ਵਾਸ਼ਿੰਗਟਨ: ਅਮਰੀਕਾ ਦੇ ਇਕ ਜੱਜ ਨੇ ਫੈਸਲਾ ਸੁਣਾਇਆ ਕਿ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਅਮਰੀਕਾ ‘ਚ ਕੰਮ ਕਰ ਸਕਦੇ ਹਨ।
ਅਦਾਲਤ ਦੇ ਇਸ ਫੈਸਲੇ ਨਾਲ ਵਿਦੇਸ਼ੀ ਕਾਮਿਆਂ ਜਿਨ੍ਹਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ ਹੈ, ਨੂੰ ਰਾਹਤ ਮਿਲੀ ਹੈ। ਅਮਰੀਕਾ ਦੀ ਜ਼ਿਲ੍ਹਾ ਜੱਜ ਤਾਨਿਆ ਚਟਕਨ ਨੇ ‘ਸੇਵ ਜੌਬਸ ਯੂ.ਐਸ.ਏ‘ ਵੱਲੋਂ ਦਾਇਰ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਨਿਯਮ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ। ਇਸ ਨਿਯਮ ਤਹਿਤ ਕੁਝ ਵਰਗਾਂ ਦੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਰੁਜ਼ਗਾਰ ਅਧਿਕਾਰ ਕਾਰਡ ਦਿੱਤਾ ਜਾਂਦਾ ਹੈ।
ਸੇਵ ਜੌਬਸ ਯੂ.ਐਸ.ਏ ਇਕ ਅਜਿਹੀ ਜਥੇਬੰਦੀ ਹੈ ਜਿਸ ਵਿਚ ਆਈ.ਟੀ. ਕਰਮਚਾਰੀ ਵੀ ਸ਼ਾਮਲ ਹਨ ਤੇ ਇਹ ਦਾਅਵਾ ਕਰਦੇ ਹਨ ਕਿ ਐੱਚ-1ਬੀ ਵੀਜ਼ਾ ਧਾਰਕਾਂ ਕਾਰਨ ਉਨ੍ਹਾਂ ਦੀ ਨੌਕਰੀ ਚਲੀ ਗਈ ਹੈ। ਐਮਾਜ਼ੋਨ, ਐਪਲ, ਗੂਗਲ ਤੇ ਮਾਈਕ੍ਰੋਸਾਫਟ ਜਿਹੀਆਂ ਤਕਨੀਕੀ ਕੰਪਨੀਆਂ ਨੇ ਇਸ ਮੁਕੱਦਮੇ ਦਾ ਵਿਰੋਧ ਕੀਤਾ ਸੀ। ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਤੇ ਪਰਵਾਸੀਆਂ ਦੇ ਹੱਕਾਂ ਬਾਰੇ ਵਕੀਲ ਅਜੈ ਭੁਟੋਰੀਆ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਹੁਣ ਰੁਪਏ ਵਿਚ ਵਪਾਰ ਕਰਨਗੇ ਭਾਰਤ ਅਤੇ ਮਲੇਸ਼ੀਆ
ਨਵੀਂ ਦਿੱਲੀ: ਭਾਰਤ ਤੇ ਮਲੇਸ਼ੀਆ ਹੋਰ ਕਰੰਸੀਆਂ ਦੀ ਬਜਾਏ ਹੁਣ ਭਾਰਤੀ ਰੁਪਏ ਵਿਚ ਹੀ ਵਪਾਰ ਕਰ ਸਕਦੇ ਹਨ। ਇਹ ਜਾਣਕਾਰੀ ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਹੈ। ਇਹ ਕਦਮ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਵਰ੍ਹੇ ਜੁਲਾਈ ਵਿੱਚ ਕੌਮਾਂਤਰੀ ਵਪਾਰ ਸਬੰਧੀ ਲੈਣ-ਦੇਣ ਭਾਰਤੀ ਕਰੰਸੀ ਵਿਚ ਕਰਨ ਸਬੰਧੀ ਲਏ ਗਏ ਫੈਸਲੇ ਮਗਰੋਂ ਚੁੱਕਿਆ ਗਿਆ ਹੈ। ਮੰਤਰਾਲੇ ਮੁਤਾਬਿਕ ਆਰ.ਬੀ.ਆਈ. ਦੀ ਇਸ ਪਹਿਲਕਦਮੀ ਦਾ ਮਕਸਦ ਵਪਾਰ ਨੂੰ ਹੋਰ ਵਧਾਉਣਾ ਅਤੇ ਆਲਮੀ ਪੱਧਰ ‘ਤੇ ਵਪਾਰਕ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨਾ ਹੈ।