ਅੰਮ੍ਰਿਤਸਰ: ‘ਵਾਰਿਸ ਪੰਜਾਬ ਦੇ` ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਪਿੱਛੋਂ ਪੰਥਕ ਸਿਆਸਤ ਭਖ ਗਈ ਹੈ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਵਿਚੋਂ ਨਿਕਲੇ ਹੋਰ ‘ਪੰਥਕ` ਸਿਆਸੀ ਧੜਿਆਂ ਨੇ ਇਸ ਮੁੱਦੇ ਉਤੇ ਚੁੱਪ ਧਾਰ ਲਈ ਹੈ; ਇਥੋਂ ਤੱਕ ਕਿ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮੁੱਦੇ ਉਤੇ ਫਿਲਹਾਲ ਚੁੱਪ ਹੈ।
ਸ਼੍ਰੋਮਣੀ ਕਮੇਟੀ ਦੇ ਇੰਨਾ ਆਖ ਕੇ ਗੱਲ ਨਿਬੇੜ ਦਿੱਤੀ ਹੈ ਕਿ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਹੈ। ਕੋਈ ਵਿਅਕਤੀ ਨਿੱਜੀ ਤੌਰ ‘ਤੇ ਸਰਬੱਤ ਖਾਲਸਾ ਨਹੀਂ ਸੱਦ ਸਕਦਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। ਅੰਮ੍ਰਿਤਪਾਲ ਸਿੰਘ ਦਾ ਸਰਬੱਤ ਖਾਲਸੇ ਦਾ ਸੱਦਾ ਉਸ ਸਮੇਂ ਆਇਆ ਹੈ ਕਿ ਜਦੋਂ ਪਿਛਲੇ ਦਿਨੀਂ ਜਥੇਦਾਰ ਨੇ ਪੰਥਕ ਜਥੇਬੰਦੀਆਂ ਦੇ ਇਕੱਠ ਵਿਚ ਸਰਕਾਰਾਂ ਵੱਲੋਂ ਸਿੱਖਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਹੱਥਕੰਡਿਆਂ ਉਤੇ ਫਿਕਰਮੰਦੀ ਜ਼ਾਹਿਰ ਕੀਤੀ ਸੀ।
ਉਧਰ, ਪੰਥਕ ਸਿਆਸੀ ਧਿਰਾਂ ਦੀ ਇਸ ਮਸਲੇ ਉਤੇ ਚੁੱਪ ਨੂੰ ਸਿਆਸੀ ਮਾਹਰ ਕਈ ਪੱਖਾਂ ਤੋਂ ਘੋਖ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਤਾਂ ਸ਼ਾਇਦ ਪਹਿਲਾ ਫੈਸਲਾ ਪੰਥਕ ਸਿਆਸਤ ਨੂੰ ਤਕੜਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿਚੋਂ ਨਿਕਲ ਕੇ ਵੱਖ ਸਿਆਸੀ ਪਾਰਟੀਆਂ ਬਣਾਉਣ ਵਾਲੇ ਧੜਿਆਂ ਦੇ ਏਕੇ ਬਾਰੇ ਹੋਵੇਗਾ। ਇਸ ਤੋਂ ਇਲਾਵਾ ਹਾਲ ਹੀ ਵਿਚ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਪ੍ਰਬੰਧ ਕਮੇਟੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਉਤੇ ਇਕ ਪਰਿਵਾਰ ਦੇ ਗਲਬੇ ਵਰਗੇ ਮੁੱਦੇ ਉਠ ਸਕਦੇ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਸ ਦੇ ਏਕੇ ਦਾ ਸੱਦਾ ਦੇ ਚੁੱਕੇ ਹਨ, ਹਾਲਾਂਕਿ ਬਾਦਲ ਵਿਰੋਧੀ ਧਿਰਾਂ ਦੀ ਇਕੋ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਏਕੇ ਉਤੇ ਕੋਈ ਇਤਰਾਜ਼ ਨਹੀਂ ਪਰ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਾਂਭੇ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਉਤੇ ਹਮੇਸ਼ਾ ਬਾਦਲਾਂ ਦੇ ਦਬਾਅ ਹੇਠ ਫੈਸਲੇ ਲੈਣ ਦੇ ਦੋਸ਼ ਲੱਗਦੇ ਰਹੇ ਹਨ। ਇਸ ਲਈ ਪੰਥਕ ਏਕੇ ਲਈ ਬਾਦਲਾਂ ਦਾ ਗਲਬਾ ਤੋੜਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠੇਗਾ।
ਛੇਤੇ ਰਹੇ ਕਿ ਅੰਮ੍ਰਿਤਪਾਲ ਨੇ ਵੀਡੀਓ ਸੁਨੇਹੇ ਜ਼ਰੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ‘ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦਿਹਾੜੇ ‘ਤੇ ਸਰਬੱਤ ਖ਼ਾਲਸਾ ਸੱਦਣ। ਉਸ ਨੇ ਇਹ ਵੀ ਕਿਹਾ ਕਿ ਲੋਕ ਪਹਿਲਾਂ ਹੀ ਜਾਗਰੂਕ ਹਨ ਜਿਸ ਕਰ ਕੇ ਜਥੇਦਾਰ ਹੁਣ ਲੋਕ ਮਨਾਂ ਵਿਚ ਬਣੇ ਖ਼ੌਫ਼ ਨੂੰ ਤੋੜਨ ਲਈ ਅਗਵਾਈ ਕਰਨ। ਜੇ ਜਵਾਨੀ ਅਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਈਚਾਰੇ ਨੂੰ ਛੋਟੇ-ਮੋਟੇ ਧਰਨਿਆਂ ਅਤੇ ਮੋਰਚਿਆਂ ਦੀ ਥਾਂ ਉਸੇ ਤਰ੍ਹਾਂ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਵੇਂ ਅਬਦਾਲੀ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਸਰਬੱਤ ਖ਼ਾਲਸਾ ‘ਚ ਇਕੱਠ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਜੇ ਅਸੀਂ ਇਸ ਵੇਲੇ ਵੀ ਘਰਾਂ ਵਿਚ ਬੈਠੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਕਦੇ ਮੁਆਫ ਨਹੀਂ ਕਰੇਗੀ। ਜਥੇਦਾਰ ਨੂੰ ਹੁਣ ਸਖਤ ਸਟੈਂਡ ਲੈਣਾ ਚਾਹੀਦਾ ਹੈ ਤੇ ਵਿਸਾਖੀ ‘ਤੇ ਸਰਬੱਤ ਖਾਲਸਾ ਸੱਦਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਗੇਂਦ ਜਥੇਦਾਰ ਦੇ ਪਾਲੇ ਵਿਚ ਸੁੱਟਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਪੰਥਕ ਜਥੇਬੰਦੀਆਂ ਇਸ ਮੁੱਦੇ ਉਤੇ ਅਕਾਲ ਤਖਤ ਤੱਕ ਪਹੁੰਚ ਕਰਨਗੀਆਂ ਪਰ ਹੁਣ ਤੱਕ ਦੀ ਚੁੱਪ ਕੁਝ ਹੋਰ ਹੀ ਇਸ਼ਾਰਾ ਕਰ ਰਹੀ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਸ ਬਾਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੀ ਫੈਸਲਾ ਕਰ ਸਕਦੇ ਹਨ ਅਤੇ ਉਹ ਜੋ ਵੀ ਫੈਸਲਾ ਲੈਣਗੇ, ਉਹ ਸਭ ਨੂੰ ਪ੍ਰਵਾਨ ਹੋਵੇਗਾ।
ਸ੍ਰੀ ਆਨੰਦਪੁਰ ਸਾਹਿਬ: ਸੂਬੇ ਅੰਦਰ ਹਾਲ ਹੀ ਵਿਚ ਵਧਾਈ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਦੋਵੇਂ ਸਰਕਾਰਾਂ ਪਰ ਲੁਕਵੇਂ ਏਜੰਡੇ ਤਹਿਤ ਸੂਬੇ ਦੇ ਲੋਕਾਂ ‘ਚ ਡਰ ਪੈਦਾ ਕਰਨਾ ਚਾਹੁੰਦੀਆਂ ਹਨ। ਕਿਸੇ ਸਮੇਂ ਕਾਂਗਰਸ ਵੀ ਇਸ ਰਾਹ ‘ਤੇ ਚੱਲੀ ਸੀ ਤੇ ਫੇਲ੍ਹ ਹੋਣ ਤੋਂ ਬਾਅਦ ਟਿੱਕ ਕੇ ਬੈਠ ਗਈ ਪਰ ਹੁਣ ਮੌਜੂਦਾ ਪੰਜਾਬ ਅਤੇ ਕੇਂਦਰ ਸਰਕਾਰ ਵੀ ਇਸੇ ਨੀਤੀ ‘ਤੇ ਚੱਲ ਰਹੀਆਂ ਹਨ। ਇਹ ਸਾਰਾ ਕੁਝ 2024 ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।