ਬੰਦਿਨੀ: ਭੁਰ-ਭੁਰ ਕੇ ਜੁੜਦੀ ਜ਼ਿੰਦਗੀ ਦੀ ਕਹਾਣੀ

ਤਰਸੇਮ ਬਸ਼ਰ
ਫਿਲਮਸਾਜ਼ ਬਿਮਲ ਰਾਏ ਸਾਰਥਕ ਸਿਨੇਮਾ ਦੀਆਂ ਉਹਨਾਂ ਹਸਤੀਆਂ ਵਿਚੋਂ ਸਭ ਤੋਂ ਅਗਾਂਹ ਸਨ ਜਿਹਨਾਂ ਨੇ ਭਾਰਤੀ ਸਿਨੇਮਾ ਨੂੰ ਖੂਬਸੂਰਤ ਨਾਇਕ ਦੇ ਮਹਿਮਾ-ਮੰਡਨ ਤੋਂ ਕੱਢ ਕੇ ਦੱਸਿਆ ਕਿ ਰਿਕਸ਼ਾ ਚਲਾਉਣ ਵਾਲਾ ਵੀ ਫਿਲਮ ਦਾ ਨਾਇਕ ਹੋ ਸਕਦਾ ਹੈ। ਫਿਲਮ ਸੀ ‘ਦੋ ਬੀਘਾ ਜ਼ਮੀਨ’। ਤਰਸੇਮ ਬਸ਼ਰ ਨੇ ਉਨ੍ਹਾਂ ਦੀ ਇਕ ਹੋਰ ਅਹਿਮ ਫਿਲਮ ‘ਬੰਦਿਨੀ’ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ‘ਚ ਕੀਤੀ ਹੈ।

ਕੁਝ ਲੋਕ ਹੁੰਦੇ ਨੇ ਜਿਹਨਾਂ ਨੂੰ ਸਿਰਫ ਇਨਸਾਨੀ ਖਾਕੇ ਤੱਕ ਮਹਿਦੂਦ ਕਰ ਕੇ ਦੇਖਣਾ ਉਹਨਾਂ ਦੀ ਸਮੁੱਚੀ ਸ਼ਖਸੀਅਤ ਨਾਲ ਬੇਇਨਸਾਫ਼ੀ ਹੁੰਦੀ ਹੈ। ਬਿਮਲ ਰਾਏ ਉਹਨਾਂ ਵਿਚੋਂ ਇੱਕ ਹਨ। ਸਾਰਥਕ ਸਿਨੇਮਾ ਦੀ ਸਭ ਤੋਂ ਵੱਡੀ ਹਸਤੀ ਜਿਸ ਨੇ ਭਾਰਤੀ ਸਿਨੇਮਾ ਨੂੰ ਖੂਬਸੂਰਤ ਨਾਇਕ ਦੇ ਮਹਿਮਾ-ਮੰਡਨ ਤੋਂ ਕੱਢ ਕੇ ਦੱਸਿਆ ਕਿ ਰਿਕਸ਼ਾ ਚਲਾਉਣ ਵਾਲਾ ਵੀ ਫਿਲਮ ਦਾ ਨਾਇਕ ਹੋ ਸਕਦਾ ਹੈ। ਫਿਲਮ ਸੀ ‘ਦੋ ਬੀਘਾ ਜ਼ਮੀਨ’।
ਬਿਮਲ ਰਾਏ ਖੁਦ ਲੇਖਕ ਸਨ ਅਤੇ ਉਹਨਾਂ ਸਾਹਿਤਕ ਕਹਾਣੀਆਂ ‘ਤੇ ਫਿਲਮਾਂ ਬਣਾਉਣ ਦੀ ਪਿਰਤ ਵੀ ਪਾਈ। ਉਹਨਾਂ ਦੇ ਕਿਰਦਾਰ ਆਮ ਸਮਾਜ ਦੇ ਆਮ ਲੋਕ ਸਨ ਜੋ ਉਹਨਾਂ ਦੀ ਜਾਦੂਈ ਛੂਹ ਨਾਲ ਪਰਦੇ ‘ਤੇ ਆ ਕੇ ਖਾਸ ਹੋ ਗਏ, ਅਮਰ ਹੋ ਗਏ। ਇਸ ਲੇਖ ਵਿਚ ਉਹਨਾਂ ਦੀ ਫਿਲਮ ‘ਬੰਦਿਨੀ’ (1963) ਦੀ ਗੱਲ ਕਰਾਂਗੇ ਨਾਇਕਾ ਪ੍ਰਧਾਨ ਫਿਲਮ ਹੈ। ਫਿਲਮ ਦੀ ਨਾਇਕਾ ਕੈਦੀ ਹੈ ਤੇ ਕਤਲ ਦੇ ਇਲਜ਼ਾਮ ‘ਚ ਸਜ਼ਾ-ਯਾਫ਼ਤਾ ਹੈ।
ਫਿਲਮ ਦੀ ਕਹਾਣੀ ਚਾਰੂਚੰਦਰ ਚੱਕਰਬਰਤੀ ਦੇ ਛੋਟੇ ਜਿਹੇ ਨਾਵਲ ‘ਤਾਮਸੀ` ਤੋਂ ਲਈ ਗਈ ਹੈ। ਉਹ ਕਈ ਸਾਲ ਜੇਲ੍ਹ ਮੁਖੀ ਵਜੋਂ ਤਾਇਨਾਤ ਰਹੇ ਸਨ ਅਤੇ ਜੇਲ੍ਹ ਵਿਚ ਮਿਲੇ ਕਿਰਦਾਰ ਅਤੇ ਕਹਾਣੀਆਂ ਨੂੰ ਕਲਾਤਮਕ ਤਰੀਕੇ ਨਾਲ ਲਿਖਦੇ ਰਹੇ ਸਨ। ਉਹਨਾਂ ਬਤੌਰ ਲੇਖਕ ਆਪਣੀ ਵੱਖਰੀ ਪਛਾਣ ਲਈ ਆਪਣਾ ਨਾਮ ‘ਜਰਾਸੰਧ’ ਰੱਖ ਲਿਆ ਸੀ।
‘ਬੰਦਿਨੀ’ ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ 1938 ਦੇ ਨੇੜੇ-ਤੇੜੇ ਬੰਗਾਲ ਦੀ ਕਹਾਣੀ ਹੈ ਅਤੇ ਕਲਿਆਣੀ (ਨੂਤਨ) ਦੇ ਦੁਖਾਂਤ ਨਾਲ ਵਾਬਸਤਾ ਹੈ। ਕਹਾਣੀ ਅੰਦਰ ਕਈ ਪੜਾਅ ਹਨ ਜੋ ਦਰਸ਼ਕ ਦੀ ਜਿਗਿਆਸਾ ਬਣਾਈ ਰੱਖਦੇ ਹਨ। ਫਿਲਮ ਦੀ ਕਹਾਣੀ ਨੂੰ ਤਿੰਨ ਹਿੱਸਿਆਂ ‘ਚ ਵੰਡ ਕੇ ਦੇਖਿਆ ਜਾ ਸਕਦਾ ਹੈ। ਜੇਲ੍ਹ ਵਿਚ ਵਾਪਰਿਆ ਹਿੱਸਾ, ਕਲਿਆਣੀ ਦੇ ਪਿਛੋਕੜ ਦੀ ਕਹਾਣੀ ਅਤੇ ਜੇਲ੍ਹ ਤੋਂ ਕਲਿਆਣੀ ਦੀ ਰਿਹਾਈ ਤੋਂ ਬਾਅਦ ਦਾ ਸਮਾਂ।
ਕਹਾਣੀ ਦਾ ਆਰੰਭ ਜੇਲ੍ਹ ਵਿਚ ਆਏ ਨਵੇਂ ਕੈਦੀਆਂ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਔਰਤ ਕੈਦੀਆਂ ‘ਚ ਕਲਿਆਣੀ ਨਾਮ ਦੀ ਔਰਤ ਵੀ ਆਈ ਹੈ। ਉਸ ਉਤੇ ਕਤਲ ਦਾ ਇਲਜ਼ਾਮ ਹੈ। ਸਾਹਿਤਕ ਕਿਰਤਾਂ ‘ਚ ਬਹੁਤ ਕੁਝ ਖਾਸ ਹੁੰਦਾ ਹੈ, ਲੇਖਕ ਤਤਕਾਲੀ ਹਾਲਾਤ ਅਤੇ ਨਿਜ਼ਾਮ ਨੂੰ ਬਾਖੂਬੀ ਦਰਸਾਉਂਦਾ ਹੈ। ਕਹਾਣੀ ਦੇ ਇਸ ਹਿੱਸੇ ‘ਚ ਤੁਸੀਂ ਅੰਗਰੇਜ਼ਾਂ ਦੇ ਸਮੇਂ ਦਾ ਜੇਲ੍ਹ ਪ੍ਰਬੰਧ ਵੀ ਦੇਖਦੇ ਹੋ ਅਤੇ ਇਹ ਵੀ ਸਮਝਦੇ ਹੋ ਕਿ ਪ੍ਰਬੰਧ ਸੀ ਤੇ ਕਾਇਦੇ ‘ਚ ਸੀ।
ਜੇਲ੍ਹ ਵਿਚ ਕਲਿਆਣੀ ਤੋਂ ਇਲਾਵਾ ਹੋਰ ਮਹਿਲਾ ਕੈਦੀ ਵੀ ਹਨ ਪਰ ਕਲਿਆਣੀ ਦਾ ਵਿਹਾਰ ਚ ਸਭ ਤੋਂ ਵੱਧ ਨਿਮਰਤਾ ਅਤੇ ਹਲੀਮੀ ਵਾਲਾ ਹੈ। ਜਦੋਂ ਇੱਕ ਹੋਰ ਮਹਿਲਾ ਕੈਦੀ ਨੂੰ ਤਪਦਿਕ ਹੋ ਜਾਂਦੀ ਹੈ ਤੇ ਜੇਲ੍ਹ ਦੇ ਡਾਕਟਰ ਦਵੇਂਦਰ (ਧਰਮਿੰਦਰ) ਅਨੁਸਾਰ ਇਹ ਖਤਰਨਾਕ ਬਿਮਾਰੀ ਹੈ ਤੇ ਇਸ ਮਹਿਲਾ ਨੂੰ ਵੱਖਰਾ ਬਿਸਤਰ ਦਿੱਤਾ ਜਾਵੇਗਾ। ਡਾਕਟਰ ਅਨੁਸਾਰ ਕੋਈ ਮਹਿਲਾ ਉਸ ਦੀ ਦੇਖਭਾਲ ਲਈ ਵੀ ਚਾਹੀਦੀ ਹੋਵੇਗੀ। ਖਤਰਨਾਕ ਬਿਮਾਰੀ ਕਰ ਕੇ ਕੋਈ ਮਹਿਲਾ ਤਿਆਰ ਨਹੀਂ ਹੁੰਦੀ ਤਾਂ ਕਲਿਆਣੀ ਪੇਸ਼ਕਸ਼ ਕਰਦੀ ਹੈ। ਉਹ ਡਾਕਟਰ ਨੂੰ ਦੱਸਦੀ ਹੈ ਕਿ ਉਸ ਨੂੰ ਕੋਈ ਡਰ ਨਹੀਂ ਕਿਉਕਿ ਉਸ ਦਾ ਕੋਈ ਨਹੀਂ ਹੈ, ਸਭ ਕੁਝ ਖਤਮ ਹੋ ਚੁੱਕਾ ਹੈ। ਡਾਕਟਰ ਸਹਿਮਤੀ ਦੇ ਦਿੰਦਾ ਹੈ ਪਰ ਨਾਲ ਹੀ ਉਹ ਕਲਿਆਣੀ ਤੋਂ ਬਹੁਤ ਪ੍ਰਭਾਵਿਤ ਵੀ ਹੁੰਦਾ ਹੈ। ਪਹਿਲਾਂ ਪਹਿਲ ਉਸ ਨੂੰ ਕਲਿਆਣੀ ਨਾਲ ਹਮਦਰਦੀ ਹੁੰਦੀ ਹੈ ਜੋ ਬਾਅਦ ਵਿਚ ਮੁਹੱਬਤ ‘ਚ ਤਬਦੀਲ ਹੋ ਜਾਂਦੀ ਹੈ।
ਦਿਨ ਬੀਤਦੇ ਹਨ ਤਾਂ ਡਾਕਟਰ ਦਵੇਂਦਰ ਮਹਿਸੂਸ ਕਰਦਾ ਹੈ ਕਿ ਕਲਿਆਣੀ ਪ੍ਰਤੀ ਪਤਾ ਨਹੀਂ ਕਿਉਂ, ਉਸ ਅੰਦਰ ਨਾ ਟਲਣ ਵਾਲਾ ਅਕਰਸ਼ਨ ਹੈ। ਉਹ ਇਸ ਦਾ ਇਜ਼ਹਾਰ ਵੀ ਕਰਦਾ ਹੈ ਪਰ ਕਲਿਆਣੀ ਆਪਣੀ ਹੈਸੀਅਤ ਕੈਦੀ ਅਤੇ ਮੁਜਰਿਮ ਵਜੋਂ ਦੇਖਦਿਆਂ ਕੋਈ ਹੁੰਗਾਰਾ ਨਹੀਂ ਭਰਦੀ।
ਜੇਲ ਮੁਖੀ ਵਧੀਆ ਇਨਸਾਨ ਹਨ। ਉਹ ਡਾਕਟਰ ਦੀ ਭਾਵਨਾ ਨੂੰ ਸਮਝਦੇ ਹਨ। ਜਾਣਦੇ ਹਨ ਕਿ ਡਾਕਟਰ ਆਦਰਸ਼ਵਾਦੀ ਨੌਜਵਾਨ ਹੈ। ਫਿਰ ਉਹ ਦੋਵੇਂ ਚੰਗੇ ਵਿਹਾਰ ਦੇ ਆਧਾਰ ‘ਤੇ ਕਲਿਆਣੀ ਦੀ ਸਜ਼ਾ ਵੀ ਮੁਆਫ ਕਰਵਾਉਣ ਦੀ ਸੋਚਦੇ ਹਨ ਤੇ ਚਹੁੰਦੇ ਹਨ ਕਿ ਕਲਿਆਣੀ ਜੋ ਚੰਗੇ ਪਰਿਵਾਰ ਤੋਂ ਹੈ, ਹਾਲਾਤ ਦੀ ਸ਼ਿਕਾਰ ਹੈ, ਰਿਹਾਈ ਤੋਂ ਬਾਅਦ ਡਾਕਟਰ ਨਾਲ ਸ਼ਾਦੀ ਕਰ ਲਵੇ। ਉਹ ਕਲਿਆਣੀ ਨਾਲ ਗੱਲ ਕਰਦੇ ਹਨ ਤਾਂ ਕਲਿਆਣੀ ਕਹਿੰਦੀ ਹੈ ਕਿ ਉਹ ਉਸ ਦੇ ਪਿਛੋਕੜ ਦੀ ਕਹਾਣੀ ਨਹੀਂ ਜਾਣਦੇ, ਉਸ ਦੇ ਦਾਮਨ ‘ਤੇ ਬੜੇ ਦਾਗ਼ ਹਨ, ਉਹ ਡਾਕਟਰ ਸਾਹਿਬ ਦੇ ਲਾਇਕ ਨਹੀਂ। ਉਹ ਇਸ ਰਿਸ਼ਤੇ ਲਈ ਹਾਮੀ ਨਹੀਂ ਭਰਦੀ ਅਤੇ ਆਪਣੇ ਪਿਛੋਕੜ ਦੀ ਕਹਾਣੀ ਜੇਲ੍ਹਰ ਨੂੰ ਲਿਖ ਲੈ ਕੇ ਭੇਜਦੀ ਹੈ ਪਰ ਉਦੋਂ ਤੱਕ ਨਿਰਾਸ਼ ਡਾਕਟਰ ਨੌਕਰੀ ਛੱਡ ਕੇ ਜਾ ਚੁੱਕਾ ਹੈ।
ਜੇਲ੍ਹ ਆਉਣ ਤੋਂ ਪਹਿਲਾਂ ਦੀ ਕਹਾਣੀ ਬੜੀ ਮਾਰਮਿਕ ਹੈ। ਬੰਗਾਲ ਵਿਚ ਆਜ਼ਾਦੀ ਦੇ ਅੰਦੋਲਨ ਦਾ ਅਸਰ ਹੈ। ਨੌਜਵਾਨ ਇਸ ਵਿਚ ਸ਼ਾਮਲ ਹੋ ਰਹੇ ਹਨ। ਕਲਿਆਣੀ ਦੇ ਪਿਤਾ ਪੋਸਟ ਮਾਸਟਰ ਹਨ। ਕਲਿਆਣੀ ਦਾ ਭਰਾ ਨਾਲ ਦੇ ਪਿੰਡ ਵਿਚ ਸਮਾਜ ਸੇਵਾ ਕਰਦਿਆਂ ਸ਼ਹੀਦ ਹੋ ਚੁੱਕਿਆ ਹੈ। ਪੋਸਟ ਮਾਸਟਰ ਵੀ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਹਮਦਰਦੀ ਰੱਖਦੇ ਹਨ। ਉਨ੍ਹਾਂ ਦੀ ਮੁਲਾਕਾਤ ਬਿਕਾਸ ਚੱਕਰਬਰਤੀ (ਅਸ਼ੋਕ ਕੁਮਾਰ) ਨਾਲ ਹੁੰਦੀ ਹੈ ਜੋ ਇਸ ਅੰਦੋਲਨ ਦਾ ਹਿੱਸਾ ਹੈ। ਕਲਿਆਣੀ ਕਿਉਂਕਿ ਖੁਦ ਦੇਸ਼ ਭਗਤੀ ਦੀ ਭਾਵਨਾ ਰੱਖਦੀ ਹੈ, ਉਹ ਬਿਕਾਸ ਪ੍ਰਤੀ ਆਕਰਸ਼ਿਤ ਹੋ ਜਾਂਦੀ ਹੈ। ਮਾਸਟਰ ਜੀ ਕੋਲ ਬਿਕਾਸ ਦਾ ਆਉਣ-ਜਾਣ ਹੈ ਪਰ ਪਿੰਡ ਦੇ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ। ਉਹ ਕਲਿਆਣੀ ਅਤੇ ਬਿਕਾਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਰਹਿੰਦੇ ਹਨ।
ਕਲਿਆਣੀ ਅਤੇ ਬਿਕਾਸ ਭਾਵੇਂ ਅਣਕਹੀ ਮੁਹੱਬਤ ਵਿਚ ਬੰਨ੍ਹੇ ਹੋਏ ਹਨ ਪਰ ਇਹ ਮੁੱਹਬਤ ਨਿਰਮਲ ਅਤੇ ਪਵਿੱਤਰ ਹੈ। ਇੱਕ ਸ਼ਾਮ ਜਦੋਂ ਬਿਕਾਸ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਮੀਂਹ ਸ਼ੁਰੂ ਹੋ ਜਾਂਦਾ ਹੈ। ਕਲਿਆਣੀ ਉਸ ਨੂੰ ਮੀਂਹ ਵਿਚ ਜਾਣ ਤੋਂ ਰੋਕਦੀ ਹੈ ਤਾਂ ਉਹ ਰੁਕ ਜਾਂਦਾ ਹੈ ਪਰ ਕੁਝ ਪਿੰਡ ਵਾਲੇ ਰਲ ਕੇ ਇਸ ਮਾਮਲੇ ਨੂੰ ਮੁੱਦਾ ਬਣਾ ਲੈਂਦੇ ਹਨ। ਕਲਿਆਣੀ ਦੀ ਅਸਮਿਤਾ ‘ਤੇ ਸਵਾਲ ਉੱਠਣ ਕਾਰਨ ਬਿਕਾਸ ਉਸ ਸਮੇਂ ਕਲਿਆਣੀ ਨੂੰ ਆਪਣੀ ਪਤਨੀ ਦੱਸਦਾ ਹੋਇਆ ਕਹਿੰਦਾ ਹੈ ਕਿ ਉਹ ਆਪਣੀ ਪਤਨੀ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।
ਇਉਂ, ਇਹ ਘਟਨਾਕ੍ਰਮ ਉਹਨਾਂ ਦੋਹਾਂ ਨੂੰ ਹੋਰ ਨੇੜੇ ਲਿਆਉਂਦਾ ਹੈ। ਬਿਕਾਸ ਕਲਿਆਣੀ ਦੇ ਪਿਤਾ ਤੋਂ ਵੀ ਵਿਆਹ ਦੀ ਆਗਿਆ ਮੰਗਦਾ ਹੈ। ਆਗਿਆ ਮਿਲ ਜਾਂਦੀ ਹੈ ਤਾਂ ਇਲਾਕੇ ਵਿਚ ਇਸ ਸ਼ਾਦੀ ਦੀ ਚਰਚਾ ਆਰੰਭ ਹੋ ਜਾਂਦੀ ਹੈ। ਬਿਕਾਸ ਵਾਪਸ ਆਉਣ ‘ਤੇ ਸ਼ਾਦੀ ਕਰਨ ਦੀ ਗੱਲ ਕਹਿ ਕੇ ਕਲਕੱਤੇ ਵਾਪਸ ਚਲਾ ਜਾਂਦਾ ਹੈ।
ਸਭ ਕੁਝ ਠੀਕ ਚੱਲਦਾ ਹੈ ਪਰ ਅਚਾਨਕ ਕਲਿਆਣੀ ਨੂੰ ਪਤਾ ਲੱਗਦਾ ਹੈ ਕਿ ਬਿਕਾਸ ਨੇ ਕਲਕੱਤੇ ਜਾ ਕੇ ਸ਼ਾਦੀ ਕਰ ਲਈ ਹੈ। ਉਸ ਉਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਪਿੰਡ ਦੇ ਲੋਕ ਉਨ੍ਹਾਂ ਉਤੇ ਹੱਸਦੇ ਹਨ। ਕਲਿਆਣੀ ਅਤੇ ਉਸ ਦੇ ਪਿਤਾ ਦਾ ਥਾਂ-ਥਾਂ ਅਪਮਾਨ ਕੀਤਾ ਜਾਂਦਾ ਹੈ। ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇੱਕ ਰਾਤ ਕਲਿਆਣੀ ਆਪਣੇ ਪਿਤਾ ਨੂੰ ਚਿੱਠੀ ਲਿਖ ਕੇ ਉਥੋਂ ਸਦਾ ਲਈ ਰਵਾਨਾ ਹੋ ਜਾਂਦੀ ਹੈ। ਉਹ ਪਿੰਡ ਦੀ ਹੀ ਇਕ ਸਹੇਲੀ ਜੋ ਸ਼ਹਿਰ ਵਿਚ ਵਿਆਹੀ ਹੋਈ ਹੈ, ਕੋਲ ਜਾਂਦੀ ਹੈ। ਸਹੇਲੀ ਅਤੇ ਉਸ ਦੇ ਖਾਵੰਦ ਦੀ ਮਦਦ ਨਾਲ ਉਸ ਨੂੰ ਕਿਸੇ ਹਸਪਤਾਲ ਵਿਚ ਨੌਕਰਾਣੀ ਦਾ ਕੰਮ ਮਿਲ ਜਾਂਦਾ ਹੈ। ਆਪਣੇ ਮਿੱਠੇ ਸੁਭਾਅ ਕਰ ਕੇ ਉਹ ਜਲਦੀ ਹੀ ਹਸਪਤਾਲ ਵਿਚ ਹਰਮਨਪਿਆਰੀ ਹੋ ਜਾਂਦੀ ਹੈ।
ਇਥੇ ਕਹਾਣੀ ਅਹਿਮ ਮੋੜ ਕੱਟਦੀ ਹੈ। ਉਸ ਦੀ ਸਲਾਹੀਅਤ ਦੇਖ ਕੇ ਡਾਕਟਰ ਉਸ ਨੂੰ ਅਜਿਹੀ ਔਰਤ ਨਾਲ ਕੰਮ ਕਰਨ ਲਈ ਕਹਿੰਦੇ ਹਨ ਜੋ ਬਹੁਤ ਅੱਖੜ ਹੈ ਅਤੇ ਉਹ ਨਰਸਾਂ ਨੂੰ ਹਰ ਤਰੀਕੇ ਤੰਗ ਕਰਦੀ ਹੈ। ਕਲਿਆਣੀ ਇਸ ਕੰਮ ਲਈ ਵੀ ਤਿਆਰ ਹੋ ਜਾਂਦੀ ਹੈ। ਉਹ ਔਰਤ ਉਸ ਨਾਲ ਵੀ ਬੁਰਾ ਸਲੂਕ ਕਰਦੀ ਹੈ ਪਰ ਕਲਿਆਣੀ ਸਭ ਕੁਝ ਸਹਿੰਦੀ ਹੈ। ਫਿਰ ਇੱਕ ਸ਼ਾਮ ਅਜਿਹੀ ਆਉਂਦੀ ਹੈ ਜਿਸ ਦੀ ਕਿਸੇ ਨੂੰ ਕਲਪਨਾ ਵੀ ਨਹੀਂ ਸੀ। ਕਲਿਆਣੀ ਦੀ ਸਹੇਲੀ ਆ ਕੇ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਲੱਭਦੇ-ਲੱਭਦੇ ਸ਼ਹਿਰ ਆਏ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਕਲਿਆਣੀ ਦੇ ਹਸਪਤਾਲ ਪਹੁੰਚਣ ਤੱਕ ਪਿਤਾ ਦੀ ਮੌਤ ਹੋ ਜਾਂਦੀ ਹੈ। ਕਲਿਆਣੀ ਨੂੰ ਵੱਡਾ ਸਦਮਾ ਲੱਗਦਾ ਹੈ।
ਉਸੇ ਹੀ ਸ਼ਾਮ ਉਹ ਹਸਪਤਾਲ ਵਾਪਸ ਪਹੁੰਚਦੀ ਹੈ ਤਾਂ ਉਹ ਅਖੜ ਔਰਤ ਉਸ ਨੂੰ ਬੁਲਾ ਕੇ ਦੋ ਕੱਪ ਚਾਹ ਲਿਆਉਣ ਲਈ ਕਹਿੰਦੀ ਹੈ, ਉਸ ਦਾ ਪਤੀ ਉਸ ਨੂੰ ਮਿਲਣ ਆ ਰਿਹਾ ਸੀ। ਪਿਤਾ ਦੀ ਮੌਤ ਨੂੰ ਅਜੇ ਕੁਝ ਘੰਟੇ ਹੀ ਹੋਏ ਹਨ, ਫਿਰ ਵੀ ਉਹ ਚਾਹ ਲੈ ਕੇ ਆਉਂਦੀ ਹੈ ਪਰ ਇਹ ਦੇਖ ਕੇ ਦੰਗ ਰਹਿ ਜਾਂਦੀ ਹੈ ਕਿ ਉਸ ਔਰਤ ਦਾ ਪਤੀ ਬਿਕਾਸ ਹੈ; ਉਹੀ ਬਿਕਾਸ ਜੋ ਉਹਨਾਂ ਨੂੰ ਦੁੱਖਾਂ ਦੀ ਭੱਠੀ ਵਿਚ ਝੋਕਣ ਲਈ ਜ਼ਿੰਮੇਵਾਰ ਸੀ। ਉਸ ਨੇ ਬਿਕਾਸ ਨੂੰ ਦੇਖ ਲਿਆ ਸੀ ਪਰ ਬਿਕਾਸ ਉਸ ਨੂੰ ਨਹੀਂ ਸੀ ਦੇਖਿਆ।… ਸਦਮੇ-ਦਰ-ਸਦਮੇ ਕਾਰਨ ਚਾਹ ਉਸ ਦੇ ਹੱਥੋਂ ਛੁੱਟ ਜਾਂਦੀ ਹੈ ਅਤੇ ਉਹ ਆਪਣੇ ਹੋਸ਼ੋ-ਹਵਾਸ ਗੁਆ ਬੈਠਦੀ ਹੈ।
ਸਵੇਰੇ ਉਹ ਔਰਤ ਮਰੀ ਪਈ ਮਿਲਦੀ ਹੈ। ਜਾਂਚ ਕਰਨ ‘ਤੇ ਪਤਾ ਲੱਗਦਾ ਹੈ ਕਿ ਉਸ ਰਾਤ ਕਲਿਆਣੀ ਨੇ ਹੋਸ਼ੋ-ਹਵਾਸ ਨਾ ਰਹਿੰਦੀਆਂ ਉਸ ਨੂੰ ਜ਼ਹਿਰ ਦੇ ਦਿੱਤਾ ਸੀ। ਜਾਂਚ ਦੌਰਾਨ ਕਲਿਆਣੀ ਨੂੰ ਦੇਖ ਕੇ ਬਿਕਾਸ ਹੈਰਾਨ ਹੋ ਜਾਂਦਾ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। … ਅਦਾਲਤ ਕਲਿਆਣੀ ਨੂੰ ਸਜ਼ਾ ਸੁਣਾ ਦਿੰਦੀ ਹੈ।
ਜੇਲ੍ਹਰ ਕਲਿਆਣੀ ਦੀ ਇਹ ਕਹਾਣੀ ਪੜ੍ਹ ਕੇ ਉਸ ਨਾਲ ਹੋਰ ਹਮਦਰਦੀ ਰੱਖਣ ਲੱਗਦਾ ਹੈ। ਉਹ ਡਾਕਟਰ ਦਵੇਂਦਰ ਦੀ ਮਾਤਾ ਨੂੰ ਮਿਲ ਕੇ ਕਲਿਆਣੀ ਨੂੰ ਅਪਨਾਉਣ ਲਈ ਰਾਜ਼ੀ ਕਰ ਲੈਂਦਾ ਹੈ।
ਕਹਾਣੀ ਵਿਚ ਅਜੇ ਇਕ ਹੋਰ ਅਹਿਮ ਘਟਨਾ ਬਾਕੀ ਹੈ… ਕਲਿਆਣੀ ਦੀ ਰਿਹਾਈ ਦਾ ਦਿਨ ਆ ਜਾਂਦਾ ਹੈ। ਜੇਲ੍ਹਰ ਚਾਹੁੰਦਾ ਹੈ ਕਿ ਹੁਣ ਜਦੋਂ ਦਵੇਂਦਰ ਦੀ ਮਾਤਾ ਸ਼ਾਦੀ ਵਾਸਤੇ ਰਾਜ਼ੀ ਹੈ ਤਾਂ ਉਹ ਸਿੱਧਾ ਉਹਨਾਂ ਦੇ ਘਰ ਚਲੀ ਜਾਵੇ। ਖੁਦ ਨੂੰ ਛੁੱਟੀ ਨਾ ਮਿਲਣ ਕਾਰਨ ਉਹ ਜੇਲ੍ਹ ਦੀ ਮਹਿਲਾ ਵਾਰਡਨ ਨੂੰ ਕਲਿਆਣੀ ਨਾਲ ਭੇਜਦਾ ਹੈ ਤਾਂ ਕਿ ਉਹਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਾਸਤੇ ਡਾਕਟਰ ਦਵੇਂਦਰ ਦੇ ਘਰ ਛੱਡ ਆਵੇ। ਇੱਥੇ ਕਹਾਣੀ ਦਾ ਸਭ ਤੋਂ ਦਿਲਚਸਪ ਅਤੇ ਅਹਿਮ ਮੋੜ ਆਉਂਦਾ ਹੈ। ਇਸ ਮੋੜ ਦੇ ਅਸਰ ਨੂੰ ਸਿਖਰ ਤੱਕ ਲਿਜਾਣ ਲਈ ਮਹਾਨ ਸੰਗੀਤਕਾਰ ਸਚਿਨ ਦੇਵ ਬਰਮਨ ਦੀ ਆਵਾਜ਼ ਵਿਚ ਗਾਇਆ ਗੀਤ ਸੁਣਨ ਨੂੰ ਮਿਲਦਾ ਹੈ: ਹੋ ਰੇ ਮਾਝੀ… ਮੇਰੇ ਸਾਜਨ ਹੈਂ ਉਸ ਪਾਰ’। ਕਮਾਲ ਦੀ ਆਵਾਜ਼ ਤੇ ਪੂਰਬ ਦੇ ਲੋਕਗੀਤ ਦੇ ਅਸਰ ਨਾਲ ਦ੍ਰਿਸ਼ਾਂ ਨੂੰ ਜੀਵੰਤ ਕਰਦਾ ਗੀਤ…।
ਕਲਿਆਣੀ ਅਤੇ ਵਾਰਡਨ ਰੇਲ ਗੱਡੀ ਦੇ ਜਿਸ ਡੱਬੇ ਵਿਚ ਹਨ, ਉਸ ਦੀ ਇੱਕ ਸੀਟ ‘ਤੇ ਬਿਕਾਸ ਵੀ ਲੇਟਿਆ ਹੋਇਆ ਹੈ। ਉਹ ਬਿਮਾਰ ਹੈ। ਕਲਿਆਣੀ ਮਦਦ ਲਈ ਜਾਂਦੀ ਹੈ ਤਾਂ ਬਿਕਾਸ ਨੂੰ ਦੇਖ ਕੇ ਪ੍ਰੇਸ਼ਾਨ ਹੋ ਜਾਂਦੀ ਹੈ। ਵਾਰਡਨ ਜਦੋਂ ਖਾਣਾ ਲੈਣ ਬਾਹਰ ਜਾਂਦੀ ਹੈ ਤਾਂ ਬਿਕਾਸ ਕਲਿਆਣੀ ਤੋਂ ਮੁਆਫ਼ੀ ਮੰਗਦਾ ਹੈ। ਕਲਿਆਣੀ ਕੁਝ ਨਹੀਂ ਕਹਿੰਦੀ ਅਤੇ ਬਾਹਰ ਆ ਜਾਂਦੀ ਹੈ।
ਉਹ ਬਾਹਰ ਬੈਠੀ ਹਾਲਾਤ ਦੀ ਇਸ ਕਰਵਟ ਬਾਰੇ ਸੋਚ ਰਹੀ ਹੈ ਕਿ ਬਿਕਾਸ ਨਾਲ ਜਾ ਰਿਹਾ ਬੰਦਾ ਉਸ ਕੋਲ ਆ ਕੇ ਕਹਿੰਦਾ ਹੈ ਕਿ ਉਹ ਹੱਥ ਧੋ ਲਵੇ, ਬਿਕਾਸ ਨੂੰ ਛੂਤ ਦੀ ਬਿਮਾਰੀ ਹੈ। ਉਹ ਦੱਸਦਾ ਹੈ ਕਿ ਬਾਬੂ ਨੇ ਜ਼ਿੰਦਗੀ ਵਿਚ ਬਹੁਤ ਦੁੱਖ ਭੋਗੇ ਹਨ। ਦੇਸ਼ ਭਗਤੀ ਦੀ ਕੀਮਤ ਉਸ ਨੇ ਆਪਣੀ ਜ਼ਿੰਦਗੀ ਵਾਰ ਕੇ ਚੁਕਾਈ ਹੈ। ਉਸ ਨੇ ਪਾਰਟੀ ਦੇ ਕਹਿਣ ‘ਤੇ ਸ਼ਾਦੀ ਕੀਤੀ ਸੀ ਕਿਉਂਕਿ ਪਾਰਟੀ ਨੂੰ ਲੱਗਿਆ ਸੀ ਕਿ ਇਸ ਸ਼ਾਦੀ ਨਾਲ ਆਜ਼ਾਦੀ ਸੰਗਰਾਮ ਵਿਚ ਸਹਾਇਤਾ ਮਿਲੇਗੀ ਭਾਵੇਂ ਬਿਕਾਸ ਇਸ ਸ਼ਾਦੀ ਲਈ ਤਿਆਰ ਨਹੀਂ ਸੀ; ਉਹ ਤਾਂ ਕਿਸੇ ਕਲਿਆਣੀ ਨਾਂ ਦੀ ਕੁੜੀ ਨਾਲ ਮੁਹੱਬਤ ਕਰਦਾ ਸੀ!
ਕਲਿਆਣੀ ਇਹ ਸਭ ਸੁਣ ਕੇ ਭਾਵੁਕ ਹੋ ਜਾਂਦੀ ਹੈ।… ਬਹੁਤ ਭਰਮ ਟੁੱਟਦੇ ਹਨ, ਤਸਵੀਰ ਸਾਫ ਹੋ ਜਾਂਦੀ ਹੈ।
ਰੇਲ ਚੱਲਣ ਵਾਲੀ ਹੈ। ਇਕ ਰੇਲ ਗੱਡੀ ਕਲਿਆਣੀ ਨੂੰ ਨਵੀਂ ਜ਼ਿੰਦਗੀ ਵੱਲ ਲਿਜਾ ਰਹੀ ਹੈ ਜਿੱਥੇ ਦੁਨਿਆਵੀ ਸੁੱਖ ਉਸ ਦਾ ਇੰਤਜ਼ਾਰ ਕਰ ਰਹੇ ਹਨ।… ਵਾਰਡਨ ਟਰੇਨ ‘ਚੋਂ ਕਲਿਆਣੀ ਨੂੰ ਆਵਾਜ਼ਾਂ ਮਾਰ ਰਹੀ ਹੈ।… ਕਲਿਆਣੀ ਦੀ ਇਸ ਕਸ਼ਮਕਸ਼ ਨੂੰ ਬਿਮਲ ਰਾਏ ਨੇ ਜਿਸ ਤਰ੍ਹਾਂ ਪੇਸ਼ ਕੀਤਾ ਹੈ, ਉਹ ਬਾਕਮਾਲ ਹੈ।
ਕਲਿਆਣੀ ਨਵੀਂ ਜ਼ਿੰਦਗੀ ਵੱਲ ਜਾਣ ਵਾਲੀ ਟਰੇਨ ਛੱਡ ਕੇ ਉਸ ਰਾਹ ਤੁਰ ਪੈਂਦੀ ਹੈ ਜਿਧਰ ਬਿਕਾਸ ਜਾ ਰਿਹਾ ਹੈ। ਉਹ ਭੱਜ ਕੇ ਉਸ ਬੇੜੇ ‘ਚ ਵਿਚ ਸਵਾਰ ਹੋ ਜਾਂਦੀ ਹੈ ਜਿਸ ਦੇ ਇੱਕ ਕੋਨੇ ਵਿਚ ਬਿਕਾਸ ਇਕੱਲਾ ਤੇ ਨਿਰਾਸ਼ ਖੜ੍ਹਾ ਹੈ।
ਬੇੜੇ ‘ਚ ਸਵਾਰ ਹੋਣਾ ਵੀ ਬਿਮਲ ਰਾਏ ਦੀ ਵਰਤੀ ਕਮਾਲ ਦੀ ਸੰਕੇਤਕ ਅਤੇ ਕਲਾਤਮਕ ਜੁਗਤ ਹੈ। ਫਿਲਮ ਦਾ ਅੰਤ ਰਵਾਇਤੀ ਫਿਲਮਾਂ ਤੋਂ ਬਹੁਤ ਵੱਖਰਾ ਹੈ। ਅਸਲ ਵਿਚ ਫਿਲਮ ਦੀ ਪੂਰੀ ਕਹਾਣੀ ਹੀ ਵੱਖਰੀ ਹੈ।
ਕਈ ਦ੍ਰਿਸ਼ ਦੇਖਣ ਵੇਲੇ ਬੜੇ ਸਹਿਜ ਪ੍ਰਤੀਤ ਹੁੰਦੇ ਹਨ ਪਰ ਹੁੰਦੇ ਨਹੀਂ; ਉਹਨਾਂ ਦਾ ਮਨ ‘ਤੇ ਗਹਿਰਾ ਅਸਰ ਪੈਂਦਾ ਹੈ। ਜਿਵੇਂ ਜੇਲ੍ਹ ਦਾ ਸੰਤਰੀ ਦਿਨ ‘ਚ ਮਚਾਨ ਤੋਂ ਕਈ ਵਾਰ ਹੋਕਾ ਦਿੰਦਾ ਹੈ- ਸਭ ਠੀਕ ਹੈ।… ਇੱਕ ਦਿਨ ਜੇਲ੍ਹ ਵਿਚ ਇੱਕ ਦੇਸ਼ ਭਗਤ ਕੈਦੀ ਨੂੰ ਫਾਂਸੀ ਲੱਗਣੀ ਹੈ, ਉਸ ਦੇ ਘਰ ਵਾਲੇ ਜੇਲ੍ਹ ਆ ਚੁੱਕੇ ਹਨ, ਫਾਂਸੀ ਹੋ ਜਾਂਦੀ ਹੈ, ਜੇਲ੍ਹ ਅੰਦਰ ਮਾਂ ਦੀ ਚੀਕ ਗੂੰਜ ਉੱਠਦੀ ਹੈ।… ਕੁਝ ਸਮੇਂ ਬਾਅਦ ਹੀ ਸਿਪਾਹੀ ਉਸੇ ਮਚਾਨ ‘ਤੇ ਆਉਂਦਾ ਹੈ ਤੇ ਹਮੇਸ਼ਾ ਵਾਂਗ ਕਹਿੰਦਾ ਹੈ- ਸਭ ਠੀਕ ਹੈ। ਸਿਪਾਹੀ ਦੀ ਇਹ ਆਵਾਜ਼ ਤੁਹਾਨੂੰ ਚੰਗੀ ਨਹੀਂ ਲਗਦੀ। ਤੁਸੀਂ ਸੋਚਦੇ ਹੋ- ਸਭ ਠੀਕ ਕਿੱਥੇ ਹੈ?
‘ਬੰਦਿਨੀ’ ਨੂੰ ਉਸ ਸਾਲ ਦਾ ਕੌਮੀ ਪੁਰਸਕਾਰ ਮਿਲਿਆ ਸੀ ਅਤੇ ਛੇ ਫਿਲਮਫੇਅਰ ਇਨਾਮ ਵੀ। ਫਿਲਮ ਨਾਲ ਜ਼ਹੀਨ ਲੋਕ ਜੁੜੇ ਹੋਏ ਸਨ। ਫਿਲਮ ਦਾ ਸਕਰੀਨਪਲੇ ਨਬੇਂਦੁ ਘੋਸ਼ ਨੇ ਲਿਖਿਆ ਸੀ ਅਤੇ ਫਿਲਮ ਦੇ ਸੰਪਾਦਕ ਰਿਸ਼ੀਕੇਸ਼ ਮੁਖਰਜੀ ਸਨ। ਬੇਸ਼ੱਕ, ਇਹ ਨੂਤਨ ਦੇ ਕਰੀਅਰ ਦੀ ਸਭ ਤੋਂ ਅਹਿਮ ਫਿਲਮ ਵੀ ਸੀ। ਇਹ ਫਿਲਮ ਗੁਲਜ਼ਾਰ ਦੀ ਪਹਿਲੀ ਫਿਲਮ ਦੇ ਤੌਰ ‘ਤੇ ਵੀ ਜਾਣੀ ਜਾਂਦੀ ਹੈ, ਇਸ ਫਿਲਮ ਲਈ ਉਨ੍ਹਾਂ ਇੱਕ ਗੀਤ ਲਿਖਿਆ ਸੀ ਅਤੇ ਉਨ੍ਹਾਂ ਦਾ ਨਾਂ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਲਿਖਿਆ ਗਿਆ ਸੀ।
ਇਹ ਸਿਰਜਣਾਤਮਕ ਲੋਕ ਵੀ ਕਿੰਨੇ ਮਹਾਨ ਹੁੰਦੇ ਹਨ; ਕਿੰਨੇ ਕਿਰਦਾਰ ਜੀਅ ਲੈਂਦੇ ਹਨ!… ਇਨਸਾਨੀ ਕਦਰਾਂ-ਕੀਮਤਾਂ ਦੀ ਬਾਤ ਪਾਉਂਦੀ, ਨੈਤਿਕ ਬਲ ਨੂੰ ਜ਼ਬਾਨ ਬਖਸ਼ਦੀ ਇਹ ਰਚਨਾ ਅੱਜ ਵੀ ਓਨੀ ਹੀ ਪ੍ਰਸੰਗਕ ਹੈ।