ਮਨਦੀਪ ਸਿੰਘ ਸਿੱਧੂ
ਫੋਨ: +91-97805-09545
ਚੰਚਲ ਅਤੇ ਸ਼ੋਖ ਸੁਭਾਅ ਵਾਲੀ ਮਸ਼ਹੂਰ ਅਦਾਕਾਰਾ ਉਰਮਿਲਾ ਉਰਫ਼ ਉਰਮਿਲਾ ਦੇਵੀ ਦੀ ਪੈਦਾਇਸ਼ 17 ਦਸੰਬਰ 1923 ਨੂੰ ਪੰਜਾ ਸਾਹਿਬ (ਹਸਨ ਅਬਦਾਲ) ਦੇ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਈ। ਉਸ ਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਕ ਸੀ ਜਿਸ ਕਰ ਕੇ ਉਹ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਉਰਦੂ ਵੀ ਚੰਗੀ ਤਰ੍ਹਾਂ ਬੋਲ ਲੈਂਦੀ ਸੀ। ਉਸ ਨੂੰ ਫਿਲਮਾਂ ਦੇਖਣੀਆਂ ਬਹੁਤ ਪਸੰਦ ਸਨ। ਜਦ ਵੀ ਉਹ ਆਪਣੇ ਪਰਿਵਾਰ ਨਾਲ ਫਿਲਮਾਂ ਦੇਖਣ ਜਾਂਦੀ ਤਾਂ ਸੋਚਦੀ ਕਿ ਕਦੇ ਮੈਂ ਵੀ ਫਿਲਮੀ ਪਰਦੇ ‘ਤੇ ਆਵਾਂਗੀ। 13 ਸਾਲ ਦੀ ਉਮਰ ਵਿਚ ਉਹ ਰਾਵੀ ਟਾਕੀਜ਼ ਵਿਚ ਸ਼ਾਮਲ ਹੋ ਗਈ ਅਤੇ ਬਾਅਦ ‘ਚ ਕਈ ਕੰਪਨੀਆਂ ‘ਚ ਕੰਮ ਕੀਤਾ। ਫਿਲਮੀ ਦੁਨੀਆ ਵਿਚ ਉਹ ਕਾਮਯਾਬ ਅਦਾਕਾਰਾ ਮੰਨੀ ਗਈ ਹੈ।
ਜਦੋਂ 1936 ਵਿਚ ‘ਰੋਜ਼ਾਨਾ ਪ੍ਰਤਾਪ’ ਲਾਹੌਰ ਦੇ ਸੰਪਾਦਕ ਲਾਲਾ ਨਾਨਕ ਚੰਦ ਨਾਜ਼ ਨੇ ਆਪਣੇ ਫਿਲਮਸਾਜ਼ ਅਦਾਰੇ ਰਾਵੀ ਟਾਕੀਜ਼, ਲਾਹੌਰ ਦੇ ਬੈਨਰ ਹੇਠ ਐੱਮ. ਐੱਲ. ਕਪੂਰ ਦੀ ਹਿਦਾਇਤਕਾਰੀ ਹੇਠ ਆਪਣੀ ਪਹਿਲੀ ਹਿੰਦੀ ਫਿਲਮ ‘ਪਾਪ ਕੀ ਨਗਰੀ’ (1939) ਬਣਾਈ ਤਾਂ ਉਰਮਿਲਾ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਉਸ ਦੇ ਨਾਲ ਹੀਰੋ ਦਾ ਕਿਰਦਾਰ ਪ੍ਰੇਮ ਅਦੀਬ ਉਰਫ਼ ਪ੍ਰੇਮ ਨਰਾਇਣ ਅਦੀਬ (ਪਹਿਲੀ ਫਿਲਮ) ਨੇ ਨਿਭਾਇਆ ਸੀ। ਬਾਕੀ ਕਲਾਕਾਰਾਂ ਵਿਚ ਐੱਮ. ਜ਼ਹੂਰ, ਰਾਮ ਲਾਲ, ਹਿੰਮਤ ਸਿੰਘ, ਜਗਦੀਸ਼, ਬਲਰਾਜ ਪੁਰੀ, ਫ਼ਜ਼ਲ ਨਵਾਬ, ਰਾਣੀ ਬਾਲਾ ਤੇ ਰਸ਼ੀਦਾ ਬੇਗ਼ਮ ਸ਼ਾਮਲ ਸਨ। ਗੀਤਕਾਰੀ ਲਾਲਾ ਨਾਨਕ ਚੰਦ ਨਾਜ਼ ਅਤੇ ਸੰਗੀਤ ਦੀਆਂ ਧੁਨਾਂ ਬਸ਼ੀਰ ਹੁਸੈਨ ਖ਼ਾਨ ਦੇਹਲਵੀ ਨੇ ਬਣਾਈਆਂ ਸਨ। ਫਿਲਮ ਦੀ ਪ੍ਰਚਾਰ ਪੁਸਤਿਕਾ ਉੱਤੇ ਦਰਜ ਫਿਲਮ ਦੇ 2 ਗੀਤਾਂ ਦਾ ਹਵਾਲਾ ਮਿਲ ਪਾਇਆ ਹੈ, ਜਿਨ੍ਹਾਂ ਦੇ ਬੋਲ ਹਨ ‘ਯੂੰ ਇਸ਼ਕ ਕੇ ਜਜ਼ਬਾਤ ਕੋ ਭੜਕਾਤੀ ਹੂਈ ਆ’ ਤੇ ‘ਕਿਉਂ ਮਰਤੇ ਹੈਂ ਸ਼ਮਾ ਪੇ ਪਰਵਾਨੇ ਕੋਈ ਕਿਆ ਸਮਝੇ ਕੋਈ ਕਯਾ ਜਾਨੇ’। 1936 ਵਿਚ ਸ਼ੁਰੂ ਹੋਈ ਇਹ ਫਿਲਮ ਕਿਸੇ ਵਿਵਾਦ ਦੀ ਵਜ੍ਹਾ ਨਾਲ 1939 ਵਿਚ ਸੈਂਸਰ ਹੋਈ ਸੀ।
ਮੋਹਿਨੀ ਫਿਲਮਜ਼ ਲਿਮਟਿਡ, ਲਾਹੌਰ ਦੀ ਐੱਮ. ਆਰ ਕਪੂਰ ਨਿਰਦੇਸ਼ਿਤ ਫਿਲਮ ‘ਜੀਵਨ ਜਿਓਤੀ’ (1937) ‘ਚ ਉਰਮਿਲਾ ਦੇਵੀ ਨੇ ‘ਸਲਮਾ’ ਦਾ ਪਾਰਟ ਅਦਾ ਕੀਤਾ। ਅਹਿਮ ਕਲਾਕਾਰਾਂ ਵਿਚ ਸ਼ਕੁੰਤਲਾਬਾਈ (ਮੋਹਿਨੀ), ਮੋਹਿਨੀ ਬਾਈ (ਨਿਰਮਲਾ), ਫ਼ਿਰੋਜ਼ਾ (ਚੰਪਾ), ਨਫ਼ੀਸ (ਰਾਜ ਮਾਤਾ), ਗੁਲਸ਼ਨ (ਸੈਨਾਪਤੀ ਦੀ ਪਤਨੀ), ਅਸਗਰ (ਜ਼ਾਕਿਰ), ਹਕੂਮਤ (ਫ਼ਕੀਰ), ਸ਼ਾਂਤੀ (ਭਗਵਾਨ ਕ੍ਰਿਸ਼ਨ), ਈਸ਼ਵਰ ਦੱਤ (ਭੀਲ ਗੁਰੂ), ਗ਼ੁਲਾਮ ਕਾਦਰ (ਅਕਰਮ), ਗੋਬਿੰਦਰਾਮ (ਰਾਜ ਗੁਰੁੂ), ਅਨਵਰ (ਸ਼ਿਆਮ ਸਿੰਘ) ਆਦਿ ਸ਼ਾਮਲ ਸਨ। ਕਹਾਣੀ, ਗੀਤ ਤੇ ਸੰਵਾਦ ਵਲੀ ਸਾਹਿਬ ਅਤੇ ਸੰਗੀਤਕ ਧੁਨਾਂ ਗੋਬਿੰਦਰਾਮ ਨੇ ਤਿਆਰ ਕੀਤੀਆਂ।
ਉਰਮਿਲਾ ਦੀਆਂ ਸਾਥੀ ਅਦਾਕਾਰਾ ਵਜੋਂ ਬਿਹਤਰੀਨ ਅਦਾਕਾਰੀ ਵਾਲੀਆਂ ਯਾਦਗਾਰੀ ਫਿਲਮਾਂ ‘ਚ ਚੁੰਨੀਲਾਲ ਪਾਰਿਖ ਦੇ ਨਿਰਦੇਸ਼ਨ ‘ਚ ਬਣੀ ਮੋਹਨ ਪਿਕਚਰਜ਼, ਬੰਬੇ ਦੀ ਸਟੰਟ ਹਿੰਦੀ ਫਿਲਮ ‘ਭੇਦੀ ਕੁਮਾਰ’ (1939), ਸੁੰਦਰ ਪਿਕਚਰਜ਼, ਬੰਬੇ ਦੀ ਚੁੰਨੀਲਾਲ ਪਾਰਿਖ ਨਿਰਦੇਸ਼ਿਤ ਸਟੰਟ ਹਿੰਦੀ ਫਿਲਮ ‘ਹਰੀਕੇਨ ਸਪੈਸ਼ਲ’ (1939), ਵਾਡੀਆ ਮੂਵੀਟੋਨ, ਬੰਬੇ ਦੀ ਫਿਲਮ ‘ਫਲਾਇੰਗ ਰਾਨੀ’ (1939), ਰੇਕਸ ਪਿਕਚਰਜ਼, ਬੰਬੇ ਦੀ ਏ. ਐੱਚ. ਇੱਸਾ ਨਿਰਦੇਸ਼ਿਤ (ਸਹਾਇਕ ਰਮਨ ਲਾਲ ਦੇਸਾਈ, ਮੁਹੰਮਦ ਹੁਸੈਨ) ਫਿਲਮ ‘ਦੇਸ਼ ਭਗਤੀ’ ਉਰਫ਼ ‘ਪੈਟਰੀਓਟ’ ਉਰਫ਼ ‘ਬਾਂਕੇ ਸਿਪਾਹੀ’ (1940), ਵਿਸ਼ਣੂ ਸਿਨੇਟੋਨ, ਬੰਬੇ ਦੀ ਚੁੰਨੀਲਾਲ ਪਾਰਿਖ ਨਿਰਦੇਸ਼ਿਤ ਫਿਲਮ ‘ਰਾਨੀ ਸਾਹਿਬਾ’ ਉਰਫ਼ ‘ਹਰ ਹਾਈਨੈੱਸ’ (1940), ਐਂਪਾਇਰ ਪਿਕਚਰਜ਼, ਬੰਬੇ ਦੀ ਏ. ਐੱਚ. ਇੱਸਾ ਨਿਰਦੇਸ਼ਿਤ ਫਿਲਮ ‘ਮੇਰੇ ਸਾਜਨ’ ਉਰਫ਼ ‘ਮਿਡਨਾਈਟ ਏਂਜਲ’ (1941), ਸੁਦਰਸ਼ਨ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਫਿਲਮ ‘ਸੱਜਣ’ (1941), ਨੈਸ਼ਨਲ ਸਟੂਡੀਓਜ਼, ਬੰਬੇ ਦੀ ਰਾਮਚੰਦਰ ਠਾਕੁਰ ਨਿਰਦੇਸ਼ਿਤ ਫਿਲਮ ‘ਅਪਨਾ ਪਰਾਇਆ’ (1942), ਈਸਟਰਨ ਪਿਕਚਰਜ਼, ਬੰਬੇ ਦੀ ਜ਼ਹੂਰ ਰਾਜਾ ਨਿਰਦੇਸ਼ਿਤ ਫਿਲਮ ‘ਬਾਦਲ’ (1942), ਆਰਟਿਸਟਸ ਕੰਬਾਇਨ, ਬੰਬੇ ਦੀ ਡੀ. ਬਿਲੀਮੋਰੀਆ ਨਿਰਦੇਸ਼ਿਤ ਫਿਲਮ ‘ਜਵਾਨੀ ਕੀ ਪੁਕਾਰ’ ਉਰਫ਼ ‘ਕਾਲ ਆਫ ਯੂਥ’ (1942), ਵੀਨਸ ਪਿਕਚਰਜ਼, ਬੰਬੇ ਦੀ ਗੁੰਜਲ ਨਿਰਦੇਸ਼ਿਤ ਫਿਲਮ ‘ਕੀਰਤੀ’ (1942), ਵੀਨਸ ਪਿਕਚਰਜ਼ ਦੀ ਹੀ ਰਾਜਾ ਯਾਗਨਿਕ ਨਿਰਦੇਸ਼ਿਤ ਫਿਲਮ ‘ਨਾਰੀ’ (1942), ਰਣਜੀਤ ਮੂਵੀਟੋਨ, ਬੰਬੇ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫਿਲਮ ‘ਬੰਸਰੀ’ (1943), ਰਣਜੀਤ ਮੂਵੀਟੋਨ, ਬੰਬੇ ਦੀ ਤਾਰੀਖ਼ੀ ਫਿਲਮ ‘ਮੁਮਤਾਜ਼ ਮਹਿਲ’ (1944), ਪ੍ਰਭਾਤ ਫਿਲਮ ਕੰਪਨੀ, ਪੂਨਾ ਦੀ ਵਿਸ਼ਰਾਮ ਬੇਡੇਕਰ ਨਿਰਦੇਸ਼ਿਤ ਫਿਲਮ ‘ਲਾਖਾਰਾਨੀ’ (1945), ਇੰਪਾਇਰ ਪਿਕਚਰਜ਼, ਬੰਬੇ ਦੀ ਏ.ਕੇ. ਇੱਸਾ ਐੱਨ.ਆਰ. ਦੇਸਾਈ ਪ੍ਰੋਡਕਸ਼ਨਜ਼, ਬੰਬੇ ਦੀ ਫਿਲਮ ‘ਰੂਪਾ’ (1946), ਆਈਨਾ ਪਿਕਚਰਜ਼, ਬੰਬੇ ਦੀ ਵਾਹਿਦ ਕੁਰੈਸ਼ੀ ਨਿਰਦੇਸ਼ਿਤ ਫਿਲਮ ‘ਦਿਲ ਕੀ ਬਸਤੀ’ (1949), ਰੂਪਮ ਚਿੱਤਰ, ਬੰਬੇ ਦੀ ਰਾਜਾ ਯਾਗਨਿਕ ਨਿਰਦੇਸ਼ਿਤ ਪੁਰਾਣਿਕ ਫਿਲਮ ‘ਭਗਵਾਨ ਸ੍ਰੀਕ੍ਰਿਸ਼ਨ’ (1950), ਦੀਪਕ ਪਿਕਚਰਜ਼, ਬੰਬੇ ਦੀ ਬਲਵੰਤ ਭੱਟ ਨਿਰਦੇਸ਼ਿਤ ਫਿਲਮ ‘ਹਮਾਰੀ ਸ਼ਾਨ’ (1951) ਆਦਿ ਦੇ ਨਾਮ ਜ਼ਿਕਰਯੋਗ ਹਨ।
ਉਸ ਦੀਆਂ ਮੁੱਖ ਅਦਾਕਾਰਾ ਤੇ ਸਾਥੀ ਅਦਾਕਾਰਾ ਵਜੋਂ ਕਾਮਯਾਬ ਫਿਲਮਾਂ ‘ਚ ਵਾਡੀਆ ਮੂਵੀਟੋਨ ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫਿਲਮ ‘ਕਹਾਂ ਹੈ ਮੰਜ਼ਿਲ ਤੇਰੀ’ (1939) ‘ਚ ਉਰਮਿਲਾ ਨੇ ‘ਹਿਰਦਿਆ ਮਨੀ’ ਦਾ ਕਿਰਦਾਰ ਨਿਭਾਇਆ ਜਦੋਂਕਿ ਮੁੱਖ ਭੂਮਿਕਾ ‘ਚ ਇਲਾ ਦੇਵੀ ਤੇ ਹਰੀਸ਼ਚੰਦਰ ਮੌਜੂਦ ਸਨ। ਸਟੈਂਡਰਡ ਪਿਕਚਰਜ਼, ਬੰਬੇ ਦੀ ਨਾਰੀ ਘੜਿਆਲੀ ਨਿਰਦੇਸ਼ਿਤ ਸਟੰਟ ਫਿਲਮ ‘ਰੈੱਡ ਸਿਗਨਲ’ (1941) ‘ਚ ਉਰਮਿਲਾ ਦੇ ਸਨਮੁੱਖ ਬੈਂਜਾਮਿਨ ਹੀਰੋ ਦਾ ਪਾਰਟ ਨਿਭਾ ਰਹੇ ਸਨ। ਰਣਜੀਤ ਮੂਵੀਟੋਨ, ਬੰਬੇ ਦੀ ਚਤੁਰਭੁਜ ਏ. ਦੋਸ਼ੀ ਨਿਰਦੇਸ਼ਿਤ ਫਿਲਮ ‘ਸਸੁਰਾਲ’ (1941) ‘ਚ ਉਸ ਨੇ ‘ਰੂਪਾ’ ਦਾ ਕਿਰਦਾਰ ਅਦਾ ਕੀਤਾ। ਪ੍ਰਭਾਤ ਫਿਲਮ ਕੰਪਨੀ, ਬੰਬੇ ਦੀ ਰਾਜਾ ਨੇਨੇ ਨਿਰਦੇਸ਼ਿਤ ਫਿਲਮ ‘ਦਸ ਬਜੇ’ ਉਰਫ਼ ‘ਟੈੱਨ ਓ ਕਲੌਕ’ (1942) ‘ਚ ਉਸ ਦੇ ਸਨਮੁੱਖ ਪਰੇਸ਼ ਬੈਨਰਜੀ ਮੁੱਖ ਭੂਮਿਕਾ ਨਿਭਾ ਰਹੇ ਸਨ। ਇਹ ਫਿਲਮ ਸੁਪਰਹਿੱਟ ਰਹੀ। ਸੌਭਾਗਯਾ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਫਿਲਮ ‘ਦੁਨੀਆ ਏਕ ਤਮਾਸ਼ਾ’ (1942) ‘ਚ ਉਸ ਨੇ ਸਰਦਾਰ ਅਖ਼ਤਰ ਨਾਲ ਸਾਥੀ ਅਦਾਕਾਰਾ ਦਾ ਯਾਦਗਾਰੀ ਪਾਰਟ ਨਿਭਾਇਆ। ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫਿਲਮ ‘ਸਲਮਾ’ (1943) ‘ਚ ਉਸ ਨੇ ‘ਸੁਰੱਈਆ’ ਦਾ ਰੋਲ ਕੀਤਾ ਜਦੋਂਕਿ ‘ਸਲਮਾ’ ਦਾ ਟਾਈਟਲ ਪਾਰਟ ਸਿਤਾਰਾ ਦੇਵੀ ਕਰ ਰਹੀ ਸੀ। ਜੂਪੀਟਰ ਪਿਕਚਰਜ਼, ਬੰਬੇ ਦੀ ਨਾਨੂਭਾਈ ਵਕੀਲ ਨਿਰਦੇਸ਼ਿਤ ਫਿਲਮ ‘ਕਿਸਮਤਵਾਲਾ’ (1944) ‘ਚ ਉਰਮਿਲਾ ਦੇ ਹਮਰਾਹ ਨਵੀਨ ਯਾਗਨਿਕ ਹੀਰੋ ਦਾ ਕਿਰਦਾਰ ਅਦਾ ਕਰ ਰਹੇ ਸਨ। ਬੀ. ਆਰ. ਟੰਡਨ ਦੇ ਫਿਲਮਸਾਜ਼ ਅਦਾਰੇ ਸ੍ਰੀਰਾਜ ਪਿਕਚਰਜ਼, ਕਲਕੱਤਾ ਦੀ ਐੱਸ. ਸ਼ਮਸੂਦੀਨ ਨਿਰਦੇਸ਼ਿਤ ਫਿਲਮ ‘ਬਾਪ’ (1946) ਉਰਮਿਲਾ ਦੇ ਫਿਲਮ ਸਫ਼ਰ ਦੀ ਉਮਦਾ ਫਿਲਮ ਸੀ। ਇਸ ਫਿਲਮ ‘ਚ ਉਰਮਿਲਾ ਤੇ ਪਰੇਸ਼ ਬੈਨਰਜੀ ਦੀ ਜੋੜੀ ਨੇ ਕਮਾਲ ਦੀ ਅਦਾਕਾਰੀ ਕੀਤੀ ਸੀ। ਹਰੀਸ਼ਚੰਦਰ ਰਾਓ ਦੇ ਫਿਲਮਸਾਜ਼ ਅਦਾਰੇ ਹਰੀਸ਼ਚੰਦਰ ਪਿਕਚਰਜ਼, ਬੰਬੇ ਦੀ ਹਰੀਸ਼ ਨਿਰਦੇਸ਼ਿਤ ਫਿਲਮ ‘ਰਿਫ਼ਿਊਜ਼ੀ’ ਉਰਫ਼ ‘ਸ਼ਰਨਾਰਥੀ’ (1948) ‘ਚ ਉਰਮਿਲਾ ਦੇ ਰੂਬਰੂ ਹਰੀਸ਼ਚੰਦਰ ਰਾਓ ਹੀਰੋ ਦਾ ਪਾਰਟ ਨਿਭਾ ਰਹੇ ਸਨ। ਫਿਲਮ ‘ਚ ਉਰਮਿਲਾ ‘ਤੇ ਫਿਲਮਾਇਆ ਗੀਤ ‘ਉੱਜੜੀ ਹੂਈ ਹੈ ਇਸ਼ਕ ਕੀ ਦੁਨੀਆ ਤੇਰੇ ਬਗ਼ੈਰ’ (ਸੁਲੋਚਨਾ ਕਦਮ) ਵੀ ਪਸੰਦ ਕੀਤਾ ਗਿਆ। ਸ੍ਰੀ ਭਾਰਤ ਲਕਸ਼ਮੀ ਪਿਕਚਰਜ਼, ਕਲਕੱਤਾ ਦੀ ਫਿਲਮ ‘ਗ੍ਰਹਿ ਲਕਸ਼ਮੀ’ (1949) ‘ਚ ਉਰਮਿਲਾ ਤੇ ਕੁੰਵਰ ਅਜੀਤ ਜੋੜੀਦਾਰ ਸਨ। ਕਾਰਵਾਂ ਪਿਕਚਰਜ਼, ਬੰਬੇ ਦੀ ਫਿਲਮ ‘ਕਨੀਜ਼’ (1949) ‘ਚ ਉਰਮਿਲਾ ਨੇ ਮੁਨੱਵਰ ਸੁਲਤਾਨਾ (ਸਾਬਿਰਾ) ਦੀ ਆਪਾ ‘ਹਮੀਦਾ’ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਉਸ ਦਾ ਬੋਲਿਆ ਸੰਵਾਦ ‘ਅਰੇ ਪੁਰਾਨੀ ਬਾਂਤੇ ਭੂਲ ਜਾਓ ਯੇਹ ਬੀਸਵੀਂ ਸਦੀ ਹੈ ਬੀਸਵੀਂ ਸਦੀ’ ਬੜਾ ਮਸ਼ਹੂਰ ਹੋਇਆ। ਇਨ੍ਹਾਂ ਫਿਲਮਾਂ ‘ਚੋਂ ਉਰਮਿਲਾ ਫਿਲਮ ‘ਦੁਨੀਆ ਏਕ ਤਮਾਸ਼ਾ’ (1942) ਨੂੰ ਆਪਣੀ ਬਿਹਤਰੀਨ ਫਿਲਮ ਮੰਨਦੀ ਸੀ।
ਉਰਮਿਲਾ ਨੇ ਸਿਰਫ਼ ਇੱਕ ਪੰਜਾਬੀ ਫਿਲਮ ਵਿਚ ਅਦਾਕਾਰੀ ਕੀਤੀ। ਜਦੋਂ ਚੰਦੂ ਲਾਲ ਸ਼ਾਹ ਨੇ ਗੀਤਕਾਰ ਡੀ.ਐੱਨ. ਮਧੋਕ (ਪੰਡਤ ਦੀਨਾ ਨਾਥ ਮਧੋਕ) ਦੀ ਹਿਦਾਇਤਕਾਰੀ ਹੇਠ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ ਸਾਹਿਬਾਂ’ (1939) ਬਣਾਈ ਤਾਂ ਮਧੋਕ ਨੇ ਉਰਮਿਲਾ ਦੇਵੀ ਨੂੰ ਵੀ ਅਦਾਕਾਰੀ ਦਾ ਮੌਕਾ ਦਿੱਤਾ। ਉਰਮਿਲਾ ਨੇ ਫਿਲਮ ‘ਚ ‘ਛੱਤੀ’ ਦਾ ਸੋਹਣਾ ਪਾਰਟ ਨਿਭਾਇਆ ਜਦਕਿ ‘ਮਿਰਜ਼ਾ’ ਦਾ ਕਿਰਦਾਰ ਜ਼ਹੂਰ ਰਾਜਾ ਨੇ ਅਤੇ ‘ਸਾਹਿਬਾਂ’ ਦਾ ਰੋਲ ਇਲਾ ਦੇਵੀ ਉਰਫ਼ ਇਲਮਾਸ (ਧੀ ਇਨਾਇਤੀ ਸੁਨਿਆਰੀ) ਨੇ ਅਦਾ ਕੀਤਾ। ਕਹਾਣੀ, ਗੀਤ ਤੇ ਸੰਵਾਦ ਡੀ.ਐੱਨ. ਮਧੋਕ ਅਤੇ ਸੰਗੀਤ ਦੀਆਂ ਤਰਜ਼ਾਂ ਮਨੋਹਰ ਕਪੂਰ ਨੇ ਤਾਮੀਰ ਕੀਤੀਆਂ। ਇਹ ਫਿਲਮ 12 ਮਈ 1939 ਨੂੰ ਪ੍ਰਭਾਤ ਸਿਨੇਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਜਗਤ ਪਿਕਚਰਜ਼, ਬੰਬੇ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫਿਲਮ ‘ਅੰਬਰ’ (1952) ਦਾ ਸਕਰੀਨ ਪਲੇਅ ਉਰਮਿਲਾ ਨੇ ਤਿਆਰ ਕੀਤਾ ਸੀ। ਫਿਲਮ ਦੀ ਮੁੱਖ ਭੂਮਿਕਾ ਵਿਚ ਨਰਗਿਸ ਤੇ ਰਾਜ ਕਪੂਰ ਸਨ। ਯੂਨਿਟੀ ਪਿਕਚਰਜ਼, ਬੰਬੇ ਦੀ ਸ਼ਮੇਸ਼ਵਰ ਸ਼ਰਮਾ ਨਿਰਦੇਸ਼ਿਤ ਫਿਲਮ ‘ਵਾਸਨਾ’ (1952) ਸਾਥੀ ਅਦਾਕਾਰਾ ਵਜੋਂ ਉਰਮਿਲਾ ਦੀ ਆਖ਼ਰੀ ਫਿਲਮ ਸੀ। ਇਸ ਫਿਲਮ ਤੋਂ ਬਾਅਦ ਉਹ ਕਿਸੇ ਫਿਲਮ ਵਿਚ ਵਿਖਾਈ ਨਹੀਂ ਦਿੱਤੀ। ਉਸ ਦਾ ਕਿਸ ਨਾਲ ਵਿਆਹ ਹੋਇਆ, ਕਦੋਂ ਫ਼ੌਤ ਹੋਈ? ਕਾਫ਼ੀ ਤਹਿਕੀਕਾਤ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ।