ਜੇਲ੍ਹੋਂ ਬਾਹਰ ਆਉਂਦੇ ਹੀ ਕੇਂਦਰ ਤੇ ਪੰਜਾਬ ਦੀਆਂ ਹਕੂਮਤਾਂ `ਤੇ ਵਰ੍ਹੇ ਨਵਜੋਤ ਸਿੱਧੂ

ਪਟਿਆਲਾ: ਤਕਰੀਬਨ ਸਾਢੇ 10 ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ ਹੁੰਦੇ ਸਾਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ‘ਚ ਕੇਂਦਰ ਅਤੇ ਪੰਜਾਬ ਦੀਆਂ ਹਕੂਮਤਾਂ ਨੂੰ ਵੱਖ ਵੱਖ ਮੁੱਦਿਆਂ ‘ਤੇ ਘੇਰਿਆ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।

ਉਧਰ, ਉਨ੍ਹਾਂ ਨੂੰ ਮਿਲੀ ਜੈੱਡ ਪਲੱਸ ਸੁਰੱਖਿਆ ਘਟਾ ਕੇ ਵਾਈ ਕਰ ਦਿੱਤਾ ਗਿਆ ਹੈ। ਛੋਟਾ ਭਰਾ ਕਹਿ ਕੇ ਸੰਬੋਧਨ ਹੁੰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ,’’ਮੈਂ ਛੋਟੇ ਭਾਈ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੱਤਾ ਤੋਂ ਪਹਿਲਾਂ ਉਸ ਨੇ ਬੜੇ ਚੁਟਕਲੇ ਸੁਣਾ ਕੇ ਅਤੇ ਝੂਠ ਵੇਚ ਕੇ ਲੋਕਾਂ ਨੂੰ ਮੂਰਖ ਬਣਾਇਆ ਸੀ। ਪਰ ਅੱਜ ਉਹ ਖੁਦ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ। ਜਿਹੜਾ ਕਰਜ਼ਾ 18 ਹਜ਼ਾਰ ਕਰੋੜ ਸੀ, ਉਹ ਹੁਣ ਵਧ ਕੇ 25 ਹਜ਼ਾਰ ਕਰੋੜ ਹੋ ਗਿਆ ਹੈ ਜਿਸ ‘ਚ ਹੋਰ ਵੀ ਇਜ਼ਾਫਾ ਹੋਵੇਗਾ।“
ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਉੁਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਬੇੜੀਆਂ ‘ਚ ਬੰਨ੍ਹਿਆ ਹੋਇਆ ਹੈ। ਜਦੋਂ ਵੀ ਦੇਸ਼ ‘ਚ ਤਾਨਾਸ਼ਾਹੀ ਆਈ, ਤਾਂ ਕ੍ਰਾਂਤੀ ਵੀ ਆਈ ਹੈ ਤੇ ਇਸ ਕ੍ਰਾਂਤੀ ਦਾ ਨਾਮ ਰਾਹੁਲ ਗਾਂਧੀ ਹੈ, ਜੋ ਇਸ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਉਨ੍ਹਾਂ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਰੋਡ ਰੇਜ ਦੇ ਸਾਢੇ ਤਿੰਨ ਦਹਾਕੇ ਪੁਰਾਣੇ ਮਾਮਲੇ ‘ਚ ਇਕ ਸਾਲ ਦੀ ਸਜਾ ਪੂਰੀ ਕਰਨ ਮਗਰੋਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਸਵੇਰ ਤੋਂ ਜੇਲ੍ਹ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਅਤੇ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮਗਰੋਂ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਉਪਰੰਤ ਉਹ ਇਥੋਂ ਦੀ ਯਾਦਵਿੰਦਰਾ ਕਾਲੋਨੀ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ।
ਸਿੱਧੂ ਨੇ ਕਿਹਾ ਕਿ ਬੀ.ਐਸ.ਐਫ. ਦੀ ਤਾਇਨਾਤੀ ਦੇ ਮੁੱਦੇ ਉਤੇ ਚਰਨਜੀਤ ਸਿੰਘ ਚੰਨੀ ਨੂੰ ਭੰਡਣ ਵਾਲੇ ਭਗਵੰਤ ਮਾਨ ਦੀ ਸਰਕਾਰ ‘ਚ ਹੁਣ ਸਾਰੇ ਬਾਰਡਰਾਂ ‘ਤੇ ਬੀ.ਐਸ.ਐਫ. ਖੜ੍ਹੀ ਹੈ ਅਤੇ ਉਹ ਕੁਝ ਵੀ ਨਹੀਂ ਬੋਲ ਰਹੇ ਹਨ। ਜੇਲ੍ਹ ‘ਚੋਂ ਦੇਰੀ ਨਾਲ ਛੱਡਣ ਦੇ ਮੁੱਦੇ ‘ਤੇ ਉਨ੍ਹਾਂ ਭਗਵੰਤ ਮਾਨ ਨੂੰ ਕਿਹਾ,”ਮੈਨੂੰ ਪੌਣੇ ਬਾਰ੍ਹਾਂ ਵਜੇ ਰਿਹਾਅ ਕਰਨ ਦੀ ਗੱਲ ਆਖ ਕੇ ਛੇ ਵਜੇ ਛੱਡ ਕੇ ਬਹੁਤ ਛੋਟੀ ਗੱਲ ਕੀਤੀ ਹੈ। ਪਰ ਤੂੰ ਮੇਰਾ ਛੋਟਾ ਭਰਾ ਹੈਂ ਅਤੇ ਭਰਾ ਹੀ ਰਹੇਂਗਾ।“ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰੇਤੇ ਦਾ ਰੇਟ 3700 ਰੁਪਏ ਸੀ ਜੋ ਅੱਜ 12 ਹਜ਼ਾਰ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐਕਸਾਈਜ ਪਾਲਿਸੀ ਵੀ ਫੇਲ੍ਹ ਹੋ ਗਈ ਹੈ ਅਤੇ ਮੁਲਾਜ਼ਮ ਪੱਕੇ ਕਰਨ ਤੇ ਇਕ ਲੱਖ ਨੌਕਰੀਆਂ ਦੇਣ ਦੇ ਵਾਅਦੇ ਵੀ ਅਧੂਰੇ ਹਨ। ਸ਼ਕਤੀਆਂ ਦੇ ਕੇਂਦਰੀਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ-ਇਕ ਬੰਦੇ ਕੋਲ 30-30 ਵਜ਼ੀਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫੜਿਆ ਜਾਵੇ ਤਾਂ ਉਸ ਕੋਲੋਂ ਰਿਕਵਰੀ ਵੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ‘ਪੰਜਾਬ ਇਸ ਦੇਸ਼ ਦੀ ਢਾਲ ਹੈ ਅਤੇ ਇਹ ਢਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।‘ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਮਜ਼ੋਰ ਕਰਕੇ ਕੋਈ ਵੀ ਸਰਕਾਰ ਤਕੜੀ ਨਹੀਂ ਹੋ ਸਕਦੀ ਹੈ।
ਜੇਲ੍ਹ ‘ਚ ਨਵਜੋਤ ਸਿੱਧੂ ਦਾ ਤਕਰੀਬਨ 40 ਕਿਲੋ ਭਾਰ ਘੱਟ ਗਿਆ ਹੈ। ਜੇਲ੍ਹ ਜਾਣ ਸਮੇਂ ਉਨ੍ਹਾਂ ਦਾ ਵਜ਼ਨ 135 ਕਿਲੋ ਸੀ ਜਦਕਿ ਹੁਣ ਕਰੀਬ 97 ਕਿਲੋ ਰਹਿ ਗਿਆ ਹੈ। ਉਹ ਜੇਲ੍ਹ ‘ਚ ਕਸਰਤ ਕਰਦੇ ਸਨ। ਜੇਲ੍ਹ ‘ਚ ਉਨ੍ਹਾਂ ਨੂੰ ਲਿਖਤ-ਪੜ੍ਹਤ ਦਾ ਕੰਮ ਲਿਆ ਜਾਂਦਾ ਸੀ।
ਨਵਜੋਤ ਸਿੰੰਘ ਸਿੱਧੂ ਲਈ ਸਜਾ ਦਾ ਆਧਾਰ ਬਣੀ ਘਟਨਾ 27 ਦਸੰਬਰ 1988 ਨੂੰ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਵਾਪਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਪਾਰਕਿੰਗ ਦੇ ਮਾਮਲੇ ‘ਚ ਹੋਏ ਕਥਿਤ ਝਗੜੇ ਦੌਰਾਨ ਗੁਰਨਾਮ ਸਿੰਘ (65) ਦੀ ਮੌਤ ਹੋ ਗਈ ਸੀ ਤੇ ਇਸ ਸਬੰਧੀ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਇੱਕ ਸਾਥੀ ਖਿਲਾਫ਼ ਥਾਣਾ ਕੋਤਵਾਲੀ ਪਟਿਆਲਾ ਵਿਚ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਹੋਇਆ ਸੀ।
ਕਾਂਗਰਸੀ ਵਰਕਰਾਂ ਤੇ ਆਗੂਆਂ ਵੱਲੋਂ ਸਿੱਧੂ ਦਾ ਭਰਵਾਂ ਸਵਾਗਤ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮੌਕੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਜੇਲ੍ਹ ਦੇ ਬਾਹਰ ਨਵਜੋਤ ਸਿੱਧੂ ਦਾ ਭਰਵਾਂ ਸਵਾਗਤ ਕੀਤਾ। ਢੋਲ ਦੇ ਡੱਗੇ ‘ਤੇ ਭੰਗੜੇ ਵੀ ਪਾਏ ਗਏ ਅਤੇ ਥਾਂ-ਥਾਂ ਸਵਾਗਤੀ ਬੋਰਡ ਵੀ ਲਾਏ ਗਏ ਸਨ। ਇਥੋਂ ਇਕ ਕਾਫਲੇ ਦੇ ਰੂਪ ‘ਚ ਉਨ੍ਹਾਂ ਨੂੰ ਘਰ ਤੱਕ ਛੱਡਿਆ ਗਿਆ। ਰਿਹਾਈ ਭਾਵੇਂ ਛੇ ਵਜੇ ਦੇ ਕਰੀਬ ਹੋਈ, ਪਰ ਵਰਕਰ ਸਵੇਰੇ ਦਸ ਵਜੇ ਹੀ ਜੇਲ੍ਹ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ ਸਨ ਕਿਉਂਕਿ ਪਹਿਲਾਂ ਪੌਣੇ ਬਾਰਾਂ ਵਜੇ ਸਿੱਧੂ ਨੂੰ ਛੱਡਣ ਦੀ ਗੱਲ ਆਖੀ ਗਈ ਸੀ।