ਮੁੜਦਾ ਫੇਰਾ

ਅੱਜ ਕੁਝ ਜ਼ਰੂਰੀ ਈਮੇਲਾਂ ਲਿਖਣ ਕਰਕੇ ਮੈਂ ਕਲਾਸ ਦੇ ਕਮਰੇ ਵਿਚ ਆਉਣ ਦੀ ਬਜਾਏ ਦਫ਼ਤਰ ਵਿਚ ਹੀ ਬੈਠ ਗਈ ਹਾਂ। ਆਲੀਆ ਦਰਵਾਜ਼ੇ ’ਤੇ ਦਸਤਕ ਦਿੰਦੇ ਹੋਏ, ਸਿੱਧੀ ਮੇਰੇ ਡੈਸਕ ਤੱਕ ਆ ਗਈ ਹੈ।
‘ਸਲਾਮਾ ਲੇਕਮ ਆਲੀਆ ਜਾਨ! ਅੱਜ ਬੜੀ ਖ਼ੁਸ਼ ਲੱਗ ਰੲ੍ਹੀ ਆਂ। ਏਦਾਂ ਲੱਗਦਾ, ਜਿੱਦਾਂ ਹੁਣੇ ਚੰਬਾ ਖਿੜਿਆ ਹੋਵੇ।’

“ਬਾ ਲੇਕਮ ਸਲਾਮ! ਮਿਸ ਕੀਰਤੀ, ਠੀਕ ਪਛਾਣਿਆ। ਸੱਚੀਂ ਅੱਜ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨ੍ਹੀਂ। ਮੰਮ ਏਧਰ ਮੂਵ ਹੋ ਰੲ੍ਹੀ ਆ। ਉਹਨੇ ਫੋਨ ’ਤੇ ਦੱਸਿਆ।”
ਮੈਂ ਆਲੀਆ ਦੀ ਖ਼ੁਸ਼ੀ ਵਿਚ ਸ਼ਰੀਕ ਹੋਣ ਲਈ ਆਪਣੀਆਂ ਦੋਵੇਂ ਬਾਹਵਾਂ ਖੋਲ੍ਹੀਆਂ ਨੇ। ਮੇਰੇ ਗਲ ਲੱਗਦੇ ਹੀ ਉਸ ਦੀਆਂ ਅੱਖਾਂ `ਚੋਂ ਪਾਣੀ ਸਿੰਮ ਪਿਐ।
“ਇਹ ਤਾਂ ਮੁਬਾਰਕ ਵਾਲੀ ਗੱਲ ਹੋਈ! ਅੱਖਾਂ ਕਿਉਂ ਭਰੀਆਂ? ਤੈਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾੲ੍ਹੀਦਾ। ਹੁਣੇ ਤਾਂ ਖਿੜੀ ਪਈ ਸੀ?”
“ਧੰਨਵਾਦ ਮਿਸ ਕੀਰਤੀ! ਇਹ ਖ਼ੁਸ਼ੀ ਦੇ ਅੱਥਰੂ ਨੇ। ਮੰਮ ਨਾਲ ਬਹੁਤ ਦੇਰ ਬਾਅਦ ਗੱਲ ਕੀਤੀ ਨਾ। ਏਸੇ ਕਰਕੇ ਖ਼ੁਸ਼ੀ ਸਾਂਭ ਨ੍ਹੀਂ ਹੋ ਰੲ੍ਹੀ।”
“…ਤਾਂ ਫੇਰ ਇਹ ਖ਼ੁਸ਼ੀ ਦਾ ਦਰਿਆ ਵਗ ਰਿਹੈ!”
“ਹਾਂ! ਸੱਚੀਂ, ਮੈਂ ਤਾਂ ਫੋਨ ਸੁਣਦੇ ਸਾਰ ਈ ਕਮਲ਼ੀ ਜੲ੍ਹੀ ਹੋ ਗਈ। ਪੈਰੀਂ ਜੁੱਤੀ ਪਾਉਣੀ ਵੀ ਭੁੱਲ ਗਈ। ਮੈਨੂੰ ਤਾਂ ਸਮਝ ਨਾ ਆਵੇ ਕਿ ਮੈਂ ਆਪਣੀ ਇਹ ਖ਼ੁਸ਼ੀ ਕਿਹਦੇ ’ਨਾ ਸਾਂਝੀ ਕਰਾਂ? ਤੁਅ੍ਹਾਡੇ ਤੋਂ ਵੱਧ ਮੈਨੂੰ ਕੌਣ ਜਾਣਦਾ? ਏਸੇ ਲਈ ਮੈਂ ਏਧਰ ਨੂੰ ਭੱਜੀ ਆਈ। ਪਲੀਜ਼ ਹੁਣ ਜ਼ੇਨਾ ’ਨਾ ਪੰਜਾਬੀ ਬੋਲਿਆ ਕਰੋ।”
“ਹਾਂ, ਪੰਜਾਬੀ ਬੋਲਣੀ ਬਹੁਤ ਜ਼ਰੂਰੀ ਆ ਪਰ ਹੁਣ ਤਾਂ ਕਈ ਵਾਰੀ ਮੈਂ ਖੁਦ ਵੀ ਅੰਗ਼ਰੇਜ਼ੀ, ਪੰਜਾਬੀ ਤੇ ਹਿੰਦੀ ਦੀ ਤਿਨਚੌਲੀ ਬਣਾ ਦਿੰਨੀ ਆਂ। ਪੂਰੀ ਕੋਸ਼ਿਸ਼ ਕਰਾਂਗੀ। ਤੂੰ ਇਹ ਦੱਸ ਪਈ ਕਈ ਸਾਲਾਂ ਬਾਅਦ ਮਾਂ ਨਾਲ ਗੱਲ ਕਰ ਕੇ ਕਿੱਦਾਂ ਲੱਗਿਆ?”
“ਏਦਾਂ ਲੱਗਿਆ, ਜਿੱਦਾਂ ਸਿੱਧੀ ਅੱਲਾ ’ਨਾ ਗੱਲ ਕੀਤੀ ਹੋਵੇ। ਮੰਮ ਬਹੁਤ ਰੋਂਦੀ ਸੀ। ਕਹਿੰਦੀ ਮੇਰੀਆਂ ਆਂਦਰਾਂ ਤੜਫਦੀਆਂ ਸੀ। ਉੱਪਰ ਜਾ ਕੇ ਤੇਰੇ ਡੈਡ ਨੂੰ ਕਿਹੜਾ ਮੂੰਹ ਦਿਖਾਊਂ? ਨਾਲੇ ਪੁੱਛਦੀ ਸੀ ਕਿ ਤੂੰ ਖ਼ੁਸ਼ ਵੀ ਆਂ? ਦੋਹਤੀਆਂ ਕਿੱਡੀਆਂ ਕੁ ਹੋ ਗਈਆਂ। ਦੇਖਣ ਨੂੰ ਮਨ ਕਰਦਾ। ਮੈਂ ਵੀ ਹਟਕੋਰਾ ਭਰ ਕੇ ਕਿਅ੍ਹਾ ਕਿ ਮੰਮ ਇਕ ਤੇਰੇ ਪਿਆਰ ਦੀ ਕਮੀ ਰੜਕਦੀ ਰਹਿੰਦੀ ਸੀ। ਓਦਾਂ ਤਾਂ ਮੈਂ ਖ਼ੁਸ਼ ਆਂ।”
“ਤੇਰੀ ਇਹ ਗੱਲ ਤਾਂ ਸੋਲ੍ਹਾਂ ਆਨੇ ਸੱਚ ਆ, ਆਲੀਆ ਜਾਨ।’’
“…ਪਰ ਮੇਰਾ ਦਿਲ ਉਦਾਸ ਹੋ ਗਿਆ। ਇਨ੍ਹਾਂ ਨੂੰ ਤਾਂ ਪੰਜਾਬੀ ਬੋਲਣੀ ਨ੍ਹੀਂ ਆਉਂਦੀ। ਮੰਮ ’ਨਾ ਗੱਲ ਕਿੱਦਾਂ ਕਰਨਗੀਆਂ?”
“ਚੱਲ ਕੋਈ ਨ੍ਹੀਂ। ਹੁਣ ਆਪੇ ਨਾਨੀ ਨੇ ਬਥੇਰੀ ਪੰਜਾਬੀ ਸਿਖਾ ਦੇਣੀ ਆਂ। ਮੈਂ ਅੱਜ ਤੋਂ ਈ ਜ਼ੇਨਾ ’ਨਾ ਪੰਜਾਬੀ ਬੋਲਣੀ ਸ਼ੁਰੂ ਕਰਦੀ ਆਂ। ਤੂੰ ਵੀ ਹਮੇਸ਼ਾਂ ਇਨ੍ਹਾਂ ’ਨਾ ਪੰਜਾਬੀ ’ਚ ਈ ਗੱਲ ਕਰਨੀ।”
“ਮਿਸ ਕੀਰਤੀ! ਜਦੋਂ ਮੰਮ ਦਾ ਫੋਨ ਆਇਆ ਤਾਂ ਕੁਛ ਦੇਰ ਲਈ ਤਾਂ ਮੈਂ ਡੌਰ-ਭੌਰ ਜੲ੍ਹੀ ਹੋ ਗਈ। ਕਈ ਸਾਲਾਂ ਬਾਅਦ…ਸੁਭਾਨ ਅੱਲ੍ਹਾ! ਮੈਨੂੰ ਅਜੇ ਤੱਕ ਵੀ ਯਕੀਨ ਨ੍ਹੀਂ ਆ ਰਿਅ੍ਹਾ। ਮੰਮ ਨੇ ਦੱਸਿਆ ਕਿ ਉਹ ਜ਼ਮੀਨ ਵੇਚਣ ਇੰਡੀਆ ਜਾ ਰੲ੍ਹੀ। ਅਗਲੇ ਮਹੀਨੇ ਆ ਕੇ ਮੈਨੂੰ ਆਪਣੇ ਘਰ ਬੁਲਾਊਗੀ। ਉਹ ਮੈਨੂੰ ਮੇਰੇ ਡੈਡ ਦੀ ਜ਼ਮੀਨ ਵੇਚ ਕੇ ਪੈਸੇ ਦੇਣਾ ਚਾਹੁੰਦੀ। ਕਹਿੰਦੀ ਸੀ ਮੈਂ ਵੀ ਰੱਬ ਨੂੰ ਜਾਨ ਦੇਣੀਂ ਆਂ।”
“ਇਹ ਤਾਂ ਬੌਤ੍ਹ ਚੰਗੀ ਗੱਲ ਆ। ਇਸੇ ਕਰਕੇ ਈ ਕਹਿੰਦੇ ਆ ਨਾ ‘ਮਾਵਾਂ ਠੰਢੀਆਂ ਛਾਵਾਂ’…। ਅਗਲੇ ਮਹੀਨੇ ਮਦਰਜ਼ ਡੇਅ ਵੀ ਆ।”
“ਚੰਗਾ ਕੀਤਾ, ਯਾਦ ਕਰਵਾ ’ਤਾ। ਮੈਂ ਐਤਕੀਂ ਆਪਣੀ ਮੰਮ ਦਾ ਬੈਸਟ ਮਦਰਜ਼ ਡੇਅ ਬਣਾਊਂਗੀ।”
“ਮੈਂ ਤੇਰੇ ਲਈ ਬਹੁਤ ਖ਼ੁਸ਼ ਆਂ। ਅੱਛਾ ਆਲੀਆ ਜਾਨ! ਮੈਂ ਜ਼ਰਾ ਕੰਮ ਕਰ ਲਾਂ! ਜਦੋਂ ਤੂੰ ਜ਼ੇਨਾ ਨੂੰ ਲੈਣ ਆਈ ਰੱਜ ਕੇ ਗੱਲਾਂ ਕਰਾਂਗੇ।”
ਆਲੀਆ ਚਲੀ ਗਈ ਏ। ਮੇਰੇ ਚੇੇਤੇ ’ਚ ਨੌਂ ਸਾਲ ਪਹਿਲਾਂ ਵਾਲੀ ਆਲੀਆ ਘੁੰਮ ਰਹੀ ਆ। ਗੋਰਾ ਚਿੱਟਾ ਰੰਗ, ਕੱਕੇ ਵਾਲ, ਠੋਡੀ `ਤੇ ਕਾਲ਼ਾ ਤਿਲ, ਮੋਟੀਆਂ ਅੱਖਾਂ, ਅਫ਼ਗਾਨੀ ਪਹਿਰਾਵਾ, ਇਕ ਬੱਚੀ ਸਟਰੌਲਰ ਵਿਚ ਤੇ ਇਕ ਨੂੰ ਉਂਗਲੀ ਲਾਈ ਦਾਖ਼ਲ ਕਰਵਾਉਣ ਆਈ ਜਦੋਂ ਉਹ ਮੇਰੇ ਕੋਲ ਬੈਠੀ ਸੀ ਤਾਂ ਮੈਨੂੰ ਆਪਣੀ ਜਿਹੀ ਲੱਗੀ। ਮੈਂ ਉਸ ਵੱਲ ਬੜੇ ਧਿਆਨ ਨਾਲ ਤੱਕਿਆ…। ਸੱਚਮੁਚ ਜਿਵੇਂ ਚਿਰਾਂ ਤੋਂ ਜਾਣਦੀ ਹੋਵੇ। ਕੋਈ ਰੂਹਦਾਰ…!
ਮੈਂ ਦਾਖ਼ਲਾ ਫ਼ਾਰਮ ਭਰ ਰਹੀ ਸੀ। ਬੱਚੀ ਰੋਣ ਲੱਗ ਪਈ। ਉਹ ‘ਲੈਕਟੇਸ਼ਨ ਰੂਮ’ ਵਿਚ ਬੱਚੀ ਨੂੰ ਦੁੱਧ ਚੰੁਘਾਉਣ ਚਲੀ ਗਈ। ਥੋੜ੍ਹੀ ਦੇਰ ਬਾਅਦ ਵਾਪਸ ਆਈ ਤਾਂ ਮੈਂ ਪੁੱਛਿਆ, “ਆਪਦਾ ਨਾਮ?”
“ਆਲੀਆ।” ਉਸਨੇ ਬੱਚੀ ਨੂੰ ਕੰਬਲ ਵਿਚ ਲਪੇਟਦੇ ਜਵਾਬ ਦਿੱਤਾ।
ਐਮਰਜੈਂਸੀ ਕਾਰਡ ’ਤੇ ਉਸਨੇ ਆਪਣਾ ਨਾਮ ਆਲੀਆ ਲਿਖ ਕੇ ਬਰੈਕਟ ਵਿਚ ‘ਸੁਖਜੀਤ ਕੌਰ’ ਲਿਖਿਆ ਹੋਇਆ ਸੀ। ਮੈਂ ਬੱਚੀ ਦੇ ਬਰਥ ਸਰਟੀਫਿਕੇਟ ਵੱਲ ਨਿਗਾਹ ਮਾਰੀ। ਸਰਟੀਫਿਕੇਟ ’ਤੇ ਮਾਂ ਦਾ ਨਾਮ ‘ਸੁਖਜੀਤ ਕੌਰ’ ਪੜ੍ਹਦੇ ਹੀ, ਉਸ ਵੱਲ ਗਹੁ ਨਾਲ ਤੱਕਦੇ ਪੁੱਛਿਆ, “ਕੀ ਤੁਸੀਂ ਪੰਜਾਬੀ ਓ?”
ਉਸਨੇ ਹਿਚਕਚਾਉਂਦੇ ਜਵਾਬ ਦਿੱਤਾ, “ਹਾਂ!”
ਮੈਂ ਚੁੱਪ-ਚਾਪ ਫ਼ਾਰਮ `ਤੇ ਸੁਖਜੀਤ ਕੌਰ ਲਿਖ ਦਿੱਤਾ।
“ਮੇਰਾ ਨਾਂ ਤਾਂ ਸੁਖਜੀਤ ਕੌਰ ਆ ਪਰ ਮੈਂ ਚਾਹੁੰਨੀ ਆਂ ਸਾਰੇ ਮੈਨੂੰ ਆਲੀਆ ਆਖ ਕੇ ਬੁਲਾਉਣ?”
“ਠੀਕ ਆ। ਮੈਂ ਇਥੇ ਨੋਟ ਲਿਖ ਦਿੱਤਾ ਕਿ ਸਭ ਤੁਹਾਨੂੰ ਆਲੀਆ ਦੇ ਨਾਮ ਨਾਲ ਹੀ ਬੁਲਾਉਣ ਪਰ ਫ਼ਾਰਮ ’ਤੇ ਸੁਖਜੀਤ ਕੌਰ ਈ ਚੱਲੂਗਾ। ਮੈਂ ਬਦਲ ਨ੍ਹੀਂ ਸਕਦੀ…।”
ਉਸਦੇ ਜਾਣ ਤੋਂ ਬਾਅਦ ਮੈਂ ਕਿੰਨੀ ਦੇਰ ਹੀ ਉਸਦੇ ਬਾਰੇ ਸੋਚਦੀ ਰਹੀ। ਉਸਦੀ ਬੇਟੀ ਸੁਭਾਨੀਆ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਆਲੀਆ ਹੀ ਸੁਭਾਨੀਆ ਨੂੰ ਸਕੂਲ ਛੱਡ ਕੇ ਜਾਂਦੀ ਤੇ ਲੈਣ ਵੀ ਆਉਂਦੀ …।
ਇਕ ਦਿਨ ਮੁਹੰਮਦ ਨੂੰ ਨਾਲ ਲੈ ਕੇ ਆ ਗਈ ਸੀ। ਗੋਰਾ ਰੰਗ, ਕਾਲੀ ਕਮੀਜ਼, ਤਿੱਖੇ ਨਕਸ਼, ਅੱਖਾਂ ’ਤੇ ਕਾਲ਼ਾ ਚਸ਼ਮਾ ਤੇ ਆਲੀਆ ਨਾਲੋਂ ਚੱਪਾ ਕੁ ਉੱਚਾ ਬਾਂਕਾ ਸ਼ੈਲ ਜਵਾਨ…।
“ਮਿਲ ਕੇ ਬਹੁਤ ਖ਼ੁਸ਼ੀ ਹੋਈ! ਤੁਹਾਡੀ ਜੋੜੀ ਬਹੁਤ ਸੁਹਣੀ ਆਂ! ਸੁਬ੍ਹਾਨ ਅੱਲ੍ਹਾ!”
“ਜੀ ਸ਼ੁਕਰੀਆ।” ਉਹ ਮੰਦ-ਮੰਦ ਮੁਸਕਰਾਇਆ।
ਮੈਂ ਮੁੜ ਆਪਣਾ ਧਿਆਨ ਈਮੇਲ ਵੱਲ ਕੇਂਦਰਿਤ ਕਰਦੀ ਹਾਂ। ਆਲੀਆ ਦਾ ਚਿਹਰਾ ਰਹਿ-ਰਹਿ ਕੇ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹੈ।
ਉਸ ਦੀਆਂ ਤਿੰਨ ਬੱਚੀਆਂ ਸੁਭਾਨੀਆ, ਹਫ਼ਜ਼ਾ ਤੇ ਜ਼ੇਨਾ ਨੂੰ ਪੜ੍ਹਾਉਣਾ ਮੇਰੇ ਹਿੱਸੇ ਆਇਆ। ਇਕ ਵਾਰੀ ਸਕੂਲ ਵਿਚ ਆਪਣੀ ਬੱਚੀ ਲਈ ਵਾਲੰਟੀਅਰ ਕਰਨ ਆਈ ਸੀ (ਇੱਥੇ ਅਮਰੀਕਾ ਵਿਚ ਸਟੇਟ ਦਾ ਨਿਯਮ ਹੋਣ ਕਾਰਨ ਘੱਟ ਆਮਦਨ ਵਾਲੇ ਮਾਪੇ ਮਹੀਨੇ ਵਿਚ ਛੇ ਘੰਟੇ ਵਾਲੰਟੀਅਰ ਕੰਮ ਕਰ ਕੇ ਅਧਿਆਪਕਾਂ ਦੀ ਕਲਾਸ ਵਿਚ ਮਦਦ ਕਰਦੇ ਹਨ)। ਇਕ ਕੰਧ ’ਤੇ ਮੇਰੇ ਵਲੋਂ ਲਾਇਆ ਪੈਂਤੀ ਅੱਖਰੀ ਦਾ ਪੋਸਟਰ ਦੇਖ ਕੇ ਬੋਲੀ, “ਮਿਸ ਕੀਰਤੀ? ਆਹ ਕੀ? ੳ ਅ …ਇਹ ਕਿਉਂ?” “ਆਲੀਆ ਜਾਨ! ਮੇਰੇ ਕੋਲ ਬਹੁਤ ਸਾਰੇ ਬੱਚੇ ਪੰਜਾਬੀ ਨੇ। ਉਨ੍ਹਾਂ ਨੂੰ ਮਾਂ ਬੋਲੀ ਸਿਖਾਉਣ ਦਾ ਇਕ ਛੋਟਾ ਜਿਅ੍ਹਾ ਉਪਰਾਲਾ।”
“ਮੈਂ ਮੀ ਪੰਜਾਬੀ ਪੜ੍ਹਦੀ ਸੀ।”
“ਸੱਚੀਂ, ਪੰਜਾਬ ’ਚ ਕੇੜ੍ਹਾ ਜਿ਼ਲ੍ਹਾ ਤੁਅ੍ਹਾਡਾ?”
“ਅੰਮ੍ਰਿਤਸਰ!”
“ਵਾਹ! ਸਿਫ਼ਤੀ ਦਾ ਘਰ!” ਮੇਰਾ ਸਿਰ ਸ਼ਰਧਾ ਨਾਲ ਝੁਕ ਗਿਆ ਸੀ।
“ਮੈਂ ਪੰਜਾਬੀ ਓਥੇ ਈ ਸਿੱਖੀ। ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਈ ਡੈਡੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮਾਸੀ ਨੇ ਮੇਰੀ ਮੰਮੀ ਦੀ ਪਟੀਸ਼ਨ ਕੀਤੀ। ਇਸ ਲਈ ਮੈਂ ਛੋਟੀ ਹੁੰਦੀ ਆਪਣੀ ਮੰਮੀ ਨਾਲ ਅਮਰੀਕਾ ਆ ਗਈ। ਏਥੇ ਮੈਨੂੰ ਚੌਥੀ ਕਲਾਸ ’ਚ ਦਾਖ਼ਲਾ ਮਿਲ ਗਿਆ। ਮੰਮੀ ਕਿਸੇ ਡਾਕਟਰ ਦੇ ਘਰ ਬੇਬੀ ਸਿਟਰ ਲੱਗ ਗਈ। ਮਾਸੀ ਨੇ ਮੇਰੀ ਮੰਮੀ ਦਾ ਵਿਆਹ ਆਪਣੀ ਜਾਣ-ਪਛਾਣ ’ਚ ਇਕ ਪੰਜਾਬੀ ’ਨਾ ਕਰਵਾ ਦਿੱਤਾ। ਮੇਰਾ ਇਕ ਮਤ੍ਰੇਆ ਭਰਾ ਵੀ ਆ। ਮੈਂ ਗਰੈਜੂਏਸ਼ਨ ਤੋਂ ਬਾਅਦ ਕਾਲਜ ਵਿਚ ਦਾਖ਼ਲਾ ਲੈ ਲਿਆ। ਫੇਰ ਟੈਸਟ ਦੇ ਕੇ ‘ਗਾਰਡ ਕਾਰਡ’ ਲੈ ਲਿਆ।’ ਵੀਕੈਂਡ `ਤੇ ਸਕਿਉਰਟੀ ਗਾਰਡ ਦਾ ਕੰਮ ਲੱਭ ਲਿਆ…।”
ਉਸ ਦਿਨ ਮੇਰੇ ਕੋਲੋਂ ਆਲੀਆ ਨਾਲ ਬਹੁਤੀ ਗੱਲਬਾਤ ਨਾ ਹੋ ਸਕੀ।
ਆਲੀਆ ਮੈਨੂੰ ਬਹੁਤ ਚੰਗੀ-ਚੰਗੀ ਲੱਗਣ ਲੱਗ ਪਈ। ਹਰ ਵਕਤ ਉਸ ਨਾਲ ਸੰਵਾਦ ਰਚਾਉਣ ਨੂੰ ਦਿਲ ਕਰਦਾ। ਮਨ ਵਿਚ ਉਸ ਬਾਰੇ ਹੋਰ ਜਾਣਨ ਲਈ ਜਗਿਆਸਾ ਪੈਦਾ ਹੁੰਦੀ। ਅਜਿਹਾ ਹਰ ਸਾਲ ਹੀ ਹੁੰਦਾ ਏ ਕਿ ਕੁਝ ਮਾਪਿਆਂ ਨਾਲ ਦਿਲ ਦੀ ਸਾਂਝ ਪੈ ਜਾਂਦੀ ਹੈ। ਉਹ ਵੀ ਆਪਣਾ ਹਰ ਦੁੱਖ-ਸੁੱਖ ਸਾਂਝਾ ਕਰ ਕੇ ਸੁਖਦ ਅਨੁਭਵ ਕਰਦੇ ਨੇ…। ਇਕ ਦਿਨ ਪੇਰੈਂਟ-ਟੀਚਰ ਕਾਨਫ਼ਰੰਸ ਦੌਰਾਨ, ਮੈਂ ਆਲੀਆ ਨੂੰ ਦੱਸਿਆ ਕਿ ਉਸਦੀ ਬੇਟੀ ਸੁਭਾਨੀਆ ਫ਼ਾਰਸੀ ਵਿਚ ਮੁਹਾਰਤ ਰੱਖਦੀ ਏ ਤੇ ਅੰਗ਼ਰੇਜ਼ੀ ਸਮਝਣ-ਬੋਲਣ ਵਿਚ ਵੀ ਕੋਈ ਦਿੱਕਤ ਨਹੀਂ ਆਉਂਦੀ ਤਾਂ ਉਹ ਉੱਛਲ ਕੇ ਬੋਲੀ ਸੀ, “ਅਸੀਂ ਘਰ ’ਚ ਫ਼ਾਰਸੀ ਜੋ ਬੋਲਦੇ ਆਂ।”
“ਤੁਸੀਂ ਸੁਭਾਨੀਆ ਨੂੰ ਪੰਜਾਬੀ ਵੀ ਸਿਖਾ ਦਿਓ! ਰਿਸਰਚ ਮੁਤਾਬਿਕ ਪੰਜ ਸਾਲ ਦਾ ਬੱਚਾ, ਪੰਜ ਭਾਸ਼ਾਵਾਂ ਸਿੱਖ ਸਕਦਾ।”
“ਮਿਸ ਕੀਰਤੀ! ਮੁਹੰਮਦ ਜਾਨ ਤਾਂ ਚਾਹੁੰਦੇ ਆ ਪਰ ਮੈਂ ਨ੍ਹੀਂ।”
“ਆਲੀਆ ਜਾਨ! ਭਲਾ ਕਿਉਂ?”
“ਮੈਂ ਦੱਸ ਤਾਂ ਦਿੰਨੀ ਆਂ ਪਰ ਤੁਸੀਂ ਯਕੀਨ ਨ੍ਹੀਂ ਕਰਨਾ। ਆਪਣੇ ’ਨਾ ਹੋਏ ਹਾਦਸੇ ਕਰਕੇ ਮੈਨੂੰ ਆਪਣੀ ਸੱਭਿਅਤਾ ਤੇ ਬੋਲੀ, ਸਭ ਕੁਛ ਈ ਬਦਲਣਾ ਪਿਆ। ਸਭ ਨੇ ਮੇਰਾ ਬਾਈਕਾਟ ਕੀਤਾ ਹੋਇਆ। ਪੰਜਾਬੀ ਸਿੱਖ ਕੇ ਬੋਲਣੀ ਕਿਹਦੇ ’ਨਾ?… ਪਰ ਮੈਨੂੰ ਕੋਈ ਪਛਤਾਵਾ ਨ੍ਹੀਂ। ਸੱਚ ਤਾਂ ਇਹ ਬਈ ਹੁਣ ਪੰਜਾਬੀ ਤੇ ਪੰਜਾਬੀਆਂ ਦਾ ਨਾਂ ਲੈਂਦੇ ਵੀ ਮੇਰੇ ਮੂੰਹ ’ਚ ਕੁਨੈਣ ਘੁਲ ਜਾਂਦੀ ਆ…।”
“ਆਲੀਆ ਜਾਨ, ਮੈਂ ਵੀ ਇਕ ਔਰਤ ਆਂ। ਤੇਰਾ ਦਰਦ ਚੰਗੀ ਤਰ੍ਹਾਂ ਮਹਿਸੂਸ ਕਰ ਸਕਾਂਗੀ। ਏਡੀ ਵੀ ਕੀ ਗੱਲ ਹੋ ਗਈ ਕਿ ਤੈਨੂੰ ਆਪਣੀ ਬੋਲੀ ਤੇ ਲੋਕ ਕੁਨੈਣ ਅਰਗੇ ਕੌੜੇ ਲੱਗਣ ਲੱਗ ਪਏ?”
“ਯਾਦ ਆ, ਮੈਂ ਤੁਆ੍ਹਨੂੰ ਦੱਸਿਆ ਸੀ ਕਿ ਮੈਂ ਸਕਿਉਰਟੀ ਦਾ ਕੰਮ ਕਰਦੀ ਸੀ। ਮੁਹੰਮਦ ਵੀ ਓਥੇ ਈ ਸਕਿਉਰਟੀ ਦੀ ਜੌਬ ਕਰਦਾ ਸੀ। ਇਕ ਦਿਨ ਮੀਂਹ ਬੌਤ੍ਹ ਪੈਂਦਾ ਸੀ। ਉਹਨੇ ਮੈਨੂੰ ਰਾਈਡ ਦਿੱਤੀ। ਰਾਹ ’ਚ ਮੇਰੇ ਪਰਿਵਾਰ ਬਾਰੇ ਪੁੱਛਿਆ। ਆਪਣੇ ਪਰਿਵਾਰ ਬਾਰੇ ਦੱਸਿਆ। ਬੜਾ ਨੇਕ ਇਨਸਾਨ ਲੱਗਾ। ਸੁਹਣਾ ਤਾਂ ਪਹਿਲਾਂ ਈ ਖੂਬ ਸੀ। ਮਾਸ਼ਾ ਅੱਲ੍ਹਾ! ਉਹਦਾ ਸੁਭਾਅ ਹੋਰ ਵੀ ਕਮਾਲ ਲੱਗਾ। ਮੈਨੂੰ ਕੰਮ ‘ਮੱਕੇ’ ਜਾਣ ਬਰਾਬਰ ਲੱਗਣ ਲੱਗ ਪਿਆ। ਅਸੀਂ ਇਕੋ ਸਟੇਸ਼ਨ `ਤੇ ਕੰਮ ਕਰਦੇ। ਜਦ ਕਦੇ ਵੀ ਉਹਦੇ ਵੱਲ ਤੱਕਦੀ, ਉਹ ਮੇਰੇ ਵੱਲ ਈ ਦੇਖ ਰਿਅ੍ਹਾ ਹੁੰਦਾ। ਸਾਡੀਆਂ ਅੱਖਾਂ ਚਾਰ ਹੋ ਜਾਂਦੀਆਂ, ਚਿਹਰੇ ਲਾਲ। ਮੈਂ ਬੱਸ ’ਤੇ ਆਉਂਦੀ-ਜਾਂਦੀ ਸੀ। ਉਹ ਮੈਨੂੰ ਹਰ ਰੋਜ਼ ਰਾਈਡ ਦੇਣ ਲੱਗਾ। ਕੰਮ ਤੋਂ ਘਰ ਤੱਕ ਜਾਣਾ ਜਾਣੀਂ, ‘ਹੱਜ’ ਕਰ ਕੇ ਮੁੜਨਾ। ਸਾਨੂੰ ਪਤਾ ਈ ਨ੍ਹੀਂ ਲੱਗਿਆ ਕਿ ਅਸੀਂ ਕਦੋਂ ਡੇਟ `ਤੇ ਜਾਣ ਲੱਗ ਪਏ? ਗੱਲ ਕੀ? ਦਿਨਾਂ ’ਚ ਈ ਇਕ ਦੂਜੇ ਵਿਚ ਘੁਲ ਮਿਲ ਗਏ? ਉਹ ਆਪਣੀ ਅੰਮੀ ਤੇ ਭਾਈ ਨਾਲ ਰਹਿੰਦਾ ਸੀ। ਉਹਦੇ ਅੱਬੂ ਜਾਨ ਖੁਦਾ ਨੂੰ ਪਿਆਰੇ ਹੋ ਗਏ ਸੀ।”
“ਅਫ਼ਸੋਸ ਹੋਇਆ ਜਾਣ ਕੇ…!”
“ਸ਼ੁਕਰੀਆ! ਫੇਰ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਮੁਹੰਮਦ ਨੇ ਆਪਣੇ ਪਰਿਵਾਰ ਨੂੰ ਮੇਰੇ ਬਾਰੇ ਦੱਸ ’ਤਾ। ਉਨ੍ਹਾਂ ਨੂੰ ਕੋਈ ਇਤਰਾਜ਼ ਨਾ ਹੋਇਆ। ਇਕ ਦਿਨ ਮੈਂ ਵੀ ਚਾਹ-ਪੀਂਦੇ ਮੰਮ ਨੂੰ ਦੱਸ ਬੈਠੀ ਕਿ ਮੇਰੇ ’ਨਾ ਇਕ ਮੁੰਡਾ ਕੰਮ ਕਰਦਾ। ਮੈਂ ਉਹਨੂੰ ਪਿਆਰ ਕਰਦੀ ਆਂ। ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਮੰਮ ਨੇ ਘਬਰਾ ਕੇ ਮੇਰੇ ’ਤੇ ਸਵਾਲਾਂ ਦੀ ਵਾਛੜ ਕਰ ’ਤੀ- ਕੌਣ ਆਂ? ਕਿੱਥੇ ਦਾ? ਕੀ ਪੜ੍ਹਿਆ? ਮਾਂ-ਬਾਪ ਕੀ ਕਰਦੇ? ਮੈਂ ਘਬਰਾ ਕੇ ਲੜਖੜਾਉਂਦੀ ਜ਼ੁਬਾਨ ’ਨਾ ਦੱਸ ਦਿੱਤਾ ਕਿ ਉਹ ਬੌਤ੍ਹ ਸੁਹਣਾ, ਸਮਝਦਾਰ ਤੇ ਅਫ਼ਗਾਨਿਸਤਾਨ ਤੋਂ ਆਂ।”
“ਤਾਂ ਫੇਰ…?”
“ਫੇਰ ਕੀ? ਮੰਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾਣੀਂ, ਉਹਦੇ ਸਿਰ `ਤੇ ਕੋਈ ਪਹਾੜ ਡਿੱਗ ਪਿਆ। ਉਹ ਏਦਾਂ ਐਕਟ ਕਰਨ ਲੱਗੀ ਜਿੱਦਾਂ ਮੈਂ ਕੋਈ ਭਾਰਾ ਗੁਨਾਹ ਕੀਤਾ ਹੋਵੇ। ਕੲ੍ਹੀ ਜਾਏ ਕਿ ਮੇਰੀ ਇੱਜ਼ਤ ਦਾ ਭੋਰਾ ਭਰ ਵੀ ਧਿਆਨ ’ਨਾ ਆਇਆ? ਸਾਰੇ ਥੂਹ-ਥੂਹ ਕਰਨਗੇ। ਧੀਏ! ਤੇਰੇ ਅੱਗੇ ਹੱਥ ਜੋੜਦੀ ਆਂ। ਤੇਰੀ ਮਾਸੀ ਨੂੰ ਕੇੜ੍ਹਾ ਮੂੰਹ ਦਿਖਾਉਂਗੀ? ਮੈਂ ਜ਼ੁਬਾਨ ਦਿੱਤੀ ਆ ਤੇਰੇ ਰਿਸ਼ਤੇ ਬਾਰੇ। ਉਹਨੇ ਸਾਨੂੰ ਅਮਰੀਕਾ ਦਿਖਾਲੀ ਆ। ਨੲ੍ਹੀਂ ਇੰਡੀਆ ਰੁਲਦੀਆਂ ਫਿਰਦੀਆਂ। ਧੱਕੇ-ਠੇਡੇ ਖਾ ਕੇ ਮਰ-ਖਪ ਜਾਂਦੀਆਂ।”
“ਤੂੰ ਕੀ ਕਿਅ੍ਹਾ?”
“ਮੈਂ ਕਿਅ੍ਹਾ ਕਿ ਠੀਕ ਆ ਮਾਸੀ ਨੇ ਸਾਨੂੰ ਅਮਰੀਕਾ ਲਿਆਂਦਾ ਪਰ ਤੁਸੀਂ ਮਾਸੀ ਨੂੰ ਸਮਝਾਓ। ਮੈਂ ਹੁਣ ਬਾਲਗ ਆਂ। ਮੈਨੂੰ ਪਤਾ ਪਈ ਮੈਂ ਕੁਝ ਵੀ ਗ਼ਲਤ ਨ੍ਹੀਂ ਕਰਦੀ ਪਈ। ਮੁਹਮੰਦ ਮੇਰੇ ਲਈ ਪਰਫੈਕਟ ਮੈਚ ਆ। ਇਕ ਵਾਰੀ ਮਿਲ ਕੇ ਤਾਂ ਦੇਖੋ। ਮੰਮ ਨੇ ਮੇਰੇ ਪੈਰਾਂ `ਤੇ ਆਪਣੀ ਚੁੰਨੀ ਧਰ ਦਿੱਤੀ। ਮੈਂ ਚੁੰਨੀ ਚੁੱਕਦੇ ਕਿਅ੍ਹਾ ਕਿ ਮੈਂ ਕਿਸੇ ਅਣਜਾਣ ਨਾਲ ਵਿਆਹ ਨ੍ਹੀਂ ਕਰਵਾ ਸਕਦੀ। ਤੁਹਾਡੇ ਵੇਲੇ ਹੋਰ ਸੀ। ਮੰਮ ਬੋਲਣੋਂ ਹਟ ਗਈ। ਚੁੱਪ-ਚੁੱਪ ਰਹਿਣ ਲੱਗੀ। ਉਹ ਪਰਿਵਾਰ, ਰਿਸ਼ਤੇਦਾਰਾਂ ਤੇ ਸਮਾਜ ਤੋਂ ਡਰਦੀ ਸੀ। ਕੁਝ ਦਿਨਾਂ ਬਾਅਦ ਮੈਨੂੰ ਮੇਰੇ ਸਟੈੱਪ ਡੈਡ ਦੀ ਤੱਕਣੀ ਵੀ ਬਦਲੀ ਹੋਈ ਲੱਗੀ। ਸ਼ਾਇਦ ਮੰਮ ਨੇ ਉਹਨੂੰ ਦੱਸ ਦਿੱਤਾ ਸੀ…।”
“ਆਲੀਆ ਜਾਨ, ਤੁਹਾਡੀ ਮੰਮ ਵੀ ਕਿਸੇ ਹੱਦ ਤੱਕ ਠੀਕ ਈ ਸੀ। ਸਾਡੇ ਪੰਜਾਬੀ ਕਹਿਣ ਨੂੰ ਤਾਂ ਦਰਿਆ ਦਿਲ ਹਨ ਪਰ ਇਸ ਮਾਮਲੇ ’ਚ ਕੋਹਾਂ ਪਿੱਛੇ, ਕੱਟੜ ਸੋਚ ਦੇ ਧਾਰਨੀ। ਅਸੀਂ ਹੋਰ ਤਾਂ ਹਰ ਕੰਮ ’ਚ ਅਮਰੀਕਾ ਦੀ ਰੀਸ ਕਰਨੀ ਚਾਹੁੰਨੇ ਆਂ ਪਰ ਆਪਣਾ ਪਿਛੋਕੜ ਨਾਲ ਲਈ ਫਿਰਦੇ ਆਂ। ਵਿਆਹ ਸ਼ਾਦੀ ਮੌਕੇ ਗੋਤ ਛੱਡਣਾ, ਜਾਤ ਮਿਲਾਉਣੀ ਤੇ ਧਰਮ ਪੁੱਛਣਾ ਨੲ੍ਹੀਂ ਭੁੱਲਦੇ। ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਕੇੜ੍ਹਾ ਸੌਖਾ? ਮੈਂ ਮੀ ਉਨ੍ਹਾਂ ’ਚੋਂ ਈ ਆਂ।”
“… ਪਰ ਇਹ ਠੀਕ ਨ੍ਹੀਂ? ਅਸੀਂ ਤਾਂ ਏਥੋਂ ਦੇ ਕਲਚਰ ’ਚੋਂ ਹੀ ਸਭ ਸਿੱਖਦੇ ਆਂ। ਮੈਂ ਤਾਂ ਏਥੇ ਪੜ੍ਹਾਈ ਕੀਤੀ। ਇਹੋ ਪੜ੍ਹਿਆ ਪਈ ਅਮਰੀਕਾ ਇਕ ‘ਮੈਲਟਿੰਗ ਪੌਟ’ ਆ। ਹਰ ਕਲਚਰ ਦਾ ਸਤਿਕਾਰ…।”
“ਆਲੀਆ ਜਾਨ! ਤੂੰ ਆਪਣੀ ਥਾਂ ਠੀਕ ਆਂ ਪਰ ਮੈਨੂੰ ਅੱਗੇ ਦੱਸ?
“ਅੱਗੇ ਸੁਣ ਲਓ! ਇਕ ਦਿਨ ਜਦੋਂ ਘਰ ਪਹੁੰਚੀ ਤਾਂ ਮੇਰਾ ਸਟੈੱਪ ਡੈਡ ਘਰੇ ’ਕੱਲਾ ਸੀ। ਮੈਂ ਚਾਹ ਬਣਾ ਕੇ ਫੜਾਉਣ ਗਈ। ਉਹਨੇ ਚਾਹ ਦਾ ਕੱਪ ਫੜਦੇ ਹੋਏ ਮੈਨੂੰ ਕੋਲ ਬਿਠਾ ਲਿਆ। ਕਹਿਣ ਲੱਗਾ ਕਿ ਉਹਨੂੰ ਸਭ ਪਤਾ ਆ। ਉਹ ਮਾਂ ਨੂੰ ਮਨਾਏਗਾ। ਮੇਰੀ ਜਾਨ ਵਿਚ ਜਾਨ ਪਈ। ਸੋਚਾਂ ਆਪਣੀ ਮਾਂ ਨਾਲੋਂ ਤਾਂ ਮਤਰੇਆ ਬਾਪ ਕਿਤੇ ਚੰਗਾ। ਉਹਨੇ ਮੇਰੇ ਸਿਰ ’ਤੇ ਹੱਥ ਰੱਖ ਦਿੱਤਾ। ਉਸ ਰਾਤ ਮੈਂ ਗੂੜ੍ਹੀ ਨੀਂਦੇ ਸੁੱਤੀ। ਯਕੀਨ ਹੋ ਗਿਆ ਪਈ ਹੁਣ ਸਾਡਾ ਵਿਆਹ ਖ਼ੁਸ਼ੀ-ਖ਼ੁਸ਼ੀ ਹੋ ਜਾਊਗਾ।”
“ਫੇਰ?
“ਮੈਂ ਮੁਹੰਮਦ ਨੂੰ ਦੱਸਿਆ। ਉਹ ਵੀ ਖ਼ੁਸ਼ ਹੋ ਗਿਆ…। ਇਕ ਦਿਨ ਅਚਾਨਕ ਮੇਰੇ ਸਿਰ ’ਤੇ ਧਰਮ ਦਾ ਝੱਖੜ ਝੁੱਲਿਆ। ਮਾਸੀ ਮੇਰੇ ਲਈ ਰਿਸ਼ਤਾ ਲੈ ਕੇ ਆ ਗਈ। ਅਗਲੇ ਮਹੀਨੇ ਇੰਡੀਆ ਦੀਆਂ ਟਿਕਟਾਂ ਬੁੱਕ ਕਰਨ ਦੀਆਂ ਗੱਲਾਂ ਕਰਨ ਲੱਗੀ। ਉਹਨੇ ਤਾਂ ਵਿਚੋ-ਵਿਚੀ ਪਹਿਲਾਂ ਈ ਜਾਣ ਦੀ ਤਿਆਰੀ ਕੀਤੀ ਹੋਈ ਸੀ। ਉਹ, ਮੇਰੀ ਮੰਮ ਤੇ ਭਰਾ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਚਲੀ ਗਈ। ਮੈਨੂੰ ਨਾਲ ਚੱਲਣ ਲਈ ਕਿਅ੍ਹਾ ਪਰ ਮੈਂ ਤਾਂ ਅੰਦਰੋਂ ਅੱਗ ਦੇ ਭਬਾਕੇ ਆਂਗੂੰ ਮੱਚੀ ਪਈ ਸੀ। ਤੋੜ ਕੇ ਜਵਾਬ ’ਦੇਤਾ ਕਿ ਮੈਂ ਕੰਮ `ਤੇ ਜਾਣਾਂ। ਅਸਲ ’ਚ ਮੈਨੂੰ ਸਮਝ ਨ੍ਹੀਂ ਸੀ ਆ ਰੲ੍ਹੀ ਕਿ ਕੀ ਕਰਾਂ? ਸੋਚਿਆ ਸਟੈੱਪ ਡੈਡ ਘਰ ਆਊਗਾ ਤਾਂ ਉਹਨੂੰ ਦੱਸਾਂਗੀ। ਆਪੇ ਕੋਈ ਹੱਲ ਕੱਢੂਗਾ। ਏਨ੍ਹਾਂ ਨਾਲ ਵਾਦ-ਵਿਵਾਦ ਕਰਨ ਦਾ ਕੀ ਫੈਦਾ?”
ਮੇਰੇ ਫੋਨ ਦੀ ਘੰਟੀ ਵੱਜ ਰਹੀ ਹੈ। ਆਲੀਆ ਚੁੱਪ ਕਰ ਗਈ ਆ। ਮੈਂ ਫੋਨ ਵੱਲ ਧਿਆਨ ਦਿੱਤੇ ਬਿਨਾਂ ਕਿਹੈ, “ਆਲੀਆ ਜਾਨ ਤੂੰ ਅੱਗੇ ਸੁਣਾ। ਜੇਕਰ ਫੋਨ ਦੀ ਘੰਟੀ ਦੁਬਾਰਾ ਵੱਜੀ ਤਾਂ ਮੈਂ ਚੁੱਕ ਲਊਂਗੀ।”
“ਹਾਂ! ਉਨ੍ਹਾਂ ਦੇ ਸਟੋਰ ਜਾਣ ਤੋਂ ਬਾਅਦ ਮੈਂ ਉਦਾਸੇ ਮਨ ’ਨਾ ਲਿਵਿੰਗ ਰੂਮ ’ਚ ਬਹਿ ਗਈ। ਡੈਡ ਕੰਮ ਤੋਂ ਆ ਗਿਆ। ਇਹਤੋਂ ਪਹਿਲਾਂ ਕਿ ਮੈਂ ਕੁਛ ਦੱਸਦੀ, ਉਹਨੇ ਪੁੱਛਿਆ ਕਿ ਤੇਰੀ ਮਾਂ ਕਿੱਧਰ ਆ? ਮੈਂ ਸਰਸਰੀ ਜਿਹਾ ਜਵਾਬ ਦਿੱਤਾ ਕਿ ਮਾਸੀ ਨਾਲ ਸਟੋਰ ਨੂੰ ਗਈ। ਉਸਨੇ ਆਪਣਾ ਲੰਚ ਬਾਕਸ ਕਾਊਂਟਰ `ਤੇ ਰੱਖ ਦਿੱਤਾ। ਫਰੈਸ਼ ਹੋ ਕੇ, ਲਿਵਿੰਗ ਰੂਮ ’ਚ ਦਾਰੂ ਦੀ ਬੋਤਲ ਖੋਲ੍ਹ ਕੇ ਬਹਿ ਗਿਆ। ਮੈਨੂੰ ਨਮਕੀਨ ਲਿਆਉਣ ਲਈ ਕਿਹਾ। ਮੈਂ ਮਾਸੀ ਦੀ ਰਿਸ਼ਤਾ ਲਿਆਉਣ ਵਾਲੀ ਗੱਲ ਦੱਸੀ ਤੇ ਕਿਅ੍ਹਾ ਡੈਡ! ਪਲੀਜ਼ ਤੁਸੀਂ ਮੰਮ ਤੇ ਮਾਸੀ ਨੂੰ ਸਮਝਾਓ। ਉਹ ਉੱਠ ਕੇ ਹੋਰ ਨੇੜੇ ਹੁੰਦੇ ਹੋਏ, ਮੇਰੀ ਪਿੱਠ `ਤੇ ਹੱਥ ਫੇਰਦੇ ਕਹਿਣ ਲੱਗਾ ਕਿ ਘਬਰਾ ਨਾ। ਸਮਝਾ ਦਊਂਗਾ। ਫਿਰ ਅੱਖਾਂ ਮੈਲ਼ੀਆਂ ਕਰ ਕੇ ਬੋਲਿਆ ਕਿ ਪਹਿਲਾਂ ਇਕ ਵਾਰੀ ਮੈਨੂੰ ਖ਼ੁਸ਼ ਕਰਦੇ। ਉਸਦਾ ਹੱਥ ਮੇਰੇ ਵੱਲ ਵਧਿਆ। ਮੈਂ ਉੱਠ ਕੇ ਖੜ੍ਹੀ ਹੋ ਗਈ ਤੇ ਕਿਹਾ ਡੈਡ! ਕੀ ਕਰਦੇ ਓ? ਮੈਨੂੰ ਹੱਥ ਨਾ ਲਾਉ! ਲੀਵ ਮੀ ਅਲੋਨ! ਉਹ ਭੜਕ ਪਿਆ ਸੀ ਕਿ ਲੀਵ ਮੀ ਅਲੋਨ ਦੀਏ ਲੱਗਦੀਏ, ਬਾਰ੍ਹ ਕੀ ਗੁਲ ਖਿਲਾਉਨੀ ਆਂ? ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨ੍ਹੀਂ ਛੱਡਿਆ। ਚੱਲ ਸਿੱਧੀ ਹੋ ਕੇ ਬੈੱਡ ’ਤੇ…। ਤੇਰੀ ਭੁੱਖ ਮੈਂ ਈ ਲ੍ਹਾ ਦਿੰਨਾ। ਉਹਨੇ ਮੈਨੂੰ ਬਾਂਹ ਤੋਂ ਧੂਹ ਕੇ ਸੋਫੇ ’ਤੇ ਸੁੱਟ ਦਿੱਤਾ…। ਮੇਰੇ ਸਟੈੱਪ ਡੈਡ ਨੇ ਮੈਨੂੰ ਮੋਲੈਸਟ ਕੀਤਾ।” ਆਲੀਆ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਮੈਂ ਉਸਨੂੰ ਟਿਸ਼ੂ ਬਾਕਸ ਫੜਾਉਂਦੇ ਪੁੱਛਿਆ, “ਓਹ ਮਾਈ ਗਾਡ! ਤੂੰ 911 ਕਾਲ ਨ੍ਹੀਂ ਕੀਤੀ?”
“ਨੲ੍ਹੀਂ ਮੈਂ ਉੱਚੀ ਚੀਕ ਮਾਰ ਕੇ ਕਿਹਾ ਕਿ ਰੁਕ ਜਾ ਨੲ੍ਹੀਂ ਤਾਂ ਮੈਂ 911 ਘੁਮਾ ਦਿਆਂਗੀ। ਉਹ ਡਰ ਕੇ ਪਿੱਛੇ ਹਟ ਗਿਆ ਤੇ ਆਪਣੇ ਰੂਮ ’ਚ ਚਲਾ ਗਿਆ। ਮੰਮ ਆਈ ਤਾਂ ਬਾਹਰ ਨਿਕਲ ਕੇ ਉੱਚੀ-ਉੱਚੀ ਬੋਲਣ ਲੱਗ ਪਿਆ ਕਿ ਇਹਦੀਆਂ ਚਾਰ ਭੁਆਂਟਣੀਆਂ ਦੇ ਕੇ ਤੋਰ ਜੇ ਨੲ੍ਹੀਂ ਤਾਂ ਤੂੰ ਵੀ ਚੱਲ। ਆਪਣੇ ਰਹਿਣ ਦਾ ਬੰਦੋਬਸਤ ਕਰ। ਕੱਲ੍ਹ ਨੂੰ ਮੇਰੇ ’ਤੇ ਵੀ ਕੋਈ ਊਜ ਲਾ ਦਊਗੀ। ਮੈਂ ਤਾਂ ਬਾਰ੍ਹ ਨਿਕਲਣ ਜੋਗਾ ਵੀ ਨੲ੍ਹੀਂ।”
“ਆਲੀਆ ਜਾਨ, ਭਲਾ ਕੰਮ ਕੀ ਕਰਦੇ ਤੇਰੇ ਸਟੈੱਪ ਡੈਡ?”
“ਕੰਮ ਕੀ ਕਰਨਾ? ਟਰੱਕ ਚਲਾਉਂਦਾ। ਲੋਕਾਂ ਦੀਆਂ ਨਜ਼ਰਾਂ ’ਚ ਤਾਂ ਉਹ ਧਰਮਾਤਮਾ ਆਂ-ਧਰਮਾਤਮਾ! ਸੰਤ-ਸਰੂਪ!! ਬਗਲਾ ਭਗਤ, ਭੇੜੀਆ!!! ਐਤਵਾਰ ਵਾਲੇ ਦਿਨ ਤੜਕੇ ਗੁਰੂ ਘਰ ਪਹੁੰਚਿਆ ਹੁੰਦਾ। ਕਤਾਰ ’ਚ ਸਭ ਤੋਂ ਅੱਗੇ ਧਰਮ ਦਾ ਠੇਕੇਦਾਰ ਬਣ ਕੇ ਲੋਕਾਂ ਨੂੰ ਮੱਤਾਂ ਦਿੰਦਾ। ਸੰਗਤ ਦੇ ਜੋੜੇ ਝਾੜਨ ਵਿਚ ਉਦ੍ਹਾ ਕੋਈ ਸਾਨੀ ਨ੍ਹੀਂ।”
“ਆਲੀਆ ਜਾਨ, ਮੈਨੂੰ ਸਮਝ ਨ੍ਹੀਂ ਆਉਂਦੀ ਕਿ ਇਸ ਤੋਂ ਅੱਗੇ ਕੀ ਕਹਾਂ ਤੇ ਕੀ ਪੁੱਛਾਂ? ਤੂੰ ਮੁਹੰਮਦ ਨਾਲ ਵਿਆਹ ਕਿੱਦਾਂ ਕਰਵਾਇਆ?”
“ਵਿਆਹ ਨੲ੍ਹੀਂ ਨਿਕਾਹ! ਕੋਰਟ-ਮੈਰਿਜ! ਇਹ ਓਸੇ ਦਿਨ ਦੀ ਗੱਲ ਆ ਜਿਸ ਦਿਨ ਸਟੈੱਪ ਡੈਡ ਨੇ ਮੈਨੂੰ ਮੋਲੈਸਟ ਕੀਤਾ ਤੇ ਮਾਂ ਨੂੰ ਵੀ ਗਾਲ੍ਹਾਂ ਕੱਢੀਆਂ। ਮੈਂ ਉਸੇ ਰਾਤ ਦੀ ਸ਼ਿਫਟ ਤੋਂ ਬਾਅਦ ਮੁਹੰਮਦ ’ਨਾ ਭੱਜ ਗਈ। ਉਹ ਮੈਨੂੰ ਲੌਸ ਵੇਗਸ ਲੈ ਗਿਆ। ਅਸੀਂ ਦੋ ਦਿਨ ਓਥੇ ਈ ਰਅ੍ਹੇ। ਦੋ ਦਿਨਾਂ ਬਾਅਦ ਮੁਹੰਮਦ ਦੀ ਅੰਮੀ ਜਾਨ ਤੇ ਭਾਈ ਜਾਨ ਵੀ ਆ ਗਏ। ਅਸੀਂ ਕੋਰਟ ਮੈਰਿਜ ਕਰਵਾ ਲਈ ਸੀ। ਬਾਅਦ ’ਚ ਮਸਜਿਦ ਜਾ ਕੇ ਨਿਕਾਹ ਵੀ ਕਰਵਾਇਆ। ਓਧਰ ਸਾਡੇ ਭਾਈਚਾਰੇ ’ਚ ਮੇਰੇ ਘਰੋਂ ਨਿਕਲ ਜਾਣ ਦਾ ਰੌਲ਼ਾ ਪੈ ਗਿਆ। ਸਭ ਨੇ ਮੇਰਾ ਬਾਈਕਾਟ ਕਰ ’ਤਾ। ਮੈਂ ਕੁਛ ਮਹੀਨਿਆਂ ਬਾਅਦ ਮੰਮ ਨੂੰ ਫੋਨ ਕੀਤਾ ਤਾਂ ਉਸਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਮਜਬੂਰ ਆ…।”
“ਮਜਬੂਰੀ ਵੀ ਤਾਂ ਬਹੁਤ ਵੱਡੀ ਬਣ ਗਈ, ਆਲੀਆ ਜਾਨ।”
… ਪਰ ਪਤਾ ਮੇਰੀ ਮੰਮ ਮੈਨੂੰ ਬਹੁਤ ਪਿਆਰ ਕਰਦੀ ਸੀ। ਇਕ ਵਾਰੀ ਮੈਂ ਇੰਡੀਆ ਬਿਮਾਰ ਹੋ ਗਈ। ਰੋਜ਼ ਗੁਰਦਵਾਰੇ ਅਰਦਾਸ ਕਰਾਉਣ ਜਾਂਦੀ ਰਅ੍ਹੀ। ਮੈਨੂੰ ਲੈ ਕੇ ਹਸਪਤਾਲਾਂ ’ਚ ਭੁੱਖੀ-ਭਾਣੀ ਘੁੰਮੀ। ਜਦੋਂ ਮੈਂ ਠੀਕ ਹੋਈ ਤਾਂ ਹਰਿਮੰਦਰ ਸਾਬ੍ਹ ਪ੍ਰਸ਼ਾਦ ਕਰਵਾਇਆ। ਸੁਭਾਨੀਆ ਦੇ ਜਨਮ ਦਾ ਪਤਾ ਲੱਗਾ ਤਾਂ ਸਭ ਤੋਂ ਚੋਰੀ ਸੁਭਾਨੀਆ ਨੂੰ ਦੇਖਣ ਆਈ। ਸੌ ਡਾਲਰ ਪਿਆਰ ਦੇ ਕੇ ਗਈ। ਜਦ ਸਟੈੱਪ ਡੈਡ ਨੂੰ ਪਤਾ ਲੱਗਾ ਤਾਂ ਉਹਨੇ ਘਰ ’ਚ ਕਲੇਸ਼ ਪਾ ਦਿੱਤਾ। ਫੇਰ ਉਹ ਨਿਊਯਾਰਕ ਮੂਵ ਹੋ ਗਏ। ਉਸ ਤੋਂ ਬਾਅਦ ਅੱਲ੍ਹਾ ਜਾਣੇਂ ਕੀ ਹੋਇਆ? ਇਕ ਦਿਨ ਮੰਮ ਨੇ ਚੋਰੀ ਫੋਨ ਕਰਕੇ ਕਿਹਾ ਕਿ ਧੀਏ ਮੈਨੂੰ ਫੋਨ ਨਾ ਕਰੀਂ। ਮੈਂ ਆਪਣਾ ਵਕਤ ਕੱਢਣਾ। ਉਸ ਦਿਨ ਮੈਂ ਨਮਾਜ਼ ਪੜ੍ਹਦੇ ਵਕਤ ਬਹੁਤ ਰੋਈ। ਮੈਂ ਆਪਣੀ ਮੰਮ ਨੂੰ ਛੱਡਣਾ ਨ੍ਹੀਂ ਸੀ ਚਾਹੁੰਦੀ।”
ਆਲੀਆ ਆਪਣੀ ਕਹਾਣੀ ਦੱਸ ਕੇ ਚਲੀ ਗਈ ਪਰ ਮੈਂ ਉਸ ਰਾਤ ਸੌਂ ਨਾ ਸਕੀ। ਬਾਪ ਅਤੇ ਮਤਰਏ ਬਾਪ ਵਿਚ ਫ਼ਰਕ ਲੱਭਦੀ ਰਹੀ …।
ਮੇਰਾ ਕੰਮ ਵਿਚ ਧਿਆਨ ਨਹੀਂ ਲੱਗ ਰਿਹਾ। ਈਮੇਲ ਵਿਚੇ ਛੱਡ ਕੇ ਮੈਂ ਕਿਤੇ ਹੋਰ ਹੀ ਪਹੁੰਚ ਗਈ ਹਾਂ…।
ਮੈਨੂੰ ਯਾਦ ਆ ਰਿਹਾ, ਜਦੋਂ ਮੈਂ ਪ੍ਰਮੋਟ ਹੋ ਕੇ ਲਿਵਰਮੋਰ ਚਲੀ ਗਈ ਤਾਂ ਆਲੀਆ ਆਪਣੀ ਦੂਜੀ ਬੱਚੀ ਹਫ਼ਜ਼ਾ ਨੂੂੰ ਲੈ ਕੇ ਆਈ। ਉਸਨੇ ਮੈਨੂੰ ਗਲੇ ਮਿਲਦੇ ਹੋਏ ਦੱਸਿਆ, “ਅਸੀਂ ਵੀ ਏਧਰ ਈ ਮੂਵ ਹੋ ਗਏ। ਮੈਂ ਆਪਣੀ ਖ਼ੂਸ਼ੂ ਜਾਨ (ਸੱਸ) ਨਾਲ ਰਹਿੰਨੀ ਆਂ। ਹੁਣ ਇਹਦੇ ’ਚੋਂ ਈ ਮੈਨੂੰ ਆਪਣੀ ਮੰਮ ਦਿਸਦੀ ਆ।”
ਆਪਣੇ ਸਹੁਰੇ ਪਰਿਵਾਰ ਨਾਲ ਵਾਰੀ-ਵਾਰੀ ਮੁਲਾਕਾਤ ਕਰਵਾਈ। ਜਦ ਵੀ ਫੋਨ ਕਰਦੀ ਇਹੋ ਕਹਿੰਦੀ- “ਅੱਜ ਹਫ਼ਜ਼ਾ ਸਕੂਲ ਨੲ੍ਹੀਂ ਆਵੇਗੀ ਕਿਉਂਕਿ ਮੇਰੀ ਖ਼ੂਸ਼ੂ ਜਾਨ ਬਿਮਾਰ ਆ। ਹਸਪਤਾਲ ਲੈ ਕੇ ਜਾਣਾਂ। ਮੈਂ ਵਾਲੰਟੀਅਰ ਨੲ੍ਹੀਂ ਕਰ ਸਕਾਂਗੀ। ਅੱਜ ਕਾਊਂਟੀ ਦਫ਼ਤਰ *ਵਿਕ ਦੀ ਮੀਟਿੰਗ ਏ…। ਮੁਹੰਮਦ ‘ਕੱਲਾ ਈ ਕੰਮ ਕਰਦਾ। ਇਸੇ ਕਰਕੇ ਸਾਡੀ ਆਮਦਨ ਘੱਟ ਆ। ਜਦੋਂ ਇਹ ਵੱਡੀਆਂ ਹੋ ਗਈਆਂ। ਮੈਂ ਕੰਮ ਕਰਨ ਲੱਗ ਪਈ ਤਾਂ ਸਭ ਠੀਕ ਹੋ ਜਾਊਗਾ।”
ਮੈਂ ਸੋਚਦੀ ਹਾਂ ਕਿਵੇਂ ਇਸਨੇ ਆਪਣੇ ਆਪ ਨੂੰ ਏਨਾ ਬਦਲਿਆ? ਰੁੱਖੀ-ਮਿੱਸੀ ਖਾ ਕੇ ਵੀ ਕਿੰਨੀ ਖ਼ੁਸ਼ ਰਹਿੰਦੀ ਏ। ਈਦ ਆਉਂਦੀ ਏ ਤਾਂ ਰੋਜ਼ੇ ਰੱਖਦੀ ਹੈ। ਈਦ ਵਾਲੇ ਦਿਨ ਬੱਚਿਆਂ ਦੀ ਛੁੱਟੀ ਕਰਵਾ ਕੇ ਹੱਥਾਂ ’ਤੇ ਬੜੇ ਚਾਅ ਨਾਲ ਮਹਿੰਦੀ ਲਗਾਉਂਦੀ ਹੈ। ਜਦੋਂ ਆਪਣੀਆਂ ਬੱਚੀਆਂ ਨਾਲ ਫ਼ਾਰਸੀ ਬੋਲਦੀ ਹੈ ਤਾਂ ਕੋਈ ਕਹਿ ਹੀ ਨੲ੍ਹੀਂ ਸਕਦਾ ਕਿ ਇਹ ਪੰਜਾਬਣ ਹੈ…?
ਸੁਭਾਨੀਆ ਅਤੇ ਹਫਜ਼ਾ ਨੂੰ ਉਸਨੇ ਮੁਸਲਿਮ ਚਾਰਟਰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਤੇ ਜ਼ੇਨਾ ਮੇਰੇ ਕੋਲ ਪ੍ਰੀ ਕੇ ਵਿਚ ਹੈ।
ਅੱਜ ਤਾਂ ਸੋਚਾਂ ਵਿਚ ਹੀ ਕਲਾਸ ਦਾ ਵਕਤ ਪੂਰਾ ਹੋ ਗਿਆ। ਕੋਈ ਕੰਮ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੀ। ਆਲੀਆ ਜ਼ੇਨਾ ਨੂੰ ਲੈਣ ਆਉਂਦੀ, ਦੂਰੋਂ ਹੀ ਬੋਲੀ ਏ, “ਮਿਸ ਕੀਰਤੀ! ਸਤਿ ਸ੍ਰੀ ਅਕਾਲ!”
ਮੈਂ ਦੋਵੇਂ ਹੱਥ ਜੋੜੇ ਨੇ, “ਸਤਿ ਸ੍ਰੀ ਅਕਾਲ! ਵਾਹ ਆਲੀਆ ਜਾਨ ਮੰਮੀ ਕਦੋਂ ਆ ਰੲ੍ਹੀ?”
“ਮੰਮ ਕਹਿੰਦੀ ਸੀ, ਮੈਂ ਮਦਰਜ਼ ਡੇਅ ਵਾਲੇ ਦਿਨ ਈ ਮਿਲੂੰਗੀ।”
“ਤੂੰ ਸਟੈੱਪ ਡੈਡ ਤੇ ਭਰਾ ਬਾਰੇ ਪੁੱਛਿਆ?”
“ਹਾਂ! ਦੋਨਾਂ ਨੂੰ ਜੇਲ੍ਹ ਹੋ ਗਈ। ਤੁਅ੍ਹਾਨੂੰ ਯਾਦ ਆ ਮੈਂ ਦੱਸਿਆ ਸੀ ਕਿ ਉਹ ਟਰੱਕ ਚਲਾਉਂਦਾ ਸੀ। ਉਹਨੇ ਮੇਰੇ ਮਤਰਏ ਭਰਾ ਨੂੰ ਵੀ ਇਸੇ ਕੰਮ ’ਚ ਪਾ ਲਿਆ। ਉਹ ਜਿਹਦਾ ਟਰੱਕ ਚਲਾਉਂਦੇ ਸੀ ਨਾ ਉਹ ਕੰਪਨੀ ਦਾ ਮਾਲਕ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਵੱਡਾ ਸੇਵਾਦਾਰ ਕਹਾਉਂਦਾ। ਉਹਦੇ ਟਰੱਕਾਂ ’ਚ ਡਰੱਗ ਸਪਲਾਈ ਹੁੰਦੀ ਆ। ਸੇਵਾਦਾਰ ਆਪ ਤਾਂ ਦੁੱਧ-ਧੋਤਾ ਬਣ ਗਿਆ ਤੇ ਕੇਸ ਇਨ੍ਹਾਂ ’ਤੇ ਪਾ ਦਿੱਤਾ। ਵਕੀਲ ਵੀ ਕੀਤਾ ਪਰ ਕੁਝ ਨ੍ਹੀਂ ਬਣਿਆ।”
“ਮੰਮ ਤਾਂ ਹੋਰ ਵੀ ਦੁਖ਼ੀ ਹੋ ਗਈ ਹੋਣੀਂ?”
“ਪਤਾ ਨ੍ਹੀਂ ਪਰ ਉਹਦਾ ਡਰ ਹੁਣ ਚੁੱਕਿਆ ਗਿਆ। ਕਹਿੰਦੀ ਹੁਣ ਨ੍ਹੀਂ ਡਰਦੀ ਮੈਂ ਇਸ ਸੜੇ ਸਮਾਜ ਤੋਂ। ਆਪ ਤਾਂ ਹਰ ਤਰ੍ਹਾਂ ਦੇ ਧੰਦੇ ਕਰ ਕੇ ਵੀ ਸਾਧ ਈ ਰਹਿੰਦੇ ਆਂ…। ਨਾਲੇ ਪਤਾ ਮਾਸੀ ਦੀ ਕੁੜੀ ਨੇ ਵੀ ਮਕਸੀਕਨ ਮੁੰਡੇ ’ਨਾ ਵਿਆਹ ਕਰਵਾ ਲਿਆ। ਉਹਨੂੰ ਤਾਂ ਰੋਕ ਨ੍ਹੀਂ ਸਕੀ। ਹੁਣ ਭਾਈਚਾਰਾ ਵੀ ਪਤਾ ਨ੍ਹੀਂ ਕਿੱਧਰ ਗਿਆ? ਮੰਮ ਦਾ ਨਿਊਯਾਰਕ ਕੌਣ ਆਂ? ਸੋ ਏਧਰ ਮੂਵ ਹੋ ਗਈ।” ਆਲੀਆ ਦੇ ਬੁੱਲ੍ਹਾਂ ’ਤੇ ਸਿੱਕਰੀ ਆ ਗਈ ਆ।
ਮੈਂ ਟੇਬਲ ਤੋਂ ਪਾਣੀ ਦੀ ਬੋਤਲ ਚੁੱਕ ਕੇ ਫੜਾਉਂਦੇ ਕਿਹੈ, “ਤੇਰੀ ਮੰਮ ਲਈ ਤਾਂ ਇਹ ਸਭ ਸਹਿਣਾ ਬਹੁਤ ਔਖਾ ਹੋਵੇਗਾ ਪਰ ਹੁਣ ਸਮਾਂ ਬੌਤ੍ਹ ਬਦਲ ਗਿਆ।”
“ਹਾਂ! ਕਹਿੰਦੀ ਸੀ ਮੈਂ ਮਜਬੂਰ ਸੀ। ਤੇਰੇ ਭਰਾ ਕਰਕੇ ਚੁੱਪ ਸੀ। ਤੇਰੀ ਮਾਸੀ ਅੱਖਾਂ ਕੱਢਦੀ ਸੀ। ਮਾਸੜ ਵੀ ਮਿਹਣੇ ਮਾਰਦਾ ਸੀ…। ਹੁਣ ਇੰਡੀਆ ਤੋਂ ਆਉਂਦੇ ਸਾਰ ਈ ਤੁਅ੍ਹਾਨੂੰ ਬੁਲਾਊਂਗੀ।”
“ਤੂੰ ਮੁਹੰਮਦ ਨੂੰ ਦੱਸਿਆ?”
“ਹਾਂ! ਉਹ ਤਾਂ ਸਾਰੇ ਈ ਬਹੁਤ ਖ਼ੁਸ਼ ਨੇ। ਮੁਹੰਮਦ ਤਾਂ ਆਪ ਵੀ ਪੰਜਾਬੀ ਬੋਲਣੀ ਸਿੱਖ ਰਿਅ੍ਹਾ। ਕਲ੍ਹ ਅਸੀਂ ਘਰ ਕੜਾਹ-ਪ੍ਰਸ਼ਾਦ ਵੀ ਬਣਾਇਆ। ਖ਼ੂਸ਼ੂ ਜਾਨ ਤਾਂ ਐਤਵਾਰ ਨੂੰ ਗੁਰੂ ਘਰ ਵੀ ਜਾਣਾ ਚੌਂਦ੍ਹੀ ਪਰ ਮੈਂ ਕਿਅ੍ਹਾ ਪਹਿਲਾਂ ਮਸਜਿਦ, ਫੇਰ ਗੁਰੂ ਘਰ…।”
“ਆਲੀਆ ਜਾਨ! ਮੈਂ ਤਾਂ ਤੇਰੀ ਮੁਰੀਦ ਹੋ ਗਈ। ਤੂੰ ਜਿੱਥੇ ਵੀ ਰਿਸ਼ਤਾ ਜੋੜਿਆ, ਦਿਆਨਤਦਾਰੀ ’ਨਾ ਨਿਭਾਇਆ। ਹਰ ਹਾਲ ’ਚ ਮੁਹੰਮਦ ਦੇ ਨਾਲ ਰੲ੍ਹੀ। ਉਸਦੇ ਪਰਿਵਾਰ ਨੂੰ, ਧਰਮ ਨੂੰ, ਰੀਤੀ-ਰਿਵਾਜਾਂ ਨੂੰ ਅਪਣਾਇਆ। ਤੈਨੂੰ ਸਲਾਮ!”
“ਸ਼ੁਕਰੀਆ! ਮਿਸ ਕੀਰਤੀ, ਤੂੰ ਬੱਸ ਮੰਮ ਦੇ ਇੰਡੀਆ ਤੋਂ ਵਾਪਸ ਆਉਣ ਤੱਕ ਜ਼ੇਨਾ ਨੂੰ ਮਾੜੀ-ਮੋਟੀ ਪੰਜਾਬੀ ਸਿਖਾ ਦੇ। ਆਖਿਰ ਮੇਰੀ ਮਾਂ ਆ ਰੲ੍ਹੀ ਨਾ। ਉਹਦੇ ਇਕ ਫੋਨ ਨੇ ਈ ਮੇਰੀ ਦੁਨੀਆਂ ਬਦਲ ’ਤੀ। ਮੁੜ-ਮੁੜ ਕੇ ਕੀ ਗੱਲ ਤੋਰਨੀ? ਅਸਲ ’ਚ ਮੇਰੀ ਮੰਮ, ਮਾਸੀ ਦੇ ਅਹਿਸਾਨ ਥੱਲੇ ਦੱਬੀ ਪਈ ਸੀ। ਮਾਸੀ ਆਪਣੀ ਨਨਾਣ ਦੇ ਮੁੰਡੇ ਨੂੰ ਮੇਰੇ ’ਨਾ ਵਿਆਹ ਕੇ ਅਮਰੀਕਾ ਲਿਆਉਣਾ ਚੌ੍ਹਂਦੀ ਸੀ। ਦੂਜਾ ਸਟੈੱਪ ਡੈਡ ਨੇ ਧਰਮ ਦਾ ਢੌਂਗ ਰਚਾ ਕੇ ਡਰਾਇਆ ਹੋਇਆ ਸੀ।”
“ਸੱਚ ਆਲੀਆ ਜਾਨ, ਮੇਰੇ ਡੈਡੀ ਅਕਸਰ ਕਹਿੰਦੇ ਸੀ ਕਿ ਜੇ ਕਿਸੇ ਨੂੰ ਧੋਖਾ ਦੇਣਾ ਹੋਵੇ ਤਾਂ ਧਰਮੀ ਹੋਣ ਦਾ ਢੌਂਗ ਕਰੋ। ਲੋਕ ਅੱਖਾਂ ਮੀਟ ਕੇ ਯਕੀਨ ਕਰਨਗੇ।”
“…ਤਾਂ ਉਹ ਬਿਲਕੁਲ ਠੀਕ ਕਹਿੰਦੇ ਸੀ। ਮਿਸ ਕੀਰਤੀ!”
“…ਪਰ ਇਹ ਬਿਲਕੁਲ ਸੱਚ ਆ ਕਿ ਮਾਂ-ਧੀ ਦਾ ਰਿਸ਼ਤਾ ਸਦੀਵੀ ਹੁੰਦਾ। ਮਾਂ-ਧੀ ਦਾ ਇਕ ਪਰਦਾ। ਤੂੰ ਖ਼ੁਸ਼ ਹੋ ਜਾ। ਇਸ ਮਦਰਜ਼ ਡੇਅ ’ਤੇ ਤੈਨੂੰ ਤੇਰੀ ’ਕੱਲੀ ਮਾਂ ਈ ਨ੍ਹੀਂ ਸਗੋਂ ਵਿਸਰੀ ਮਾਂ ਬੋਲੀ ਵੀ ਮੁੜ ਕੇ ਮਿਲ ਰਹੀ ਆ।”
“ਹਾਂ ਜੀ! ਏਸੇ ਲਈ ਤਾਂ ਮੈਂ ਵੀ ਇਹਨੂੰ ਬੈਸਟ ਮਦਰਜ਼ ਡੇਅ ਬਣਾਉਣ ਦੀ ਸੋਚ ਰਹੀ ਆਂ। ਚੰਗਾ, ਫੇਰ ਮਿਲਦੇ ਆਂ! ਬਾਏ-ਬਾਏ…।”
ਅੱਜ ਮਦਰਜ਼ ਡੇਅ ਹੈ। ਸਵੇਰ ਤੋਂ ਹੀ ਆਲੀਆ ਤੇ ਉਸਦੀ ਮਾਂ ਬਾਰੇ ਸੋਚ ਰਹੀ ਹਾਂ। ਸਕੂਲ ਪਹੁੰਚਦੇ ਹੀ ਮੇਰੀਆਂ ਨਜ਼ਰਾਂ ਆਲੀਆ ਤੇ ਜ਼ੇਨਾ ਦੀ ਰਾਹ ਤੱਕ ਰਹੀਆਂ ਨੇ। ਆਲੀਆ ਪੀਲ਼ੇ ਰੰਗ ਦਾ ਸੂਟ ਪਾ ਕੇ ਆਈ ਏ। ਜ਼ੇਨਾ ਨੇ ਵੀ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ।
“ਵਾਹ! ਅੱਜ ਤਾਂ ਇਉਂ ਲੱਗ ਰਿਹੈ ਜਿਵੇਂ ਪੰਜਾਬ ਦੇ ਖੇਤਾਂ ’ਚ ਸਰ੍ਹੋਂ ਖਿੜੀ ਹੋਵੇ! ਪੰਜਾਬੀ ਸੂਟ ਤੇ ਉਹ ਵੀ ਪੀਲੇ ਰੰਗ ਦਾ ਆਲੀਆ ਜਾਨ! ਸੱਚਮੁਚ ਤੈਨੂੰ ਇਹ ਰੰਗ ਬਹੁਤ ਜਚ ਰਿਹਾ। ਜ਼ੇਨਾ ਵੀ ਹਰੇ ਸੂਟ ’ਚ ਨੰਨ੍ਹੀ ਪਰੀ ਲੱਗ ਰੲ੍ਹੀ ਆ। ਤੈਨੂੰ ਪਤਾ ਪੀਲ਼ਾ ਤੇ ਹਰਾ ਮੇਰੇ ਹਸਬੈਂਡ ਦੇ ਮਨਭਾਉਂਦੇ ਰੰਗ ਆ।”
“ਧੰਨਵਾਦ! ਮਿਸ ਕੀਰਤੀ। ਮੁਹੰਮਦ ਜਾਨ ਨੇ ਕੱਲ੍ਹ ਇੰਡੀਅਨ ਸਟੋਰ ਤੋਂ ਖ਼੍ਰੀਦ ਕੇ ਦਿੱਤੇ। ਮੈਂ ਮੰਮ ਲਈ ਫੁੱਲਾਂ ਦਾ ਗੁਲਦਸਤਾ ਲੈਣ ਜਾ ਰੲ੍ਹੀ ਆਂ…!
ਆਲੀਆ ਜ਼ੇਨਾ ਨੂੰ ਜਲਦੀ ਲੈਣ ਆ ਗਈ ਏ। ਪੈਰਾਂ ਵਿਚ ਚੀਕੂ-ਚੀਕੂ ਕਰਦੀ ਪੰਜਾਬੀ ਜੁੱਤੀ ਦਿਲ ਨੂੰ ਧੂਹ ਪਾ ਰਹੀ ਆ। ਮੈਂ ਪਹਿਲਾਂ ਹੀ ਜ਼ੇਨਾ ਦੇ ਹੱਥ ਵਿਚ ਦੋ ਕਾਰਡ ਫੜਾਏ ਹੋਏ ਨੇ। ਇਕ ਉਸਨੇ ਆਪਣੀ ਮੰਮੀ ਲਈ ਬਣਾਇਆ ਤੇ ਦੂਜਾ ਨਾਨੀ ਮਾਂ ਲਈ। ਜਿਸ ਉੱਪਰ ਮੈਂ ਜ਼ੇਨਾ ਤੋਂ ਪੰਜਾਬੀ ਵਿਚ ਲਿਖਵਾਇਐ ‘ਹੈਪੀ ਮਦਰਜ਼ ਡੇਅ! ਨਾਨੀ ਮਾਂ!!’
ਆਲੀਆ ਨੇ ਜ਼ੇਨਾ ਦੇ ਹੱਥੋਂ ਕਾਰਡ ਫੜਦੇ ਕਿਹੈ, “ਮਿਸ ਕੀਰਤੀ ਵਾਹ! ਆਹ ਤਾਂ ਕਮਾਲ ਕਰ ’ਤੀ। ਤੁਅ੍ਹਾਡਾ ਵੀ ਜੁਆਬ ਨ੍ਹੀਂ! ਹੈਪੀ ਮਦਰਜ਼ ਡੇਅ! ਅਸੀਂ ਸਾਰੇ ਈ ਮੰਮ ਨੂੰ ਮਿਲਣ ਜਾ ਰੲ੍ਹੇ ਆਂ।”

“ਵੈਰੀ ਹੈਪੀ ਮਦਰਜ਼ ਡੇਅ! ਮੈਨੂੰ ਤਾਂ ਲੱਗਦੈ, ਅੱਜ ਤੂੰ ਮਾਂ ਦੇ ਘਰ ਮੁੜਦਾ ਫੇਰਾ ਪਾਉਣ ਚੱਲੀ ਆਂ। ਹੱਸਦੀ-ਵਸਦੀ ਰਹਿ! ਅੱਲ੍ਹਾ ਹਾਫ਼ਿਜ਼!”
*ਮੋਲੈਸਟ-ਛੇੜਖਾਨੀ
*ਵਿਕ-ਫੈਡਰਲ ਗੌਰਮਿੰਟ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਦਾ ਨਾਂ ਜਿਸ ਤਹਿਤ, ਘੱਟ ਆਮਦਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ-ਸੰਭਾਲ ਨਾਲ ਸੰਬੰਧਿਤ ਪ੍ਰੋਗਰਾਮ ਦਾ ਨਾਂ।
ਲਾਜ ਨੀਲਮ ਸੈਣੀ
ਫੋਨ: 510-502-0051