ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ 8 ਪਰਵਾਸੀਆਂ ਵਿਚ ਭਾਰਤੀ ਵੀ ਸ਼ਾਮਲ

ਟੋਰਾਂਟੋ: ਕੈਨੇਡਿਆਈ ਪੁਲਿਸ ਦੋ ਹੋਰ ਪਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਹੜੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸੇਂਟ ਲਾਰੈਂਸ ਨਦੀ ਵਿਚ ਡੁੱਬ ਗਏ ਸਨ। ਪੁਲਿਸ ਨੇ ਦੱਸਿਆ ਕਿ ਪਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਪਲਟਣ ਦੀ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਅੱਠ ਹੋ ਗਈ ਹੈ, ਜਿਸ ਵਿਚ ਇਕ ਭਾਰਤੀ ਪਰਿਵਾਰ ਦੇ ਮੈਂਬਰਾਂ ਵੀ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ ਦੋਵੇਂ ਲਾਸ਼ਾਂ ਐਕਵੇਸ਼ਨ ਨੇੜੇ ਨਦੀ ਦੇ ਕੰਢੇ ਦਲਦਲ ਵਿਚੋਂ ਮਿਲੀਆਂ ਹਨ। ਇਕ ਵਿਅਕਤੀ ਹਾਲੇ ਵੀ ਲਾਪਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਇਕ ਭਾਰਤੀ ਅਤੇ ਇਕ ਰੋਮਾਨਿਆਈ ਪਰਿਵਾਰ ਦੇ ਮੈਂਬਰ ਮੰਨੇ ਜਾਂਦੇ ਹਨ, ਜੋ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿਚ ਤਿੰਨ ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਵੀ ਸ਼ਾਮਲ ਹਨ ਜੋ ਕੈਨੇਡਿਆਈ ਨਾਗਰਿਕ ਹਨ। ਮਾਂਟਰੀਅਲ ਗਜਟ ਨੇ ਦੱਸਿਆ ਕਿ ਅਧਿਕਾਰੀ ਨੇ ਕਿਹਾ ਕਿ ਪੁਲਿਸ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਪਤਾ ਲਾਉਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਕੰਮ ਕਰ ਰਹੀ ਹੈ। ਖਬਰਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਨਦੀ ਦੇ ਨੇੜੇ ਵੀ ਚੌਕਸੀ ਵਧਾ ਦਿੱਤੀ ਹੈ।