ਹਾਂ ਪਰਦਾਫ਼ਾਸ਼ ਕਰ ਦਿੰਦੀ ਹੈ! ਕੁਦਰਤੀ ਜੀਵਨ ਤੇ ਬਣਾਉਟੀ ਸ਼ਹਿਰੀ ਜੀਵਨ ਦਾ ਫ਼ਰਕ ਵੱਖਰਾ ਉਜਾਗਰ ਹੋ ਜਾਂਦਾ ਹੈ। ਉਹਦੀਆਂ ਬਹੁਤੀਆਂ ਕਹਾਣੀਆਂ ਇਸੇ ਤਰ੍ਹਾਂ ਅਹਿਮ ਵਿਸ਼ੇ ਲੈ ਕੇ, ਖ਼ੂਬ ਕਲਾਮਈ ਢੰਗ ਨਾਲ਼, ਢੁੱਕਵੀਂ ਜ਼ਬਾਨ ਵਿਚ ਪੇਸ਼ ਕੀਤੀਆਂ ਹੋਈਆਂ ਹਨ। ਮੇਰਾ ਮੱਤ ਹੈ, ਜੇ ਉਹਨੇ ਨਾਟਕ ਨਾ ਲਿਖੇ ਹੁੰਦੇ ਅਤੇ ਉਹਦੀਆਂ ਕਹਾਣੀਆਂ ਉਹਦੇ ਨਾਟਕਾਂ ਓਹਲੇ ਨਾ ਲੁਕ ਗਈਆਂ ਹੁੰਦੀਆਂ, ਉਹ ਯਕੀਨਨ ਪੰਜਾਬੀ ਦੇ ਵੱਡੇ ਕਹਾਣੀਕਾਰਾਂ ਵਿਚ ਗਿਣਿਆ ਜਾਂਦਾ।
ਉਹਦੇ ਲਿਖੇ ਕਲਮੀ ਚਿੱਤਰਾਂ ਦਾ ਤਾਂ ਜੋੜ ਹੀ ਕੋਈ ਨਹੀਂ। ਉਹਦਾ ਕਮਾਲ ਸਿਰਲੇਖਾਂ ਤੋਂ ਹੀ ਦਿੱਸ ਪੈਂਦਾ ਹੈ। ਪੁਸਤਕ ‘ਨਿੰਮ ਦੇ ਪੱਤੇ’ ਵਿਚ ਤਾਂ ਉਹ ਕਲਮੀ ਚਿੱਤਰਾਂ ਨੂੰ ਲੇਖਕਾਂ ਦੇ ਨਾਂ ਹੀ ਦਿੰਦਾ ਹੈ, ਪਰ ਪੁਸਤਕ ‘ਸੁਰਮੇ ਵਾਲੀ ਅੱਖ’ ਵਿਚ ਉਹ ਸਿਰਲੇਖਾਂ ਵਜੋਂ ਕਈ ਲੇਖਕਾਂ ਦੇ ਤਾਂ ਨਾਂ ਵਰਤਦਾ ਹੈ, ਪਰ ਕਈਆਂ ਨੂੰ ਅਜਿਹੇ ਦਿਲਚਸਪ ਸਿਰਲੇਖ ਦਿੰਦਾ ਹੈ ਜੋ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਦੋ-ਤਿੰਨ ਸ਼ਬਦਾਂ ਵਿਚ ਪੇਸ਼ ਕਰ ਦਿੰਦੇ ਹਨ। ਉਹ ਸ਼ਿਵ ਕੁਮਾਰ ਨੂੰ ‘ਛਲਣੀ ਫੇਫੜੇ’, ਹਰਨਾਮ ਸਿੰਘ ਸ਼ਾਨ ਨੂੰ ‘ਦੁੱਧ ਵਿਚ ਬਰਾਂਡੀ’, ਸੰਤੋਖ ਸਿੰਘ ਧੀਰ ਨੂੰ ‘ਸੁਰਮੇ ਵਾਲੀ ਅੱਖ’, ਪ੍ਰੋ. ਪ੍ਰੀਤਮ ਸਿੰਘ ਨੂੰ ‘ਨਾਨਕ-ਸ਼ਾਹੀ ਇੱਟ’ ਤੇ ਨੋਰਾ ਰਿਚਰਡ ਨੂੰ ‘ਨਾਟਕ ਦੀ ਨਕੜਦਾਦੀ’ ਆਖਦਾ ਹੈ। ਪੁਸਤਕ ‘ਕੌਡੀਆਂ ਵਾਲਾ ਸੱਪ’ ਵਿਚ ਉਹ ਅਜੀਤ ਕੌਰ ਨੂੰ ‘ਕਾੜ੍ਹਨੀ’, ਸੇਖੋਂ ਨੂੰ ‘ਕਾਲਜ ਦਾ ਵਾਈਸ ਚਾਂਸਲਰ’ ਤੇ ਸ਼ਿਵ ਕੁਮਾਰ ਨੂੰ ‘ਕੌਡੀਆਂ ਵਾਲਾ ਸੱਪ’ ਦਾ ਸਿਰਲੇਖ ਦਿੰਦਾ ਹੈ। ਪੁਸਤਕ ‘ਹੁਸੀਨ ਚਿਹਰੇ’ ਵਿਚ ਉਹ ਸਤਿਆਰਥੀ ਨੂੰ ‘ਭ੍ਰਿਗੂ ਰਿਸ਼ੀ’ ਤੇ ਸਾਹਿਰ ਲੁਧਿਆਣਵੀ ਨੂੰ ‘ਜਵਾਨੀ ਦਾ ਸ਼ਾਇਰ’ ਆਖਦਾ ਹੈ।
ਗਾਰਗੀ ਵਿਚ ਬਹੁਤ ਲੰਮੀ-ਚੌੜੀ ਗੱਲ ਕੁਛ ਹੀ ਸ਼ਬਦਾਂ ਵਿਚ ਬੜੇ ਸਰਲ ਤੇ ਸਫਲ ਤਰੀਕੇ ਨਾਲ ਕਹਿ ਸਕਣ ਦੀ ਸਮਰੱਥਾ ਸੀ। ਉਹ ਇਹ ਆਖ ਕੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਵੱਡੀ ਸਿੱਖਿਆ ਦਿੰਦਾ ਹੈ ਕਿ ਰਚਨਾ ਮੰਜੀ ਦੀ ਦੌਣ ਵਾਂਗ ਕਸੀ ਹੋਈ ਹੋਣੀ ਚਾਹੀਦੀ ਹੈ। ਸਮਾਜ ਵਿਚ ਲੇਖਕ ਦੇ ਸਥਾਨ ਨੂੰ ਦੱਸਣ ਲਈ ਜਿਥੇ ਬਹੁਤੇ ਲੇਖਕ ਪੰਨਿਆਂ ਦੇ ਪੰਨੇ ਕਾਲੇ ਕਰ ਦੇਣਗੇ, ਗਾਰਗੀ ਬੜੀ ਖ਼ੂਬਸੂਰਤੀ ਨਾਲ ਦੋ ਵਾਕਾਂ ਵਿਚ ਗੱਲ ਮੁਕਦੀ ਕਰ ਦਿੰਦਾ ਹੈ। ਉਹ ਲਿਖਦਾ ਹੈ, ਇਕ ਦਿਨ ਉਹਨੂੰ ਸੁਫ਼ਨਾ ਆਇਆ ਕਿ ਉਹ ਮਰ ਗਿਆ ਹੈ। ‘ਅੰਗਰੇਜ਼ੀ ਅਖ਼ਬਾਰਾਂ ਵਿਚ ਗਿਆਰ੍ਹਵੇਂ ਸਫ਼ੇ ਉੱਤੇ, ਜਿਥੇ ਕਪਾਹ ਤੇ ਸਰ੍ਹੋਂ ਦੇ ਤੇਲ ਦੇ ਭਾਅ ਦਿੱਤੇ ਹੁੰਦੇ ਹਨ, ਇਕ ਨਿੱਕੀ ਜਿਹੀ ਖ਼ਬਰ ਛਪੀ ਕਿ ਪੰਜਾਬੀ ਦਾ ਨਾਟਕਕਾਰ ਮਰ ਗਿਆ। ਇਸ ਦੇ ਉੱਪਰ ਮੋਟੇ-ਮੋਟੇ ਅੱਖਰਾਂ ਵਿਚ ਚਿੜੀਆਘਰ ਦੇ ਪਹਾੜੀ ਬਿੱਲੇ ਦੇ ਬੀਮਾਰ ਹੋ ਜਾਣ ਦੀ ਖ਼ਬਰ ਸੀ।’ ਦੇਖਣ ਵਾਲ਼ੀ ਗੱਲ ਹੈ ਕਿ ਲੇਖਕ ਦੇ ਮਰਨ ਦੀ ਖ਼ਬਰ ਕਿੰਨਵੇਂ ਪੰਨੇ ਉੱਤੇ, ਕਿਸ ਖੇਤਰ ਦੀਆਂ ਖ਼ਬਰਾਂ ਵਿਚਕਾਰ, ਕਿੰਨੀ ਕੁ ਥਾਂ ਦੇ ਕੇ ਛਾਪੀ ਜਾਂਦੀ ਹੈ, ਜਦੋਂ ਕਿ ਚਿੜੀਆਘਰ ਦੇ ਪਹਾੜੀ ਬਿੱਲੇ ਦੀ ਬੀਮਾਰੀ ਦੀ ਖ਼ਬਰ ਨੂੰ ਲੇਖਕ ਦੀ ਮੌਤ ਦੀ ਖ਼ਬਰ ਤੋਂ ਉੱਪਰ ਛਾਪਿਆ ਜਾਂਦਾ ਹੈ ਤੇ ਉਹ ਵੀ ਮੋਟੇ ਅੱਖਰਾਂ ਵਿਚ!
ਗਾਰਗੀ ਨੂੰ ਲੋਕ ਬੜੇ ਚਿਰ ਤੋਂ ਕੰਵਾਰਾ ਨਹੀਂ, ਛੜਾ ਸਮਝਣ ਲੱਗ ਪਏ ਸਨ। ਇਸ ਧਾਰਨਾ ਨੂੰ ਉਹਦੇ ਰਹਿਣ-ਸਹਿਣ ਤੇ ਤੌਰ-ਤਰੀਕਿਆਂ ਨੇ ਹੋਰ ਪਕਿਆਈ ਦੇ ਦਿੱਤੀ ਸੀ। ਉਮਰੋਂ ਵੀ ਉਹ ਪੰਜਾਹਾਂ ਨੂੰ ਪਾਰ ਕਰ ਚੁੱਕਿਆ ਸੀ ਤੇ ਗੰਜਾ ਹੋਣ ਲਗਿਆ ਸੀ। ਫੇਰ ਸਾਹਿਤਕ ਹਲਕਿਆਂ ਵਿਚ ਅਚਾਨਕ ਖ਼ਬਰ ਫ਼ੈਲ ਗਈ ਕਿ ਗਾਰਗੀ ਅਮਰੀਕਾ ਤੋਂ ਜੀਨੀ ਨਾਂ ਦੀ ਬਹੁਤ ਸੁਹਣੀ ਮੁਟਿਆਰ ਮੇਮ ਵਿਆਹ ਲਿਆਇਆ ਹੈ। ਉਹ ਸਿਆਟਲ ਯੂਨੀਵਰਸਿਟੀ ਵਿਚ ਨਾਟਕ ਪੜ੍ਹਾਉਂਦਾ ਸੀ ਤੇ ਉਹ ਉਸੇ ਯੂਨੀਵਰਸਿਟੀ ਦੇ ਇਕ ਹੋਰ ਵਿਭਾਗ ਵਿਚ ਰੀਸਰਚ ਪੇਪਰਾਂ ਦੀ ਸੋਧਕ ਸੀ। ਉਨ੍ਹਾਂ ਨੇ 11 ਜੂਨ 1966 ਨੂੰ ਵਿਆਹ ਕਰਵਾ ਲਿਆ। ਜੀਨੀ ਉਹਦੇ ਵਾਸਤੇ ਭਾਗਾਂਵਾਲ਼ੀ ਸਿੱਧ ਹੋਈ।
ਪੰਜਾਬ ਯੂਨੀਵਰਸਿਟੀ ਨੇ ਉਹਨੂੰ ਥੀਏਟਰ ਵਿਭਾਗ ਕਾਇਮ ਕਰਨ ਲਈ ਕਿਹਾ ਤੇ ਉਹਦਾ ਬਾਨੀ-ਡਾਇਰੈਕਟਰ ਥਾਪ ਦਿੱਤਾ। ਉਹਦੀ ਬੜੀ ਠੁੱਕ ਬਣੀ। ਜੀਨੀ ਨੇ ਬੇਟਾ ਮਨੂੰ ਤੇ ਬੇਟੀ ਜੱਨਤ ਉਥੇ ਹੀ ਗਾਰਗੀ ਦੀ ਝੋਲ਼ੀ ਪਾਏ। ਹਰ ਪੱਖੋਂ ਮੌਜਾਂ ਹੀ ਮੌਜਾਂ। ਫੇਰ ਪਤੀ ਤੇ ਪਤਨੀ ਦੀ ਜੋੜੀ ਦੀ ਇਹ ਸੁਖਦਾਈ ਕਹਾਣੀ ‘ਤੀਜਾ ਰਲ਼ਿਆ ਤੇ ਕੰਮ ਗਲ਼ਿਆ’ ਦੀ ਕਹਾਵਤ ਅਨੁਸਾਰ ਇਕ ਪਾਤਰ ਹੋਰ ਆ ਜਾਣ ਕਾਰਨ ‘ਪਤੀ, ਪਤਨੀ ਔਰ ਵੋਹ’ ਵਾਲ਼ੇ ਦੁਖਾਂਤ ਦਾ ਰੂਪ ਧਾਰ ਗਈ। ਜੀਨੀ ਨੂੰ ਪਤਾ ਲੱਗਿਆ ਤਾਂ ਉਹਦੀ ਤਾਂ ਜਿਵੇਂ ਦੁਨੀਆ ਹੀ ਢਹਿ ਗਈ। ਉਹਨੇ ਗਾਰਗੀ ਦਾ ਇਹ ‘ਗੁਨਾਹ’ ਮਾਫ਼ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਦਸ-ਗਿਆਰਾਂ ਸਾਲ ਖ਼ੂਬਸੂਰਤੀ ਨਾਲ਼ ਚੱਲਿਆ ਰਿਸ਼ਤਾ ਤੜੱਕ ਤੋੜ ਦਿੱਤਾ। ਮਗਰੋਂ ਇਸ ਕਿੱਸੇ ਨੇ ਗਾਰਗੀ ਦੇ ਸਵੈਜੀਵਨੀ-ਆਧਾਰਿਤ ਨਾਵਲ ‘ਨੰਗੀ ਧੁੱਪ’ ਵਿਚ ਸਾਕਾਰਤਾ ਫੜੀ। ਕੁਝ ਸਮੇਂ ਬਾਅਦ ਜੀਨੀ ਅਮਰੀਕਾ ਚਲੀ ਗਈ। ਉਹ ਬੇਟੀ ਜੱਨਤ ਨੂੰ ਆਪਣੇ ਨਾਲ਼ ਲੈ ਗਈ ਤੇ ਬੇਟੇ ਮਨੂੰ ਨੂੰ ਗਾਰਗੀ ਕੋਲ ਛੱਡ ਗਈ। ਗਾਰਗੀ ਦੇ ਪੂਰਾ ਹੋਣ ਤੋਂ ਛੇਤੀ ਹੀ ਮਗਰੋਂ ਮਨੂੰ ਵੀ ਤੜੀ-ਤਮਾਣੀ ਚੁੱਕ ਕੇ ਅਮਰੀਕਾ ਜਾ ਪਹੁੰਚਿਆ।
ਗਾਰਗੀ ਨੂੰ ਜੇ ਕਿਤੇ ਕੋਈ ਮਨਪਸੰਦ ਨੌਕਰੀ ਮਿਲਦੀ, ਉਹ ਕਬੂਲ ਕਰ ਲੈਂਦਾ ਪਰ ਪਹਿਲਾ ਮੌਕਾ ਬਣਦਿਆਂ ਹੀ ਛੱਡ ਵੀ ਦਿੰਦਾ। ਜ਼ਿੰਦਗੀ ਵਿਚ ਉਹਨੇ ਜਿੰਨਾ ਪੈਸਾ ਕਮਾਇਆ, ਸਾਹਿਤ ਦੇ ਸਹਾਰੇ ਕਿਸੇ ਹੋਰ ਸਾਹਿਤਕਾਰ ਨੇ ਨਹੀਂ ਕਮਾਇਆ। ਪਰ ਉਹ ਜਿੰਨਾ ਕਮਾਊ ਸੀ, ਉਸ ਤੋਂ ਕਿਤੇ ਵੱਧ ਸ਼ਾਹ-ਖ਼ਰਚ ਸੀ। ਘਰ ਵਿਚ ਖ਼ੁਸ਼ਹਾਲੀ ਆਉਂਦੀ, ਮੰਦਹਾਲੀ ਆਉਂਦੀ, ਪਰ ਉਹਦੀ ਖ਼ੁਸ਼ਕਿਸਮਤੀ ਹਮੇਸ਼ਾ ਉਹਦੇ ਨਾਲ਼ ਰਹਿੰਦੀ, ਉਹਦੇ ਦੋਸਤਾਂ ਤੇ ਉਹਦੇ ਮਿਹਰਬਾਨਾਂ ਦੇ ਰੂਪ ਵਿਚ। ਉਹ ਕਹਿੰਦਾ ਹੁੰਦਾ ਸੀ, ‘ਜ਼ਿੰਦਗੀ ਡੂੰਘੇ ਪਾਣੀ ਵਾਂਗ ਹੈ। ਜੇ ਚੱਜ ਨਾਲ਼ ਜਿਉਣਾ ਚਾਹੁੰਦੇ ਹੋ, ਤਰਨਾ ਨਾ ਜਾਣਦੇ ਹੋਏ ਵੀ ਅੱਖਾਂ ਮੀਚ ਕੇ ਛਾਲ ਮਾਰ ਦਿਉ। ਇਕ ਵਾਰ ਥੱਲੇ ਨੂੰ ਜਾਉਗੇ, ਫੇਰ ਪਾਣੀ ਤੁਹਾਨੂੰ ਉਛਾਲ਼ ਕੇ ਸਤਹਿ ਦੇ ਉੱਤੇ ਲੈ ਆਵੇਗਾ। ਹੁਣ ਉੱਪਰ ਆ ਕੇ ਹੱਥ-ਪੈਰ ਮਾਰਦਿਆਂ ਤਰਨ ਲੱਗ ਜਾਣਾ ਤੁਹਾਡਾ ਕੰਮ ਹੈ!’ ਆਪ ਉਹ ਜ਼ਿੰਦਗੀ ਦੇ ਮਹਾਂਸਾਗਰ ਵਿਚ ਖ਼ੂਬ ਤਰਿਆ!
ਇਕ ਵਾਰ ਮੇਰੇ ਨਾਲ ਗੱਲਾਂ ਕਰਦਿਆਂ ਭਾਪਾ ਪ੍ਰੀਤਮ ਸਿੰਘ ਨੇ ਕਿਹਾ ਸੀ, ‘ਰਚਨਾ ਛਪਣ ਮਗਰੋਂ ਤਾਂ ਕਈ ਲੇਖਕ ਇੱਛਾ ਜਾਂ ਜਤਨ ਕਰਦੇ ਹਨ ਕਿ ਕੁਝ ਮਿਲ ਜਾਵੇ, ਪਰ ਬਲਵੰਤ ਇਕੋ-ਇਕ ਪੰਜਾਬੀ ਲੇਖਕ ਹੈ ਜੋ ਰਚਨਾ ਕਰਨ ਤੋਂ ਪਹਿਲਾਂ ਜਾਣਦਾ ਹੁੰਦਾ ਹੈ ਕਿ ਉਹਦੀ ਰਚਨਾ ਦੇ ਕਿਥੋਂ ਕਿੰਨੇ ਪੈਸੇ ਮਿਲ ਸਕਣਗੇ ਤੇ ਇਹ ਵੀ ਜਾਣਦਾ ਹੁੰਦਾ ਹੈ ਕਿ ਕਿਵੇਂ ਮਿਲਣਗੇ।’
ਪੰਜਾਬ ਵਿਚ ਪਰਤਾਪ ਸਿੰਘ ਕੈਰੋਂ ਦਾ ਤੇਜ-ਪਰਤਾਪ ਸਿਖ਼ਰ ਉੱਤੇ ਸੀ। ਗਾਰਗੀ ਨੇ ਉਹਦੇ ਬਾਰੇ ਲੇਖ ਲਿਖ ਕੇ ਉਸ ਸਮੇਂ ਦੇਸ ਦਾ ਪ੍ਰਮੁੱਖ ਅੰਗਰੇਜ਼ੀ ਪੱਤਰ ਮੰਨੇ ਜਾਂਦੇ ‘ਇਲਸਟਰੇਟਿਡ ਵੀਕਲੀ’ ਵਿਚ ਛਪਵਾ ਦਿੱਤਾ ਅਤੇ ਉਹ ਅੰਕ ਆਪਣੇ ਹੱਥੀਂ ਕੈਰੋਂ ਨੂੰ ਜਾ ਭੇਟ ਕੀਤਾ। ਗੱਲਾਂ ਚਲਦੀਆਂ ਵਿਚ ਇਹ ਲਿਖੀ ਜਾ ਰਹੀ ਪੁਸਤਕ ‘ਰੰਗਮੰਚ’ ਬਾਰੇ ਕੈਰੋਂ ਨੂੰ ਏਨਾ ਪ੍ਰਭਾਵਿਤ ਕਰਨ ਵਿਚ ਕਾਮਯਾਬ ਹੋਇਆ ਕਿ ਉਹਨੇ ਅਣਛਪੀ-ਅਣਦੇਖੀ ਪੁਸਤਕ ਪੰਜਾਬ ਸਰਕਾਰ ਵੱਲੋਂ ਕੋਈ ਕਮਿਸ਼ਨ ਕੱਟੇ ਬਿਨਾਂ ਖ਼ਰੀਦਣ ਦਾ ਚੈੱਕ ਇਹਦੇ ਹੱਥ ਫੜਾ ਦਿੱਤਾ। ਗਾਰਗੀ ਨੂੰ ਇਹ ਵਧੀਆ ਰਾਹ ਮਿਲ ਗਿਆ। ਜਦੋਂ ਉਹਨੇ ਪੁਸਤਕ ‘ਲੋਕ ਨਾਟਕ’ ਲਿਖਣੀ ਸ਼ੁਰੂ ਕੀਤੀ, ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਬਾਰੇ ਲੇਖ ਲਿਖ ਕੇ ‘ਦਿ ਟ੍ਰਿਬਿਊਨ’ ਵਿਚ ਛਪਵਾ ਦਿੱਤਾ। ਪੁਸਤਕ ਲਿਖੀ ਜਾਂਦੀ ਰਹੇਗੀ ਤੇ ਛਪਦੀ ਰਹੇਗੀ, ਪੰਜਾਬੀ ਯੂਨੀਵਰਸਿਟੀ ਨੇ ਤੀਹ ਹਜ਼ਾਰ ਰੁਪਏ ਪੇਸ਼ਗੀ ਦੇ ਦਿੱਤੇ ਜੋ ਓਦੋਂ ਵੱਡੀ ਰਕਮ ਸੀ। ਜਦੋਂ ਪੰਜਾਬ ਵਿਚ ਸੰਤ ਫ਼ਤਿਹ ਸਿੰਘ ਦਾ ਬੋਲਬਾਲਾ ਹੋਇਆ, ਅਕਾਲੀ ਮੁੱਖ ਮੰਤਰੀ ਕੋਈ ਰਿਹਾ, ਪ੍ਰਮੁੱਖ ਸੰਤ ਜੀ ਹੀ ਰਹੇ। ਗਾਰਗੀ ਨੇ ਸੰਤ ਜੀ ਬਾਰੇ ਅੱਧੀ ਦਰਜਨ ਤਸਵੀਰਾਂ ਵਾਲ਼ਾ ਲੇਖ ‘ਇਲਸਟਰੇਟਿਡ ਵੀਕਲੀ’ ਵਿਚ ਛਪਵਾਇਆ ਤੇ ਪੰਜਾਬ ਸਰਕਾਰ ਨੇ ਗਾਰਗੀ ਦਾ ਤਿਆਰ ਕੀਤਾ ‘ਲਾਈਟ ਐਂਡ ਸਾਊਂਡ’ ਪ੍ਰੋਗਰਾਮ ਮਨਜ਼ੂਰ ਕਰ ਲਿਆ।
ਬਹੁਤੇ ਲੋਕਾਂ ਨੂੰ, ਸਾਹਿਤਕ ਹਲਕਿਆਂ ਵਿਚ ਵੀ, ਇਸ ਗੱਲ ਦੀ ਜਾਣਕਾਰੀ ਨਹੀਂ ਕਿ ਗਾਰਗੀ ਦੀ ਲਿਖੀ ਹੋਈ ਇਕ ਪੁਸਤਕ ਅਜਿਹੀ ਵੀ ਸੀ ਜਿਸ ਦਾ ਜ਼ਿਕਰ ਵੀ ਉਨ੍ਹਾਂ ਨੇ ਕਿਤੇ ਪੜ੍ਹਿਆ-ਸੁਣਿਆ ਨਹੀਂ ਹੋਵੇਗਾ। ਉਹ ਸੀ ‘ਨਿਰੰਕਾਰੀ ਬਾਬਾ’। ਕੁਝ ਲੋਕ ਅੰਮ੍ਰਿਤਾ ਪ੍ਰੀਤਮ ਕੋਲ ਪਹੁੰਚੇ ਤੇ ਮੂੰਹ-ਮੰਗੀ ਰਕਮ ਦੀ ਪੇਸ਼ਕਸ਼ ਕਰਦਿਆਂ ਕਿਹਾ, ਤੁਸੀਂ ਬੱਸ ਸਾਡਾ ਇਕ ਨਿੱਕਾ ਜਿਹਾ ਕੰਮ ਕਰ ਦਿਉ; ਸਾਡੇ ਗੁਰੂ ਜੀ ਬਾਰੇ ਕਰਾਮਾਤੀ ਸਾਖੀਆਂ ਅਸੀਂ ਲਿਖਾਈਆਂ ਹੋਈਆਂ ਨੇ, ਸਾਨੂੰ ਪੋਥੀ ਉੱਤੇ ਲੇਖਕ ਵਜੋਂ ਤੁਹਾਡੇ ਨਾਂ ਦੀ ਲੋੜ ਹੈ। ਅੰਮ੍ਰਿਤਾ ਦੇ ਕੋਰੇ ਇਨਕਾਰ ਨਾਲ਼ ਮਾਯੂਸ ਹੋ ਕੇ ਉਨ੍ਹਾਂ ਨੇ ਕਿਹਾ, ਤੁਸੀਂ ਸਾਨੂੰ ਤੁਹਾਡੇ ਵਾਂਗ ਹੀ ਮਸ਼ਹੂਰ ਕਿਸੇ ਲੇਖਕ ਦੀ ਦੱਸ ਤਾਂ ਪਾ ਸਕਦੇ ਹੋ ਜਿਹੜਾ ਇਹ ਕੰਮ ਕਰ ਦੇਵੇ। ਅੰਮ੍ਰਿਤਾ ਨੇ ਝੱਟ ਕਾਗ਼ਜ਼ ਲਿਆ ਤੇ ਗਾਰਗੀ ਦਾ ਸਿਰਨਾਵਾਂ ਲਿਖ ਕੇ ਉਨ੍ਹਾਂ ਨੂੰ ਫੜਾ ਦਿੱਤਾ। ਗਾਰਗੀ ਨੇ ਉਨ੍ਹਾਂ ਦੀ ਬੇਨਤੀ ਪਰਵਾਨ ਕਰਨ ਵਿਚ ਪੰਜ ਮਿੰਟ ਵੀ ਨਾ ਲਾਏ।
ਉਹ ਜਦੋਂ ਚੰਡੀਗੜ੍ਹ ਭਤੀਜੇ ਕੋਲ ਰਹਿਣ ਲਗਿਆ ਸੀ, ਇਕ ਪੱਤਰਕਾਰ ਦੇ ਇਹ ਪੁੱਛੇ ਤੋਂ ਕਿ ਚੰਡੀਗੜ੍ਹ ਆ ਕੇ ਕਿਵੇਂ ਲਗਦਾ ਹੈ, ਉਹਦੇ ਜਵਾਬ ਵਿਚਲੀ ਇਕ ਗੱਲ ਦੀ, ਟਿੱਚਰੀ ਰੰਗ ਵਿਚ, ਖ਼ੂਬ ਚਰਚਾ ਹੋਈ ਸੀ। ਉਹਨੇ ਕਿਹਾ ਸੀ, ‘ਇਥੇ ਮੈਨੂੰ ਪੁਰਾਣਾ ਮਿੱਤਰ ਹੀਰਾ ਸਿੰਘ ਭੱਠਲ ਬਹੁਤ ਯਾਦ ਆਇਆ ਕਰੇਗਾ!’ ਟਿੱਚਰਾਂ ਦੇ ਕਈ ਕਾਰਨ ਸਨ। ਇਕ ਤਾਂ ਉਹਨੇ ਲਗਭਗ ਬੀਤ ਚੁੱਕੀ ਸਾਰੀ ਜ਼ਿੰਦਗੀ ਵਿਚ ਲਿਖਤੀ ਜਾਂ ਜ਼ਬਾਨੀ ਕਦੀ ਭੱਠਲ ਦਾ ਜ਼ਿਕਰ ਨਹੀਂ ਸੀ ਕੀਤਾ। ਦੂਜੇ, ਭੱਠਲ ਦਾ ਜੀਵਨ-ਖੇਤਰ ਤੇ ਕਾਰਜ-ਖੇਤਰ ਅਜਿਹਾ ਸੀ ਜਿਸ ਨਾਲ਼ ਗਾਰਗੀ ਦੀ ਤੰਦ ਜੁੜਨ ਦੀ ਕੋਈ ਸੰਭਾਵਨਾ ਨਹੀਂ ਸੀ ਬਣਦੀ। ਤੀਜੇ, ਜੇ ਇਕ ਪਲ ਇਸ ਦਾਅਵੇ ਨੂੰ ਸੱਚ ਮੰਨ ਵੀ ਲਈਏ, ਦਿੱਲੀ ਰਹਿੰਦੇ ਜਾਂ ਪਰਦੇਸਾਂ ਵਿਚ ਵਿਚਰਦੇ ਰਹੇ ਗਾਰਗੀ ਦੀ ਇਹ ਮਿੱਤਰਤਾ ਬਰਨਾਲੇ ਦੇ ਇਲਾਕੇ ਵਿਚ ਰਹਿੰਦੇ ਭੱਠਲ ਜੀ ਨਾਲ ਚੰਡੀਗੜ੍ਹ ਵਿਚ ਕਿਵੇਂ ਵਧੀ-ਫੁੱਲੀ ਸੀ ਕਿ ਉਥੇ ਚੇਤੇ ਆਵੇਗੀ? ਇਸ ‘ਮਿੱਤਰਤਾ’ ਦੇ ਦਾਅਵੇ ਦਾ ਕਾਰਨ ਇਹ ਸੀ ਕਿ ਓਦੋਂ ਭੱਠਲ ਜੀ ਦੀ ਧੀ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਮੁੱਖ ਮੰਤਰੀ ਸੀ!
ਜਦੋਂ ਕਿਤੇ ਗਾਰਗੀ ਦੀ ਗੱਲ ਚਲਦੀ ਹੈ, ਉਹਦਾ ‘ਕਾਸ਼ਨੀ ਵਿਹੜਾ’ ਜ਼ਰੂਰ ਜ਼ਿਕਰ ਵਿਚ ਆ ਜਾਂਦਾ ਹੈ। ਗੱਲ ਨੂੰ ਵਧਾਉਣ-ਚੜ੍ਹਾਉਣ ਦੀ ਉਹਦੀ ਸਮਰੱਥਾ ਦਾ ਅੰਦਾਜ਼ਾ ਵੀ ਉਹਦੇ ਕਾਸ਼ਨੀ ਵਿਹੜੇ ਤੋਂ ਹੀ ਲਾਇਆ ਜਾ ਸਕਦਾ ਹੈ। ਨਿਮਾਣੇ ਜਿਹੇ ਕੁਆਰਟਰ ਦੀ ਮਹਿਮਾ ਉਹਨੇ ਅਜਿਹੀ ਬਣਾਈ ਹੋਈ ਸੀ ਜਿਵੇਂ ਰਾਸ਼ਟਰਪਤੀ ਭਵਨ ਤੋਂ ਮਗਰੋਂ ਉਹ ਦਿੱਲੀ ਦਾ ਸਭ ਤੋਂ ਮਸ਼ਹੂਰ ਭਵਨ ਹੋਵੇ, ਜਿਵੇਂ ਉਹਦੀ ਵਿਸ਼ਾਲ ਅਲੋਕਾਰ ਇਮਾਰਤ ਕਾਰਬੂਜ਼ੀਏ ਦੀ ਡੀਜ਼ਾਈਨ ਕੀਤੀ ਹੋਈ ਹੋਵੇ। ਇਹੋ ਅਨੁਪਾਤ ਉਹਦੀ ਜ਼ਿੰਦਗੀ ਦੇ ਹਰ ਪੱਖ ਉੱਤੇ ਲਾਗੂ ਹੁੰਦਾ ਸੀ। ਆਖ਼ਰ ਉਹਨੂੰ ਉਹ ਕੁਆਰਟਰ ਛੱਡਣ ਲਈ ਮਜਬੂਰ ਹੋਣਾ ਪੈ ਗਿਆ, ਜਿਥੇ ਪੰਜਾਬੀ ਤੋਂ ਇਲਾਵਾ ਅਨੇਕ ਪ੍ਰਸਿੱਧ ਦੇਸੀ-ਪਰਦੇਸੀ ਸਾਹਿਤਕ-ਸਭਿਆਚਾਰਕ ਹਸਤੀਆਂ ਦੇ ਚਰਨ ਪਏ ਸਨ, ਅਣਗਿਣਤ ਸਾਹਿਤਕ ਮਹਿਫ਼ਲਾਂ ਸਜੀਆਂ ਸਨ ਤੇ ਅਨੇਕ ਨਾਟਕਾਂ ਦੀਆਂ ਰੀਹਰਸਲਾਂ ਹੋਈਆਂ ਸਨ! ਉਹਨੇ ਮੋਟੀ ਰਕਮ ਬੋਝੇ ਵਿਚ ਪਾਈ ਤੇ ਉਥੋਂ ਡੰਡਾ-ਡੇਰਾ ਚੁੱਕ ਲਿਆ। ਕੁਝ ਸਮਾਂ ਭਤੀਜੇ ਕੋਲ ਚੰਡੀਗੜ੍ਹ ਡੇਰੇ ਜਾ ਲਾਏ। ਉਥੇ ਬੈਠਿਆਂ ਲਾਈ ਕੁੰਡੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੇ ਉਹਨੂੰ ਪ੍ਰੋਫ਼ੈਸਰ ਆਫ਼ ਐਮੀਨੈਂਸ ਲਾ ਕੇ ਚੰਗੀ ਤਨਖ਼ਾਹ ਵੀ ਬੰਨ੍ਹ ਦਿੱਤੀ ਤੇ ਨਿਵਾਸ ਦੀਆਂ ਕੁੰਜੀਆਂ ਵੀ ਸੌਂਪ ਦਿੱਤੀਆਂ। ਪਟਿਆਲ਼ੇ ਇਕੱਲ-ਭਰਿਆ ਸਮਾਂ ਬਿਤਾਉਣ ਮਗਰੋਂ ਉਹ ਡਿਗਦੀ ਸਿਹਤ ਨਾਲ ਬੇਟੇ ਮਨੂੰ ਕੋਲ ਬੰਬਈ ਜਾ ਪਹੁੰਚਿਆ।
ਦਿੱਲੀ ਛੱਡਣ ਤੋਂ ਪਹਿਲਾਂ ਉਹਨੇ ਇਕ ਵਧੀਆ ਪੁੰਨ ਦਾ ਕੰਮ ਕੀਤਾ। ਉਹਨੇ ਆਪਣੇ ਚਿਰਾਂ-ਪੁਰਾਣੇ ਨੌਕਰ ਕਿਸ਼ੋਰੀ ਲਾਲ ਨੂੰ ਮੋਟੀ ਰਕਮ ਬਖ਼ਸ਼ੀਸ਼ ਦੇ ਕੇ ਆਪਣਾ ਪਰਿਵਾਰਕ ਜੀਵਨ ਜਿਉਣ ਵਾਸਤੇ ਪਿਆਰ ਨਾਲ਼ ਵਿਦਾਅ ਕਰ ਦਿੱਤਾ। ਅਸਲ ਵਿਚ ਕਿਸ਼ੋਰੀ ਲਾਲ ਨੂੰ ਉਹਦਾ ਨੌਕਰ ਕਹਿਣਾ ਸਹੀ ਨਹੀਂ। ਉਹ ਗਾਰਗੀ ਦੇ ਮਕਾਨ ਦਾ ਨਹੀਂ, ਘਰ ਦਾ ਤੇ ਜੀਵਨ ਦਾ ਪ੍ਰਬੰਧਕ ਸੀ, ਹਰ ਕੰਮ, ਹਰ ਫ਼ਰਜ਼ ਸ਼ਾਂਤ ਤੇ ਅਬੋਲ ਰਹਿ ਕੇ ਸਲੀਕੇ ਨਾਲ਼ ਨਿਭਾਉਣ ਵਾਲ਼ਾ। ਗਾਰਗੀ ਵੱਲੋਂ ਭੋਗੀ ਗਈ ਬੇਫ਼ਿਕਰ, ਬੇਪਰਵਾਹ ਤੇ ਮਨਮੌਜੀ ਜ਼ਿੰਦਗੀ ਵਿਚ ਉਹਦੀ ਬਹੁਤ ਵੱਡੀ ਦੇਣ ਸੀ। ਉਹ ਗਾਰਗੀ ਦੇ ਸਭ ਦੇ ਸਭ ਕਾਲ਼ੇ-ਚਿੱਟੇ ਕਾਰਨਾਮਿਆਂ ਦਾ ਭੇਤੀ ਸੀ ਪਰ ਕਦੀ ਕਿਸੇ ਨੇ ਉਹਦੇ ਮੂੰਹੋਂ ਕੋਈ ਭੇਤ ਨਿੱਕਲਣ ਦਾ ਜ਼ਿਕਰ ਨਹੀਂ ਕੀਤਾ। ਇਸ ਪੱਖੋਂ ਉਹ ਪੂਰੀ ਤਰ੍ਹਾਂ ਗੂੰਗਾ ਸੀ।
ਜਦੋਂ ਗਾਰਗੀ ਚੰਡੀਗੜ੍ਹ ਸੀ, ਇਕ ਦਿਨ ਅਚਾਨਕ ਮੈਨੂੰ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਲੱਗਣ ਦੀ ਵਧਾਈ ਦਾ ਉਹਦਾ ਫੋਨ ਆ ਗਿਆ। ਆਵਾਜ਼ ਵਿਚ ਪਹਿਲਾਂ ਵਾਲਾ ਕਣ ਨਹੀਂ ਸੀ। ਪਹਿਲਾਂ ਤਾਂ ਮੈਂ ਫੋਨ ਬਾਰੇ ਹੈਰਾਨ ਹੋਇਆ, ਪਰ ਫੇਰ ਇਹ ਸੋਚ ਕੇ ਹੈਰਾਨੀ ਆਪੇ ਮੁੱਕ ਗਈ ਕਿ ਕਿਸੇ ਵੇਲੇ ਕੰਮ ਆ ਸਕਣ ਵਾਲੇ ਬੰਦੇ ਨਾਲ ਸੰਬੰਧ ਬਣਾ ਲੈਣ ਜਾਂ ਨਵਿਆ ਲੈਣ ਦਾ ਉਹ ਉਸਤਾਦ ਸੀ। ਇਕ ਦਿਨ ਮਿੱਤਰ-ਪਿਆਰਾ ਗੁਲਜ਼ਾਰ ਸਿੰਘ ਸੰਧੂ ਕਹਿੰਦਾ, ਤੇਰੇ ਚੰਡੀਗੜ੍ਹ ਆਉਣ ਦੀ ਖ਼ੁਸ਼ੀ ਵਿਚ ਘਰੇ ਛੋਟੀ ਜਿਹੀ ਪਾਰਟੀ ਰੱਖੀ ਹੈ। ਮੈਂ ਗਿਆ ਤਾਂ ਉਹਦਾ ਘਰ ਦੋਸਤਾਂ ਨਾਲ ਭਰਿਆ ਪਿਆ ਸੀ ਤੇ ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਗਾਰਗੀ ਵੀ ਆ ਗਿਆ ਤੇ ਬੜੇ ਤਪਾਕ ਨਾਲ ਮਿਲਿਆ, ਪਰ ਕੁਝ ਹੀ ਲੋਕਾਂ ਨੂੰ ਮਿਲ ਕੇ ਥੱਕਿਆਂ ਵਾਂਗ ਵਿਹੜੇ ਵਿਚ ਮੂੜ੍ਹੇ ਉੱਤੇ ਬੈਠ ਗਿਆ।
ਅੱਧ-ਵਿਚਾਲੇ ਉਹ ਇਕਦਮ ਖੜ੍ਹਾ ਹੋਇਆ ਤੇ ਘਬਰਾਇਆ ਜਿਹਾ ਜੇਬਾਂ ਵਿਚ ਹੱਥ ਮਾਰਦਾ ਬੋਲਿਆ, ‘ਗੁਲਜ਼ਾਰ, ਮੈਂ ਚਲਦਾ ਹਾਂ। ਮੇਰੀ ਦਵਾਈ ਘਰ ਰਹਿ ਗਈ। ਦਵਾਈ ਹੈ ਨਹੀਂ…ਮੈਂ ਦਵਾਈ…ਜੇ ਇਥੇ ਤਕਲੀਫ਼ ਹੋ ਗਈ…ਦਵਾਈ ਬਿਨਾਂ…ਮੈਂ ਦਵਾਈ…ਦਵਾਈ ਘਰੇ…ਮੈਂ…ਮੈਂ…।’ ਉਹ ਦਵਾਈ ਦੀ ਅਣਹੋਂਦ ਵਿਚ ਬੀਮਾਰੀ ਦਾ ਦੌਰਾ ਪੈ ਜਾਣ ਦੇ ਭੈ ਨਾਲ ਬਹੁਤ ਪਰੇਸ਼ਾਨ ਸੀ। ਗੁਲਜ਼ਾਰ ਨੇ ਉਹਨੂੰ ਸ਼ਾਂਤ ਕਰਨ ਲਈ ਕਿਹਾ, ‘ਗਾਰਗੀ, ਚਿੰਤਾ ਨਾ ਕਰ। ਤੂੰ ਸ਼ਾਂਤੀ ਨਾਲ ਬੈਠ, ਦਵਾਈ ਹੁਣੇ ਆ ਜਾਂਦੀ ਐ। ਦਵਾਈ ਦਾ ਨਾਂ ਦੱਸ, ਹੁਣੇ ਬੰਦਾ ਭੇਜ ਕੇ ਕੈਮਿਸਟ ਤੋਂ ਮੰਗਵਾ ਲੈਂਦੇ ਹਾਂ।’ ਪਰ ਉਹਨੂੰ ਦਵਾਈ ਦਾ ਨਾਂ ਪਤਾ ਨਹੀਂ ਸੀ। ਪਰਚੀ ਵੀ ਘਰ ਹੀ ਪਈ ਸੀ। ਗੁਲਜ਼ਾਰ ਕਹਿੰਦਾ, ‘ਤੂੰ ਬੇਫ਼ਿਕਰ ਬੈਠ। ਦਵਾਈ ਪੰਜ ਮਿੰਟਾਂ ਵਿਚ ਘਰੋਂ ਆਈ ਸਮਝ।’ ਪਰ ਉਹ ਦਵਾਈ ਜੇਬ ਵਿਚ ਹੋਣ ਤੋਂ ਬਿਨਾਂ ਬਹੁਤ ਡਰਿਆ ਹੋਇਆ ਸੀ ਤੇ ਪੰਜ ਮਿੰਟ ਵੀ ਬੈਠਣ ਲਈ ਤਿਆਰ ਨਹੀਂ ਸੀ। ਆਖ਼ਰ ਉਹ ਸਭ ਦੇ ਰੋਕਦਿਆਂ-ਰੋਕਦਿਆਂ ਕਾਹਲੀ ਨਾਲ ਚਲਿਆ ਗਿਆ।
ਇਕ ਮੰਗਲਵਾਰ ਧੀਰ ਜੀ ਦਾ ਫ਼ੋਨ ਆਇਆ। ਬੋਲੇ, ‘ਆਉਂਦੇ ਐਤਵਾਰ ਹੋਰ ਕੋਈ ਪ੍ਰੋਗਰਾਮ ਨਾ ਬਣਾਈਂ, ਸਿੱਧਾ ਘਰੇ ਆਈਂ। ਸਵੇਰੇ ਹੀ ਆ ਜਾਈਂ। ਦੁਪਹਿਰ ਦੀ ਰੋਟੀ ਗਾਰਗੀ ਨਾਲ ਮਿਲ ਕੇ ਖਾਵਾਂਗੇ। ਗਾਰਗੀ ਨੇ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦਾ ਸਾਗ ਬਣਾਉਣ ਲਈ ਕਿਹਾ ਹੈ, ਡਡਹੇੜੀ ਵਰਗਾ। ਨਾਲੇ ਉਹਨੇ ਉਚੇਚਾ ਜ਼ੋਰ ਦੇ ਕੇ ਕਿਹਾ ਹੈ, ਭੁੱਲਰ ਨੂੰ ਕਹੀਂ, ਜ਼ਰੂਰ ਆਵੇ।’ ਐਤਵਾਰ ਦੁਪਹਿਰੇ ਅਸੀਂ ਵਿਹੜੇ ਵਿਚ ਧੁੱਪੇ ਬੈਠ ਕੇ ਰੋਟੀ ਖਾਧੀ। ਮੱਕੀ ਦੀਆਂ ਰੋਟੀਆਂ ਨਾਲ ਸਰ੍ਹੋਂ ਦਾ ਸਾਗ, ਘਰ ਦੇ ਮੱਖਣ ਦਾ ਕਟੋਰਾ ਤੇ ਗਾਰਗੀ ਦੀ ਇਕ ਹੋਰ ਫ਼ਰਮਾਇਸ਼, ਡਡਹੇੜੀ ਵਾਲਾ ਅੰਬ ਦਾ ਅਚਾਰ। ਸਭ ਕੁਝ ਡਡਹੇੜੀ ਵਰਗਾ ਇਸ ਲਈ ਕਿ ਉਹ ਲੁਧਿਆਣੇ, ਜਲੰਧਰ, ਅੰਮ੍ਰਿਤਸਰ ਜਾਂਦਾ ਹੋਇਆ ਮੰਡੀ ਗੋਬਿੰਦਗੜ੍ਹ ਉੱਤਰ ਕੇ ਤੇ ਪੈਦਲ ਡਡਹੇੜੀ ਪਹੁੰਚ ਕੇ ਇਕ ਦਿਨ ਧੀਰ ਜੀ ਕੋਲ ਜ਼ਰੂਰ ਰਹਿ ਕੇ ਜਾਂਦਾ ਸੀ।
ਉਹਨੂੰ ਥਾਲੀ ਵਿਚ ਬੇਅਨੁਪਾਤਾ ਅਚਾਰ, ਸਾਗ ਤੇ ਮੱਖਣ ਪਾਉਂਦਿਆਂ ਅਤੇ ਬੁਰਕੀ ਨਾਲ਼ ਰਲਾਉਂਦਿਆਂ-ਮਧਦਿਆਂ ਦੇਖ ਕੇ ਹੈਰਾਨੀ ਹੋਈ ਸੀ। ਖਾਣੇ ਦੀ ਮੇਜ਼ ਦੇ ਸ਼ਹੂਰ-ਸਲੀਕੇ ਲਈ ਜਾਣੇ ਜਾਂਦੇ ਗਾਰਗੀ ਦੀ ਬੇਧਿਆਨੀ ਜਿਹੀ ਤੋਂ ਲੱਗਿਆ ਸੀ ਕਿ ਸਭ ਕੁਝ ਠੀਕ ਨਹੀਂ। ਮਗਰੋਂ ਗੱਲਾਂ ਕਰਦਿਆਂ ਉਹ ਕਹਿੰਦਾ, ‘ਮੈਂ ਨਵਾਂ ਨਾਵਲ ਲਿਖਿਆ ਹੈ, ਕੁਛ ਕਾਂਡ ਟ੍ਰਿਬਿਊਨ ਵਿਚ ਛਾਪੀਏ।’ ਮੈਂ ਕਿਹਾ, ‘ਸਾਰਾ ਹੀ ਦੇ ਦਿਉ, ਕਿਸਤਾਂ ਸ਼ੁਰੂ ਕਰ ਦਿੰਨੇ ਆਂ।’ ਉਹ ਬੋਲਿਆ, ‘ਨਹੀਂ, ਸਾਰਾ ਨਹੀਂ। ਮੈਂ ਛੇਤੀ ਹੀ ਚਾਰ ਕਾਂਡ ਛਾਂਟ ਕੇ ਭੇਜੂੰਗਾ।’ ਪਰ ਉਹ ਕਾਂਡ ਕਦੇ ਨਾ ਆਏ। ਵਿਚ-ਵਿਚ ਬੇਤਰਤੀਬੀਆਂ ਜਿਹੀਆਂ ਹੋ ਜਾਂਦੀਆਂ ਉਹਦੀਆਂ ਗੱਲਾਂ ਤੋਂ ਸਾਫ਼ ਦਿਸਦਾ ਸੀ ਕਿ ਤਨ ਦੇ ਨਾਲ-ਨਾਲ ਮਨ ਵੀ ਬੁੱਢਾ ਹੋਣ ਲੱਗ ਪਿਆ ਸੀ! ਉਹਦੀ ਸੁਰਤ ਦੇ ਪੈਰ ਪਗਡੰਡੀ ਤੋਂ ਥੋੜ੍ਹਾ-ਥੋੜ੍ਹਾ ਸੱਜੇ-ਖੱਬੇ ਪੈਣੇ ਸ਼ੁਰੂ ਹੋ ਗਏ ਸਨ।
ਉਮਰ ਦੀ ਪੌਣੀ ਸਦੀ ਭੋਗ ਚੁੱਕਣ ਤੱਕ ਤੰਦਰੁਸਤ ਤੇ ਫੁਰਤੀਲਾ ਰਿਹਾ ਗਾਰਗੀ ਆਖ਼ਰ ਢਲਣ ਲੱਗ ਪਿਆ ਤੇ ਢਲਿਆ ਵੀ ਕੁਛ ਵਧੇਰੇ ਹੀ ਤੇਜ਼ੀ ਨਾਲ। ਉਹਦਾ ਭੁੱਲਣ-ਰੋਗ ਵਧਣ ਲੱਗਿਆ ਤੇ ਸਕੇ-ਸਨੇਹੀਆਂ ਨੂੰ ਪਛਾਣਨ ਵਿਚ ਉਹਨੂੰ ਮੁਸ਼ਕਿਲ ਹੋਣ ਲੱਗੀ। ਜਦੋਂ ਮਨੂੰ ਕੋਲ ਮੁੰਬਈ ਪਹੁੰਚਿਆ, ਉਹ ਮੁੰਬਈ, ਦਿੱਲੀ ਤੇ ਬਠਿੰਡੇ ਦਾ ਫ਼ਰਕ ਭੁੱਲ ਚੁੱਕਿਆ ਸੀ। ਪੰਜਾਬੀ ਸਾਹਿਤ ਸਭਾ ਦਿੱਲੀ ਨੇ ਉਹਨੂੰ ਫ਼ੈਲੋਸ਼ਿਪ ਦਿੱਤੀ ਤਾਂ ਭਾਪਾ ਪ੍ਰੀਤਮ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਪਹਿਲੇ ਤਿੰਨ ਮਹੀਨਿਆਂ ਦਾ ਚੈੱਕ ਦੇਣ ਵਾਸਤੇ ਮੁੰਬਈ ਗਏ। ਗੁਲਜ਼ਾਰ, ਸੁਖਬੀਰ, ਐਸ. ਸਵਰਨ, ਅਮਰੀਕ ਗਿੱਲ, ਰਸ਼ਪਿੰਦਰ ਰਸ਼ਿਮ ਤੇ ਇਕ-ਦੋ ਹੋਰ ਉਥੋਂ ਬੁਲਾ ਲਏ ਗਏ। ਸੰਧੂ ਨੇ ਉਹਨੂੰ ਦੱਸਿਆ ਕਿ ਉਹ ਇਧਰ ਆਉਣ ਤੋਂ ਪਹਿਲਾਂ ਕਾਸ਼ਨੀ ਵਿਹੜਾ ਦੇਖ ਕੇ ਆਇਆ ਹੈ ਜਿਥੇ ਬੁਲਡੋਜ਼ਰ ਚੱਲ ਰਿਹਾ ਸੀ। ਉਹਨੂੰ ਕੋਈ ਪਤਾ ਨਹੀਂ ਸੀ ਕਿ ਇਹ ਕਿਸ ਵਿਹੜੇ ਦੀ ਗੱਲ ਕਰ ਰਿਹਾ ਹੈ। ਸੰਧੂ ਕਹਿੰਦਾ ਹੈ, ‘ਉਸ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਹਾਂ।’
ਦਸਦੇ ਹਨ ਕਿ ਉਹਦੀ ਇਸ ਅਵਸਥਾ ਦੇ ਦੋ ਸਾਲਾਂ ਵਿਚ ਮਨੂੰ ਨੇ ਦਿਨ-ਰਾਤ ਇਕ ਕਰ ਕੇ ਉਹਦੀ ਜੋ ਸਾਂਭ-ਸੰਭਾਲ ਕੀਤੀ, ਉਹ ਯਕੀਨਨ ਪ੍ਰਸੰਸਾਜੋਗ ਸੀ। ਜਦੋਂ ਹਾਲਤ ਬਹੁਤੀ ਹੀ ਵਿਗੜ ਗਈ, ਉਹਨੇ ਡਾਕਟਰਾਂ ਤੋਂ ਪਿਤਾ ਨੂੰ ਜੀਵਨ-ਸਹਾਇਕ ਮਸ਼ੀਨੀ ਪ੍ਰਬੰਧ ਨਾਲ ਜੋੜਨ ਦੀ ਸਲਾਹ ਲਈ, ਪਰ ਉਨ੍ਹਾਂ ਦੀ ਰਾਇ ਸੀ ਕਿ ਉਮਰ ਨਾਲ ਸਰੀਰ ਜਿਸ ਅਵਸਥਾ ਨੂੰ ਪੁੱਜ ਚੁੱਕਿਆ ਹੈ, ਮਸ਼ੀਨਾਂ ਦਾ ਕਸ਼ਟਦਾਇਕ ਸਹਾਰਾ ਵੀ ਬੇਅਰਥ ਜੀਵਨ ਨੂੰ ਕੁਛ ਦਿਨ ਵਧਾ ਦੇਣ ਤੋਂ ਵੱਧ ਕੁਛ ਨਹੀਂ ਕਰ ਸਕੇਗਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਹਸਪਤਾਲ ਦੇ ਓਪਰੇ ਮਾਹੌਲ ਦੀ ਥਾਂ ਘਰ ਦੇ ਸ਼ਾਂਤ ਮਾਹੌਲ ਵਿਚ ਸੇਵਾ ਕਰ ਕੇ ਇਨ੍ਹਾਂ ਨੂੰ ਚੈਨ ਨਾਲ ਸੁਆਸ ਪੂਰੇ ਕਰਨ ਦਿਓ। ਇਕ ਮਹੀਨਾ ਇਸ ਅਵਸਥਾ ਵਿਚ ਪਿਆ ਰਹਿ ਕੇ 87 ਸਾਲ ਦੀ ਉਮਰ ਭੋਗਣ ਪਿੱਛੋਂ ਉਹ ਮਨੂੰ ਦੇ ਹੱਥਾਂ ਵਿਚ ਪੂਰਾ ਹੋ ਗਿਆ।
ਗਾਰਗੀ ਦੀ ਇਕ ਖ਼ੂਬੀ ਇਹ ਸੀ ਕਿ ਉਹ ਨਾ ਆਸਤਿਕ ਸੀ ਤੇ ਨਾ ਨਾਸਤਿਕ। ਜੇ ਕਹਿਣਾ ਹੋਵੇ, ਧਰਮ ਦੇ ਪੱਖੋਂ ਉਹ ਸਹਿਜ-ਪੰਥੀ ਸੀ। ਉਹਦਾ ਮੱਤ ਕੁਛ ਇਉਂ ਸੀ ਕਿ ਜੇ ਰੱਬ ਹੈਗਾ, ਹੋਵੇ, ਕਰਦਾ ਰਹੇ ਆਪਣਾ ਕੰਮ, ਤੇ ਜੇ ਰੱਬ ਨਹੀਂ, ਨਾ ਸਹੀ, ਆਪਾਂ ਉਹਤੋਂ ਕੀ ਲੈਣਾ ਹੈ! ਇਸੇ ਲਈ ਉਹ ਕਿਸੇ ਡੇਰੇ-ਮੰਦਰ ਨਹੀਂ ਸੀ ਜਾਂਦਾ। ਪੂਰਾ ਹੋਣ ਤੋਂ ਕੋਈ ਸਾਢੇ ਪੰਜ ਸਾਲ ਪਹਿਲਾਂ, 17 ਸਤੰਬਰ 1997 ਨੂੰ ਮੰਨੂ ਲਈ ਅੰਗਰੇਜ਼ੀ ਵਿਚ ਟਾਈਪ ਕੀਤੀਆਂ ਚਾਰ ਸਤਰਾਂ ਦੇ ਰੂਪ ਵਿਚ ਲਿਖੀ ‘ਵਸੀਅਤ’ ਅਨੁਸਾਰ ਉਹ ਆਪਣੀ ਅੰਤਿਮ ਠਾਹਰ ਬਠਿੰਡੇ ਦੇ ਸੁਨਹਿਰੀ ਕੱਕੇ ਰੇਤੇ ਨੂੰ ਥਾਪਦਾ ਹੈ: ‘ਮੇਰੀ ਮੌਤ ਮਗਰੋਂ ਕੋਈ ਰੋਣਾ-ਪਿੱਟਣਾ ਨਹੀਂ ਹੋਣਾ ਚਾਹੀਦਾ। ਉਸ ਮੌਕੇ ਸਕੇ-ਸਨੇਹੀ ਬੱਸ ਖਾਣੇ ਵਾਸਤੇ ਮਿਲ ਬੈਠਣ। ਮੇਰਾ ਸਸਕਾਰ ਮੇਰੀ ਕਰਮਭੂਮੀ ਤੇ ਕਲਮਭੂਮੀ ਦਿੱਲੀ ਵਿਚ ਹੋਵੇ ਅਤੇ ਮੇਰੇ ਫੁੱਲ ਮੇਰੀ ਜਨਮਭੂਮੀ ਬਠਿੰਡੇ ਦੀ ਸਰਹਿੰਦ ਨਹਿਰ ਵਿਚ ਪਾਏ ਜਾਣ, ਜਿਥੇ ਮੈਂ ਬਚਪਨ ਵਿਚ ਸੁਨਹਿਰੀ ਰੇਤੇ ਵਿਚ ਖੇਡਿਆ!’ ਉਹਦੇ ਸ਼ਾਗਿਰਦ ਅਨੂਪਮ ਖੇਰ ਤੇ ਅਮਰੀਕ ਗਿੱਲ ਦੇਹ ਸਿੱਧੀ ਦਿੱਲੀ ਦੇ ਲੋਧੀ ਰੋਡ ਵਾਲੇ ਸ਼ਮਸ਼ਾਨਘਾਟ ਵਿਚ ਲੈ ਆਏ। ਮਗਰੋਂ ਮਨੂੰ ਅਤੇ ਪਿਤਾ ਦੇ ਅੰਤ ਦੀ ਖ਼ਬਰ ਸੁਣ ਕੇ ਆਈ ਜੱਨਤ ਬਠਿੰਡੇ ਦੇ ਮੁਹਤਬਰ ਬੰਦਿਆਂ ਦੀ ਹਾਜ਼ਰੀ ਵਿਚ ਉਹਦੀ ਇੱਛਾ ਅਨੁਸਾਰ ਫੁੱਲ ਉਸ ਨਹਿਰ ਵਿਚ ਤਾਰ ਆਏ ਜਿਸ ਦੇ ਕਿਨਾਰੇ ਦੇ ਪਿੰਡ ਸ਼ਹਿਣਾ ਵਿਚ ਉਹਦਾ ਬਚਪਨ ਬੀਤਿਆ ਸੀ ਤੇ ਕਿਨਾਰੇ ਦੇ ਸ਼ਹਿਰ ਬਠਿੰਡਾ ਵਿਚ ਉਹਦੀ ਚੜ੍ਹਦੀ ਉਮਰ ਲੰਘੀ ਸੀ।
ਛੋਟੇ-ਮੋਟੇ ਦਿਖਾਵਿਆਂ ਤੇ ਸਵੈ-ਪੇਸ਼ਕਾਰੀ ਦੇ ਜਤਨਾਂ ਦੇ ਬਾਵਜੂਦ ਉਹ ਪੁਰਖ਼ਲੂਸ ਤੇ ਨਿੱਘਾ ਮਨੁੱਖ ਸੀ। ਬੋਲੀ ਦਾ ਉਸਤਾਦ ਤੇ ਕਲਮ ਦਾ ਧਨੀ। ਇਸੇ ਕਰਕੇ ਅਜਿਹੇ ਛੋਟੇ ਦਿਖਾਵੇ ਤੇ ਜਤਨ ਉਹਦੀ ਵੱਡੀ ਸਾਹਿਤਕ-ਸਭਿਆਚਾਰਕ ਪ੍ਰਤਿਭਾ ਤੇ ਦੇਣ ਸਾਹਮਣੇ ਤੁੱਛ ਬਣ ਕੇ ਰਹਿ ਜਾਂਦੇ ਹਨ। ਜਾਣ ਵਾਲਾ ਕੋਈ ਲੇਖਕ ਸਾਹਿਤ-ਸਭਿਆਚਾਰ ਦੇ ਇਤਿਹਾਸ ਦੀ ਪੁਸਤਕ ਵਿਚ ਕੌਮਾ ਹੁੰਦਾ ਹੈ, ਕੋਈ ਬਿੰਦੀ, ਕੋਈ ਵਾਕ ਹੁੰਦਾ ਹੈ, ਕੋਈ ਪੈਰਾ, ਪਰ ਗਾਰਗੀ ਉਨ੍ਹਾਂ ਵਿਰਲੇ-ਟਾਂਵਿਆਂ ਵਿਚੋਂ ਸੀ ਜੋ ਪੂਰਾ ਕਾਂਡ ਰਚ ਕੇ ਜਾਂਦੇ ਹਨ। ਉਸ ਦਾ ਇਹ ਕਾਂਡ 22 ਅਪਰੈਲ 2003 ਨੂੰ ਪੂਰਨ ਵਿਸਰਾਮ-ਚਿੰਨ੍ਹ ਲੱਗਣ ਨਾਲ ਸੰਪੂਰਨ ਹੋ ਗਿਆ!