ਚੰਡੀਗੜ੍ਹ: ਜਲੰਧਰ ਦੀ ਖਾਲੀ ਹੋਈ ਲੋਕ ਸਭਾ ਸੀਟ ਉਤੇ 10 ਮਈ ਨੂੰ ਚੋਣਾਂ ਕਰਵਾਉਣ ਦੇ ਐਲਾਨ ਪਿੱਛੋਂ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ। ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ਨੂੰ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
ਯਾਦ ਰਹੇ ਕਿ ਚੌਧਰੀ ਸੰਤੋਖ ਸਿੰਘ ਦਾ ‘ਭਾਰਤ ਜੋੜੋ ਯਾਤਰਾ` ਦੌਰਾਨ ਰਾਹੁਲ ਗਾਂਧੀ ਨਾਲ ਚੱਲਦਿਆਂ ਇਸ ਸਾਲ 14 ਜਨਵਰੀ, 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਚੌਧਰੀ ਪਰਿਵਾਰ ਦੇ ਪਿਛੋਕੜ ਨੂੰ ਦੇਖਦਿਆਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਦੂਸਰੀਆਂ ਪਾਰਟੀਆਂ ਵੱਲੋਂ ਭਾਵੇਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਸਾਰੀਆਂ ਸਿਆਸੀ ਧਿਰਾਂ ਇਸ ਸੀਟ ਉਤੇ ਸਰਗਰਮ ਨਜ਼ਰ ਆ ਰਹੀਆਂ। ਕਾਂਗਰਸ ਤੋਂ ਇਲਾਵਾ ਸੂਬੇ ਦੀ ਸੱਤਾ ਚਲਾ ਰਹੀ ਆਮ ਆਦਮੀ ਪਾਰਟੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਅਤੇ ਇਸ ਵਾਰ ਇਕੱਲੇ ਤੌਰ ਉਤੇ ਇਸ ਸੀਟ ਉਤੇ ਚੋਣ ਲੜਨ ਲਈ ਭਾਰਤੀ ਜਨਤਾ ਪਾਰਟੀ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਜਲੰਧਰ ਦੀ ਇਸ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਸਾਲ ਕੁ ਪਹਿਲਾਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਇਨ੍ਹਾਂ 9 ਹਲਕਿਆਂ ਵਿਚ ਪਹਿਲੇ ਨੰਬਰ ਉਤੇ ਕਾਂਗਰਸ ਆਈ ਸੀ; ਦੂਜੇ ਨੰਬਰ ਉਤੇ ਆਮ ਆਦਮੀ ਪਾਰਟੀ ਰਹੀ ਸੀ, ਤੀਸਰੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਆਈਆਂ ਸਨ। ਭਾਰਤੀ ਜਨਤਾ ਪਾਰਟੀ ਨੂੰ ਕ੍ਰਮਵਾਰ ਵੋਟਾਂ ਵਿਚ ਚੌਥਾ ਸਥਾਨ ਹੀ ਮਿਲ ਸਕਿਆ ਸੀ।
ਇਨ੍ਹਾਂ 9 ਹਲਕਿਆਂ ਵਿਚ ਉਸ ਸਮੇਂ 5 ਕਾਂਗਰਸ ਦੇ ਅਤੇ 4 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ। ਜੇ ਇਸ ਪਿਛਲੀ ਕਾਰਗੁਜ਼ਾਰੀ ਨੂੰ ਦੇਖਿਆ ਜਾਵੇ ਤਾਂ ਇਸ ਵਾਰ ਵੀ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਬਣਦਾ ਹੈ ਕਿਉਂਕਿ ਕੁਝ ਹਲਕਿਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾ ਸਕਣ ਤੋਂ ਬਾਅਦ ਵੀ ਅਕਾਲੀ ਦਲ-ਬਸਪਾ ਨੂੰ ਉਸ ਸਮੇਂ ਇਕ ਵੀ ਸੀਟ ਪ੍ਰਾਪਤ ਨਹੀਂ ਸੀ ਹੋਈ। ਆਮ ਆਦਮੀ ਪਾਰਟੀ ਲਈ ਇਹ ਚੋਣ ਇਸ ਲਈ ਵੀ ਵਧੇਰੇ ਮਹੱਤਵ ਰੱਖਦੀ ਹੈ, ਕਿਉਂਕਿ ਉਹ ਆਪਣੀ ਇਕ ਸਾਲ ਦੀ ਸੱਤਾ ਦੌਰਾਨ ਸੰਗਰੂਰ ਲੋਕ ਸਭਾ ਜਿਮਨੀ ਚੋਣ ਹਾਰ ਚੁੱਕੀ ਹੈ। ਪੰਜਾਬ ਵਿਚ ਬਣਿਆ ਮੌਜੂਦ ਮਾਹੌਲ ਵੀ ਆਪ ਲਈ ਵੱਡੀ ਚੁਣੌਤੀ ਹੈ। ਮਰਹੂਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪੰਜਾਬੀ ਗਾਇਕ ਦੇ ਪ੍ਰਸੰਸਕਾਂ ਨੂੰ ਆਗਾਮੀ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਖਿਲਾਫ ਭੁਗਤਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਬਾਅਦ ‘ਆਪ` ਨੂੰ ਜਲੰਧਰ ਦੀ ਚੋਣ ਵਿਚ ਵੀ ਹਾਰ ਦਾ ਮੂੰਹ ਦਿਖਾਉਣਾ ਚਾਹੀਦਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਦੱਸਣਗੇ ਕਿ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਦੇ ਜਵਾਨ ਪੁੱਤਰ ਦੇ ਕਤਲ ਦਾ ਇਨਸਾਫ ਦੇਣ ਦੀ ਜਗ੍ਹਾ ਲਾਰੇ ਹੀ ਲਾਏ ਹਨ।