ਪ੍ਰਤੀਕਰਮ: ਅੰਮ੍ਰਿਤਪਾਲ ਸਿੰਘ ਤੇ ਕਰਮਜੀਤ ਸਿੰਘ ਦੀ ਲੁਭਾਉਣੀ ਫ਼ਿਕਰਮੰਦੀ!

ਰਵਿੰਦਰ ਸਿੰਘ ਸਹਿਰਾਅ
ਫੋਨ: +1-711-575-7529
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ਜਿਸ ਦਾ ਸਿਰਲੇਖ ਉਸ ਨੇ ‘ਦਿਲਾਂ ਵਿਚ ਵਸ ਜਾਣ ਵਾਲੇ ਅੰਮ੍ਰਿਤਪਾਲ ਵੀਰ ਲਈ ਸਾਰਾ ਪੰਜਾਬ ਫ਼ਿਕਰਮੰਦ!` ਰੱਖਿਆ ਹੈ, ਪੜ੍ਹਨ ਨੂੰ ਮਿਲਿਆ ਹੈ। ਉਸ ਦੇ ਹੋਰ ਨੁਕਤਿਆਂ ਉਪਰ ਗੱਲ ਕਰਨ ਤੋਂ ਪਹਿਲਾਂ ਅਸੀਂ ਸਿਰਲੇਖ ਬਾਰੇ ਹੀ ਗੱਲ ਕਰੀਏ ਤਾਂ ਇਹ ਲੁਭਾਉਣਾ ਜ਼ਰੂਰ ਲੱਗਦਾ ਹੈ ਪਰ ਹੈ ਹਕੀਕਤਾਂ ਤੋਂ ਦੂਰ। ਪੰਜਾਬ ਦੀ ਆਬਾਦੀ ਤਿੰਨ ਕਰੋੜ ਜਾਂ ਇਸ ਤੋਂ ਥੋੜ੍ਹੀ ਵੱਧ ਮੰਨੀ ਜਾਂਦੀ ਹੈ। ਇਸ ਵਿਚ ਸਿੱਖਾਂ ਦੀ ਗਿਣਤੀ 58 ਪ੍ਰਤੀਸ਼ਤ ਦੇ ਲਾਗੇ ਅਤੇ 42 ਪ੍ਰਤੀਸ਼ਤ ਦੂਜੇ ਧਰਮਾਂ ਜਾਂ ਲੋਕਾਂ ਦੀ ਹੈ। ਸਿੱਖਾਂ ਵਿਚੋਂ ਵੀ ਬਹੁਤ ਵੱਡੀ ਗਿਣਤੀ ਅੰਮ੍ਰਿਤਪਾਲ ਸਿੰਘ ਨਾਲ ਸਹਿਮਤ ਨਹੀਂ। ਉਨ੍ਹਾਂ ਕੋਲ ਇਸ ਦੇ ਠੋਸ ਕਾਰਨ ਵੀ ਹਨ। ਹਾਂ, ਜੇ ਸਾਰਾ ਪੰਜਾਬ ਫ਼ਿਕਰਮੰਦ ਹੈ ਤਾਂ ਉਹ ਹੈ ਪਿਛਲੇ ਕੁਝ ਮਹੀਨਿਆਂ ਤੋਂ ਪੈਰਾਸ਼ੂਟ ਰਾਹੀਂ ਉਤਾਰੇ ਅੰਮ੍ਰਿਤਪਾਲ ਸਿੰਘ ਵਲੋਂ ਧਰਮ ਦੇ ਨਾਂ ‘ਤੇ ਕੀਤੀਆਂ ਬੇਹੂਦਾ ਤੇ ਆਪਹੁਦਰੀਆਂ ਹਰਕਤਾਂ।

ਕਰਮਜੀਤ ਸਿੰਘ ਲਿਖਦੇ ਹਨ ਕਿ ਸਾਰਾ ਸੋਸ਼ਲ ਮੀਡੀਆ ਸਰਕਾਰ ਦੀ ਆਲੋਚਨਾ ਨਾਲ ਭਰਿਆ ਪਿਆ ਹੈ। ਕੀ ਉਹ ਸਿਰਫ਼ ਅੰਮ੍ਰਿਤਪਾਲ ਸਿੰਘ ਕਰਕੇ ਹੀ ਹੈ? ਬਿਲਕੁਲ ਵੀ ਨਹੀਂ। ਸੋਸ਼ਲ ਮੀਡੀਆ ਉਪਰ ਸਰਕਾਰ ਦੀ ਆਲੋਚਨਾ ਪੈਨਸ਼ਨਾਂ ਲਈ ਲੜ ਰਹੇ ਅਧਿਆਪਕ, ਫੀਸਾਂ ਦੇ ਵਾਧੇ ਵਿਰੁਧ ਲੜ ਰਹੇ ਵਿਦਿਆਰਥੀ, ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ, ਭੱਠਾ ਮਜ਼ਦੂਰ ਆਦਿ ਲਗਾਤਾਰ ਕਰ ਰਹੇ ਹਨ ਪਰ ਕਰਮਜੀਤ ਸਿੰਘ ਨੂੰ ਸਰਕਾਰ ਦਾ ਵਿਰੋਧ ਸਿਰਫ਼ ਅੰਮ੍ਰਿਤਪਾਲ ਸਿੰਘ ਕਰਕੇ ਹੀ ਦਿਸ ਰਿਹਾ ਹੈ।
ਹੋਰ ਦੇਖੋ ਕਿ ਬਹਰਲੇ ਮੁਲਕਾਂ `ਚ ਲੱਖਾਂ ਲੋਕ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਹਨ। ਇਹ ਵੀ ਸਰਾਸਰ ਝੂਠ ਹੈ। ਗਿਣਤੀ ਦੇ ਕੁਝ ਹੁੱਲੜਬਾਜ਼ ਹੀ ਭਾਰਤੀ ਸਫ਼ਾਰਤਖਾਨਿਆਂ ਮੋਹਰੇ ਜਾ ਕੇ ਨੱਚਦੇ-ਟੱਪਦੇ ਤੇ ਟਪੂਸੀਆਂ ਮਾਰਦੇ ਹਨ। ਵੱਡੀ ਗਿਣਤੀ ਲੋਕ ਇਸ ਨਾਲ ਰੱਤੀ ਭਰ ਵੀ ਸਹਿਮਤ ਨਹੀਂ। ਅੰਮ੍ਰਿਤਪਾਲ ਦੀ ਬੋਲਬਾਣੀ ਨੂੰ ਉਹ ‘ਚੇਤਨਾ ਦਾ ਪ੍ਰਵਾਹ` ਕਹਿੰਦੇ ਹਨ। ਇਹ ਭਲਾ ਕਿਹੜੀ ‘ਚੇਤਨਾ` ਹੋਈ ਜੋ ਕਿਸੇ ਦੀ ਆਲੋਚਨਾ ਸੁਣਨ ਦੇ ਸਮਰੱਥ ਵੀ ਨਹੀਂ! ਉਸ ਵਿਰੁਧ ਲਿਖਣ/ਬੋਲਣ ਵਾਲਿਆਂ ਦੀ ਕੁੱਟ-ਮਾਰ ਕਰਨੀ, ਧਮਕੀਆਂ ਦੇਣੀਆਂ,ਇੱਥੋਂ ਤਕ ਕਿ ਜਾਨੋਂ ਮਾਰ ਦੇਣਾ। ਗੁਰਦੁਆਰਿਆਂ ਅੰਦਰ ਜਾ ਕੇ ਕੁਰਸੀਆਂ ਭੰਨਣੀਆਂਤੇ ਸਾੜਨੀਆਂ, ਹਰਿੰਮਦਰ ਦੀ ਪਰਿਕਰਮਾ `ਚ ਬੰਦੂਕਾਂ ਤੇ ਨੰਗੀਆਂ ਕਿਰਪਾਨਾਂ ਨਾਲ ਸ਼ਕਤੀ ਦਿਖਾਵਾ ਕਰਨਾ, ਅਜਿਹੀ ‘ਚੇਤਨਾ` ਸਿਰਫ਼ ਕਰਮਜੀਤ ਸਿੰਘ ਹੀ ਦੇਖ ਤੇ ਸਹੀ ਠਹਿਰਾ ਸਕਦੇ ਹਨ।
ਅੰਮ੍ਰਿਤਪਾਲ ਸਿੰਘ ਦੀ ‘ਮਹਾਨਤਾ` ਤੇ ‘ਮਹੱਤਤਾ` ਦੀ ਗੱਲ ਕਰਦਿਆਂ ਜਨਾਬ ਲਿਖਦੇ ਹਨ-‘ਉਸ ਪਿੱਛੇ ਸੰਤ ਜਰਨੈਲ ਸਿੰਘ ਖਲੋਤੇ ਹਨ, ਦੀਪ ਸਿੱਧੂ ਦੀਆਂ ਚਿਤਾਵਨੀਆਂ ਹਨ, ਸਿੱਧੂ ਮੂਸੇ ਵਾਲਾ ਖਲੋਤਾ ਹੈ।’ ਅਸਲ ਵਿਚ, ਇਨ੍ਹਾਂ ਸਤਰਾਂ ਨਾਲ ਬਿੱਲੀ ਥੈਲਿਉਂ ਬਾਹਰ ਆ ਜਾਂਦੀ ਹੈ। ਕੀ ਕਰਮਜੀਤ ਸਿੰਘ ਕਾਲੇ ਅੱਖਰਾਂ ਵਿਚ ਲਿਖੇ ਜਾਣ ਵਾਲੇ ਉਸ ਦਹਾਕੇ ਨੂੰ ਮੁੜ ਦੇਖਣ ਖਾਤਿਰ ਲੁਭਾਉਣੀ ਸ਼ੈਲੀ ਨਾਲ ਅਜਿਹੇ ਅਨਸਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ? ਕਰਮਜੀਤ ਸਿੰਘ ਅਤੇ ਇਹੋ ਜਿਹੇ ਕੁਝ ਹੋਰ ਲੋਕਾਂ ਨੇ ਉਦੋਂ ਵੀ ਪੰਜਾਬਦੀ ਭਾਈਚਾਰਕ ਸਾਂਝ ਨੂੰ ਬਲਦੀ ਅੱਗ ਵਿਚ ਧੱਕਿਆ ਸੀ ਤੇ ਫਿਰ ਦੀਪ ਸਿੱਧੂ ਜਿਹੇ ‘ਸ਼ਹੀਦ` ਰਾਹੀਂ ਕਿਸਾਨ ਮੋਰਚੇ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਲੋਕਾਂ ਦੀ ਚੇਤਨਾ ਅੱਗੇ ਇਨ੍ਹਾਂ ਦੀ ਇਕ ਨਹੀਂ ਸੀ ਚੱਲੀ। ਹੋਰ ਚਤੁਰਾਈ ਦੇਖੋ: ‘ਅੰਮ੍ਰਿਤਪਾਲ ਕੀ ਹੈ? ਉਹ ਇਸ ਸ਼ਾਨਾਮੱਤੇ ਇਤਿਹਾਸ ਦੀ ਲੜੀ ਵਿਚ ਨਵਾਂ ਮਹਿਮਾਨ ਆਇਆ ਹੈ।’ ਕੀ ਇਸ ‘ਨਵੇਂ ਮਹਿਮਾਨ` ਕੋਲ ਬੰਦੂਕਾਂ ਦੇ ਸਾਏ ਹੇਠ ਹੀ ਅੰਮ੍ਰਿਤ ਪ੍ਰਚਾਰ ਕਰਵਾਉਣ ਦਾ ਰਾਹ ਬਚਿਆ ਸੀ? ਕੀ ਨਸ਼ੇ ਇਕੱਲੇ ਸਿੱਖ ਹੀ ਕਰਦੇ ਹਨ? ਕੀ ਨਸ਼ਿਆਂ ਵਿਰੁੱਧ ਹੋਰ ਕੋਈ ਕੰਮ ਹੀ ਨਹੀਂ ਕਰ ਰਿਹਾ?
ਹਾਂ, ਸਟੇਟ ਵੱਲੋਂ ਕੀਤੇ ਧੱਕੇ ਦੇ ਅਸੀਂ ਵੀ ਸਖ਼ਤ ਵਿਰੁਧ ਹਾਂ। ਕਿਸੇ ਇਕ ਹੁੱਲੜਬਾਜ਼ ਦੀ ਖ਼ਾਤਿਰ ਅਨੇਕਾਂ ਮਾਵਾਂ ਦੇ ਭੋਲੇ ਭਾਲੇ ਪੁੱਤਾਂ ਨੂੰ ਸੁਰੱਖਿਆ ਐਕਟ ਲਾ ਕੇ ਜੇਲ੍ਹਾਂ ਵਿਚ ਬੰਦਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਦਰਅਸਲ, ਇਹ ‘ਚੇਤਨਾ ਪ੍ਰਵਾਹ` ਵਿਚ ਡੁੱਬਿਆ ਭੁੱਲੜ, ਸਰਕਾਰ ਦੇ ਖਾਸੇ ਨੂੰ ਸਮਝਦਾ ਹੀ ਨਹੀਂ। ਥਾਣਿਆਂ ਉਪਰ ਸ਼ਰੇ੍ਹਆਮ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਹਮਲਾ ਕਰਨ, ਮੁਲਾਜ਼ਮਾਂ ਦੇ ਸਿਰ ਪਾੜਨ ਨੂੰ ਇਹ ਖਾਲਿਸਤਾਨ ਦੀ ਸਥਾਪਨਾ ਸਮਝ ਬੈਠਾ। ਸਰਕਾਰਾਂ ਨਾਲ ਟੱਕਰ ਲੈਣੀ ਏਨੀ ਸੁਖਾਲੀ ਨਹੀਂ ਹੁੰਦੀ। 1975 ਦੀ ਐਮਰਜੈਂਸੀ ਵੇਲੇ ਸਰਕਾਰ ਦਾ ਵਹਿਸ਼ੀ ਰੂਪ ਅਸੀਂ ਦੇਖਿਆ ਹੋਇਆ ਹੈ। ‘ਮੀਸਾ’ ਅਧੀਨ ਸਾਲਾਂ ਬੱਧੀ ਜੇਲ੍ਹਾਂ ਵਿਚ ਰਹਿ ਕੇ ਅਤੇ ਅੰਮ੍ਰਿਤਸਰ ਦੇ ਬੁੱਚੜਖਾਨੇ ਦਾ ਰਿਮਾਂਡ ਵੀ ਅਸੀਂ ਝੱਲਿਆ ਹੋਇਆ ਹੈ। ਇਸ ਤਰ੍ਹਾਂ ਦੇ ਯੋਧਿਆਂ ਨੇ ਤਾਂ ਅਜੇ ਇਕ ਡੰਡਾ ਵੀ ਨਹੀਂ ਖਾਧਾ। ਕਦੇ ਇਸਾਈਆਂ ਤੇ ਕਦੇ ਹਿੰਦੂਆਂ ਵਿਰੁੱਧ ਜ਼ਹਿਰ ਉਗਲ ਕੇ ਇਹ ਕਿਹੜੇ ਸ਼ਾਨਾਮੱਤੇ ਪੰਜਾਬ ਦਾ ‘ਨਵਾਂ ਮਹਿਮਾਨ` ਅੰਬਰੋਂ ਉਤਰ ਆਇਆ ਹੈ ਜਿਸ ਦੀ ਸ਼ਾਨ ਵਿਚ ਕਰਮਜੀਤ ਸਿੰਘ ਨੂੰ ਕਸੀਦੇ ਲਿਖਣੇ ਪੈ ਗਏ ਹਨ? ਦਰਅਸਲ, ਜੋ ਬਿਰਤਾਂਤ ਇਸ ‘ਨਵੇਂ ਮਹਿਮਾਨ’ ਨੇ ਸਿਰਜਿਆ ਹੈ, ਉਹ ਸਰਕਾਰਾਂ ਨੂੰ ਰਾਸ ਬਹਿੰਦਾ ਹੈ। ਇਸੇ ਬਹਾਨੇ ਉਹ ਤਸ਼ੱਦਦ ਕਰਦੇ ਰਹੇ ਹਨ, ਕਰ ਰਹੇ ਹਨ ਤੇ ਕਰਦੇ ਰਹਿਣਗੇ।
ਕਰਮਜੀਤ ਸਿੰਘ ਪ੍ਰੋ. ਪੂਰਨ ਸਿੰਘ ਦੀਆਂ ਸਤਰਾਂ ਵਰਤ ਕੇ ਇਸ ਨੂੰ ਕਾਵਿਕ ਰੰਗਣ ਵੀ ਦੇ ਰਹੇ ਹਨ। ਇਹ ਉਨ੍ਹਾਂ ਦੀ ਪੱਤਰਕਾਰੀ ਦੀ ਕੁਸ਼ਲਤਾ ਹੀ ਕਹੀ ਜਾ ਸਕਦੀ ਹੈ ਪਰ ਪ੍ਰੋ. ਪੂਰਨ ਸਿੰਘ ਤਾਂ ਇਹ ਵੀ ਲਿਖਦੇ ਹਨ।
ਇੱਕ ਪੜ੍ਹੇ ਨੌਜੁਆਨ ਨੂੰ ਪੁੱਛਿਆ
ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ, ਗਠੀਲਾ, ਅਟੁੱਟ ਜਿਹਾ ਭਾਈਚਾਰਾ ਕਿੱਥੇ?
ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ?
ਦਿਲ ਚੋਰ, ਮਿੱਠਤ ਕਿੱਥੇ, ਉਹ ਬਾਹਾਂ ਦਾ ਜ਼ੋਰ ਸਾਰਾ?

ਉਹ ਘੋੜੀਆਂ ਉਹ ਸੁਹਾਗ, ਉਹ ਦੋ-ਦੋ ਗੱਲਾਂ ਤੇ ਹਾਸੇ
ਉਹ ਜੰਞਾਂ ਜਗਮਗ, ਕਿਥੇ ਕੇਸਰ ਰੰਗੀਆਂ
ਉਹ ਲਾੜੇ ਦਾ ਘੋੜੀ ਚੜ੍ਹਨਾ, ਵਾਗਾਂ ਦਾ ਗੁੰਦਣਾ ਕਿੱਥੇ?
ਕਰਮਜੀਤ ਸਿੰਘ ਜੀ, ਮਿਹਰਬਾਨੀ ਕਰ ਕੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਉ।