ਇਕ ਹੱਥ ਕਲਮ ਤੇ ਦੂਜੇ ਹੱਥ ਤੂੰਬੀ ਵਾਲਾ ਨਿੰਦਰ ਘੁਗਿਆਣਵੀ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਨਿੰਦਰ ਘੁਗਿਆਣਵੀ ਨੂੰ ਮੈਂ ਪਹਿਲੀ ਵਾਰ ਪਟਿਆਲੇ ਭਾਸ਼ਾ ਭਵਨ ਵਿਚ ਦੇਖਿਆ ਸੀ। 1996 ਜਾਂ 97 ਦੀ ਗੱਲ ਹੋਣੀ ਹੈ। ਇਹ ਉਥੇ ਕੱਚਾ-ਪੱਕਾ ਜਿਹਾ ਮੁਲਾਜ਼ਮ ਸੀ। ਕੰਮ ਆਉਣ ਲਈ ਤਤਪਰ ਅਤੇ ਸੇਵਾ ਦੀ ਭਾਵਨਾ ਨਾਲ ਭਰਪੂਰ। ‘ਐਂਕਲ ਜੀ ਐਂਕਲ ਜੀ’ ਕਰਦੇ ਦਾ ਮੂੰਹ ਨਾ ਥਕਦਾ। ਗੱਲ-ਗੱਲ ਉੱਤੇ ਹਸਦਾ। ਮੈਂ ਉਸ ਸਮੇਂ ਤੱਕ ਇਹਦੀ ਕੋਈ ਰਚਨਾ ਤਾਂ ਨਹੀਂ ਸੀ ਪੜ੍ਹੀ ਹੋਈ ਪਰ ਇਹਦਾ ਨਾਂ ਸਾਹਿਤ ਸਭਾਵਾਂ ਦੀਆਂ ਖ਼ਬਰਾਂ-ਖ਼ੁਬਰਾਂ ਵਿਚ ਪੜ੍ਹਿਆ ਹੋਇਆ ਸੀ। ਇਕ ਵਾਰ ਮੈਂ ਤੇ ਸੰਤੋਖ ਸਿੰਘ ਧੀਰ ਉਥੇ ਲੇਖਕ ਭਵਨ ਵਿਚ ਠਹਿਰੇ ਤਾਂ ਨਿਘੋਚੀ ਸੁਭਾਅ ਦੇ ਬਾਵਜੂਦ ਉਹ ਵੀ ਇਹਦੇ ਸੇਵਾ-ਭਾਵ ਤੇ ਰਚਨਾ-ਕਾਰਜ ਤੋਂ ਖ਼ੁਸ਼ ਹੋਏ।

ਦੂਜੀ ਵਾਰ ਇਹ ਇਕ ਸਾਹਿਤਕ ਇਕੱਠ ਵਿਚ ਮਿਲਿਆ। ਇਹਦਾ ਹਾਸਾ ਗ਼ਾਇਬ ਸੀ। ਇਹ ਖਾਸਾ ਦੁਖੀ ਹੋਇਆ ਫਿਰਦਾ ਸੀ। ਇਹਦੀ ਉਹ ਕੱਚੀ ਨੌਕਰੀ ਜਾਂਦੀ ਰਹੀ ਸੀ। ਇਹ ਹਰ ਵੱਡੇ ਲੇਖਕ ਨੂੰ ਆਖ ਰਿਹਾ ਸੀ, “ਐਂਕਲ ਜੀ, ਕਹੋ ਖਾਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ, ਵਿਭਾਗ ਵਾਲੇ ਮੇਰੇ ਨਾਲ ਕੀਤਾ ਧੱਕਾ ਦੂਰ ਕਰਨ।” ਅਸਲ ਗੱਲ ਇਹ ਸੀ ਕਿ ਵਿਭਾਗ ਦੇ ਅਧਿਕਾਰੀ, ਜਿਨ੍ਹਾਂ ਵਿਚੋਂ ਕਈਆਂ ਨੂੰ ਚੱਜ ਨਾਲ ਚਿੱਠੀ ਲਿਖਣੀ ਵੀ ਨਹੀਂ ਸੀ ਆਉਂਦੀ, ਪਰੇਸ਼ਾਨ ਸਨ, ਉਨ੍ਹਾਂ ਦਾ ਇਕ ਮਾਮੂਲੀ ਚਪੜਾਸੀ-ਮਾਲੀ ਪੁਸਤਕਾਂ ਲਿਖ-ਲਿਖ ਉਨ੍ਹਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਡੇਗ ਰਿਹਾ ਸੀ!
ਮੈਂ ਇਹਦਾ ਦਿਲ ਧਰਾਉਣ ਲਈ ਆਪਣੀ ਮਿਸਾਲ ਦਿੱਤੀ। ਜਦੋਂ ਕੈਰੋਂਸ਼ਾਹੀ ਵੇਲੇ ਮੈਨੂੰ ਅਧਿਆਪਕ ਲਹਿਰ ਦੀਆਂ ਸਰਗਰਮੀਆਂ ਅਤੇ ਖੱਬੇ ਵਿਚਾਰਾਂ ਕਾਰਨ ਦਸ ਸਾਲ ਦੀ ਪੱਕੀ ਨੌਕਰੀ ਮਗਰੋਂ ਹਟਾ ਕੇ ਪਹਿਲਾ ਨਿਸ਼ਾਨਾ ਬਣਾਇਆ ਗਿਆ ਸੀ, ਮੈਂ ਵੀ ਇਕ ਵਾਰ ਉਦਾਸ ਹੋ ਗਿਆ ਸੀ। ਉਸ ਸਮੇਂ ਦੇ ਮਾਨਸਿਕ ਦਿਸਹੱਦੇ ਨਾਲ ਲਗਦਾ ਸੀ ਕਿ ਕੋਈ ਵੀ ਰਾਹ ਖੁੱਲ੍ਹਾ ਨਹੀਂ, ਹੁਣ ਮੈਂ ਹੋਰ ਕੀ ਕਰ ਸਕਾਂਗਾ। ਪਰ ਹੁਣ ਪਿੱਛਲ-ਝਾਤ ਰਾਹੀਂ ਲਗਦਾ ਹੈ ਕਿ ਜੇ ਮੇਰੇ ਉੱਤੇ ਇਹ ‘ਸਰਕਾਰੀ ਕਿਰਪਾ’ ਨਾ ਹੋਈ ਹੁੰਦੀ, ਮੈਂ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਕੇ ਰਿਟਾਇਰ ਹੋ ਗਿਆ ਹੁੰਦਾ। ਸੰਭਵ ਹੈ ਮੈਂ ਨਾ ਹੀ ਸਾਹਿਤ ਵਿਚ ਤੇ ਨਾ ਹੀ ਪਰਿਵਾਰ ਵਿਚ ਹੁਣ ਵਾਲੀਆਂ ਪ੍ਰਾਪਤੀਆਂ ਕਰ ਸਕਦਾ। ਮੈਂ ਇਹਨੂੰ ਕਿਹਾ, “ਤੂੰ ਬੇਦਿਲ ਨਾ ਹੋ, ਕੋਈ ਰਾਹ ਜ਼ਰੂਰ ਨਿਕਲੇਗਾ। ਤੇ ਮੇਰਾ ਲੱਖਣ ਹੈ, ਜੇ ਤੂੰ ਭਾਸ਼ਾ ਵਿਭਾਗ ਦੀ ਨੌਕਰੀ ਕਰਦਾ ਰਹਿੰਦਾ, ਉਸ ਰਾਹ ਉੱਤੇ ਏਨਾ ਅੱਗੇ ਨਾ ਤੁਰ ਸਕਦਾ, ਜਿਸ ਉੱਤੇ ਹੁਣ ਤੁਰਿਆ ਹੋਇਆ ਹੈਂ।”
1998-1999 ਵਿਚ ਜਦੋਂ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਸੀ, ਇਕ ਦਿਨ ਇਹ ਮੇਰੇ ਦਫ਼ਤਰ ਆ ਗਿਆ। ਮੁੱਢਲੀਆਂ ਗੱਲਾਂ ਮਗਰੋਂ ਇਹਨੇ ਕਾਗ਼ਜ਼ਾਂ ਦੀ ਦੱਥੀ ਮੈਨੂੰ ਫੜਾਉਂਦਿਆਂ ਕਿਹਾ, “ਐਂਕਲ ਜੀ, ਇਹ ਚਾਰ ਲੇਖ ਛਾਪੋ ਜੀ ਤੁਸੀਂ, ਇਕ ਇਕ ਕਰ ਕੇ…ਵਧੀਆ ਨੇ ਜੀ…ਛਾਪ ਦਿਉਂਗੇ ਐਂਕਲ ਜੀ?…ਹੈਂ ਜੀ?”
ਮੈਂ ਉਸ ਸਮੇਂ ਤੱਕ ਵੀ ਇਹਦੀ ਕੋਈ ਲਿਖਤ ਨਹੀਂ ਸੀ ਪੜ੍ਹੀ ਹੋਈ। ਮੈਂ ਦੁਬਾਰਾ ਇਸ ਵੱਲ ਗਹੁ ਨਾਲ ਦੇਖਿਆ। ਇਹ ਮੈਨੂੰ ਬਚੂੰਗੜਾ ਜਿਹਾ ਲੱਗਿਆ, ਥੋੜ੍ਹਾ-ਥੋੜ੍ਹਾ ਨਿਆਣ-ਮੱਤੀਆ ਜਿਹਾ। ਮੈਂ ਕਿਹਾ, “ਪਹਿਲਾਂ ਵੀ ਕਦੇ ਕੁਛ ਲਿਖਿਆ ਹੈ?” ਇਹ ਕਹਿੰਦਾ, “ਮੇਰੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਨੇ ਜੀ। ਐਂਕਲ ਜੀ, ਲਉ ਮੈਂ ਅੱਜ ਤੁਹਾਨੂੰ ਭੇਟ ਕਰਨ ਵਾਸਤੇ ਲਿਆਉਣੀਆਂ ਭੁੱਲ ਹੀ ਗਿਆ ਜੀ। ਕਿਤੇ ਫੇਰ ਦੇ ਕੇ ਜਾਊਂਗਾ ਜੀ।”
ਮੈਂ ਬੇਯਕੀਨੀ ਜਿਹੀ ਨਾਲ ਪੁੱਛਿਆ, “ਨਾਨੀ, ਦਾਦੀ, ਤੋਤੇ, ਚਿੜੀ ਬਾਰੇ ਬਾਲ-ਕਵਿਤਾਵਾਂ ਦੀਆਂ ਕਿਤਾਬਾਂ ਨੇ?”
ਇਹ ਕੱਚਾ ਜਿਹਾ ਹੋ ਕੇ ਕਾਹਲੀ ਨਾਲ ਬੋਲਿਆ, “ਨਹੀਂ ਜੀ, ਐਂਕਲ ਜੀ, ਤੁਸੀਂ ਤਾਂ ਜੀ ਝੇਡ ਕਰ ਦਿੱਤੀ। ਇਕ ਕਿਤਾਬ ਗਾਇਕਾਂ ਦੀਆਂ ਜੀਵਨੀਆਂ ਦੀ ਐ ਜੀ, ਇਕ ਨਾਵਲੈੱਟ ਐ ਜੀ, ਇਕ ਮੇਰੇ ਉਸਤਾਦ ਜੀ ਯਮਲਾ ਜੱਟ ਜੀ ਦੀ ਜੀਵਨੀ ਐ ਜੀ ਤੇ ਚੌਥੀ ਕਿਤਾਬ ਗਾਇਕ ਪੂਰਨ ਸ਼ਾਹਕੋਟੀ ਦੀ ਜੀਵਨੀ ਐ ਜੀ। ਪੰਜਵੀਂ, ਹੰਸ ਰਾਜ ਹੰਸ ਦੀ ਜੀਵਨੀ ਛਪ ਰਹੀ ਐ ਜੀ।”
ਮੈਂ ਹੈਰਾਨ ਹੋ ਕੇ ਇਕ ਵਾਰ ਇਹਨੂੰ ਫੇਰ ਧਿਆਨ ਨਾਲ ਦੇਖਿਆ ਅਤੇ ਹੈਰਾਨੀ ਛੁਪਾ ਕੇ ਛੇੜਿਆ, “ਕੀਹਤੋਂ ਲਿਖਵਾਉਂਦਾ ਹੈਂ ਤੂੰ ਇਹ ਕਿਤਾਬਾਂ, ਆਬਦੇ ਨਾਂ ਹੇਠ?”
ਇਹ ਸੰਗ ਜਿਹੀ ਨਾਲ ਹੱਸਿਆ ਤੇ ਕੁਰਸੀ ਉੱਤੇ ਥੋੜ੍ਹਾ ਜਿਹਾ ਬੁੜ੍ਹਕਿਆ, “ਲਉ ਜੀ ਐਂਕਲ ਜੀ, ਹੱਦ ਕਰਦੇ ਐਂ ਜੀ। ਮੈਨੂੰ ਗ਼ਰੀਬ ਨੂੰ ਕੌਣ ਲਿਖ ਕੇ ਦੇਊ ਜੀ ਕਿਤਾਬਾਂ? ਮੈਂ ਉਨ੍ਹਾਂ ਵੱਟੇ ਕੀ ਦੇ ਦੇਊਂਗਾ ਜੀ ਕਿਸੇ ਨੂੰ? ਆਪ ਲਿਖੀਆਂ ਨੇ ਜੀ ਮੈਂ ਉਹ ਸਾਰੀਆਂ। ਤੁਸੀਂ ਜੀ ਮੇਰੇ ਇਹ ਲੇਖ ਪੜ੍ਹ ਕੇ ਦੇਖਣੇ। ਆਪੇ ਤੁਹਾਨੂੰ ਪਤਾ ਲੱਗ ਜਾਊ ਜੀ ਬਈ ਮੈਂ ਵਧੀਆ ਲਿਖਦੈਂ ਜੀ! ਪੜ੍ਹ ਕੇ ਦੇਖੋਂਗੇ ਨਾ ਜੀ? ਛਾਪ ਦਿਉਂਗੇ ਨਾ ਜੀ ਐਂਕਲ ਜੀ? ਪਾਠਕ ਪਸਿੰਦ ਕਰਨਗੇ ਜੀ। ਵਧੀਆ ਲੇਖ ਨੇ ਜੀ।”
ਮੈਂ ਹੋਰ ਠਿੱਠ ਕਰਨਾ ਠੀਕ ਨਾ ਸਮਝਿਆ। ਮੈਨੂੰ ਇਹਦੀ ਅਨਭੋਲਤਾ ਵੀ ਚੰਗੀ ਲੱਗੀ ਤੇ ਆਪਣੇ ਲਿਖੇ ਬਾਰੇ ਭਰੋਸਾ ਵੀ ਚੰਗਾ ਲਗਿਆ। ਮੈਂ ਕਿਹਾ, “ਪੜ੍ਹ ਕੇ ਦੇਖੂੰ। ਉੱਨੀ-ਇੱਕੀ ਦਾ ਫ਼ਰਕ ਤਾਂ ਚੱਲ ਅਣਦੇਖਿਆ ਹੋ ਜਾਊ, ਪਰ ਬਿਨਾਂ ਪੜ੍ਹੇ ਹੀ ਛਾਪਣ ਦਾ ਇਕਰਾਰ ਕਿਵੇਂ ਕਰ ਦਿਆਂ ਮੈਂ ਤੇਰੇ ਨਾਲ?”
ਇਹਦੀ ਰਾਇ ਪੱਕੀ ਸੀ, “ਨਾ ਐਂਕਲ ਜੀ, ਇਹ ਤਾਂ ਬਹੁਤ ਵਧੀਆ ਨੇ ਜੀ। ਮੇਰੇ ਕਈ ਦੋਸਤਾਂ-ਮਿੱਤਰਾਂ ਨੇ ਪੜ੍ਹੇ ਨੇ।”
“ਜਿਹੋ ਜਿਹਾ ਤੂੰ, ਉਹੋ ਜਿਹੇ ਤੇਰੇ ਦੋਸਤ-ਮਿੱਤਰ, ਖੁਆਜੇ ਦਾ ਗਵਾਹ ਡੱਡੂ,” ਮੈਂ ਇਹਦੇ ਲੇਖ ਫ਼ਾਈਲ ਵਿਚ ਰਖਦਿਆਂ ਕਿਹਾ। ਇਹ ਫੇਰ ਕੱਚਾ ਜਿਹਾ ਹੋ ਕੇ ਹੱਸ ਪਿਆ।
ਇਹਦੇ ਜਾਣ ਮਗਰੋਂ ਮੈਂ ਦਾਲ ਵਿੱਚੋਂ ਦਾਣਾ ਟੋਹਣ ਲਈ ਇਹਦਾ ਪਹਿਲਾ ਲੇਖ ਫ਼ਾਈਲ ਵਿਚੋਂ ਕੱਢ ਲਿਆ। ਛੇਤੀ ਹੀ, ਤਿੰਨ-ਚਾਰ ਪੈਰਿਆਂ ਉੱਤੇ ਤਰਦੀ-ਤਰਦੀ ਸੰਪਾਦਕੀ ਨਜ਼ਰ ਮਾਰਨ ਮਗਰੋਂ ਮੈਨੂੰ ਲੱਗਿਆ ਕਿ ਇਹ ਤਾਂ ਮੁੱਢੋਂ ਪੜ੍ਹਨਾ ਚਾਹੀਦਾ ਹੈ ਤੇ ਹੋਰ ਕੰਮ ਛੱਡ ਕੇ ਮੈਂ ਉਹ ਚਾਰੇ ਲੇਖ ਪੂਰੇ ਦੇ ਪੂਰੇ ਪੜ੍ਹ ਗਿਆ।
ਮੈਨੂੰ ਹੈਰਾਨੀ ਹੋਈ। ਇਹ ਲੇਖ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਸਦਕਾ ਸੱਚ-ਮੁੱਚ ਹੀ ਵਧੀਆ ਸਨ। ਇਨ੍ਹਾਂ ਨੂੰ ‘ਵਧੀਆ’ ਕਹਿਣ ਵਾਲੇ ਦੋਸਤਾਂ-ਮਿੱਤਰਾਂ ਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਪਤਾ ਸੀ ਕਿ ਨਹੀਂ, ਮੈਨੂੰ ਪਤਾ ਨਹੀਂ। ਨਿੰਦਰ ਨੂੰ ਆਪ ਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਪਤਾ ਸੀ ਕਿ ਨਹੀਂ, ਮੈਨੂੰ ਇਹ ਵੀ ਪਤਾ ਨਹੀਂ।
ਨਿੰਦਰ ਦੇ ਉਨ੍ਹਾਂ ਲੇਖਾਂ ਵਿਚ ਇਕ ਤਾਂ ਇਕਾਗਰਤਾ ਅਤੇ ਵਿਸ਼ਾ-ਕੇਂਦਰਿਤਾ ਸੀ। ਵਾਧੂ ਕੁਝ ਨਹੀਂ ਸੀ। ਇਹ ਸੱਜੇ-ਖੱਬੇ ਦੀ ਫ਼ਸਲ ਮਿੱਧੇ ਬਿਨਾਂ ਸਿੱਧਾ ਆਪਣੇ ਨਿਸਚਿਤ ਵਿਸ਼ੇ ਦੀ ਡੰਡੀ-ਡੰਡੀ ਤੁਰਿਆ ਜਾਂਦਾ ਸੀ। ਦੂਜੀ ਗੱਲ, ਭਾਸ਼ਾ ਦੀ ਚੁਸਤੀ। ਇਹਨੂੰ ਆਪਣੀ ਗੱਲ ਪੇਸ਼ ਕਰਨ ਲਈ, ਆਪਣੀ ਭਾਵਨਾ ਪ੍ਰਗਟ ਕਰਨ ਲਈ ਢੁੱਕਵੇਂ ਸ਼ਬਦ ਚੁਣਨ ਦੀ ਜਾਚ ਸੀ। ਕਿਤੇ ਵੀ ਇਹ ਮਹਿਸੂਸ ਨਹੀਂ ਸੀ ਹੁੰਦਾ ਕਿ ਇਹਨੇ ਜੋ ਕਹਿਣਾ ਚਾਹਿਆ ਹੈ, ਉਹ ਕਿਹਾ ਨਹੀਂ ਗਿਆ। ਤੀਜੀ ਗੱਲ, ਕਿਸੇ ਪਾਤਰ ਬਾਰੇ ਸਿੱਧੀਆਂ ਟਿੱਪਣੀਆਂ ਕਰੇ ਬਿਨਾਂ, ਘਟਨਾਵਾਂ ਵਿਚੋਂ ਉਹਦਾ ਚੰਗਾ-ਮਾੜਾ ਸੁਭਾਅ, ਨੇਕ-ਬਦ ਚਰਿੱਤਰ ਉਜਾਗਰ ਕਰਨ ਦੀ ਇਹਦੀ ਯੋਗਤਾ। ਇਹ ਕਿਸੇ ਵਿਅਕਤੀ ਨਾਲ ਜੁੜੀਆਂ ਹੋਈਆਂ ਦੋ-ਚਾਰ ਘਟਨਾਵਾਂ ਦਸਦਾ ਸੀ ਅਤੇ ਉਸ ਵਿਅਕਤੀ ਨੂੰ ਬਿਨਾਂ ਕਿਸੇ ਪਰਦੇ ਤੋਂ, ਬਿਨਾਂ ਕਿਸੇ ਮਖੌਟੇ ਤੋਂ ਪਾਠਕ ਦੇ ਸਾਹਮਣੇ ਖੜ੍ਹਾ ਕਰ ਦਿੰਦਾ ਸੀ, ਉਹਦੇ ਚੰਗੇ ਜਾਂ ਮਾੜੇ ਜਾਂ ਮਾੜੇ-ਚੰਗੇ ਰੂਪ ਵਿੱਚ।
ਅੰਤਲੀ ਗੱਲ, ਇਨ੍ਹਾਂ ਲੇਖਾਂ ਦੀ ਸਮਾਜਕ ਮਹੱਤਤਾ। ਭਾਵੇਂ ਨਿਆਂਪਾਲਕਾ ਨੂੰ ਜਮਹੂਰੀਅਤ ਦੇ ਚਾਰ ਥੰਮ੍ਹਾਂ ਵਿਚੋਂ ਇਕ ਗਿਣਿਆ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਥੰਮ੍ਹ ਹੈ। ਜਿਥੇ ਵਿਧਾਨਸਾਜ਼ੀ ਕੁੱਕੜਾਂ ਦੀ ਲੜਾਈ ਦਾ ਤਮਾਸ਼ਾ ਬਣ ਚੁੱਕੀ ਹੈ, ਕਾਰਜਪਾਲਕਾ ਅੱਡੀ ਤੋਂ ਚੋਟੀ ਤੱਕ ਭ੍ਰਿਸ਼ਟਾਚਾਰ ਦੇ ਮੁਸਕੇ ਹੋਏ ਗਾਰੇ ਵਿਚ ਲਿੱਬੜੀ ਹੋਈ ਹੈ, ਸੰਚਾਰ-ਮਾਧਿਅਮ ਜਨਹਿਤ ਦੇ ਪਹਿਰੇਦਾਰ ਹੋਣ ਦੀ ਥਾਂ ਵੱਡੀ ਹੱਦ ਤੱਕ ਸੱਤਾ ਦੇ ਕੌਲੀ-ਚੱਟ ਬਣ ਚੁੱਕੇ ਹਨ, ਉੱਥੇ ਨਿਓਟਿਆਂ ਦੀ ਆਖ਼ਰੀ ਓਟ, ਨਿਆਸਰਿਆਂ ਦਾ ਆਖ਼ਰੀ ਆਸਰਾ ਅਤੇ ਬੰਦ ਬੂਹਿਆਂ ਵਿਚਕਾਰ ਇੱਕੋ-ਇੱਕ ਖੁੱਲ੍ਹਾ ਬੂਹਾ ਨਿਆਂਪਾਲਿਕਾ ਹੀ ਰਹਿ ਜਾਂਦੀ ਹੈ। ਪਰ ਜੇ ਨਿਆਂਕਾਰ ਦਾ ਸਰੂਪ ਨਿੰਦਰ ਦੇ ਜੱਜ ਸਾਹਿਬ ਵਾਲਾ ਹੋਵੇ, ਤਾਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਇਸ ਥੰਮ੍ਹ ਨੂੰ ਵੀ ਕਿਸ ਹੱਦ ਤੱਕ ‘ਰੇਹੀ’ ਅਤੇ ‘ਖੋਰੇ’ ਨੇ ਬੋਦਾ ਬਣਾ ਦਿੱਤਾ ਹੋਇਆ ਹੈ।
ਨਿੰਦਰ ਦੇ ਉਹ ਚਾਰੇ ਲੇਖ ਪੜ੍ਹ ਕੇ ਮੇਰੀ ਤਸੱਲੀ ਹੋ ਗਈ। ਇਹ ਲੇਖ ਇਹਦੀ ਉਸ ਸਮੇਂ ਦੀ ਹੱਡਬੀਤੀ ਸਨ ਜਦੋਂ ਇਹ ਜੱਜਾਂ ਦਾ ਅਰਦਲੀ ਰਿਹਾ ਸੀ। ਇਹ ਨਿਆਂਪਾਲਕਾ ਸੰਬੰਧੀ ਉਹ ਗੱਲਾਂ ਉਜਾਗਰ ਕਰਦੇ ਸਨ ਜੋ ਆਮ ਕਰ ਕੇ ਸਾਡੀ ਜਾਣਕਾਰੀ ਵਿਚ ਨਹੀਂ ਆਉਂਦੀਆਂ। ਮੈਂ ਚਿੱਠੀ ਲਿਖੀ ਕਿ ਅਗਲੀਆ ਕਿਸਤਾਂ ਵੀ ਨਾਲੋ-ਨਾਲ ਭੇਜਦਾ ਰਹੇ।
ਮੈਂ ਸੋਚਿਆ, ਜੇ ਨਿੰਦਰ ਇਨ੍ਹਾਂ ਗੱਲਾਂ ਦੇ ਵਡੇਰੇ ਪ੍ਰਸੰਗ ਬਾਰੇ ਸਚੇਤ ਹੈ, ਇਹ ਚੰਗੀ ਗੱਲ ਹੈ। ਜੇ ਇਹਨੇ ਕੇਵਲ ਆਪਣੀ ਹੱਡਬੀਤੀ ਹੀ ਲਿਖੀ ਹੈ ਅਤੇ ਵਡੇਰੇ ਪ੍ਰਸੰਗ ਉਹਦੀ ਲਿਖਤ ਵਿਚੋਂ ਆਪਣੇ ਆਪ ਉਜਾਗਰ ਹੋ ਗਏ ਹਨ, ਇਹ ਵੀ ਚੰਗੀ ਗੱਲ ਹੈ। ਕਈ ਵਾਰ ਤਾਂ ਇਹ ਇਕ-ਅੱਧ ਵਾਕ ਨਾਲ ਵੱਡੀ ਗੱਲ ਕਹਿ ਜਾਂਦਾ ਸੀ। ਇਹਨੇ ਨਿਆਂਪਾਲਕਾ ਦੇ ਭ੍ਰਿਸ਼ਟਾਚਾਰ ਦਾ ਲੰਮਾ-ਚੌੜਾ ਜ਼ਿਕਰ ਕੀਤੇ ਬਿਨਾਂ ਏਨਾ ਲਿਖ ਕੇ ਹੀ ਨਕਸ਼ਾ ਖਿੱਚ ਦਿੱਤਾ ਸੀ: “ਇਨ੍ਹਾਂ ਜੱਟਾਂ ਦਾ ਕੇਸ ਸਾਹਬ ਕੋਲ ਸੀ।…ਉਂਜ ਕੇਸ ਤਾਂ ਉਨ੍ਹਾਂ ਦੇ ਹੱਕ ਵਿਚ ਹੀ ਹੋਣ ਵਾਲਾ ਸੀ, ਪਰ ਵਕੀਲ ਨੇ ਉਨ੍ਹਾਂ ਨੂੰ ਆਖ-ਵੇਖ ਕੇ ਤੋਹਫ਼ੇ ਵਜੋਂ ਸਾਹਬ ਨੂੰ ਮੱਝ ਭੇਟ ਕਰਵਾਈ ਸੀ।”
ਵਕੀਲ ਨਿਆਂ ਲਈ ਲੜਨ ਦੀ ਥਾਂ ਜੱਜਾਂ ਦੇ ਦਲਾਲ ਬਣਦੇ ਹਨ ਅਤੇ ਜੱਜ ਨਿਆਂ ਕਰਨ ਦੀ ਥਾਂ ਨਿਆਂ ਵੇਚਦੇ ਹਨ ਤੇ ਉਨ੍ਹਾਂ ਨੂੰ ਤੋਹਫੇ ਵਜੋਂ ਮੱਝਾਂ ਭੇਟ ਹੁੰਦੀਆਂ ਹਨ। ਜੱਜਾਂ ਵੱਲੋਂ ਸਰਕਾਰੀ ਮੁਲਾਜ਼ਮ ਅਰਦਲੀਆਂ ਨੂੰ ਘਰੇ ਦਾਸਾਂ ਵਾਂਗ ਵਰਤੇ ਜਾਣਾ ਅਸਦਾਚਾਰਕ ਤਾਂ ਹੈ ਹੀ, ਗ਼ੈਰ-ਕਾਨੂੰਨੀ ਵੀ ਹੈ। ਤੇ ਇਹ ਅਸਦਾਚਾਰਕਤਾ ਅਤੇ ਗ਼ੈਰ-ਕਾਨੂੰਨੀਅਤ ਉਹ ਕਰਦੇ ਹਨ, ਜਿਨ੍ਹਾਂ ਤੋਂ ਉੱਚੀਆਂ-ਸੁੱਚੀਆਂ ਸਦਾਚਾਰਕ ਕਦਰਾਂ-ਕੀਮਤਾਂ ਦੀ ਅਤੇ ਕਾਨੂੰਨ ਦੀ ਰਾਖੀ ਦੀ ਆਸ ਕੀਤੀ ਜਾਂਦੀ ਹੈ। ਨੌਕਰੀ ਵਾਸਤੇ ਨਿੰਦਰ ਦੀ ਇੰਟਰਵਿਊ ਹੁੰਦੀ ਹੈ। ਨੌਕਰੀ “ਅਮਕਾ ਸਿੰਘ ਬਨਾਮ ਧਮਕਾ ਸਿੰਘ ਹਾਜ਼ਰ ਹੋ” ਦਾ ਹੋਕਾ ਦੇਣ ਲਈ ਅਰਦਲੀ ਦੀ ਹੈ ਪਰ ਇਕ ਇੰਟਰਵਿਊਕਾਰ ਜੱਜ ਪੁਛਦਾ ਹੈ, “ਘਰ ਦੇ ਕਿਹੜੇ ਕਿਹੜੇ ਕੰਮ ਜਾਣਨੈਂ? ਰੋਟੀ-ਰੂਟੀ ਬਣਾ ਲੈਨਾ ਏਂ?” ਤੇ ਉਹ ਇਹ ਵੀ ਸਪੱਸ਼ਟ ਕਰ ਦਿੰਦਾ ਹੈ, “ਕਾਕਾ, ਸਭ ਤੋਂ ਵੱਡੀ ਗੱਲ ਤਾਂ ਏਹੋ ਹੈ।” ਪਰ ਜੱਜ-ਨਿਵਾਸ ਵਿਚ ਇਹ ‘ਰੋਟੀ-ਰੂਟੀ’ ਜੋ ਰੂਪ ਧਾਰਦੀ ਹੈ, ਉਹ ਕੁਝ ਵਧੇਰੇ ਹੀ ਫੈਲਵਾਂ ਹੈ।
ਵੈਸੇ ਤਾਂ ਇਹ ਕੰਮ-ਸੰਗਲੀ ਦੂਜਾ ਇੰਟਰਵਿਊਕਾਰ ਜੱਜ ਹੀ ਸਮਝਾ ਦਿੰਦਾ ਹੈ, “ਕਾਕਾ, ਏਸ ਮਹਿਕਮੇ ਵਿਚ ਤਾਂ ਏ-ਟੂ-ਜ਼ੈੱਡ ਸਾਰੇ ਦੇ ਸਾਰੇ ਕੰਮ ਕਰਨੇ ਪੈਂਦੇ ਨੇ, ਰੋਟੀ ਬਣਾਉਣ ਤੋਂ ਲੈ ਕੇ ਭਾਂਡੇ ਸਾਫ਼ ਕਰਨ, ਕੱਪੜੇ ਧੋਣ, ਪਸੂ ਚੋਣ, ਪੱਠੇ ਪਾਉਣ, ਗੋਹਾ ਸਾਫ਼ ਕਰਨ, ਜੁਆਕ ਸਕੂਲ ਛੱਡਣ-ਲਿਆਉਣ ਤੱਕ!” ਫੇਰ ਇਹ ਸੋਚ ਕੇ ਕਿ ਕੋਈ ਕੰਮ ਰਹਿ ਨਾ ਜਾਵੇ, ਉਹ ਇਹ ਆਖ ਕੇ ਗੱਲ ਨਿਬੇੜਦਾ ਹੈ, “ਸਮਝ ਲੈ, ਕੋਠੀ-ਕਚਹਿਰੀ ਦੇ ਸਾਰੇ ਦੇ ਸਾਰੇ ਹੀ ਕੰਮ ਕਰਨੇ ਪੈਣੇ ਨੇ।” ਉਹ ਬੰਧੂਆ ਮਜ਼ਦੂਰ ਵਾਲਾ ਲੱਛਣ ਵੀ ਸਪੱਸ਼ਟ ਕਰ ਦਿੰਦਾ ਹੈ, “ਛੁੱਟੀ-ਛੱਟੀ ਕੋਈ ਨੀ, ਐਤਵਾਰ ਦੀ ਵੀ ਛੁੱਟੀ ਨੀ।” ਜਦੋਂ ਪੁਰਾਣੇ ਜੱਜ ਦੀ ਬਦਲੀ ਅਤੇ ਨਵੇਂ ਦੀ ਆਉਂਦ ਵਿਚਕਾਰ ਕੁਝ ਦਿਨਾਂ ਦਾ ਖੱਪਾ ਪੈਂਦਾ ਹੈ, ਸੁਪਰਡੈਂਟ ਹੀ ਵਿਚੋਂ ਦੀ ਗੋਲਾ-ਧੰਦਾ ਕਰਵਾਉਣ ਦਾ ਦਾਅ ਲਾ ਜਾਂਦਾ ਹੈ। ਉਹ ਹੁਕਮ ਕਰਦਾ ਹੈ, “ਓਨੇ ਦਿਨ ਤੂੰ ਮੇਰੇ ਕੋਲ ਡਿਊਟੀ ਦਿਆ ਕਰ।”
ਕਈ ਵਾਰ ਤਾਂ ਕੰਮਾਂ ਦੀ ਇਸ ਸੰਗਲੀ ਵਿਚ ਕੋਈ ਅਜੀਬ ਕੜੀ ਵੀ ਜੁੜ ਜਾਂਦੀ ਹੈ ਜਿਵੇਂ ਜੱਟ ਦੀ ਭੇਜੀ ਹੋਈ ਮੱਝ ਦਾ ਓਪਰਾ ਮੰਨ ਕੇ ਰਿੰਗਣਾ ਸੁਣਦਿਆਂ ਜੱਜ ਸਾਹਬ ਹੁਕਮ ਦਿੰਦੇ ਹਨ, “ਓਏ ਉਰ੍ਹੇ ਆ।…ਇਹਨੂੰ ਚੁੱਪ ਕਰਾ ਸਾਲੀ ਮੇਰੀ ਨੂੰ। ਕਿਵੇਂ ਰਿੰਗਣ ਲੱਗੀ ਐ। ਸਾਲੀਏ, ਘਰ ਆਈ ਐਂ, ਇਹ ਕਿਹੜਾ ਕਸਾਈਆਂ ਦੀ ਹਵੇਲੀ ਐ। ਹੂੰ, ਕਿਵੇਂ ਰਿੰਗਦੀ ਐ, ਕੁੜੀ ਚੋ…।”
ਇਕ ਹੈਰਾਨੀਜਨਕ ਗੱਲ ਜੱਜ ਸਾਹਿਬ ਦਾ ਸ਼ਬਦ-ਭੰਡਾਰ ਹੈ। ਜੇ ਕਿਤੇ ਉਹਨੂੰ ਲਿਖਣ ਦੀ ਚੇਟਕ ਹੁੰਦੀ, ਭਾਸ਼ਾ ਨੇ ਉਹਨੂੰ ਕਦੀ ਦਗ਼ਾ ਨਹੀਂ ਸੀ ਦੇਣਾ। ਉਦਾਹਰਨ ਵਜੋਂ, ਨਿੰਦਰ ਲਈ ਉਸ ਵੱਲੋਂ ਗੱਲ-ਗੱਲ ਵਿਚ ਵਰਤੇ ਗਏ ਗਾਲ਼-ਵਿਸ਼ੇਸ਼ਣਾਂ ਦੇ ਮੋਤੀ ਅਨੇਕ ਪੰਨਿਆਂ ਉੱਤੇ ਬਿਖ਼ਰੇ ਪਏ ਹਨ। ਉਹ ਇਹਨੂੰ “ਨਿੰਦਰੀ ਜਿੰਦਰੀ, ਤੂੰਬੀ ਮਾਸਟਰ” ਤੋਂ ਸ਼ੁਰੂ ਕਰ ਕੇ “ਮਰਾਸੀ, ਸਾਲਾ ਮਰਾਸੀ, ਕੰਜਰ ਦਾ ਮਰਾਸੀ, ਯੱਭਲ, ਝੱਲਾ, ਬਊਂ ਬਊਂ ਕਰਨ ਵਾਲੇ ਕੁੱਤੇ ਦੀ ਜੀਭੀ, ਭੂਤਨਾ, ਸਾਲਾ ਹਰਾਮੀ, ਸਾਲਾ ਭੰਡ, ਸਾਲਾ ਪਖੰਡੀ, ਕੰਜਰ ਦਾ, ਸ਼ਤਾਨ ਦੀ ਟੂਟੀ, ਦੁਰ ਫਿੱਟੇ ਮੂੰਹ, ਢੇਰਨਾ, ਬਤੁੰਨਾ ਜਿਆ, ਕੁੱਤਾ, ਸਾਲਾ ਘੋਗੜ ਕਾਂ, ਉੱਲੂ ਦਾ ਪੱਠਾ, ਪਾਗਲ, ਕਲੰਕ, ਅੰਨ੍ਹਾ” ਆਦਿ ਆਦਿ ਕਹਿੰਦਾ ਹੋਇਆ “ਭੈਣ ਚੋ” ਉੱਤੇ ਆ ਤੋੜਾ ਝਾੜਦਾ ਹੈ। ਤੇ ਜੇ ਉਹ ਮੂੰਹ ਦੀ ਭਾਸ਼ਾ ਨੂੰ ਘੱਟ ਪ੍ਰਭਾਵਸ਼ਾਲੀ ਰਹਿ ਗਈ ਸਮਝਦਾ ਹੈ, ਤਦ ਹੱਥ ਦੀ ਭਾਸ਼ਾ ਵਰਤਦਿਆਂ ਇਹਨੂੰ ਭੈਣ ਦੀ ਗਾਲ਼ ਕੱਢ ਕੇ ਅਤੇ ਗਲਮਿਉਂ ਫੜ ਕੇ ਪੂਰੇ ਜ਼ੋਰ ਨਾਲ ਢੂਹੀ ਵਿਚ ਮੁੱਕਾ ਮਾਰਨੋਂ ਵੀ ਸੰਕੋਚ ਨਹੀਂ ਕਰਦਾ।
ਕਹਾਵਤ ਹੈ ਕਿ ਇਕ ਬਾਣੀਆ ਪਿੰਡ ਵਿਚ ਉਗਰਾਹੀ ਲਈ ਗਿਆ ਇਕ ਜੱਟ ਦੇ ਘਰੋਂ ਰੋਟੀ-ਦੁੱਧ ਖਾਂਦਾ-ਪੀਂਦਾ ਸੀ। ਇਕ ਵਾਰ ਉਹਦੇ ਘਰ ਉਹੋ ਜੱਟ ਕਿਸੇ ਮਜਬੂਰੀ ਵੱਸ ਰਾਤ ਕੱਟਣ ਆ ਗਿਆ। ਬਾਣੀਏ ਨੇ ਖ਼ੂਬ ਸੇਵਾ ਕੀਤੀ ਪਰ ਸਵੇਰੇ ਤੁਰਨ ਲੱਗੇ ਜੱਟ ਅੱਗੇ ਹੱਥ ਜੋੜ ਕੇ ਅਰਜ਼ ਗੁਜ਼ਾਰੀ ਕਿ ਪਿੰਡ ਜਾ ਕੇ ਮੇਰਾ ਕੋਈ ਵੀ ਜ਼ਿਕਰ ਨਾ ਕਰਨਾ। ਹੈਰਾਨ ਹੋਏ ਜੱਟ ਨੇ ਕਿਹਾ,“ਸੇਠ, ਜਿੰਨੀ ਸੇਵਾ ਤੂੰ ਕੀਤੀ ਹੈ, ਮੈਂ ਤਾਂ ਤੇਰੀ ਵਡਿਆਈ ਹੀ ਕਰੂੰ।” ਬਾਣੀਏ ਨੇ ਕਾਰਨ ਸਮਝਾਇਆ, “ਜੇ ਮੇਰੀ ਸੇਵਾ ਚੰਗੀ ਲੱਗੀ ਹੋਈ, ਕਹੇਂਗਾ, ਸਾਲੇ ਲਾਲੇ ਨੇ ਬੜੀ ਸੇਵਾ ਕੀਤੀ ਤੇ ਜੇ ਚੰਗੀ ਨਾ ਲੱਗੀ ਹੋਈ, ਕਹੇਂਗਾ, ਸਾਲੇ ਲਾਲੇ ਨੇ ਚੱਜ ਨਾਲ ਸੇਵਾ ਨਹੀਂ ਕੀਤੀ। ਮੈਨੂੰ ਤਾਂ ਦੋਵੇਂ ਪਾਸੇ ਹੀ ਸਾਲਾ ਬਣਨਾ ਪੈਣਾ ਐ!”
ਐਨ ਇਹੋ ਗੱਲ ਨਿੰਦਰ ਦੇ ਜੱਜ ਸਾਹਿਬ ਦੀ ਸੀ। ਜੇ ਉਹ ਇਹਦੇ ਗੀਤ-ਸੰਗੀਤ ਦੀ ਤਾਰੀਫ਼ ਕਰਦਾ ਹੈ, ਤਾਂ ਵੀ ਗਾਲ਼ ਦੇ ਕੇ ਹੀ ਕਰਦਾ ਹੈ, “ਦੁਰ ਫਿੱਟੇ ਮੂੰਹ ਤੇਰੇ ਕੰਜਰ ਦਿਆ! ਜਾਹ ਓਏ, ਤੈਨੂੰ ਕੁਝ ਨਹੀਂ ਆਉਂਦਾ ਸਿਵਾਏ ਟੁੰਗ-ਲੁੰਗ-ਲੁੰਗ ਤੋਂ।” ਤੇ ਜੇ ਉਹ ਇਹਦੇ ਗੀਤ-ਸੰਗੀਤ ਨੂੰ ਨਿੰਦਦਾ ਹੈ, ਫੇਰ ਤਾਂ ਗਾਲ਼ ਦੇਣੀ ਹੀ ਹੋਈ, “ਹੈਂਅ ਓਏ, ਸੁਣਿਆ ਮੇਰਾ ਗੌਣ? ਇਉਂ ਗਾਈਦੈ ਪੁੱਤ! ਅਸੀਂ ਗੌਣ ਜਾਣਦੇ ਐਂ! ਤੂੰ ਕੀ ਜਾਣਦੈਂ ਸਵਾਏ ਭਕਾਈ ਤੋਂ।” ਨਿੰਦਰ ਨੇ ਇਕ ਚੰਗੀ ਗੱਲ ਇਹ ਕੀਤੀ ਹੋਈ ਸੀ ਕਿ ਇਸ ‘ਮਹਾਂਨਾਇਕ’ ਤੋਂ ਪਹਿਲੇ ਅਤੇ ਪਿਛਲੇ ਜੱਜਾਂ ਦਾ, ਜੋ ਚੰਗੇ ਮਨੁੱਖ ਸਨ, ਲੋੜੀਂਦਾ ਜ਼ਿਕਰ ਕਰ ਕੇ ਸੰਤੁਲਨ ਕਾਇਮ ਕਰ ਦਿੱਤਾ ਸੀ। ਇਉਂ ਇਹ ਅਬੈੜਾ ਜੱਜ ਨਿਆਂਪਾਲਕਾ ਦਾ ਪ੍ਰਤੀਨਿਧ ਰੂਪ ਨਹੀਂ ਸੀ ਬਣਿਆ ਜਿਸ ਨਾਲ ਇਹ ਪ੍ਰਭਾਵ ਪੈਂਦਾ ਕਿ ਸਾਰੀ ਦੀ ਸਾਰੀ ਨਿਆਂਪਾਲਕਾ ਹੀ ਮਾੜੀ ਹੈ।
ਪਹਿਲਾ ਜੱਜ, ਜੋ ਛੇਤੀ ਹੀ ਬਦਲ ਜਾਂਦਾ ਹੈ, ਇਕ ਦਿਨ ਕਹਿੰਦਾ ਹੈ, “ਕਾਕਾ ਤੂੰ ਗੁਣੀ ਮੁੰਡਾ ਹੈਂ। ਤੂੰ ਅੱਗੋਂ ਹੋਰ ਪੜ੍ਹਾਈ ਕਰ ਲੈ। ਹੁਣ ਤੇਰੀ ਨੌਕਰੀ ਵਾਲਾ ਕੰਮ ਤਾਂ ਹੋ ਹੀ ਗਿਆ, ਪੜ੍ਹਾਈ ਤੇਰੇ ਕੰਮ ਆਊਗੀ। ਸਾਰੀ ਉਮਰ ਅਰਦਲਪੁਣਾ ਥੋੜ੍ਹੋ ਕਰਦਾ ਰਹੇਂਗਾ ਤੂੰ।” ਇਸ ਜੱਜ ਸਾਹਿਬ ਦੀ ਪਤਨੀ ਵੀ ਨਵੀਂ ਥਾਂ ਮਿਲਣ ਗਏ ਨੂੰ ਕਹਿੰਦੀ ਹੈ, “ਨਿੰਦਰ ਬੇਟੇ, ਗੱਲ ਸੁਣ ਮੇਰੀ। ਹੌਸਲਾ ਨਾ ਛੱਡੀਂ। ਫੇਰ ਤੈਨੂੰ ਤੇਰਾ ਨਵਾਂ ਸਾਹਿਬ ਪਿਆਰ ਵੀ ਤਾਂ ਕਰਦੈ। ਜੇ ਸ਼ਰਾਬ ਪੀ ਕੇ ਅਵਾ-ਤਵਾ ਬੋਲਦਾ ਐ ਤਾਂ ਚੁੱਪ ਕਰ ਰਿਹਾ ਕਰ। ਸਾਰੇ ਇਕੋ ਜਿਹੇ ਨਹੀਂ ਹੁੰਦੇ। ਕੋਈ ਹੋਰ ਚੰਗਾ ਆ ਜਾਊ।” ਉਹ ਮੁੜਨ ਲੱਗੇ ਨੂੰ ਇਹਨੂੰ ਪੈਂਟ ਤੇ ਕਮੀਜ਼ ਦਾ ਵਧੀਆ ਕੱਪੜਾ ਵੀ ਦਿੰਦੀ ਹੈ ਅਤੇ ਕੁਝ ਰੁਪਈਏ ਵੀ ਜੇਬ ਵਿਚ ਪਾ ਦਿੰਦੀ ਹੈ।
ਉਨ੍ਹਾਂ ਦਾ ਇਕੋ-ਇਕ ਨੌਜਵਾਨ ਪੁੱਤਰ ਰਿੰਕੂ ਤਾਂ ਪਹਿਲੇ ਦਿਨ ਹੀ ਇਹਦਾ ਨਾਂ ਸੁਣ ਕੇ ਕੁਰਸੀ ਤੋਂ ਖੜ੍ਹਾ ਹੋ ਜਾਂਦਾ ਹੈ ਅਤੇ ਖੁਸ਼ੀ-ਖੁਸ਼ੀ ਹੱਥ ਮਿਲਾ ਕੇ ਕਹਿੰਦਾ ਹੈ, “ਲੈ ਯਾਰ, ਕਮਾਲ ਐ ਵੀਰੇ, ਮੈਂ ਤਾਂ ਤੇਰਾ ਨਾਂ ਵੀਹ ਵਾਰੀ ਪੜ੍ਹਿਆ ਐ ਅਖ਼ਬਾਰਾਂ ਵਿਚ।” ਫੇਰ ਉਹ ਝੋਰਾ ਕਰਦਾ ਹੈ, “ਯਾਰ, ਤੂੰ ਕਿਵੇਂ ਆ ਗਿਆ ਇਹੋ ਜਿਹੇ ਕੰਮ ਵਿਚ…ਹੈਂਅ? ਤੂੰ ਸਾਹਿਤਕਾਰ ਐਂ ਤੇ ਅਰਦਲੀ ਲੱਗਣ ਲੱਗਿਆਂ ਐਂ ਯਾਰ।” ਉਹ ਆਪਣੀ ਮਾਂ ਨੂੰ ਇਹਦਾ ਲੇਖਕ ਹੋਣਾ ਦਸਦਾ ਹੈ ਅਤੇ ਉਹ ਪ੍ਰਭਾਵਿਤ ਹੋ ਕੇ ਕਹਿੰਦੀ ਹੈ ਕਿ ਸਾਹਿਬ ਤੋਂ ਇਹਦੀ ਨੌਕਰੀ ਦੇ ਪੱਕੇ ਆਰਡਰ ਹੀ ਕਰਵਾ ਦਿੰਦੇ ਹਾਂ। ਉਹ ਆਪਣੇ ਪਿਤਾ ਨੂੰ ਦਸਦਾ ਹੈ, “ਆਹ ਵੇਖੋ, ਰਾਸ਼ਟਰਪਤੀ ਹੱਥੋਂ ਕਿਤਾਬ ਰਿਲੀਜ਼ ਕਰਵਾ ਰਿਹਾ ਐ। ਕਿਵੇਂ ਖੜ੍ਹਾ ਐ ਫੱਬ ਕੇ। ਤੇ ਐਥੇ ਅਰਦਲੀ ਲੱਗਿਆ ਫਿਰਦਾ ਐ। ਇਹ ਸਭ ਪੇਟ ਦਾ ਮਸਲਾ ਐ। ਮੈਂ ਤਾਂ ਇਹਨੂੰ ਕਹਿਨਾਂ, ਇਹ ਅੱਗੋਂ ਹੋਰ ਪੜ੍ਹੇ ਤੇ ਚੰਗੀ ਨੌਕਰੀ ਉਤੇ ਲੱਗੇ।”
ਇਸੇ ਪ੍ਰਕਾਰ ਤੀਜਾ ਜੱਜ, ਜਿਸਦੀ ਸੇਵਾ ਅਬੈੜੇ ਜੱਜ ਮਗਰੋਂ ਪੱਲੇ ਪੈਂਦੀ ਹੈ, ਵੀ ਆਪਣੇ ਕੰਮ ਵਿਚ ਮਸਤ ਰਹਿਣ ਵਾਲਾ ਚੰਗਾ ਆਦਮੀ ਹੈ। ਪਰ ਉਹਦੀ ਚੰਗਿਆਈ ਦੀ ਸਾਰੀ ਕਸਰ ਨੌਕਰਾਂ ਨੂੰ ਟਿਕਣ ਨਾ ਦੇਣ ਵਾਲੀ ਅਤੇ ਤੋੜ-ਤੋੜ ਖਾਣ ਵਾਲੀ ਉਹਦੀ ਪਤਨੀ ਪੂਰੀ ਕਰ ਦਿੰਦੀ ਹੈ।
ਇਉਂ ਸਾਰੇ ਜੱਜ ਸਾਧਾਰਨ ਬੰਦਿਆਂ ਵਾਂਗ ਭਾਂਤ-ਸੁਭਾਂਤੇ ਰੂਪ ਵਿਚ ਸਾਹਮਣੇ ਆਉਂਦੇ ਹਨ। ਉਹ ਸਾਰੇ ਦੇ ਸਾਰੇ ਕਿਸੇ ਵਿਸ਼ੇਸ਼ ਨਿਆਂਕਾਰ ਅਤੇ ਨਿਆਂਪਾਲਕ ਸਾਂਚੇ ਵਿਚ ਢਲੇ ਹੋਏ ਨਹੀਂ ਦਿਸਦੇ, ਜਦੋਂ ਕਿ ਸਮਾਜਕ ਭਲੇ ਲਈ ਜ਼ਰੂਰ ਇਉਂ ਢਲੇ ਹੋਏ ਹੋਣੇ ਚਾਹੀਦੇ ਹਨ।
ਜਦੋਂ ਨਿੰਦਰ ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ਵਿਚ ਮੈਨੂੰ ਮਿਲਣ ਆਇਆ ਸੀ, ਮੈਂ ਇਹਦਾ ਚਾਰ ਪੁਸਤਕਾਂ ਦਾ ਲੇਖਕ ਹੋਣਾ ਜਾਣ ਕੇ ਮਖੌਲ ਨਾਲ ਇਹ ਵੀ ਪੁੱਛਿਆ ਸੀ, “ਬਈ ਇਕ ਗੱਲ ਸੱਚੋ-ਸੱਚ ਦੱਸ। ਤੂੰ ਜਿੰਨਾ ਦਿਸਦਾ ਹੈਂ, ਏਡਾ ਹੀ ਹੈਂ ਜਾਂ ਏਨਾ ਧਰਤੀ ਵਿਚ ਵੀ ਹੈਂ?” ਇਹ ਖਿੜਖਿੜ ਹੱਸਿਆ ਸੀ, “ਨਾ ਐਂਕਲ ਜੀ, ਧਰਤੀ ਵਿਚ ਤਾਂ ਮੈਂ ਭੋਰਾ ਵੀ ਨਹੀਂ ਜੀ। ਮੈਂ ਤਾਂ ਏਡਾ ਹੀ ਆਂ ਜੀ, ਬੱਸ ਛੋਟਾ ਜਿਹਾ।” ਤੇ ਫੇਰ ਉਹ ਆਬਦੇ ਨਿੱਕੇ ਜਿਹੇ ਸਰੀਰ ਵੱਲ ਦੇਖ ਕੇ ਬੋਲਿਆ ਸੀ, “ਹੋਰ ਬੱਚੇ ਕਿੱਡੇ ਕੁ ਹੁੰਦੇ ਐ ਜੀ, ਐਂਕਲ ਜੀ? ਮੈਂ ਤਾਂ ਥੋਡਾ ਬੱਚਾ ਆਂ ਜੀ।” ਪਰ ਜੱਜਾਂ ਬਾਰੇ ਲੇਖ ਪੜ੍ਹ ਕੇ ਲਗਿਆ, ਇਹ ਥੋੜ੍ਹਾ ਜਿਹਾ ਤਾਂ ਧਰਤੀ ਵਿਚ ਜ਼ਰੂਰ ਹੈ। ਸਾਹਿਬ ਤਾਂ ਜੋ ਸੀ, ਸੋ ਸੀ ਹੀ, ਇਹ ਵੀ ਉਹਦੇ ਨਾਲ ਪੰਗੇ ਲੈਣੋਂ ਨਹੀਂ ਸੀ ਹਟਦਾ। ਇਹ ਆਪ ਮੰਨਦਾ ਹੈ, “ਕਈ ਵਾਰੀ ਤਾਂ ਜੱਜ ਸਾਹਬ ਨੂੰ ਛੇੜ ਕੇ ਮੈਨੂੰ ਬੜਾ ਸੁਆਦ ਆਉਂਦਾ ਸੀ।” ਜੱਜ ਦੀ ਪਾਈ ਹੋਈ ਉੱਨੀ ਦੇ ਬਦਲੇ ਇਹ ਇੱਕੀ ਪਾਉਂਦਾ ਹੈ ਤੇ ਵਾਰ-ਵਾਰ ਪਾਉਂਦਾ ਹੈ।
ਇਕ ਦਿਨ ਜੱਜ ਸਾਹਬ ਨੂੰ ਪਿਆਉਣ ਲਈ ਜਦੋਂ ਇਹ ਪਾਣੀ ਦਾ ਗਲਾਸ ਹੱਥ ਵਿਚ ਫੜ ਕੇ ਲੈ ਜਾਂਦਾ ਹੈ, ਉਹ ਗਾਲ਼ਾਂ ਦੇਣ ਲਗਦਾ ਹੈ। ਕਹਿੰਦਾ ਹੈ, ਉਹ ਜਾਂ ਉਹਦਾ ਕੋਈ ਮਹਿਮਾਨ ਕੁਛ ਵੀ ਮੰਗੇ, ਉਹ ਚੀਜ਼ ਟਰੇਅ ਵਿਚ ਰੱਖ ਕੇ ਲਿਆਉਣੀ ਹੈ। ਅਗਲੇ ਦਿਨ ਜਦੋਂ ਇਕ ਮਹਿਮਾਨ ਇਹਨੂੰ ਕਾਰ ਵਿਚ ਪਈ ਐਨਕ ਡਰਾਈਵਰ ਤੋਂ ਮੰਗ ਲਿਆਉਣ ਲਈ ਭੇਜਦਾ ਹੈ, ਇਹ ਜਾਣ-ਬੁੱਝ ਕੇ ਐਨਕ ਵੀ ਟਰੇਅ ਵਿਚ ਰੱਖ ਕੇ ਜਾ ਪੇਸ਼ ਕਰਦਾ ਹੈ। ਜੱਜ ਮੱਥੇ ਉੱਤੇ ਹੱਥ ਮਾਰਦਾ ਹੈ, “ਦੁਰ ਫਿੱਟੇ ਮੂੰਹ ਤੇਰੇ ਢੇਰਨਿਆ! ਅਕਲ ਦਾ ਮਾਰਿਆ ਹੋਇਆ! ਇਹ ਕੀ?” ਇਹ ਫੇਰ ਵੀ ਅੱਗੋਂ ਚੁੱਪ ਕਰਨ ਦੀ ਥਾਂ ਉਹਦਾ ਹੀ ਕੱਲ੍ਹ ਵਾਲਾ ਆਦੇਸ਼ ਚੇਤੇ ਕਰਵਾ ਦਿੰਦਾ ਹੈ। ਉਹਨੂੰ ਹੋਰ ਅੱਗ ਲੱਗ ਜਾਂਦੀ ਹੈ, “ਚੁੱਪ ਕਰ, ਸਾਲਾ ਭੌਂਕਦਾ ਐ। ਜੇ ਮੈਂ ਜੁੱਤੀ ਜਾਂ ਬੂਟ ਮੰਗੇ, ਉਹ ਵੀ ਟਰੇਅ ਵਿਚ ਰੱਖੇਂਗਾ? ਭੱਜ ਜਾ ਇੱਥੋਂ ਜੱਭਲ ਜਿਆ।” ਤੇ ਇਹ ਰਸੋਈ ਵਿਚ ਜਾ ਕੇ ਹੱਸ-ਹੱਸ ਦੂਹਰਾ ਹੁੰਦਾ ਰਹਿੰਦਾ ਹੈ।
ਜਦੋਂ ਮੱਝ ਦੀ ਕੱਟੀ ਮਰ ਜਾਂਦੀ ਹੈ, ਇਹ ਭੋਲੇ ਜਿਹੇ ਮੂੰਹ ਨਾਲ ਆਖਦਾ ਹੈ, “ਸਰ ਜੀ, ਮੱਝ ਬੜੀ ਰੋਈ ਰਾਤ। ਹੁਣ ਵੀ ਰੋਂਦੀ ਐ। ਵਿਚ-ਵਿਚ ਵੈਣ ਵੀ ਪਾਉਂਦੀ ਐ ਕੱਟੀ ਦੇ…ਧੀ ਮਰ ਗਈ!” ਜੱਜ ਦਾ ਤਿੜਕਣਾ ਸੁਭਾਵਿਕ ਹੈ, “ਫਿੱਟੇ ਮੂੰਹ ਤੇਰੇ ਜੰਮਣ ਦੇ! ਮੈਂ ਕੀ ਕਰਾਂ ਫੇਰ? ਤੂੰ ਵੀ ਰੋ ਲੈ ਮੱਝ ਦੇ ਗਲ ਨੂੰ ਚਿੰਬੜ ਕੇ। ਜਦੋਂ ਤੂੰ ਮਰਿਆ, ਤੇਰੀ ਮਾਂ ਵੀ ਏਵੇਂ ਈ ਰੋਊ ਤੈਨੂੰ।”
ਬਹੁਕਰ ਨਾ ਮਿਲਣ ਉੱਤੇ ਇਹ ਜੱਜ ਨੂੰ ਜਾ ਪੁਛਦਾ ਹੈ, “ਸਰ, ਤੁਸੀਂ ਤਾਂ ਨਹੀਂ ਦੇਖੀ ਕਿਤੇ ਬਹੁਕਰ ਪਈ?” ਜੱਜ ਕੱਪੜਿਉਂ ਬਾਹਰ ਨਾ ਹੋਵੇ ਤਾਂ ਕੀ ਕਰੇ? “ਮੈਂ ਬਹੁਕਰ ਦੀ ਰਾਖੀ ਕਰਦਾਂ ਐਥੇ? ਹੇਖਾਂ! ਮੈਂ ਬਹੁਕਰ ਸੰਭਾਲਿਆ ਕਰਾਂ? ਮੈਨੂੰ ਬਹੁਕਰ ਪੁਛਦੈ।” ਉਹ ਭਖ ਜਾਂਦਾ ਹੈ।
ਉਸ ਦਿਨ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਜੱਜ ਅਜੇ ਚੱਜ ਨਾਲ ਕਾਰ ਵਿਚ ਬੈਠਾ ਵੀ ਨਹੀਂ ਹੁੰਦਾ ਅਤੇ ਇਹ ਕਾਰ ਦੀ ਤਾਕੀ ਜ਼ੋਰ ਨਾਲ ਬੰਦ ਕਰ ਦਿੰਦਾ ਹੈ। ਉਹਦਾ ਪੈਰ ਚੀਥੜਿਆ ਜਾਂਦਾ ਹੈ ਅਤੇ ਦੰਦ ਪੀਂਹਦਿਆਂ ਤੇ ਪੈਰ ਨੂੰ ਹੱਥਾਂ ਨਾਲ ਘੁਟਦਿਆਂ ਉਹ ਚੀਕਦਾ ਹੈ, “ਓ ਹੋ ਹਾਇ ਓਏ! ਤੇਰੀ ਬੇੜੀ ਬਹਿ ਜੇ…ਓ ਹੋ ਹੋ, ਮੈਂ ਮਰ ਗਿਆ…ਆ ਜਾ, ਆ ਜਾ, ਕੋਠੀ ਆ ਜਾ…ਤੈਨੂੰ ਚਬਾਊਂ ਮੈਂ ਦਾਖੂ ਦਾਣੇ…ਆਈਂ, ਤੇਰੀਆਂ ਟੰਗਾਂ ਭੰਨੂੰ।” ਤੇ ਇਹਦੇ ਕੋਠੀ ਪਹੁੰਚਣ ਉੱਤੇ ਉਹ ਤਿੜਕਦਾ ਹੈ, “ਤੂੰ ਭੈਣ ਚੋ…ਨਿੱਕਲ ਜਾ ਇਥੋਂ, ਸਾਲਿਆ। ਕੁੱਤਾ ਕਿਸੇ ਥਾਂ ਦਾ। ਕਿੱਥੋਂ ਪੇਸ਼ ਪਿਆ ਐਂ ਮੇਰੇ, ਅੰਨ੍ਹਿਆ ਕਿਸੇ ਥਾਂ ਦਿਆ। ਤੇਰੀ ਬਹਿ ਜਾਏ ਬੇੜੀ ਸਮੁੰਦਰ ਦੇ ਅੱਧ ਵਿਚ ਜਾ ਕੇ। ਇਉਂ ਅੜਾਈਂਦੀ ਐ ਤਾਕੀ? ਪੈਰ ਭੰਨ ਦਿੱਤਾ ਮੇਰਾ, ਭੂਤਣਿਆ ਕਿਤੋਂ ਦਿਆ!”
ਜਦੋਂ ਡਾਕਟਰ ਦਵਾਈ ਮਲ ਕੇ ਰਾਤ ਨੂੰ ਇਕ ਵਾਰ ਫੇਰ ਮਲਣ ਲਈ ਸ਼ੀਸ਼ੀ ਇਹਦੇ ਵੱਲ ਕਰਦਾ ਹੈ, ਜੱਜ ਕੂਕਦਾ ਹੈ, “ਇਹਨੇ ਕੀ ਲਾਉਣੀ ਐ ਸੁਆਹ ਤੇ ਖੇਹ। ਲਿਆਓ ਮੈਨੂੰ ਫੜਾਓ ਡਾਕਟਰ ਸਾਹਿਬ ਤੁਸੀਂ, ਮੈਂ ਆਪੇ ਈ ਲਾ ਲਊਂਗਾ।” ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਜਾਣ-ਬੁੱਝ ਕੇ ਕੀਤੇ ਜਾਂ ਅਣਜਾਣੇ ਵਿਚ ਹੋ ਗਏ ਇਸ ਕਾਰਨਾਮੇ ਨਾਲ ਗੇਟ ਮੂਹਰੇ ਖੜ੍ਹਾ ਗੰਨਮੈਨ ਵੀ ਬਾਗ਼ੋਬਾਗ ਹੈ ਤੇ ਦੂਜਾ ਅਰਦਲੀ ਕਿਸ਼ਨ ਵੀ ਆਖਦਾ ਹੈ, “ਸਾਹਿਬ ਵੀ ਤੇਰੇ ਕੋਲੋਂ ਈ ਠੀਕ ਹੁੰਦਾ ਐ। ਮੇਰੇ ਵਰਗੇ ਨੂੰ ਇਹ ਕੀ ਸਮਝਦੈ। ਚੰਗਾ ਪੈਰ ਭੰਨਿਆ ਸਾਲੇ ਦਾ।”
ਸਾਹਿਬ ਪਹਿਲੇ ਵੀਹ-ਪੱਚੀ ਦਿਨ ਚੰਗਾ ਰਹਿੰਦਾ ਹੈ। ਇਹਦੇ ਗਾਉਣ ਦੀ ਵਡਿਆਈ ਕਰਦਾ ਹੈ, “ਓਏ ਨਿੰਦਰਾ, ਤੂੰ ਤਾਂ ਕਮਾਲ ਕਰ ਦਿੱਤੀ। ਤੂੰ ਐਥੇ ਅਰਦਲੀ ਲੱਗ ਕੇ ਕੀ ਲੈਣਾ ਸੀ ਓਏ? ਤੂੰ ਸਟੇਜਾਂ ਉੱਤੇ ਗਾ। ਵਾਧੂ ਰੁਪਈਏ। ਤੇਰੇ ਕੋਲ ਕਲਾ ਐ।” ਪਰ ਛੇਤੀ ਹੀ ਉਹ ਗੱਲ-ਗੱਲ ਉੱਤੇ ਮਰਾਸੀ ਕਹਿਣ ਲੱਗ ਪੈਂਦਾ ਹੈ। ਉਹ ਗਾਲ਼ਾਂ ਲਈ ਲੱਭ-ਲੱਭ ਕੇ, ਚੁਣ-ਚੁਣ ਕੇ ਸ਼ਬਦ ਲਿਆਉਂਦਾ ਹੈ। ਇਹ ਆਪਣੀ ਥਾਂ ਲੱਖਣ ਲਾਉਂਦਾ ਹੈ ਕਿ ਜੱਜ ਨੂੰ ਕੋਈ ਘਰੇਲੂ ਟੈਨਸ਼ਨ ਹੈ; ਬੀਬੀ ਜੀ ਲੜਦੀ ਹੋਊ ਜੋ ਇਥੇ ਨਹੀਂ ਆਉਂਦੀ। ਹੁਣ ਇਹਨੂੰ ਚੈਨ ਕਿੱਥੇ! ਜਾ ਪੁੱਛਦਾ ਹੈ, ਬੀਬੀ ਜੀ ਕਦੋਂ ਆਉਣਗੇ। ਇਹਨੇ ਤਾਂ ਜਿਵੇਂ ਜੱਜ ਦੇ ਦੁਖਦੇ ਪੈਰ ਉੱਤੇ ਪੈਰ ਰੱਖ ਦਿੱਤਾ ਹੋਵੇ, “ਤੂੰ ਬੀਬੀ ਤੋਂ ਕੀ ਦਹੀਂ ਲੈਣੀ ਐਂ? ਕੁੱਤੇ ਦੀ ਪੂਛ ਐਂ ਤੂੰ, ਬਾਰਾਂ ਸਾਲਾਂ ਪਿੱਛੋਂ ਵੀ ਵਿੰਗੀ ਦੀ ਵਿੰਗੀ। ਭੌਂਕਣੋ ਹਟ ਜਾਇਆ ਕਰ ਕਿਸੇ ਵੇਲੇ।” ਗੱਲ ਉਸ ਸਮੇਂ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਜਦੋਂ ਸਾਹਿਬ ਆਪਣੇ ਸਾਂਢੂ ਦੇ ਸੁਲਾਹ ਦੇ ਜਤਨਾਂ ਦੇ ਜਵਾਬ ਵਿਚ ਆਖਦਾ ਹੈ, “ਵੇਖੋ ਤਸੀਲਦਾਰ ਸਾਹਿਬ, ਮੈਂ ਬੜਾ ਭੈੜਾ ਬੰਦਾ ਆਂ। ਮੈਂ ਓਸ ਜ਼ਨਾਨੀ ਦੇ ਪੈਰੀਂ ਕਿਉਂ ਪਵਾਂ ਜਾ ਕੇ? ਆਵੇ, ਨਾ ਆਵੇ।…”
ਘਰੇਲੂ ਪਰੇਸ਼ਾਨੀ ਤੋਂ ਇਲਾਵਾ ਜੱਜ ਦੇ ਖਿਝੇ ਰਹਿਣ ਦਾ ਇਕ ਹੋਰ ਕਾਰਨ ਸੀ ਜੋ ਅਨੇਕ ਘਟਨਾਵਾਂ ਵਿਚੋਂ ਉਭਰਦਾ ਸੀ। ਇਹ ਉਹਦਾ ਨਿੰਦਰ ਨਾਲ ਧੁਰ ਅੰਦਰੋਂ ਈਰਖਾ ਕਰਨਾ ਅਤੇ ਖਾਰ ਖਾਣਾ ਸੀ। ਰੱਬ ਹੀ ਜਾਣੇ, ਉਹ ਵੀ ਇਸ ਬਾਰੇ ਸਚੇਤ ਸੀ ਕਿ ਨਹੀਂ ਅਤੇ ਇਹ ਵੀ ਇਹ ਗੱਲ ਸਮਝਦਾ ਸੀ ਕਿ ਨਹੀਂ। ਉਹ ਗੱਲ-ਗੱਲ ਉੱਤੇ ਇਹਨੂੰ ਨਹੀਂ, ਇਹਦੀ ਕਲਾ ਨੂੰ ਗਾਲ਼ਾਂ ਦਿੰਦਾ ਸੀ। ਕਿਥੇ ਉਹ ਇਕ ਜੱਜ, ਪਰ ਉਹਨੂੰ ਸੰਬੰਧਿਤ ਲੋਕਾਂ ਤੋਂ ਬਿਨਾਂ ਕੋਈ ਨਹੀਂ ਸੀ ਜਾਣਦਾ ਅਤੇ ਕਿਥੇ ਇਹ ਅਰਦਲੀ, ਜਿਸ ਦੀਆਂ ਫ਼ੋਟੋ ਤੇ ਲਿਖਤਾਂ ਅਖ਼ਬਾਰਾਂ ਵਿਚ ਛਪਦੀਆਂ ਸਨ, ਜੋ ਸਾਹਿਤਕ ਇਕੱਠਾਂ ਵਿਚ ਸ਼ਾਮਲ ਹੁੰਦਾ ਸੀ ਅਤੇ ਜਿਸ ਨੂੰ ਰੇਡੀਓ ਤੇ ਟੈਲੀਵੀਯਨ ਉੱਤੇ ਬੁਲਾਇਆ ਜਾਂਦਾ ਸੀ।
ਉਹ ਦਿਨੇ ਇਹਤੋਂ ਵਾਲ ਝਸਵਾ ਕੇ, ਸ਼ਾਮ ਨੂੰ ਪੀਣ ਮਗਰੋਂ “ਵਾਲ ਦੁਖਣ ਲਾ ਦਿੱਤੇ ਤੇ ਸਾਰੇ ਦੇ ਸਾਰੇ ਪੱਟ ਦਿੱਤੇ” ਆਖ ਕੇ ਕਹਿੰਦਾ ਹੈ, “ਕੋਈ ਨਾ ਪੁੱਤ, ਕੋਈ ਨਾ, ਤੈਨੂੰ ਮੈਂ ਬਣਾਊਂ ਵੱਡਾ ਗਵੱਈਆ! ਸਾਲਾ ਵੱਡਾ ਗਵੱਈਆ, ਆ ਗਿਐ, ਟੁੰਗ-ਲੁੰਗ-ਲੁੰਗ, ਮਰਾਸੀ ਕਿਤੋਂ ਦਾ ਮੇਰੇ ਪੇਸ਼ ਪੈ ਗਿਆ।” ਤੇ ਸਮੇਂ-ਸਮੇਂ ਉਹਦਾ ਇਹ ਨਿੰਦਿਆ-ਰਾਗ ਜਾਰੀ ਰਹਿੰਦਾ ਹੈ, “ਕੰਮ ਵੇਲੇ ਹੱਥ ਠਰਦੇ ਐ, ਟੁੰਗ-ਲੁੰਗ-ਲੁੰਗ ਕਰਨ ਨੂੰ ਕਿਵੇਂ ਚਲਦੇ ਐ ਸਾਰੀ ਦਿਹਾੜੀ?…ਭੰਨਾਂ ਤੇਰੀਆਂ ਟੰਗਾਂ ਸਾਲਿਆ ਵੱਡਿਆ ਗਵੱਈਆ।…ਮੈਂ ਕਰਦੈਂ ਤੇਰਾ ਹੀਲਾ-ਵਸੀਲਾ, ਵੱਡੇ ਗਵੱਈਏ ਦਾ।…ਕਿਵੇਂ ਖੜ੍ਹਾ ਐ ਸਾਲਾ ਆਕੜਿਆ ਕੋਹੜ-ਕਿਰਲੇ ਵਾਂਗੂੰ, ਮੰਤਰੀਆਂ ਦੇ ਨਾਲ। ਗਲ ’ਚ ਹਾਰ ਪਾਏ ਐ। ਬੂਥੀ ਹਾਰਾਂ ਆਲੀ ਐ ਤੇਰੀ? ਤੇਰੇ ਗਲ ਵਿਚ ਜੇ ਮੈਂ ਟੁੱਟੇ ਛਿੱਤਰਾਂ ਦੇ ਹਾਰ ਨਾ ਪਾਏ ਤਾਂ ਤੂੰ ਫੇਰ ਕਹੀਂ। ਆ ਗਿਆ ਵੱਡਾ ਗਵੱਈਆ ਤੂੰ, ਭੰਨੂੰ ਤੇਰੀਆਂ ਟੰਗਾਂ ਮੈਂ। ਤੇਰੀ ਤੁੰਗ-ਲੁੰਗ ਭੰਨਾਂ ਕਿ ਤੇਰੀ ਧੌਣ? ਦੋਵਾਂ ਵਿਚੋਂ ਕਿਹੜੀ ਭੰਨਾਂ? ਦੱਸ ਮੈਨੂੰ, ਕਿਹੜੀ ਭੰਨਾਂ ਓਇ?…ਜੇ ਤੇਰੀ ਉਂਗਲ ਵੱਢ ਦਿਆਂ ਮੈਂ ਹੁਣੇ, ਤੇਰੀ ਤੁੰਗ-ਲੁੰਗ ਕਿਵੇਂ ਵੱਜੂ? ਵੱਜੂਗੀ? ਜੇ ਵੱਜੂ ਤਾਂ ਦੱਸ ਉਏ।”
ਕਿਥੇ ਤਾਂ ਮੁੱਢਲੇ ਦਿਨੀਂ ਜੱਜ ਇਹਨੂੰ “ਕਮਾਲ ਕਰ ਦਿੱਤੀ” ਅਤੇ “ਤੇਰੇ ਕੋਲ ਕਲਾ ਐ” ਆਖ ਕੇ ਅਰਦਲੀ ਬਣੇ ਰਹਿਣ ਦੀ ਥਾਂ ਸਟੇਜਾਂ ਉੱਤੇ ਗਾਉਣ ਦੀ ਤੇ ਖੁੱਲ੍ਹੀ ਮਾਇਆ ਕਮਾਉਣ ਦੀ ਸਲਾਹ ਅਤੇ ਪ੍ਰੇਰਨਾ ਦਿੰਦਾ ਹੈ, ਕਿਥੇ ਹੁਣ ਉਚਰਦਾ ਹੈ, “ਹੈਂਅ ਓਏ ਮਰਾਸੀਆ, ਜੇ ਤੂੰ ਹਾਅ ਤੂੰਬੀ ਫੜ ਕੇ ਬੱਸਾਂ ਜਾਂ ਰੇਲ-ਗੱਡੀਆਂ ਵਿਚ ਗਾਣੇ ਸੁਣਾਵੇਂ ਲੋਕਾਂ ਨੂੰ, ਤੇ ਹੱਥ ਵਿਚ ਇਕ ਠੂਠਾ ਜਿਆ ਫੜ ਲਵੇਂ, ਤਾਂ ਤੈਨੂੰ ਘਾਟਾ ਤਾਂ ਕੋਈ ਨਹੀਂ ਰਹਿਣਾ ਉਏ”, ਤੇ ਉਹ “ਹੀਂ…ਹੀਂ…ਹੀਂ” ਹਸਦਾ ਹੈ। ਸਭ ਤੋਂ ਹਸਾਉਣਾ ਤੇ ਹਾਸੋਹੀਣਾ ਤਾਂ ਉਹ ਦ੍ਰਿਸ਼ ਹੈ ਜਦੋਂ ਕਦੀ ਵੀ ਨਾ ਗਾਇਆ ਅਤੇ ਨਾ ਵਜਾਇਆ ਹੋਣ ਦੇ ਬਾਵਜੂਦ ਜੱਜ ਆਪ ਚੰਗਾ ਗਮੰਤਰੀ ਅਤੇ ਵਜੰਤਰੀ ਹੋਣ ਦਾ ਦਾਅਵਾ ਕਰ ਕੇ ਇਹਤੋਂ ਤੂੰਬੀ ਫੜ ਲੈਂਦਾ ਹੈ ਅਤੇ ਗਾਉਣ ਲਗਦਾ ਹੈ। ਜੋ ਘਰਾਟ ਰਾਗ ਉਹਦੇ ਮੂੰਹੋਂ ਨਿਕਲਦਾ ਹੈ ਅਤੇ ਜੋ ਰੁਦਣ ਤੇ ਵਿਰਲਾਪ ਬਿਚਾਰੀ ਤੂੰਬੀ ਦੀਆਂ ਤਾਰਾਂ ਵਿਚੋਂ ਉਪਜਦਾ ਹੈ, ਉਹ ਨਾ ਕਦੀ ਕਿਸੇ ਨੇ ਸੁਣਿਆ, ਨਾ ਦੇਖਿਆ!
ਉਹ ਬਿਨ-ਪੀਤਿਆਂ ਵਾਹਵਾ ਠੀਕ ਰਹਿੰਦਾ ਸੀ ਪਰ ਗਲਾਸੀ ਅੰਦਰ ਜਾਂਦਿਆਂ ਹੀ ਉਹਦੇ ਤੌਰ ਬਦਲ ਜਾਂਦੇ ਸਨ। ਤੇ ਗਲਾਸੀ ਰੋਜ਼ ਸ਼ਾਮ ਨੂੰ ਅੰਦਰ ਜਾਂਦੀ ਸੀ ਜਿਸ ਦੇ ਨਾਲ ਹੀ ਉਹਦੀ ਨੌਟੰਕੀ ਸ਼ੁਰੂ ਹੋ ਜਾਂਦੀ ਸੀ। ਬਦਲੀ ਹੁੰਦਿਆਂ ਹੀ ਉਹ ਪੰਘਰ ਕੇ ਫੇਰ ਮੁੱਢਲੇ ਦਿਨਾਂ ਵਰਗਾ ਹੋ ਜਾਂਦਾ ਹੈ, “ਓਏ ਨਿੰਦਰਿਆ, ਗੱਲ ਸੁਣ ਓਏ, ਤੇਰੀ ਤੂੰਬੀ ਕੀ ਆਂਹਦੀ ਐ, ਟੁੰਗ-ਲੁੰਗ-ਲੁੰਗ? ਹੁਣ ਤੇਰੀ ਤੂੰਬੀ ਕੌਣ ਸੁਣੂ ਓਏ? ਮੈਂ ਕਿਵੇਂ ਸੁਣੂੰ ਹੁਣ ਤੇਰੀ ਤੂੰਬੀ? ਉਰ੍ਹੇ ਆ ਐਧਰ ਮੇਰੇ ਕੋਲ, ਆ ਉਰ੍ਹੇ। ਗੱਲ ਸੁਣ ਉਏ ਪੁੱਤ, ਤੇਰੀ ਟੁੰਗ-ਲੁੰਗ-ਲੁੰਗ, ਦੱਸ ਮੈਨੂੰ, ਮੈਂ ਕਿਵੇਂ ਸੁਣੂੰ?” ਉਹ ਇਹਨੂੰ ਆਪਣੇ ਕੋਲ ਬਿਠਾਉਂਦਾ ਹੈ, ਅੱਖਾਂ ਭਰ ਲੈਂਦਾ ਹੈ, ਇਹਨੂੰ ਗਲਵੱਕੜੀ ਵਿਚ ਲੈ ਲੈਂਦਾ ਹੈ, ਜੁਆਕਾਂ ਵਾਂਗ ਰੋ ਪੈਂਦਾ ਹੈ ਅਤੇ ਇਕ ਪੈੱਗ ਹੋਰ ਅੰਦਰ ਸੁੱਟ ਕੇ ਆਖਦਾ ਹੈ, “ਗੱਲ ਸੁਣ ਓਏ ਪੁੱਤ, ਹੁਣ ਜਾਂਦੀ ਵਾਰੀ ਗੌਣ ਸੁਣਾ ਦੇ। ਕੋਈ ਗਾ ਯਮਲੇ ਜੱਟ ਦਾ।” ਤੇ ਗੀਤ ਸੁਣ ਕੇ ਉਹਦੇ ਹਵਾਲੇ ਨਾਲ ਆਖਦਾ ਹੈ, “ਓਏ ਨਿੰਦਰਿਆ, ਓਏ ਹੁਣ ਅਸੀਂ ਵੀ ਦੂਰ ਦੇ ਸੱਜਣ ਹੋ ਗਏ ਓਏ। ਕੱਲ੍ਹ ਨੂੰ ਅਸੀਂ ਵੀ ਦੂਰ ਚਲੇ ਜਾਣਾ ਐ। ਓਏ ਨਿੰਦਰੀ, ਤੇਰੀ ਟੁੰਗ-ਲੁੰਗ-ਟੁੰਗ-ਲੁੰਗ ਕਿੱਥੋਂ ਸੁਣੂੰ ਹੁਣ? ਪੁੱਤ ਤੂੰ ਮੇਰੇ ਨਾਲ ਈ ਚੱਲ। ਮੈਂ ਤਾਂ ਤੈਨੂੰ ਨਾਲ ਈ ਲਿਜਾਣਾ ਐ। ਵੇਖੂੰ ਮੈਂ ਕਿਹੜਾ ਰੋਕਦਾ ਐ ਤੈਨੂੰ।…” ਤੇ ਪਾਠਕ ਹੈਰਾਨ ਹੁੰਦਾ ਹੈ, ਕਿਤੇ ਜੱਜ ਸਾਹਬ ਹਾਲਾਤ ਦੀ ਮਾਰ ਦਾ ਅਬੈੜਾ ਬਣਾਇਆ ਹੋਇਆ ਮੂਲ ਰੂਪ ਵਿਚ ਇਕ ਨਰਮ-ਦਿਲ ਅਤੇ ਜਜ਼ਬਾਤੀ ਆਦਮੀ ਤਾਂ ਨਹੀਂ? ਕਿਤੇ ਉਹ ਮਨੋਰੋਗੀ ਤਾਂ ਨਹੀਂ?
ਇਹ ਸਾਰਾ ਸਮਾਂ ਨਿੰਦਰ ਘੁਗਿਆਣਵੀ “ਦੜ ਵੱਟ, ਜ਼ਮਾਨਾ ਕੱਟ, ਭਲੇ ਦਿਨ ਆਵਣਗੇੇ…” ਗਾਉਂਦਿਆਂ ਤੇ ਸੋਚਦਿਆਂ ਲੰਘਾਉਂਦਾ ਹੈ। ਤੇ ਇਹਦੇ ਲਈ ਭਲੇ ਦਿਨ ਲਿਆਉਣ ਵਿਚ ਤੀਜੇ ਸਾਹਿਬ ਦੀ ਉਜੱਡ ਪਤਨੀ ਸਹਾਈ ਹੁੰਦੀ ਹੈ ਜਦੋਂ ਉਹ ਇਹਨੂੰ ਸਵੀਟੀ ਦੇ ਪਿਸ਼ਾਬ ਉੱਤੇ ਪੋਚਾ ਮਾਰਨ ਲਈ ਆਖਦੀ ਹੈ। ਇਹਦਾ ਸਵੈਮਾਣ ਜਾਗ ਪੈਂਦਾ ਹੈ ਅਤੇ ਇਹ ਸਹੇ ਨਾਲੋਂ ਵੱਧ ਪਹੇ ਤੋਂ ਡਰਦਾ ਹੈ, “ਮੈਂ ਨੀ, ਬੀਬੀ ਜੀ, ਪੋਚਾ-ਪੂਚਾ ਮਾਰਨਾ, ਮੈਂ ਥੋਨੂੰ ਦੱਸਾਂ, ਮੈਂ ਨੀ ਮਾਰਨਾ ਪੋਚਾ। ਭਲਕੇ ਕਹੋਂਗੇ, ਸਾਡੇ ਜੁਆਕਾਂ ਦੀ ਲੈਟਰਿਨ ਚੁੱਕ।” ਤੇ ਇਹ ਗੁਲਾਮੀ ਵਰਗੀ ਨੌਕਰੀ ਤੋਂ ਪਿੱਛਾ ਛੁਡਾ ਕੇ ਆਜ਼ਾਦ ਹੋ ਭੱਜ ਤੁਰਦਾ ਹੈ।
2001 ਵਿਚ ਇਹਨੇ ਉਨ੍ਹਾਂ ਲੇਖਾਂ ਨੂੰ ‘ਮੈਂ ਸਾਂ ਜੱਜ ਦਾ ਅਰਦਲੀ’ ਨਾਂ ਦੀ ਪੁਸਤਕ ਦਾ ਰੂਪ ਦੇਣ ਦਾ ਫ਼ੈਸਲਾ ਕੀਤਾ ਤੇ ਮੈਨੂੰ ਮੁੱਖ-ਸ਼ਬਦ ਲਿਖਣ ਲਈ ਕਿਹਾ। ਇਕ ਥਾਂ ਇਹਨੇ ਛੋਟੀ ਉਮਰ ਵਿਚ ਪਾਠ ਕਰਨ ਦੀ ਚੇਟਕ ਬਾਰੇ ਲਿਖਿਆ ਸੀ। ਇਹਨੇ ਦਸਿਆ ਸੀ ਕਿ ਜੇ ਕਦੀ ਕਿਸੇ ਅਖੰਡ ਪਾਠ ਲਈ ਪਾਠੀ ਥੁੜ ਜਾਂਦਾ ਸੀ ਤਾਂ ਇਲਾਕੇ ਦੇ ਪਾਠੀ ਸਿੰਘ ਇਹਨੂੰ ਲੈ ਜਾਂਦੇ ਸਨ। ਹੁਣ ਜਦੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਕਾਫ਼ੀ ਵਿਕਾਸ ਕਰ ਰਹੀਆਂ ਹਨ, ਚੰਗੇ ਵਾਰਤਕਕਾਰਾਂ ਦੀ ਅਜੇ ਵੀ ਥੁੜ ਹੈ। ਮੁੱਖ-ਸ਼ਬਦਾਂ ਵਿਚ ਮੈਂ ਕਾਮਨਾ ਕੀਤੀ ਸੀ, ਥੁੜੇ ਪਾਠੀ ਦੀ ਥਾਂ ਲੈਣ ਵਾਂਗ ਇਹ ਥੁੜੇ ਵਾਰਤਕਕਾਰ ਦੀ ਥਾਂ ਵੀ ਲਵੇ।
ਨਿੰਦਰ ਘੁਗਿਆਣਵੀ ਨੂੰ ਦੇਸ-ਪਰਦੇਸ ਵਿਚ ਵਸੇ ਬਹੁਤੇ ਪੰਜਾਬੀ ਇਹਦੇ ਵੱਖ-ਵੱਖ ਗੁਣਾਂ ਸਦਕਾ ਚੰਗੀ ਤਰ੍ਹਾਂ ਜਾਣਦੇ-ਪਛਾਣਦੇ ਹਨ। ਇਹ ਇਧਰਲੇ ਅਖ਼ਬਾਰਾਂ ਦੇ ਨਾਲ-ਨਾਲ ਕਈ ਹੋਰ ਦੇਸਾਂ ਦੇ ਅਖ਼ਬਾਰਾਂ ਵਿਚ ਕਈ ਸਾਲ ਤੋਂ ਕਾਲਮ ਲਿਖ ਰਿਹਾ ਹੈ। ਇਹਦੇ ਨਾਲ ਹੀ ਇਹ ਲੋਕਮੁਖੀ ਗਾਇਕ ਸਵਰਗੀ ਯਮਲਾ ਜੱਟ ਦਾ ਸਭ ਤੋਂ ਛੋਟੀ ਉਮਰ ਦਾ ਤੇ ਸਭ ਤੋਂ ਲਾਡਲਾ ਚੇਲਾ ਹੋਣ ਸਦਕਾ ਉਹਦੀਆਂ ਰਚਨਾਵਾਂ ਉਹਦੀ ਹੀ ਲੈਅ, ਸੁਰ ਤੇ ਆਵਾਜ਼ ਵਿਚ ਗਾ ਕੇ ਮੇਲਾ ਲੁੱਟ ਲੈਂਦਾ ਹੈ। ਇਹਦੀ ਤੂੰਬੀ ਦੀ ਟੁਣਕਾਰ ਲੋਕਾਂ ਦੇ ਦਿਲ ਵਿਚ ਤਾਂ ਥਾਂ ਬਣਾਉਂਦੀ ਹੀ ਹੈ, ਉਨ੍ਹਾਂ ਦੇ ਘਰਾਂ ਦੇ ਬੂਹੇ ਵੀ ਅਪਣੱਤ ਨਾਲ ਖੁਲ੍ਹਵਾ ਲੈਂਦੀ ਹੈ। ਪਰਦੇਸਾਂ ਦੇ ਇਹਦੇ ਦੌਰਿਆਂ ਵਿਚ ਕਲਮ ਨਾਲੋਂ ਤੂੰਬੀ ਵਧੇਰੇ ਸਹਾਈ ਰਹੀ ਲਗਦੀ ਹੈ।
ਸਾਹਿਤ ਤੇ ਸਭਿਆਚਾਰ ਬਾਰੇ ਹੁਣ ਤੱਕ ਇਹ ਅਨੇਕ ਪੁਸਤਕਾਂ ਲਿਖ ਚੁੱਕਿਆ ਹੈ। ਉਹ ਵੀ ਐਵੇਂ-ਕੈਵੇਂ ਦੀਆਂ ਨਹੀਂ, ਚੰਗੀਆਂ ਨਿੱਗਰ ਤੇ ਦਿਲਚਸਪ। ਕਈ ਪੁਸਤਕਾਂ ਪਰਵਾਸੀਆਂ ਦੇ ਦਿਲਾਂ ਵਿਚ ਤੇ ਘਰਾਂ ਵਿਚ ਨੀਝ ਨਾਲ ਦੇਖੇ ਅਤੇ ਮਹਿਸੂਸੇ ਦਾ ਬਹੁਪੱਖੀ ਤੇ ਬਹੁਰੰਗਾ ਵਰਨਣ ਹਨ। ਪਰ ਅਜਿਹੀਆਂ ਗੱਲਾਂ ਨੂੰ ਲੈ ਕੇ ਕੁਝ ਹੋਰ ਸਫ਼ਰਨਾਮਾ ਲੇਖਕਾਂ ਨਾਲੋਂ ਇਹਦਾ ਇਕ ਵੱਡਾ ਫ਼ਰਕ ਹੈ। ਜਿਥੇ ਕਈ ਗ਼ੈਰ-ਜ਼ਿੰਮੇਵਾਰ ਲੋਕ ਜਿਸ ਥਾਲੀ ਵਿਚ ਖਾ ਕੇ ਆਏ ਹੁੰਦੇ ਹਨ, ਲੇਖਾਂ ਤੇ ਪੁਸਤਕਾਂ ਵਿਚ ਉਸੇ ਦੀ ਬੇਅਦਬੀ ਕਰਦੇ ਹਨ, ਇਹ ਇਕ ਵੀ ਸ਼ਬਦ ਕਿਸੇ ਮੇਜ਼ਬਾਨ ਵਾਸਤੇ ਨਿਰਾਦਰੀ ਵਾਲਾ ਨਹੀਂ ਲਿਖਦਾ। ਇਹ ਉੁਨ੍ਹਾਂ ਦੇ ਦੁਖ-ਸੁਖ, ਝੋਰੇ ਤੇ ਹਾਸਲ ਅਪਣੱਤ ਨਾਲ, ਹਮਦਰਦੀ ਨਾਲ ਪੇਸ਼ ਕਰਦਾ ਹੈ।
ਇਹ ਸਤਰਾਂ ਲਿਖਦਿਆਂ ਮੈਂ ਫੋਨ ਕਰ ਕੇ ਉਮਰ ਪੁੱਛੀ। ਇਹ ਕੁੱਲ 46 ਸਾਲ ਦਾ ਹੈ। ਮੈਂ ਪੁੱਛਿਆ, ਤੇਰੀਆਂ ਪੁਸਤਕਾਂ ਕਿੰਨੀਆਂ ਹਨ ਹੁਣ ਤੱਕ? ਕਹਿੰਦਾ, 57 ਹੋ ਗਈਆਂ। 46 ਸਾਲ ਦੀ ਉਮਰ ਤੇ 57 ਪੁਸਤਕਾਂ! ਉਨ੍ਹਾਂ 57 ਪੁਸਤਕਾਂ ਵਿਚੋਂ ਕਈਆਂ ਦੇ ਇਕ ਤੋਂ ਵੱਧ ਐਡੀਸ਼ਨ ਛਪੇ ਹਨ, ਕਈ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋਈਆਂ ਹਨ। ਅੱਗੇ ਉਨ੍ਹਾਂ ਦੀ ਵੰਨਸੁਵੰਨਤਾ! 12 ਪੁਸਤਕਾਂ ਲੋਕਗੀਤਾਂ, ਲੋਕਸੰਗੀਤ ਤੇ ਗਾਇਕਾਂ ਬਾਰੇ ਹਨ, 9 ਪੁਸਤਕਾਂ ਰੇਖਾ-ਚਿੱਤਰਾਂ ਦੀਆਂ ਹਨ, 4 ਸਾਹਿਤਕ-ਸਭਿਆਚਾਰਕ ਖੇਤਰ ਦੇ ਪ੍ਰਸਿੱਧ ਨਾਂਵਾਂ ਦੀਆਂ ਜੀਵਨੀਆਂ ਹਨ, 4 ਸਵੈਜੀਵਨੀਆਂ ਤੇ ਯਾਦਾਂ ਹਨ, 4 ਸਫ਼ਰਨਾਮੇ ਹਨ ਤੇ 7 ਪੁਸਤਕਾਂ ਵਾਰਤਕ ਦੀਆਂ ਹਨ। ਗਲਪਕਾਰਾਂ ਤੇ ਬਾਲ-ਸਾਹਿਤ ਲੇਖਕਾਂ ਵਿਚ ਨਾਂ ਦਰਜ ਕਾਉਣ ਲਈ ਇਕ-ਇਕ ਪੁਸਤਕ ਇਨ੍ਹਾਂ ਖੇਤਰਾਂ ਦੀ ਵੀ ਲਿਖ ਦਿੱਤੀ ਹੈ। ਹੋਰ ਭਾਸ਼ਾਵਾਂ ਦੀਆਂ 4 ਪੁਸਤਕਾਂ ਨੂੰ ਪੰਜਾਬੀ ਵਿਚ ਅਨੁਵਾਦਿਆ ਹੈ ਤੇ 11 ਪੁਸਤਕਾਂ ਦਾ ਸੰਪਾਦਨ ਕੀਤਾ ਹੈ।
ਇਨ੍ਹਾਂ ਸਾਰੀਆਂ ਪੁਸਤਕਾਂ ਵਿਚੋਂ ਅਜੇ ਵੀ ਝੰਡੀ ਦੋ ਦਹਾਕੇ ਪਹਿਲਾਂ ਛਪੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਦੀ ਹੈ। ਪੰਜਾਬੀ ਵਿਚ ਉਹਦੇ 13 ਐਡੀਸ਼ਨ ਛਪ ਚੁੱਕੇ ਹਨ ਅਤੇ 10 ਭਾਰਤੀ ਭਾਸ਼ਾਵਾਂ ਤੇ ਅੰਗਰੇਜ਼ੀ ਵਿਚ ਉਹਦਾ ਅਨੁਵਾਦ ਹੋ ਚੁੱਕਿਆ ਹੈ। ਕਈ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਨੇ ਐਮ. ਫਿਲ. ਤੇ ਪੀ-ਐਚ. ਡੀ. ਦੀਆਂ ਡਿਗਰੀਆਂ ਲਈਆਂ ਹਨ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਬੀ. ਏ. ਭਾਗ ਦੂਜਾ ਲਈ ਉਹਨੂੰ ਪਾਠ-ਪੁਸਤਕ ਲਾਇਆ ਹੋਇਆ ਹੈ। ਭਾਰਤ ਵਿਚ ਇਸ ਦੀ ਛੋਟੀ ਫ਼ਿਲਮ ਬਣਾਈ ਗਈ ਤੇ ਲੰਡਨ ਦੇ ਦੇਸੀ ਰੇਡੀਓ ਨੇ ਇਸ ਦਾ ਲੜੀਵਾਰ ਬਣਾਇਆ।
ਇਹਦੀਆਂ ਸਾਹਿਤਕ ਤੇ ਗਾਇਕੀ ਸੰਬੰਧੀ ਪੁਸਤਕਾਂ ਦੀ ਗਿਣਤੀ ਜਾਣ ਕੇ ਮੇਰਾ ਹੈਰਾਨ ਹੋਣਾ ਕੁਦਰਤੀ ਸੀ, ਜਿਵੇਂ ਜੰਮਣ-ਸਾਰ ਲਿਖਣ-ਗਾਉਣ ਲੱਗ ਪਿਆ ਹੋਵੇ! ਆਪਣੀ ਹੈਰਾਨੀ ਦੱਸ ਕੇ ਮੈਂ ਪੁੱਛਿਆ, “ਉਇ ਨਿੰਦਰਾ, ਤੂੰ ਜੰਮਦਾ ਹੀ ਲਿਖਣ-ਗਾਉਣ ਲੱਗ ਪਿਆ ਸੀ?”
ਹੱਸ ਕੇ ਕਹਿੰਦਾ, “ਆਹੋ ਐਂਕਲ ਜੀ, ਇਕ ਹੱਥ ਵਿਚ ਕਲਮ ਸੀ ਤੇ ਦੂਜੇ ਵਿਚ ਤੂੰਬੀ। ਇਹ ਮੇਰੇ ਨਾਲ ਹੀ ਆਈਆਂ ਸੀ!”