ਗਿੱਲਾ ਪੀਣ੍ਹ

ਐੱਸ.ਅਸ਼ੋਕ ਭੌਰਾ
ਬਹੁਤ ਕੁਝ ਪਹਿਲੀ ਵਾਰ ਬੀਤਿਆ ‘1989’ ’ਚ ਮੇਰੇ ਨਾਲ!
ਜ਼ਿੰਦਗੀ ’ਚ ਕੀ ਕੀਤਾ ਹੈ? ਇਹ ਹਿਸਾਬ ਕਿਤਾਬ ਨਾਲੋ ਨਾਲ ਕਰਦੇ ਰਹਿਣਾ ਚਾਹੀਦਾ ਹੈ, ਸੁਪਨਿਆਂ ’ਚ ਤਾਂ ਅੱਧੀ ਦੁਨੀਆ ਬਾਦਸ਼ਾਹ ਹੀ ਹੁੰਦੀ ਹੈ। ਭੁੱਖੇ ਸ਼ੇਰ ਨਾਲ ਸ਼ਰਾਰਤ ਕਰਨੀ ਤੇ ਖੂਬਸੂਰਤ ਔਰਤ ਨੂੰ ਅੱਖਾਂ ਪਾੜ ਪਾੜ ਕੇ ਦੇਖਣਾ ਖ਼ਤਰਾ ਹੀ ਹੁੰਦੈ। ਇਕ ਵਾਰ ਕਾਂ ਨੇ ਮੋਰ ਨੂੰ ਪੁੱਛਿਆ, ‘ਭਰਾਵਾ ਜਦੋਂ ਆਸਮਾਨ ਕਾਲੇ ਬੱਦਲਾਂ ’ਚ ਘਿਰਦਾ, ਸਾਨੂੰ ਤਾਂ ਡਰ ਲੱਗਣ ਲੱਗ ਪੈਂਦਾ ਤੇ ਤੂੰ ਨੱਚਦਾ ਹੁੰਨਾਂ?’

ਮੋਰ ਹੱਸ ਪਿਆ, ਆਂਹਦਾ, ‘ਤੈਨੂੰ ਮੂਰਖ਼ ਨੂੰ ਕੀ ਜਵਾਬ ਦਿਆਂ? ਭੂਤਰ ਜਾਣ ਅਤੇ ਮਸਤ ਹੋਣ ’ਚ ਬੜਾ ਫ਼ਰਕ ਹੁੰਦਾ ਹੈ। ਔਹ ਸਾਹਮਣੇ ਜਿਹੜੇ ਦਾਰੂ ਪੀ ਰਹੇ ਨੇ, ਕੁਝ ਚਿਰ ਬਾਅਦ ਉਨ੍ਹਾਂ ਨੂੰ ਵੇਖੀਂ ਪਤਾ ਲੱਗ ਜਾਵੇਗਾ।’
ਅਸਲ ’ਚ ਬਹੁਤਿਆਂ ਲਈ ਕੋਈ ਨਾ ਕੋਈ ਦਿਨ ਚੰਗੇ ਮਾੜੇ ਪੱਖੋਂ ਯਾਦ ਰਹਿ ਗਿਆ ਹੰੁਦੈ ਪਰ ਮੇਰੇ ਲਈ ਇਕ ਸਾਲ ਨਾ ਭੁੱਲਣਯੋਗ ਬਣ ਗਿਆ ‘1989’।
ਮਾਹਿਲਪੁਰ ’ਚ ਅਸੀਂ ਢਾਡੀ ਅਮਰ ਸਿੰਘ ਸ਼ੌਕੀ ਦੀ ਯਾਦ ’ਚ ਇਸੇ ਸਾਲ ਪਹਿਲਾ ਮੇਲਾ ਲਗਾਇਆ। ਭਾਰ ਬਹੁਤਾ ਮੇਰੇ ਸਿਰ ਸੀ। ਬਹੁਤ ਕਲਾਕਾਰਾਂ ਦੇ ਆਉਣ ਵਾਲਾ ਪੋਸਟਰ ਛਾਪਿਆ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ‘ਸ਼ੌਂਕੀ ਐਵਾਰਡ’ ਦੇਣ ਦਾ ਫ਼ੈਸਲਾ ਹੋਇਆ। ਮੈਨੂੰ ਛਲਾਰੂ ਜਿਹਾ ਕਹਿ ਕੇ ਕਈਆਂ ਨੇ ਕਿਹਾ, ‘ਮੇਲੇ ’ਚ ਤਮਾਸ਼ਾ ਹੀ ਹੋਵੇਗਾ, ਇਹਦੇ ਕਹੇ `ਤੇ ਭਲਾ ਕੌਣ ਆਜੂ?’ ਕਈ ਕਹਿਣ, ‘ਲੈ ਸੁਰਿੰਦਰ ਕੌਰ ਆਜੂ ਦਿੱਲੀਓਂ’ ਪਰ ਹੋਇਆ ਇਸ ਦੇ ਉਲਟ! ਕਈਆਂ ਦਾ ਜ਼ਿਕਰ ਵੀ ਨਹੀਂ ਹੋਇਆ ਸੀ, ਉਹ ਵੀ ਆ ਗਏ ਤੇ ਉਹ ਵੀ ਸਾਰੇ ਮੁਫ਼ਤ। ਨਾਟਕਕਾਰ ਜੋਗਿੰਦਰ ਬਾਹਰਲਾ ਭਰਵੇਂ ਇਕੱਠ ’ਚ ਕਹਿਣ ਲੱਗਾ, ਨਿੱਕੇ ਜਿਹੇ ਮੁੰਡੇ ਨੇ ਕਮਾਲ ਕਰ ਦਿੱਤੀ ਐ। ਨਾਮੀ ਸ਼ਾਇਰ ਪ੍ਰੋਫ਼ੈਸਰ ਅਜੀਤ ਨੇ ਸਟੇਜ ਸੰਚਾਲਨ ਕੀਤਾ। ਸੁਰਿੰਦਰ ਕੌਰ ਆਈ ਹੀ ਨਹੀਂ ਸਗੋਂ ਸਾਰਾ ਦਿਨ ਹਾਜ਼ਰ ਰਹੀ। ਅਜੀਤ ਅਤੇ ਪੰਜਾਬੀ ਟ੍ਰਿਬਿਊਨ ਵਰਗੀਆਂ ਅਖ਼ਬਾਰਾਂ ਨੇ ਅੱਧੇ ਅੱਧੇ ਪੰਨੇ ‘ਮਾਹਿਲਪੁਰ ਨੂੰ ਚੜ੍ਹਿਆ ਸੁਰਿੰਦਰ ਕੌਰ ਦਾ ਸਲੇਟੀ ਰੰਗ’ ਅਤੇ ‘ਮਾਹਿਲਪੁਰ ’ਚ ਗੀਤ ਸੰਗੀਤ ਦੀ ਮੋਹਲੇਧਾਰ ਵਰਖਾ’ ਸਿਰਲੇਖਾਂ ਵਾਲੀਆਂ ਖ਼ਬਰਾਂ ਛਾਪੀਆਂ। ਸ਼ੌਂਕੀ ਮੇਲਾ ਪਹਿਲੇ ਸਾਲ ਹੀ ਪੰਜਾਬ ਦੇ ਰਵਾਇਤੀ ਮੇਲਿਆਂ ਦੇ ਬਰਾਬਰ ਆਣ ਖੜ੍ਹਾ ਹੋਇਆ ਸੀ।
ਇਤਫ਼ਾਕ ਦੇਖੋ ਕਿ ਜਨਵਰੀ ’ਚ ਸ਼ੌਂਕੀ ਮੇਲਾ ਅਤੇ ਮਾਰਚ ’ਚ ਮੇਰਾ ਵਿਆਹ!
ਹਾਲਾਤ ਉਦੋਂ ਕੀ ਸਨ! ਇਹ ਤਾਂ ਦੱਸਣ ਦੀ ਲੋੜ ਨਹੀਂ। ਉਦੋਂ ਵੱਡੀਆਂ ਬਰਾਤਾਂ ਰੋਕੀਆਂ ਜਾਂਦੀਆਂ ਸਨ। ਬਰਾਤੀ ਔਰਤਾਂ ਤੋਂ ਪਾਥੀਆਂ ਪਥਾਈਆਂ ਜਾਂਦੀਆਂ ਸਨ ਅਤੇ ਬੰਦਿਆਂ ਤੋਂ ਪਿੰਡ ਦੀ ਸਫ਼ਾਈ ਕਰਾਈ ਜਾਂਦੀ ਸੀ। ਮੇਲੇ ਤੋਂ ਬਾਅਦ ਧਮਕੀਆਂ ਵਾਲੀਆਂ ਇਕ ਦੋ ਚਿੱਠੀਆਂ ਮੈਨੂੰ ਵੀ ਆ ਗਈਆਂ ਸਨ।
ਉਂਝ ਸਾਰਿਆਂ ਨੂੰ ਪਤਾ ਸੀ ਕਿ ਮੇਰੇ ਵਿਆਹ ’ਤੇ ਕਲਾਕਾਰ ਬੜੇ ਆਉਣੇ ਸਨ। ਮਾਂ ਕਹੇ, ‘ਕਾਕਾ ਪੰਜ ਬੰਦੇ ਲੈ ਜਾ’ ਪਰ ਕਿੱਥੇ! ਕਲਾਕਾਰਾਂ ਨੇ ਤਾਂ ਆਉਣਾ ਹੀ ਸੀ। ਕਈਆਂ ਨੂੰ ਯਾਦ ਹੋਵੇਗਾ ਕਿ ਉਦੋਂ ਅਖ਼ਬਾਰਾਂ ਨੇ ਇਹ ਵੀ ਖ਼ਬਰ ਛਾਪੀ ਸੀ, ‘ਵਿਆਹ ਭੌਰੇ ਦਾ, ਬਰਾਤ ਕਲਾਕਾਰਾਂ ਦੀ।’ ਅਨੰਦ ਕਾਰਜ ਹੋ ਰਹੇ ਸਨ, ਕੁਲਦੀਪ ਮਾਣਕ ਤੇ ਸੁਚੇਤ ਬਾਲਾ ਜਦੋਂ ਗੱਡੀ ’ਚੋਂ ਉਤਰੇ ਤਾਂ ਜਿਵੇਂ ਪਿੰਡਾਂ ’ਚ ਹੁੰਦੀ ਈ ਐ, ‘ਆ ਗਏ ਓਏ, ਆ ਗਏ ਓਏ’ ਹੋਣ ਲੱਗੀ। ਬਹੁਤੇ ਖ਼ਿਸਕਣ ਵੀ ਲੱਗੇ ਕਿ ਪਤਾ ਨਹੀਂ ‘ਓਹੀ’ ਆ ਗਏ। ਪਰ ਇਹ ਉਹ ਨਹੀਂ ਸਨ। ਦੇਬੀ ਦੇ ਪਿੰਡ ਮਖ਼ਸੂਸਪੁਰ ’ਚ ਗੱਡਿਆਂ ’ਤੇ ਸਟੇਜ ਲੱਗੀ ਤੇ ਚਾਰ ਘੰਟੇ ਚੱਲੇ ਸੰਗੀਤਕ ਪ੍ਰੋਗਰਾਮ ਦਾ ਸੰਚਾਲਨ ਮਰਹੂਮ ਗੀਤਕਾਰ ਸਵਰਨ ਸਿਵੀਆ ਨੇ ਕੀਤਾ।
ਮੇਰੇ ਵਿਆਹ ਨਾਲ ਜੁੜੀ ਇਕ ਹੋਰ ਦਿਲਚਸਪ ਗੱਲ ਇਹ ਸੀ ਕਿ ਲੁਧਿਆਣੇ ਦੀ ਜਿਸ ਪ੍ਰੈੱਸ ’ਚ ਮੇਰੇ ਵਿਆਹ ਦਾ ਕਾਰਡ ਛਪਿਆ, ਫ਼ਿਰ ਅਗਲੇ ਕਈ ਸਾਲ ਸੈਂਕੜੇ ਵਿਆਹਾਂ ਦੇ ਕਾਰਡ ਇਸੇ ਕਾਰਡ ਦੀ ਨਕਲ ’ਤੇ ਸਿਰਫ਼ ਨਾਮ ਤੇ ਪ੍ਰੋਗਰਾਮ ਦੀਆਂ ਤਰੀਕਾਂ ਬਦਲ ਕੇ ਛਪੇ। ਸ਼ਾਇਰਾਨਾ ਕਾਰਡ ਸ਼ਾਇਦ ਕੋਈ ਪਹਿਲੀ ਵਾਰ ਛਪਿਆ ਅਤੇ ਅੱਜ ਦੀ ਭਾਸ਼ਾ ਵਿਚ ਵਾਇਰਲ ਹੋਇਆ ਹੋਵੇਗਾ।
1989 ’ਚ ਹੀ ਮੇਰਾ ਪਹਿਲਾ ਗੀਤ ਸਰਦੂਲ ਸਿਕੰਦਰ ਦੀ ਕੈਸਿਟ ‘ਨਵੀਂ ਵਿਆਹੀ ਨੱਚੀ’ ’ਚ ਐੱਚ.ਐੱਮ.ਵੀ. ਕੰਪਨੀ ਨੇ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਸੰਗੀਤ ਵਿਚ ਰਿਕਾਰਡ ਕੀਤਾ ਸੀ ‘ਬਿਸ਼ਨ ਕੁਰੇ ਭਾਬੀਏ ਨੀਂ ਸਾਨੂੰ ਗਿੱਧੇ ਵਿਚ ਨੱਚਣਾ ਸਿਖਾ ਦੇ।’ ਇਤਫ਼ਾਕ ਤੇ ਸ਼ੁਗਲ ਦੀ ਗੱਲ ਇਹ ਵੀ ਹੈ ਕਿ ਵਿਆਹ ਵਾਲੇ ਦਿਨ ਅਜੀਤ ’ਚ ਮੇਰਾ ਵੱਡਾ ਲੇਖ ਵੀ ਛਪਿਆ ਹੋਇਆ ਸੀ।
ਹਾਲਾਂਕਿ ਜਲੰਧਰ ਦੂਰਦਰਸ਼ਨ ’ਤੇ ਮੈਂ ਨਿੱਕੇ ਨਿੱਕੇ ਪ੍ਰੋਗਰਾਮਾਂ ’ਚ ਇਕ-ਦੋ ਵਾਰ ਹਾਜ਼ਰੀ ਲਗਵਾ ਲਈ ਸੀ ਪਰ 1989 ਵਰ੍ਹਾ ਮੇਰੇ ਲਈ ਭਾਗਾਂ ਵਾਲਾ ਇਸ ਕਰਕੇ ਵੀ ਬਣਿਆ ਕਿ ਮੈਂ ਪਹਿਲੀ ਵਾਰ ਕਿਸੇ ਪ੍ਰੋਗਰਾਮ ਦੀ ਸਕ੍ਰਿਪਟ ਵੀ ਲਿਖੀ ਤੇ ਪੇਸ਼ ਵੀ ਕੀਤਾ। ਡਾ. ਲਖਵਿੰਦਰ ਜੌਹਲ ਨੇ ਸ਼ੌਂਕੀ ਮੇਲਾ ਲਗਵਾਉਣ ਕਰਕੇ ਕਿਹਾ ਕਿ ਚਲੋ ਸ਼ੌਂਕੀ ਸਾਹਿਬ ’ਤੇ ਕੋਈ ਡਾਕੂਮੈਂਟਰੀ ਤਿਆਰ ਕਰਦੇ ਹਾਂ। ਸ਼ੌਂਕੀ ਦੇ ਨੇੜੇ ਰਹੇ ਮਰਹੂਮ ਕਹਾਣੀਕਾਰ ਕਰਨੈਲ ਸਿੰਘ ਨਿੱਝਰ ਦੇ ਜਲੰਧਰ ਲਾਗਲੇ ਪਿੰਡ ਪੰਡੋਰੀ ਨਿੱਝਰਾਂ ’ਚ ਸ਼ੂਟਿੰਗ ਕੀਤੀ। ਸੰਚਾਲਨ ਪ੍ਰੋਫੈਸਰ ਅਤੈ ਸਿੰਘ ਨੇ ਕਰਨਾ ਸੀ ਪਰ ਉਹ ਪਹੁੰਚੇ ਹੀ ਨਹੀਂ ਤੇ ਜੌਹਲ ਕਹਿਣ ਲੱਗਾ ਕਿ ਤਜਰਬਾ ਤੇਰੇ ’ਤੇ ਕਰਦੇ ਆਂ। ਪ੍ਰੋਗਰਾਮ ਸੰਚਾਲਨ ਕਰ ਕੇ ਮੈਂ ਬੋਲਣ ਦੀ ਵੀ ਜੱਕ ਖੋਲ੍ਹ ਲਈ ਤੇ ਇਸ ਤੋਂ ਬਾਅਦ ਮੈਂ ਸੈਂਕੜਿਆਂ ਦੀ ਗਿਣਤੀ ’ਚ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਪੇਸ਼ ਕੀਤੇ।
ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਢਾਡੀ’ 1989 ’ਚ ਹੀ ਛਪੀ ਸੀ। ਇਹ ਵੀ ਯਾਦ ਹੈ ਕਿ ਫ਼ਰਵਰੀ ਮਹੀਨੇ ਫ਼ਗਵਾੜੇ ਦੇ ਕਮਲਾ ਨਹਿਰੂ ਕਾਲਜ ਵਿਚ ਫ਼ੁਲਕਾਰੀ ਪ੍ਰੋਗਰਾਮ ਦੌਰਾਨ ਐੱਸ.ਡੀ.ਐੱਮ. ਕੁਲਵੀਰ ਸਿੰਘ ਨੇ ਇਹ ਪੁਸਤਕ ਰਿਲੀਜ਼ ਕੀਤੀ ਸੀ ਪਰ ਇਸ ਸਾਲ ਇਸ ਨਾਲ ਇਕ ਹੋਰ ਘਟਨਾ ਵੀ ਜੁੜੀ। ਮਾਹਿਲਪੁਰ ’ਚ ‘ਪੰਜਾਬ ਦੇ ਢਾਡੀ’ ਪੁਸਤਕ ’ਤੇ ਬਲਜਿੰਦਰ ਮਾਨ ਹੁਰਾਂ ਨੇ ਇਕ ਗੋਸ਼ਟੀ ਰੱਖ ਲਈ। ਮੁੱਖ ਮਹਿਮਾਨ ਬਣਾ ਲਿਆ ‘ਕਰੋੜੀ ਮੱਲ’। ਉਹਦਾ ਅਸਲ ਨਾਂ ਤਾਂ ਕੀ ਦੱਸਣਾ, ਏਨਾ ਹੀ ਕਾਫ਼ੀ ਹੈ ਕਿ ਉਹ ਮਾਹਿਲਪੁਰ ਇਲਾਕੇ ਦਾ ਸੀ, ਉਸਦੀ ਕੈਨੇਡਾ ’ਚ ਲਾਟਰੀ ਨਿਕਲੀ ਸੀ ਕਰੋੜਾਂ ’ਚ ਤੇ ਨਾਂ ਪੈ ਗਿਆ ‘ਕਰੋੜੀ ਮੱਲ’। ਪਹਿਲਾਂ ਤਾਂ ਉਹ ਇਸ ਸਮਾਗ਼ਮ ’ਚ ਦੇਰੀ ਨਾਲ ਆਇਆ ਤੇ ਆਇਆ ਅੱਧਾ ਕੁ ਟੱਲੀ ਹੋ ਕੇ। ਦਾਰੂ ਨਾਲ ਡੱਕਿਆ ਦਿਨੇ ਹੀ ਰਹਿੰਦਾ ਸੀ, ਔਖ਼ਾ ਹੋ ਗਿਆ ਤੇ ਕਹਿੰਦਾ ਕਿ ਮੈਂ ਏਦਾਂ ਦੀਆਂ ਪੁਸਤਕਾਂ ਦੇ ਸਮਾਗਮਾਂ ’ਚ ਬੈਠਾਂ? ਮੇਰਾ ਰੁਤਬਾ ਪਤਾ ਕੀ ਹੈ, ਮੂਰਖ ਬਣਾ’ਤਾ ਮੈਨੂੰ! ਤੇ ਉਹ ‘ਵਾਕਆਊਟ’ ਕਰ ਗਿਆ। ਦੁੱਖ ਤਾਂ ਮੈਨੂੰ ਵੀ ਬਹੁਤ ਲੱਗਾ ਪਰ ਚਲੋ…!
ਇਸ ਕਰੋੜੀ ਮੱਲ ਦੀ ਗੱਲ ਮੈਂ ਕਿਤੇ ਅੱਗੇ ਚੱਲ ਕੇ ਕਰਾਂਗਾ ਕਿ ਫ਼ਿਰ ਉਹਦੇ ਨਾਲ ਕੀ ਕੀ ਹੁੰਦੀ ਰਹੀ? ਇਹ ਵੀ ਸੱਚ ਹੈ ਕਿ ਅੱਜ ਦਾ ਨਾਮੀ ਗੀਤਕਾਰ ਜਸਬੀਰ ਗੁਣਾਚੌਰੀਆ ਵੀ 1989 ’ਚ ਮੇਰੇ ਵਿਆਹ ਵਾਲੇ ਦਿਨ ਕਈ ਕਲਾਕਾਰਾਂ ਨਾਲ ਤਸਵੀਰਾਂ ਖਿਚਵਾਉਣ ਤੇ ਜਾਣ-ਪਛਾਣ ਕਰਨ ਆਇਆ ਸੀ। ਉਦੋਂ ਉਹ ਹਾਲੇ ਜਸਵੀਰ ਰਾਏ ਸੀ, ਗੁਣਾਚੌਰੀਆ ਨਹੀਂ ਬਣਿਆ ਸੀ। 1989 ਦੀਆਂ ਯਾਦਾਂ ਤਾਂ ਵੀ ਤਾਜ਼ਾ ਕੀਤੀਆਂ ਹਨ ਕਿ ਸਾਰਾ ਸਾਹਿਤ ਵਰਤਮਾਨ ’ਚ ਹੀ ਨਹੀਂ, ਭੂਤਕਾਲ ’ਚ ਵੀ ਹੁੰਦਾ ਹੈ।
ਦੁੰਮਛੱਲਾ
ਕੱਚੀ ਕੰਧ ’ਤੇ ਬੈਠੇ ਕਾਂ ਕੋਲ ਇਕ ਚਿੜੀ ਆ ਕੇ ਬੈਠ ਗਈ।
ਕਾਂ ਨੇ ਘੂਰ ਕੇ ਵੇਖਿਆ ਤੇ ਆਖਣ ਲੱਗਾ, ਤੈਨੂੰ ਚਾਹੀਦਾ ਕੁਝ?
ਚਿੜੀ ਪੈ ਗਈ ਟੁੱਟ ਕੇ, ‘ਬੇਸ਼ਰਮਾਂ ਤੇਰੇ ਕੋਲ ਹੈ ਕੀ? ਖੋਹ ਕੇ ਤੂੰ ਖਾਨਾ, ਗੂੰਹ ਤੂੰ ਫਰੋਲਦਾਂ, ਬੇਈਮਾਨ, ਫ਼ਰੇਬੀ, ਚਲਾਕ, ਕਾਲਾ ਕੱਟਾ ਤੇ ਝੂਠ, ਅਕ੍ਰਿਤਘਣ, ਬੇਵਿਸ਼ਵਾਸੀ…ਲੁੱਚਿਆ ਪਤਾ ਨਹੀਂ ਕੀ ਕੀ ਕਹਿੰਦੇ ਆ ਤੈਨੂੰ ਲੋਕ।’
ਕਾਂ ਹੱਸ ਪਿਆ।
ਚਿੜੀ ਫ਼ਿਰ ਕਹਿਣ ਲੱਗੀ, ‘ਤੈਨੂੰ ਸਮਝ ਨਹੀਂ ਲੱਗੀ, ਮੈਂ ਕੀ ਕੀ ਕਿਹਾ?’
‘ਲੱਗ ਗਈ ਚਿੜੀਏ’, ਕਾਂ ਨੇ ਕਿਹਾ।
‘ਫ਼ਿਰ ਹੱਸੀ ਕਾਹਨੂੰ ਜਾਨੈਂ, ਸ਼ਰਮ ਕਰ’
‘ਭਲੀਏ ਮਾਣਸੇ, ਸਿਧਰੀ ਦੀ ਸਿਧਰੀ ਹੀ ਰਹੀ, ਕਹੀ ਜਾਣ ਦੇ ਲੋਕ ਕੀ ਕਹਿੰਦੇ ਨੇ, ਕਿਸੇ ਤੋਂ ਵੋਟਾਂ ਤਾਂ ਨਹੀਂ ਮੰਗਣ ਜਾਂਦਾ!’
ਤਸਵੀਰ ਕੈਪਸ਼ਨ
ਸ਼ਾਇਰਾਨਾ ਵਿਆਹ ਕਾਰਡ ਦੀ ਇਕ ਝਲਕ