ਧੀਰੇਂਦਰ ਕੇ. ਝਾਅ
ਅਨੁਵਾਦ: ਤਰਸੇਮ ਲਾਲ
ਕਿਸੇ ਸਮੇਂ ਅਯੁੱਧਿਆ ਦੇ ਸਾਧੂ ਵੱਖਰੀ ਕਿਸਮ ਦੀ ਕਲਾ ਦੇ ਮਾਹਰ ਹੁੰਦੇ ਸਨ ਪਰ 1980 ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਰਗਰਮੀ ਤੋਂ ਬਾਅਦ ਸਾਧੂਆਂ ਨੂੰ ਧਾਰਮਿਕ-ਸਿਆਸੀ ਕਾਰਜਾਂ ਲਈ ਵਰਤਿਆ ਜਾਣ ਲੱਗਾ। ਹੁਣ ਤਾਂ ਇਹ ਸਾਧੂ ਪੁਰਾਣੀਆਂ ਪ੍ਰੰਪਰਾਵਾਂ, ਵਿਸ਼ਵਾਸ, ਗੁਰਗੱਦੀ ਅਤੇ ਗਿਆਨ ਦੀ ਥਾਂ ਤਾਕਤ, ਪੈਸਾ ਅਤੇ ਸ਼ਕਤੀ ਲਈ ਖੇਡਾਂ ਖੇਡਦੇ ਹਨ। ਉਘੇ ਪੱਤਰਕਾਰ ਧੀਰੇਂਦਰ ਕੇ. ਝਾਅ ਨੇ ਇਸ ਸਿਆਸੀ ਸ਼ਕਤੀ ਦੇ ਵੇਰਵੇ ਆਪਣੀ ਅੰਗਰੇਜ਼ੀ ਕਿਤਾਬ ‘ਅਸੈਟਿਕ ਗੇਮਜ਼’ ਵਿਚ ਪੇਸ਼ ਕੀਤੇ ਹਨ। ਇਸ ਕਿਤਾਬ ਦਾ ਪੰਜਾਬੀ ਤਰਜਮਾ ਤਰਸੇਮ ਲਾਲ ਨੇ ਕੀਤਾ ਹੈ। ਆਪਣੇ ਪਾਠਕਾਂ ਲਈ ਅਸੀਂ ਇਹ ਕਿਤਾਬ ਲੜੀਵਾਰ ਛਾਪ ਰਹੇ ਹਾਂ। ਇਸ ਅਹਿਮ ਕਿਤਾਬ ਦੀ ਦੂਜੀ ਕਿਸ਼ਤ ਹਾਜ਼ਿਰ ਹੈ।
ਅਜੀਤ ਦਾਸ ਨੇ ਮ੍ਰਿਤਕ ਨਾਗੇ ਨੂੰ ਬਾਂਸ ਦੀ ਪੌੜੀ ਤੋਂ ਚੁੱਕਿਆ ਅਤੇ ਲੱਤਾਂ ਤੋਂ ਫੜ ਕੇ ਹਵਾ ਵਿਚ ਉਛਾਲਿਆ। ਨਿਰਵਾਣੀ ਅਨੀ (ਸਮੂਹ) ਅਧੀਨ ਨਿਰਵਾਣੀ, ਨਿਰਮੋਹੀ ਅਤੇ ਦਿਗੰਬਰ ਅਖਾੜੇ ਆਉਂਦੇ ਹਨ। ਨਿਰਵਾਣੀ ਅਖਾੜੇ ਦੀ ਲਾਲ ਪੱਥਰ ਨਾਲ ਬਣੀ ਵਿਸ਼ਾਲ ਇਮਾਰਤ ਵਿਚ 600 ਲੋਕ ਰਹਿੰਦੇ ਹਨ। ਇਸ ਦੇ ਵਿਚਕਾਰ ਵੱਡਾ ਹਨੂੰਮਾਨ ਮੰਦਰ ਹੈ। ਆਲੇ ਦੁਆਲੇ ਸਾਧਾਂ ਵੈਰਾਗੀਆਂ ਲਈ ਵੱਡੇ ਹਨੇਰੇ ਕਮਰੇ ਹਨ ਜਿਨ੍ਹਾਂ ਨੂੰ ਆਸਣ ਵੀ ਕਹਿੰਦੇ ਹਨ। ਬਾਹਰਲੇ ਪਾਸੇ ਸੈਂਕੜੇ ਦੁਕਾਨਾਂ ਹਨ ਜਿਨ੍ਹਾਂ ‘ਤੇ ਹਨੂੰਮਾਨ ਗੜ੍ਹੀ ਦੇ ਮਹੰਤ ਕਾਬਜ਼ ਹਨ। ਦੱਖਣ ਵੱਲ ਇਮਲੀ ਬਾਗ ਵਿਚ ਵੀ ਦੂਹਰੀ ਮੰਜ਼ਿਲ ਵਾਲੀਆਂ ਇਮਾਰਤਾਂ ਹਨ ਜਿਸ ਵਿਚ ਸਭ ਤੋਂ ਸ਼ਕਤੀਸ਼ਾਲੀ ਨਾਗਾ ਵੈਰਾਗੀ ਗਿਆਨ ਦਾਸ 1990 ਤੋਂ ਰਹਿੰਦੇ ਹਨ। 25 ਨਵੰਬਰ 2005 ਨੂੰ ਹਨੂੰਮਾਨ ਮੰਦਰ ਅਤੇ ਇਸ ਦੇ ਰਸਤੇ ਵਿਚ ਹੀ ਲੜਾਈ ਹੋਈ। ਇਹ ਲੜਾਈ ਗਿਆਨ ਦਾਸ ਅਤੇ ਧਰਮ ਦਾਸ ਜੋ ਆਰ.ਐੱਸ.ਐੱਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਵੀ.) ਦੇ ਨੇੜੇ ਹੋਣ ਕਾਰਨ ਕਾਫੀ ਸ਼ਕਤੀਸ਼ਾਲੀ ਬਣ ਗਿਆ, ਵਿਚਕਾਰ ਹੋਈ। ਦੋ ਪਹਿਲਵਾਨ ਜੋ ਇੱਕੋ ਗੁਰੂ ਹਰੀਸ਼ੰਕਰ ਦਾਸ ਦੇ ਚੇਲੇ ਰਹੇ ਸਨ, ਹੁਣ ਦੁਸ਼ਮਣ ਬਣ ਗਏ ਸਨ।
ਗਿਆਨ ਦਾਸ ਅਤੇ ਧਰਮ ਦਾਸ ਵਿਚਕਾਰ ਸ੍ਰੀ ਮਹੰਤੀ ਲਈ ਲੜਾਈ ਲੰਮੇ ਸਮੇਂ ਤੋਂ ਧੁਖ ਰਹੀ ਸੀ। ਸ੍ਰੀ ਮਹੰਤੀ ਹਰ ਕੁੰਭ, ਅਰਧ-ਕੁੰਭ ਸਮੇਂ ਜਗ੍ਹਾ ਅਲਾਟ ਕਰਨ ਅਤੇ ਹੋਰ ਪ੍ਰਬੰਧਾਂ ਸਮੇਂ ਚੰਗਾ ਧਨ ਤੇ ਸ਼ਕਤੀ ਇਕੱਠਾ ਕਰਨ ਦਾ ਸਾਧਨ ਸੀ। ਗਿਆਨ ਦਾਸ ਦੀ ਤਾਕਤ 1990 ਦੇ ਦਹਾਕੇ ਦੇ ਪਹਿਲੇ ਅੱਧ ਤੋਂ ਵਧਣੀ ਸ਼ੁਰੂ ਹੋਈ ਜਦੋਂ ਪੀ.ਵੀ. ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸਨ। ਉਸ ਨੇ ਸਾਧੂਆਂ ਅਤੇ ਸੰਘ ਪਰਿਵਾਰ ਵਿਚਲੀ ਨੇੜਤਾ ਤੋੜਨ ਦੇ ਯਤਨ ਕੀਤੇ। ਗਿਆਨ ਦਾਸ ਨੂੰ ਚੰਦਰਾ ਸੁਆਮੀ (ਉਘਾ ਤੰਤਰਿਕ) ਦਾ ਵੀ ਥਾਪੜਾ ਸੀ। ਉਹ ਮੁੱਢਲੇ ਤੌਰ `ਤੇ ਯੂਥ ਕਾਂਗਰਸ ਦਾ ਲੀਡਰ ਸੀ। 1970 ਤੋਂ ਉਸ ਦੀ ਚੜ੍ਹਾਈ ਸ਼ੁਰੂ ਹੋ ਗਈ। 1985 ਵਿਚ ਫਰਾਡ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਹੋਇਆ। ਉਸ ਦੇ ਇਰਾਨ-ਕੌਟਰਾ ਸਕੈਂਡਲ ਅਤੇ ਅਦਨਾਨ ਖਗੋਸ਼ੀ ਨਾਲ ਸਬੰਧ ਸਨ ਜੋ ਹਥਿਆਰਾਂ ਦਾ ਕੌਮਾਂਤਰੀ ਦਲਾਲ ਸੀ। ਉਸ ਦੇ ਨਰਸਿਮਹਾ ਰਾਓ ਦੇ ਪੁੱਤਰ ਪੀ.ਵੀ. ਰਾਜਸ਼ੇਖਰ ਰਾਓ, ਵੀ.ਸੀ. ਸ਼ੁਕਲਾ, ਕਮਲਕਾਂਤ ਚੰਦਰਸ਼ੇਖਰ, ਦੇਵੀ ਲਾਲ ਆਦਿ ਨਾਲ ਵੀ ਚੰਗੇ ਸੰਬੰਧ ਸਨ। ਇਹ ਸਾਰੇ ਉਸ ਦੀ ਮਾਤਾ ਦੇ ਸਸਕਾਰ ਸਮੇਂ ਅਪਰੈਲ 1993 ਵਿਚ ਹਾਜ਼ਰ ਸਨ। ਚੰਦਰਾ ਸਵਾਮੀ, ਨੂੰ ਰਾਓ ਨੇ 30 ਸਾਧੂਆਂ ਅਤੇ ਧਰਮ ਅਚਾਰੀਆ ਦੀ ਮੀਟਿੰਗ ਦਿੱਲੀ ਵਿਚ ਕਰਨ ਲਈ ਕਿਹਾ। ਅਪਰੈਲ 1993 ਵਿਚ ਇਹ ਮੀਟਿੰਗ ਹੋਈ ਜਿਸ ਵਿਚ ਜਗਤ ਗੁਰੂ ਰਾਮਾਨੰਦ ਅਚਾਰੀਆ, ਹਰੀ ਅਚਾਰੀਆ, ਰਾਮਾਨੰਦੀ ਸਾਧੂ ਜਿਸ ਦੀ ਅਯੁੱਧਿਆ ਦੇ ਨਾਮੀ ਵੈਰਾਗੀਆਂ ਦੀ ਵੱਡੀ ਗਿਣਤੀ ਵਿਚ ਪਕੜ ਸੀ, ਨੇ ਸਾਥ ਦਿੱਤਾ। ਉਥੇ ਜੋ ਅਹਿਮ ਮਤਾ ਪਾਸ ਕੀਤਾ, ਉਹ ਸੀ- ਹਿੰਦੂ ਧਾਰਮਿਕ ਸਮੂਹਾਂ ਦੀ ਸਿਆਸਤ ਤੋਂ ਦੂਰੀ। ਇਸ ਦੇ ਨਾਲ ਜੂਨ ਦੇ ਪਹਿਲੇ ਹਫਤੇ ਚੰਦਰਾ ਸੁਆਮੀ ਨੇ ਅਯੁੱਧਿਆ ਵਿਚ ਸੋਮ ਯੱਗ ਕੀਤਾ ਅਤੇ ਅਯੁੱਧਿਆ ਅੰਦਰ ਸੰਘ ਪਰਿਵਾਰ ਦੀ ਏਕਤਾ ਤੋੜਨ ਦੇ ਯਤਨ ਕੀਤੇ। ਦੋ ਕਰੋੜ ਦੇ ਇਸ ਵੱਡੇ ਤਮਾਸ਼ੇ ਵਿਚ ਕੇਂਦਰ ਸਰਕਾਰ ਦੀ ਸਿੱਧੀ ਹਮਾਇਤ ਸੀ। ਰਾਜ ਸਰਕਾਰਾਂ ਵੀ ਕੇਂਦਰ ਦੇ ਇਸ਼ਾਰੇ ‘ਤੇ ਨੱਚਦੀਆਂ ਸਨ। ਜ਼ਿਲ੍ਹਾ ਮੈਜਿਸਟਰੇਟ ਵੀ.ਐੱਨ. ਪਾਂਡੇ ਦੇ ਆਗਿਆ ਦੇਣ ਤੋਂ ਇਨਕਾਰ ਕਰਨ ‘ਤੇ ਬਦਲੀ ਕਰ ਦਿੱਤੀ। ਇਸ ਤਰ੍ਹਾਂ ਐੱਸ.ਐੱਸ.ਪੀ. ਹਰਭਜਨ ਸਿੰਘ ਦੇ ਇਤਰਾਜ਼ ਵੀ ਖਾਰਿਜ ਕਰ ਦਿੱਤੇ ਗਏ। ਚੰਦਰਾ ਸੁਆਮੀ ਦਾ ਸੋਮ ਯੱਗ ਭਾਵੇਂ ਵਿਚ-ਵਿਚਾਲੇ ਖਤਮ ਕਰਨਾ ਪਿਆ ਪਰ ਗਿਆਨ ਦਾਸ ਦੀ ਪ੍ਰਸਿੱਧੀ ਵਧ ਗਈ। ਉਸ ਨੇ ਪੂਰੇ ਜੋਸ਼ ਨਾਲ ਸੰਘ ਪਰਿਵਾਰ ਦੀ ਜਕੜ ਤੋੜਨ ਦੇ ਯਤਨ ਕੀਤੇ। ਇਸ ਵਾਰ ਚੰਦਰਾ ਸੁਆਮੀ ਦੀ ਥਾਂ ਚਾਰ ਮੁੱਖ ਪੀਠਾਂ ਦੇ ਸ਼ੰਕਰਚਾਰੀਆ ਆਦਿ ਸ਼ੰਕਰ ਜੋਤੀ ਪੀਠ ਉਤਰਾਖੰਡ, ਸ੍ਰੀ ਨਗੇਰੀ ਪੀਠ ਕਰਨਾਟਕ, ਗੋਵਰਧਨ ਪੀਠ ਉੜੀਸਾ, ਦੁਆਰਕਾ ਪੀਠ ਗੁਜਰਾਤ, ਸਵਰੂਪਾ ਨੰਦ ਸਰਸਵਤੀ, ਸ਼ੰਕਰਾਚਾਰੀਆ ਦੁਆਰਕਾ ਪੀਠ ਨੇ ਇਸ ਕਾਰਜ ਦੀ ਅਗਵਾਈ ਕੀਤੀ। 27 ਜੂਨ 1993 ਨੂੰ ਸ੍ਰੀ ਨਗੈਰੀ ਵਿਚ ਮੀਟਿੰਗ ਰੱਖੀ। ਇਸ ਮੀਟਿੰਗ ਵਿਚ ਆਜ਼ਾਦ ਗੈਰ-ਸਿਆਸੀ, ਧਾਰਮਿਕ ਸੰਸਥਾ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਸੌਂਪਿਆ ਅਤੇ ਕੇਂਦਰ ਸਰਕਾਰ ਨੂੰ ਝਗੜੇ ਵਾਲੀ ਜਗ੍ਹਾ ਸੌਂਪਣ ਲਈ ਕਿਹਾ। ਅਕਤੂਬਰ 1993 ਵਿਚ ਫਤਿਹਪੁਰ (ਰਾਜਸਥਾਨ) ਵਿਚ ਰੱਖੀ ਕਨਵੈਨਸ਼ਨ ਵਿਚ ਬਹੁਤ ਸਾਰੇ ਸਾਧੂ ਸੰਤ ਸ਼ਾਮਲ ਹੋਏ ਤੇ ਕਾਂਗਰਸ ਦੀ ਹਮਾਇਤ ਵਾਲਾ ਰਾਮਲੱਲਾ ਟਰਸਟ ਕਾਇਮ ਕੀਤਾ ਗਿਆ। ਇਹ ਵੀ.ਐੱਚ.ਪੀ. ਦੇ ਟਰਸਟ ਦੇ ਬਰਾਬਰ ਕੰਮ ਕਰਨ ਲੱਗਾ। ਸ਼ੰਕਰਾਚਾਰੀਆ ਵਿਚ ਮੱਤਭੇਦ ਪੈਦਾ ਹੋ ਗਏ ਪਰ ਗਿਆਨ ਦਾਸ ਦੀ ਤਾਕਤ ਵਧਦੀ ਗਈ ਅਤੇ ਉਹ ਸਰਵ-ਭਾਰਤੀ ਅਖਾੜਾ ਪ੍ਰੀਸ਼ਦ ਦਾ ਪ੍ਰਧਾਨ ਬਣ ਗਿਆ (2004 ਮਾਰਚ)। ਵਿਸ਼ਵ ਹਿੰਦੂ ਪ੍ਰੀਸ਼ਦ ਨੇ 2005 ਵਿਚ ਧਰਮ ਦਾਸ ਰਾਹੀਂ ਗਿਆਨ ਦਾਸ ‘ਤੇ ਹਮਲੇ ਸ਼ੁਰੂ ਕੀਤੇ।
—
ਰਾਮਾਨੰਦੀ ਅਖਾੜੇ ਦੀ ਸ਼ੁਰੂਆਤ ਬਾਰੇ ਅਲੱਗ-ਅਲੱਗ ਵਿਚਾਰ ਹਨ। ਕਈ 1300 ਈਸਵੀ ਅਤੇ ਕਈ 1600 ਈਸਵੀ ਵਿਚ ਸ਼ੁਰੂਆਤ ਦੱਸਦੇ ਹਨ ਪਰ ਇਹ ਦਸਨਾਮੀ ਅਖਾੜੇ ਤੋਂ ਬਾਅਦ ਸ਼ੁਰੂ ਹੋਏ ਕਿਉਂਕਿ ਇਹ ਦਸਨਾਮੀ ਅਖਾੜੇ ਨਾਲ ਮਿਲਦੇ ਜੁਲਦੇ ਹਨ। ਰਾਮਾਨੰਦ ਅਤੇ ਰਾਮਾਨੰਦੀ ਅਖਾੜਿਆਂ ਦੀ ਸ਼ੁਰੂਆਤ ਰਾਹੀਂ ਸ਼ੈਵ ਤੋਂ ਮੁਕਤੀ ਪਾਉਣ ਦੀ ਕੋਸ਼ਿਸ਼ ਕੀਤੀ। ਸ਼ੈਵ ਤੇ ਵੈਸ਼ਨਵ ਵਿਚ ਲੜਾਈ ਲੰਮਾ ਸਮਾਂ ਰਹੀ। ਭੈਰਵ ਗਿਰੀ ਸ਼ੈਵ ਸੰਨਿਆਸੀ, ਇੱਕ ਵੈਸ਼ਨਵ ਸੰਨਿਆਸੀ ਨੂੰ ਮਾਰੇ ਬਿਨਾ ਭੋਜਨ ਨਹੀਂ ਸੀ ਕਰਦੇ। 1690 ਨਾਸਿਕ ਅਤੇ 1760 ਹਰਿਦੁਆਰ ਵਿਖੇ ਸ਼ੈਵ ਅਤੇ ਵੈਸ਼ਨਵ ਵਿਚਾਲੇ ਖੂਨੀ ਝੜਪਾਂ ਦਾ ਇਤਿਹਾਸ ਹੈ। 17ਵੀਂ ਸਦੀ ਦੇ ਅੰਤ ਵਿਚ ਵੈਸ਼ਨਵ ਸਾਧੂਆਂ ਨੇ ਜੈਪੁਰ ਕਾਨਫਰੰਸ ਕੀਤੀ। ਬਾਲਨੰਦ (ਰਾਮਨੰਦੀ) ਨੂੰ ਸ਼ੈਵ ਦਾ ਟਾਕਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਸ ਨੇ ਤਿੰਨ ਅਨੀ (ਸਮੂਹ)- ਨਿਰਵਾਣੀ, ਨਿਰਮੋਹੀ ਤੇ ਦਿਗੰਬਰ ਬਣਾਏ ਅਤੇ ਉਸ ਨੂੰ ਅੱਗੇ ਅਖਾੜਿਆਂ ਵਿਚ ਵੰਡਿਆ ਜਿੱਥੇ ਅਸ਼ਤਰਧਾਰੀ ਸਾਧੂ ਰਹਿੰਦੇ ਸਨ।
ਨਿਰਵਾਣੀ ਅਨੀ ਵਿਚ ਨਿਰਵਾਣੀ ਖਾਕੀ ਤੇ ਨਿਰਅੰਬਰੀ ਅਖਾੜਾ, ਨਿਰਮੋਹੀ ਐੱਨੀ ਵਿਚ ਨਿਰਮੋਹੀ, ਮਹਾਂ ਨਿਰਵਾਣੀ ਤੇ ਸੰਤੋਸ਼ੀ ਅਖਾੜਾ, ਦਿਗੰਬਰ ਐੱਨੀ ਵਿਚ ਰਾਮ ਦਿਗੰਬਰ ਤੇ ਸ਼ਾਮ ਦਿੰਗਬਰ ਅਖਾੜੇ ਬਣਾਏ।
ਜਿੱਥੇ ਅੱਜ ਹਨੂੰਮਾਨ ਗੜ੍ਹੀ ਸਥਿਤ ਹੈ, ਉਹ ਜੂਨਾ ਅਖਾੜਾ ਦੇ ਸ਼ੈਵ ਸਾਧੂਆਂ ਦੇ ਕਬਜ਼ੇ ਵਿਚ ਸੀ (18ਵੀਂ ਸਦੀ ਦੇ ਸ਼ੁਰੂਆਤੀ ਦੌਰ ਤੱਕ) ਨਿਰਵਾਣੀ ਅਖਾੜੇ ਦੇ ਵੈਸ਼ਨਵ ਨਾਗਿਆਂ ਨੇ ਮਹੰਤ ਬਾਬਾ ਅਭੈ ਦਾਸ ਦੀ ਅਗਵਾਈ ਵਿਚ ਖੂਨੀ ਝੜਪ ਬਾਅਦ ਇਸ ‘ਤੇ ਕਬਜ਼ਾ ਕਰ ਲਿਆ। ਦੰਦ ਕਥਾ ਹੈ ਕਿ ਸ਼ੈਵ ਨਾਗੇ ਤੇ ਮੁਸਲਿਮ ਫਕੀਰ, ਹਨੂੰਮਾਨ ਟਿੱਲੇ ‘ਤੇ ਇੱਕ ਪੱਥਰ ਦੀ ਪੂਜਾ ਕਰਦੇ ਸਨ। ਸ਼ੈਵ ਇਸ ਨੂੰ ਹਨੂੰਮਾਨ ਦਾ ਅਵਤਾਰ ਮੰਨਦੇ ਸਨ। ਫਕੀਰ ਇਸ ਨੂੰ ਹਥੀਲੇ (ਮੁਸਲਿਮ ਪੀਰ) ਦਾ ਅਵਤਾਰ ਮੰਨਦੇ ਸਨ। ਪਹਿਲਾਂ ਤਾਂ ਨਿਰਵਾਣੀ ਅਖਾੜੇ ਦੇ ਅਭੈ ਰਾਮ ਦਾਸ ਨੂੰ ਸਰਯੂ ਦਰਿਆ ਦੇ ਕੰਢੇ ਭਾਂਜ ਦਿੱਤੀ ਪਰ ਇਸ ਨੂੰ ਰਾਤ ਵੇਲੇ ਸੁੱਤਿਆਂ ਹਨੂੰਮਾਨ ਸੁਪਨੇ ਵਿਚ ਆਏ ਅਤੇ ਉਸ ਨੇ ਸ਼ੈਵਾਂ ਨੂੰ ਭਜਾ ਦਿੱਤਾ। ਬਾਅਦ ਵਿਚ ਅਵਧ ਦੇ ਨਵਾਬ ਦੀ ਮਦਦ ਨਾਲ ਹਨੂੰਮਾਨ ਟਿੱਲੇ ਨੂੰ ਪਹਿਲਾ ਮੰਦਰ ਅਤੇ ਫਿਰ ਹਨੂੰਮਾਨ ਗੜ੍ਹੀ ਦਾ ਰੂਪ ਦਿੱਤਾ ਗਿਆ। ਹੁਣ ਇਹ ਨਿਰਵਾਣੀ ਅਖਾੜੇ ਦਾ ਅੱਡਾ ਬਣ ਗਿਆ। ਉਸੇ ਸਦੀ ਦੇ ਅੱਧ ਵਿਚ ਸ੍ਰੀ ਮਹੰਤ ਬਲਰਾਮ ਦਾਸ ਛੇਵੇਂ ਨੇ ਨਿਰਵਾਣੀ ਅਖਾੜੇ ਦੀ ਕਾਰਜਵਿਧੀ ਬਦਲ ਦਿੱਤੀ। ਉਸ ਨੇ ਪੰਚਾਇਤੀ ਸਿਸਟਮ ਬਣਾਇਆ ਜਿਸ ਵਿਚ ਖਾਸ ਸਮੇਂ ਲਈ ਚੁਣੀ ਪੰਚਾਇਤ (ਬੰਦਾ ਨਹੀਂ) ਹੀ ਫੈਸਲੇ ਕਰਦੀ ਸੀ। ਗਿਆਨ ਦਾਸ ਨੇ ਇਹ ਪ੍ਰਬੰਧ ਬੰਦ ਕਰ ਦਿੱਤਾ। ਉਸ ਨੇ ਅਜਿਹਾ ਆਪਣੇ ਆਪ ਨੂੰ ਨਿਰਵਾਣੀ ਅਨੀ ਦੇ ਮਹੰਤ ਵਜੋਂ ਸਥਾਪਿਤ ਕਰਨ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਦਮੀ ਧਰਮ ਦਾਸ ਨੂੰ ਖੂੰਜੇ ਲਾਉਣ ਲਈ ਕੀਤਾ। ਇਸ ਕਾਰਨ 2005 ਵਿਚ ਲੜਾਈ ਹੋਈ। ਸ੍ਰੀ ਮਹੰਤ ਦੀ ਚੋਣ ਵਿਚ ਸਾਰੇ ਅਖਾੜੇ ਦੇ ਮਹੰਤ ਭਾਗ ਲੈਂਦੇ ਹਨ। ਪਰੰਤੂ ਹੁੰਦਾ ਅਸਲ ਵਿਚ ਇਸ ਤਰ੍ਹਾਂ ਹੀ ਹੈ ਕਿ ਅਨੀ (ਸਮੂਹ) ਦੇ ਵੱਡੇ ਅਖਾੜੇ ਦੇ ਸ੍ਰੀ ਮਹੰਤ ਕਿਸੇ ਦਾ ਨਾਮ ਪੇਸ਼ ਕਰ ਦਿੰਦਾ ਹੈ ਜਿਸ ‘ਤੇ ਬਾਕੀ ਅਖਾੜੇ ਹਾਮੀ ਭਰ ਦਿੰਦੇ ਹਨ। ਨਿਰਵਾਣੀ ਅਨੀ ਲਈ ਇਹ ਫੈਸਲਾ ਹਨੂੰਮਾਨ ਗੜ੍ਹੀ ਵਿਚ ਹੀ ਹੋਣਾ ਸੀ। ਹਨੂੰਮਾਨ ਗੜ੍ਹੀ ਦੇ ਨਾਗੇ ਚਾਰ ਪੱਤੀਆਂ ਵਿਚ ਵੰਡੇ ਹੋਏ ਹਨ- ਹਰਿਦੁਆਰ, ਬਸੰਤਾ, ਉਜਾਨੀਆਂ, ਸੰਗਰੀਆਂ। ਹਰ ਪੱਤੀ ਅੱਗੇ ਤਿੰਨ ਜਮਾਤਾਂ ਝੂੰਡੀ, ਖਾਲਸਾ ਅਤੇ ਡੂੰਡੀ ਵਿਚ ਵੰਡੀ ਹੋਈ ਹੈ।
ਹਰ ਜਮਾਤ ਦੇ ਅਗਾਂਹ ਦੋ ਟੋਕ ਹੁੰਦੇ ਹਨ ਜਿਸ ਅਧੀਨ ਕਈ ਆਸਣ ਹੁੰਦੇ ਹਨ। ਜੇ ਸ੍ਰੀ ਮਹੰਤ ਦੀ ਅਸਾਮੀ ਖਾਲੀ ਹੋ ਜਾਵੇ ਤਾਂ ਆਸਣਾਂ ਵਿਚ ਜਿਸ ਦਾ ਆਧਾਰ ਮਜ਼ਬੂਤ ਹੈ, ਉਹੀ ਸ੍ਰੀ ਮਹੰਤ ਬਣਦਾ ਹੈ। ਵਾਰੀ ਵਾਲੇ ਸਿਸਟਮ ਅਨੁਸਾਰ ਉਜਾਨੀਆਂ ਪੱਤੀ ਵਿਚ ਧਰਮ ਦਾਸ ਦਾ ਚੰਗਾ ਆਧਾਰ ਸੀ। ਉਸ ਦੀ ਜਮਾਤ ਦੇ ਹਿਸਾਬ ਨਾਲ ਉਸ ਦੀ ਵਾਰੀ ਬਣਦੀ ਸੀ। ਗਿਆਨ ਦਾਸ ਜੋ ਸੰਗਰੀਆਂ ਪੱਤੀ ਵੱਲੋਂ ਸੀ ਤੇ ਜਿਸ ਦੀ ਹਨੂੰਮਾਨ ਗੜ੍ਹੀ ਵਿਚ ਚੰਗੀ ਪੁੱਛ-ਪ੍ਰਤੀਤ ਸੀ, ਅਜਿਹਾ ਨਹੀਂ ਸੀ ਚਾਹੁੰਦਾ। 2004 ਵਿਚ ਸ਼ਿਵਨੰਦਨ ਦਾਸ ਦਾ ਕਾਰਜਕਾਲ ਪੂਰਾ ਹੋਣ ਬਾਅਦ ਹੀ ਸਰਗਰਮੀਆਂ ਸ਼ੁਰੂ ਹੋ ਗਈਆਂ। ਨਿਰਵਾਣੀ ਅਨੀ ਦੇ ਸ੍ਰੀ ਮਹੰਤ ਦਾ ਕਾਰਜਕਾਲ 12 ਸਾਲ ਹੁੰਦਾ ਹੈ।
ਧਰਮ ਦਾਸ ਅਨੁਸਾਰ 19 ਮਾਰਚ 2004 ਨੂੰ ਹਨੂੰਮਾਨ ਗੜ੍ਹੀ ਵਿਚ ਹੋਈ ਮੀਟਿੰਗ ਵਿਚ ਉਸ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਕੁਝ ਮਹੀਨਿਆਂ ਬਾਅਦ ਗਿਆਨ ਦਾਸ ਨੇ ਨਵੀਂ ਮੀਟਿੰਗ ਆਪਣੇ ਘਰ ਸੱਦ ਲਈ ਅਤੇ ਅਵੀਦੇਸ਼ ਦਾਸ ਨੂੰ ਆਪਣੀ ਟੋਕ ਵਿਚ ਸ੍ਰੀ ਮਹੰਤ ਬਣਾਉਣ ਬਾਰੇ ਕਿਹਾ। ਇਸ ਬਾਰੇ 9 ਦਸੰਬਰ ਨੂੰ ਕੇਸ ਹੋ ਗਿਆ।
ਧਰਮ ਦਾਸ ਨੇ ਅਸਾਮੀ ਖਾਲੀ ਹੋਣ ਤੋਂ 2 ਸਾਲ ਪਹਿਲਾਂ ਹੀ ਕੇਸ ਪਾ ਦਿੱਤਾ ਸੀ। 1995 ਵਿਚ ਗਿਆਨ ਦਾਸ ਨੇ ਹਨੂੰਮਾਨ ਗੜ੍ਹੀ ਦੇ ਨਾਗੇ ਇਕੱਠੇ ਕਰ ਕੇ ਸੰਤ ਸੇਵਕ ਦਾਸ ਦੀ ਥਾਂ, ਸ਼ਿਵਨੰਦਨ ਦਾਸ ਨੂੰ ਮਹੰਤ ਥਾਪਣ ਦੀ ਗੱਲ ਕੀਤੀ। ਸੰਤ ਸੇਵਕ ਦਾਸ ਅਦਾਲਤ ਚਲਿਆ ਗਿਆ। ਫਿਰ ਅਚਾਨਕ ਸੰਤ ਸੇਵਕ ਦਾਸ ਲੋਪ ਹੋ ਗਿਆ (ਮਾਰ ਦਿੱਤਾ ਗਿਆ)। ਧਰਮ ਦਾਸ ਸੰਤ ਸੇਵਕ ਦਾਸ ਵਾਂਗ ਲੋਪ ਹੋਣ ਵਾਲਾ ਨਹੀਂ ਸੀ। ਉਸ ਕੋਲ ਭਾਵੇਂ ਗਿਆਨ ਦਾਸ ਜਿੰਨੀ ਤਾਕਤ ਨਹੀਂ ਸੀ ਪਰ ਉਹ ਚੁੱਪ ਰਹਿਣ ਵਾਲਾ ਵੀ ਨਹੀਂ ਸੀ। ਉਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮਦਦ ਨਾਲ ਬਿਹਾਰੀ ਹੋਣ ਕਾਰਨ ਬਿਹਾਰੀ ਨਾਗੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ।
ਧਰਮ ਦਾਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਹਮਾਇਤ ਮਿਲਣ ਕਾਰਨ ਉਸ ਨੇ ਗਿਆਨ ਦਾਸ ਨੂੰ ਸੁੱਟਣ ਲਈ ਉਸ ‘ਤੇ ਮੁਕੱਦਮਾ ਕਰ ਦਿੱਤਾ ਕਿ ਉਸ ਨੇ ਆਪਣੇ ਘਰ ਇਫਤਾਰ ਪਾਰਟੀ ਕਿਉਂ ਰੱਖੀ (ਜੋ ਉਸ ਨੇ 2003 ਤੇ 2004 ਵਿਚ ਰੱਖੀ ਸੀ), ਇਹ ਹਨੂੰਮਾਨ ਗੜ੍ਹੀ ਦੇ ਨਿਯਮਾਂ ਦੇ ਉਲਟ ਹਿੰਦੂ ਨਿਯਮਾਂਵਲੀ ਦੀ ਉਲੰਘਣਾ ਹੈ। ਗਿਆਨ ਦਾਸ ਦੇ ਵਕੀਲ ਰਣਜੀਤ ਲਾਲ ਵਰਮਾ ਅਨੁਸਾਰ ਇਹ ਸਭ ਗਿਆਨ ਦਾਸ ‘ਤੇ ਦਬਾਉ ਵਧਾਉਣ ਲਈ ਸੀ।
ਗਿਆਨ ਦਾਸ ਦੇ ਘਰ ਦੇ ਸਾਹਮਣੇ ਗਿਆਨ ਦਾਸ ਵਾਲੀ ਸੰਗਰੀਆਂ ਪੱਤੀ ਵਿਚ ਮਕਸੂਦਨ ਦਾਸ (ਸ਼ੁਕਰ ਬਾਬਾ) ਦਾ ਆਸਣ ਸੀ। ਉਸ ਦੀ ਗਿਆਨ ਦਾਸ ਨਾਲ ਨਹੀਂ ਸੀ ਬਣਦੀ ਪਰ ਉਹ ਚੁੱਪ ਰਹਿੰਦਾ ਸੀ। 25 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਨਾਗਾ ਸਰੀਰ ‘ਤੇ ਨਮਕ ਪਾ ਕੇ ਨਾਗਾ ਸਾਧੂ ਨੂੰ ਸਮਾਧੀ ਵਿਚ ਜਾਂ ਉਸੇ ਤਰ੍ਹਾਂ ਭਾਰਾ ਪੱਥਰ ਬੰਨ੍ਹ ਕੇ ਸਰਯੂ ਦਰਿਆ ਵਿਚ ਛੱਡ ਦਿੰਦੇ ਹਨ। ਉਹ ਸਮਝਦੇ ਹਨ, ਉਹਨਾਂ ਸਾਧੂ ਬਣਨ ਵੇਲੇ ਆਪਣੇ ਸਾਰੇ ਸਬੰਧ ਅਤੇ ਸਰੀਰਕ ਵਸਤਾਂ ਜਲਾ ਦਿੱਤੀਆਂ ਹਨ। ਹੁਣ ਹੋਰ ਜਲਾਉਣ ਵਾਲਾ ਕੀ ਹੈ? ਸਵੇਰੇ 8 ਅੱਠ ਵਜੇ ਜਦੋਂ ਲੋਕ ਹਨੂੰਮਾਨ ਗੜ੍ਹੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਸ਼ੁਕਰ ਬਾਬਾ ਦੀ ਅਰਥੀ ਤੋਂ ਝਗੜਾ ਸ਼ੁਰੂ ਹੋ ਗਿਆ। ਆਲੇ ਦੁਆਲੇ ਦੇ ਦੁਕਾਨਦਾਰ ਅਤੇ ਗ੍ਰਾਹਕ ਦੁਕਾਨਾਂ ਖੁੱਲ੍ਹੀਆਂ ਛੱਡ ਕੇ ਭੱਜ ਗਏ। ਧਰਮ ਦਾਸ ਦੇ ਕਾਫੀ ਸਾਥੀ ਅਰਥੀ ਵਿਚੋਂ ਬਾਂਸ ਦੀਆਂ ਸੋਟੀਆਂ ਕੱਢ ਕੇ ਗਿਆਨ ਦਾਸ ਦੇ ਬੰਦਿਆਂ ਨੂੰ ਲਲਕਾਰਨ ਲੱਗੇ। ਧਰਮ ਦਾਸ ਦਾ ਭਤੀਜਾ ਅਜੀਤ ਦਾਸ ਜੋ ਅਕਸਰ ਹੀ ਘੋੜੇ ‘ਤੇ ਸਵਾਰ ਰਹਿੰਦਾ, ਉੱਥੇ ਆਣ ਧਮਕਿਆ। ਉਸ ਨੂੰ ਕੋਈ ਬਾਂਸ ਦੀ ਸੋਟੀ ਨਾ ਮਿਲੀ ਤਾਂ ਉਸ ਨੇ ਲਾਸ਼ ਨੂੰ ਹੀ ਲੱਤਾਂ ਤੋਂ ਫੜ ਕੇ ਹਵਾ ਵਿਚ ਉਛਾਲਿਆ। ਇੱਟਾਂ ਵੱਟੇ ਚੱਲੇ। ਗਿਆਨ ਦਾਸ ਬੇਵੱਸ ਸਾਰਾ ਕੁਝ ਦੇਖ ਰਿਹਾ ਸੀ। ਉਹ ਅਖਾੜਾ ਪ੍ਰੀਸ਼ਦ ਦਾ ਪ੍ਰਧਾਨ ਸੀ। ਇਸੇ ਦੌਰਾਨ ਪੁਲਿਸ ਆ ਗਈ। ਦੋ ਦਰਜਨ ਨਾਗੇ ਜ਼ਖਮੀ ਹੋ ਗਏ। ਦੋਨਾਂ ਧਿਰਾਂ ਦੇ ਦਰਜਨ ਦੇ ਕਰੀਬ ਨਾਗੇ ਫੈਜ਼ਾਬਾਦ ਜੇਲ੍ਹ ਵਿਚ ਬੰਦ ਕਰ ਦਿੱਤੇ ਗਏ। ਧਰਮ ਦਾਸ ਵੀ ਉਹਨਾਂ ਵਿਚ ਸੀ ਪਰ ਗਿਆਨ ਦਾਸ ਨਹੀਂ ਸੀ।
ਗਿਆਨ ਦਾਸ ਭਾਵੇਂ ਆਪਣੀ ਕੁਰਸੀ ਕਾਇਮ ਰੱਖਣ ਵਿਚ ਸਫਲ ਹੋ ਗਿਆ ਪਰ ਧਰਮ ਦਾਸ ਤਾਕਤਵਰ ਵਿਰੋਧੀ ਦੇ ਤੌਰ `ਤੇ ਉੱਭਰ ਆਇਆ। ਗਿਆਨ ਦਾਸ ਤੋਂ ਦੁਖੀ ਮਹੰਤ, ਧਰਮ ਦਾਸ ਵੱਲ ਜਾਣ ਲੱਗੇ। ਗਿਆਨ ਦਾਸ ਉਸ ਤੋਂ ਪਹਿਲਾਂ ਸਰਵ ਪ੍ਰਮੁੱਖ ਸੀ ਜੋ ਹੁਣ ਨਰਮ ਪੈਣਾ ਸ਼ੁਰੂ ਹੋ ਗਿਆ। ਅਜੀਤ ਦਾਸ ਜੋ 1992 ਵਿਚ ਨਾਗਾ ਬਣਿਆ, ਅਨੁਸਾਰ ਉਹੀ ਸਰਬੇ-ਸਰਬਾ ਸੀ। ਆਮ ਨਾਗਾ ਸਾਧੂ ਉਸ ਅੱਗੇ ਡੰਡੌਤ ਕਰਦੇ ਸਨ। ਥੋੜ੍ਹੀ ਜਿਹੀ ਵੀ ਸ਼ੱਕ ਪੈਣ ‘ਤੇ ਸਖਤ ਸਜ਼ਾ ਦਿੱਤੀ ਜਾਂਦੀ ਸੀ। ਨਾਗੇ ਨੂੰ ਬਾਹਰ ਵੀ ਕਰ ਦਿੱਤਾ ਜਾਂਦਾ ਸੀ।
ਹਨੂੰਮਾਨ ਗੜ੍ਹੀ ਦੀ ਨਿਯਮਾਂਵਾਲੀ ਦੇ ਨਿਯਮ 17 ਅਨੁਸਾਰ ਹਨੂੰਮਾਨ ਗੜ੍ਹੀ ਦੇ ਨਾਗੇ ਨਿਹੰਗਮ (ਅਨਮੈਰਿਡ) ਹੁੰਦੇ ਹਨ। ਇਸ ਸਬੰਧੀ ਕੋਈ ਸ਼ੱਕ ਹੋਣ ‘ਤੇ ਨਾਗਾ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਮੁਸ਼ਕਿਲ ਨਾਲ ਹੀ ਕਰ ਸਕਦਾ ਸੀ। ਹਨੂੰਮਾਨ ਗੜ੍ਹੀ ਦੇ ਨਾਮ ਉੱਤੇ ਉੱਤਰ ਭਾਰਤ ਵਿਚ ਬੇਸ਼ੁਮਾਰ ਜਾਇਦਾਦ ਹੈ। ਇਸ ਲਈ ਇਸ ਦੇ ਪ੍ਰਬੰਧ ਲਈ ਝਗੜੇ ਹੁੰਦੇ ਰਹਿੰਦੇ ਹਨ। ਹਨੂੰਮਾਨ ਮੰਦਰ ਦੇ ਪੁਜਾਰੀ ਦੀ ਹੈਸੀਅਤ ਸ੍ਰੀ ਮਹੰਤ ਦੇ ਬਰਾਬਰ ਹੈ। ਸਾਰੀਆਂ ਪੱਤੀਆਂ ਇੱਕ ਸਾਲ ਲਈ ਉੱਚ ਜਾਤੀ ਨਾਗਾ ਨੂੰ ਪੁਜਾਰੀ ਬਣਾਉਂਦੀਆਂ ਹਨ। ਇਹ ਆਸਣ ਵਿਚ ਉਸ ਦੀ ਸੀਨੀਅਰਤਾ ‘ਤੇ ਨਿਰਭਰ ਕਰਦਾ ਹੈ। ਸਾਰੀ ਭੇਟਾ ਪੁਜਾਰੀ ਕੋਲ ਜਾਂਦੀ ਹੈ ਜੋ ਸਾਰੀਆਂ ਪੱਤੀਆਂ ਨੂੰ ਸ਼ੇਰ-ਸੀਧਾ (ਭੋਜਨ) ਅਤੇ ਮੰਦਰ ਦੀ ਮੁਰੰਮਤ ਲਈ ਵਰਤਦਾ ਹੈ।
ਭੇਟਾਵਾਂ ਮੰਦਿਰ ਨੂੰ ਵੱਡੀ ਮਾਤਰਾ ਵਿਚ ਆਉਂਦੀਆਂ ਹਨ। 25 ਨਵੰਬਰ ਤੋਂ ਪਹਿਲਾਂ ਪੁਜਾਰੀ ਬਣਾਉਣ ਲਈ ਗਿਆਨ ਦਾਸ ਦੀ ਹੀ ਪੁੱਗਦੀ ਸੀ। ਹਨੂੰਮਾਨ ਗੜ੍ਹੀ ਵਿਚ ਬਹੁਤ ਸਾਰੇ ਨਾਗੇ ਪੱਕੇ ਤੌਰ `ਤੇ ਰਹਿੰਦੇ ਹਨ। ਬਹੁਤੇ ਪਹਿਲਵਾਨ ਅਤੇ ਖੂੰਖਾਰ ਲੜਾਕੇ ਹਨ। ਇਹ ਬਾਹਰੀ ਲੋਕਾਂ ਦਾ ਦਖਲ ਰੋਕਦੇ ਹਨ। ਗਿਆਨ ਦਾਸ ਦੀ ਤਾਕਤ ਇਨ੍ਹਾਂ ਕਾਰਨ ਹੀ ਹੈ। ਹਨੂੰਮਾਨ ਗੜ੍ਹੀ ਦੇ ਸ਼ਾਹੀ ਰਾਜਿਆਂ ਦੀ ਕਹਾਣੀ ਅੱਜ ਦੀ ਨਹੀਂ, ਬਹੁਤ ਪੁਰਾਣੀ ਹੈ। ਸਭ ਤੋਂ ਪਹਿਲਾਂ ਇਥੇ ਸ਼ਾਹੀ ਬਾਦਸ਼ਾਹ ਬਜਰੰਗ ਦਾਸ ਹੁੰਦਾ ਸੀ ਜੋ ਕੁਝ ਸਮਾਂ ਸਰਦਾਰੀ ਕਰਨ ਤੋਂ ਬਾਅਦ 70ਵਿਆਂ ਵਿਚ ਮਾਰ ਦਿੱਤਾ ਗਿਆ। ਫਿਰ ਰਾਮ ਖਿਲਾਵਨ ਦਾਸ ਦੀ ਬਾਦਸ਼ਾਹਤ ਸ਼ੁਰੂ ਹੋਈ ਜਿਸ ਨੂੰ ਇੱਕ ਵੱਡੇ ਬੰਦੇ ਦੇ ਕਤਲ ਦਾ ਦੋਸ਼ੀ ਮੰਨਿਆ ਜਾਂਦਾ ਹੈ।
ਨਿਰਵਾਣੀ ਅਖਾੜੇ ਦੀ ਬੈਠਕ, ਖੇਤਰ ਦੇ ਵਿਉਂਤਬਧ ਜ਼ੁਲਮਾਂ ਦਾ ਕੇਂਦਰ ਬਣਦੀ ਗਈ। ਜੁਰਮ ਕਰਨਾ ਤਾਕਤ ਦਾ ਚਿੰਨ ਬਣ ਗਿਆ। ਹਰ ਗਰੁੱਪ ਨਿਯਮਾਂ ਨੂੰ ਆਪਣੇ ਹਿੱਤਾਂ ਮੁਤਾਬਕ ਮੋੜ ਕੇ ਆਪਣੀ ਉਸ ਗੁੱਟ ਪ੍ਰਤੀ ਨੇੜਤਾ ਸਾਬਤ ਕਰਦਾ ਰਹਿੰਦਾ ਹੈ। ਬਿਹਾਰ ਦੇ ਗੈਂਗਸਟਰ ਕਾਮਦੇਵ ਸਿੰਘ ਜੋ 1980 ਵਿਚ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ, ਦੇ ਆਪਣੇ ਜੱਦੀ ਪਿੰਡ ਬੇਗੂਸਰਾਏ ਵਿਚ ਹਨੂੰਮਾਨ ਗੜ੍ਹੀ ਦੇ ਉਚ ਜਾਤੀ ਜ਼ਿਮੀਦਾਰਾਂ ਨਾਲ ਨੇੜਲੇ ਸਬੰਧ ਰਹੇ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦੇ ਬਹੁਤ ਸਾਰੇ ਸਾਥੀ ਆਧੁਨਿਕ ਹਥਿਆਰਾਂ ਨਾਲ ਨਾਗਿਆਂ ਵਿਚ ਸ਼ਾਮਲ ਹੋ ਗਏ। ਹਰਭਜਨ ਦਾਸ ਦਾ ਸ਼ਾਹੀ ਜਹਾਜ਼ ਉਸ ਦੇ ਚੇਲਿਆਂ ਨੇ ਕਤਲ ਕਰ ਕੇ ਡੋਬ ਦਿੱਤਾ ਸੀ। ਉਹ ਮੁੰਗੇਰ ਦੇ ਗੈਂਗਸਟਰ ਰਾਮ ਕਿਰਪਾਲ ਦਾਸ ਨਾਲ ਉਜਾਨੀਆਂ ਪੱਤੀ ਵਿਚ ਸ਼ਾਮਲ ਹੋ ਗਿਆ ਸੀ। ਉਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮਦਦ ਨਾਲ ਕਤਲਾਂ ਫਿਰੌਤੀਆਂ ਅਤੇ ਅਗਵਾ ਕਰਨ ਦਾ ਨਵਾਂ ਦੌਰ ਸ਼ੁਰੂ ਕਰ ਦਿੱਤਾ। 1997 ਵਿਚ ਯੂ.ਪੀ. ਦੇ ਵੱਡੇ ਭਾੜੇ ਦੇ ਗੈਂਗਸਟਰ ਦੁਆਰਾ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਮੌਤ ਤੋਂ ਬਾਅਦ ਗਿਆਨ ਦਾਸ ਸ਼ਾਹੀ ਜਹਾਜ਼ ‘ਤੇ ਸਵਾਰ ਹੋਇਆ। ਉਸ ਦਾ ਵਿਸ਼ਾਲ ਨੈੱਟਵਰਕ ਸੀ। ਨੌਜਵਾਨ, ਉਤਸ਼ਾਹੀ ਨਾਗੇ, ਚਾਰੇ ਪੱਤੀਆਂ ਦੇ ਮਹੰਤ, ਗੱਦੀਨਸ਼ੀਨ ਹਨੂੰਮਾਨ ਗੜ੍ਹੀ ਦੇ ਪ੍ਰਮੁੱਖ ਪੁਜਾਰੀ, ਸਭ ਉਸ ਦੇ ਇਸ਼ਾਰਿਆਂ ਤੇ ਨੱਚਦੇ ਸਨ। ਝਗੜੇ ਬਾਅਦ ਭਾਵੇਂ ਉਸ ਦੀ ਪੁਜ਼ੀਸ਼ਨ ਕਮਜੋਰ ਪੈ ਗਈ ਪਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ ਮਦਦ ਨਾਲ ਉਹ ਅਖਾੜਾ ਪ੍ਰੀਸ਼ਦ ਦਾ ਮੁਖੀ ਬਣਿਆ ਰਿਹਾ।
ਧਰਮ ਦਾਸ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਦੂਮਰੀ ਪਿੰਡ ਵਿਚ 1945 ਨੂੰ ਜੰਮਿਆ। ਉਹ ਬਚਪਨ ਵਿਚ ਹੀ ਅਯੁੱਧਿਆ ਆ ਗਿਆ ਸੀ। ਉਸ ਦਾ ਗੁਰੂ ਅਭੀ ਰਾਮ ਦਾਸ ਸੀ ਜਿਸ ਨੇ ਉਸ ਨੂੰ ਕੁਸ਼ਤੀ ਦੇ ਅਖਾੜੇ ਵਿਚ ਉਤਾਰਿਆ। ਇਹ ਉਹੀ ਸੀ ਜਿਸ ਨੇ ਰਾਮ ਦੀਆਂ ਮੂਰਤੀਆਂ ਬਾਬਰੀ ਮਸਜਿਦ ਵਿਚ ਰੱਖੀਆਂ ਸਨ। ਅਭੀ ਰਾਮ ਦਾਸ ਦੇ ਬਜ਼ੁਰਗ ਹੋਣ ‘ਤੇ ਉਸ (ਧਰਮ ਦਾਸ) ਨੇ ਹਰੀ ਸ਼ੰਕਰ ਦਾਸ ਨੂੰ ਗੁਰੂ ਧਾਰ ਲਿਆ ਜੋ ਗਿਆਨ ਦਾਸ ਦਾ ਵੀ ਗੁਰੂ ਸੀ। ਬਾਅਦ ਵਿਚ ਹਰੀ ਸ਼ੰਕਰ ਦਾਸ ਨੇ ਧਰਮ ਦਾਸ ਦਾ ਪੱਖ ਵੀ ਕੀਤਾ। ਉਹ ਭਾਵੇਂ ਕੁਸ਼ਤੀ ਵਿਚ ਗਿਆਨ ਦਾਸ ਦਾ ਪੱਖ ਲੈਂਦਾ ਸੀ।
ਪਹਿਲਾਂ-ਪਹਿਲਾਂ ਧਰਮ ਦਾਸ ਹਨੂੰਮਾਨ ਗੜ੍ਹੀ ਦੀ ਸਿਆਸਤ ਤੋਂ ਪਰੇ ਰਹਿੰਦਾ ਸੀ। ਉਸ ਨੂੰ ਅਭੀ ਰਾਮ ਦਾਸ ਦਾ ਖਾਸ ਆਸ਼ੀਰਵਾਦ ਸੀ। ਉਸ ਦੇ ਦੋ ਹੋਰ ਚੇਲੇ ਸਤਿੰਦਰ ਦਾਸ ਅਤੇ ਰਾਮ ਵਿਕਾਸ ਦਾਸ ਸੰਸਕ੍ਰਿਤ ਅਤੇ ਵੇਦ ਪੜ੍ਹਦੇ ਰਹਿੰਦੇ। ਰਾਮ ਬਿਲਾਸ ਦਾਸ ਨੇ ਤਾਂ ਆਪਣੇ ਨਾਮ ਨਾਲ ਵੇਦਾਂਤੀ ਵੀ ਲਗਾ ਲਿਆ ਸੀ। ਧਰਮ ਦਾਸ ਆਪਣੇ ਗੁਰੂ ਦੀ ਆਗਿਆ ਨਾਲ ਕੁਸ਼ਤੀ ਵਿਚ ਲੱਗਿਆ ਰਿਹਾ। ਇੱਕ ਵਾਰ ਜਦੋਂ ਧਰਮ ਦਾਸ ਨੇ ਸਤਿੰਦਰ ਦਾਸ ਨਾਲ ਪੜ੍ਹਨ ਦੀ ਇੱਛਾ ਜਤਾਈ ਤਾਂ ਅਭੀ ਰਾਮ ਦਾਸ ਨੇ ਕਿਹਾ, “98 ਪ੍ਰਤੀਸ਼ਤ ਲੋਕ ਅਨਪੜ੍ਹ ਹਨ, 2 ਪ੍ਰਤੀਸ਼ਤ ਵਿਦਵਾਨ ਹਨ। ਬਹੁ-ਗਿਣਤੀ ਦੀ ਅਗਵਾਈ ਚੰਗੀ ਹੈ ਜਾਂ ਮੂਰਖਾਂ ਵਾਂਗੂ ਬੁੱਧੀਜੀਵੀਆਂ ਵਿਚ ਘੁੰਮੀ ਜਾਣਾ?”
ਅਸਲ ਵਿਚ ਅਭੀ ਰਾਮ ਦਾਸ ਨੇ ਧਰਮ ਦਾਸ ਨੂੰ ਆਪਣਾ ਉੱਤਰਾਧਿਕਾਰੀ ਬਣਾ ਲਿਆ ਸੀ। 10 ਜੁਲਾਈ 1981 ਨੂੰ ਮੌਤ ਤੋਂ ਪੰਜ ਮਹੀਨੇ ਪਹਿਲਾਂ ਉਸ ਨੇ ਆਪਣੀ ਸਾਰੀ ਜਾਇਦਾਦ ਉਸ ਨੂੰ ਸੌਂਪ ਦਿਤੀ। ਅਭੀ ਰਾਮ ਦਾਸ ਦੀ ਮੌਤ ਤੋਂ 12 ਦਿਨਾਂ ਬਾਅਦ 3 ਦਸੰਬਰ 1981 ਨੂੰ ਹਨੂੰਮਾਨ ਗੜ੍ਹੀ ਦੇ ਮਹੱਤਵਪੂਰਨ ਨਾਗਿਆਂ ਨੇ ਮਜ਼ਹਰਨਾਮਾ ਲਿਖ ਕੇ ਧਰਮ ਦਾਸ ਨੂੰ ਅਭੀ ਰਾਮ ਦਾ ਉੱਤਰਧਿਕਾਰੀ ਥਾਪ ਦਿੱਤਾ। ਇੱਕ ਵਾਰ ਗੁਰੂ ਦੇ ਆਸਣ ਦਾ ਮਹੰਤ ਬਣਨ ‘ਤੇ ਧਰਮ ਦਾਸ ਨੇ ਅਭੀ ਰਾਮ ਦਾਸ ਦੀ ਵਿਰਾਸਤ ਨੂੰ ਅੱਗੇ ਤੋਰਿਆ। ਉਸ ਨੇ ਗੁਰੂ ਦੇ ਬਣਾਏ ਰਾਮ ਦੇ ਚਬੂਤਰਾ ਦੀ ਭੰਨਤੋੜ ਕੀਤੀ ਅਤੇ ਜੇਲ੍ਹ ਵਿਚ ਰਿਹਾ। ਉਹ ਰਾਮ ਚਬੂਤਰਾ ਨਿਰਮੋਹੀ ਅਖਾੜੇ ਦੀ ਨਿਗਰਾਨੀ ਹੇਠ ਸੀ।
1985 ਵਿਚ ਉਹ ਵਿਵਾਦ ਵਾਲੇ ਬਾਬਰੀ ਮਸਜਿਦ ਜਨਮ ਭੂਮੀ ਕੇਸ ਦਾ ਪਟੀਸ਼ਨਰ ਬਣਿਆ ਅਤੇ ਉਸ ਨੂੰ ਢਾਹੁਣ ਵਾਲਿਆਂ ਵਿਚ ਮੋਹਰੀ ਸੀ। ਉਸ ਦਾ ਨਾਮ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਚਾਰਜਸ਼ੀਟ ਵਿਚ ਅਚਾਰੀਆ ਗਿਰੀ ਰਾਜ ਕਿਸ਼ੋਰ, ਅਸ਼ੋਕ ਸਿੰਘਲ, ਅਦਿੱਤਿਆ ਨਾਥ, ਲਾਲ ਕ੍ਰਿਸ਼ਨ ਅਡਵਾਨੀ, ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਨਾਲ ਬੋਲਦਾ ਸੀ। 1990 ਵਿਚ ਜਦੋਂ ਸਿਆਸਤ ਮੁਸ਼ਕਿਲ ਹੋ ਗਈ ਤਾਂ ਉਸ ਨੇ ਬਿਹਾਰੀ ਗੈਰ-ਬਿਹਾਰੀ ਦਾ ਮੁੱਦਾ ਉਭਾਰਿਆ; ਨਵੰਬਰ 2005 ਵਿਚ ਹੋਇਆ ਝਗੜਾ ਇਸੇ ਦੀ ਉਪਜ ਸੀ।
ਜੇਲ੍ਹ ਵਿਚ ਇਨ੍ਹਾਂ ਨਾਗਿਆਂ ਨੇ ਖੂਬ ਖਰੂਦ ਪਾਇਆ। ਇੱਕ ਦੂਜੇ ਨੂੰ ਗਾਲਾਂ ਕੱਢਦੇ ਸਨ। ਧਰਮ ਦਾਸ ਆਪਣੇ ਵਫਾਦਾਰ ਲੜਾਕੂ ਨਾਗਿਆਂ ਨੂੰ ਨਾਲ ਲੈ ਗਿਆ ਸੀ ਪਰ ਗਿਆਨ ਦਾਸ ਵਾਲੇ ਨਾਗੇ ਆਗੂ ਰਹਿਤ ਸਨ ਕਿਉਂਕਿ ਉਹ ਜੇਲ੍ਹ ਤੋਂ ਬਾਹਰ ਸੀ। ਧਰਮ ਦਾਸ ਦੇ ਗਰੁੱਪ ਨੇ ਜੇਲ੍ਹ ਦੇ ਵਿਚਕਾਰ ਵੱਡੇ ਬੋਹੜ ਦੇ ਦਰੱਖਤ ਹੇਠ ਗੈਸ ਸਿਲੰਡਰ, ਦੁੱਧ, ਦਹੀਂ, ਮਸਾਲੇ ਆਦਿ ਰੱਖ ਕੇ ਰਸੋਈ ਸ਼ੁਰੂ ਕਰ ਦਿੱਤੀ। ਗਿਆਨ ਦਾਸ ਵਾਲਾ ਗਰੁੱਪ ਦਸ ਮੀਟਰ ਦੂਰ ਬੈਰਕ ਵਿਚ ਰਹਿ ਰਿਹਾ ਸੀ। ਅਭੈ ਸਿੰਘ ਜੋ ਗੈਂਗਸਟਰ ਰਿਹਾ ਸੀ ਤੇ 2005 ਵਿਚ ਬੀ.ਜੇ.ਪੀ. ਦਾ ਮੈਂਬਰ ਸੀ, 2012 ਵਿਚ ਗੋਸਾਈਂਗੰਜ ਤੋਂ ਸਮਾਜਵਾਦੀ ਪਾਰਟੀ ਦਾ ਐੱਮ.ਐੱਲ.ਏ. ਬਣਿਆ, ਜੇਲ੍ਹ ਵਿਚ ਸੀ। ਹਫਤੇ ਕੁ ਬਾਅਦ ਜਦੋਂ ਨਾਗੇ ਬਾਹਰ ਆਏ ਤਾਂ ਧਰਮ ਦਾਸ ਦੇ ਬੰਦਿਆਂ ਨੇ ਗਿਆਨ ਦਾਸ ਗੈਂਗ ਖਿਲਾਫ ਆਪਣੀ ਕੌੜੀ ਅੱਖ ਜਾਰੀ ਰੱਖੀ।
ਕੁਝ ਮਹੀਨੇ ਦੀ ਖੜੋਤ ਤੋਂ ਬਾਅਦ 14 ਜਨਵਰੀ 2007 ਨੂੰ ਅਲਾਹਾਬਾਦ ਅਰਧ-ਕੁੰਭ ਸ਼ੁਰੂ ਹੋਣ ਸਮੇਂ ਇੱਕ ਵਾਰ ਫਿਰ ਝਗੜਾ ਸ਼ੁਰੂ ਹੋ ਗਿਆ। ਧਰਮ ਦਾਸ ਦੀ ਸ੍ਰੀ ਮਹੰਤ ਲਈ ਦਾਅਵੇਦਾਰੀ ਅਜੇ ਲਟਕ ਰਹੀ ਸੀ। ਸ੍ਰੀ ਮਹੰਤ ਸ਼ਿਵਨੰਦਨ ਦਾਸ ਜਿਸ ਨੇ ਸ਼ਾਹੀ ਜਲੂਸ ਦੀ ਅਗਵਾਈ ਕਰਨੀ ਸੀ, ਦਾ ਕਾਰਜਕਾਲ 2007 ਵਿਚ (1995 ਦੇ ਅਰਧ-ਕੁੰਭ ਤੋਂ 12 ਸਾਲ ਬਾਅਦ) ਖਤਮ ਹੋਣਾ ਚਾਹੀਦਾ ਸੀ। ਅਲਾਹਾਬਾਦ ਦੇ ਅਰਧ-ਕੁੰਭ ਮੌਕੇ, ਮਕਰ ਸੰਕਰਾਂਤੀ, ਅਮਾਵਸ ਅਤੇ ਬਸੰਤ ਪੰਚਮੀ ਨੂੰ 14, 19 ਅਤੇ 23 ਜਨਵਰੀ ਨੂੰ ਇਸ਼ਨਾਨ ਹੋਣੇ ਸਨ।
ਸ਼ਿਵਨੰਦਨ ਦਾਸ ਅਤੇ ਗਿਆਨ ਦਾਸ ਦੇ ਵਕੀਲ ਵਰਮਾ ਅਨੁਸਾਰ, ਧਰਮ ਦਾਸ ਨੇ ਹਾਈਕੋਰਟ ਵਿਚ ਪਟੀਸ਼ਨ ਪਾਈ ਜੋ ਜਲਦੀ ਅਤੇ ਰੋਜ਼ਾਨਾ ਸੁਣਵਾਈ ਦੌਰਾਨ ਬਸੰਤ ਪੰਚਮੀ ਤੱਕ ਲਮਕ ਗਈ। ਸ਼ਿਵਨੰਦਨ ਦਾਸ ਦਾ ਕਾਰਜਕਾਲ ਭਾਵੇਂ 2007 ਵਿਚ ਸਮਾਪਤ ਹੋਣਾ ਸੀ ਜਿਸ ਬਾਰੇ ਧਰਮ ਦਾਸ 2004 ਵਿਚ ਪਾਏ ਮਤੇ ਕਾਰਨ ਦਾਅਵੇਦਾਰੀ ਦਿਖਾ ਰਿਹਾ ਸੀ ਪਰ ਉਹ ਮਤਾ ਹੀ ਗਲਤ ਸੀ। ਕੋਰਟ ਦਾ ਫੈਸਲਾ 12 ਨਵੰਬਰ 2007 ਨੂੰ ਆਇਆ। ਅਦਾਲਤ ਨੇ ਧਰਮ ਦਾਸ ਦੀ ਦਾਅਵੇਦਾਰੀ ਰੱਦ ਕਰ ਦਿੱਤੀ। ਇਸ ਮਗਰੋਂ ਅਰਧ-ਕੁੰਭ ਦੇ ਤੁਰੰਤ ਬਾਅਦ ਗਿਆਨ ਦਾਸ ਨੇ ਸ਼ਿਵਨੰਦਨ ਦਾਸ ਤੋਂ ਅਸਤੀਫਾ ਲੈ ਕੇ ਅਵਦੇਸ਼ ਦਾਸ ਨੂੰ ਸ੍ਰੀ ਮਹੰਤ ਬਣਾ ਦਿੱਤਾ। ਅਵਦੇਸ਼ ਦਾਸ ਦੀ ਟੌਕ ਧਰਮ ਦਾਸ ਵਾਲੀ ਹੀ ਸੀ। ਇਸ ਲਈ ਧਰਮ ਦਾਸ ਮੁੜ ਦਾਅਵਾ ਨਹੀਂ ਕਰ ਸਕਦਾ ਸੀ।
ਧਰਮ ਦਾਸ ਆਪਣਾ ਦਾਅਵਾ ਛੱਡਣਾ ਨਹੀਂ ਸੀ ਚਾਹੁੰਦਾ। ਉਸ ਨੇ ਗਿਆਨ ਦਾਸ ਨੂੰ ਰੋਜ਼ਾ ਇਫਤਾਰ ਕੇਸ ਵਿਚ 25 ਨਵੰਬਰ ਵਾਲੀ ਚਾਰਜਸ਼ੀਟ ਵਿਚ ਸ਼ਾਮਲ ਕਰ ਲਿਆ। ਗਿਆਨ ਦਾਸ ‘ਤੇ ਦਬਾਅ ਵਧਣ ਲੱਗਿਆ। ਉਸ ਦੇ ਵਕੀਲ ਵਰਮਾ ਅਨੁਸਾਰ, ਕਿਸੇ ਵੀ ਕੇਸ ਵਿਚ ਗਿਆਨ ਦਾਸ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਸ ਨੂੰ ਸਰਬ ਭਾਰਤੀ ਅਖਾੜਾ ਪ੍ਰੀਸ਼ਦ ਦੀ ਪ੍ਰਧਾਨਗੀ ਛੱਡਣੀ ਪੈਣੀ ਸੀ। ਉਸ ਦੀ ਸਰਕਾਰੀ ਸੁਰੱਖਿਆ ਖਤਮ ਹੋ ਜਾਣੀ ਸੀ। ਇਫਤਾਰ ਕੇਸ ਵਿਚ ਹਾਰ ਕਾਰਨ ਉਸ ਨੂੰ ਹਨੂੰਮਾਨ ਗੜ੍ਹੀ ਦੀ ਮੈਂਬਰੀ ਵੀ ਛੱਡਣੀ ਪੈ ਸਕਦੀ ਸੀ। ਧਰਮ ਦਾਸ ਦੇ ਸਾਥੀ ਕਿਸੇ ਵੀ ਢੰਗ ਨਾਲ ਗਿਆਨ ਦਾਸ ਨੂੰ ਇੱਕ ਵਾਰ ਜੇਲ੍ਹ ਕਰਵਾਉਣਾ ਚਾਹੁੰਦੇ ਸਨ ਤਾਂ ਜੋ 48 ਘੰਟੇ ਅੰਦਰ ਰਹਿਣ ਬਾਅਦ ਉਸ ਦੀ ਪ੍ਰਧਾਨਗੀ ਚਲੀ ਜਾਵੇ। 2009 ਤੱਕ ਗਿਆਨ ਦਾਸ ਧਰਮ ਦਾਸ ਨਾਲ ਸਮਝੌਤੇ ਦੇ ਰੌਂਅ ਵਿਚ ਆ ਗਿਆ। ਫੈਜ਼ਾਬਾਦ ਦੇ ਸਿਵਲ ਜੱਜ ਦੀ ਅਦਾਲਤ ਵਿਚ ਦੋਹਾਂ ਵਿਚਕਾਰ ਸਮਝੌਤਾ ਹੋ ਗਿਆ। ਧਰਮ ਦਾਸ ਨਿਰਵਾਣੀ ਅਨੀ ਦੇ ਸ੍ਰੀ ਮਹੰਤ ਥਾਪਣ ਦੀ ਸ਼ਰਤ ‘ਤੇ ਦੋਵੇਂ ਕੇਸ ਵਾਪਸ ਲੈਣੇ ਮੰਨ ਗਿਆ। ਗਿਆਨ ਦਾਸ ਨੇ ਅਗਾਂਹ ਤੋਂ ਰੋਜ਼ਾ ਇਫਤਾਰ ਨਾ ਬੁਲਾਉਣ ਦਾ ਵਾਅਦਾ ਕੀਤਾ। ਸਮਝੌਤਾ ਲਾਗੂ ਕਰਨ ਲਈ ਗਿਆਨ ਦਾਸ, ਅਵਦੇਸ਼ ਦਾਸ ਅਤੇ ਧਰਮ ਦਾਸ ਨੂੰ ਮੀਟਿੰਗ ਲਈ ਬੁਲਾਇਆ ਗਿਆ ਪਰ ਅਵਦੇਸ਼ ਦਾਸ ਜੋ ਦੋ ਸਾਲ ਤੋਂ ਸ੍ਰੀ ਮਹੰਤ ਬਣਿਆ ਸੀ, ਨਾ ਆਇਆ। ਧਰਮ ਦਾਸ ਨੂੰ ਸ੍ਰੀ ਮਹੰਤ ਥਾਪ ਦਿੱਤਾ ਗਿਆ। ਅਵਦੇਸ਼ ਦਾਸ ਨੇ ਅਦਾਲਤ ਵਿਚ ਕੇਸ ਕਰ ਦਿੱਤਾ।
ਧਰਮ ਦਾਸ 2010 ਦੇ ਹਰਦੁਆਰ ਕੁੰਭ ਵਿਚ ਨਿਰਵਾਣੀ ਅਨੀ ਦੇ ਸ੍ਰੀ ਮਹੰਤ ਦੇ ਤੌਰ `ਤੇ ਚਿੱਟੇ ਘੋੜੇ ‘ਤੇ ਅਗਵਾਈ ਕਰਨ ਅਤੇ ਜਗ੍ਹਾ ਅਲਾਟ ਕਰਨ ਲਈ ਤਿਆਰ ਸੀ।
2017 ਵਿਚ ਉਤਰ ਪ੍ਰਦੇਸ਼ ਵਿਚ ਬੀ.ਜੇ.ਪੀ. ਦੀ ਜਿੱਤ ਨਾਲ ਉਸ ਦੀ ਕੀਮਤ ਹੋਰ ਵਧ ਗਈ। ਅਦਿੱਤਿਆ ਨਾਥ ਨਾਲ ਉਸ ਦੇ ਪਹਿਲਾਂ ਹੀ ਨੇੜਲੇ ਸਬੰਧ ਸਨ। ਧਰਮ ਦਾਸ 12 ਸਾਲਾਂ ਬਾਅਦ ਅਸਾਮੀ ਖਾਲੀ ਕਰਨ ਤੋਂ ਮੁਕਰ ਗਿਆ। ਉਸ ਨੇ ਕਿਹਾ, “ਸੰਤ ਸੇਵਕ ਦਾਸ 24 ਸਾਲ ਸ੍ਰੀ ਮਹੰਤ ਰਿਹਾ।” ਉਹ ਬਾਬਰੀ ਮਸਜਿਦ ਵਿਧਵੰਸ਼ ਕੇਸ, ਅਡਵਾਨੀ, ਜੋਸ਼ੀ ਅਤੇ ਉਮਾ ਭਾਰਤੀ ਨਾਲ ਭੁਗਤ ਰਿਹਾ ਸੀ। (ਚੱਲਦਾ)