ਨੰਗਲ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜਯੋਤੀ ਯਾਦਵ ਦੇ ਅਨੰਦ ਕਾਰਜ ਇਤਿਹਾਸਕ ਗੁਰਦੁਆਰਾ ਬਿਭੋਰ ਸਾਹਿਬ ਵਿਖੇ ਸੰਪੂਰਨ ਹੋਏ। ਇਸ ਮੌਕੇ ‘ਆਪ` ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪੋ-ਆਪਣੇ ਪਰਿਵਾਰਾਂ ਸਮੇਤ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ।
ਜਾਣਕਾਰੀ ਅਨੁਸਾਰ ਗੁਰਦੁਆਰਾ ਬਿਭੋਰ ਸਾਹਿਬ ਵਿਖੇ ਅਨੰਦ ਕਾਰਜ ਦੀ ਰਸਮ ਵੇਲੇ ਭਾਈ ਕਰਮਜੀਤ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਇਸ ਵਿਆਹ ਸਮਾਗਮ ਵਿਚ ਸਿਰਫ ਪਰਿਵਾਰਕ ਮੈਂਬਰ ਅਤੇ ਨੇੜਲੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਲੜਕੀ ਦੇ ਪਰਿਵਾਰ ਵੱਲੋਂ ਮਾਤਾ ਸਰੋਜ ਯਾਦਵ, ਪਿਤਾ ਰਾਕੇਸ਼ ਯਾਦਵ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੋਏ, ਜਦਕਿ ਲਾੜੇ ਦੇ ਪਰਿਵਾਰ ਵੱਲੋਂ ਮਾਤਾ ਬਲਵਿੰਦਰ ਕੌਰ ਬੈਂਸ ਤੇ ਪਿਤਾ ਸੋਹਣ ਸਿੰਘ ਬੈਂਸ ਤੋਂ ਇਲਾਵਾ ਨੇੜਲੇ ਰਿਸ਼ਤੇਦਾਰ ਸ਼ਾਮਲ ਸਨ। ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਰੂਪਨਗਰ ਵਿਵੇਕਸ਼ੀਲ ਸੋਨੀ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ। ਆਨੰਦ ਕਾਰਜ ਦੀ ਰਸਮ ਮਗਰੋਂ ਕੈਬਨਿਟ ਮੰਤਰੀ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਗੰਭੀਰਪੁਰ ਪਹੁੰਚੇ, ਜਿੱਥੇ ਮਾਤਾ ਬਲਵਿੰਦਰ ਕੌਰ ਨੇ ਨਵੀਂ ਵਿਆਹੀ ਜੋੜੀ ਦੇ ਸਵਾਗਤ ਦੀਆਂ ਰਸਮਾਂ ਨਿਭਾਈਆਂ। ਦੁਪਹਿਰ ਦੇ ਭੋਜਨ ਦਾ ਪ੍ਰਬੰਧ ਸਤਲੁਜ ਸਦਨ ਵਿਚ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪੋ-ਆਪਣੀਆਂ ਪਤਨੀਆਂ ਸਣੇ ਸ਼ਾਮਲ ਹੋਏ। ਇਸ ਮੌਕੇ ਭਗਵੰਤ ਸਿੰਘ ਤੇ ਹਰਜੋਤ ਬੈਂਸ ਨੇ ਪਤਨੀਆਂ ਸਮੇਤ ਬੂਟੇ ਵੀ ਲਗਾਏ। ਸਾਮ ਦੇ ਭੋਜਨ ਲਈ ਨੈਸ਼ਨਲ ਫਰਟੀਲਾਈਜ਼ਰ ਲਿਮਟਡ ਦੇ ਮੈਦਾਨ ਵਿਚ 15 ਹਜ਼ਾਰ ਵਿਅਕਤੀਆਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ।