ਪ੍ਰਭਸ਼ਰਨਦੀਪ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾਈ ਪ੍ਰਭੂਸੱਤਾ ਦਾ ਸਰਬਉੱਚ ਕੇਂਦਰ ਹੈ। ਸਿੱਖਾਂ ਦੀ ਦੁਸ਼ਮਣ ਹਿੰਦੁਸਤਾਨੀ ਹਕੂਮਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ। ਜੂਨ ਚੁਰਾਸੀ ਦੇ ਘੱਲੂਘਾਰੇ ਵੇਲੇ ਹਿੰਦੁਸਤਾਨੀ ਹਕੂਮਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲਾ ਕਰ ਕੇ ਆਪਣੀ ਸੱਤਾ ਜਮਾਉਣ ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ ਕਾਮਯਾਬ ਨਾ ਹੋਈ। ਇਸ ਤੋਂ ਬਾਅਦ ਹਿੰਦੁਸਤਾਨੀ ਹਕੂਮਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੰਦਰੋਂ ਢਾਹ ਲਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਮਝੌਤਾਵਾਦੀ ਧੜੇ, ਜਿਹੜੇ ਹਿੰਦੁਸਤਾਨੀ ਹਕੂਮਤ ਨਾਲ ਸਾਂਝ-ਭਿਆਲੀ ਵਿੱਚੋਂ, ਸਿੱਖਾਂ ਦੇ ਹਿਤਾਂ ਨੂੰ ਦਾਅ ‘ਤੇ ਲਾ ਕੇ, ਸੱਤਾ ਹਾਸਲ ਕਰਨੀ ਚਾਹੁੰਦੇ ਸਨ, ਅਜਿਹੇ ਮਨਸੂਬਿਆਂ ਦੀ ਪੂਰਤੀ ਲਈ ਹਕੂਮਤ ਦੇ ਕੰਮ ਆਏ।
ਸਮਝੌਤਾਵਾਦੀ ਅਕਾਲੀ ਧੜਿਆਂ ਦੀ ਸਦਾ ਇਹੀ ਦਲੀਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦਾ ਅਧਿਕਾਰ ਹੈ। ਉਨ੍ਹਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ, ਇਸ ਲਈ, ਇਹ ਸਰਬੱਤ ਖ਼ਾਲਸਾ ਦਾ ਨਵਾਂ ਰੂਪ ਹੈ। ਇਹ ਦਲੀਲ ਸਹੀ ਨਹੀਂ ਹੈ। ਪਹਿਲੀ ਗੱਲ, ਸ਼੍ਰੋਮਣੀ ਕਮੇਟੀ ਸੰਸਾਰ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ। ਦੂਜੀ ਗੱਲ, ਸ਼੍ਰੋਮਣੀ ਕਮੇਟੀ ਦੀ ਚੋਣ ਨੇਮ ਅਨੁਸਾਰ ਹਰ ਪੰਜ ਸਾਲ ਬਾਅਦ ਨਹੀਂ ਹੁੰਦੀ। ਹਿੰਦੁਸਤਾਨੀ ਹਕੂਮਤ ਲੋਕ ਸਭਾ, ਵਿਧਾਨ ਸਭਾ, ਪੰਚਾਇਤੀ ਚੋਣਾਂ, ਅਤੇ ਨਗਰ ਕੌਂਸਲ ਚੋਣਾਂ ਆਦਿ ਬਾਕਾਇਦਾ ਨੇਮ ਅਨੁਸਾਰ ਕਰਵਾਉਂਦੀ ਹੈ। ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੁਆਮਲੇ ਵਿੱਚ ਹਕੂਮਤ ਇਸ ਨੇਮ ਦੀ ਉਲੰਘਣਾ ਕਰਦੀ ਹੈ। ਇਸ ਦੀ ਵਜ੍ਹਾ ਹੈ ਕਿ ਹਿੰਦੁਸਤਾਨੀ ਹਕੂਮਤ ਆਪਣੇ ਮਨਚਾਹੇ ਅਕਾਲੀ ਧੜਿਆਂ ਨੂੰ ਸਿੱਖਾਂ ਦੇ ਆਗੂਆਂ ਵਜੋਂ ਉਭਾਰ ਕੇ ਰੱਖਣਾ ਚਾਹੁੰਦੀ ਹੈ। ਜਿਸ ਵੀ ਅਕਾਲੀ ਧੜੇ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੁੰਦਾ ਹੈ ਉਸ ਦਾ ਸਿੱਖਾਂ ਵਿੱਚ ਪ੍ਰਭਾਵ ਵਧਦਾ ਹੈ। ਇਸ ਦੇ ਨਾਲ ਹੀ ਉਹ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਰ ਸਿੱਖਾਂ ਦੇ ਸਰਬਉੱਚ ਕੇਂਦਰ ਨੂੰ ਵੀ ਆਪਣੇ ਸੌੜੇ ਸਿਆਸੀ ਹਿਤਾਂ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਸ਼੍ਰੋਮਣੀ ਕਮੇਟੀ ਦੀਆਂ ਨੇਮ ਅਨੁਸਾਰ ਚੋਣਾਂ ਨਾ ਹੋਣ ਕਰਕੇ ਹਕੂਮਤ ਆਪਣੀ ਮਨ-ਮਰਜ਼ੀ ਦੇ ਧੜਿਆਂ ਨੂੰ ਜਿੰਨਾ ਚਿਰ ਚਾਹੇ ਪ੍ਰਬੰਧ ‘ਤੇ ਕਾਬਜ਼ ਰੱਖਦੀ ਹੈ। ਇਹ ਗ਼ੈਰ-ਜਮਹੂਰੀ ਅਤੇ ਗ਼ੈਰ-ਵਿਧਾਨਿਕ ਹੈ।
ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਅਕਾਲੀ ਦਲ ਦੇ ਬਾਦਲ, ਟੌਹੜਾ, ਅਤੇ ਲੌਂਗੋਵਾਲ ਆਦਿਕ ਧੜੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਰਹੇ ਹਨ। ਸ. ਗੁਰਚਰਨ ਸਿੰਘ ਟੌਹੜਾ ਸਭ ਤੋਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ। ਇਨ੍ਹਾਂ ਧੜਿਆਂ ਨੇ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਘਟਾਉਣ ਵਿੱਚ ਝਿਜਕ ਨਹੀਂ ਵਿਖਾਈ।
ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਸਿੱਖ ਭਾਰਤੀ ਹਕੂਮਤ ਨਾਲ਼ ਜ਼ੋਰਦਾਰ ਲੜਾਈ ਲੜ ਰਹੇ ਸਨ। ਉਸ ਵੇਲ਼ੇ ਸੰਘਰਸ਼ ਕਰ ਰਹੀਆਂ ਪੰਥਕ ਧਿਰਾਂ ਦੀ ਸਦਾ ਇਹੀ ਭਾਵਨਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਸੰਪੰਨ ਹਸਤੀ ਬਰਕਰਾਰ ਰੱਖੀ ਜਾਵੇ। ਇਸ ਲਈ, ਪੰਥਕ ਧਿਰਾਂ ਸਿੱਖ ਰਵਾਇਤਾਂ ਅਨੁਸਾਰ ਸਰਬੱਤ ਖ਼ਾਲਸਾ ਦੀ ਪੁਨਰ-ਸੁਰਜੀਤੀ ਲਈ ਯਤਨਸ਼ੀਲ ਸਨ। ਦੂਜੇ ਪਾਸੇ, ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਧੜੇ ਸਰਬੱਤ ਖ਼ਾਲਸਾ ਦੀ ਪਰੰਪਰਾ ਨੂੰ ਮਾਨਤਾ ਦੇਣ ਤੋਂ ਇਨਕਾਰੀ ਬਣੇ ਰਹੇ।
ਉਸ ਦੌਰ ਵਿੱਚ ਪੰਥਕ ਧਿਰਾਂ ਨੇ ਸਮੇਂ-ਸਮੇਂ ‘ਤੇ ਸਰਬੱਤ ਖ਼ਾਲਸਾ ਬੁਲਾਇਆ। ਸਰਬੱਤ ਖ਼ਾਲਸਾ ਸਮਾਗਮਾਂ ਦੌਰਾਨ ਪੰਥਕ ਧਿਰਾਂ ਨੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਚੋਣ ਵੀ ਕੀਤੀ। ਪਰ ਪੰਥਕ ਧਿਰਾਂ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਾ ਆਇਆ। ਕਿਉਂਕਿ ਜਦੋਂ ਤੱਕ ਹਿੰਦੁਸਤਾਨੀ ਹਕੂਮਤ ਪੁਲਿਸ ਤਸ਼ੱਦਦ, ਲੰਮੀਆਂ ਕੈਦਾਂ, ਅਤੇ ਆਪਣੇ ਪ੍ਰਚਾਰ ਸਾਧਨਾਂ ਨਾਲ ਪੰਥਕ ਧਿਰਾਂ ਨੂੰ ਸਿਆਸੀ ਪਿੜ ਵਿੱਚੋਂ ਬਾਹਰ ਨਹੀਂ ਸੀ ਕਰ ਦਿੰਦੀ, ਉਦੋਂ ਤੱਕ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਂਦੀ ਹੀ ਨਹੀਂ ਸੀ। ਪੰਥਕ ਧਿਰਾਂ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਹੀਂ ਸੀ ਹੁੰਦਾ। ਇਸ ਲਈ, ਉਨ੍ਹਾਂ ਵੱਲੋਂ ਸਰਬੱਤ ਖ਼ਾਲਸਾ ਰਾਹੀਂ ਚੁਣੇ ਜਥੇਦਾਰ ਤਖ਼ਤ ਸਾਹਿਬਾਨ ਦੀ ਸਹੀ ਨੁਮਾਇੰਦਗੀ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਆਉਂਦੇ। ਅਜਿਹੇ ਹਾਲਾਤ ਦੌਰਾਨ ਪੰਥ ਸਾਹਮਣੇ ਕਈ ਹੋਰ ਚੁਣੌਤੀਆਂ ਆ ਜਾਂਦੀਆਂ ਹਨ, ਕੋਈ ਨਾ ਕੋਈ ਸੰਗੀਨ ਮਸਲੇ ਖੜ੍ਹੇ ਹੋ ਜਾਂਦੇ ਹਨ, ਜਿਨ੍ਹਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਠੋਸ ਫ਼ੈਸਲੇ ਦੀ ਲੋੜ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਬਹੁਤ ਵਾਰ ਅਜਿਹੇ ਸੰਗੀਨ ਮਸਲੇ ਖੜ੍ਹੇ ਕਰਨ ਪਿੱਛੇ ਵੀ ਹਿੰਦੁਸਤਾਨੀ ਹਕੂਮਤ ਦੀਆਂ ਖੁਫ਼ੀਆ ਏਜੰਸੀਆਂ ਦਾ ਹੱਥ ਹੁੰਦਾ ਹੈ। ਅਜਿਹੇ ਮੌਕਿਆ ‘ਤੇ ਸਮਝੌਤਾਵਾਦੀ ਅਕਾਲੀ ਧੜਿਆਂ ਦੇ ਵਿਰੁੱਧ ਖੜ੍ਹੇ ਸਿੱਖ ਵੀ ਉਸ ਜਥੇਦਾਰ ਨੂੰ ਮਾਨਤਾ ਦੇ ਦਿੰਦੇ ਹਨ ਜਿਸ ਕੋਲ ਅਸਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦਗੀ ਦਾ ਅਧਿਕਾਰ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦਗੀ ਦਾ ਅਧਿਕਾਰ ਉਸ ਜਥੇਦਾਰ ਕੋਲ ਹੁੰਦਾ ਹੈ ਜਿਸ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਕਰਦੀ ਹੈ।
ਇਹ ਇੱਕ ਅੰਤਰ-ਵਿਰੋਧ ਹੈ ਜਿਸ ਨੂੰ ਸਰਕਾਰ ਪੱਖੀ ਧਿਰਾਂ ਪੰਥਕ ਧਿਰਾਂ ਦੇ ਦਾਅਵੇ ਦੀ ਖਿੱਲੀ ਉਡਾਉਣ ਲਈ ਵਰਤਦੀਆਂ ਰਹੀਆਂ ਹਨ। ਇਸ ਅੰਤਰ-ਵਿਰੋਧ ਦੇ ਪੈਦਾ ਹੋਣ ਦਾ ਕਾਰਨ ਸਿੱਖਾਂ ਦਾ ਹਿੰਦੂਸਤਾਨੀ ਹਕੂਮਤ ਦੇ ਅਧੀਨ ਹੋਣਾ ਹੈ। ਅੱਜ ਪੰਜਾਬ ਹਿੰਦੁਸਤਾਨ ਦੀ ਬਸਤੀ ਹੈ। ਸਿੱਖ ਹਿੰਦੂ ਬਸਤੀਵਾਦੀ ਸੱਤਾ ਦੇ ਅਧੀਨ ਹਨ। ਹਿੰਦੂ ਬਸਤੀਵਾਦੀ ਹਾਕਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਖ਼ਤਮ ਕਰਨ ਲਈ ਉਤਾਰੂ ਹਨ।
2016 ਵਿੱਚ ਸ਼੍ਰੌਮਣੀ ਕਮੇਟੀ ‘ਤੇ ਕਾਬਜ਼ ਬਾਦਲ ਧੜੇ ਨੇ ਸਰਸੇ ਵਾਲੇ ਬਦਚਲਣ ਸਿੱਖ ਵਿਰੋਧੀ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀਨਾਮਾ ਦਿਵਾਇਆ। ਬਾਦਲ ਧੜੇ ਦਾ ਹਿਤ ਸੀ ਕਿ ਉਕਤ ਡੇਰਾ ਮੁਖੀ ਉਨ੍ਹਾਂ ਨੂੰ ਵੋਟਾਂ ਪੁਆਵੇਗਾ ਜਿਹੜੀਆਂ ਉਨ੍ਹਾਂ ਲਈ ਸੱਤਾ ਵਿੱਚ ਆਉਣ ਵਾਸਤੇ ਸਹਾਈ ਹੋਣਗੀਆਂ। ਬਾਦਲ ਧੜੇ ਦੀ ਇਹ ਹਰਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਖ਼ਤਮ ਕਰਨ ਵਾਲਾ ਕਦਮ ਸੀ। ਸਿੱਖਾਂ ਲਈ ਇਹ ਅਸਹਿ ਸੀ। ਉਸ ਵੇਲੇ ਦੇਸ-ਬਦੇਸ ਵਿੱਚ ਵਸਦੇ ਸਿੱਖਾਂ ਵਿੱਚ ਇਹ ਭਾਵਨਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੇ ਬਾਦਲ ਧੜੇ ਤੋਂ ਆਜ਼ਾਦ ਕਰਵਾਇਆ ਜਾਵੇ।
ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਪੰਥਕ ਆਗੂ ਸ. ਸਿਮਰਨਜੀਤ ਸਿੰਘ ਮਾਨ ਨੇ ਸਰਬੱਤ ਖ਼ਾਲਸਾ ਦਾ ਸੱਦਾ ਦਿੱਤਾ। ਮਾਨ ਸਾਹਿਬ ਦੇ ਸੱਦੇ ਨੂੰ ਦੇਸ-ਬਦੇਸ ਵਿੱਚੋਂ ਪੁਰਜ਼ੋਰ ਹੁੰਗਾਰਾ ਮਿਲਿਆ। ਸਰਬੱਤ ਖ਼ਾਲਸਾ ਹੋਇਆ। ਤਖ਼ਤ ਸਾਹਿਬਾਨ ਦੇ ਨਵੇਂ ਜਥੇਦਾਰਾਂ ਦੀ ਚੋਣ ਹੋਈ। ਪਰ ਸ਼੍ਰੋਮਣੀ ਕਮੇਟੀ ਦੀ ਚੋਣ ਨਾ ਹੋਈ। ਹਿੰਦੁਸਤਾਨੀ ਹਕੂਮਤ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਕਰਵਾਈ। ਉਸ ਵੇਲੇ ਪੰਥਕ ਧਿਰਾਂ ਚੋਣਾਂ ਜਿੱਤਣ ਦੀ ਸਥਿਤੀ ਵਿੱਚ ਸਨ। ਜੇ ਚੋਣ ਹੁੰਦੀ ਤਾਂ ਪੰਥਕ ਧਿਰਾਂ ਕੋਲ ਤਖ਼ਤ ਸਾਹਿਬਾਨ ਸਮੇਤ ਸਮੂਹ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆ ਜਾਣਾ ਸੀ। ਇਸ ਨਾਲ, ਸਰਬੱਤ ਖ਼ਾਲਸਾ ਦੇ ਚੁਣੇ ਹੋਏ ਜਥੇਦਾਰ ਸਾਹਿਬਾਨ ਨੇ ਤਖ਼ਤ ਸਾਹਿਬਾਨ ਦੀ ਬਾਕਾਇਦਾ ਨੁਮਾਇੰਦਗੀ ਵੀ ਕਰਨੀ ਸੀ। ਪਰ ਹਿੰਦੂ ਬਸਤੀਵਾਦੀ ਹਕੂਮਤ ਕੋਲ ਇਹ ਤਾਕਤ ਹੈ ਕਿ ਉਹ ਸਰਬੱਤ ਖ਼ਾਲਸਾ ਦੇ ਚੁਣੇ ਹੋਏ ਜਥੇਦਾਰ ਸਾਹਿਬਾਨ ਨੂੰ ਤਖ਼ਤ ਸਾਹਿਬਾਨ ਦੀ ਨੁਮਾਇੰਦਗੀ ਨਾ ਕਰਨ ਦੇਵੇ। ਬਸਤੀਵਾਦੀ ਹਕੂਮਤ ਲਗਾਤਾਰ ਆਪਣੀ ਇਸ ਤਾਕਤ ਦੀ ਵਰਤੋਂ ਕਰਦੀ ਆ ਰਹੀ ਹੈ।
ਸੁਆਲ ਹੈ ਕਿ ਸਿੱਖ ਇਸ ਸਥਿਤੀ ਨਾਲ ਨਜਿੱਠਣ ਕਿਵੇਂ? ਮੇਰਾ ਸੁਝਾਅ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸਮੂਹ ਸਿੱਖ ਧਿਰਾਂ ਨੂੰ ਸਾਂਝੇ ਮੰਚ ’ਤੇ ਆਉਣ ਦੀ ਲੋੜ ਹੈ; ਪੰਥਕ ਧਿਰਾਂ ਨੂੰ ਸਮਝੌਤਾਵਾਦੀ ਅਕਾਲੀ ਧੜਿਆਂ ਨਾਲ ਮਿਲ ਕੇ ਕੰਮ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ; ਪੰਥਕ ਧਿਰਾਂ ਨੂੰ ਬਾਦਲ ਧੜੇ ਨਾਲ ਸੰਵਾਦ ਵਿੱਚ ਆਉਣਾ ਚਾਹੀਦਾ ਹੈ। ਸਿੱਖਾਂ ਦੀ ਇਹ ਲੋੜ ਹੈ ਕਿ ਉਹ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ’ਤੇ ਤਾਲਮੇਲ ਰਾਹੀਂ ਦਬਾਅ ਬਣਾ ਕੇ ਰੱਖਣ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਧੜੇ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹ ਨਾ ਹੋਵੇ।
ਇਸ ਦਿਸ਼ਾ ਵਿੱਚ ਪਹਿਲਾ ਕਦਮ ਅਗਲਾ ਸਰਬੱਤ ਖ਼ਾਲਸਾ ਹੋ ਸਕਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਮੁਆਮਲੇ ਵਿੱਚ ਪਹਿਲਕਦਮੀ ਕਰਨੀ ਚਾਹੀਦੀ ਹੈ। ਸਮੂਹ ਪੰਥਕ ਧਿਰਾਂ ਨੂੰ ਇਸ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸਿੱਖਾਂ ਦੀ ਇਹ ਆਮ ਸਹਿਮਤੀ ਬਣਨੀ ਚਾਹੀਦੀ ਹੈ ਕਿ ਸਾਰੇ ਸਿਆਸੀ ਮੱਤਭੇਦਾਂ ਦੇ ਬਾਵਜੂਦ ਅਸੀਂ ਆਪਣੀਆਂ ਸਰਬਉੱਚ ਸੰਸਥਾਵਾਂ ਬਚਾ ਕੇ ਰੱਖਣੀਆਂ ਹਨ।
ਇਸ ਦੇ ਨਾਲ ਹੀ ਸਾਨੂੰ ਸਰਬੱਤ ਖ਼ਾਲਸਾ ਦੇ ਸਰੂਪ ਬਾਰੇ ਸਪੱਸ਼ਟ ਹੋਣ ਦੀ ਲੋੜ ਹੈ। ਸਰਬੱਤ ਖ਼ਾਲਸਾ ਸਮੂਹ ਸਿੱਖਾਂ ਦਾ ਇਕੱਠ ਨਹੀਂ ਹੁੰਦਾ। ਸਰਬੱਤ ਖ਼ਾਲਸਾ ਸਮੂਹ ਸਿੱਖਾਂ ਦੇ ਨੁਮਾਇੰਦਿਆਂ ਦਾ ਇਕੱਠ ਹੁੰਦਾ ਹੈ। ਇਸ ਇਕੱਠ ਵਿੱਚ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਅਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਨੁਮਾਇੰਦਾ ਪੰਥਕ ਵਿਦਵਾਨਾਂ ਨੂੰ ਵੀ ਸ਼ਾਮਲ ਕਰਨ ਚਾਹੀਦਾ ਹੈ। ਆਮ ਸਿੱਖਾਂ ਦਾ ਵੱਡਾ ਇਕੱਠ ਸਰਬੱਤ ਖ਼ਾਲਸਾ ਨੂੰ ਜਨਤਕ ਅਤੇ ਨੈਤਿਕ ਹਮਾਇਤ ਦੇ ਕੇ ਇਸ ਦੀ ਵਾਜਬੀਅਤ ਸਥਾਪਿਤ ਕਰਦਾ ਹੈ। ਸਰਬੱਤ ਖ਼ਾਲਸਾ ਦੇ ਗੁਰਮਤੇ ਸਿੱਖ ਨੁਮਇੰਦਿਆਂ ਦੀ ਬੈਠਕ ਵਿੱਚ ਹੀ ਤਿਆਰ ਹੁੰਦੇ ਹਨ। ਪਰ ਗੁਰਮਤਿਆਂ ਦੀ ਅੰਤਮ ਪ੍ਰਵਾਨਗੀ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਸੰਗਤਾਂ ਦੇ ਵੱਡੇ ਇਕੱਠ ਤੋਂ ਲਈ ਜਾਂਦੀ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਸੁਝਾਅ ਹੈ ਕਿ ਉਹ ਦੇਸ-ਬਦੇਸ ਦੀਆਂ ਸੰਗਤਾਂ ਨਾਲ ਸੰਪਰਕ ਕਰਕੇ ਇਸ ਅਮਲ ਦੀ ਸ਼ੁਰੂਆਤ ਕਰਨ। ਸਮੂਹ ਪੰਥਕ ਧਿਰਾਂ ਅਤੇ ਵਿਦਵਾਨਾਂ ਦੇ ਸੁਝਾਅ ਲੈਣ ਅਤੇ ਸਰਬੱਤ ਖ਼ਾਲਸਾ ਰਾਹੀਂ ਸਿੱਖਾਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਨਾਲ਼ ਨਜਿੱਠਣ ਦਾ ਉਪਰਾਲਾ ਕਰਨ।