ਪੰਜਾਬ ਸਿਆਸੀ ਪਾਰਟੀਆਂ ਦੀ ਪ੍ਰਯੋਗਸ਼ਾਲਾ ਬਣਿਆ

ਨਵਕਿਰਨ ਸਿੰਘ ਪੱਤੀ
ਪੰਜਾਬ ਅੱਜ ਵੱਡੀ ਆਰਥਿਕ, ਸਮਾਜਿਕ ਅਤੇ ਸਿਆਸੀ ਉਥਲ-ਪੁਥਲ ਵਿਚੋਂ ਲੰਘ ਰਿਹਾ ਹੈ। ਕਈ ਦਹਾਕਿਆਂ ਤੋਂ ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ ਬੇਇਨਸਾਫੀ ਹੀ ਕੀਤੀ ਹੈ ਅਤੇ ਸੂਬੇ ਦੀ ਸੱਤਾ ‘ਤੇ ਕਾਬਜ਼ ਰਹੀਆਂ ਸਿਆਸੀ ਜਮਾਤਾਂ ਨੇ ਵੀ ਪੰਜਾਬ ਨਾਲ ਵਫਾਦਾਰੀ ਨਹੀਂ ਕਮਾਈ ਜਿਸ ਦੇ ਨਤੀਜੇ ਵਜੋਂ ਘੁੱਗ ਵੱਸਦਾ ਪੰਜਾਬ ਅੱਜ ਵਾਲੇ ਹਾਲਾਤ ਤੱਕ ਅੱਪੜ ਗਿਆ ਹੈ।

ਨੌਜਵਾਨ ਪੱਤਰਕਾਰ ਨਵਕਿਰਨ ਸਿੰਘ ਪੱਤੀ ਨੇ ਇਸ ਲੇਖ ਵਿਚ ਇਸ ਬਾਰੇ ਤਫਸੀਲ ਸਹਿਤ ਟਿੱਪਣੀ ਕੀਤੀ ਹੈ।
ਦੋ ਹਫਤਿਆਂ ਤੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਵਰਤਾਰੇ ਕਾਰਨ ਪੰਜਾਬ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੁਨੀਆ ਸਾਹਮਣੇ ਪੰਜਾਬ ਬਾਰੇ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਗਿਆ ਹੈ ਜਿਵੇਂ ਪੰਜਾਬ ਵਿਚ ਕੋਈ ਬਹੁਤ ਵੱਡੀ ਬਗਾਵਤ ਜਨਮ ਲੈ ਚੁੱਕੀ ਹੋਵੇ ਅਤੇ ਹਕੂਮਤ ਵੱਲੋਂ ਉਸ ਨੂੰ ਰੋਕਣ ਲਈ ਵਾਹ ਲਾਈ ਜਾ ਰਹੀ ਹੋਵੇ। ਪੰਜਾਬ ਦੇ ਵਸਨੀਕ ਜਾਣਦੇ ਹਨ ਕਿ ਇਹ ਐਡਾ ਵੱਡਾ ਮਸਲਾ ਨਹੀਂ ਸੀ ਜਿੱਡਾ ਸਰਕਾਰ ਅਤੇ ਦਰਬਾਰੀ ਮੀਡੀਆ ਨੇ ਇਸ ਨੂੰ ਬਣਾ ਧਰਿਆ ਹੈ ਕਿਉਂਕਿ ਜੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੀ ਸੀ ਤਾਂ ਉਸ ਦੇ ਘਰ ਜਾ ਕੇ ਆਥਣ-ਸਵੇਰ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਅੰਮ੍ਰਿਤਪਾਲ ਸਿੰਘ ਜਨਤਕ ਤੌਰ ‘ਤੇ ਵਿਚਰ ਰਿਹਾ ਸੀ, ਸਰਕਾਰ ਉਸ ਨੂੰ ਪੁਲਿਸ ਸਟੇਸ਼ਨ ਜਾਂ ਅਦਾਲਤ ਵਿਚ ਪੇਸ਼ ਹੋਣ ਲਈ ਵੀ ਕਹਿ ਸਕਦੀ ਸੀ ਪਰ ਅਜਿਹਾ ਕਰਨ ਦੀ ਥਾਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਾਂਝਾ ਅਪ੍ਰੇਸ਼ਨ ਚਲਾਇਆ ਗਿਆ ਤੇ ਸੂਬੇ ਦੇ ਕੁੱਝ ਹਿੱਸਿਆਂ ਵਿਚ ਧਾਰਾ 144 ਲਗਾਈ ਗਈ, ਪੂਰੇ ਪੰਜਾਬ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਇਸ ਮਾਮਲੇ ‘ਤੇ ਮੀਡੀਆ ਵਿਚ ਅਕਸਰ ਮਿਹਣੋ-ਮਿਹਣੀ ਹੋਣ ਵਾਲੀ ਭਾਜਪਾ ਅਤੇ ‘ਆਪ` ਦਾ ਇੱਕਦਮ ਏਕਾ ਨਜ਼ਰ ਆਇਆ ਤੇ ਕੇਂਦਰ ਸਰਕਾਰ ਦੀ ਸਰਪ੍ਰਸਰਤੀ ਹੇਠ ਸੂਬਾ ਸਰਕਾਰ ਨੇ ਅਪ੍ਰੇਸ਼ਨ ਚਲਾਉਂਦਿਆਂ ਸੂਬੇ ਵਿਚ ਬੇਲੋੜੀ ਸਨਸਨੀ ਪੈਦਾ ਕੀਤੀ ਤੇ ਹਊਆ ਖੜ੍ਹਾ ਕੀਤਾ। ਤੱਥ ਇਹ ਹੈ ਕਿ ਭਾਜਪਾ ਅਤੇ ਕੇਜਰੀਵਾਲ ਟੀਮ ਨੇ ਦਰਬਾਰੀ ਮੀਡੀਆ ਰਾਹੀਂ ਪੂਰੇ ਮਾਮਲੇ ਨੂੰ ਸਿਰਫ ਵਧਾ-ਚੜ੍ਹਾ ਕੇ ਪੇਸ਼ ਹੀ ਨਹੀਂ ਕੀਤਾ ਬਲਕਿ ਗਹੁ ਨਾਲ ਤੱਕਿਆਂ ਪਤਾ ਲੱਗਦਾ ਹੈ ਕਿ ਇਹਨਾਂ ਇਸ ਮਾਮਲੇ ਨੂੰ ਸਿਰਜਿਆ ਵੀ ਹੈ।
ਜਿਸ ਤਰ੍ਹਾਂ ਸੂਬੇ ਵਿਚ ਬੇਕਸੂਰ ਸਿੱਖ ਨੌਜਵਾਨਾਂ ਦੀਆਂ ਧੜਾਧੜ ਗ੍ਰਿਫਤਾਰੀਆਂ ਕੀਤੀਆਂ ਗਈਆਂ, ਪੱਤਰਕਾਰਾਂ ਨੂੰ ਡਰਾਉਣ-ਧਮਕਾਉਣ ਲਈ ਉਹਨਾਂ ਦੇ ਘਰਾਂ ਤੱਕ ਪੁਲਿਸ ਭੇਜੀ ਗਈ, ਉਸ ਤੋਂ ਭਗਵੰਤ ਮਾਨ ਸਰਕਾਰ ਦਾ ਲੋਕ-ਪੱਖੀ ਹੋਣ ਦਾ ਮਖੌਟਾ ਲਹਿ ਚੁੱਕਾ ਹੈ। ਇਸ ਸਰਕਾਰ ਨੇ ਕੌਮੀ ਸੁਰੱਖਿਆ ਐਕਟ (ਐੱਨ.ਐੱਸ.ਏ.) ਵਰਗਾ ਬਦਨਾਮ ਕਾਲਾ ਕਾਨੂੰਨ ਪੰਜਾਬੀਆਂ ‘ਤੇ ਮੜ੍ਹ ਕੇ ਸਿੱਧ ਕੀਤਾ ਕਿ ਇਹ ਹਾਕਮ ਜਮਾਤ ਧਿਰਾਂ ਦੀਆਂ ਬਾਕੀ ਪਾਰਟੀਆਂ ਵਰਗੀ ਲੋਕ-ਦੋਖੀ ਪਾਰਟੀ ਹੈ।
ਪੰਜਾਬ ਵਿਚ ਥੋਪੇ ਇਸ ਮਾਹੌਲ ਦੌਰਾਨ ਹਾਕਮ ਜਮਾਤ ਦੀ ਹਰ ਧਿਰ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਸੂਬਾ ਸਰਕਾਰ ਨੂੰ ਸ਼ਿਸ਼ਕੇਰਦੇ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਹੁਣ ਪੀੜਤ ਲੋਕਾਂ ਦੇ ਪੱਖ ਵਿਚ ਖੜ੍ਹਨ ਦਾ ਢੌਂਗ ਕਰ ਰਹੇ ਹਨ। ਸੂਬੇ ਵਿਚ ਸਰਗਰਮ ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਲਈ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਹੁਣ ਦੁੱਧ ਧੋਤੀਆਂ ਹੋਣ ਦਾ ਅਡੰਬਰ ਰਚ ਰਹੀਆਂ ਹਨ।
‘ਆਪ` ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਲਈ ਕਾਨੂੰਨੀ ਟੀਮਾਂ ਬਣਾਉਣ ਵਾਲੇ ਅਕਾਲੀ ਦਲ (ਬਾਦਲ) ਦੇ ਰਾਜ ਦੌਰਾਨ ਅਨੇਕਾਂ ਸਿੱਖ ਨੌਜਵਾਨ ਤਸ਼ੱਦਦ ਦਾ ਸ਼ਿਕਾਰ ਹੋਏ ਹਨ। ਸੁਮੇਧ ਸੈਣੀ ਵਰਗੇ ਬਦਨਾਮ ਪੁਲਿਸ ਅਫਸਰ ਨੂੰ ਡੀ.ਜੀ.ਪੀ. ਲਾਉਣ ਵਾਲੇ ਹੁਣ ਪੁਲਿਸ ਧੱਕੇਸ਼ਾਹੀ ਖਿਲਾਫ ਬੋਲਣ ਦੀ ਗੱਲ ਕਰ ਰਹੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਲਈ ਸੂਬਾ ਸਰਕਾਰ ਨੂੰ 24 ਘੰਟੇ ਦਾ ਅਲੀਟੀਮੇਟਮ ਦੇਣਾ ਚੰਗੀ ਗੱਲ ਹੈ ਪਰ ਜਥੇਦਾਰ ਨੂੰ ਉਸ ਸਮੇਂ ਵੀ ਅਜਿਹੇ ਅਲਟੀਮੇਟਮ ਦੇਣੇ ਚਾਹੀਦੇ ਸਨ ਜਦ ਬਾਦਲ ਸਰਕਾਰ ਵੱਲੋਂ ਕੋਟਕਪੂਰਾ ਗੋਲੀ ਕਾਂਡ ਸਮੇਂ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ‘ਤੇ ਜਬਰ ਢਾਹਿਆ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਸਰਕਾਰ ਮੀਡੀਆ ਅਦਾਰਿਆਂ ‘ਤੇ ਰੋਕਾਂ ਮੜ੍ਹ ਕੇ ਪੰਜਾਬੀਆਂ ਤੋਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਖੋਹ ਰਹੀ ਹੈ ਤੇ ਸਾਨੂੰ ਮੀਡੀਆ ਦੀ ਆਜ਼ਾਦੀ ਲਈ ਬੋਲਣਾ ਚਾਹੀਦਾ ਹੈ ਪਰ ਨਾਲ ਇਹ ਵੀ ਬੋਲਣਾ ਚਾਹੀਦਾ ਹੈ ਕਿ ਬਾਦਲ ਸਰਕਾਰ ਅਤੇ ਕਾਂਗਰਸ ਸਰਕਾਰਾਂ ਵੀ ਇਹੋ ਕੁੱਝ ਕਰਦੀਆਂ ਰਹੀਆਂ ਹਨ। ਬਾਦਲ ਸਰਕਾਰ ਸਮੇਂ ਫਾਸਟਵੇਅ ਤੋਂ ਅਨੇਕਾਂ ਚੈਨਲ ਬੰਦ ਕੀਤੇ ਜਾਂਦੇ ਰਹੇ ਹਨ।
ਇਹ ਸੱਚ ਹੈ ਕਿ ਭਾਰਤ ਵਿਚ ਮੀਡੀਆ ਨੂੰ ਪਹਿਲੀ ਵਾਰ ਨਹੀਂ ਦਬਾਇਆ ਜਾ ਰਿਹਾ ਬਲਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਬਣੇ ਹਨ; ਇੰਦਰਾ ਗਾਂਧੀ ਨੇ ਐਂਮਰਜੈਂਸੀ ਦੌਰਾਨ ਮੀਡੀਆ ‘ਤੇ ਪਾਬੰਦੀਆਂ ਮੜ੍ਹੀਆਂ ਸਨ ਤੇ ਹੁਣ ਭਾਜਪਾ ਹਕੂਮਤ ਦੌਰਾਨ ਅਣ-ਐਲਾਨੀ ਐਮਰਜੈਂਸੀ ਵਰਗਾ ਮਾਹੌਲ ਹੈ ਤੇ ਮੀਡੀਆ ਦੀ ਆਜ਼ਾਦੀ ਹੋਰ ਸੁੰਗੜੀ ਹੈ। ਭਾਰਤ ਵਿਚ ਪੱਤਰਕਾਰਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਲਈ ਜਥੇਦਾਰ ਵੱਲੋਂ 7 ਅਪਰੈਲ ਨੂੰ ਪੱਤਰਕਾਰਾਂ ਦੀ ਬੁਲਾਈ ਇਕੱਤਰਤਾ ਦਾ ਦਾਇਰਾ ਵਿਸ਼ਾਲ ਤੇ ਇਸ ਦੀ ਚੋਟ ਸਮੂਹ ਸਰਕਾਰਾਂ ਦੇ ਨਾਲ-ਨਾਲ ਹਾਕਮ ਧਿਰ ਦੀ ਪੁਸ਼ਤ-ਪਨਾਹੀ ਹੇਠ ਕੁਫਰ ਤੋਲ ਰਿਹਾ ਦਰਬਾਰੀ ਮੀਡੀਆ ਵੀ ਹੋਣਾ ਚਾਹੀਦਾ ਹੈ। ਇਸ ਸਿਆਸੀ ਫਿਜ਼ਾ ਵਿਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਆਪਣਾ ਘੋੜਾ ਭਜਾ ਰਿਹਾ ਹੈ, ਉਹ ਅੰਮ੍ਰਿਤਪਾਲ ਸਿੰਘ ਨੂੰ ਆਤਮ-ਸਮਰਪਣ ਕਰਨ ਦੀ ਥਾਂ ਰਾਵੀ ਪਾਰ ਪਾਕਿਸਤਾਨ ਜਾਣ ਦੀਆਂ ਨਸੀਹਤਾਂ ਦੇ ਰਿਹਾ ਹੈ ਹਾਲਾਂਕਿ ਖੁਦ ਮਾਨ ਸਾਹਿਬ ਭਾਰਤੀ ਸੰਵਿਧਾਨ ਦੇ ਸਾਊ ਪੁੱਤ ਹੋਣ ਦਾ ਸਬੂਤ ਦਿੰਦਿਆਂ ਐਮ.ਪੀ. ਵਜੋਂ ਸਹੁੰ ਚੁੱਕ ਲਈ ਸੀ।
ਕਾਂਗਰਸ ਪਾਰਟੀ ਇਸ ਵਰਤਾਰੇ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਨੇ ਕਾਲੇ ਕਾਨੂੰਨਾਂ ਖਿਲਾਫ ਆਪਣੀ ਆਵਾਜ਼ ਚੁੱਕੀ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਰਾਜਾ ਵੜਿੰਗ ਤਾਂ ਪੂਰੀ ਤਰ੍ਹਾਂ ਭਗਵੰਤ ਮਾਨ ਸਰਕਾਰ ਦੇ ਪੱਖ ਵਿਚ ਭੁਗਤਦਾ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਇੱਕ ਪਾਸੇ ਇਸ ਅਪ੍ਰੇਸ਼ਨ ਦੇ ਮਾਮਲੇ ਵਿਚ ਭਗਵੰਤ ਮਾਨ ਦੀ ਪਿੱਠ ਥਾਪੜਦਾ ਨਜ਼ਰ ਆ ਰਿਹਾ ਹੈ, ਦੂਜੇ ਪਾਸੇ ਦੱਬਵੀਂ ਜਿਹੀ ਆਵਾਜ਼ ਵਿਚ ਸਰਕਾਰ ਦੀਆਂ ਵਧੀਕੀਆਂ ਖਿਲਾਫ ਬਿਆਨ ਵੀ ਜਾਰੀ ਕਰ ਰਿਹਾ ਹੈ।
ਧਾਰਮਿਕ ਘੱਟ-ਗਿਣਤੀਆਂ ਨੂੰ ਦਬਾ ਕੇ ਬਹੁ-ਗਿਣਤੀ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੋਂ ਬਾਹਰ ਦੇਸ਼ ਭਰ ਵਿਚ ਸਿੱਖਾਂ ਖਿਲਾਫ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਹੈ। ਫਿਰਕੂ ਰਾਜਨੀਤੀ ਕਰਨ ਵਾਲੀ ਭਾਜਪਾ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਭਰ ਵਿਚ ਲਾਹਾ ਲੈਣ ਲਈ ‘ਆਪ` ਸਰਕਾਰ ਨਾਲ ਰਲ ਕੇ ਪੰਜਾਬ ਵਿਚ ਪ੍ਰਯੋਗ ਕੀਤਾ ਜਾਪਦਾ ਹੈ। ਲੱਗਦਾ ਹੈ, ਭਾਜਪਾ ਇਸ ਅਪ੍ਰੇਸ਼ਨ ਰਾਹੀਂ ਹਊਆ ਖੜ੍ਹਾ ਕਰ ਕੇ ਅਤੇ ਡਰ ਦੀ ਭਾਵਨਾ ਪੈਦਾ ਕਰ ਕੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਪੱਕੀਆਂ ਕਰਨ ਲੱਗੀ ਹੋਈ ਹੈ।
ਹਕੀਕਤ ਇਹ ਵੀ ਹੈ ਕਿ ‘ਆਪ` ਸਰਕਾਰ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਨੂੰ ਹੱਦੋਂ ਵੱਧ ਉਭਾਰ ਕੇ ਆਪਣੀਆਂ ਨਾਕਾਮੀਆਂ ਛੁਪਾਉਣ ਦਾ ਯਤਨ ਕੀਤਾ ਹੈ। ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਦ ਅਤੇ ਕਿੱਥੋਂ ਹੋਈ? ਸਿੱਧੂ ਮੂਸੇਵਾਲਾ ਦੇ ਅਸਲੀ ਕਾਤਲ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਕਿਉਂ ਹਨ? ਭਗਵੰਤ ਮਾਨ ਨੇ ਕਿਹਾ ਸੀ ਕਿ ਗੋਲਡੀ ਬਰਾੜ ਨੂੰ ਵਿਦੇਸ਼ ਵਿਚ ਨਜ਼ਰਬੰਦ ਕਰ ਲਿਆ ਹੈ, ਤਾਂ ਉਸ ਦਾ ਕੀ ਬਣਿਆ? ਸੂਬਾ ਸਰਕਾਰ ਨੇ ਇੱਕ ਸਾਲ ਵਿਚ ਕੀ ਬਦਲਾਅ ਲਿਆਂਦਾ? ਔਰਤਾਂ ਦੇ ਖਾਤਿਆਂ ਵਿਚ ਇੱਕ-ਇੱਕ ਹਜ਼ਾਰ ਰੁਪਿਆ ਕਿਉਂ ਨਹੀਂ ਆਇਆ? ਅਜਿਹੇ ਸਵਾਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਗਵੰਤ ਮਾਨ ਸਰਕਾਰ ਨੇ ਇਸ ਛੋਟੇ ਜਿਹੇ ਮਾਮਲੇ ਨੂੰ ਉਭਾਰ ਕੇ ਖਾਲਿਸਤਾਨ ਦਾ ਬੇਲੋੜਾ ਬਿਰਤਾਂਤ ਸਿਰਜਿਆ ਹੈ। ਸਿੱਧੂ ਮੂਸੇਵਾਲਾ ਦੇ ਸਮਰਥਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਹੋਣ ਵਾਲਾ ਇਕੱਠ ਸੀਮਤ ਕਰਨ ਲਈ ਇੰਟਰਨੈੱਟ ਬੰਦ ਕਰ ਕੇ ਹਊਆ ਖੜ੍ਹਾ ਕੀਤਾ।
ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੀਆਂ ਦੋਵਾਂ ਵੀਡੀਓ ਰਾਹੀਂ ਉਸ ਨੇ ਜਥੇਦਾਰ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ। ਜਦ ਗਰਮ ਖਿਆਲੀ ਸਿੱਖ ਧੜਿਆਂ ਵੱਲੋਂ ਕੁੱਝ ਵਰ੍ਹੇ ਪਹਿਲਾਂ ਬੁਲਾਏ ਸਰਬੱਤ ਖਾਲਸਾ ਨੇ ਸਮਾਂਤਰ ਜਥੇਦਾਰ ਬਣਾਏ ਸਨ ਤਦ ਅੰਮ੍ਰਿਤਪਾਲ ਸਿੰਘ ਵੱਲੋਂ ਜਥੇਦਾਰ ਸਾਹਿਬ ਤੋਂ ਇਸ ਤਰ੍ਹਾਂ ਦੀ ਮੰਗ ਕਰਨਾ ਗਰਮ ਖਿਆਲੀ ਧੜਿਆਂ ਤੋਂ ਪਾਸਾ ਵੱਟ ਕੇ ਬਾਦਲ ਦਲ ਤੋਂ ਉਮੀਦ ਕਰਨਾ ਆਖਰਕਾਰ ਕੀ ਦਰਸਾਉਂਦਾ ਹੈ। ਜ਼ਾਹਿਰ ਹੈ ਕਿ ਸਿੱਖ ਹਲਕਿਆਂ ਵਿਚ ਅਲੱਗ-ਥਲੱਗ ਪੈ ਚੁੱਕਿਆ ਬਾਦਲ ਪਰਿਵਾਰ ਆਪਣੇ ਉਭਾਰ ਲਈ ਮੁੜ ਸਰਗਰਮੀ ਵਿੱਢ ਰਿਹਾ ਹੈ।
ਸਦੀਆਂ ਤੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਖੇਤਰ ਵਜੋਂ ਜਾਣਿਆਂ ਜਾਂਦਾ ਪੰਜਾਬ ਅੱਜ ਵੱਡੇ ਆਰਥਿਕ, ਸਮਾਜਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰਦਿਆਂ ਵੱਡੀ ਉਥਲ-ਪੁਥਲ ਦਾ ਸ਼ਿਕਾਰ ਹੈ। ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੀ ਸੱਤਾ ‘ਤੇ ਕਾਬਜ਼ ਰਹੀਆਂ ਕੇਂਦਰੀ ਸਰਕਾਰਾਂ ਨੇ ਤਾਂ ਪੰਜਾਬ ਨਾਲ ਬੇਇਨਸਾਫੀ ਕੀਤੀ ਹੈ ਬਲਕਿ ਸੂਬੇ ਦੀ ਸੱਤਾ ‘ਤੇ ਕਾਬਜ਼ ਰਹੀਆਂ ਸੂਬਾ ਸਰਕਾਰਾਂ ਨੇ ਵੀ ਪੰਜਾਬ ਨਾਲ ਵਫਾਦਾਰੀ ਨਹੀਂ ਕਮਾਈ ਜਿਸ ਦੇ ਨਤੀਜੇ ਵਜੋਂ ਘੁੱਗ ਵਸਦਾ ਪੰਜਾਬ ਅੱਜ ਲੋੜੋਂ ਜ਼ਿਆਦਾ ਪਰਵਾਸ ਕਾਰਨ ਉਜਾੜੇ ਦਾ ਸ਼ਿਕਾਰ ਹੋ ਰਿਹਾ ਹੈ। ਬੇਰੁਜ਼ਗਾਰੀ ਦੇ ਝੰਬੇ ਪੰਜਾਬੀ ਨੌਜਵਾਨਾਂ ਦਾ ਇੱਕ ਹਿੱਸਾ ਨਸ਼ਿਆਂ ਦੀ ਦਲਦਲ ਵਿਚ ਧਸ ਗਿਆ ਹੈ ਤੇ ਅਨਿਸ਼ਚਤ ਭਵਿੱਖ ਕਾਰਨ ‘ਖਲਾਅ’ ਦਾ ਸ਼ਿਕਾਰ ਹੈ। ਇਸੇ ‘ਖਲਾਅ` ਵਿਚੋਂ ਰਾਜਨੀਤਕ ਪਾਰਟੀਆਂ ਆਪਣੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਪ੍ਰਯੋਗਸ਼ਾਲਾ ਵਜੋਂ ਵਰਤ ਰਹੀਆਂ ਹਨ।