ਅੰਗਰੇਜ਼ਾਂ ਦਾ ਪੰਜਾਬ ਵਲ ਵਧਣਾ

ਐੱਸ.ਐੱਸ. ਛੀਨਾ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਈਸਟ ਇੰਡੀਆ ਕੰਪਨੀ ਨੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਆਪਣੀ ਤਾਕਤ ਵਧਾਉਣੀ ਆਰੰਭ ਕਰ ਦਿੱਤੀ। ਲਾਹੌਰ ਦਰਬਾਰ ਵਿਚ ਬੇਭਰੋਸਗੀ ਦਾ ਜਿਹੜਾ ਮਾਹੌਲ ਬਣਿਆ, ਉਸ ਨੇ ਅੰਗਰੇਜ਼ਾਂ ਨੂੰ ਪੰਜਾਬ ਉਤੇ ਕਬਜ਼ੇ ਲਈ ਹੱਲਾਸ਼ੇਰੀ ਦਿੱਤੀ। ਇਸ ਲੇਖ ਵਿਚ ਉਘੇ ਵਿਦਵਾਨ ਐਸ.ਐਸ. ਛੀਨਾ ਨੇ ਉਸ ਦੌਰਾਨ ਦੀ ਕਹਾਣੀ ਵਿਸਥਾਰ ਨਾਲ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਅੰਗਰੇਜ਼ ਆਪਣੀ ਚਲਾਕੀ ਅਤੇ ਲਾਹੌਰ ਦਰਬਾਰ ਤੇ ਸਿੱਖ ਫੌਜ ਦੇ ਕੁਝ ਕਮਾਂਡਰਾਂ ਦੀ ਬੇਈਮਾਨੀ ਕਰ ਕੇ ਹਾਰੀ ਹੋਈ ਜੰਗ ਜਿੱਤ ਗਏ ਅਤੇ ਸਿੱਖ ਹਾਰ ਗਏ।

ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਇਹ ਸਮਝੌਤਾ ਹੋਇਆ ਸੀ ਕਿ ਉਹ ਇਕ ਦੂਜੇ ਦੇ ਖੇਤਰ ਅਤੇ ਨਾ ਹੀ ਕਿਸੇ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣਗੇ। ਅਸਲ ਵਿਚ ਦੋਵੇਂ ਸ਼ਕਤੀਆਂ ਇਕ ਦੂਜੇ ਨਾਲ ਲੜਾਈ ਤੋਂ ਡਰਦੀਆਂ ਸਨ ਕਿਉਂ ਜੋ ਇਸ ਦੇ ਸਿੱਟੇ ਕਿਸੇ ਲਈ ਵੀ ਬੜੇ ਘਾਤਕ ਹੋ ਸਕਦੇ ਸਨ। ਦੋਵੇਂ ਸ਼ਕਤੀਆਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੀਆਂ ਸਨ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਇਕਦਮ ਬਾਅਦ ਈਸਟ ਇੰਡੀਆ ਕੰਪਨੀ ਨੇ ਆਪਣੀ ਫੌਜੀ ਸ਼ਕਤੀ ਵਧਾਉਣੀ ਸ਼ੁਰੂ ਕਰ ਦਿਤੀ, ਖਾਸਕਰ ਪੰਜਾਬ ਦੇ ਨਾਲ ਲਗਦੇ ਖੇਤਰਾਂ ਵਿਚ। ਉਨ੍ਹਾਂ ਨੇ ਫਿਰੋਜ਼ਪੁਰ ਵਿਚ ਫੌਜੀ ਛਾਉਣੀ ਬਣਾ ਲਈ ਜਿਹੜੀ ਪੰਜਾਬ ਅਤੇ ਅੰਗਰੇਜ਼ਾਂ ਦੇ ਖੇਤਰ ਵਾਲੀ ਸਰਹੱਦ ‘ਤੇ ਸਤਲੁਜ ਦਰਿਆ ਤੋਂ ਕੁਝ ਹੀ ਮੀਲ ਦੀ ਦੂਰ ਸੀ। 1843 ਵਿਚ ਉਨ੍ਹਾਂ ਨੇ ਸਿੰਧ ‘ਤੇ ਵੀ ਕਬਜ਼ਾ ਕਰ ਲਿਆ ਜਿਹੜਾ ਪੰਜਾਬ ਦੇ ਦੱਖਣ ਵਿਚ ਸੀ। ਹੁਣ ਸਾਰੇ ਹਿੰਦ ਉਪ ਮਹਾਂਦੀਪ ਵਿਚ ਇਕੱਲਾ ਪੰਜਾਬ ਹੀ ਉਹ ਖੇਤਰ ਸੀ ਜਿਸ ‘ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ।
ਅੰਗਰੇਜ਼ ਭਾਵੇਂ ਸਿੱਖ ਫੌਜਾਂ ਤੋਂ ਡਰਦੇ ਸਨ ਪਰ ਇਹ ਉਨ੍ਹਾਂ ਦੇ ਇਰਾਦੇ ਵਿਚ ਸੀ ਕਿ ਉਹ ਉਸ ਖੇਤਰ ਨੂੰ ਆਪਣੇ ਖੇਤਰ ਵਿਚ ਸ਼ਾਮਿਲ ਕਰ ਲੈਣ। ਉਂਝ ਉਹ ਸਿੱਖਾਂ ਦੇ ਖੇਤਰ ‘ਤੇ ਹਮਲਾ ਨਹੀਂ ਸਨ ਕਰਦੇ ਅਤੇ ਕਿਸੇ ਯੋਗ ਮੌਕੇ ਦੀ ਉਡੀਕ ਵਿਚ ਸਨ ਕਿ ਸਿੱਖਾਂ ਨਾਲ ਜੰਗ ਕਰ ਸਕਣ। ਇਸ ਲਈ ਲਾਰਡ ਐਲਨਬੋਰ ਨੇ ਫੌਜੀ ਅਫਸਰ ਲੈਫਟੀਨੈਂਟ ਰੈਂਟ ਨੂੰ ਫੌਜੀ ਦ੍ਰਿਸ਼ਟੀਕੋਣ ਤੋਂ ਪੰਜਾਬ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ।
ਇਸ ਤੋਂ ਪਹਿਲਾਂ ਹੀਰਾ ਸਿੰਘ ਖਾਲਸਾ ਫੌਜ ਦੀ ਮਦਦ ਨਾਲ ਮੰਤਰੀ ਬਣਿਆ ਸੀ ਪਰ ਉਸ ਦਾ ਫੌਜ ‘ਤੇ ਕੋਈ ਕੰਟਰੋਲ ਨਹੀਂ ਸੀ; ਸ਼ਾਇਦ ਫੌਜ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਉਹ ਫੌਜ ਨੂੰ ਅੰਗਰੇਜ਼ਾਂ ਖਿਲਾਫ ਜੰਗ ਕਰਨ ਲਈ ਪ੍ਰੇਰਦਾ ਸੀ। ਅੰਗਰੇਜ਼ਾਂ ਨੇ ਸਿੱਖਾਂ ਦੇ ਮਾਮਲਿਆਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਸੀ ਤਾਂ ਕਿ ਪੰਜਾਬ ਨੂੰ ਬਾਕੀ ਭਾਰਤ ਦੇ ਸਾਮਰਾਜ ਵਿਚ ਸ਼ਾਮਲ ਕਰ ਲਿਆ ਜਾਵੇ। ਜਦੋਂ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਵਿਚ ਫੌਜ ਵਿਚ ਬਦਅਮਨੀ ਫੈਲ ਰਹੀ ਸੀ ਤਾਂ ਅੰਗਰੇਜ਼ਾਂ ਨੇ ਫੌਜ ਨੂੰ ਕੰਟਰੋਲ ਕਰਨ ਦੀ ਪੇਸ਼ਕਸ਼ ਕੀਤੀ ਪਰ ਇਸ ਸ਼ਰਤ ‘ਤੇ ਕਿ ਉਹ ਸਤਲੁਜ ਦੇ ਖੱਬੇ ਕੰਢੇ ਦੇ ਕੁਝ ਪਿੰਡ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇ ਪਰ ਮਹਾਰਾਜਾ ਸ਼ੇਰ ਸਿੰਘ ਨੇ ਇਹ ਪੇਸ਼ਕਸ਼ ਨਹੀਂ ਸੀ ਮੰਨੀ। ਅੰਗੇਰਜ਼ਾਂ ਨੇ ਹੁਣ ਲੁਧਿਆਣਾ ਅਤੇ ਸਾਬਾਥੂ ਵਿਚ ਆਪਣੀਆਂ ਛਾਉਣੀਆਂ ਬਣਾ ਲਈਆਂ ਸਨ। ਫਿਰੋਜ਼ਪੁਰ ਜ਼ਿਲ੍ਹੇ ਦਾ ਖੇਤਰ ਭੰਗੀ ਮਿਸਲ ਦੀ ਰਾਣੀ ਲਛਮਣ ਕੌਰ ਨਾਲ ਸਬੰਧਿਤ ਸੀ ਅਤੇ ਉਸ ਨੂੰ ਲਾਹੌਰ ਦਰਬਾਰ ਅਧੀਨ ਸਮਝਿਆ ਜਾਂਦਾ ਸੀ ਪਰ ਜਦੋਂ ਰਾਣੀ ਦੀ ਮੌਤ ਹੋ ਗਈ ਤਾਂ ਅੰਗਰੇਜ਼ਾਂ ਨੇ ਰਾਣੀ ਦੇ ਉਸ ਖੇਤਰ ਨੂੰ ਭਾਰਤੀ ਖੇਤਰਾਂ ਵਿਚ ਸ਼ਾਮਿਲ ਕਰ ਲਿਆ। ਸਿੰਧ ਅਤੇ ਲਾਹੌਰ ਦਰਬਾਰ ਵਿਚ ਵੀ ਸਰਹੱਦ ਦੀ ਨਿਸ਼ਾਨਦੇਹੀ ਨਹੀਂ ਸੀ ਕੀਤੀ ਗਈ; ਇਸ ਲਈ ਜਦੋਂ ਸਿੱਖ ਫੌਜੀ ਡਾਕੂਆਂ ਦਾ ਪਿੱਛਾ ਕਰਦੇ ਹੋਏ ਸਿੰਧ ਦੇ ਖੇਤਰ ਵਿਚ ਦਖਲ ਹੋ ਗਏ ਤਾਂ ਅੰਗਰੇਜ਼ ਅਫਸਰ ਨੈਪੀਅਰ ਨੇ ਉਨ੍ਹਾਂ ‘ਤੇ ਹਮਲਾ ਕਰ ਦਿਤਾ। ਇਸ ਦੀ ਵਜ੍ਹਾ ਇਹ ਦੱਸੀ ਕਿ ਸਿੱਖ ਉਨ੍ਹਾਂ ਦੇ ਖੇਤਰ ਵਿਚ ਦਖਲ ਦੇ ਰਹੇ ਹਨ ਪਰ ਕਿਉਂ ਜੋ ਨਿਸ਼ਾਨਦੇਹੀ ਵਾਲੀ ਸਰਹੱਦ ਨਹੀਂ ਸੀ, ਇਸ ਲਈ ਅੰਗਰੇਜ਼ ਫੌਜੀਆਂ ਨੂੰ ਉਨ੍ਹਾਂ ‘ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ। ਇਸੇ ਤਰ੍ਹਾਂ ਇਕ ਦਿਨ ਜਦੋਂ ਕੁਝ ਸਿੱਖ ਫੌਜੀ ਕੋਟਕਪੂਰੇ ਤੋਂ ਵਾਪਸ ਆ ਰਹੇ ਸਨ (ਜਿਹੜਾ ਲਾਹੌਰ ਦਰਬਾਰ ਦੇ ਅਧੀਨ ਸੀ) ਤਾਂ ਮੇਜਰ ਬਰਾਡਫੁਟ ਨੇ ਉਨ੍ਹਾਂ ‘ਤੇ ਹਮਲਾ ਕਰ ਦਿਤਾ। ਕੁਝ ਹੋਰ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਨੇ ਸਿੱਖਾਂ ਨੂੰ ਪ੍ਰੇਰਿਆ ਕਿ ਹੁਣ ਉਹ ਅੰਗਰੇਜ਼ਾਂ `ਤੇ ਹਮਲਾ ਕਰ ਦੇਣ।
ਅੰਗਰੇਜ਼ਾਂ ਦੀ ਸਿੱਖਾਂ ਦੇ ਖੇਤਰ ਵਲ ਵਧਦੇ ਹੋਣ ਦੀ ਸਥਿਤੀ ਕਰ ਕੇ ਸਿੱਖ ਸਰਦਾਰਾਂ ਦੀ ਮੀਟਿੰਗ ਲਾਹੌਰ ਵਿਚ ਹੋਈ ਜਿਸ ਵਿਚ ਮਹਾਰਾਣੀ ਜਿੰਦਾਂ ਨੇ ਵੀ ਹਿੱਸਾ ਲਿਆ। ਸਿੱਖ ਫੌਜ ਨੂੰ ਯਕੀਨ ਸੀ ਅਤੇ ਉਨ੍ਹਾਂ ਵਿਚ ਜੋਸ਼ ਸੀ ਕਿ ਉਹ ਅੰਗੇਰਜ਼ਾਂ ਨੂੰ ਹਰਾ ਦੇਵੇਗੀ। ਕੁਝ ਸਿੱਖ ਸਰਦਾਰ ਵੀ ਜੰਗ ਲਾਉਣ ਦੇ ਹੱਕ ਵਿਚ ਸਨ ਪਰ ਮਹਾਰਾਣੀ ਜਿੰਦਾਂ ਅਤੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਉਸ ਵੇਲੇ ਜੰਗ ਦੇ ਹੱਕ ਵਿਚ ਨਹੀ ਸਨ ਕਿਉਂਕਿ ਉਨ੍ਹਾਂ ਦੀ ਪੂਰੀ ਤਿਆਰੀ ਨਹੀਂ ਸੀ। ਉਸ ਮੀਟਿੰਗ ਵਿਚ ਵਿਚਾਰਾਂ ਦਾ ਵਖਰੇਵਾਂ ਸੀ ਪਰ ਲਾਲ ਸਿੰਘ ਅਤੇ ਤੇਜ ਸਿੰਘ ਕਮਾਂਡਰ-ਇਨ-ਚੀਫ ਜੰਗ ਦੇ ਹੱਕ ਵਿਚ ਸਨ ਕਿਉਂ ਜੋ ਉਨ੍ਹਾਂ ਦੇ ਅੰਗਰੇਜ਼ਾਂ ਨਾਲ ਗੁਪਤ ਸਬੰਧ ਸਨ।
ਅਖੀਰ ਵਿਚ ਉਸ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਜੰਗ ਹੋਣੀ ਚਾਹੀਦੀ ਹੈ। ਲਾਲ ਸਿੰਘ ਅਤੇ ਤੇਜ ਸਿੰਘ ਨੂੰ ਪੂਰੀ ਜ਼ਿੰਮੇਵਾਰੀ ਅਤੇ ਅਧਿਕਾਰ ਦੇ ਦਿੱਤੇ ਗਏ। ਇਸ ਜੰਗ ਦਾ ਮੁੱਖ ਕਾਰਨ ਅੰਗਰੇਜ਼ਾਂ ਦਾ ਪੰਜਾਬ ਵਲ ਵਧਣਾ ਸੀ। ਰਾਜਾ ਸੁਚੇਤ ਸਿੰਘ ਦਾ ਫਿਰੋਜ਼ਪੁਰ ਦੇ ਇਕ ਬੈਂਕ ਵਿਚ ਕਾਫੀ ਪੈਸਾ ਜਮ੍ਹਾਂ ਸੀ ਜਿਹੜਾ ਉਸ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਵਾਪਸ ਨਾ ਕੀਤਾ। ਸਭ ਤੋਂ ਵੱਡੀ ਗੱਲ ਇਹ ਸੀ ਕਿ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਸਤਲੁਜ ਦੇ ਖੱਬੇ ਕੰਢੇ ‘ਤੇ ਉਨ੍ਹਾਂ ਪਿੰਡਾਂ ਵਿਚ ਜਾਣ ਰੋਕਿਆ ਜਿਹੜੇ ਲਾਹੌਰ ਦਰਬਾਰ ਦੇ ਅਧੀਨ ਸਨ। ਇਸ ਲਈ ਕੋਈ 30 ਹਜ਼ਾਰ ਸਿੱਖ ਫੌਜੀ ਦਰਿਆ ਸਤਲੁਜ ਨਜ਼ਦੀਕ ਪਹੁੰਚ ਗਏ। ਉਨ੍ਹਾਂ ਨੇ ਫਤਿਹਗੜ੍ਹ ਸਭਰਾਵਾਂ ਵਿਚ ਇੱਟਾਂ ਦਾ ਕਿਲ੍ਹਾ ਬਣਾ ਲਿਆ।
ਸਿੱਖਾਂ ਨੇ ਗਵਰਨਰ ਜਨਰਲ ਲਾਰਡ ਐਲਨਬਰੋ ਅਤੇ ਉਸ ਤੋਂ ਬਾਅਦ ਆਏ ਲਾਰਡ ਹਾਰਡਿੰਗ ਦੀਆਂ ਕਾਰਵਾਈਆਂ ‘ਤੇ ਇਤਰਾਜ਼ ਕੀਤਾ ਪਰ ਅੰਗਰੇਜ਼ ਸਮਝਦੇ ਸਨ ਕਿ ਕਿਸੇ ਮਜ਼ਬੂਤ ਲੀਡਰ ਦੀ ਅਣਹੋਂਦ ਵਿਚ ਸਿੱਖਾਂ ਦੀ ਆਪ-ਹੁਦਰੀ ਫੌਜ ਅੰਗਰੇਜ਼ਾਂ ਲਈ ਸਰਹੱਦ ‘ਤੇ ਗੰਭੀਰ ਖਤਰਾ ਬਣ ਸਕਦੀ ਹੈ। ਸਿੱਖ ਅਤੇ ਭਾਰਤੀ ਇਤਹਾਸਕਾਰ ਇਸ ਗੱਲ ਨੂੰ ਨਹੀਂ ਮੰਨਦੇ ਕਿ ਗਵਰਨਰ ਜਨਰਲਾਂ ਵੱਲੋਂ ਸਰਹੱਦ ‘ਤੇ ਕੀਤੀ ਤਿਆਰੀ ਕਿਸੇ ਤਰ੍ਹਾਂ ਹਮਲਾਵਾਰ ਸੀ ਜੋ ਠੀਕ ਨਹੀਂ ਲਗਦਾ ਕਿਉਂ ਜੋ ਅੰਗਰੇਜ਼ਾਂ ਰਾਹੀਂ ਸਰਹੱਦ ‘ਤੇ ਤੋਪਾਂ ਇਕੱਠੀਆਂ ਕਰਨੀਆਂ ਕਿਸੇ ਤਰ੍ਹਾਂ ਵੀ ਸਿਰਫ ਬਚਾਅ ਲਈ ਨਹੀਂ ਕਹੀਆਂ ਜਾ ਸਕਦੀਆਂ।
ਅੰਗਰੇਜ਼ਾਂ ਦਾ ਵਿਹਾਰ ਉਨ੍ਹਾਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਰਾਜਨੀਤਕ ਏਜੰਟਾਂ ਦੀਆਂ ਰਿਪੋਰਟਾਂ ਦੇ ਆਧਾਰ `ਤੇ ਬਣਿਆ। ਮੇਜਰ ਬਰਾਡਫੁਟ ਨੇ ਪੰਜਾਬ ਵਿਚ ਬਦਅਮਨੀ ਅਤੇ ਦਰਬਾਰ ਵਿਚ ਫੈਲੀ ਰਿਸ਼ਵਤਖੋਰੀ ਦੀਆਂ ਕਹਾਣੀਆਂ ਬਾਰੇ ਰਿਪੋਰਟਾਂ ਦਿੱਤੀਆਂ ਸਨ। ਕੁਝ ਅੰਗਰੇਜ਼ ਅਧਿਕਾਰੀਆਂ ਲਈ ਅੰਗਰੇਜ਼ਾਂ ਦੇ ਖੇਤਰ ਨੂੰ ਵਧਾਉਣ ਦੀ ਖਾਹਿਸ਼ ਦੀ ਵਜ੍ਹਾ ਵੀ ਇਹੀ ਸੀ ਜਿਸ ਨਾਲ ਉਹ ਪੰਜਾਬ ਨੂੰ ਪ੍ਰਭਾਵਿਤ ਕਰਨ ਅਤੇ ਉਸ ‘ਤੇ ਕਾਬੂ ਕਰਨਾ ਚਾਹੁੰਦੇ ਸਨ ਕਿਉਂ ਜੋ ਭਾਰਤ ਦਾ ਸਿਰਫ ਇਹੋ ਇਕ ਖੇਤਰ ਸੀ ਜਿਹੜਾ ਸੁਤੰਤਰ ਸੀ ਅਤੇ ਇਹ ਅੰਗਰੇਜ਼ਾਂ ਲਈ ਵੱਡਾ ਖਤਰਾ ਵੀ ਸੀ। ਇਹ ਖੇਤਰ ਬਹੁਤ ਖੁਸ਼ਹਾਲ ਸੀ ਜਿਨ੍ਹਾਂ ਵਿਚ ਕੋਹੇਨੂਰ ਹੀਰਾ ਵੀ ਸੀ। ਇਸ ਸਭ ਕੁਝ ਦੇ ਬਾਵਜੂਦ ਇਹ ਨਹੀਂ ਸੀ ਹੋ ਸਕਦਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਪਣੇ ਆਪ ਪੰਜਾਬ ‘ਤੇ ਹਮਲਾ ਕਰਨ ਦਾ ਹੌਸਲਾ ਕਰਦੀ ਕਿਉਂ ਜੋ ਦੂਜੀ ਐਂਗਲੋ-ਸਿੱਖ ਜੰਗ ਵਿਚ ਸਾਬਿਤ ਹੋ ਚੁੱਕਾ ਸੀ ਕਿ ਉਹ ਅਸਾਨੀ ਨਾਲ ਉਨ੍ਹਾਂ ਖੇਤਰ ‘ਤੇ ਕੰਟਰੋਲ ਨਹੀਂ ਸੀ ਕਰ ਸਕਦੀ। ਉਂਝ, ਅੰਗਰੇਜ਼ਾਂ ਦੀ ਸਰਹੱਦ ‘ਤੇ ਵਧਦੀ ਫੌਜੀ ਤਿਆਰੀ ਨੇ ਪੰਜਾਬ ਅਤੇ ਸਿੱਖ ਫੌਜ ਵਿਚ ਬੇਚੈਨੀ ਪੈਦਾ ਕਰ ਦਿੱਤੀ ਸੀ। ਇਕ ਦੂਜੇ ‘ਤੇ ਦੋਸ਼ ਲਾਉਣ ਤੋਂ ਬਾਅਦ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦਰਬਾਰ ਦੇ ਕੂਟਨੀਤਕ ਸਬੰਧ ਖਤਮ ਹੋ ਗਏ ਸਨ। ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨੇ ਫਿਰੋਜ਼ਪੁਰ ਵਲ ਜਾਣਾ ਸ਼ੁਰੂ ਕਰ ਦਿੱਤਾ ਜਿਥੇ ਪਹਿਲਾਂ ਹੀ ਅੰਗਰੇਜ਼ ਫੌਜੀਆਂ ਦੀ ਇਕ ਡਿਵੀਜ਼ਨ ਬੈਠੀ ਹੋਈ ਸੀ। ਇਸ ਫੌਜ ਦੀ ਅਗਵਾਈ ਸਰ ਹੂਗ ਗਫ ਜੋ ਬੰਗਾਲ ਫੌਜ ਦਾ ਕਮਾਂਡਰ ਸੀ, ਕਰ ਰਿਹਾ ਸੀ। ਉਸ ਦੇ ਨਾਲ ਗਰਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਵੀ ਸੀ ਜਿਸ ਨੇ ਆਪਣੀਆਂ ਸੇਵਾਵਾਂ ਗਵਰਨਰ ਜਨਰਲ ਹੁੰਦਿਆਂ ਫੌਜ ਨੂੰ ਸਮਰਪਿਤ ਕਰ ਦਿੱਤੀਆਂ ਸਨ। ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਵਿਚ ਬੰਗਾਲ ਦੀ ਫੌਜ ਸੀ ਜਿਸ ਦੇ ਹਰ ਤਿੰਨ ਜਾਂ ਚਾਰ ਯੂਨਿਟਾਂ ਨਾਲ ਇਕ ਅੰਗਰੇਜ਼ ਯੂਨਿਟ ਸੀ। ਅੰਗਰੇਜ਼ਾਂ ਦੇ ਤੋਪਖਾਨੇ ਵਿਚ ਛੋਟੀਆਂ ਤੋਪਾਂ ਸਨ ਜੋ ਬੰਗਾਲ ਤੋਪਖਾਨੇ ਨਾਲ ਸਬੰਧਿਤ ਸਨ।
ਸਿੱਖਾਂ ਦੀ ਫੌਜ ਦੀ ਕਮਾਂਡ ਲਾਲ ਸਿੰਘ ਅਤੇ ਤੇਜ ਸਿੰਘ ਦੇ ਹੱਥ ਸੀ ਜਿਹੜੇ ਸਿੱਖ ਸਿਪਾਹੀਆਂ ਨਾਲ ਗੱਦਾਰੀ ਕਰ ਗਏ। ਲਾਲ ਸਿੰਘ ਲਗਾਤਾਰ ਅੰਗਰੇਜ਼ਾਂ ਨੂੰ ਜਾਣਕਾਰੀ ਦੇ ਰਿਹਾ ਸੀ ਅਤੇ ਉਨ੍ਹਾਂ ਕੋਲੋਂ ਜਾਣਕਾਰੀ ਲੈ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਅਜਿਹੀਆਂ ਅਫਵਾਹਾਂ ਸਨ ਕਿ ਸਿੱਖ ਪਹਿਲਾਂ ਦਿੱਲੀ ਜਾਣਗੇ, ਫਿਰ ਕਲਕੱਤੇ ਅਤੇ ਉਸ ਤੋਂ ਬਾਅਦ ਲੰਡਨ ਪਹੁੰਚ ਜਾਣਗੇ। ਜਦੋਂ ਸਿੱਖ ਫੌਜਾਂ 11 ਦਸੰਬਰ 1845 ਨੂੰ ਸਤਲੁਜ ਦਰਿਆ ‘ਤੇ ਪਹੁੰਚੀਆਂ ਤਾਂ ਗਵਰਨਰ ਜਨਰਲ ਲਾਰਡ ਹਾਰਡਿੰਗ ਜਿਹੜਾ ਉਸ ਵਕਤ ਲੁਧਿਆਣੇ ਸੀ, ਨੂੰ ਇਹ ਖਬਰ 12 ਦਸੰਬਰ ਨੂੰ ਮਿਲ ਗਈ। ਇਸ ਸਥਿਤੀ ਨੂੰ ਦੇਖਦਿਆਂ ਉਸ ਨੇ 13 ਦਸੰਬਰ 1845 ਨੂੰ ਐਲਾਨ ਕੀਤਾ ਜਿਸ ਵਿਚ ਕਿਹਾ ਗਿਆ ਕਿ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚ ਹੋਈ ਸੰਧੀ ਨੂੰ ਪੂਰੀ ਤਰ੍ਹਾਂ ਨਿਭਾਇਆ ਗਿਆ ਹੈ; ਉਹ ਚੰਗੇ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਅਤੇ ਅੰਗਰੇਜ਼ਾਂ ਵਿਚਕਾਰ ਵੀ ਬਣੇ ਰਹੇ ਪਰ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਲਈ ਆਪਣੇ ਖੇਤਰ ਦੀ ਸੁਰੱਖਿਆ ਜ਼ਰੂਰੀ ਬਣ ਗਈ ਸੀ। ਅਜਿਹੇ ਹੁਕਮ ਦੇਣ ਦੀ ਜ਼ਰੂਰਤ ਬਾਰੇ ਲਾਹੌਰ ਦਰਬਾਰ ਨੂੰ ਵੀ ਦੱਸ ਦਿਤਾ ਗਿਆ ਹੈ। ਪਿਛਲੇ ਦੋ ਸਾਲਾਂ ਵਿਚ ਲਾਹੌਰ ਦਰਬਾਰ ਵਿਚ ਬਣੀ ਅਨਸ਼ਿਚਿਤਤਾ ਦੀ ਸਥਿਤੀ ਬਾਵਜੂਦ ਗਵਰਨਰ ਜਨਰਲ ਦੋਵਾਂ ਸਰਕਾਰਾਂ ਵਿਚਕਾਰ ਦੋਸਤਾਨਾ ਸਬੰਧ ਬਣਾਈ ਰੱਖਣ ਦੇ ਹੱਕ ਵਿਚ ਸੀ। ਉਹ ਇਹ ਵੀ ਖਾਹਿਸ਼ ਰੱਖਦਾ ਸੀ ਕਿ ਮਜ਼ਬੂਤ ਸਿੱਖ ਸਰਕਾਰ ਬਣੇ ਜਿਹੜੀ ਫੌਜ ਅਤੇ ਜਨਤਾ ‘ਤੇ ਪੂਰਾ ਕੰਟਰੋਲ ਰੱਖ ਸਕੇ। ਉਸ ਨੂੰ ਅਜੇ ਵੀ ਉਮੀਦ ਹੈ ਕਿ ਵਫਾਦਾਰ ਸਰਦਾਰ ਇਹ ਕੰਮ ਪੂਰਾ ਕਰ ਲੈਣਗੇ।

ਪਹਿਲੀ ਸਿੱਖ-ਅੰਗਰੇਜ਼ ਜੰਗ
ਅੰਗਰੇਜ਼ਾਂ ਦੀਆਂ ਗਤੀਵਿਧੀਆਂ ਕਰ ਕੇ ਸਿੱਖ ਫੌਜਾਂ 11 ਦਸੰਬਰ 1845 ਨੂੰ ਸਤਲੁਜ ਦਰਿਆ ਲੰਘ ਗਈਆਂ। ਫੌਜ ਵਿਚ ਭਾਵੇਂ ਮੁੱਖ ਤੌਰ `ਤੇ ਸਿੱਖ ਸਨ ਪਰ ਉਸ ਵਿਚ ਪੰਜਾਬੀ, ਪਖਤੂਨ ਅਤੇ ਕਸ਼ਮੀਰ ਦੇ ਯੂਨਿਟ ਵੀ ਸਨ। ਵੱਡੀਆਂ ਤੋਪਾਂ ਅਤੇ ਬੰਦੂਕਾਂ ਵੀ ਸਨ ਜਿਨ੍ਹਾਂ ਨੂੰ ਚਲਾਉਣ ਦੀ ਸਿਖਲਾਈ ਯੂਰਪੀ ਅਫਸਰਾਂ ਨੇ ਦਿੱਤੀ ਸੀ।
ਸਿੱਖ ਇਹ ਦਾਅਵਾ ਕਰਦੇ ਸਨ ਕਿ ਉਹ ਸਿਰਫ ਸਿੱਖ ਖੇਤਰ ਵਿਚ ਹੀ ਗਏ ਸਨ, ਖਾਸ ਕਰ ਕੇ ਮੋਰਾਂ ਪਿੰਡ ਵਿਚ ਜਿਹੜਾ ਦਰਿਆ ਦੇ ਪੂਰਬੀ ਕੰਢੇ ‘ਤੇ ਸੀ ਅਤੇ ਜਿਸ ਦੀ ਮਾਲਕੀ ਬਾਰੇ ਝਗੜਾ ਸੀ ਪਰ ਅੰਗਰੇਜ਼ਾਂ ਨੇ ਇਸ ਕਾਰਵਾਈ ਨੂੰ ਦੁਸ਼ਮਣੀ ਵਾਲੀ ਕਾਰਵਾਈ ਐਲਾਨ ਦਿੱਤਾ ਅਤੇ ਉਨ੍ਹਾਂ ਨੇ ਜੰਗ ਦਾ ਐਲਾਨ ਕਰ ਦਿੱਤਾ। ਫੌਜ ਦੀ ਇਕ ਸਿੱਖ ਯੂਨਿਟ ਜਿਸ ਦੀ ਕਮਾਂਡ ਤੇਜ ਸਿੰਘ ਕਰ ਰਿਹਾ ਸੀ, ਫਿਰੋਜ਼ਪੁਰ ਵੱਲ ਵਧ ਗਈ ਪਰ ਉਸ ਨੇ ਅੰਗਰੇਜ਼ ਫੌਜ ਨੂੰ ਘੇਰਨ ਜਾਂ ਉਸ ਉਤੇ ਹਮਲਾ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ। ਦੂਸਰੀ ਫੌਜੀ ਯੂਨਿਟ ਜਿਹੜੀ ਲਾਲ ਸਿੰਘ ਦੀ ਕਮਾਂਡ ਅਧੀਨ ਸੀ, ਉਸ ਨੇ ਫਿਰੋਜ਼ਪੁਰ ਵੱਲ ਅਗੇ ਵਧਦਿਆਂ ਲਿਟਲਰ ਦੀ ਫੌਜ ‘ਤੇ ਹਮਲਾ ਨਾ ਕੀਤਾ ਭਾਵੇਂ ਉਸ ਵਕਤ ਸਿੱਖਾਂ ਦੀ ਫੌਜ ਲਾਰਡ ਹਾਰਡਿੰਗ ਅਤੇ ਜਨਰਲ ਗਫ ਦੀ ਫੌਜ ‘ਤੇ ਭਾਰੂ ਸੀ।
ਅੰਗਰੇਜ਼ ਕਮਾਂਡਰ ਆਪਣੀ ਭਵਿੱਖ ਦੀ ਤਿਆਰੀ ਬਾਰੇ ਬਹੁਤ ਚੇਤਨ ਸਨ। ਕਸੌਲੀ ਅਤੇ ਸਬਾਥੂ ਤੋਂ ਹੋਰ ਫੌਜ 19 ਦਸੰਬਰ ਨੂੰ ਮੁਦਕੀ ਪਹੁੰਚ ਗਈ। ਅੰਗਰੇਜ਼ ਫੌਜ ਪਿੰਡ ਮਿਸਰੀਵਾਲਾ ਵਲ ਚਲੀ ਗਈ ਪਰ ਸਿੱਖਾਂ ਤੋਂ ਬਚ ਕੇ ਰਹੀ। ਇਕ ਹੋਰ ਅੰਗਰੇਜ਼ ਕਮਾਂਡਰ ਲਿਟਲਰ ਦੀ ਫ਼ੌਜ ਜਿਹੜੀ ਫਿਰੋਜ਼ਪੁਰ ਠਹਿਰੀ ਹੋਈ ਸੀ, ਉਹ ਵੀ 21 ਦਸੰਬਰ ਨੂੰ ਮਿਸਰੀਵਾਲਾ ਆ ਗਈ। ਹੁਣ ਅੰਗਰੇਜ਼ਾਂ ਦੀ ਫੌਜ ਦੀ ਕੁਲ ਗਿਣਤੀ 18 ਹਜ਼ਾਰ ਹੋ ਗਈ ਸੀ ਅਤੇ ਉਨ੍ਹਾਂ ਕੋਲ 65 ਤੋਪਾਂ ਸਨ। ਵੱਖ-ਵੱਖ ਖੇਤਰਾਂ ਵਿਚ ਫੈਲੀ ਅੰਗਰੇਜ਼ੀ ਫੌਜ ਜਨਰਲ ਗਫ ਦੀ ਕਮਾਂਡ ਅਧੀਨ ਸੀ। ਅੰਗਰੇਜ਼ ਕਮਾਂਡਰ ਜਿਵੇਂ ਜਨਰਲ ਹੈਰੀ ਸਮਿਥ, ਜਨਰਲ ਗਿਲਬਰਟ ਅਤੇ ਸਰ ਲਿਟਲਰ ਅੰਗਰੇਜ਼ ਫੌਜ ਦੀ ਕਮਾਂਡ ਕਰ ਰਹੇ ਸਨ। ਲਾਰਡ ਹਾਰਡਿੰਗ ਵੀ ਫੌਜ ਵਿਚ ਕਮਾਂਡਰ ਵਜੋਂ ਸ਼ਾਮਲ ਸੀ ਅਤੇ ਉਹ ਜਨਰਲ ਗਫ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ ਭਾਵੇਂ ਉਹ ਗਵਰਨਰ ਜਨਰਲ ਸੀ ਪਰ ਉਹ ਅੰਗਰੇਜ਼ ਫੌਜ ਵਿਚ ਕਮਾਂਡਰ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਅਗਲੇ ਦਿਨ ਅੰਗਰੇਜ਼ਾਂ ਨੇ ਕਈ ਸਿੱਖ ਫੌਜੀਆਂ ਨੂੰ ਫਿਰੋਜ਼ਸ਼ਾਹ ਵਿਚ ਮੋਰਚਿਆਂ ਵਿਚ ਦੇਖਿਆ। ਗਫ ਇਕਦਮ ਹਮਲਾ ਕਰਨਾ ਚਾਹੁੰਦਾ ਸੀ। ਲਾਰਡ ਹਾਰਡਿੰਗ ਨੇ ਆਪਣੀ ਸਥਿਤੀ ਦੀ ਵਰਤੋਂ ਕਰਦਿਆਂ ਉਸ ਨੂੰ ਰੋਕਿਆ ਤਾਂ ਕਿ ਫਿਰੋਜ਼ਪੁਰ ਤੋਂ ਆਉਣ ਵਾਲੀ ਫੌਜ ਦੀ ਉਡੀਕ ਕਰ ਲਈ ਜਾਵੇ ਪਰ 21 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਗਫ ਦੀ ਫੌਜ ਨੇ ਹਮਲਾ ਕਰ ਦਿਤਾ। ਸਿੱਖਾਂ ਦੇ ਤੋਪਖਾਨੇ ਨੇ ਅੰਗਰੇਜ਼ਾਂ ਦਾ ਵੱਡਾ ਨੁਕਸਾਨ ਕੀਤਾ ਅਤੇ ਕਈ ਅੰਗਰੇਜ਼ ਫੌਜੀ ਮਾਰੇ ਗਏ। ਵਧਦੀ ਹੋਈ ਫੌਜ ਨੇ ਬੰਦੂਕਾਂ ਨਾਲ ਵੀ ਵੱਡਾ ਨੁਕਸਾਨ ਕਰ ਦਿੱਤਾ। ਦੂਸਰੀ ਤਰਫ ਸਿੱਖ ਫੌਜ ਦੇ ਘੋੜਸਵਾਰ ਅਤੇ ਅਨਿਯਮਤ ਫੌਜ ਅੰਗਰੇਜ਼ਾਂ ਦੀ ਫੌਜ ਦੇ ਮੁਕਾਬਲੇ ਘਟ ਯੋਗ ਸੀ ਕਿਉਂ ਜੋ ਉਨ੍ਹਾਂ ਨੂੰ ਲਾਲ ਸਿੰਘ ਨੇ ਜੰਗ ਦੇ ਮੈਦਾਨ ਤੋਂ ਦੂਰ ਰੱਖਿਆ।
ਗਫ ਦੇ ਜਵਾਨ ਰਾਤ ਸਮੇਂ ਸਿੱਖਾਂ ਦੀ ਫੌਜ ‘ਤੇ ਹਮਲਾ ਕਰ ਰਹੇ ਸੀ ਪਰ ਹੋਰ ਯੂਨਿਟਾਂ ਨੂੰ ਪਿੱਛੇ ਕਰ ਦਿੱਤਾ ਗਿਆ। ਸਿੱਖ ਫੌਜ ਅੰਗਰੇਜ਼ਾਂ ਦਾ ਵੱਡਾ ਨੁਕਸਾਨ ਕਰ ਰਹੀ ਸੀ। ਹਾਰਡਿੰਗ ਮਹਿਸੂਸ ਕਰਦਾ ਸੀ ਕਿ ਅਗਲੇ ਦਿਨ ਉਨ੍ਹਾਂ ਦੀ ਹਾਰ ਹੋਵੇਗੀ, ਇਸ ਲਈ ਉਸ ਨੇ ਹੁਕਮ ਕੀਤਾ ਕਿ ਇਹੋ ਜਿਹੀ ਸਥਿਤੀ ਵਿਚ ਮੁਦਕੀ ਵਿਚ ਸਾਰੇ ਸਰਕਾਰੀ ਕਾਗਜ਼ ਸਾੜ ਦਿਤੇ ਜਾਣ ਪਰ ਅਗਲੀ ਸਵੇਰ ਅੰਗਰੇਜ਼ ਤੇ ਬੰਗਾਲੀ ਫੌਜ ਅੱਗੇ ਵਧੀ ਅਤੇ ਉਸ ਨੇ ਸਿੱਖਾਂ ਦੇ ਬਾਕੀ ਮੋਰਚਿਆਂ ਤੋਂ ਵੀ ਉਨ੍ਹਾਂ ਨੂੰ ਉਖਾੜ ਦਿਤਾ। ਲਾਲ ਸਿੰਘ ਨੇ ਨਾ ਮੁਕਾਬਲਾ ਕਰਨ ਅਤੇ ਨਾ ਹੀ ਫੌਜ ਨੂੰ ਦੁਬਾਰਾ ਸੰਗਠਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਤੇਜ ਸਿੰਘ ਦੀ ਫੌਜ ਵੀ ਉਥੇ ਆ ਗਈ। ਗਫ ਦੀ ਥੱਕੀ ਹੋਈ ਫੌਜ ਨੂੰ ਹਾਰ ਅਤੇ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਤੇਜ ਸਿੰਘ ਪਿਛਾਂਹ ਹਟ ਗਿਆ ਅਤੇ ਦਾਅਵਾ ਕਰਨ ਲੱਗਾ ਕਿ ਅੰਗਰੇਜ਼ਾਂ ਦੀ ਕਵਾਲਰੀ ਅਤੇ ਤੋਪਖਾਨਾ ਜਿਹੜਾ ਪਿਛਾਂਹ ਹਟ ਰਿਹਾ ਸੀ, ਉਹ ਅਸਲ ਵਿਚ ਦੁਬਾਰਾ ਬਰੂਦ ਭਰ ਕੇ ਇਕ ਪਾਸੇ ਤੋਂ ਹਮਲਾ ਕਰੇਗਾ।
ਕੁਝ ਸਮੇਂ ਲਈ ਫੌਜੀ ਕਾਰਵਾਈਆਂ ਰੁਕ ਗਈਆਂ ਜਿਸ ਦਾ ਮੁੱਖ ਕਾਰਨ ਇਹ ਵੀ ਸੀ ਕਿ ਗਫ ਦੀ ਫੌਜ ਥਕੀ ਹੋਈ ਸੀ ਅਤੇ ਉਸ ਨੂੰ ਆਰਾਮ ਅਤੇ ਹੋਰ ਹਥਿਆਰਾਂ ਦੀ ਲੋੜ ਸੀ। ਸਿੱਖਾਂ ਅੰਦਰ ਆਪਣੀ ਹਾਰ ਅਤੇ ਉਨ੍ਹਾਂ ਦੇ ਕਮਾਂਡਰਾਂ ਦੀ ਕਾਰਜਸ਼ਾਲੀ ਕਰ ਕੇ ਨਿਰਾਸ਼ਾ ਸੀ ਪਰ ਜਦੋਂ ਉਨ੍ਹਾਂ ਨਾਲ ਹੋਰ ਫੌਜੀ ਅਤੇ ਕਮਾਂਡਰ ਆ ਮਿਲੇ ਤਾਂ ਫਿਰ ਉਨ੍ਹਾਂ ਵਿਚ ਜੋਸ਼ ਭਰ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੇ 500 ਚੁਣੇ ਹੋਏ ਅਫਸਰਾਂ ਨੂੰ ਦੁਬਾਰਾ ਕੋਸ਼ਿਸ਼ ਕਰਨ ਲਈ ਹੱਲਾਸ਼ੇਰੀ ਦੇ ਕੇ ਭੇਜਿਆ। ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਜੰਗ ਵਿਚ ਹਾਜ਼ਰ ਸੀ। ਉਹ ਸਿੱਖਾਂ ਨੂੰ ਇੰਨੇ ਉਤਸ਼ਾਹ ਅਤੇ ਦਲੇਰੀ ਨਾਲ ਲੜਦਿਆ ਦੇਖ ਕੇ ਹੈਰਾਨ ਸੀ ਜਿਹੜੇ ਆਪਣੇ ਕਮਾਂਡਰਾਂ ਤੋਂ ਬਗੈਰ ਹੀ ਲੜ ਰਹੇ ਸਨ। ਜਨਰਲ ਗਫ ਨੇ ਹੁਣ ਮਹਿਸੂਸ ਕੀਤਾ ਕਿ ਸਿੱਖ ਸਿਪਾਹੀ ਜਮਾਂਦਰੂ ਲੜਾਕੇ ਹਨ ਅਤੇ ਉਨ੍ਹਾਂ ਦੀ ਬਹਾਦਰੀ ਦਾ ਇਹੀ ਕਾਰਨ ਹੈ। ਉਸ ਵੇਲੇ ਅੰਗਰੇਜ਼ ਸਿੱਖਾਂ ‘ਤੇ ਹਮਲੇ ਤਾਂ ਕਰ ਰਹੇ ਸਨ ਪਰ ਸਿੱਖ ਇੰਨੀ ਬਹਾਦਰੀ ਅਤੇ ਜੋਸ਼ ਨਾਲ ਲੜ ਰਹੇ ਸਨ ਕਿ ਅੰਗਰੇਜ਼ਾਂ ਨੂੰ ਆਪਣੀਆਂ ਜਗ੍ਹਾ ਤੋਂ ਪਿੱਛੇ ਹਟਣਾ ਪਿਆ। ਲੜਾਈ ਸੂਰਜ ਡੁੱਬਣ ਤੋਂ ਬਾਅਦ ਵੀ ਜਾਰੀ ਰਹੀ। ਹੁਣ ਲਾਰਡ ਹਾਰਡਿੰਗ ਆਪ ਮੈਦਾਨ ਵਿਚ ਫੌਜ ਦੀ ਅਗਵਾਈ ਕਰਣ ਲਈ ਅੱਗੇ ਆਇਆ। ਲਾਰਡ ਹਾਰਡਿੰਗ ਦੇ ਮੈਦਾਨ ਵਿਚ ਆਉਣ ਨਾਲ ਅੰਗਰੇਜ਼ ਫੌਜਾਂ ਨੂੰ ਵੱਡੀ ਹੱਲਾਸ਼ੇਰੀ ਮਿਲੀ ਅਤੇ ਉਹ ਬਹਾਦਰੀ ਤੇ ਕੁਰਬਾਨੀ ਦੀ ਭਾਵਨਾ ਨਾਲ ਲੜਨ ਲੱਗ ਪਏ। ਹੁਣ ਸਿੱਖ ਭਾਵੇ ਪਿਛਾਂਹ ਹਟ ਰਹੇ ਸਨ ਪਰ ਉਹ ਜੰਗ ਤੋਂ ਭੱਜੇ ਨਹੀਂ ਸਨ ਸਗੋਂ ਉਹ ਲਗਾਤਾਰ ਅੰਗਰੇਜ਼ਾਂ ਨਾਲ ਲੜਦੇ ਰਹੇ। ਜਦੋਂ ਹਨੇਰਾ ਵਧ ਗਿਆ ਤਾਂ ਜੰਗ ਰੁਕ ਗਈ। ਅੰਗਰੇਜ਼ਾਂ ਨੇ ਸਿੱਖਾਂ ਉਤੇ ਹਨੇਰੇ ਵਿਚ ਹਮਲਾ ਕਰਨ ਦਾ ਹੌਸਲਾ ਨਾ ਕੀਤਾ।
ਇਸ ਸਮੇਂ ਅੰਗਰੇਜ਼ ਫੌਜੀ ਕਮਾਂਡਰ ਪੂਰੀ ਤਰ੍ਹਾਂ ਡਰੇ ਹੋਏ ਸਨ ਅਤੇ ਆਉਣ ਵਾਲੇ ਸਮੇਂ ਬਾਰੇ ਫਿਕਰਮੰਦ ਸਨ ਪਰ ਉਨ੍ਹਾਂ ਨੂੰ ਲਾਲ ਸਿੰਘ `ਤੇ ਪੂਰਾ ਭਰੋਸਾ ਸੀ; ਇਸ ਲਈ ਅੰਗਰੇਜ਼ ਅਫਸਰ ਆਪਣੇ ਜਵਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ ਤਾਂ ਕਿ ਇਕ ਹੋਰ ਲੜਾਈ ਕੀਤੀ ਜਾਵੇ। ਉਨ੍ਹਾਂ ਲਈ ਇਕੱਲੀ ਉਹ ਜਿੱਤ ਕਾਫੀ ਨਹੀਂ ਸੀ। ਅਸਲ ਵਿਚ ਸਿੱਖ ਅਫਸਰਾਂ ਅਤੇ ਸਿਪਾਹੀਆਂ ਨੇ ਨਾ ਤਾਂ ਦਿਲ ਛੱਡਿਆ ਸੀ ਅਤੇ ਨਾ ਹੀ ਜੰਗ ਵਿਚ ਇਨਸਾਨੀ ਕਦਰਾਂ ਕੀਮਤਾਂ। ਇਕ ਅੰਗਰੇਜ ਅਫਸਰ ਲੈਫਟੀਨੈਂਟ ਬਿਡਉਲਫ ਅਤੇ ਕੁਝ ਸਿਪਾਹੀ ਸਿੱਖਾਂ ਦੀ ਛਾਉਣੀ ਵਿਚ ਪਹੁੰਚ ਗਏ ਸਨ ਪਰ ਸਿੱਖ ਫੌਜੀ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਛੱਡ ਆਏ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਦੀ ਛਾਉਣੀ ਵਿਚ ਪੁਚਾ ਦਿੱਤਾ। ਸਿਖਾਂ ਦੀ ਇਸ ਕਾਰਵਾਈ ਨੂੰ ਲਾਰਡ ਹਾਰਡਿੰਗ ਨੇ ਬਹੁਤ ਸਲਾਹਿਆ।
ਇਸ ਜਗ੍ਹਾ ‘ਤੇ ਦੋਵੇਂ ਵੱਖਰੇ ਹੀ ਜੋਸ਼ ਵਿਚ ਲੜੇ। ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਆਪਣੇ ਮੈਡਲ ਲਾਹ ਕੇ ਆਪਣੇ ਲੜਕੇ ਨੂੰ ਦੇ ਦਿੱਤੇ ਅਤੇ ਉਹ ਆਪ ਅੰਗਰੇਜ਼ ਫੌਜੀਆਂ ਨਾਲ ਮਿਲ ਗਿਆ। ਅੰਗਰੇਜ਼ ਫੌਜੀਆਂ ਨੇ ਉਸ ਦੀ ਇਹ ਪਹਿਲ ਦੇਖ ਕੇ ਅੰਗਰੇਜ਼ ਫੌਜ ਵਿਚ ਵੱਖਰਾ ਅਤੇ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ। ਲਾਰਡ ਹਾਰਡਿੰਗ ਸਿੱਖਾਂ ਦੀ ਤੋਪ ਕੋਲ ਪਹੁੰਚ ਗਿਆ ਅਤੇ ਉਸ ਨੇ ਤੋਪ ਬੰਦ ਕਰਵਾ ਦਿੱਤੀ ਪਰ ਸਿਖ ਫੌਜੀ ਬੜੇ ਜੋਸ਼ ਨਾਲ ਅੱਗੇ ਵਧੇ ਜਿਸ ਕਰ ਕੇ ਲਾਰਡ ਹਾਰਡਿੰਗ ਨੂੰ ਪਿੱਛੇ ਹਟਣਾ ਪਿਆ। ਸਿੱਖਾਂ ਦੀ ਉਸ ਤੋਪ ਨੇ ਫਿਰ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿਤੇ। ਇਹ ਗੋਲਾਬਾਰੀ ਸਾਰੀ ਰਾਤ ਹੁੰਦੀ ਰਹੀ। ਅੰਗਰੇਜ਼ ਫੌਜ ਲਈ ਇਹ ਬੜੀ ਤਰਸਯੋਗ ਹਾਸਲ ਸੀ ਕਿਉਂ ਜੋ ਉਸ ਰਾਤ ਠੰਢ ਬਹੁਤ ਸੀ। ਅੰਗਰੇਜ਼ ਜਰਨੈਲ ਸਵੇਰ ਤੱਕ ਫਿਰੋਜ਼ਪੁਰ ਵੱਲ ਪਿੱਛੇ ਹਟਣ ਦਾ ਮਨ ਬਣਾ ਰਹੇ ਸਨ।
ਫਿਰ ਲਾਲ ਸਿੰਘ ਜਿਹੜਾ ਸਿੱਖ ਫੌਜਾਂ ਦਾ ਕਮਾਂਡਰ ਸੀ ਅਤੇ ਉਸ ਦੇ ਅੰਗਰੇਜ਼ਾਂ ਨਾਲ ਸਬੰਧ ਸਨ, ਪਿੱਛੇ ਖੜ੍ਹਾ ਸਾਰੀ ਲੜਾਈ ਦੇਖ ਰਿਹਾ ਸੀ। ਅੰਗਰੇਜ਼ ਜਰਨੈਲ ਸੋਚ ਰਹੇ ਸਨ ਕਿ ਉਹ (ਅੰਗਰੇਜ਼) ਸਵੇਰ ਤਕ ਫਿਰੋਜ਼ਪੁਰ ਵੱਲ ਪਿਛੇ ਹਟ ਜਾਣ ਪਰ ਗੱਦਾਰ ਸਿੱਖ ਕਮਾਂਡਰ ਨੇ ਅੰਗਰੇਜ਼ਾਂ ਦੀ ਵੱਡੀ ਮਦਦ ਕਰ ਦਿੱਤੀ। ਅੰਗਰੇਜ਼ ਫੌਜ ਦੀ ਗੋਲਾਬਾਰੀ ਬਹੁਤ ਜ਼ਿਆਦਾ ਸੀ। ਲਾਲ ਸਿੰਘ ਦੀ ਫੌਜ ਜਨਰਲ ਗਫ ਵਾਲੀ ਅੰਗਰੇਜ਼ ਫੌਜ ਦਾ ਮੁਕਾਬਲਾ ਕਰਨ ਵਿਚ ਨਾ-ਕਾਮਯਾਬ ਸੀ। ਤੇਜ ਸਿੰਘ, ਲਾਲ ਸਿੰਘ ਦੀ ਕਮਜ਼ੋਰ ਸਥਿਤੀ ਨੂੰ ਦੇਖ ਤਾਂ ਰਿਹਾ ਸੀ ਪਰ ਉਸ ਨੇ ਆਪਣੇ ਅਧੀਨ ਫੌਜ ਨੂੰ ਲਾਲ ਸਿੰਘ ਦੀ ਫੌਜ ਦੀ ਮਦਦ ਕਰਨ ਦੀ ਇਜਾਜ਼ਤ ਨਾ ਦਿੱਤੀ। ਕਿੰਨੀ ਅਫਸੋਸਜਨਕ ਗੱਲ ਹੈ ਕਿ ਹੇਠਲੇ ਅਫਸਰ ਅਤੇ ਸਿਪਾਹੀ ਭਾਵੇਂ ਪੂਰੇ ਜੋਸ਼ ਅਤੇ ਕੁਰਬਾਨੀ ਦੀ ਭਾਵਨਾ ਨਾਲ ਲੜ ਰਹੇ ਸਨ ਅਤੇ ਆਪਣੇ ਕਮਾਂਡਰਾਂ ਤੋਂ ਲੜਾਈ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗ ਰਹੇ ਸਨ ਪਰ ਤੇਜ ਸਿੰਘ ਉਨ੍ਹਾਂ ਨੂੰ ਇਜਾਜ਼ਤ ਨਹੀਂ ਸੀ ਦੇ ਰਿਹਾ। ਸਿੱਟੇ ਵਜੋਂ ਅੰਗਰੇਜ਼ ਫੌਜ ਵਧਦੀ ਗਈ ਅਤੇ ਲਾਲ ਸਿੰਘ ਆਪਣੀ ਫੌਜ ਨਾਲ ਮੈਦਾਨ ਤੋਂ ਭੱਜ ਗਿਆ।
ਸਿੱਖ ਫ਼ੌਜ ਲਈ ਇਹ ਵੱਡਾ ਝਟਕਾ ਸੀ। ਸਿੱਖ ਆਪਣੇ ਜਰਨੈਲਾਂ ਦੀ ਗੱਦਾਰੀ ਕਰ ਕੇ ਜਿੱਤੀ ਹੋਈ ਜੰਗ ਹਾਰ ਗਏ ਸਨ। ਦੂਸਰੀ ਤਰਫ ਅੰਗਰੇਜ਼ ਕਮਾਂਡਰ ਆਪਣੇ ਸਿਪਾਹੀਆਂ ਦੇ ਨਾਲ-ਨਾਲ ਲੜ ਰਹੇ ਸਨ ਅਤੇ ਸਿਪਾਹੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ। ਜਦੋਂ ਸਿੱਖਾਂ ਦੇ ਜਰਨੈਲ ਮੈਦਾਨ ਵਿਚੋਂ ਭੱਜ ਗਏ ਅਤੇ ਅੰਗਰੇਜ਼ ਫੌਜ ਪਹਿਲਾਂ ਵਾਂਗ ਹੀ ਬਹਾਦਰੀ ਨਾਲ ਲੜ ਰਹੀ ਸੀ। ਇਸ ਨਾਲ ਸਿੱਖਾਂ ਦੀ ਫੌਜ ਕਮਜ਼ੋਰ ਹੋ ਗਈ। ਅੰਗਰੇਜ਼ ਫੌਜ ਲਗਾਤਾਰ ਅਗੇ ਵਧਦੀ ਗਈ ਅਤੇ ਉਸ ਨੇ ਸਿੱਖਾਂ ਦੀਆਂ 70 ਤੋਪਾਂ ਖੋਹ ਲਈਆਂ ਤੇ ਸਿੱਖਾਂ ਦਾ ਬਹੁਤ ਸਾਰਾ ਖੇਤਰ ਆਪਣੇ ਕਬਜ਼ੇ ਵਿਚ ਲੈ ਲਿਆ। ਉਂਝ, ਇਸ ਜਿੱਤ ਲਈ ਅੰਗਰੇਜ਼ਾਂ ਨੂੰ ਬਹੁਤ ਵੱਡੀ ਕੀਮਤ ਦੇਣੀ ਪਈ। ਇਸ ਲੜਾਈ ਵਿਚ ਉਨ੍ਹਾਂ ਦੇ 462 ਅੰਗਰੇਜ਼ ਅਤੇ 174 ਦੇਸੀ ਸਿਪਾਹੀ ਮਾਰੇ ਗਏ ਜਦੋਂ ਕਿ 471 ਦੇਸੀ ਅਤੇ 1054 ਅੰਗਰੇਜ਼ ਫੌਜੀ ਜ਼ਖ਼ਮੀ ਹੋਏ। ਜੇ ਸਿੱਖ ਜਰਨੈਲ ਗੱਦਾਰੀ ਨਾ ਕਰਦੇ ਤਾਂ ਸਥਿਤੀ ਕੁਝ ਹੋਰ ਹੁੰਦੀ ਅਤੇ ਅੰਗਰੇਜ਼ਾਂ ਦੇ ਪਤਨ ਵਿਚ ਇਹ ਵੱਡਾ ਇਤਿਹਾਸਕ ਤੱਤ ਬਣਦਾ।
ਫਿਰ ਵੀ ਸਿੱਖ ਫੌਜ ਨੇ ਹੌਸਲਾ ਨਾ ਛਡਿਆ ਅਤੇ ਬਾਅਦ ਵਿਚ ਉਹ ਫਿਰ ਫਤਿਹਗੜ੍ਹ ਸਭਰਾਵਾਂ ਪਿੰਡ ਵਿਚ ਇਕੱਠੇ ਹੋਏ। ਇਸ ਸਮੇਂ ਦੌਰਾਨ ਅੰਗਰੇਜ਼ਾਂ ਦੇ ਹਥਿਆਰ ਅਤੇ ਸਮਾਨ ਮੁੱਕ ਚੁੱਕਾ ਸੀ। ਉਹ ਇਸ ਲੜਾਈ ਨੂੰ ਲਮਕਾਉਣਾ ਚਾਹੁੰਦੇ ਸਨ, ਇਸ ਲਈ ਉਹ ਕਈ ਦਿਨ ਚੁੱਪ ਰਹੇ ਪਰ ਉਨ੍ਹਾਂ ਸਿੱਖਾਂ ‘ਤੇ ਦੁਬਾਰਾ ਹਮਲੇ ਲਈ ਤਿਆਰੀਆਂ ਜਾਰੀ ਰੱਖੀਆਂ।
ਸਰਦਾਰ ਰਣਜ਼ੋਰ ਸਿੰਘ ਜਿਹੜਾ ਫਿਲੌਰ ਵਿਚ ਆਪਣੇ 10 ਹਜ਼ਾਰ ਸੈਨਿਕਾਂ ਨਾਲ ਠਹਿਰਿਆ ਹੋਇਆ ਸੀ, ਅਜੀਤ ਸਿੰਘ ਲਾਡਵਾਂ ਨਾਲ ਲੁਧਿਆਣੇ ਵੱਲ ਵਧਿਆ। ਉਸ ਨੇ ਕਈ ਅੰਗਰੇਜ਼ ਬੈਰਕਾਂ ਵਿਚ ਅੱਗ ਲਗਾ ਦਿਤੀ। ਉਥੇ ਅੰਗਰੇਜ਼ਾਂ ਦੀ ਸਥਿਤੀ ਬਹੁਤ ਕਮਜ਼ੋਰ ਹੋ ਗਈ। ਉਹ ਸਿੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸਨ। ਇਸ ਗੱਲ ਨੂੰ ਆਪਣੇ ਮਨ ਵਿਚ ਰੱਖਦੇ ਹੋਏ ਅੰਗਰੇਜ਼ ਪਿੱਛੇ ਹਟਦੇ ਗਏ। ਹੁਣ ਰਣਜ਼ੋਰ ਸਿੰਘ ਨੂੰ ਅੱਗੇ ਵਧਣਾ ਚਾਹੀਦਾ ਸੀ ਅਤੇ ਉਹ ਅੰਗਰੇਜ਼ਾਂ ਦੀ ਦਿੱਲੀ ਤੋਂ ਆਉਣ ਵਾਲੀ ਸਪਲਾਈ ਰੋਕ ਸਕਦਾ ਸੀ ਜਿਸ ਵਿਚ ਉਨ੍ਹਾਂ ਲਈ ਦਿੱਲੀ ਤੋਂ ਹਥਿਆਰ ਤੇ ਫੌਜੀ ਆ ਰਹੇ ਸਨ ਪਰ ਉਸ ਨੇ ਲੁਧਿਆਣਾ ਛੱਡ ਦਿਤਾ ਅਤੇ ਬੱਦੋਵਾਲ ਚਲਾ ਗਿਆ।
ਦੂਸਰੀ ਤਰਫ ਜਦੋਂ ਅੰਗਰੇਜ਼ਾਂ ਨੂੰ ਸਿੱਖਾਂ ਦੇ ਲੁਧਿਆਣੇ ਵੱਲ ਵਧਣ ਦਾ ਪਤਾ ਲੱਗਾ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਨਾਲ ਉਨ੍ਹਾਂ ਨੂੰ ਦਿੱਲੀ ਤੋਂ ਆਉਣ ਵਾਲੀ ਸਪਲਾਈ ਰੁਕ ਜਾਵੇਗੀ ਜਿਹੜੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਅਤੇ ਉਹ ਘੇਰੇ ਵਿਚ ਆ ਸਕਦੇ ਸਨ ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ। ਜੇ ਉਹ ਸਤਲੁਜ ਦੇ ਕੰਢੇ ਘੇਰੇ ਵਿਚ ਆ ਜਾਂਦੇ ਤਾਂ ਕੁਝ ਵੀ ਹੋ ਸਕਦਾ ਸੀ। ਹੈਰੀ ਸਮਿਥ ਨੂੰ ਕਿਹਾ ਗਿਆ ਕਿ ਉਹ ਇਕਦਮ 10 ਹਜ਼ਾਰ ਸੈਨਿਕਾਂ ਨਾਲ 17 ਜਨਵਰੀ 1846 ਨੂੰ ਲੁਧਿਆਣੇ ਚਲਾ ਜਾਵੇ। ਉਸ ਨੇ ਉਧਰ ਜਾ ਕੇ ਅਸਾਨੀ ਨਾਲ ਧਰਮਕੋਟ ਅਤੇ ਜਗਰਾਉਂ ਉਤੇ ਬਗੈਰ ਕਿਸੇ ਮੁਕਾਬਲੇ ਦੇ ਕਬਜ਼ਾ ਕਰ ਲਿਆ।
ਉਸੇ ਸਮੇਂ ਸਿੱਖ ਫੌਜ ਵੀ ਹੈਰੀ ਸਮਿਥ ਦਾ ਮੁਕਾਬਲਾ ਕਰਨ ਲਈ ਉਥੇ ਪਹੁੰਚ ਗਈ। ਅੰਗਰੇਜ਼ ਫੌਜ ਸਿੱਖਾਂ ਨਾਲ ਸਿੱਧੀ ਲੜਾਈ ਤੋ ਡਰਦੀ ਸੀ। ਉਹ 21 ਜਨਵਰੀ ਜਗਰਾਉਂ ਤੋਂ ਚਲਿਆ ਅਤੇ ਉਸ ਨੇ ਕੋਸ਼ਿਸ਼ ਕੀਤੀ ਕਿ ਉਹ ਬੱਦੋਵਾਲ ਵਿਚ ਸਿੱਖਾਂ ਦੇ ਕੈਂਪ ਤੋਂ ਲਾਭੇ ਹੋ ਕੇ ਚਲਾ ਜਾਵੇ ਕਿਉਂ ਜੋ ਸਿੱਖ ਉਥੇ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋਏ ਸਨ। ਫਿਰ ਵੀ ਸਿੱਖ ਫੌਜਾਂ ਨੇ ਅੰਗਰੇਜ਼ਾਂ ‘ਤੇ ਹਮਲਾ ਕਰ ਦਿੱਤਾ। ਅੰਗਰੇਜ਼ ਸਿੱਖਾਂ ਦਾ ਮੁਕਾਬਲਾ ਨਾ ਕਰ ਸਕੇ ਅਤੇ ਉਹ ਲੁਧਿਆਣੇ ਵੱਲ ਪਿੱਛੇ ਹਟਣ ਲੱਗ ਪਏ। ਸਿੱਖਾਂ ਨੇ 69 ਅੰਗਰੇਜ਼ ਸੈਨਿਕ ਮਾਰ ਦਿੱਤੇ ਅਤੇ 64 ਜ਼ਖ਼ਮੀ ਕਰ ਦਿਤੇ; 77 ਸੈਨਿਕ ਗੁੰਮ ਦੱਸੇ ਗਏ, ਸ਼ਾਇਦ ਉਹ ਲੜਾਈ ਵਿਚੋਂ ਭੱਜ ਗਏ ਹੋਣਗੇ। ਸਿੱਖਾਂ ਨੇ ਕਈ ਅੰਗਰੇਜ਼ ਸੈਨਿਕ ਬੰਦੀ ਬਣਾ ਲਏ ਜਿਨ੍ਹਾਂ ਵਿਚ ਅੰਗਰੇਜ਼ ਫੌਜ ਦਾ ਡਾਕਟਰ ਬੋਰੋਨ ਵੀ ਸ਼ਾਮਿਲ ਸੀ। ਬਾਅਦ ਵਿਚ ਸਿੱਖਾਂ ਨੇ ਉਸ ਨੂੰ ਲਾਹੌਰ ਭੇਜ ਦਿੱਤਾ।
ਉਸ ਸਮੇਂ ਅੰਗਰੇਜ਼ ਕਮਾਂਡਰ ਬੜੇ ਪ੍ਰੇਸ਼ਾਨ ਸਨ ਅਤੇ ਉਹ ਸਿੱਧੇ ਰੂਪ ਵਿਚ ਸਿੱਖਾਂ ‘ਤੇ ਹਮਲਾ ਕਰਨ ਤੋਂ ਡਰਦੇ ਸਨ ਸਗੋਂ ਉਹ ਸਿੱਖ ਕਮਾਂਡਰਾਂ ਦੀ ਗੱਦਾਰੀ ‘ਤੇ ਨਿਰਭਰ ਕਰਦੇ ਸਨ। ਉਨ੍ਹਾਂ ਨੇ ਜੰਗ ਜਿੱਤਣ ਲਈ ਕਈ ਹੋਰ ਢੰਗ ਵੀ ਅਪਨਾਏ। ਗਵਰਨਰ ਜਨਰਲ ਨੇ ਸਿੱਖ ਸੈਨਿਕਾਂ ਵਿਚ ਇਹ ਸੁਨੇਹਾ ਭੇਜਿਆ ਕਿ ਜਿਹੜਾ ਸਿੱਖ ਫੌਜੀ ਭਗੌੜਾ ਬਣੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਉਸ ਨੂੰ ਪੈਨਸ਼ਨ ਵੀ ਮਿਲੇਗੀ। ਇਕ ਹੋਰ ਅੰਗਰੇਜ਼ ਅਫਸਰ ਪੋਟਰ ਜਿਹੜਾ ਤੋਪਖਾਨੇ ਦਾ ਇੰਚਾਰਜ ਸੀ, ਨੂੰ ਵਫਾਦਾਰ ਨਾ ਹੋਣ ਦੇ ਦੋਸ਼ ਵਿਚ 1826-27 ਵਿਚ ਨੌਕਰੀ ਤੋਂ ਕੱਢਿਆ ਹੋਇਆ ਸੀ, ਉਦੋਂ ਉਹ ਲੁਧਿਆਣੇ ਵਿਚ ਸੀ। ਜਦੋਂ ਉਸ ਨੇ ਲੜਾਈ ਵਿਚ ਅੰਗਰੇਜ਼ਾਂ ਦੀ ਕਮਜ਼ੋਰ ਸਥਿਤੀ ਦੇਖੀ ਤਾਂ ਉਹ ਅੰਗਰੇਜ਼ ਕਮਾਂਡਰ ਕੋਲ ਆਇਆ ਅਤੇ ਉਸ ਨੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਪਰ ਉਸ ਨੂੰ ਸਲਾਹ ਦਿੱਤੀ ਗਈ ਕਿ ਸਿੱਖਾਂ ਦੀ ਫੌਜ ਵਿਚ ਮਿਲ ਕੇ ਸਿੱਖ ਫੌਜ ਦੀ ਜਸੂਸੀ ਕਰੋ।
ਜਦੋਂ ਦੁਬਾਰਾ ਲੜਾਈ ਸ਼ੁਰੂ ਹੋਈ ਤਾਂ ਸਿੱਖਾਂ ਦੀ ਇਕ ਯੂਨਿਟ ਨੇ ਅਲੀਵਾਲ ਦੀ ਜਗ੍ਹਾ ‘ਤੇ ਸਤਲੁਜ ਦਰਿਆ ਪਾਰ ਕਰ ਲਿਆ ਜਿਸ ਨਾਲ ਗਫ ਨੂੰ ਮਿਲਣ ਵਾਲੀ ਹਥਿਆਰਾਂ ਅਤੇ ਹੋਰ ਸਮਾਨ ਅਤੇ ਫੌਜ ਦੀ ਹੋਰ ਪੂਰਤੀ ਲਈ ਖਤਰਾ ਬਣ ਗਿਆ। ਸਰ ਹੈਰੀ ਸਮਿਥ ਦੀ ਅਗਵਾਈ ਵਿਚ ਇਕ ਡਿਵੀਜ਼ਨ ਫੌਜ ਨੂੰ ਉਸ ਸਮੱਸਿਆ ਦੇ ਹੱਲ ਲਈ ਅਲੀਵਾਲ ਭੇਜਿਆ ਗਿਆ। ਸਿੱਖ ਫੌਜਾਂ ਨੇ ਸਮਿਥ ਦੀ ਫੌਜ ‘ਤੇ ਲਗਾਤਾਰ ਹਮਲੇ ਕੀਤੇ ਅਤੇ ਉਸ ਦਾ ਸਾਰਾ ਸਮਾਨ ਕਾਬੂ ਕਰ ਲਿਆ ਪਰ ਸਮਿਥ ਨੂੰ ਹੋਰ ਫੌਜੀ ਅਤੇ ਹਥਿਆਰਾਂ ਦੀ ਪੂਰਤੀ ਮਿਲ ਗਈ ਅਤੇ 28 ਜਨਵਰੀ 1846 ਨੂੰ ਉਸ ਨੂੰ ਅਲੀਵਾਲ ਦੀ ਲੜਾਈ ਵਿਚ ਜਿਤ ਪ੍ਰਾਪਤ ਹੋਈ ਤੇ ਸਿੱਖਾਂ ਨੂੰ ਪਿੱਛੇ ਧੱਕ ਦਿੱਤਾ ਗਿਆ।
ਕੁਝ ਸਮੇਂ ਬਾਅਦ ਸਿੱਖ ਫੌਜੀ ਥੋੜ੍ਹੀ ਜਿਹੀ ਗਿਣਤੀ ਵਿਚ ਅਲੀਵਾਲ ਦੇ ਸਥਾਨ ‘ਤੇ ਇਕੱਠੇ ਹੋਏ। ਹੈਨਰੀ ਸਮਿਥ ਜਿਹੜਾ ਬੱਦੋਵਾਲ ਦੀ ਲੜਾਈ ਹਾਰ ਗਿਆ ਸੀ, ਜਨਰਲ ਗਫ ਨਾਲ ਮਿਲਣ ਲਈ ਰਿਜ਼ਰਵ ਫੌਜ ਲੈ ਕੇ ਆ ਰਿਹਾ ਸੀ। 28 ਜਨਵਰੀ ਨੂੰ ਜਦੋਂ ਉਸ ਨੂੰ ਕੁਝ ਸਿੱਖਾਂ ਦੇ ਅਲੀਵਾਲ ਦੀ ਜਗ੍ਹਾ ‘ਤੇ ਇਕੱਠੇ ਹੋਏ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਇਕਦਮ ਉਨ੍ਹਾਂ ‘ਤੇ ਹਮਲਾ ਕਰ ਦਿਤਾ। ਇਕ ਤੋਪਚੀ ਜਿਹੜਾ ਸਿੱਖ ਫੌਜ ਨੂੰ ਸਿਰਫ ਧੋਖਾ ਦੇਣ ਲਈ ਨਾਲ ਮਿਲਿਆ ਸੀ, ਨੇ ਤੋਪ ਦੇ ਗੋਲੇ ਅੰਗਰੇਜ਼ਾਂ ਤੋਂ ਉਪਰ ਵੱਲ ਦਾਗਣ ਦੇ ਹੁਕਮ ਦਿਤੇ। ਬਾਅਦ ਵਿਚ ਉਹ ਜਾਣ ਕੇ ਹੀ ਅੰਗਰੇਜ਼ਾਂ ਕੋਲ ਕੈਦ ਹੋ ਗਿਆ ਅਤੇ ਉਸ ਨੂੰ ਅੰਗਰੇਜ਼ੀ ਕੈਂਪ ਵਿਚ ਲਿਆਂਦਾ ਗਿਆ। ਹੈਨਰੀ ਸਮਿਥ ਜਿਸ ਦੀ ਬੱਦੋਵਾਲ ਵਿਚ ਹਾਰ ਹੋਈ ਸੀ, ਇਸ ਹਾਰ ਦਾ ਦਾਗ ਧੋਣਾ ਚਾਹੁੰਦਾ ਸੀ ਅਤੇ ਸਿੱਖਾਂ ਦੇ ਇਸ ਗਰੁੱਪ ‘ਤੇ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਸੀ। ਅੰਗਰੇਜ਼ ਕਮਾਂਡਰਾਂ ਨੇ ਜੰਗ ਜਿੱਤਣ ਲਈ ਕਈ ਹੋਰ ਢੰਗ ਵੀ ਅਪਨਾਏ। ਉਹ ਇਸ ਗੱਲ ਲਈ ਵੀ ਕਾਮਯਾਬ ਹੋ ਗਏ ਕਿ ਉਨ੍ਹਾਂ ਨੇ ਆਪਣੇ ਕਈ ਆਦਮੀ ਸਿੱਖ ਫੌਜ ਵਿਚ ਦਾਖਲ ਕਰ ਦਿਤੇ ਤਾਂ ਕਿ ਬਾਅਦ ਵਿਚ ਉਹ ਧੋਖਾ ਅਤੇ ਗੱਦਾਰੀ ਕਰ ਜਾਣ। ਲੇਅਰ ਡਾਈ ਅਤੇ ਬੋਇਲੇ ਸਿੱਖ ਫੌਜ ਵਿਚ ਫਰਜ਼ੀ ਨਾਵਾਂ ਨਾਲ ਭਰਤੀ ਹੋਏ।
ਲਾਹੌਰ ਵਿਚ ਜੰਗ ਦੀ ਸਥਿਤੀ ਬਾਰੇ ਵਿਚਾਰ ਕੀਤੀ ਗਈ। ਰਾਜਾ ਗੁਲਾਬ ਸਿੰਘ 3000 ਸੈਨਿਕਾਂ ਨਾਲ ਲਾਹੌਰ ਆ ਗਿਆ। ਕਿਸੇ ਸਮੇਂ ਉਸ ਨੂੰ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਉਸ ਨੇ ਨਾਂਹ ਕਰ ਦਿੱਤੀ ਸੀ। ਉਸ ਦੇ ਅੰਗਰੇਜ਼ਾਂ ਨਾਲ ਗੁਪਤ ਸਬੰਧ ਸਨ। ਹੁਣ ਉਹ ਮੰਤਰੀ ਬਣਨ ਲਈ ਤਿਆਰ ਹੋ ਗਿਆ ਅਤੇ ਆਪਣੀ ਫੌਜ ਨਾਲ ਲਾਹੌਰ ਦਰਬਾਰ ਦੀ ਮਦਦ ਕਰਨ ਵਾਸਤੇ ਵੀ ਤਿਆਰ ਹੋ ਗਿਆ। ਅਸਲ ਵਿਚ ਉਸ ਦੇ ਕੁਝ ਆਪਣੇ ਉਦੇਸ਼ ਸਨ ਤਾਂ ਕਿ ਉਹ ਪਹਾੜੀ ਰਾਜਾਂ ਦਾ ਖੁਦਮੁਖਤਾਰ ਮਹਾਰਾਜਾ ਬਣ ਜਾਵੇ। ਉਸ ਨੇ 1845 ਵਿਚ ਅੰਗਰੇਜ਼ਾਂ ਨੂੰ ਸੁਨੇਹਾ ਭੇਜਿਆ ਸੀ ਕਿ ਜੇ ਜੰਗ ਹੋਈ ਤਾਂ ਉਹ ਉਨ੍ਹਾਂ ਦੀ ਮਦਦ ਕਰੇਗਾ।
ਦੂਸਰੀ ਤਰਫ ਅੰਗਰੇਜ਼ ਫੌਜ ਦੀ ਹਾਲਤ ਤਰਸਯੋਗ ਸੀ। ਉਨ੍ਹਾਂ ਕੋਲ ਬਰੂਦ ਅਤੇ ਹਥਿਆਰਾਂ ਦਾ ਜਖੀਰਾ ਮੁੱਕ ਗਿਆ ਸੀ। ਜੇ ਉਸ ਵਕਤ ਉਨ੍ਹਾਂ ਨੂੰ ਦਿੱਲੀਓਂ ਆਉਣ ਵਾਲੀ ਪੂਰਤੀ ਰੋਕੀ ਜਾਂਦੀ ਤਾਂ ਉਨ੍ਹਾਂ ਦੀ ਹਾਲਤ ਹੋਰ ਵੀ ਗੰਭੀਰ ਹੋ ਜਾਣੀ ਸੀ। ਅੰਗਰੇਜ਼ਾਂ ਨੂੰ ਆਪਣੀ ਜਿੱਤ ‘ਤੇ ਸੰਦੇਹ ਸੀ। ਉਹ ਕੋਈ ਸਮਝੌਤਾ ਵੀ ਕਰਨਾ ਚਾਹੁੰਦੇ ਸਨ ਪਰ ਰਾਜਾ ਗੁਲਾਬ ਸਿੰਘ ਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕਰ ਲਿਆ ਸੀ। ਸਭਰਾਵਾਂ ਦੀ ਲੜਾਈ ਤਾਂ ਅੰਗੇਰਜ਼ਾਂ ਦੀ ਜਿੱਤ ਲਈ ਹੀ ਲੜੀ ਗਈ ਸੀ।
ਹੁਣ ਸਾਰੀਆਂ ਸਿੱਖ ਫੌਜਾਂ ਸਤਲੁਜ ਦਰਿਆ ਦੇ ਖੱਬੇ ਕੰਢੇ ‘ਤੇ ਫਤਿਹਗੜ੍ਹ ਸਭਰਾਵਾਂ ਦੀ ਜਗ੍ਹਾ ਇਕੱਠੀਆਂ ਹੋਈਆਂ। ਸਿੱਖਾਂ ਦੀ ਕੁੱਲ ਫੌਜ ਕੋਈ 20 ਹਜ਼ਾਰ ਸੀ। ਪਹਿਲੀਆਂ ਚਾਰ ਲੜਾਈਆਂ ਵਿਚ ਸਿੱਖਾਂ ਦਾ ਭਾਵੇਂ ਵੱਡਾ ਨੁਕਸਾਨ ਹੋ ਗਿਆ ਸੀ, ਫਿਰ ਵੀ ਜੇ ਸਿੱਖ ਜਰਨੈਲ ਗਦਾਰੀ ਨਾ ਕਰਦੇ ਤਾਂ ਸਿੱਟੇ ਸਿੱਖਾਂ ਦੇ ਹੱਕ ਦੇ ਹੋ ਸਕਦੇ ਸਨ। ਇਹ ਦੁਖਦਾਈ ਗੱਲ ਹੈ ਕਿ ਸਿੱਖ ਜਰਨੈਲ ਆਪਣੀ ਹੀ ਫੌਜ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ। ਪਹਿਲਾਂ ਹੀ ਸਿੱਖਾਂ ਦਾ ਕਾਫੀ ਬਰੂਦ ਅਤੇ ਹਥਿਆਰ ਖਤਮ ਹੋ ਗਏ ਸਨ। ਹੁਣ ਉਨ੍ਹਾਂ ਕੋਲ ਸਿਰਫ 67 ਤੋਪਾਂ ਅਤੇ ਸਿਰਫ 200 ਜੰਮਬੂਰਕੇ ਸਨ। ਪਹਿਲੀਆਂ ਚਾਰ ਲੜਾਈਆਂ ਵਿਚ ਸਿੱਖਾਂ ਦੀ ਹਾਰ ਦੇ ਕਾਰਨਾਂ ਬਾਰੇ ਵਿਚਾਰ ਕਰਦਿਆਂ ਸ਼ਾਮ ਸਿੰਘ ਅਟਾਰੀਵਾਲਾ ਜਿਹੜਾ ਬਜ਼ੁਰਗ ਜਰਨੈਲ ਅਤੇ ਸਿੱਖ ਦਰਬਾਰ ਦਾ ਵਫਾਦਾਰ ਸੀ, ਆਪਣੀ ਜ਼ਾਤੀ ਫੌਜ ਲੈ ਕੇ ਮੈਦਾਨ ਵਿਚ ਆ ਗਿਆ। ਲੜਾਈ ਸ਼ੁਰੂ ਹੋਣ ਤੋਂ ਪਹਿਲਾ ਲਾਲ ਸਿੰਘ ਦਾ ਸੁਨੇਹਾ ਲੈ ਕੇ ਇਕ ਵਿਅਕਤੀ ਅੰਗਰੇਜ਼ ਅਫਸਰ ਨਿਕਲਸਨ ਨੂੰ ਮਿਲਿਆ ਅਤੇ ਉਸ ਨੂੰ ਮਦਦ ਕਰਨ ਵਾਲਾ ਗੁਪਤ ਖਤ ਦਿੱਤਾ।
ਹੁਣ 7 ਫਰਵਰੀ 1846 ਨੂੰ ਅੰਗਰੇਜ਼ਾਂ ਨੂੰ ਹੋਰ ਫੌਜੀ ਅਤੇ ਹਥਿਆਰ ਮਿਲ ਗਏ ਸਨ। ਹੈਰੀ ਸਮਿਥ, ਗਿਲਬਰਟ ਅਤੇ ਰਾਬਰਟ ਡਿਕ ਦੀਆਂ ਫੌਜਾਂ ਵੀ ਅੰਗਰੇਜ਼ ਫੌਜਾਂ ਵਿਚ ਆ ਮਿਲੀਆਂ ਸਨ। 8 ਫਰਵਰੀ 1846 ਨੂੰ ਉਹ ਸਾਰੀਆਂ ਫੌਜਾਂ ਜਨਰਲ ਗਫ ਦੀ ਕਮਾਂਡ ਅਧੀਨ ਇਕੱਠੀਆਂ ਹੋ ਗਈਆਂ। 9 ਫਰਵਰੀ ਦਾ ਸਾਰਾ ਦਿਨ ਅੰਗਰੇਜ਼ ਫੌਜਾਂ ਆਪਣੀ ਤਿਆਰੀ ਵਿਚ ਰੁੱਝੀਆਂ ਰਹੀਆਂ। ਉਨ੍ਹਾਂ ਕੋਲ 15 ਹਜ਼ਾਰ ਪੈਦਲ ਸੈਨਿਕ, 10 ਹਜ਼ਾਰ ਘੋੜਸਵਾਰ ਅਤੇ 120 ਤੋਪਾਂ ਸਨ।
ਇਉਂ ਗਫ ਦੀ ਫੌਜ ਨੂੰ ਵੀ ਹੋਰ ਫੌਜੀ ਤੇ ਹਥਿਆਰ ਮਿਲ ਗਏ ਅਤੇ ਉਸ ਨਾਲ ਸਮਿਥ ਦੀ ਫੌਜ ਵੀ ਮਿਲ ਗਈ। ਉਸ ਸਾਰੀ ਅੰਗਰੇਜ਼ ਫੌਜ ਨੇ 10 ਫਰਵਰੀ ਨੂੰ ਸਭਰਾਵਾਂ ਦੀ ਜਗ੍ਹਾ ‘ਤੇ ਵੱਡਾ ਹਮਲਾ ਕਰ ਦਿੱਤਾ। ਤੇਜ ਸਿੰਘ ਲੜਾਈ ਵਿਚੋਂ ਪਹਿਲਾਂ ਹੀ ਪਿੱਛੇ ਹਟ ਗਿਆ, ਭਾਵੇਂ ਸਿੱਖ ਫੌਜ ਬੜੀ ਬਹਾਦਰੀ ਨਾਲ ਫਿਰੋਜ਼ਸ਼ਾਹ ਵਾਂਗ ਇੱਥੇ ਲੜਦੀ ਰਹੀ ਪਰ ਅਖੀਰ ਵਿਚ ਗਫ ਦੀ ਫੌਜ ਉਨ੍ਹਾਂ ‘ਤੇ ਹਾਵੀ ਹੋ ਗਈ। ਦਰਿਆ ਦੇ ਪੁਲ ਤੇਜ ਸਿੰਘ ਦੇ ਹੁਕਮਾਂ ਨਾਲ ਤਬਾਹ ਕਰ ਦਿੱਤੇ ਗਏ। ਸਿੱਖ ਫੌਜ ਘੇਰੇ ਵਿਚ ਆ ਗਈ ਪਰ ਉਨ੍ਹਾਂ ਵਿਚੋਂ ਕਿਸੇ ਵੀ ਫੌਜੀ ਨੇ ਆਤਮ-ਸਮਰਪਣ ਨਾ ਕੀਤਾ ਅਤੇ ਅੰਗਰੇਜ਼ੀ ਫੌਜ ਨੇ ਕੋਈ ਤਰਸ ਜਾਂ ਹਮਦਰਦੀ ਵੀ ਨਾ ਦਿਖਾਈ। ਇਸ ਹਾਰ ਨਾਲ ਸਿੱਖ ਫੌਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
10 ਫਰਵਰੀ ਵਾਲਾ ਦਿਨ ਚੜ੍ਹਦਿਆਂ ਹੀ ਦੋਵੇਂ ਫੌਜਾਂ ਆਪੋ-ਆਪਣੀਆਂ ਤੋਪਾਂ ਨਾਲ ਗੋਲਾਬਾਰੀ ਕਰਨ ਲੱਗ ਪਈਆਂ। ਇਹ ਗੋਲਾਬਾਰੀ ਤਿੰਨ ਘੰਟੇ ਹੁੰਦੀ ਰਹੀ। ਦੋਵੇਂ ਫੌਜਾਂ ਆਪੋ-ਆਪਣੀ ਜਗ੍ਹਾ ‘ਤੇ ਮਜ਼ਬੂਤ ਸਥਿਤੀ ਵਿਚ ਸਨ। ਅੰਗਰੇਜ਼ ਕਮਾਂਡਰ ਰਾਬਰਟ ਡਿਕ ਆਪਣੇ ਸੈਨਿਕਾਂ ਨਾਲ ਅੱਗੇ ਵਧ ਰਿਹਾ ਸੀ ਪਰ ਉਹ ਜ਼ਖ਼ਮੀ ਹੋ ਗਿਆ ਅਤੇ ਪਿੱਛੇ ਹਟ ਗਿਆ। ਸਿੱਖ ਫੌਜਾਂ ਮਿਸਾਲੀ ਬਹਾਦਰੀ ਨਾਲ ਲੜ ਰਹੀਆਂ ਸਨ ਅਤੇ ਦ੍ਰਿੜ ਸਨ ਪਰ ਬਗੈਰ ਕਿਸੇ ਕਾਰਨ ਲਾਲ ਸਿੰਘ ਮੈਦਾਨ ਵਿਚੋਂ ਭੱਜ ਗਿਆ। ਉਸ ਦੇ ਮਗਰ ਹੀ ਤੇਜ ਸਿੰਘ ਜਿਸ ਦੇ ਨਾਲ 6000 ਕੁ ਹਜ਼ਾਰ ਫੌਜੀ ਸਨ, ਵੀ ਭੱਜ ਗਿਆ।
ਤੇਜ ਸਿੰਘ ਨੇ ਆਪਣੀ ਗੱਦਾਰੀ ਨੂੰ ਇਥੋਂ ਤਕ ਹੀ ਸੀਮਤ ਨਾ ਰੱਖਿਆ। ਉਹ ਬੇੜੀਆਂ ਦੇ ਬਣਾਏ ਹੋਏ ਪੁਲਾਂ ਦਾ ਇੰਚਾਰਜ ਵੀ ਸੀ। ਉਸ ਨੇ ਉਹ ਪੁਲ ਤੋੜ ਦਿੱਤਾ। ਉਸ ਨੇ ਬਰੂਦ ਦੀਆਂ ਭਰੀਆਂ ਹੋਈਆਂ ਬੇੜੀਆਂ ਨੂੰ ਦਰਿਆ ਵਿਚ ਸੁੱਟ ਦਿੱਤਾ ਪਰ ਸਿੱਖ ਸੈਨਿਕਾਂ ਨੇ ਆਪਣੀ ਲੜਾਈ ਜਾਰੀ ਰੱਖੀ। ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਅਸਲ੍ਹਾ ਖਤਮ ਹੋ ਰਿਹਾ ਹੈ ਤਾਂ ਉਨ੍ਹਾਂ ਹੋਰ ਬਰੂਦ ਦੀ ਮੰਗ ਕੀਤੀ। ਜਦੋਂ ਬਰੂਦ ਦੇ ਡੱਬੇ ਖੋਲ੍ਹੇ ਗਏ ਤਾਂ ਉਨ੍ਹਾਂ ਵਿਚ ਸਰ੍ਹੋਂ ਅਤੇ ਰੇਤ ਨਿਕਲੀ। ਤੋਪਾਂ ਨਾਲ ਗੋਲਾਬਾਰੀ ਤਾਂ ਲਗਾਤਾਰ ਹੋ ਰਹੀ ਸੀ ਪਰ ਤੋਪਚੀ ਮੁਸਲਿਮ ਸਨ। ਉਹ ਇਸ ਤਰ੍ਹਾਂ ਗੋਲਾਬਾਰੀ ਕਰ ਰਹੇ ਸਨ ਕਿ ਗੋਲੇ ਅੰਗਰੇਜ਼ਾਂ ਤੋਂ ਅੱਗੇ ਜਾ ਕੇ ਡਿੱਗ ਰਹੇ ਸਨ। ਇਉਂ ਇਸ ਗੋਲਾਬਾਰੀ ਦਾ ਅੰਗਰੇਜ਼ਾਂ ਨੂੰ ਕੋਈ ਨੁਕਸਾਨ ਨਹੀਂ ਸੀ ਹੋ ਰਿਹਾ।
ਇਸ ਨੂੰ ਕਿਸੇ ਵੀ ਸੂਰਤ ਵਿਚ ਜੰਗ ਨਹੀਂ ਕਿਹਾ ਜਾ ਸਕਦਾ। ਇਸ ਵਿਚ ਕਮਾਂਡਰ ਵਫਾਦਾਰ ਹੀ ਨਹੀਂ ਸਨ। ਉਨ੍ਹਾਂ ਦੇ ਦਿਲਾਂ ਅੰਦਰ ਤਾਂ ਸਗੋਂ ਬੇਈਮਾਨੀ ਸੀ ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿਚ ਸਿੱਖ ਫੌਜੀ ਮਾਰੇ ਗਏ। ਜਦੋਂ ਅੰਗਰੇਜ਼ ਫੌਜ ਸਿੱਖਾਂ ਦੇ ਮੋਰਚਿਆਂ ਵਿਚ ਦਾਖਲ ਹੋਈ ਤਾਂ ਉਨ੍ਹਾਂ ਦੇਖਿਆ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜਿਸ ਨੇ ਸਫੈਦ ਕੱਪੜੇ ਪਾਏ ਹੋਏ ਸਨ, ਸਫੈਦ ਘੋੜੇ ‘ਤੇ ਜੰਗ ਦੇ ਮੈਦਾਨ ਵਿਚ ਦਾਖਲ ਹੋਇਆ ਹੈ। ਉਸ ਨੇ ਸਥਿਤੀ ਤਾੜ ਲਈ; ਉਹ ਕੁਰਬਾਨੀ ਦੀ ਭਾਵਨਾ ਨਾਲ ਆਪਣੇ ਸੈਨਿਕਾਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ। ਦੂਸਰੀ ਤਰਫ ਸਿੱਖ ਸੈਨਿਕਾਂ ਨੂੰ ਵੀ ਆਪਣੇ ਬਜ਼ੁਰਗ ਜਰਨੈਲ ਨੂੰ ਵੇਖ ਕੇ ਵੱਡਾ ਹੌਸਲਾ ਮਿਲਿਆ ਪਰ ਜਦੋਂ ਸਿੱਖਾਂ ਕੋਲ ਅਸਲ੍ਹਾ ਹੀ ਨਹੀ ਸੀ ਤਾਂ ਅੰਗਰੇਜ਼ ਜਿਨ੍ਹਾਂ ਕੋਲ ਬਹੁਤ ਵੱਡੀ ਮਾਤਰਾ ਵਿਚ ਅਸਲ੍ਹਾ ਤੇ ਹਥਿਆਰ ਸਨ, ਉਨ੍ਹਾਂ ਦਾ ਮੁਕਾਬਲਾ ਕਰਨਾ ਕਿੰਨਾ ਮੁਸ਼ਕਿਲ ਸੀ। ਆਪਣੀ ਹਾਰ ਸਾਹਮਣੇ ਦੇਖਦਿਆਂ ਵੀ ਨਾ ਕਿਸੇ ਸਿੱਖ ਨੇ ਆਤਮ-ਸਮਰਪਣ ਕੀਤਾ, ਨਾ ਹੀ ਕਿਸੇ ਨੇ ਆਪਣੀ ਜਾਨ ਦੀ ਭੀਖ ਮੰਗੀ, ਉਹ ਅਖੀਰ ਤੱਕ ਲੜੇ।
ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੇ ਹੱਥ ਵਿਚ ਤਲਵਾਰ ਲੈ ਕੇ ਵੱਡੀ ਤਾਕਤ ਨਾਲ ਅੰਗਰੇਜ਼ਾਂ ਦੀ ਫੌਜ ਤੋਂ ਹਮਲਾ ਕੀਤਾ ਪਰ ਸਿੱਖ ਫੌਜ ਨੂੰ ਵੱਡੀ ਗੋਲਾਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੂੰ 7 ਗੋਲੀਆਂ ਲੱਗੀਆਂ ਅਤੇ ਉਹ ਸ਼ਹੀਦ ਹੋ ਗਿਆ। ਉਸ ਵੇਲੇ ਸਿੱਖ ਫੌਜਾਂ ਵਿਚ ਨਿਰਾਸ਼ਾ ਛਾ ਗਈ ਅਤੇ ਪਿੱਛੇ ਹਟਣ ਲੱਗ ਪਈ। ਸਿੱਖ ਕਮਾਂਡਰ ਸਰਦਾਰ ਮੇਵਾ ਸਿੰਘ ਅਤੇ ਸਰਦਾਰ ਜੈਮਲ ਸਿੰਘ ਵੀ ਸ਼ਹੀਦ ਹੋ ਗਏ। ਬਹੁਤ ਸਾਰੇ ਸਿੱਖ ਅਤੇ ਅੰਗਰੇਜ਼ ਫੌਜੀਆਂ ਦੀਆਂ ਲਾਸ਼ਾਂ ਦਰਿਆ ਸਤਲੁਜ ਵਿਚ ਵਹਿ ਰਹੀਆਂ ਸਨ। ਅੰਗਰੇਜ਼ ਭਾਵੇਂ ਜੰਗ ਤਾਂ ਜਿੱਤ ਗਏ ਸਨ ਪਰ ਉਹ ਜਾਣਦੇ ਸਨ ਕਿ ਉਹ ਬਲ ਨਾਲ ਨਹੀਂ ਬਲਕਿ ਸਿੱਖ ਕਮਾਂਡਰਾਂ ਦੀ ਗੱਦਾਰੀ ਕਰ ਕੇ ਜਿੱਤੇ ਹਨ; ਇਸ ਵਿਚ ਉਨ੍ਹਾਂ ਦੀ ਫੌਜ ਦੀ ਕੋਈ ਬਹਾਦਰੀ ਨਹੀਂ ਸੀ। ਜੇ ਸਿੱਖ ਜਰਨੈਲ ਦੇਸ਼ ਭਗਤ ਅਤੇ ਵਫਾਦਾਰ ਹੁੰਦੇ ਤਾਂ ਇਸ ਅੰਗਰੇਜ਼ ਅਤੇ ਸਿੱਖਾਂ ਵਿਚਕਾਰ ਹੋਈ ਇਸ ਜੰਗ ਦੇ ਸਿੱਟੇ ਵੀ ਕੁੱਝ ਹੋਰ ਹੁੰਦੇ ਅਤੇ ਭਾਰਤ ਦਾ ਇਤਿਹਾਸ ਵੀ ਕੁੱਝ ਹੋਰ ਹੁੰਦਾ। 10 ਫਰਵਰੀ ਤੱਕ ਅੰਗਰੇਜ਼ਾਂ ਨੂੰ ਪੂਰੀ ਜਿਤ ਮਿਲ ਗਈ। ਉਨ੍ਹਾਂ ਨੇ ਸਿੱਖਾਂ ਦੀਆਂ 60 ਤੋਪਾਂ ਅਤੇ 200 ਬੰਦੂਕਾਂ ਵੀ ਕਬਜ਼ੇ ਵਿਚ ਲੈ ਲਈਆਂ।
ਇਸ ਜੰਗ ਵਿਚ 13 ਅੰਗਰੇਜ਼ ਅਫਸਰ ਮਾਰੇ ਗਏ ਤੇ 101 ਅਫਸਰ ਜ਼ਖਮੀ ਹੋਏ ਜਦੋਂ ਕਿ ਕੁੱਲ 320 ਸੈਨਿਕ ਮਰੇ ਅਤੇ 2063 ਜ਼ਖ਼ਮੀ ਹੋਏ ਪਰ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਇਹ ਦੱਸਿਆ ਗਿਆ ਕਿ ਕੁੱਲ 5000 ਤੋਂ 8000 ਤੱਕ ਸਿੱਖ ਸੈਨਿਕ ਮਾਰੇ ਗਏ। ਇਨ੍ਹਾਂ ਸਾਰੀਆਂ ਲੜਾਈਆਂ ਵਿਚ ਕੋਈ 15000 ਸੈਨਿਕ ਮਾਰੇ ਗਏ ਸਨ। ਜੇ ਇਸ ਜੰਗ ਦੀ ਪੜਚੋਲ ਕਰੀਏ ਤਾਂ ਸਪਸ਼ਟ ਸਾਹਮਣੇ ਆਉਂਦਾ ਹੈ ਕਿ ਸਿੱਖਾਂ ਦੀ ਹਾਰ ਦਾ ਕਾਰਨ ਸਿੱਖ ਕਮਾਂਡਰਾਂ ਦਾ ਵਫਾਦਾਰ ਨਾ ਹੋਣਾ ਅਤੇ ਧੋਖਾ ਤੇ ਗੱਦਾਰੀ ਸੀ। ਅੰਗਰੇਜ਼ ਉਸ ਸਮੇਂ ਦੁਨੀਆ ਦੀ ਬਹੁਤ ਵੱਡੀ ਤਾਕਤ ਸੀ। ਉਨ੍ਹਾਂ ਕੋਲ ਵੱਡੀ ਗਿਣਤੀ ਵਿਚ ਉਸ ਵਕਤ ਦੇ ਨਵੀਨ ਹਥਿਆਰ ਸਨ। ਸਿੱਖ ਫੌਜਾਂ ਵਿਚ ਯੂਰਪੀ ਅਫ਼ਸਰ ਸਨ ਜਿਨ੍ਹਾਂ ਕੋਲ ਸਿੱਖ ਫੌਜ ਦੇ ਸਾਰੇ ਭੇਤ ਸਨ। ਅੰਗਰੇਜ਼ਾਂ ਨੇ ਉਸ ਜਾਣਕਾਰੀ ਦਾ ਲਾਭ ਲਿਆ ਅਤੇ ਉਸ ਜਾਣਕਾਰੀ ਨੂੰ ਅੰਗਰੇਜ਼ਾਂ ਕੋਲ ਭੇਜ ਦਿੱਤਾ ਗਿਆ ਸੀ। ਕੁਝ ਮੁਸਲਿਮ ਅਫਸਰ ਵੀ ਇਸ ਲੜਾਈ ਵਿਚ ਵਫਾਦਾਰੀ ਨਾਲ ਨਹੀਂ ਲੜੇ; ਖਾਸ ਕਰ ਕੇ ਸਭਰਾਵਾਂ ਦੀ ਲੜਾਈ ਵਿਚ। ਮੁਸਲਿਮ ਤੋਪਚੀ ਤੋਪਾਂ ਦੇ ਗੋਲ ਅੰਗਰੇਜ਼ ਫੌਜ ਤੋਂ ਅੱਗੇ ਸੁੱਟਦਾ ਰਿਹਾ ਜਿਸ ਨਾਲ ਅੰਗਰੇਜ਼ਾਂ ਦਾ ਕੋਈ ਨੁਕਸਾਨ ਨਾ ਹੋਇਆ।