ਗੁਰਮਤਿ, ਪੰਜਾਬੀ ਕੌਮ ਅਤੇ ਵੈਦਿਕ ਫਿਲਾਸਫੀ

ਸ. ਕਰਮ ਬਰਸਟ ਜੀ ਆਪਣੀ ਲਿਖਤ ‘ਅਜੋਕਾ ਪੰਜਾਬ, ਸਿੱਖ ਭਾਈਚਾਰਾ, ਗੁਰਬਾਣੀ ਅਤੇ ਮਾਰਕਸਵਾਦ’ ਵਿਚ ਲਿਖਦੇ ਹਨ, ‘‘ਅਜੋਕੇ ਸਿੱਖ ਚਿੰਤਕਾਂ ਤੇ ਗਰਮ ਖਿਆਲੀਆਂ ਨੂੰ ਪਤਾ ਨਹੀਂ ਦਸ਼ਰਥ ਪੁੱਤਰ ਰਾਮ ਚੰਦਰ ਨਾਲ ਕਾਹਦੀ ਚਿੜ੍ਹ ਹੈ?
… ਗੁਰਬਚਨ ਸਿੰਘ ਵੀ ਇਸ ਤੋਂ ਮੁਕਤ ਨਹੀਂ ਹੋ ਪਾਏ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 2533 ਵਾਰ ਰਾਮ ਦਾ ਜ਼ਿਕਰ ਹੋਇਆ ਹੈ

ਪਰ ਇਨ੍ਹਾਂ ਦਾ ਦਾਅਵਾ ਹੈ ਕਿ ਇਹ ‘ਰਾਮ’ ਦਸ਼ਰਥ ਪੁੱਤਰ ਨਹੀਂ ਹੈ ਸਗੋਂ ਪਰਮਾਤਮਾ ਦਾ ਹੀ ਰੂਪ ਹੈ। ਵੈਸੇ ਹਿੰਦੂ ਮਤਿ ਅਨੁਸਾਰ ਰਾਮ ਤੇ ਕ੍ਰਿਸ਼ਨ ਤਿੰਨ ਵਡੇ ਅਵਤਾਰਾਂ ਵਿਚੋਂ ਵਿਸ਼ਨੂੰ ਦੇ ਹੀ ਵਖ ਵਖ ਯੁਗਾਂ ਵਿਚ ਵਖ ਵਖ ਰੂਪ ਹਨ। ਪਰੰਤੂ ਗੁਰਬਚਨ ਜੀ ਖੁਦ ਹੀ ਆਪਾ ਵਿਰੋਧੀ ਗੱਲ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ‘ਸਾਡਾ ਮਨੁਖੀ ਸਰੀਰ ਤੇ ਜਿੰਦ ਅਲਹ ਤੇ ਰਾਮ ਦੀ ਦੇਣ ਹੈ। ਅਲਹ ਮੁਸਲਮਾਨਾਂ ਲਈ ਉਚਤਮ ਰਬੀ ਹਸਤੀ ਹੈ ਅਤੇ ਰਾਮ ਹਿੰਦੂਆਂ ਲਈ ਅਵਤਾਰੀ ਮਹਾਂਪੁਰਖ ਹੈ।’ ਜੇ ਦਸ਼ਰਥ ਪੁੱਤਰ ਰਾਮ ਹੀ ਹਿੰਦੂਆਂ ਦਾ ਅਵਤਾਰੀ ਮਹਾਂਪੁਰਖ ਨਹੀਂ ਹੈ ਤਾਂ ਫਿਰ ਗੁਰਬਾਣੀ ਕਿਹੜੇ ਰਾਮ ਦੀ ਗੱਲ ਕਰਦੀ ਹੈ?’’
ਸ. ਕਰਮ ਬਰਸਟ ਜੀ ਜੇ ਆਪਣੇ ਮਨ ਵਿਚ ਬਣੀਆਂ ਤੇ ਆਪਣੀ ਸੋਚ ਵਿਚ ਪਰਪੱਕ ਹੋ ਗਈਆਂ ਕੁਝ ਧਾਰਨਾਵਾਂ ਤੋਂ ਮੁਕਤ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਅਤੇ ਉਸ ਦੀ ਖੁਦ ਵਿਆਖਿਆ ਕਰਨ ਦਾ ਯਤਨ ਕਰਦੇ ਤਾਂ ਉਨ੍ਹਾਂ ਨੂੰ ਫਿਲਾਸਫੀ ਦੇ ਪੱਧਰ ਉਤੇ ਕੁਝ ਬਹੁਤ ਖੂਬਸੂਰਤ ਅਨੁਭਵ ਹੁੰਦੇ। ਗੁਰਮੁਖੀ ਲਿਪੀ ਵਿਚ ਲਿਖੇ ਹੋਣ ਕਰਕੇ ਪੰਜਾਬੀ ਪਾਠਕਾਂ ਦੀ ਇਹ ਖੁਸ਼ਕਿਸਮਤੀ ਹੈ ਕਿ ਉਹ ਕੁਝ ਸ਼ਬਦਾਂ ਦੇ ਗਿਆਨ ਨਾਲ ਗੁਰਮਤਿ ਦੀ ਵਿਆਖਿਆ ਖੁਦ ਕਰਨ ਦੇ ਯੋਗ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ :
ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਸਤਿ ਸਤਿ ਰਾਮੁ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ॥ 1॥ ਰਹਾਉ॥
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ॥
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ॥
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ॥
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ॥ (1202)
ਹੇ ਮੇਰੇ ਮਨ! ਸ੍ਰੀ ਰਾਮ ਦਾ ਜਾਪ ਕਰ। ਰਾਮ! ਕਿਹੜਾ ਰਾਮ? ਰਮਤ ਰਾਮ, ਜਿਹੜਾ ਅਸੀਮ ਅਤੇ ਸਦੀਵੀ ਬ੍ਰਹਿਮੰਡ (ਬ੍ਰਹਮ) ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਜਿਹੜਾ ਰਾਮ ਸਤਿ ਸਤਿ ਭਾਵ ਸਦੀਵੀ ਸੱਚ ਹੈ। ਉਸ ਰਾਮ ਦਾ ਜਾਪ ਕਰ। ਅਗਲੀ ਰਹਾਉ ਦੀ ਪੰਕਤੀ ਵਿਚ ਗੁਰੂ ਸਾਹਿਬ ਆਪਣੀ ਇਸ ਧਾਰਨਾ ਨੂੰ ਫਿਰ ਦੁਹਰਾਉਂਦੇ ਹਨ। ਬੋਲੋ ਭਈਆ! ਰਾਮ ਰਾਮ ਰਾਮ, ਜਿਹੜਾ ਰਾਮ ਸਭ ਥਾਂ ਰਮਿਆ ਹੋਇਆ ਹੈ। ਇਹ ਰਮਿਆ ਹੋਇਆ ਰਾਮ ਹੀ ਸਰਬ-ਸ਼ਕਤੀਮਾਨ ਹੈ। ਇਹੀ ਰਮਤ ਰਾਮ ਕਰਤਾ ਦੇ ਰੂਪ ਵਿਚ ਸਿਰਜਣਹਾਰ ਹੈ। ਇਸੇ ਰਾਮ ਦਾ ਸਾਰੇ ਜਗਤ ਵਿਚ ਪਸਾਰਾ ਹੈ। ਮੇਰਾ ਇਹ ਰਮਤ ਰਾਮ ਜਿਸ ਕਿਸੇ ਜਨ ਉਤੇ ਆਪਣੀ ਮੇਹਰ ਕਰਦਾ ਹੈ, ਉਸ ਜਨ ਦੀ ਰਾਮ ਰਾਇ ਭਾਵ ਇਸ ਰਾਮ ਨਾਮ ਵਿਚ ਲਿਵ ਲੱਗ ਜਾਂਦੀ ਹੈ। ਫਿਰ ਗੁਰੂ ਸਾਹਿਬ ‘ਹਰਿ ਸੰਤਹੁ’ ਭਾਵ ਆਪਣੇ ਚਾਰ-ਚੁਫੇਰੇ ਫੈਲੇ ਹਰਿ ਜੀਉ ਦੀ ਹੋਂਦ ਨੂੰ ਮੰਨਣ ਵਾਲੇ ਸੰਤਾਂ ਨੂੰ ਮੁਖਾਤਿਬ ਹੋ ਕੇ ਬਚਨ ਕਰਦੇ ਹਨ, ਕਿ ਇਸ ਰਾਮ ਨਾਮ ਦੀ ਵਡਿਆਈ ਇਹ ਹੈ ਕਿ ਇਹ ਰਾਮ ਨਾਮ ਕਲਯੁਗ ਵਿਚ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਜਨ ਨਾਨਕ ਨੇ ਜਦੋਂ ਦੀ ਇਸ ਰਾਮ ਨਾਲ ਸਾਂਝ ਪਾਈ ਹੈ, ਉਦੋਂ ਦੇ ਉਸ ਦੇ ਸਾਰੇ ਦੁਖ ਦੂਰ ਹੋ ਗਏ ਹਨ।
ਰਮਤ ਰਾਮੁ ਸਭ ਰਹਿਓ ਸਮਾਇ॥ (865)
ਰਾਮ ਰਮਤ ਸੰਤਨ ਸੁਖੁ ਮਾਨਾ (743)
ਰਾਮ ਰਮਤ ਹਰਿ ਹਰਿ ਸੁਖੁ ਪਾਇਆ। (1348)
ਰਮਤ ਰਾਮ ਘਟ ਘਟ ਆਧਾਰ। (897)
ਗੁਰੂ ਗ੍ਰੰਥ ਸਾਹਿਬ ਵਿਚ ਰਾਮ ਦਾ ਵਾਰ ਵਾਰ ਜ਼ਿਕਰ ਕੀਤਾ ਗਿਆ ਹੈ ਪਰ ਇਹ ਰਾਮ ਉਹ ਨਹੀਂ ਹੈ ਜਿਸਦਾ ਬ੍ਰਾਹਮਣੀ ਵਿਦਵਾਨ ਅਕਸਰ ਹਵਾਲਾ ਦੇਂਦੇ ਹਨ। ਇਹ ਰਾਮ ਇਸ ਬ੍ਰਹਿਮੰਡ ਦੇ ਕਣ-ਕਣ ਵਿਚ ਰਮਿਆ ਹੋਇਆ ਰਾਮ ਹੈ। ਕੁਦਰਤ ਦੇ ਕਣ ਕਣ ਵਿਚ ਰਮਿਆ ਹੋਇਆ ਰਾਮ ਹੀ ਸਿਰਜਣਹਾਰ ਕਰਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਮਤ ਰਾਮ ਅਤੇ ਦਸ਼ਰਥ ਪੁੱਤਰ ਰਾਮ ਚੰਦਰ ਵਿਚਕਾਰ ਬੜਾ ਸਪੱਸ਼ਟ ਨਿਖੇੜਾ ਕੀਤਾ ਗਿਆ ਹੈ :
ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (954)
ਯੂ ਪੀ ਤੇ ਬਿਹਾਰ ਦੇ ਮਜ਼ਦੂਰਾਂ ਕੋਲੋਂ ਕੰਮ ਕਰਵਾ ਕੇ ਜਿਹੜੇ ਪੰਜਾਬੀ ਲੋਕ ‘ਭਈਏ’ ਸ਼ਬਦ ਨਾਲ ਮੁਖਾਤਿਬ ਹੋ ਕੇ ਉਨ੍ਹਾਂ ਨਾਲ ਨਫਰਤ ਪ੍ਰਗਟ ਕਰਦੇ ਹਨ, ਉਨ੍ਹਾਂ ਵਾਸਤੇ ਗੁਰੂ ਸਾਹਿਬ ਦੇ ਇਹ ਬਚਨ ਕਿੰਨੇ ਕੀਮਤੀ ਹਨ। ਗੁਰੂ ਸਾਹਿਬ ਭਈਆ ਸ਼ਬਦ ਦੀ ਵਰਤੋਂ ਕਿੰਨੇ ਪਿਆਰ ਨਾਲ ਕਰ ਰਹੇ ਹਨ।
ਆਪਣੇ ਇਸ ਸੁਆਲ ਦੀ ਪੁਸ਼ਟੀ ਲਈ ਸ. ਕਰਮ ਬਰਸਟ ਗੁਰਬਾਣੀ ਵਿਚੋਂ ਇਕ ਹੋਰ ਮਿਸਾਲ ਦੇਂਦੇ ਹਨ :
ਜੋਗੀ ਗੋਰਖੁ ਗੋਰਖ ਕਰੈ॥
ਹਿੰਦੂ ਰਾਮ ਨਾਮ ਉਚਰੈ॥ (ਅੰਗ ???)
ਸ. ਕਰਮ ਬਰਸਟ ਜੀ ਜੇ ਇਸੇ ਸਬਦੁ ਦੀਆਂ ਅਗਲੀਆ ਦੋ ਤੁਕਾਂ ਵੀ ਪੜ੍ਹਦੇ ਤਾਂ ਉਨ੍ਹਾਂ ਦੇ ਮਨ ਵਿਚ ਇਹ ਸੁਆਲ ਪੈਦਾ ਹੀ ਨਹੀਂ ਸੀ ਹੋਣਾ। ਉਨ੍ਹਾਂ ਨੂੰ ਆਪਣੇ ਆਪ ਹੀ ਸਪੱਸ਼ਟ ਹੋ ਜਾਣਾ ਸੀ ਕਿ ਇੱਥੇ ਰਾਮ ਸ਼ਬਦ ਦਾ ਅਰਥ ਕੀ ਹੈ?
ਜੋਗੀ ਗੋਰਖੁ ਗੋਰਖੁ ਕਰੈ॥
ਹਿੰਦੂ ਰਾਮ ਨਾਮੁ ਉਚਰੈ॥
ਮੁਸਲਮਾਨ ਕਾ ਏਕੁ ਖੁਦਾਇ॥
ਕਬੀਰ ਕਾ ਸੁਆਮੀ ਰਹਿਆ ਸਮਾਇ॥ (1160)
ਜੋਗੀ ਵਾਰ ਵਾਰ ਗੋਰਖ ਦਾ ਨਾਂ ਧਿਆਉਂਦਾ ਹੈ। ਹਿੰਦੂ ਰਾਮ ਦਾ ਨਾਂ ਧਿਆਉਂਦਾ ਹੈ। ਮੁਸਲਮਾਨ ਇਕ ਖੁ਼ਦਾ ਦਾ ਨਾਂ ਧਿਆਉਂਦਾ ਹੈ। ਪਰ ਕਬੀਰ ਦਾ ਮਾਲਕ (ਸੁਆਮੀ) ਹਰੇਕ ਥਾਂ ਸਮਾਇਆ ਹੋਇਆ ਹੈ।
ਗੁਰਮਤਿ ਵਿਚ ਸ੍ਰੀ ਕ੍ਰਿਸ਼ਨ ਜੀ ਦਾ ਜਿ਼ਕਰ ਵੀ ਇਸੇ ਰੂਪ ਵਿਚ ਕੀਤਾ ਗਿਆ ਹੈ। ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰੀ ਰੂਪ ਦਾ ਖੰਡਨ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਸਰਬ-ਵਿਆਪੀ ਰੂਪ ਨੂੰ ਬੁਲੰਦ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਕਮਾਲ ਦੀ ਖੂਬਸੂਰਤੀ ਨਾਲ ਵਸੀਹ ਲੋਕ ਮਾਨਸਿਕਤਾ ਵਿਚ ਡੂੰਘੇ ਧਸੇ ਹੋਏ ਸਾਰੇ ਧਾਰਮਿਕ ਸੰਕਲਪਾਂ (ਨਾਵਾਂ) ਨੂੰ ਏਕੋ ਕਰਤਾ ਦੇ ਰੂਪ ਵਿਚ ਪੇਸ਼ ਕੀਤਾ ਹੈ। ਮਨੁੱਖੀ ਮਨਾਂ ਵਿਚ ‘ਰੱਬੀ’ ਹੋਂਦ ਤੇ ਹਸਤੀ ਬਾਰੇ ਬਣੇ ਸਾਰੇ ਸੰਕਲਪਾਂ ਨੂੰ ਗੁਰਮਤਿ ‘ਏਕੋ’ ਸਿਰਜਣਹਾਰ ਕਰਤਾ ਨਾਲ ਜੋੜਦੀ ਹੈ।
ਕਾਰਨ ਕਰਨ ਕਰੀਮ॥ ਸਰਬ ਪ੍ਰਤਿਪਾਲ ਰਹੀਮ॥
ਅਲਹ ਅਲਖ ਅਪਾਰ॥ ਖੁਦਿ ਖੁਦਾਇ ਵਡ ਬੇਸੁਮਾਰ॥ 1॥
ਓੁਂ ਨਮੋ ਭਗਵੰਤ ਗੁਸਾਈ॥ ਖਾਲਕੁ ਰਵਿ ਰਹਿਆ ਸਰਬ ਠਾਈ॥ 1। ਰਹਾਉ॥
ਜਗੰਨਾਥ ਜਗਜੀਵਨ ਮਾਧੋ॥ ਭਉ ਭੰਜਨ ਰਿਦ ਮਾਹਿ ਅਰਾਧੋ॥
ਰਿਖੀਕੇਸ ਗੋਪਾਲ ਗੁੋਵਿੰਦ॥ ਪੂਰਨ ਸਰਬ੍ਰਤ ਮੁਕੰਦ॥ 2॥
ਮਿਹਰਵਾਨ ਮਉਲਾ ਤੂਹੀ ਏਕ॥ ਪੀਰ ਪੈਕਾਂਬਰ ਸੇਖ॥
ਦਿਲਾ ਕਾ ਮਾਲਕੁ ਕਰੇ ਹਾਕੁ॥ ਕੁਰਾਨ ਕਤੇਬ ਤੇ ਪਾਕੁ॥ 3॥
ਨਾਰਾਇਣ ਨਰਹਰ ਦਇਆਲ॥ ਰਮਤ ਰਾਮ ਘਟ ਘਟ ਆਧਾਰ॥
ਬਾਸੁਦੇਵ ਬਸਤ ਸਭ ਠਾਇ॥ ਲੀਲਾ ਕਿਛੁ ਲਖੀ ਨ ਜਾਇ॥ 4॥
ਮਿਹਰ ਦਇਆ ਕਰਿ ਕਰਨੈਹਾਰ॥ ਭਗਤਿ ਬੰਦਗੀ ਦੇਹਿ ਸਿਰਜਣਹਾਰ।
ਕਹੁ ਨਾਨਕ ਗੁਰਿ ਖੋਏ ਭਰਮ॥ ਏਕੋ ਅਲਹੁ ਪਾਰਬ੍ਰਹਮ॥ (896)
ਸਮੁੱਚੀ ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਰਬ-ਵਿਆਪਕ ਹੈ। ਉਹ ਸਭਨੀ ਥਾਂਈਂ ਰਮਿਆ ਹੋਇਆ ਹੈ। ਓਹੀ ਕਾਰਨ ਹੈ। ਓਹੀ ਕਰਨ ਵਾਲਾ ਹੈ। ਉਹ ਬਖਸ਼ਿੰਦ ਹੈ। ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਸਾਰਿਆਂ ਉਤੇ ਰਹਿਮਤਾਂ ਕਰਨ ਵਾਲਾ ਹੈ। ਅਲਹ ਦੇ ਰੂਪ ਵਿਚ ਉਹ ਅਪਹੁੰਚ ਤੇ ਬੇਅੰਤ ਹੈ। ਉਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਹ ਖ਼ਾਲਕ ਹੀ ਆਪ ਖੁ਼ਦਾ ਹੈ। ਇਹ ਖਾਲਕ ਮਨੁੱਖੀ ਗਿਣਤੀਆਂ-ਮਿਣਤੀਆਂ ਦੇ ਕਲਾਵੇ ਵਿਚ ਨਹੀਂ ਆਉਂਦਾ। ਵੈਦਿਕ ਫਿਲਾਸਫੀ ਵਿਚਲਾ ਓਮ ਨਮੋ ਭਗਵੰਤ ਤੇ ਗੁਸਾਈਂ ਵੀ ਇਹੀ ਖ਼ਾਲਕ ਹੈ। ਹਿੰਦੂ ਮਤਿ ਅਨੁਸਾਰ ਗੁਸਾਈਂ ਕ੍ਰਿਸ਼ਨ ਜੀ ਦਾ ਇਕ ਨਾਮ ਵੀ ਹੈ। ਇਹੀ ਖਾਲਕ ਧਰਤੀ ਦਾ ਮਾਲਕ ਹੈ ਤੇ ਇਹੀ ਜਗਤ ਦਾ ਪਾਲਕ ਹੈ। ਸਮੁੱਚੇ ਜਗਤ ਨੂੰ ਜੀਵਨ ਦੇਣ ਵਾਲਾ ਜਗੰਨਾਥ ਤੇ ਸਮੁੱਚੀ ਦੌਲਤ ਦਾ ਮਾਲਕ ਵੀ ਇਹੀ ਖਾਲਕ ਹੈ। ਇਸ ਨੂੰ ਹਿਰਦੇ ਭਾਵ ਮਨ ਵਿਚ ਵਸਾਉਣ ਨਾਲ ਸਾਰੇ ਕਲਪਿਤ ਡਰ ਦੂਰ ਹੋ ਜਾਂਦੇ ਹਨ। ਮਨੁੱਖੀ ਇੰਦਰੀਆਂ ਦਾ ਮਾਲਕ ਵੀ ਇਹੀ ਖਾਲਕ ਹੈ, ਜਿਹੜਾ ਪੂਰਨ ਹੈ, ਸਰਬਵਿਆਪੀ ਹੈ ਤੇ ਮੁਕਤੀਦਾਤਾ ਹੈ। ਇਹ ਖ਼ਾਲਕ ਮਿਹਰਬਾਨ ਹੈ। ਇਹ ਖਾਲਕ ਸਾਰਿਆਂ ਦੇ ਦਿਲਾਂ ਦਾ ਮਾਲਕ ਹੈ। ਗੁਰੂ ਸਾਹਿਬ ਬਚਨ ਕਰਦੇ ਹਨ ਕਿ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿਤੇ ਹਨ ਅਤੇ ਮੈਨੂੰ ਹੁਣ ਪਤਾ ਲੱਗਾ ਹੈ ਕਿ ਇਹ ਏਕੋ ਹੀ ਅਲਹ ਤੇ ਇਹ ਏਕੋ ਹੀ ਪਾਰਬ੍ਰਹਮ ਹੈ।
ਭਾਵ ਵੈਦਿਕ ਫਿਲਾਸਫੀ ਅਤੇ ਇਸਲਾਮੀ ਫਿਲਾਸਫੀ ਵਿਚਲੀ ਰੱਬੀ ਹਸਤੀ ਇਕੋ (ਏਕੋ) ਹੀ ਹੈ। ਇਸ ਏਕੋ ਸਿਰਜਣਹਾਰ ਕਰਤਾ ਨੂੰ ਮੁਖਾਤਿਬ ਹੋ ਕੇ ਗੁਰੂ ਸਾਹਿਬ ਇਸ ਕੋਲੋਂ ਮੇਹਰ, ਦਇਆ ਤੇ ਬੰਦਗੀ ਦੀ ਮੰਗ ਕਰਦੇ ਹਨ। ਇਸ ਇਕ ਸਬਦੁ ਵਿਚ ਹੀ ਗੁਰੂ ਸਾਹਿਬ ਨੇ ਹਿੰਦੂ ਤੇ ਇਸਲਾਮੀ ਫਿਲਾਸਫੀ ਵਿਚਲੀ ‘ਰੱਬੀ ਹਸਤੀ’ ਬਾਰੇ ਵਰਤੇ ਜਾਂਦੇ ਨਾਵਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾਣ ਵਾਲੇ ਦਾਤਾਰ ਭਾਵ ‘ਏਕੋ’ (ਦਾਤਾ-ਕਰਤਾ) ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਇਹ ਏਕੋ ਹੀ ਅਲਹ ਖੁਦਾ ਮਉਲਾ ਪੈਗੰਬਰ ਅਤੇ ਕੁਰਾਨ ਕਤੇਬ ਵਿਚਲਾ ਪਵਿਤਰ ਰੱਬ ਹੈ। ਇਹ ਏਕੋ ਹੀ ਵੈਦਿਕ ਮਤਿ ਵਿਚਲਾ ਭਗਵੰਤ ਗੁਸਾਈਂ ਨਾਰਾਇਣ ਨਰਹਰਿ ਓਮ ਨਮੋ ਬਾਸੁਦੇਵ ਰਿਖੀਕੇਸ਼ ਗੋਪਾਲ ਗੋਬਿੰਦ ਮੁਕੰਦ ਕ੍ਰਿਸ਼ਨ ਜਗੰਨਾਥ ਮਾਧੋ ਜਗਜੀਵਨ ਹੈ। ਗੁਰਮਤਿ ਹਿੰਦੂਆਂ ਨੂੰ ਇਸੇ ਸਿਰਜਣਹਾਰ ਦੀ ਭਗਤੀ ਤੇ ਮੁਸਲਮਾਨਾਂ ਨੂੰ ਅਲਹ ਦੇ ਰੂਪ ਵਿਚ ਇਸੇ ਮਉਲਾ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰਦੀ ਹੈ।
ਜਦੋਂ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਸਾਡਾ ਮਨੁੱਖੀ ਸਰੀਰ ਤੇ ਜਿੰਦ ਅਲਹ ਤੇ ਰਾਮ ਦੀ ਦੇਣ ਹੈ ਤਾਂ ਉਨ੍ਹਾਂ ਦਾ ਭਾਵ ਵੀ ਇਹੀ ਹੈ ਕਿ : ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (1349 )
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (162)
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (292)
ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਫੈਲਿਆ ਪਸਰਿਆ ਇਹ ਅਸੀਮ ਤੇ ਸਦੀਵੀ ਬ੍ਰਹਮੰਡ ਇਕ ਇਕਾਈ ਹੈ ਅਤੇ ਹੋਰ ਦੂਜਾ ਕੋਈ ‘ਰੱਬ’ ਕਿਤੇ ਨਜ਼ਰ ਨਹੀਂ ਆਉਂਦਾ। ਇਹੀ ਇਕ ਸਾਡਾ ਰਾਖਾ ਤੇ ਮਾਲਕ ਹੈ। ਇਹੀ ਏਕੋ ਸਾਡਾ ਪਾਲਕ ਹੈ।
ਗੁਰੂ ਸਾਹਿਬ ਇਸ 1 ਨਾਲ ਵੈਦਿਕ ਫਿਲਾਸਫੀ ਦਾ ਓਅੰਕਾਰ ਅਖਰ ਜੋੜਦੇ ਹਨ – ੴ (ਇਕ ਓਅੰਕਾਰ, 1+ਓਮ+ਆਕਾਰ)
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥ (296)
ਸਾਡਾ ਮਾਲਕ ਸਿਰਜਣਹਾਰ ਜਲ (ਪਾਣੀ) ਥਲ (ਧਰਤੀ) ਮਹੀਅਲਿ (ਆਕਾਸ਼) ਵਿਚ ਰਮਿਆ ਹੋਇਆ ਹੈ। ਇਹੀ ਸਿਰਜਣਹਾਰ ੴ (ਏਕੰਕਾਰ) ਭਾਂਤ ਭਾਂਤ ਦੇ ਅਨੇਕ ਰੂਪਾਂ ਵਿਚ ਸਾਡੇ ਆਲੇ-ਦੁਆਲੇ ਪਸਰਿਆ ਹੋਇਆ ਹੈ। ਤਥਾ ਇਹ ਅਸੀਮ ਤੇ ਸਦੀਵੀ ਬ੍ਰਹਮ (ਬ੍ਰਹਿਮੰਡ) ਦ੍ਰਿਸ਼ਟਗੋਚਰ ਹੁੰਦਾ ‘ਸੰਸਾਰ’ ਜਿਸਦਾ ਇਕ ਅੰਸ਼ ਹੈ – ਅੰਕ ਗਣਿਤ ਦੇ ਹਿੰਦਸੇ 1 ਦਾ ਵਿਸਥਾਰ ਹੈ।
ਸ. ਕਰਮ ਬਰਸਟ ਜੀ ਗੁਰਮਤਿ ਨੂੰ ਬਾਕੀ ਦੇ ਸਾਰੇ ਧਰਮਾਂ ਨਾਲ ਰਲਗੱਡ ਕਰਦੇ ਲਿਖਦੇ ਹਨ, ‘‘ਕੀ ਗੁਰਬਾਣੀ ਚੌਰਾਸੀ ਲਖ ਜੂਨਾਂ ਤੋਂ ਇਨਕਾਰ ਕਰਦੀ ਹੈ ਜਾਂ ਯਮਰਾਜ ਦੇ ਦੰਡ ਦਾ ਜ਼ਿਕਰ ਨਹੀਂ ਕਰਦੀ। ਸਵਰਗ-ਨਰਕ ਦਾ ਸੰਕਲਪ ਹੀ ਤਾਂ ਸਮੁੱਚੇ ਧਰਮਾਂ ਦੀ ਚੂਲ ਹੈ। ਗੁਰਬਾਣੀ ਵਿਚ ਇਕ ਨਹੀਂ ਅਨੇਕ ਵਾਰ ਨਰਕ ਅਤੇ ਯਮਰਾਜ ਦਾ ਡਰ ਦਿਖਾ ਕੇ ਮਨੁੱਖ ਨੂੰ ਨਾਮ ਜਪਣ ਲਈ ਪ੍ਰੇਰਿਆ ਗਿਆ ਹੈ। ਸ. ਗੁਰਬਚਨ ਸਿੰਘ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਬਹੁਤ ਜ਼ਿਆਦਾ ‘ਡਰਾਇਆ’ ਗਿਆ ਹੈ।’’
ਜਾਪਦਾ ਹੈ ਕਿ ਗੁਰਮਤਿ ਬਾਰੇ ਸ. ਕਰਮ ਬਰਸਟ ਜੀ ਦੀਆਂ ਇਹ ਧਾਰਨਾਵਾਂ ਗੁਰਬਾਣੀ ਪੜ੍ਹ ਕੇ ਨਹੀਂ ਬਲਕਿ ਬਚਪਨ ਵਿਚ ਕਿਸੇ ਪਾਖੰਡੀ ਸਾਧ ਦੀ ਕਥਾ ਸੁਣ ਕੇ ਬਣੀਆਂ ਹਨ। ਹਵਾਲੇ ਲਈ ਉਨ੍ਹਾਂ ਦੀਆਂ ਦਿੱਤੀਆ ਤੁਕਾਂ ਨੂੰ ਜਦੋਂ ਅਸੀਂ ਮੂਲ ਗੁਰਬਾਣੀ ਦੇ ਪ੍ਰਸੰਗ ਵਿਚ ਰੱਖ ਕੇ ਉਨ੍ਹਾਂ ਦੇ ਭਾਵਅਰਥ ਕਰਦੇ ਹਾਂ ਤਾਂ ਉਹ ਕੁਝ ਹੋਰ ਹੀ ਬਿਆਨ ਕਰਦੇ ਹਨ।
ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥
ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ॥ ਅੰਗ-???)
ਇਨ੍ਹਾਂ ਦੋਹਾਂ ਤੁਕਾਂ ਤੋਂ ਪਹਿਲੀ ਰਹਾਉ ਦੀ ਤੁਕ ਹੈ। ਰਹਾਉ ਦਾ ਭਾਵਅਰਥ ਹੈ ਠਹਿਰੋ! ਇਹ ਸਾਰੇ ਸਬਦੁ ਦਾ ਤਤਸਾਰ ਹੈ!
ਏਕਾ ਨਿਰਭਉ ਬਾਤ ਸੁਨੀ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ॥ (ਅੰਗ 998)
ਅਰਥਾਤ ਜਿਸ ਨੇ ਨਿਰਭਉ ਏਕੋ ਦੀ ਗੱਲ ਸੁਣੀ ਹੈ, ਉਹ ਆਪਣੇ ਗੁਰੂ ਨਾਲ ਮਿਲ ਕੇ ਉਸ ਦੇ ਗੁਣ ਗਾਉਂਦਾ ਹੈ ਅਤੇ ਨਿਡਰ ਹੋ ਕੇ ਸੁਖ ਦਾ ਅਹਿਸਾਸ ਕਰਦਾ ਹੈ। ਪਰ ਜਿਹੜੇ ਦੇਹ ਧਾਰ ਕੇ ਦੇਵਤਿਆਂ ਤੋਂ ਡਰੀ ਜਾਂਦੇ ਹਨ, ਉਹ ਜਿੰਨੀ ਮਰਜ਼ੀ ਸਾਧਨਾ ਕਰ ਲੈਣ, ਉਨ੍ਹਾਂ ਦਾ ਡਰ ਖਤਮ ਨਹੀਂ ਹੁੰਦਾ। ਉਹ ਚੌਰਾਸੀ ਲੱਖ ਜੂਨਾਂ ਵਿਚ ਪੈਣ ਦੇ ਭਰਮ ਵਿਚ ਹੀ ਫਸੇ ਵਾਰ ਵਾਰ ਜੰਮਦੇ-ਮਰਦੇ ਰਹਿੰਦੇ ਹਨ।
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ॥ ਅੰਗ-??)
ਇਸ ਤੁਕ ਤੋਂ ਪਹਿਲੀਆ ਦੋ ਤੁਕਾਂ ਹਨ :
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ (ਅੰਗ 88)
ਜਿਨ੍ਹਾਂ ਨੇ ਸਤਿ ਦਾ ਗਿਆਨ ਰੱਖਣ ਵਾਲੇ ਗੁਰੂ ਦੀ ਸੇਵਾ (ਪਛਾਣ) ਨਹੀਂ ਕੀਤੀ ਅਤੇ ਉਸ ਦੇ ਸ਼ਬਦਾਂ ਉਤੇ ਵਿਚਾਰ ਨਹੀਂ ਕੀਤੀ, ਉਨ੍ਹਾਂ ਦੇ ਆਤਮ ਵਿਚ ਗਿਆਨ ਦੀ ਰੌਸ਼ਨੀ ਨਹੀਂ ਹੁੰਦੀ। ਉਹ ਮੁਰਦਿਆਂ ਵਾਂਗ ਹੀ ਸਾਰੀ ਜਿੰ਼ਦਗੀ ਬਤੀਤ ਕਰ ਜਾਂਦੇ ਹਨ ਤੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਪਏ ਵਾਰ ਵਾਰ ਜੰਮਦੇ-ਮਰਦੇ ਰਹਿੰਦੇ ਹਨ। ਲਖ ਚਉਰਾਸੀਹ ਫਿਰ ਫਿਰ ਆਵੈ ਬਿਰਥਾ ਜਨਮੁ ਗਵਾਇਆ॥ (ਅੰਗ-??)
ਇਸ ਤੋਂ ਪਹਿਲੀ ਤੁਕ ਹੈ :
ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ (ਅੰਗ 69)
ਆਪਣੇ ਮਨ ਦੀ ਮੰਨਣ ਵਾਲੇ ਮਨਮੁਖ ਬੰਦੇ ਨੂੰ ਸਬਦੁ ਵਿਚ ਪ੍ਰਗਟ ਹੋਇਆ ਗਿਆਨ ਚੰਗਾ ਨਹੀਂ ਲਗਦਾ ਅਤੇ ਉਹ ਵਾਰ ਵਾਰ ਜੰਮਣ-ਮਰਨ ਤੇ 84 ਲੱਖ ਜੂਨਾਂ ਦੇ ਭਰਮ-ਜਾਲ ਵਿਚ ਫਸਿਆ ਹੀ ਆਪਣਾ ਜਨਮ ਐਵਂੇ ਬਿਰਥਾ ਗੁਆ ਜਾਂਦਾ ਹੈ।
ਪੁਨਰ ਜਨਮ ਬਾਰੇ ਗੁਰਮਤਿ ਬੜੀ ਸਪੱਸ਼ਟ ਹੈ। ਗੁਰੂ ਨੇ ਸਾਡੀ ਅਕਲ ਦੇ ਦਰਵਾਜ਼ੇ ਖੋਲ੍ਹ ਕੇ ਇਹ ਅਨੁਭਵੀ ਸੋਝੀ ਦਿੱਤੀ ਹੈ ਕਿ ਪੁਨਰ ਜਨਮ ਨਹੀਂ ਹੁੰਦਾ। ਕਰਤਾ ਆਪ ਹੀ ਆਪਣੇ ਨਾਲ ਮੇਲ ਕਰਵਾ ਲੈਂਦਾ ਹੈ। ਪੁਨਰ ਜਨਮ ਦੀ ਕੋਈ ਹੋਂਦ ਨਹੀਂ। ਇਸ ਏਕੋ ਕਰਤਾ ਦੇ ਹੁਕਮ ਅਨੁਸਾਰ ਹੀ ਸੰਸਾਰ ਵਿਚ ਆਉਣ-ਜਾਣ ਭਾਵ ਜੰਮਣ-ਮਰਨ ਬਣਿਆ ਹੋਇਆ ਹੈ।
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ॥ (383)
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ॥ (433)
ਨਰਕ-ਸੁਰਗ ਦੀ ਸਾਰੀ ਚਰਚਾ ਬਾਰੇ ਗੁਰਮਤਿ ਦਾ ਫੁਰਮਾਨ ਹੈ ਕਿ ਸੰਤਾਂ ਨੇ ਨਰਕ-ਸੁਰਗ ਦੇ ਸਾਰੇ ਵਰਤਾਰੇ ਦਾ ਹੀ ਖੰਡਨ ਕਰ ਦਿੱਤਾ ਹੈ। ਹੁਣ ਉਹ ਆਪਣੇ ਗੁਰੂ ਦੇ ਦਿੱਤੇ ਆਤਮਿਕ ਗਿਆਨ ਦੀ ਰੋਸ਼ਨੀ ਵਿਚ ਨਰਕ-ਸੁਰਗ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਕਵਨੁ ਨਰਕੁ ਕਵਨੁ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂੰ ਕੀ ਕਾਣਿ ਨ ਕਢਤੇ ਅਪਨੇ ਗੁਰਪ੍ਰਸਾਦੇ॥ (969)
ਸ. ਕਰਮ ਬਰਸਟ ਹੁਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਮਤਿ ਨੇ ਸਾਰੇ ਧਰਮਾਂ ਦੀ ਹਾਂ ਪੱਖੀ ਪੜਚੋਲ ਕੀਤੀ ਹੈ। ਕੁਦਰਤੀ ਨੇਮਾਂ (ਹੁਕਮੁ) ਉਤੇ ਪੂਰੇ ਉਤਰਦੇ ਹਰੇਕ ਧਰਮ ਦੇ ਸੰਕਲਪ ਨੂੰ ਪ੍ਰਵਾਨ ਕੀਤਾ ਹੈ ਤੇ ਕੁਦਰਤੀ ਨੇਮਾਂ ਉਤੇ ਪੂਰੇ ਨਾ ਉਤਰਦੇ ਸੰਕਲਪਾਂ ਦਾ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਹੈ। ਭਾਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਰੂਪ ਵਿਚ ਉਨ੍ਹਾਂ ਨੂੰ ਇਸ ਦੀ ਬੜੀ ਮਹਿੰਗੀ ਕੀਮਤ ਤਾਰਨੀ ਪਈ ਹੈ।
ਮਸਲਨ ਇਕ ਪਾਸੇ ਗੁਰਮਤਿ ਕਹਿੰਦੀ ਹੈ :
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ (141)
ਭਾਵ ਮੁਸਲਮਾਨ ਬਣਨਾ ਬੜਾ ਔਖਾ ਹੈ ਪਰ ਜੇ ਕੋਈ ਸੱਚੇ ਅਰਥਾਂ ਵਿਚ ਮੁਸਲਮਾਨ ਹੋਵੇ ਤਾਂ ਹੀ ਉਹ ਆਪਣੇ-ਆਪ ਨੂੰ ਮੁਸਲਮਾਨ ਕਹਾਵੇ ਤੇ ਫਿਰ ਉਹ ਮੁਸਲਮਾਨ ਬਣ ਕੇ ਇਸਲਾਮ ਦੇ ਸਾਰੇ ਚੰਗੇ ਗੁਣ ਧਾਰਨ ਕਰੇ।
ਪਰ ਦੂਜੇ ਪਾਸੇ ਇਹ ਵੀ ਗੁਰਮਤਿ ਦਾ ਹੀ ਫੁਰਮਾਨ ਹੈ :
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥ (466)
ਅਰਥਾਤ ਦੱਬੇ ਮੁਰਦਿਆਂ ਦੀ ਮਿੱਟੀ ਤਾਂ ਘੁਮਿਆਰ ਦੇ ਭਾਂਡਿਆਂ ਵਿਚ ਲੱਗ ਗਈ ਹੈ, ਜਿਹੜੇ ਅੱਗ ਦੇ ਅੰਗਿਆਰਾਂ ਉਤੇ ਪੱਕ ਕੇ ਤੇ ਹੌਲੀ-ਹੌਲੀ ਵਰਤੋਂ ਵਿਚ ਆ ਕੇ ਟੁੱਟ-ਭੱਜ ਗਏ ਹਨ। (ਗੁਰੂ) ਨਾਨਕ (ਸਾਹਿਬ) ਦੇ ਬਚਨ ਹਨ ਕਿ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਜਿਸ ਕਰਤਾ ਨੇ ਇਹ ਸਾਰਾ ਕੁਝ ਸਿਰਜਿਆ ਹੈ, ਉਹ ਕਰਤਾਰ ਭਾਵ ਸਿਰਜਣਹਾਰ ਹੀ ਇਨ੍ਹਾਂ ਮੁਰਦਿਆਂ ਦੀ ਹੋਣੀ ਜਾਣਦਾ ਹੈ। ਬਾਕੀ ਸਾਰੇ ਕਿਆਫੇ ਫਜ਼ੂਲ ਹਨ।
ਇੱਥੇ ਧਿਆਨ ਵਿਚ ਰਹੇ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਮੂਲ ਕਾਰਨ ਮੁਗ਼ਲ ਰਾਜ ਦਾ ਇਹ ਫੁਰਮਾਨ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਧਾਰਨਾ ਨੂੰ ਜਾਂ ਤਾਂ ਹਟਾ ਦਿੱਤਾ ਜਾਵੇ ਤੇ ਜਾਂ ‘ਮਿਟੀ ਮੁਸਲਮਾਨ ਕੀ’ ਦੀ ਥਾਂ ਮਿਟੀ ਬਈਮਾਨ ਦੀ ਲਿਖਿਆ ਜਾਵੇ। ਔਰੰਗਜ਼ੇਬ ਦੇ ਰਾਜ ਤਕ ਇਹੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਮੁਗ਼ਲ ਰਾਜ ਤੇ ਸਿੱਖ ਲਹਿਰ ਵਿਚਕਾਰ ਟਕਰਾਅ ਦਾ ਇਹ ਇਕ ਵੱਡਾ ਕਾਰਨ ਸੀ। ‘ਬਾਬਾ’ ਰਾਮ ਰਾਇ ਦਾ ਸਮੁੱਚਾ ਵਰਤਾਰਾ ਇਸੇ ਟਕਰਾਅ ਦੀ ਦੇਣ ਸੀ।
ਗੁਰਮਤਿ ਨੇ ਇਸਲਾਮ ਵਿਚਲੀ ਸੁੰਨਤ ਦੀ ਪਰੰਪਰਾ ਦੀ ਵੀ ਇਹ ਕਹਿ ਕੇ ਪੜਚੋਲ ਕੀਤੀ ਹੈ ਕਿ ਜੇ ਇਹ ਕੁਦਰਤੀ ਲੋੜ ਹੁੰਦੀ ਤਾਂ ਕੁਦਰਤ ਨੇ ਮਨੁੱਖ ਦੀ ਸੁੰਨਤ ਕਰ ਕੇ ਹੀ ਭੇਜਣੀ ਸੀ।
ਇਸ ਦੇ ਬਾਵਜੂਦ ਸਾਂਈਂ ਮੀਆਂ ਮੀਰ ਵਰਗੇ ਮੁਸਲਮਾਨ ਗੁਰੂ ਘਰ ਦੇ ਸ਼ਰਧਾਲੂ ਰਹੇ। ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋ ਕੇ ਪਹਾੜੀ ਰਾਜਿਆਂ ਤੇ ਮੁਗ਼ਲਾਂ ਨਾਲ ਜੰਗ ਲੜਦਿਆਂ ਆਪਣੇ ਚਾਰ ਪੁੱਤਰਾਂ ਤੇ 700 ਮੁਰੀਦਾਂ ਦੀ ਕੁਰਬਾਨੀ ਦਿੱਤੀ। ਭਾਈ ਗਨੀ ਖਾਂ ਅਤੇ ਨਬੀ ਖਾਂ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾ ਕੇ ਮੁਗ਼ਲ ਫੌਜ ਦੇ ਘੇਰੇ ਵਿਚੋਂ ਬਾਹਰ ਕੱਢ ਕੇ ਲੈ ਗਏ।
ਗੁਰਮਤਿ ਕਿਸੇ ਧਰਮ ਦੇ ਪੈਰੋਕਾਰ ਨੂੰ ਨਫ਼ਰਤ ਨਹੀਂ ਕਰਦੀ ਬਲਕਿ ਹਰੇਕ ਨੂੰ ਕੁਦਰਤ ਦੇ ਨੇਮ ਮੰਨਣ ਲਈ ਪ੍ਰੇਰਦੀ ਹੈ :
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥ 1॥
ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥ 1॥ ਰਹਾਉ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥ 2॥
ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥ 3॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥ 4॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ (885)
ਅਰਥਾਤ ਕਾਰਨ ਭਾਵ ਕਰਨ ਵਾਲਾ ਬਖਸ਼ਿੰਦ ਓਹੀ ਸਿਰਜਣਹਾਰ ਹੈ, ਜਿਹੜਾ ਕਿਰਪਾ ਧਾਰ ਕੇ ਸਾਰਿਆਂ ਉਤੇ ਆਪਣੀ ਰਹਿਮਤ ਕਰ ਰਿਹਾ ਹੈ। ਕੋਈ ਇਸ ਨੂੰ ਰਾਮ ਕਹਿੰਦਾ ਹੈ। ਕੋਈ ਇਸ ਨੂੰ ਖ਼ੁਦਾ ਦੇ ਨਾਮ ਨਾਲ ਯਾਦ ਕਰਦਾ ਹੈ। ਕੋਈ ਇਸ ਨੂੰ ਗੁਸਾਈਂ ਤੇ ਕੋਈ ਅਲਹ ਦੇ ਨਾਮ ਨਾਲ ਯਾਦ ਕਰਦਾ ਹੈ। ਜਿਵੇਂ ਉਸ ਕਾਦਰ ਦੇ ਅਨੇਕ ਨਾਂ ਹਨ, ਉਸੇ ਤਰ੍ਹਾਂ ਉਸ ਦੀ ਉਪਾਸਨਾ ਕਰਨ ਦੇ ਵੀ ਅਨੇਕ ਢੰਗ ਹਨ। ਕੋਈ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਦਾ ਹੈ। ਕੋਈ ਹੱਜ ਜਾਂਦਾ ਹੈ। ਕੋਈ ਪੂਜਾ ਕਰਦਾ ਹੈ ਅਤੇ ਕੋਈ ਮੂਰਤੀਆਂ ਅੱਗੇ ਸਿਰ ਨਿਵਾਉਂਦਾ ਹੈ। ਕੋਈ ਵੇਦ ਪੜ੍ਹਦਾ ਹੈ। ਕੋਈ ਕਤੇਬ ਪੜ੍ਹਦਾ ਹੈ। ਕੋਈ ਨੀਲੇ ਬਸਤਰ ਪਹਿਨਦਾ ਹੈ। ਕੋਈ ਸਫੇਦ ਬਸਤਰ ਪਹਿਨਦਾ ਹੈ। ਕੋਈ ਆਪਣੇ-ਆਪ ਨੂੰ ਤੁਰਕ ਕਹਿੰਦਾ ਹੈ। ਕੋਈ ਹਿੰਦੂ ਕਹਿੰਦਾ ਹੈ। ਕੋਈ ਬਹਿਸ਼ਤ ਵਿਚ ਜਾਣਾ ਚਾਹੁੰਦਾ ਹੈ। ਕੋਈ ਸਵਰਗ ਦੀ ਕਾਮਨਾ ਕਰਦਾ ਹੈ। ਗੁਰਮਤਿ ਦਾ ਮੰਨਣਾ ਹੈ ਕਿ ਜਿਸ ਮਨੁੱਖ ਨੇ ਏਕੋ ਦੇ ਹੁਕਮ ਨੂੰ ਪਛਾਣ ਲਿਆ ਹੈ ਭਾਵ ਕੁਦਰਤ ਦੇ ਨੇਮਾਂ ਵਿਚ ਰਹਿ ਕੇ ਜਿਉਣਾ ਸਿੱਖ ਲਿਆ ਹੈ, ਉਸ ਨੇ ਪ੍ਰਭੂਤਾ ਦੇ ਮਾਲਕ ਭਾਵ ਸਰਬ-ਸਮਰੱਥ ਰੱਬ ਦਾ ਭੇਦ ਪਾ ਲਿਆ ਹੈ।
ਸ. ਕਰਮ ਬਰਸਟ ਜੀ ਅੱਗੇ ਲਿਖਦੇ ਹਨ, ‘‘ਸ. ਗੁਰਬਚਨ ਸਿੰਘ ਜੀ ਸ਼ੰਕਰਾਚਾਰੀਆ ਉਪਰ ਇਸ ਦੁਨੀਆ ਅਤੇ ਦਿਸਦੀਆਂ ਚੀਜ਼ਾਂ ਨੂੰ ਛਲ਼ਾਵਾ ਜਾਂ ਝੂਠ ਮੰਨਣ ਦਾ ਦੋਸ਼ ਲਾਉਂਦੇ ਹਨ। ਕੀ ਇਸ ਪਉੜੀ ਵਿਚ ਇਸ ਮਾਇਆ ਤੇ ਸ਼ਾਹੀ ਠਾਠ-ਬਾਠ ਵਾਲੀਆਂ ਵਸਤੂਆਂ ਨੂੰ ਛਲ਼ਾਵਾ ਤੇ ਝੂਠ ਨਹੀਂ ਮੰਨਿਆ ਗਿਆ? ਉਸ ਸਾਰੀ ਮਾਇਆ ਦਾ ਜ਼ਿਕਰ ਇਸ ਪਉੜੀ ਵਿਚ ਕੀਤਾ ਗਿਆ ਹੈ। ਗੁਰਬਚਨ ਜੀ ਗੁਰਬਾਣੀ ਅਤੇ ਵੈਦਿਕ ਪਰੰਪਰਾ ਨੂੰ ਇਕ ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?’’
‘ਸ਼ੰਕਰਾਚਾਰੀਆ ਉਪਰ ਇਸ ਦੁਨੀਆ ਅਤੇ ਦਿਸਦੀਆ ਚੀਜ਼ਾਂ ਨੂੰ ਛਲਾਵਾ ਜਾਂ ਝੂਠ ਮੰਨਣ’ ਦਾ ਦੋਸ਼ ਮੈਂ ਨਹੀਂ ਲਾ ਰਿਹਾ ਬਲਕਿ ਸ਼ੰਕਰਾਚਾਰੀਆ ਦੇ ਉਪਨਿਸ਼ਦਾਂ ਦੇ ਕੀਤੇ ਟੀਕਿਆਂ (ਭਾਸ਼ਯ) ਵਿਚ ਇਹ ਦਰਜ ਹੈ।
ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ‘‘ਗੁਰੂ ਨਾਨਕ ਸਾਹਿਬ ਨੇ ਸ਼ੰਕਰਾਚਾਰੀਆ ਦੀ ਉਪਨਿਸ਼ਦਾਂ (ਵੇਦਾਂਤ) ਦੀ ਕੀਤੀ ਵਿਆਖਿਆ ਮਾਯਾਵਾਦ ਦਾ ਪੂਰਨ ਰੂਪ ਵਿਚ ਖੰਡਨ ਕੀਤਾ, ਜਿਸ ਦਾ ਭਾਵ ਸੰਸਾਰ ਨੂੰ ਅਸਾਰ, ਅਸਤਿ ਸਮਝਣਾ ਹੈ ਅਤੇ ਜੋ ਹਿੰਦੂ ਜਾਤੀ ਦੀ ਸਮੁੱਚੀ ਵਿਚਾਰਧਾਰਾ ਉਤੇ ਛਾਇਆ ਹੋਇਆ ਹੈ।’’
ਸ਼ੰਕਰਾਚਾਰੀਆ ਦਾ ਇਕ ਪ੍ਰਸਿੱਧ ਮਹਾਂਵਾਕ ਹੈ : ‘ਏਕੋ ਬ੍ਰਹਮ ਦੁਤੀਆ ਨਾਸਤਿ’। ਇਸ ਮਹਾਂਵਾਕ ਦਾ ਭਾਵ ਅਰਥ ਹੀ ਇਹ ਹੈ ਕਿ ਸਿਰਫ ਬ੍ਰਹਮ ਸੱਚ ਹੈ ਬਾਕੀ ਦ੍ਰਿਸਟਮਾਨ ਸੰਸਾਰ ਸਮੇਤ ਸਾਰਾ ਕੁਝ ਹੀ ਝੂਠ ਹੈ। ਇਸ ਮਹਾਂਵਾਕ ਦੇ ਨਾਲ ਉਸ ਨੇ ਬੁੱਧ ਮਤਿ ਦੀ ਫਿਲਾਸਫੀ ਦਾ ਖੰਡਨ ਕੀਤਾ। ਬੁੱਧ ਮਤਿ ‘ਬ੍ਰਹਮ’ ਤੇ ਆਤਮਾ ਦੀ ਹੋਂਦ ਤੋਂ ਇਨਕਾਰੀ ਹੈ। ਬ੍ਰਹਮ ਤੇ ਆਤਮਾ ਦੀ ਹੋਂਦ ਤੋਂ ਇਨਕਾਰੀ ਹੋ ਕੇ ਆਤਮਿਕ ਗਿਆਨ ਦੇ ਵਿਕਾਸ ਦੀ ਜਾਣਕਾਰੀ ਨਹੀਂ ਮਿਲਦੀ। ਬੁੱਧ ਮਤਿ ਦੇ ਹਿੰਦੋਸਤਾਨ ਵਿਚੋਂ ਨਿਕਲਣ ਦਾ ਇਕੋ-ਇਕ ਕਾਰਨ ‘ਬ੍ਰਾਹਮਣਾਂ’ ਵਲੋਂ ਬੋਧੀਆਂ ਦਾ ਕੀਤਾ ਗਿਆ ਕਤਲੇਆਮ ਨਹੀਂ ਸੀ, ਜਿਵੇਂ ਕਿ ਕੁਝ ਦਲਿਤ ਚਿੰਤਕ ਪ੍ਰਚਾਰਦੇ ਹਨ, ਬਲਕਿ ਸ਼ੰਕਰਾਚਾਰੀਆ ਦਾ ਆਪਣੇ ਇਸ ਮਹਾਂਵਾਕ ਨੂੰ ਲੈ ਕੇ ਬੜੇ ਜ਼ੋਰ-ਸ਼ੋਰ ਨਾਲ ਬੁੱਧ ਮਤਿ ਵਿਰੁੱਧ ਕੀਤਾ ਗਿਆ ਪ੍ਰਚਾਰ ਸੀ, ਜਿਸ ਨੇ ਦੋਬਾਰਾ ਵੈਦਿਕ ਫਿਲਾਸਫੀ ਦੀਆਂ ਜੜ੍ਹਾਂ ਇਸ ਖਿੱਤੇ ਵਿਚ ਲਾਈਆਂ।
ਦਰਅਸਲ ਮਸਲਾ ਵੇਦਾਂ ਵਿਚਲੇ ਆਤਮਿਕ ਗਿਆਨ ਨੂੰ ਅਜੋਕੇ ਪ੍ਰਸੰਗ ਵਿਚ ਨਵਿਆਉਣ ਤੇ ਅਪਣਾਉਣ ਦਾ ਹੈ। ਵੈਦਿਕ ਫਿਲਾਸਫੀ ਵਿਚ ਬਹੁਤ ਕੁਝ ਭਰਮਾਊ ਰਲਿਆ ਹੋਇਆ ਹੈ ਪਰ ਇਸ ਵਿਚ ਆਤਮਿਕ ਗਿਆਨ ਦੇ ਤੱਤ ਵੀ ਮੌਜੂਦ ਹਨ ਇਨ੍ਹਾਂ ਭਰਮਾਊ ਧਾਰਨਾਵਾਂ ਅਤੇ ਇਨ੍ਹਾਂ ਵਿਚਲੇ ਆਤਮਿਕ ਗਿਆਨ ਦੇ ਤੱਤ ਨੂੰ ਨਿਖੇੜਨ ਦੀ ਲੋੜ ਹੈ। ਗੁਰਮਤਿ ਨੇ ਇਹੀ ਕੰਮ ਕੀਤਾ ਹੈ। ਮਸਲਨ ਵੈਦਿਕ ਫਿਲਾਸਫੀ ਵਿਚ ਦਰਜ ਹੈ : ਸ੍ਰਵੇ ਜਨਾ ਸੁਖਿਨੋ ਭਵੰਤੂ (ਸਾਰੇ ਜਨ ਸੁਖੀ ਵਸਣ) ਗੁਰਮਤਿ ਨੇ ਇਸੇ ਵੈਦਿਕ ਧਾਰਨਾ ਨੂੰ ਸਰਬ-ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਰੂਪ ਵਿਚ ਅੱਗੇ ਤੋਰਿਆ ਹੈ। ‘ਵਾਸੂਦੇਵਾ ਕਟੁੰਬਕਮ’ ਭਾਵ ਸਾਰਾ ਵਿਸ਼ਵ ਇਕ ਪਰਿਵਾਰ ਹੈ ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ॥ ਦੇ ਰੂਪ ਵਿਚ ਨਵਿਆਇਆ ਗਿਆ ਹੈ।
ਸ. ਕਰਮ ਬਰਸਟ ਜੀ ਨੇ ਮੇਰੀਆ ਲਿਖਤਾਂ ਨੂੰ ਪੜ੍ਹਿਆ ਬਿਨਾਂ ਹੀ ਮੇਰੇ ਉਤੇ ਦੋਸ਼ ਲਾ ਦਿੱਤਾ ਹੈ ਕਿ ‘ਗੁਰਬਚਨ ਜੀ ਗੁਰਬਾਣੀ ਅਤੇ ਵੈਦਿਕ ਪਰੰਪਰਾ ਨੂੰ ਇਕ ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?’
ਜਦੋਂ ਕਿ ਸਚਾਈ ਇਹ ਹੈ ਕਿ ਸ. ਅਜਮੇਰ ਸਿੰਘ ਨਾਲ ਮੇਰੇ ਮਤਿਭੇਦ ਹੀ ਇਹ ਹਨ ਕਿ ਜੇ ਅਸੀਂ ਗੁਰਮਤਿ ਨੂੰ ਵੈਦਿਕ ਫਿਲਾਸਫੀ ਦੇ ਪ੍ਰਸੰਗ ਵਿਚ ਰੱਖ ਕੇ ਨਹੀਂ ਪੜ੍ਹਾਂਗੇ ਤਾਂ ਨਾ ਤੇ ਅਸੀਂ ਗੁਰਮਤਿ ਦੀ ਮੌਲਿਕਤਾ ਨੂੰ ਜਾਣ ਸਕਾਂਗੇ ਅਤੇ ਨਾ ਹੀ ਗੁਰਮਤਿ ਦੇ ਬਹੁਤ ਸਾਰੇ ਸੰਕਲਪਾਂ ਨੂੰ ਸਮਝ ਸਕਾਂਗੇ।
‘ਪੰਜਾਬ ਟਾਈਮਜ਼’ ਵਿਚ ਛਪੀ ਆਪਣੀ ਲਿਖਤ ‘ਗੁਰਮਤਿ ਦੀ ਮੌਲਿਕਤਾ’ ਵਿਚ ਮੈਂ ਇਹ ਸਪੱਸ਼ਟ ਕੀਤਾ ਹੈ ਕਿ ‘‘ਅੱਜ ਆਰ ਐਸ ਐਸ ਤੇ ਮੋਦੀਕਿਆਂ ਦੀ ਰਾਜਨੀਤੀ ਨੂੰ ਧਰਮ ਨਿਰਪੱਖਤਾ ਜਾਂ ਜਮਾਤੀ ਆਧਾਰ ਉਤੇ ਜਥੇਬੰਦੀਆਂ ਬਣਾ ਕੇ ਭਾਂਜ ਨਹੀਂ ਦਿੱਤੀ ਜਾ ਸਕਦੀ ਬਲਕਿ ਗੁਰਮਤਿ ਦੀ ਬ੍ਰਹਮਵਾਦੀ ਧਾਰਾ ਨੂੰ ਆਧਾਰ ਬਣਾ ਕੇ ਹੀ ਉਸ ਦੀ ਮਨੂਵਾਦੀ ਬ੍ਰਾਹਮਣੀ ਰਾਜਨੀਤੀ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਬਾਬਾ ਸਾਹਿਬ ਅੰਬੇਡਕਰ ਨੇ ਵੀ ਇਸ ਬ੍ਰਹਮਵਾਦੀ ਧਾਰਾ ਦੀ ਪੁਸ਼ਟੀ ਕੀਤੀ ਹੈ।’’
ਸ. ਕਰਮ ਬਰਸਟ ਜੀ ਦਾ ਇਹ ਕਥਨ ਦਰੁਸਤ ਹੈ ਕਿ ‘‘ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ, ਗਰੀਬ ਗੁਰਬੇ ਦੀ ਸੇਵਾ ਕਰਨਾ, ਆਪਣੀ ਹਕ ਹਲਾਲ ਦੀ ਕਮਾਈ ਵਿਚੋਂ ਗਰੀਬਾਂ ਲਈ ਦਸਵੰਧ/ ਜ਼ਕਾਤ ਕਢਣਾ ਆਦਿ ਸਾਰੀਆਂ ਚੰਗੀਆਂ ਗੱਲਾਂ ਸ਼ਬਦਾਂ ਦੇ ਮਾਮੂਲੀ ਹੇਰ ਫੇਰ ਨਾਲ ਸਾਰੇ ਧਰਮਾਂ ਵਿਚ ਮੌਜੂਦ ਹਨ।’’
ਇਹੀ ਧਾਰਨਾ ਮਾਰਕਸ ਤੇ ਏਂਗਲਜ਼ ਦੀ ਹੈ। ਉਨ੍ਹਾਂ ਦੇ ਕਥਨ ਅਨੁਸਾਰ ‘‘ਮਨੁਖੀ ਵਿਕਾਸ ਦਾ ਮੂਲ ਧਾਰਮਿਕਤਾ ਹੈ।’’
(“ੰੲਚਰੲਟ ੋਾ ਟਹੲੋਲੋਗੇ ਿਸ ਅਨਟਹਰੋਪੋਲੋਗੇ.”, ਓਨਗੲਲਸ, ੰਅਰਣ ਓਨਗੲਲਸ, ਛ. ੱ. ੜੋਲ. 2, ਪਅਗੲ 238)
ਆਪਣੇ ਡਾਕਟਰੀ ਦੇ ਥੀਸਿਸ ਵਿਚ ਮਾਰਕਸ ਨੇ ਸਪੱਸ਼ਟ ਕੀਤਾ ਹੈ ਕਿ ਹਰੇਕ ਧਰਮ ਦੇ ਤਿੰਨ ਪੱਖ ਹਨ : 1. ਫਿਲਾਸਫੀ (ਮਨੁੱਖ ਦਾ ਕੁਦਰਤ ਜਾਂ ਰੱਬ ਨਾਲ ਰਿਸ਼ਤਾ) 2. ਸਦਾਚਾਰ ਤੇ 3. ਕਰਮਕਾਂਡ। ਹਰੇਕ ਧਰਮ ਦਾ ਕਰਮਕਾਂਡ ਅਤੇ ਉਪਾਸਨਾ ਦੇ ਢੰਗ ਵੱਖ ਵੱਖ ਹਨ। ਪਰ ਜਿਵੇਂ ਕਿ ਸ. ਕਰਮ ਬਰਸਟ ਨੇ ਜਿ਼ਕਰ ਕੀਤਾ ਹੈ, ਸਾਰੇ ਧਰਮਾਂ ਦੇ ਸਦਾਚਾਰ ਵਿਚ ਕੋਈ ਨਾ ਕੋਈ ਸਾਂਝ ਹੈ ਅਤੇ ਹਰੇਕ ਧਰਮ ਦੀ ਫਿਲਾਸਫੀ ਕ੍ਰਮਵਾਰ ਵਿਕਸਿਤ ਹੁੰਦੀ ਆਈ ਹੈ।
ਏਂਗਲਜ਼ ਨੇ ਹੀਗਲ ਦੇ ਹਵਾਲੇ ਨਾਲ ਲਿਖਿਆ ਹੈ, ‘‘(ਸਾਰੇ ਧਰਮਾਂ ਦੀ) ਫਿਲਾਸਫੀ ਦਾ ਇਤਿਹਾਸ ਬੀਤੇ ਨਾਲ ਨਹੀਂ ਸਗੋਂ ਸਦਾ ਰਹਿਣ ਵਾਲੇ ਵਰਤਮਾਨ ਨਾਲ ਸੰਬੰਧ ਰੱਖਦਾ ਹੈ ਅਤੇ ਇਹ ਮਨੁੱਖੀ ਬੌਧਿਕਤਾ ਦੇ ਕੁਰਾਹਿਆਂ ਦਾ ਅਜਾਇਬਘਰ ਨਹੀਂ, ਜਿਵੇਂ ਕਿ ਸਮਝਿਆ ਜਾਂਦਾ ਹੈ, ਬਲਕਿ ਇਕ-ਦੂਜੇ ਤੋਂ ਬਾਅਦ ਪੈਦਾ ਹੋਈਆਂ ਸਾਰੀਆਂ ਰੱਬੀ ਰੂਹਾਂ ਦੇ ਦਵੰਦਵਾਦੀ ਵਿਕਾਸ ਦੀ ਦੇਣ ਹੈ।’’
ਸ. ਬਰਸਟ ਜੀ ਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਮਾਰਕਸਵਾਦ ਦਾ ਸੰਕਲਪ ਆਲੋਚਨਾ ਨਹੀਂ ਬਲਕਿ ਪੜਚੋਲ-ਸਵੈ-ਪੜਚੋਲ ਹੈ। ਆਲੋਚਨਾ ਇਕਤਰਫੀ ਹੁੰਦੀ ਹੈ ਜਦੋਂ ਕਿ ਪੜਚੋਲ ਦਾ ਭਾਵ ਹੀ ਇਹ ਹੁੰਦਾ ਹੈ ਕਿ ਕਿਸੇ ਵੀ ਵਸਤੂ ਜਾਂ ਸੰਕਲਪ ਦੇ ਹਾਂ-ਪੱਖ ਨੂੰ ਅਪਨਾ ਲੈਣਾ ਅਤੇ ਨਾਂਹ-ਪੱਖ ਨੂੰ ਤਿਆਗ ਦੇਣਾ। ਸਮੁੱਚੀ ਸਾਇੰਸ ਦੀ ਖੋਜ ਦਾ ਇਹੀ ਦਸਤੂਰ ਹੈ। ਏਂਗਲਜ਼ ਨੇ ਫਿਊਰਬਾਖ ਦੇ ਹਵਾਲੇ ਨਾਲ ਬਾਕਾਇਦਾ ਸਪੱਸ਼ਟ ਕੀਤਾ ਹੈ ਕਿ ਧਰਮਾਂ ਦੀ ਪੜਚੋਲ ਹਾਂ-ਪੱਖੀ (ਫੋਸਿਟਿਵੲ) ਹੋਣੀ ਚਾਹੀਦੀ ਹੈ। (ਬਾਕੀ ਅਗਲੇ ਅੰਕ ਵਿਚ)