ਰਾਮਚੰਦਰ ਗੁਹਾ
ਭਾਰਤ ਵਿਚ ਕੇਂਦਰੀ ਸੱਤਾ ‘ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਮੁਲਕ ਦੇ ਦੱਖਣੀ ਸੂਬਿਆਂ ਅੰਦਰ ਵੀ ਕਿਵੇਂ ਨਾ ਕਿਵੇਂ ਸੱਤਾ ਹਾਸਲ ਕਰਨੀ ਹੈ। ਇਸ ਪ੍ਰਸੰਗ ਵਿਚ ਕਰਨਾਟਕ ਨੂੰ ਪ੍ਰਯੋਗਸ਼ਾਲਾ ਵਾਂਗ ਵਰਤਿਆ ਜਾ ਰਿਹਾ ਹੈ। ਹੁਣ ਜਲਦੀ ਹੀ ਇਸ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਨੇ ਚੋਣ ਜਿੱਤਣ ਲਈ ਰਣਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਪਾਰਟੀ ਦੀ ਮੁੱਖ ਟੇਕ ਧਾਰਮਿਕ ਧਰੁਵੀਕਰਨ ਉਤੇ ਹੀ ਰਹਿੰਦੀ ਹੈ, ਇਸ ਕਰ ਕੇ ਹੁਣ ਤੋਂ ਹੀ ਹਿੰਦੂ ਬਨਾਮ ਮੁਸਲਮਾਨ ਮੁੱਦੇ ਉਭਾਰਨੇ ਆਰੰਭ ਕਰ ਦਿੱਤੇ ਗਏ ਹਨ। ਉਘੇ ਵਿਦਵਾਨ ਰਾਮਚੰਦਰ ਗੁਹਾ ਨੇ ਆਪਣੇ ਇਸ ਲੇਖ ਵਿਚ ਫਰਾਂਸੀਸੀ ਵਿਦਵਾਨ ਜੈਕੀ ਅਸਾਯਾਗ ਦੀ ਕਿਤਾਬ ਦੇ ਹਵਾਲੇ ਨਾਲ ਸੂਬੇ ਅੰਦਰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਸਾਂਝ ਦੀਆਂ ਤੰਦਾਂ ਛੋਹੀਆਂ ਹਨ।
ਦੋ ਕੁ ਮਹੀਨੇ ਪਹਿਲਾਂ ਮੈਂ ਬੰਗਲੁਰੂ (ਕਰਨਾਟਕ) ਦੀ ਚਰਚ ਸਟਰੀਟ ‘ਤੇ ਇਕ ਵੱਡੇ ਕਿਤਾਬਘਰ ‘ਚੋਂ ਭਾਰਤ ਬਾਰੇ ਫਰਾਂਸੀਸੀ ਵਿਦਵਾਨ ਜੈਕੀ ਅਸਾਯਾਗ ਦੀ ਕਿਤਾਬ ਦੀ ਕਾਪੀ ਚੁੱਕ ਲਈ। ਉਨ੍ਹਾਂ ਦਾ ਇਹ ਅਕਾਦਮਿਕ ਕਾਰਜ ਦੋ ਦਹਾਕੇ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਪਰ ਇਹ ਮੌਜੂਦਾ ਸਮਿਆਂ ਦੀ ਇਬਾਰਤ ਬਣ ਜਾਂਦਾ ਹੈ। ਜੈਕੀ ਅਸਾਯਾਗ ਦੀ ਇਹ ਰਚਨਾ ‘ਐਟ ਦਿ ਕਨਫਲੂਐਂਸ ਆਫ ਟੂ ਰਿਵਰਜ਼: ਮੁਸਲਿਮਜ਼ ਐਂਡ ਹਿੰਦੂਜ਼ ਇਨ ਸਾਊਥ ਇੰਡੀਆ’ (ਦੋ ਨਦੀਆਂ ਦੇ ਸੰਗਮ ‘ਤੇ: ਦੱਖਣੀ ਭਾਰਤ ਵਿਚ ਮੁਸਲਮਾਨ ਅਤੇ ਹਿੰਦੂ) ਵਿਚ ਉੱਤਰੀ ਕਰਨਾਟਕ ‘ਚ ਵਸਦੇ ਹਿੰਦੂਆਂ ਤੇ ਮੁਸਲਮਾਨਾਂ ਦੇ ਰਿਸ਼ਤਿਆਂ ਨੂੰ ਬਹੁਤ ਡੂੰਘਾਈ ਨਾਲ ਚਿੱਤਰਿਆ ਗਿਆ ਹੈ।
ਪ੍ਰੋਫੈਸਰ ਜੈਕੀ ਅਸਾਯਾਗ ਉਨ੍ਹਾਂ ਵਿਦਵਾਨਾਂ ਨਾਲ ਸਹਿਮਤੀ ਨਹੀਂ ਰੱਖਦੇ ਜੋ ਬਸਤੀਵਾਦੀ ਕਾਲ ਤੋਂ ਪਹਿਲਾਂ ਦੇ ਹਿੰਦੋਸਤਾਨ ਵਿਚ ਸੰਪੂਰਨ ਹਿੰਦੂ-ਮੁਸਲਮਾਨ ਸੰਗਮ ਜਾਂ ਉਸ ਸਾਂਝੀ ਤਹਿਜ਼ੀਬ ਦੀਆਂ ਗੱਲਾਂ ਕਰਦੇ ਹਨ ਜਿਸ ਸਦਕਾ ਦੋਵੇਂ ਭਾਈਚਾਰਿਆਂ ਦਰਮਿਆਨ ਸ਼ਾਂਤੀ ਤੇ ਭਾਈਚਾਰਾ ਕਾਇਮ ਹੋਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਦਲੀਲ ਹੈ ਕਿ ਇਤਿਹਾਸ ਦੇ ਲੰਮੇ ਕਾਲ ਦੌਰਾਨ ਹਿੰਦੂ ਅਤੇ ਮੁਸਲਮਾਨ ਬਿਨਾ ਕਿਸੇ ਆਪਸੀ ਖਿੱਚੋਤਾਣ ਤੋਂ ਇਕੱਠੇ ਰਹਿ ਰਹੇ ਸਨ। ਰੋਜ਼ਮੱਰਾ ਦੀ ਜ਼ਿੰਦਗੀ ਵਿਚ ਟਕਰਾਅ ਨਾਲੋਂ ਮੇਲ ਜੋਲ ਜਾਂ ਸਹਿਹੋਂਦ ਦਾ ਪੱਖ ਭਾਰੂ ਸੀ। ਉਨ੍ਹਾਂ ਦਾ ਆਰਥਿਕ ਜੀਵਨ ਇਕ-ਦੂਜੇ ‘ਤੇ ਨਿਰਭਰਤਾ ਵਾਲਾ ਸੀ ਜਿਸ ਤਹਿਤ ਹਿੰਦੂ ਦੁਕਾਨਦਾਰ ਮੁਸਲਮਾਨ ਗਾਹਕਾਂ ਦੀ ਸੇਵਾ ਕਰਦੇ ਸਨ ਤੇ ਇਸੇ ਤਰ੍ਹਾਂ ਮੁਸਲਮਾਨ ਦੁਕਾਨਦਾਰ ਹਿੰਦੂ ਗਾਹਕਾਂ ਦਾ ਖਿਆਲ ਰੱਖਦੇ ਸਨ।
ਉਹ ਭਾਵੇਂ ਵੱਖੋ-ਵੱਖਰੇ ਵਰਗਾਂ ਵਿਚ ਰਹਿੰਦੇ ਸਨ ਅਤੇ ਅੰਤਰ-ਧਰਮ ਵਿਆਹਾਂ ਤੇ ਦੋਸਤੀਆਂ ਬਾਰੇ ਘੱਟ ਹੀ ਸੁਣਨ ਨੂੰ ਮਿਲਦਾ ਸੀ ਪਰ ਸਦੀਆਂ ਤੋਂ ਹਿੰਦੂਆਂ ਤੇ ਮੁਸਲਮਾਨਾਂ ਨੇ ਆਮ ਤੌਰ ‘ਤੇ ਗਲੀਆਂ ਤੇ ਬਾਜ਼ਾਰਾਂ ਵਿਚ ਤੇ ਕਦੇ ਕਦਾਈਂ ਧਾਰਮਿਕ ਅਸਥਾਨਾਂ ‘ਤੇ ਇਕ-ਦੂਜੇ ਨਾਲ ਮਿਲ ਜੁਲ ਕੇ ਵਿਚਰਨ ਦਾ ਵੱਲ ਸਿੱਖ ਲਿਆ ਸੀ।
ਇਸ ਕਿਤਾਬ ਦੇ ਇਕ ਹਿੱਸੇ ਵਿਚ ਉਨ੍ਹਾਂ ਧਰਮ ਅਸਥਾਨਾਂ ਦਾ ਜ਼ਿਕਰ ਹੈ ਜਿੱਥੇ ਹਿੰਦੂ ਤੇ ਮੁਸਲਮਾਨ ਅਕਸਰ ਦੋਵੇਂ ਜਾਂਦੇ ਸਨ। ਇਨ੍ਹਾਂ ਵਿਚ ਇਕ ਸੜਕ ਕਿਨਾਰੇ ਬਣੀ ਮੁਸਲਿਮ ਫ਼ਕੀਰ ਦੀ ਦਰਗਾਹ ਵੀ ਸ਼ਾਮਲ ਹੈ ਜਿੱਥੇ ‘ਸਾਰੇ ਪਿੰਡ ਵਾਸੀ ਪੀਰ ਨੂੰ ਸਿਜਦਾ ਕਰਦੇ ਸਨ ਅਤੇ ਉੱਥੇ ਕੁਝ ਹਿੰਦੂ ਸ਼ਰਧਾਲੂ ਵੀ ਮੱਥਾ ਟੇਕਦੇ ਸਨ, ਤੇ ਕੋਈ ਵੀ ਨਵਾਂ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੀਰ ਦਾ ਆਸ਼ੀਰਵਾਦ ਲੈਣਾ ਕੋਈ ਨਹੀਂ ਭੁੱਲਦਾ ਸੀ।’ ਪ੍ਰੋ. ਅਸਾਯਾਗ ਨੇ 12ਵੀਂ ਸਦੀ ਦੇ ਮਹਾਨ ਸੁਧਾਰਕ ਬਾਸਵੰਨਾ ਦੀ ਯਾਦ ਵਿਚ ਲੱਗਦੇ ਸਾਲਾਨਾ ਮੇਲੇ ਬਾਰੇ ਲਿਖਿਆ ਹੈ ਜਿਨ੍ਹਾਂ ਨਾਲ ਮੱਝ ਦੀ ਮਿੱਥ ਜੁੜੀ ਹੈ। ਇਸ ਮੌਕੇ ਹਿੰਦੂ ਅਤੇ ਮੁਸਲਮਾਨ ਦੋਵੇਂ ਆਪੋ-ਆਪਣੀਆਂ ਮੱਝਾਂ ਨੂੰ ਬਾਸਵੰਨਾ ਦੇ ਅਵਤਾਰ ਵਜੋਂ ਪੂਜਦੇ ਹਨ। ਪ੍ਰੋ. ਜੈਕੀ ਅਸਾਯਾਗ ਨੇ ਆਪਣੀ ਕਿਤਾਬ ਵਿਚ ਜਿਸ ਧਾਰਮਿਕ ਮੇਲ ਜੋਲ ਦੀ ਉਮਦਾ ਮਿਸਾਲ ਦਾ ਜ਼ਿਕਰ ਕੀਤਾ ਹੈ, ਉਹ ਹੈ ਲੋਕ ਨਾਇਕ ਰਾਜਾ ਬਾਘ ਸਵਾਰ ਦੀ ਜਿਸ ਨੂੰ ਹਿੰਦੂ ਗੁਰੂ ਅਤੇ ਮੁਸਲਮਾਨ ਪੀਰ ਮੰਨਦੇ ਹਨ।
ਇਨ੍ਹਾਂ ਧਰਮ ਅਸਥਾਨਾਂ ਦਾ ਅਧਿਐਨ ਕਰਦਿਆਂ ਅਸਾਯਾਗ ਨੇ ਲੱਭਿਆ ਕਿ ‘ਵਿਸ਼ਨੂੰ ਦਾ ਅਵਤਾਰ ਅਤੇ ਅੱਲ੍ਹਾ ਦਾ ਰੂਪ ਇਕ ਫ਼ਕੀਰ ਵਿਚ ਵਿਦਮਾਨ ਹੁੰਦਾ ਹੈ ਜੋ ਦੁਨੀਆ ਤੋਂ ਵੈਰਾਗ ਲੈ ਲੈਂਦਾ ਹੈ, ਉਹ ਚੰਗਾ ਗਵੱਈਆ ਤੇ ਰਿੱਧੀ ਸਿੱਧੀਆਂ ਦਾ ਮਾਲਕ ਵੀ ਸੀ ਅਤੇ ਵੈਸ਼ਣਵ ਭਗਤੀ ਤੇ ਇਸਲਾਮ ਦੇ ਹਰੇ ਬੈਨਰ ਨੂੰ ਇਕਮਿਕ ਕਰ ਦਿੰਦਾ ਹੈ।’
ਕਰਨਾਟਕ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਇਸੇ ਪਸਮੰਜ਼ਰ ਵਿਚ ਮੈਂ ਪ੍ਰੋ. ਜੈਕੀ ਅਸਾਯਾਗ ਦੀ ਇਹ ਕਿਤਾਬ ਪੜ੍ਹ ਰਿਹਾ ਸੀ। ਸੂਬੇ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਦੀ ਧੁਰੀ ਗਿਣ ਮਿੱਥ ਕੇ ‘ਹਿੰਦੂ ਬਨਾਮ ਮੁਸਲਮਾਨ’ ਬਣਾਉਣ ਦਾ ਰਾਹ ਫੜ ਲਿਆ ਹੈ। ਉਸ ਨੇ ਇਹ ਫ਼ੈਸਲਾ ਤਕਰੀਬਨ ਸਾਲ ਪਹਿਲਾਂ ਹੀ ਕਰ ਲਿਆ ਸੀ। ਇਸੇ ਕਰ ਕੇ ਕਦੇ ਹਿਜਾਬ ਪਹਿਨਣ ਤੋਂ ਵਿਵਾਦ ਭੜਕ ਗਿਆ, ਕਦੇ ਹਲਾਲ ਮੀਟ ਦੇ ਨਾਂ ਉੱਪਰ ਅਤੇ ਕਦੇ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਮੁਹੱਬਤੀ ਰਿਸ਼ਤਿਆਂ ‘ਤੇ ਖਰੂਦ ਪਾਇਆ ਜਾਂਦਾ ਹੈ। ਇਸ ਖਰੂਦ ਵਿਚ ਸੰਘ ਪਰਿਵਾਰ ਦੀ ਮੁੱਖਧਾਰਾ ਅਤੇ ਕੱਟੜਪੰਥੀ ਅਨਸਰ ਦੋਵੇਂ ਸ਼ਰੀਕ ਰਹਿੰਦੇ ਹਨ। ਕਰਨਾਟਕ ਦੇ ਹਿੰਦੂਆਂ ਨੂੰ ਭੈਅਭੀਤ ਬਣਾ ਕੇ ਰੱਖਣਾ ਅਤੇ ਮੁਸਲਮਾਨਾਂ ਦੇ ਮਨਾਂ ਵਿਚ ਸੰਦੇਹ ਭਰਨਾ ਸੂਬੇ ਅੰਦਰ ਭਾਜਪਾ ਦੀ ਮੂਲ ਚੁਣਾਵੀ ਰਣਨੀਤੀ ਹੈ।
ਭਾਜਪਾ ਜੁਲਾਈ 2019 ਵਿਚ ਕਾਂਗਰਸ-ਜਨਤਾ ਦਲ (ਸੈਕੂਲਰ) ਗੱਠਜੋੜ ਦੇ ਵਿਧਾਇਕਾਂ ਨੂੰ ਤੋੜ ਕੇ ਕਰਨਾਟਕ ਦੀ ਸੱਤਾ ਵਿਚ ਆਈ ਸੀ। ਪਿਛਲੇ ਸਾਢੇ ਤਿੰਨ ਸਾਲਾਂ ਦਾ ਭਾਜਪਾ ਸਰਕਾਰ ਦਾ ਰਿਕਾਰਡ ਮੰਦਾ ਰਿਹਾ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ; ਪ੍ਰਸ਼ਾਸਕੀ ਨਾ-ਅਹਿਲੀਅਤ ਪ੍ਰਤੱਖ ਨਜ਼ਰ ਆ ਰਹੀ ਹੈ ਕਿ ਕਿਵੇਂ ਪਿਛਲੇ ਸਾਲ ਜੁਲਾਈ ਮਹੀਨੇ ਮਾਨਵੀ ਕਾਰਨਾਂ ਕਰ ਕੇ ਆਏ ਹੜ੍ਹਾਂ ਨਾਲ ਸੂਚਨਾ ਤਕਨਾਲੋਜੀ ਸਨਅਤ ਦੀ ਸ਼ੋਅਪੀਸ ਅਤੇ ਸੂਬਾਈ ਰਾਜਧਾਨੀ ਵਿਚ ਤਬਾਹੀ ਮੱਚੀ ਸੀ।
ਕੁਝ ਲੋਕਾਂ ਦੀ ਦਲੀਲ ਹੈ ਕਿ ਸੱਤਾਧਾਰੀ ਪਾਰਟੀ ਦਾ ‘ਹਿੰਦੂ ਬਨਾਮ ਮੁਸਲਮਾਨ’ ਏਜੰਡਾ ਅਸਲ ਵਿਚ ਆਪਣੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਛੁਪਾਉਣ ਦਾ ਹਰਬਾ ਹੈ। ਉਂਝ ਦੇਖਿਆ ਜਾਵੇ ਤਾਂ ਇਹ ਪਾਰਟੀ ਦੀ ਵਿਚਾਰਧਾਰਾ ਦਾ ਮਾਮਲਾ ਹੈ। ਕਰਨਾਟਕ ਦੀ ਸਿਆਸਤ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖਣ ਵਾਲੇ ਪ੍ਰੋਫੈਸਰ ਜੇਮਸ ਮੈਨਰ ਨੇ ‘ਦਿ ਵਾਇਰ’ ਵਿਚ ਲਿਖੇ ਇਕ ਲੇਖ ਵਿਚ ਕਿਹਾ ਹੈ ਕਿ ‘ਭਾਜਪਾ ਦੀਆਂ ਫਿਰਕੂ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੱਝਵਾਂ ਰੂਪ ਦਿੱਤਾ ਜਾ ਰਿਹਾ ਸੀ ਅਤੇ ਹੁਣ ਇਹ ਉਸ ਮੁਕਾਮ ‘ਤੇ ਪਹੁੰਚ ਗਈਆਂ ਹਨ ਜਿਸ ਦੀ ਮਿਸਾਲ ਹੋਰਨਾਂ ਸੂਬਿਆਂ ਵਿਚ ਦੇਖਣ ਨੂੰ ਨਹੀਂ ਮਿਲਦੀ’। ਉਨ੍ਹਾਂ ਦਾ ਖਿਆਲ ਹੈ ਕਿ ‘ਕੱਟੜ ਹਿੰਦੂਤਵ ਦਾ ਇਹ ਸੰਚਾਲਨ ਕੇਂਦਰੀ ਆਗੂਆਂ ਦੇ ਥਾਪੇ ਭਾਜਪਾ ਦੇ ਅਹੁਦੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਦੇ ਦਿਨ ਤੋਂ ਹੀ ਉਨ੍ਹਾਂ ਦੀਆਂ ਖਵਾਹਿਸ਼ਾਂ ਸਪਸ਼ਟ ਕਰ ਦਿੱਤੀਆਂ ਜਾਂਦੀਆਂ ਹਨ। ਜਦੋਂ ਕਰਨਾਟਕ ਦੇ ਕਿਸੇ ਸੰਸਦ ਮੈਂਬਰ ਲਈ ਨਵੀਂ ਦਿੱਲੀ ਦੀ ਸੱਤਾ ਵਿਚ ਮੰਤਰੀ ਦਾ ਅਹੁਦਾ ਖੁੱਲ੍ਹਿਆ ਤਾਂ ਉਨ੍ਹਾਂ ਲਿੰਗਾਇਤ ਜਾਂ ਵੋਕਾਲਿਗਾ (ਸੂਬੇ ਦੇ ਪ੍ਰਮੁੱਖ ਤਬਕਿਆਂ) ‘ਚੋਂ ਕਿਸੇ ਨੂੰ ਚੁਣਨ ਦੀ ਬਜਾਇ ਅਨੰਤ ਕੁਮਾਰ ਹੈਗੜੇ ਨੂੰ ਚੁਣਿਆ ਜੋ ਸਿਰੇ ਦੇ ਕੱਟੜ ਮੰਨੇ ਜਾਂਦੇ ਹਨ। ਉਨ੍ਹਾਂ ਦੱਖਣੀ ਬੰਗਲੁਰੂ ਤੋਂ ਇਕ ਹੋਰ ਅੱਗ-ਲਾਊ, ਅਖੌਤੀ ਉੱਚ ਜਾਤੀ ਸੰਸਦ ਮੈਂਬਰ ਤੇਜਸਵੀ ਸੂਰੀਆ ਨੂੰ ਭਾਜਪਾ ਦੇ ਰਾਸ਼ਟਰੀ ਯੁਵਾ ਵਿੰਗ ਦਾ ਪ੍ਰਧਾਨ ਬਣਾਇਆ।’ ਅੱਗ-ਲਾਊ ਅਨਸਰਾਂ ਦੀ ਇਸ ਸੂਚੀ ਵਿਚ ਜੇ ਹੋਰ ਨਾਂ ਸ਼ਾਮਲ ਕਰਨੇ ਹੋਣ ਤਾਂ ਭਾਜਪਾ ਦੇ ਜਨਰਲ ਸਕੱਤਰ ਬੀ.ਐਲ. ਸੰਤੋਸ਼ ਅਤੇ ਨਲਿਨ ਕੁਮਾਰ ਕਤੀਲ ਦੇ ਨਾਂ ਲਏ ਜਾ ਸਕਦੇ ਹਨ ਜੋ ਕ੍ਰਮਵਾਰ ਸੋਸ਼ਲ ਮੀਡੀਆ ‘ਤੇ ‘ਹਿੰਦੂਤਵ ਦੇ ਮਹਾਂ ਟ੍ਰੋਲ’ ਗਿਣੇ ਜਾਂਦੇ ਹਨ ਅਤੇ ਭਾਜਪਾ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਹਨ।
ਇਨ੍ਹਾਂ ਸਾਰੀਆਂ ਨਿਯੁਕਤੀਆਂ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ ਜੋ ਸੂਬੇ ਦੀ ਸਿਆਸਤ ਵਿਚ ਆਪਣੀ ਪੁਜ਼ੀਸ਼ਨ ਤੋਂ ਕਿਤੇ ਵਧ ਕੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਹ ਅਮਿਤ ਸ਼ਾਹ ਹੀ ਸਨ ਜਿਨ੍ਹਾਂ ਨੇ 2022 ਦੇ ਆਖ਼ਰੀ ਹਫ਼ਤੇ ਵਿਚ ਕਰਨਾਟਕ ਵਿਚ ਪਾਰਟੀ ਦੇ ਚੋਣ ਪ੍ਰਚਾਰ ਦਾ ਰਸਮੀ ਉਦਘਾਟਨ ਕੀਤਾ ਸੀ, ਜਦੋਂ ਉਨ੍ਹਾਂ ਮਾਂਡਿਆ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ‘ਟੀਪੂ ਸੁਲਤਾਨ ਦਾ ਮਹਿਮਾ ਗਾਨ ਕਰਨ ਵਾਲਿਆਂ’ ਅਤੇ ‘ਦੇਸ਼ ਭਗਤਾਂ’ ਵਿਚੋਂ ਕਿਸੇ ਇਕ ਦੀ ਚੋਣ ਕਰਨ ਦਾ ਸੱਦਾ ਦਿੱਤਾ ਸੀ। ਇੱਥੇ ਟੀਪੂ ਦੇ ਪ੍ਰਸ਼ੰਸਕਾਂ ਦਾ ਸਿੱਧਮ-ਸਿੱਧਾ ਅਰਥ ਮੁਸਲਮਾਨਾਂ ਤੋਂ ਲਿਆ ਜਾਂਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਇਸ਼ਾਰਾ ਲੈ ਕੇ ਭਾਜਪਾ ਦੀ ਕਰਨਾਟਕ ਇਕਾਈ ਦੇ ਮੁਖੀ ਨੇ ਕੁਝ ਦਿਨਾਂ ਬਾਅਦ ਪਾਰਟੀ ਦੇ ਸਮਰਥਕ ਵੋਟਰਾਂ ਨੂੰ ਸੀਵਰੇਜ ਅਤੇ ਮਾੜੇ ਬੁਨਿਆਦੀ ਢਾਂਚੇ ਜਿਹੇ ‘ਛੋਟੇ ਮੋਟੇ’ ਮੁੱਦਿਆਂ ਦੀ ਥਾਂ ‘ਲਵ ਜਹਾਦ’ ਦੇ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਕੁਝ ਸਮਾਂ ਪਹਿਲਾਂ ਹੀ ਨਲਿਨ ਕੁਮਾਰ ਕਤੀਲ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ‘ਟੀਪੂ ਦੇ ਪੈਰੋਕਾਰਾਂ ਨੂੰ ਇਸ ਜ਼ਮੀਨ ‘ਤੇ ਨਹੀਂ ਰਹਿਣਾ ਦਿੱਤਾ ਜਾਣਾ ਚਾਹੀਦਾ ਸਗੋਂ ਰਾਮ ਦੇ ਭਜਨ ਗਾਉਣ ਵਾਲਿਆਂ ਨੂੰ ਹੀ ਰਹਿਣ ਦੇਣਾ ਚਾਹੀਦਾ ਹੈ।’
ਯੋਧੇ ਅਤੇ ਸ਼ਾਸਕ ਦੇ ਤੌਰ ‘ਤੇ ਟੀਪੂ ਸੁਲਤਾਨ ਦੀ ਵਿਰਾਸਤ ‘ਤੇ ਵਿਵਾਦ ਉੱਠਦੇ ਰਹੇ ਹਨ ਪਰ ਇਹ ਵੀ ਤੱਥ ਹੈ ਕਿ ਉਨ੍ਹਾਂ ਹਿੰਦੂ ਮੰਦਰਾਂ ਨੂੰ ਦਾਨ ਦਿੱਤਾ ਸੀ, ਭਾਵੇਂ ਸ਼ਾਸਕ ਦੇ ਤੌਰ ‘ਤੇ ਉਹ ਆਪਣੀ ਮੁਸਲਿਮ ਪਛਾਣ ਨੂੰ ਵੀ ਉਭਾਰਦੇ ਸਨ। ਜੇ ਅਠਾਰਵੀਂ ਸਦੀ ਦੀ ਇਸ ਹਸਤੀ ਬਾਰੇ ਹਿੰਦੂਤਵੀ ਇਤਿਹਾਸਕਾਰਾਂ ਦੇ ਲਗਾਏ ਜਾਂਦੇ ਦੋਸ਼ ਸਹੀ ਵੀ ਹੋਣ ਤਾਂ ਇੱਕੀਵੀਂ ਸਦੀ ਵਿਚ ਇਸ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਮੁਸਲਮਾਨਾਂ ਨੂੰ ਸਜ਼ਾ ਕਿਉਂ ਦਿੱਤੀ ਜਾਵੇ? ਅਜਿਹਾ ਕਰਨਾ ਕਿਸੇ ਵੀ ਲਿਹਾਜ਼ ਤੋਂ ਸਭਿਅਕ ਵਿਹਾਰ ਨਹੀਂ ਅਖਵਾ ਸਕਦਾ। ਉਂਝ, ਸਭਿਅਤਾ ਅਤੇ ਸੁਚੱਜ ਤਾਂ ਉਹ ਗੁਣ ਹਨ ਜਿਨ੍ਹਾਂ ਨਾਲ ਸੱਜੇਪੱਖੀਆਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ।
ਕਿਤਾਬ ਦੇ ਅੰਗਰੇਜ਼ੀ ਸੰਸਕਰਨ ਦੇ ਮੁੱਖ ਬੰਧ ਵਿਚ ਜੈਕੀ ਅਸਾਯਾਗ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਖੋਜ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਵਰਗਾਂ ਦਰਮਿਆਨ ਅਖੌਤੀ ਯੁੱਧ ਦੇ ਨੇਮ ਦੀ ਧਾਰਨਾ ਦਵੈਸ਼ ਅਤੇ ਨਸਲੀ ਰਾਸ਼ਟਰਵਾਦ ਜ਼ਰੀਏ ਇਤਿਹਾਸ ਨੂੰ ਝੂਠ ਦੀ ਪਾਣ ਚਾੜ੍ਹਨ ਦੇ ਅਮਲ ‘ਚੋਂ ਉਪਜੀ ਹੈ। ਤ੍ਰਾਸਦੀ ਇਹ ਹੈ ਕਿ ਇਸ ਕਿਤਾਬ ਦੇ ਪ੍ਰਕਾਸ਼ਿਤ ਹੋਣ ਤੋਂ ਇੰਨੇ ਸਾਲਾਂ ਬਾਅਦ ਵੀ ਝੂਠੇ ਅਤੇ ਫਰਜ਼ੀ ਇਤਿਹਾਸ ਦੇ ਨਿਰਮਾਤਾ ਤੇ ਖਰੀਦਦਾਰ ਵਧ ਰਹੇ ਹਨ। ਸਿਆਸੀ ਪੱਧਰ ‘ਤੇ ਹਿੰਦੂ ਵੋਟ ਬੈਂਕ ਦੇ ਨਿਰਮਾਣ ਦਾ ਭਾਜਪਾ ਨੂੰ ਅਥਾਹ ਲਾਹਾ ਮਿਲਿਆ ਹੈ। ਰੋਜ਼ਮੱਰਾ ਜੀਵਨ ਦੇ ਪੱਧਰ ‘ਤੇ ਇਸ ਨੇ ਵੱਖੋ-ਵੱਖਰੀਆਂ ਧਾਰਮਿਕ ਰਵਾਇਤਾਂ ਨਾਲ ਜੁੜੇ ਭਾਰਤ ਦੇ ਲੋਕਾਂ ਦਰਮਿਆਨ ਵੈਰਭਾਵ ਬਹੁਤ ਵਧਾ ਦਿੱਤਾ ਹੈ।
ਪ੍ਰੋ. ਜੈਕੀ ਅਸਾਯਾਗ ਨੇ ਆਪਣਾ ਫੀਲਡ ਵਰਕ 1980ਵਿਆਂ ਤੇ 1990ਵਿਆਂ ਦੇ ਸ਼ੁਰੂ ਵਿਚ ਕੀਤਾ ਸੀ। ਇਹ ਉਹ ਸਮਾਂ ਸੀ ਜਦੋਂ ਉੱਤਰੀ ਅਤੇ ਪੱਛਮੀ ਭਾਰਤ ਵਿਚ ਹਿੰਦੂ ਮੁਸਲਿਮ ਦੰਗਿਆਂ ਦੀ ਲਹਿਰ ਚੱਲ ਰਹੀ ਸੀ ਜਿਸ ਦਾ ਅਸਰ ਕਰਨਾਟਕ ਵਿਚ ਵੀ ਦੇਖਣ ਨੂੰ ਮਿਲਿਆ ਸੀ। ਭਾਜਪਾ ਤੇਜ਼ੀ ਨਾਲ ਉਭਰਦੀ ਹੋਈ ਸਿਆਸੀ ਤਾਕਤ ਸੀ ਜਿਸ ਨੂੰ ਵੰਡਪਾਊ ਅਤੇ ਖ਼ੂਨ ਖਰਾਬੇ ਵਾਲੇ ਰਾਮ ਜਨਮਭੂਮੀ ਅੰਦੋਲਨ ਤੋਂ ਹੁਲਾਰਾ ਮਿਲਿਆ ਸੀ। ਪ੍ਰੋ. ਜੈਕੀ ਅਸਾਯਾਗ ਲਿਖਦੇ ਹਨ ਕਿ ਹਿੰਦੂਤਵ ਵਿਚਾਰਕ ਨਵੇਂ ਸਿਰਿਓਂ ਭਾਰਤ ਦਾ ਨਕਸ਼ਾ ਵਾਹੁਣਾ ਚਾਹੁੰਦੇ ਸਨ ਜਿਸ ਵਿਚ ਉਹ ਰਾਮਾਇਣ ਵਿਚ ਦਰਸਾਈ ਪਾਵਨ ਭੂਮੀ ਨੂੰ ਲੈ ਕੇ ਭੰਬਲਭੂਸੇ ਵਿਚ ਪਏ ਹੋਏ ਸਨ ਕਿ ਸ੍ਰੀ ਰਾਮ ਨੇ ਜਿਨ੍ਹਾਂ ਅਸੁਰਾਂ ਦਾ ਅੰਤ ਕੀਤਾ ਸੀ, ਉਹ ਇਸ ਸਮੇਂ ਮੁਸਲਮਾਨਾਂ ਦੇ ਰੂਪ ਵਿਚ ਮੌਜੂਦ ਹਨ। ਇਨ੍ਹਾਂ ਵਿਚਾਰਕਾਂ ਦੀ ਇੱਛਾ ਸੀ ਕਿ ਹਿੰਦੂ ਰਾਸ਼ਟਰ ਵਿਚ ਮੁਸਲਮਾਨਾਂ ਨੂੰ ਅਧੀਨਗੀ, ਚਲੇ ਜਾਣ ਜਾਂ ਫਿਰ ਮੁਕੰਮਲ ਖਾਤਮੇ ‘ਚੋਂ ਕੋਈ ਇਕ ਹੀ ਰਾਹ ਚੁਣਨਾ ਪਵੇਗਾ। 1990ਵਿਆਂ ਦੇ ਅੰਤ ਤੱਕ ਕਰਨਾਟਕ ਵਿਚ ਫਿਰਕੂ ਜਨੂਨ ਕਾਫ਼ੀ ਹੱਦ ਤੱਕ ਲੱਥ ਗਿਆ ਸੀ।
ਇਸ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਨਿਸਬਤਨ ਸਮਾਜਿਕ ਸ਼ਾਂਤੀ ਦਾ ਮਾਹੌਲ ਚਲਦਾ ਰਿਹਾ। ਹੁਣ ਇਕ ਵਾਰ ਫਿਰ ਤਣਾਅ ਵਧ ਰਿਹਾ ਹੈ। ਹਾਲਾਂਕਿ ਇਸਲਾਮੀ ਕੱਟੜਪੁਣਾ ਬਿਲਕੁਲ ਵੀ ਨਦਾਰਦ ਨਹੀਂ ਹੈ ਪਰ ਗਿਣਤੀ, ਆਰਥਿਕ ਸ਼ਕਤੀ ਅਤੇ ਕੇਂਦਰ ਵਿਚ ਸਿਆਸੀ ਦਬਦਬੇ ਦੇ ਮੱਦੇਨਜ਼ਰ ਬਹੁਗਿਣਤੀ ਫਿਰਕਾਪ੍ਰਸਤੀ ਸੂਬੇ ਲਈ ਕਿਤੇ ਵੱਡਾ ਖ਼ਤਰਾ ਬਣ ਚੁੱਕੀ ਹੈ। ਪ੍ਰਧਾਨ ਮੰਤਰੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਵੱਲੋਂ ਕਦੇ ਕਦਾਈਂ ਮੁਸਲਿਮ ਭਾਈਚਾਰੇ ਤੱਕ ਪਹੁੰਚ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਗ੍ਰਹਿ ਮੰਤਰੀ, ਕਰਨਾਟਕ ਭਾਜਪਾ ਦੇ ਮੁਖੀ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਦੀ ਨਿੱਤ ਦੀ ਬਿਆਨਬਾਜ਼ੀ ਤੋਂ ਪਾਰਟੀ ਦੀ ਸਾਰੀ ਚੋਣ ਰਣਨੀਤੀ ਸਪੱਸ਼ਟ ਹੋ ਜਾਂਦੀ ਹੈ ਜਿਸ ਦਾ ਲਬੋ-ਲਬਾਬ ਇਹ ਹੈ ਕਿ ਹਿੰਦੂ ਵੋਟਰ ਹਿੰਦੂਆਂ ਦੇ ਹੱਕ ਵਿਚ ਅਤੇ ਮੁਸਲਮਾਨਾਂ ਦੇ ਵਿਰੁੱਧ ਵੋਟਾਂ ਪਾਉਣ। ਮੈਂ ਇਹ ਦ੍ਰਿੜਾਉਣਾ ਚਾਹੁੰਦਾ ਹਾਂ ਕਿ ਇਹ ਮਹਿਜ਼ ਪੈਂਤੜੇ (ਆਪਣੀ ਮੰਦੀ ਕਾਰਗੁਜ਼ਾਰੀ ਨੂੰ ਛੁਪਾਉਣ) ਦਾ ਸਵਾਲ ਨਹੀਂ ਹੈ ਸਗੋਂ ਵਿਸ਼ਵਾਸ ਦਾ ਮਾਮਲਾ ਹੈ। ਹਿੰਦੂ ਸ਼੍ਰੇਸ਼ਠਤਾ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨਾ ਤੇ ਸ਼ੈਤਾਨ ਵਜੋਂ ਪੇਸ਼ ਕਰਨਾ ਹਿੰਦੂਤਵੀ ਵਿਚਾਰਧਾਰਾ ਦਾ ਮੂਲ ਮੰਤਵ ਹੈ।
ਉੱਤਰ ਪ੍ਰਦੇਸ਼ ਅਤੇ ਅਸਾਮ ਵਾਂਗ ਹੀ ਕਰਨਾਟਕ ਵਿਚ ਵੀ ਭਾਜਪਾ ਫਿਰਕੂ ਧਰੁਵੀਕਰਨ ਦੇ ਆਧਾਰ ‘ਤੇ ਇਸ ਅਹਿਮ ਸੂਬੇ ਦੀ ਚੋਣ ਜਿੱਤਣ ਦੀ ਆਸਵੰਦ ਹੈ। ਉਨ੍ਹਾਂ ਦਾ ਗਣਿਤ ਇਹ ਹੈ ਕਿ ਤਿੰਨ ਧਿਰੀ ਮੁਕਾਬਲੇ ਵਿਚ ਜੇ ਅੱਧ ਜਾਂ ਇਸ ਤੋਂ ਵੱਧ ਹਿੰਦੂ ਖ਼ਾਸ ਤੌਰ ‘ਤੇ ਸਿਰਫ਼ ਹਿੰਦੂਆਂ ਲਈ ਵੋਟਾਂ ਪਾਉਣ ਤਾਂ ਪਾਰਟੀ ਝੰਡੀ ਲੈ ਜਾਵੇਗੀ। ਜੇ ਇਹ ਰਣਨੀਤੀ ਕਾਮਯਾਬ ਹੋ ਗਈ ਤਾਂ ਇਸ ਨਾਲ ਕਰਨਾਟਕ ਵਿਚ ਅਮਨ ਤੇ ਖੁਸ਼ਹਾਲੀ ਦੇ ਆਸਾਰ ਹੋਰ ਮੱਧਮ ਪੈ ਜਾਣਗੇ।