ਡਾ ਗੁਰਬਖ਼ਸ਼ ਸਿੰਘ ਭੰਡਾਲ
ਮੇਰਾ ਸਰੀਰ ਵੀ ਮੇਰਾ ਨਹੀਂ। ਇਹ ਤਾਂ ਮੇਰੇ ਮਾਪਿਆਂ ਦੀ ਵਰੋਸਾਈ ਦਾਤ ਅਤੇ ਹੁਣ ਮੈਂ ਇਸ ਵਿਚ ਵਾਸ ਕਰਦਾ ਹਾਂ। ਮੈਂ ਤਾਂ ਕੁਝ ਵੀ ਨਹੀਂ ਸਗੋਂ ਇਸ ਸਰੀਰ ਵਿਚੋਂ ਹੀ ਆਪਣਾ ਰੂਪ ਧਾਰਦਾ ਹਾਂ।
ਮੈਂ ਤੇ ਮੇਰਾ ਸਰੀਰ, ਜੀਵਨ-ਸਾਥੀ। ਇਕ ਦੂਜੇ ਦੇ ਪੂਰਕ। ਇਕ ਦੂਜੇ ਦੀ ਹੋਂਦ ਤੇ ਹਾਸਲ। ਇਕ ਦੂਜੇ ਦੇ ਸਾਹੀਂ ਜਿਉਂਦੇ। ਸਰੀਰਕ ਹਰਕਤ ਹੀ ਮੇਰੇ ਜਿਉਂਦੇ ਹੋਣ ਦੀ ਨਿਸ਼ਾਨੀ।
ਇਹ ਸਰੀਰ ਮੇਰਾ ਹੈ ਅਤੇ ਮੈਂ ਇਸਨੂੰ ਕਿਵੇਂ ਸਮਝਣਾ, ਸੰਵਾਰਨਾ, ਸੁੰਦਰਾਨਾ ਅਤੇ ਇਸਦੀ ਸਿਹਤਮੰਦੀ ਲਈ ਕੀ, ਕੁਝ ਤੇ ਕਿਵੇਂ ਕਰਨਾ, ਇਹ ਵੀ ਮੇਰੀ ਹੀ ਜਿੰ਼ਮੇਵਾਰੀ। ਸਰੀਰ ਤੰਦੁਰਸਤ ਹੋਵੇ ਤਾਂ ਮਨ ਸਿਹਤਮੰਦ। ਸ਼ੁਭ ਵਿਚਾਰਾਂ ਦੀ ਧਰਾਤਲ ਅਤੇ ਸ਼ੁਭ-ਕਰਮਨ ਦਾ ਪ੍ਰਵਾਹ ਚੱਲਦਾ। ਇਸ ਪ੍ਰਵਾਹ ਵਿਚ ਮੈਂ ਆਪਣੀ ਰੂਹ-ਰੇਜ਼ਤਾ ਨੂੰ ਬਾਖੂਬੀ ਮਾਣਦਾਂ।
ਸਰੀਰ ਹਰਕਤ ਵਿਚ ਹੋਵੇ ਤਾਂ ਮਨੁੱਖ, ਹਰਕਤਹੀਣ ਹੋਵੇ ਤਾਂ ਮਿੱਟੀ ਦੀ ਢੇਰੀ। ਮਿੱਟੀ ਦੀ ਢੇਰੀ ਨੂੰ ਘਰੋਂ ਬਾਹਰ ਕੱਢਣ ਅਤੇ ਇਸ ਦੀਆਂ ਆਖਰੀ ਰਸਮਾਂ ਕਰਨ ਲਈ ਹਰੇਕ ਕਾਹਲਾ ਭਾਵੇਂ ਉਹ ਤੁਹਾਡਾ ਪਤੀ/ਪਤਨੀ, ਭਰਾ/ਭੈਣ, ਮਾਂ/ਪਿਉ, ਪੁੱਤਰ/ਧੀ, ਮਿੱਤਰ/ਬੇਲੀ ਜਾਂ ਸਕੇ ਸਬੰਧੀ ਹੋਣ। ਸਭ ਨੂੰ ਕਾਹਲ ਕਿਉਂਕਿ ਉਹ ਜਲਦੀ ਵਿਹਲੇ ਹੋ ਕੇ ਆਪਣੇ ਰੁਝੇਵਿਆਂ ਵਿਚ ਰੁੱਝ ਜਾਣਾ ਲੋਚਦੇ।
ਸਰੀਰ ਭਾਵੇਂ ਤਕੜਾ ਹੋਵੇ, ਮਜ਼ਬੂਤ ਹੋਵੇ ਜਾਂ ਕਮਜ਼ੋਰ, ਰੂਪਵੰਤ ਜਾਂ ਕਰੂਪ ਹੋਵੇ, ਅੰਗਹੀਣ ਹੋਵੇ, ਕਾਣਾ ਜਾਂ ਲੂਲਾ-ਲੰਗੜਾ ਹੋਵੇ, ਸਰੀਰ ਨਾਲ ਖੁਦ ਨੂੰ ਬਹੁਤ ਪਿਆਰ ਅਤੇ ਇਸ ਦੀ ਸਿਹਤਯਾਬੀ ਲਈ ਹਰ ਮਨੁੱਖ ਕਰਦਾ ਏ ਹਰ ਆਹਰ।
ਸਰੀਰ, ਮੇਰਾ ਰੈਣ-ਬਸੇਰਾ। ਮੇਰੀਆਂ ਕਰਨੀਆਂ-ਕੀਰਤੀਆਂ ਦਾ ਅਧਾਰ, ਸੋਚਾਂ ਅਤੇ ਸੁਪਨਿਆਂ ਦਾ ਸਿਰਜਣਹਾਰਾ ਅਤੇ ਸੰਪੂਰਨਹਾਰਾ। ਮੇਰੀਆਂ ਤਮੰਨਾਵਾਂ ਅਤੇ ਤਾਂਘਾਂ ਦੀ ਤ੍ਰਿਪਤੀ ਦਾ ਸਬੱੱਬ। ਭਾਵਨਾਵਾਂ ਦੀ ਪੂਰਤੀ ਦਾ ਕਾਰਨ। ਮੇਰੇ ਹਾਵਭਾਵਾਂ ਦਾ ਪ੍ਰਗਟਾਅ। ਅੰਦਰਲੇ ਜਜ਼ਬਾਤਾਂ ਨੂੰ ਮਿਲੀ ਜ਼ੁਬਾਨ। ਅੰਦਰ ਵੱਸਦੇ ਸੱਚ ਨੂੰ ਸ਼ਬਦਾਂ ਵਿਚ ਢਾਲਣ ਦੀ ਯੁਕਤੀ। ਆਪਣੇ ਅੰਤਰੀਵ ਨੂੰ ਉਲਥਾਉਣ ਦਾ ਵਸੀਲਾ।
ਸਰੀਰ ਸਿਰਫ਼ ਸਰੀਰ ਹੀ ਨਹੀਂ ਸਗੋਂ ਮੇਰੀਆਂ ਮਨੁੱਖੀ ਕਿਰਿਆਵਾਂ ਦਾ ਬਿੰਦੂ। ਇਹ ਕਿਰਿਆਵਾਂ ਦਾ ਸਮੁੱਚ ਹੀ ਮੈਨੂੰ ਮਨੁੱਖ ਬਣਾਉਂਦਾ। ਆਪਣੇ ਅੰਬਰ ਦੀ ਤਾਮੀਰਦਾਰੀ ਕਰਦਾਂ। ਮੈਨੂੰ ਮੇਰੇ ਹਿੱਸੇ ਦੀ ਜ਼ਮੀਂ ਮਿਲਦੀ। ਸਰੀਰ ਦੀ ਕਿਰਿਆਤਮਿਕਤਾ ਹੀ ਮੈਨੂੰ ਪਰਿਵਾਰ ਦਾ ਅੰਗ ਬਣਾਉਂਦੀ, ਸਮਾਜ ਦੀ ਸਿਰਜਣਾ ਦਾ ਮੁੱਢ ਬੰਨ੍ਹਦੀ। ਇਹ ਸਿਰਜਣਾਤਮਿਕਤਾ ਹੀ ਵੱਖ ਵੱਖ ਕਿਰਿਆਵਾਂ ਵਿਚ ਵੱਖੋ-ਵੱਖਰੇ ਰੂਪ ਰੂਪਮਾਨ ਹੁੰਦੇ, ਮੈਨੂੰ ਵਿਸਥਾਰਦੀ, ਸੋਚ ਅਤੇ ਸੰਭਾਵਨਾਵਾਂ ਨੂੰ ਮੋਕਲਾ ਕਰਦੀ ਅਤੇ ਵਸੀਹ ਅੰਬਰ ਅਤੇ ਅਸੀਮ ਸਮੁੰਦਰ ਵਰਗੀ ਸੋਚ ਦਾ ਹਾਣੀ ਬਣਾਉਣ ਵੱਲ ਉਤੇਜਿਤ ਕਰਦੀ।
ਮੈਂ ਮਨੁੱਖੀ ਸਰੀਰ ਦਾ ਉਹ ਰੂਪ ਹਾਂ ਜਿਹੜਾ ਜੱਗ-ਜ਼ਾਹਰ ਹੁੰਦਾ। ਜਿਹੜਾ ਰੂਪ ਸਮਾਜ ਵਿਚ ਪ੍ਰਗਟਦਾ, ਇਹ ਵੀ ਸਰੀਰ ਦੀ ਹੀ ਦੇਣ। ਭਾਵੇਂ ਇਹ ਦਿਮਾਗ ਦੀਆਂ ਗਿਣਤੀਆਂ-ਮਿਣਤੀਆਂ ਅਤੇ ਖਾਬੋ-ਖਿ਼ਆਲਾਂ ਵਿਚੋਂ ਪੈਦਾ ਹੋਇਆ ਹੋਵੇ ਜਾਂ ਦਿਲ ਦੀਆਂ ਕੋਮਲ ਭਾਵਨਾਵਾਂ ਹੋਣ। ਧੜਕਣ ਦੇ ਰੂਪ ਵਿਚ ਮੋਹ ਦੀਆਂ ਤਰੰਗਾਂ ਦਾ ਦਿਲ ਦੇ ਵਿਹੜੇ ਵਿਚ ਪੈਲ ਪਾਉਣਾ ਹੋਵੇ, ਦਿਲ-ਦਰਾਂ `ਤੇ ਪਾਣੀ ਡੋਲਣਾ ਜਾਂ ਤੇਲ ਚੋਣਾ ਹੋਵੇ ਜਾਂ ਸ਼ਗਨਾਂ ਭਰੀ ਰੁੱਤ ਨੂੰ ਦਿਲ-ਬੀਹੀ ਵਿਚ ਲੰਘਾਉਣਾ ਹੋਵੇ। ਇਹ ਸਭ ਕੁਝ ਸਰੀਰ ਦੇ ਅੰਦਰ ਹੀ ਵਾਪਰਦਾ। ਸਰੀਰ ਇਸ ਦਾ ਸਭ ਤੋਂ ਵੱਡਾ ਰਾਜ਼ਦਾਨ ਅਤੇ ਚਸ਼ਮਦੀਦ। ਸਰੀਰ ਤੋਂ ਲੁਕਾ ਕੇ ਮੈਂ ਕੁਝ ਵੀ ਨਹੀਂ ਕਰ ਸਕਦਾ।
ਸਰੀਰਕ ਅੰਗ ਹੀ ਮੈਨੂੰ ਆਲੇ-ਦੁਆਲੇ ਨੂੰ ਦੇਖਣ ਅਤੇ ਦਿੱਖ ਵਿਚੋਂ ਦ੍ਰਿਸ਼ਟੀ ਨੂੰ ਨਿਰਧਾਰਤ ਕਰਨ ਦਾ ਵਲ ਸਿਖਾਉਂਦੇ। ਮੇਰੇ ਪੈਰਾਂ ਵਿਚ ਸਫ਼ਰ ਵੀ ਉਗਾਉਂਦਾ ਅਤੇ ਕਦੇ ਤਾਂ ਰਾਹਾਂ ਵਿਚ ਉਗੇ ਕੰਡਿਆਂ ਅਤੇ ਖਾਈਆਂ ਨੂੰ ਟੱਪ ਮੇਰੀ ਮੰਜਲ਼ ਨੂੰ ਹਥਿਆਉਂਦਾ।
ਮੇਰੇ ਸਰੀਰ ਦੀਆਂ ਬਹੁਤ ਸਾਰੀਆ ਲੋੜਾਂ। ਕੁਝ ਸਰੀਰਕ, ਕੁਝ ਮਾਨਸਿਕ, ਕੁਝ ਰੂਹਦਾਰੀ ਦੀਆਂ, ਕੁਝ ਭਾਵਨਾਤਮਿਕ ਅਤੇ ਕੁਝ ਧਾਰਮਿਕ/ਅਧਾਰਮਿਕ ਵੀ ਹੁੰਦੀਆਂ। ਇਨ੍ਹਾਂ ਵਿਚੋਂ ਕਿਹੜੀਆਂ ਪ੍ਰਮੁੱਖ ਹਨ ਅਤੇ ਕਿਹਨਾਂ ਨੂੰ ਵਿਸਾਰ ਕੇ ਜੀਵਨ-ਜੁਗਤ ਨੂੰ ਮਾਣਿਆ ਜਾ ਸਕਦਾ, ਇਹ ਮਨੁੱਖੀ ਫਿਤਰਤ ਦੇ ਹਿੱਸੇ ਆਇਆ। ਪਰ ਸਭ ਤੋਂ ਜ਼ਰੂਰੀ ਹੁੰਦਾ ਏ ਸਰੀਰ ਨੂੰ ਹਮਰਾਜ਼ ਸਮਝ, ਇਸ ਦੀਆਂ ਲੋੜਾਂ ਤੇ ਥੋੜਾਂ ਨੂੰ ਪੂਰਿਆਂ ਕਰਨਾ। ਇਨ੍ਹਾਂ ਦੀ ਪੂਰਤੀ ਵਿਚੋਂ ਹੀ ਆਪਣੇ ਹਿੱਸੇ ਦੇ ਅੰਬਰ ਤੇ ਧਰਤ ਨਾਲ ਆਪਣੀ ਜਿ਼ੰਦਗੀ ਨੂੰ ਵਿਊਂਤਣਾ ਅਤੇ ਜਿਊਣ-ਜੋਗਾ ਕਰਨਾ। ਬਹੁਤ ਲੋਕ ਹੁੰਦੇ ਜਿਨ੍ਹਾਂ ਲਈ ਆਪਣੇ ਹਿੱਸੇ ਦੀ ਜਿ਼ੰਦਗੀ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਉਹ ਸਿਰਫ਼ ਦੂਸਰਿਆਂ ਲਈ ਹੀ ਜਿਉਂਦੇ, ਜੀਵਨ ਨੂੰ ਅਕਾਰਥ ਹੀ ਗੰਵਾ ਲੈਂਦੇ।
ਪੈਸਾ ਕਮਾਉਣ ਦੀ ਦੌੜ ਵਿਚ ਹਫ਼ੇ ਆਦਮੀ ਨੂੰ ਆਪਣੇ ਸਰੀਰ ਦਾ ਕੋਈ ਚੇਤਾ ਹੀ ਨਹੀਂ ਰਹਿੰਦਾ ਕਿ ਉਸ ਦੀਆਂ ਕੀ ਲੋੜਾਂ ਹਨ? ਜਦ ਸਰੀਰ ਹੀ ਜਵਾਬ ਦੇ ਜਾਵੇ ਤਾਂ ਕਮਾਇਆ ਧਨ ਬੇਅਰਥ ਹੋ ਜਾਂਦਾ। ਸਿਹਤ ਨੂੰ ਗਵਾ ਕੇ ਕੀਤੀ ਕਮਾਈ ਅਰਥਹੀਣ ਹੁੰਦੀ।
ਸਰੀਰ ਕਾਰਨ ਹੀ ਮੈਨੂੰ ਭੁੱਖ-ਪਿਆਸ ਅਤੇ ਥਕਾਵਟ ਦਾ ਅਹਿਸਾਸ। ਕਦੇ ਸੂਹੇ ਰੰਗਾਂ ਨੂੰ ਦੇਖਣ ਦੀ ਚੇਸ਼ਟਾ ਪੈਦਾ ਹੁੰਦੀ। ਕਦੇ ਬੱਦਲਾਂ ਵਿਚਲੇ ਅਕਾਰਾਂ ਨੂੰ ਨਿਹਾਰਨਾ ਅਤੇ ਕਦੇ ਕੁਦਰਤ ਦੀ ਕਲਾਕਰੀ ਨੂੰ ਮਾਨਣਾ। ਕਦੇ ਪੈਰਾਂ ਵਿਚ ਉਗੇ ਸਫ਼ਰ ਦੀਆਂ ਪੈੜਾਂ ਨੂੰ ਦੇਖਦਿਆਂ, ਦੂਰ-ਦਿਸਹੱਦਿਆਂ ਦਾ ਸਿਰਨਾਵਾਂ ਦੀਦਿਆਂ ਦੇ ਨਾਮ ਕਰਨਾ।
ਸਰੀਰਕ ਲੋੜਾਂ ਦੀ ਪੂਰਤੀ ਲਈ ਸਮੇਂ ਸਿਰ ਸੰਤੁਲਿਤ ਭੋਜਨ ਖਾਣਾ, ਸਰੀਰਕ ਅਰਾਮ ਲਈ ਨੀਂਦ ਪੂਰਾ ਕਰਨਾ, ਦਿਨ ਭਰ ਦੀ ਰੂਟੀਨ ਵਿਚੋਂ ਕੁਝ ਸਮਾਂ ਆਪਣਿਆਂ ਨਾਲ ਗੁਜ਼ਾਰਨਾ ਅਤੇ ਕੁਝ ਸਮਾਂ ਆਪਣੇ-ਆਪ ਨਾਲ ਗੁਜ਼ਾਰਨਾ, ਮੈਨੂੰ ਚੰਗਾ ਲੱਗਦਾ।
ਪਰ ਸਭ ਤੋਂ ਅਹਿਮ ਅਤੇ ਭਾਵਪੂਰਨ ਏ ਮਾਨਸਿਕ ਤ੍ਰਿਪਤੀ ਲਈ ਰੂਹ ਅਣਦੇਖੀ ਨਾ ਕਰਨਾ। ਜਦ ਅਸੀਂ ਮਨ ਨੂੰ ਨਕਾਰਦੇ ਤਾਂ ਦਰਅਸਲ ਅਸੀਂ ਖੁਦ ਨੂੰ ਨਕਾਰ ਕੇ ਖੁਦ ਦੀ ਖੁਦਕੁਸ਼ੀ ਲਈ ਤਿਆਰ ਹੁੰਦੇ। ਬੰਦਾ ਸਰੀਰਕ ਤੌਰ `ਤੇ ਸਿਰਫ਼ ਇਕ ਵਾਰ ਹੀ ਮਰਦਾ ਹੈ ਪਰ ਭਾਵਨਾਤਮਿਕ ਪੱਧਰ `ਤੇ ਉਹ ਦਿਨ ਵਿਚ ਕਈ ਵਾਰ ਮਰਦਾ। ਬਹੁਤ ਪੀੜਤ ਕਰਦਾ ਹੈ ਮੈਨੂੰ ਵਾਰ ਵਾਰ ਮਰ ਕੇ ਜਿਊਣਾ ਅਤੇ ਇਸਨੂੰ ਜਿੰ਼ਦਗੀ ਦਾ ਨਾਮ ਦੇਣਾ।
ਸਰੀਰ ਦੀਆਂ ਭਾਵਨਾਤਮਿਕ ਲੋੜਾਂ ਹਰੇਕ ਵਿਅਕਤੀ ਲਈ ਵੱਖੋ-ਵੱਖਰੀਆਂ। ਜਦ ਮੇਰੇ ਵਰਗੇ ਕਿਸੇ ਕਲਾਕਾਰ, ਕਵੀ ਜਾਂ ਸੁਹਜ-ਬਿਰਤੀਆਂ ਵਾਲੇ ਮਨੁੱਖ ਨੂੰ ਬੋਲਾਂ ਦੀਆਂ ਝਰੀਟਾਂ ਨਾਲ ਛਿੱਲਿਆ ਜਾਵੇ ਅਤੇ ਉਸ ਦੀਆਂ ਸੂਖ਼ਮਤਾ ਨੂੰ ਕਠੋਰਤਾ ਦੇ ਨਹੁੰਆਂ ਨਾਲ ਖੁਰਚਿਆ ਜਾਵੇ ਤਾ ਅਸਹਿ ਪੀੜ ਰੂਹ ਵਿਚ ਕੰਬਣੀ ਛੇੜਦੀ। ਫਿਰ ਇਕ ਚੁੱਪ ਹੀ ਹੁੰਦੀ ਜੋ ਸਾਥ ਨਿਭਾਉਂਦੀ ਅਤੇ ਇਸ ਚੁੱਪ ਵਿਚੋਂ ਅਦਿੱਖ ਲਾਵਾ ਫੁੱਟਦਾ ਜਿਹੜਾ ਬੋਲਾਂ ਜਾਂ ਸ਼ਬਦਾਂ ਦੇ ਮੇਚ ਵੀ ਨਹੀ ਆਉਂਦਾ। ਪਰ ਸਭ ਤੋਂ ਜ਼ਰੂਰੀ ਹੁੰਦਾ ਕਿ ਮਨੁੱਖ ਨੂੰ ਆਪਣੀਆਂ ਲੋੜਾਂ ਦਾ ਗਿਆਨ ਹੋਵੇ। ਇਨ੍ਹਾਂ ਦੀ ਪੂਰਤੀ ਲਈ ਖੁਦ ਹੀ ਉਚੇਚ ਕਰੇ ਕਿਉਂਕਿ ਕਿਸੇ ਦੇ ਮੋਢੇ `ਤੇ ਸਿਰ ਰੱਖ ਕੇ ਰੋਇਆ ਜਾ ਸਕਦਾ, ਦਰਦ ਵੀ ਵੰਡਾਇਆ ਜਾ ਸਕਦਾ ਪਰ ਕਈ ਵਾਰ ਆਪਣੇ ਅੰਦਰ ਦੀ ਦੁਖਦੀ ਰਗ ਦਿਖਾਈ ਨਹੀਂ ਜਾ ਸਕਦੀ।
ਸਰੀਰ ਹੀ ਮੇਰੇ ਸਾਰੇ ਅੰਗਾਂ ਦਾ ਸੁੰਦਰ ਘਰ। ਇਹ ਅੰਗ ਸਰੀਰ ਦੀ ਤਾਮੀਰਦਾਰੀ ਵਿਚ ਹਰ ਪਲ ਰੁੱਝੇ ਰਹਿੰਦੇ। ਦਿਲ ਦੀ ਨਿਰੰਤਰ ਧੜਕਣ ਅਤੇ ਪੈਰਾਂ ਵਿਚ ਹਰ ਰੋਜ਼ ਉਗ ਰਿਹਾ ਸਫ਼ਰ। ਦੀਦਿਆਂ ਵਿਚ ਸੰਸਾਰਕ ਦ੍ਰਿਸ਼ਾਂ ਦੀ ਭਰਮਾਰ। ਆਲੇ-ਦੁਆਲੇ ਦੀ ਸੰਗੀਤਕ ਫਿਜ਼ਾ, ਚੀਕ-ਚਿਹਾੜਾ, ਹਾਕ-ਹੁੰਗਾਰਾ, ਗੀਤ ਸੰਗੀਤ ਜਾਂ ਮਿੱਤਰ-ਪਿਆਰਿਆਂ ਦੇ ਅਪਣੱਤੀ ਬੋਲ। ਮੋਹ ਭਿੱਜੀਆਂ ਗੱਲਾਂ ਦੀ ਪਾਕੀਜ਼ਗੀ ਵਿਚੋਂ ਉਛਲਦਾ ਮੋਹ ਦਾ ਸਾਗਰ, ਮੇਰੀ ਅੰਤਰੀਵੀ ਰੱਜਤਾ ਲਈ ਸਭ ਤੋਂ ਅਹਿਮ।
ਸਰੀਰ ਦੀ ਦੇਖਭਾਲ ਮੇਰਾ ਹੀ ਫਰਜ਼ ਅਤੇ ਨਿੱਜੀ ਤਵੱਜੋਂ ਮੰਗਦਾ। ਮੇਰੀ ਪਹਿਲ ਤੇ ਪਾਕੀਜ਼ਗੀ, ਮਾਣ ਤੇ ਮਰਿਆਦਾ, ਮੁਹੱਬਤ ਤੇ ਮਿਲਣਸਾਰਤਾ, ਪਿਆਰ ਤੇ ਪ੍ਰਤਿੱਗਿਆ ਅਤੇ ਪਹਿਚਾਣ ਤੇ ਪ੍ਰਮੁੱਖਤਾ।
ਸਰੀਰ ਰਾਹੀਂ ਹੀ ਮੈਂ ਖੁਦ ਵਿਚੋਂ ਖੁਦ ਨੂੰ ਮਿਲਦਾ। ਖੁਦ ਦੇ ਦਰਸ਼-ਦੀਦਾਰੇ ਆਪਣੇ ਨੈਣਾਂ ਵਿਚੋਂ ਝਲਕਦੇ ਅਤੇ ਇਸ ਵਿਚੋਂ ਮੇਰੀ ਬੇਲਾਗਤਾ, ਬੇਮੁਹਤਾਜੀ ਤੇ ਬੇਗਾਨਗੀ ਵੀ ਜ਼ਾਹਰ ਹੁੰਦੀ। ਸਰੀਰ ਲਈ ਜ਼ਰੂਰੀ ਹੁੰਦਾ ਹੈ ਕੁਝ ਬੰਦਸ਼ਾਂ ਤੇ ਬਗਾਵਤਾਂ ਦੀ ਭਾਈਵਾਲੀ। ਕੁਝ ਸਾਂਝਾਂ ਅਤੇ ਸੰਗਮਾਂ ਦਾ ਸੁਮੇਲ। ਕੁਝ ਰਾਹਾਂ ਤੇ ਰਾਵਾਂ ਦੀ ਮਿਲੀ-ਭੁਗਤ। ਕੁਝ ਸਾਧਨਾਂ ਤੇ ਸਹੂਲਤਾਂ ਦਾ ਸੰਯੋਗ। ਕੁਝ ਸੁਪਨਿਆਂ ਤੇ ਸੰਭਾਵਨਾਵਾਂ ਦੀ ਸੰਗਤ। ਕੁਝ ਚਾਵਾਂ ਤੇ ਭਾਂਵਾਂ ਦੀ ਪੂਰਤੀ। ਸੰਦਲੀ ਰੁੱਤਾਂ ਤੇ ਸੂਹੇ ਪਲਾਂ ਦਾ ਮਿਲਣ-ਪਹਿਰ। ਮੋਹਵੰਤੇ ਦੇ ਅੰਤਰੀਵ ਵਿਚ ਉਤਰਨ ਦੀ ਲੋਚਾ ਤੇ ਕੁਝ ਵਕਤ ਦੀ ਠਹਿਰ। ਸਾਹ-ਸੁਰੰਗੀ ਵਿਚ ਸਰੋਦੀਪੁਣੇ ਵਾਲੀ ਬਹਿਰ। ਪੱਬਾਂ ਭਾਰ ਹੋ ਕੇ ਤੁਰਨ ਦਾ ਵਿਸਮਾਦ। ਪਿਆਰਿਆਂ ਦੇ ਦਿਲਾਂ ਵਿਚ ਮਿੱਠੜੀ ਜਹੀ ਯਾਦ ਹੋਵੇ। ਸੱਜਣ ਨੂੰ ਮਿਲਣ ਦੀ ਫਰਿਆਦ ਹੋਵੇ ਅਤੇ ਮਨ ਬਹਾਰਾਂ ਦੇ ਰੰਗਾਂ ਵਿਚ ਆਬਾਦ ਹੋਵੇ।
ਸਰੀਰ ਤੋਂ ਸਰੀਰ ਤੀਕ ਦਾ ਪੈਂਡਾ ਤੈਅ ਕਰਦਿਆਂ ਜਦ ਮਨ ਪਿਘਲਦਾ ਤਾਂ ਅੰਦਰ ਤਰਲ ਤਰਲ ਹੋ ਜਾਂਦਾ। ਇਹ ਤਰਲਤਾ ਹੀ ਮਨੁੱਖ ਨੂੰ ਉਸਦੀ ਸਰੀਰਕ ਹੋਂਦ ਅਤੇ ਮਾਨਸਿਕ ਹਾਸਲ ਦੀ ਸੋਝੀ ਕਰਵਾਉਂਦੀ। ਦਿਲ ਦੇ ਪਿਘਲਣ ਤੋਂ ਸਰੀਰ ਦੇ ਤਰਲ ਹੋਣ ਦੀ ਤਫਸੀਲ ਸਿਰਫ਼ ਖੁਦ ਨੂੰ ਪਤਾ ਹੁੰਦੀ। ਇਹ ਤਫ਼ਸੀਲ ਹੀ ਤਵਾਰੀਖ਼ ਦਾ ਸਭ ਤੋਂ ਸੁੱਚਾ ਅਤੇ ਸੱਚਾ ਵਰਕਾ ਬਣ ਕੇ ਵਕਤ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਨ ਵਿਚ ਅਹਿਮ ਹੁੰਦੀ।
ਸਰੀਰ, ਮਨ ਅਤੇ ਭਾਵਨਾਵਾਂ, ਸਾਹ-ਸੁਰੰਗੀ ਵਿਚੋਂ ਮਨਪਸੰਦ ਸੰਗੀਤ ਪੈਦਾ ਕਰਨ ਦੇ ਕਾਬਲ ਹੁੰਦੇ। ਇਸ ਸੰਗੀਤ ਨੂੰ ਕਿਹੜੇ ਰਾਗ ਵਿਚ ਗਾਉਣਾ, ਇਹ ਖੁਦ `ਤੇ ਨਿਰਭਰ। ਯਾਦ ਰੱਖਣਾ ਕਿ ਸਰੀਰ ਤੰਦਰੁਸਤ ਹੋਵੇਗਾ ਤਾਂ ਮਨ ਸਿਹਤਮੰਦ ਹੋਵੇ ਅਤੇ ਮਨ ਦੀ ਸਿਹਤਮੰਦੀ ਹੀ ਸਰਬ-ਸੁਖਨ ਦਾ ਰਾਜ਼ ਹੁੰਦੀ।
ਸਰੀਰਕ ਤੇ ਮਾਨਸਿਕ ਮਜ਼ਬੂਤੀ ਨਾਲ ਹੀ ਹਰ ਔਖੀ ਘੜੀ ਦਾ ਸਾਹਮਣਾ ਕੀਤਾ ਜਾ ਸਕਦਾ ਕਿਉਂਕਿ ਮੁਸ਼ਕਲਾਂ ਜੀਵਨ ਦਾ ਹਿੱਸਾ ਅਤੇ ਇਨ੍ਹਾਂ ਵਿਚੋਂ ਨਿਕਲਣਾ ਜੀਵਨ-ਜਾਚ।
ਮਨੁੱਖੀ ਸਰੀਰ ਦੀ ਸ਼ੁੱਧਤਾ ਅਤੇ ਸਿਹਤਕਾਰੀ ਲਈ ਗੁਰਬਾਣੀ ਦਾ ਫੁਰਮਾਨ ਹੈ;
ਸਭ ਜਗ ਕਾਜਲ ਕੋਠੜੀ, ਤਨੁ ਮਨੁ ਦੇਹ ਸੁਆਹਿ
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ।
ਹਨੇਰ ਨਾਲ ਭਰੀ ਇਸ ਦੁਨੀਆਂ ਵਿਚ ਮਨੁੱਖੀ ਤਨ ਅਤੇ ਮਨ ਵੀ ਕਾਲਾ ਹੀ ਹੋ ਜਾਂਦਾ ਹੈ ਪਰ ਇਨ੍ਹਾਂ ਨੂੰ ਗੁਰ-ਸ਼ਬਦ ਨਾਲ ਉਜਿਆਰਾ ਕੀਤਾ ਜਾ ਸਕਦਾ ਹੈ।
ਸਰੀਰ ਦੀ ਸਮੁੱਚਤਾ ਬਹੁਤ ਹੀ ਕੋਮਲਭਾਵੀ ਅਤੇ ਆਲੇ-ਦੁਆਲੇ ਨਾਲ ਬਹੁਤ ਜਲਦੀ ਪ੍ਰਭਾਵਤ ਹੋਣ ਵਾਲੀ। ਨਿੱਕੇ ਨਿੱਕੇ ਸਰੋਕਾਰ ਵੀ ਮੇਰੇ ਮਨ ਤੇ ਸਰੀਰ ਨੂੰ ਕਿਵੇਂ ਪ੍ਰਭਾਵਤ ਕਰ ਸਕਦੇ, ਜ਼ਰਾ ਦੇਖਣਾ;
?
ਅੱਖ ਵਿਚ
ਸੁਪਨਾ ਉਗਿਆ
ਸਾਰਾ ਅੰਬਰ
ਕਲਾਵੇ ਵਿਚ ਆ ਗਿਆ।
?
ਅੱਖ ਵਿੱਚਲਾ
ਸੁਪਨਾ ਤਿੱੜਕਿਆ
ਅੰਬਰ
ਸਿੱਲਾ ਸਿੱਲਾ ਹੋ ਗਿਆ।
?
ਪੈਰਾਂ ਵਿਚ
ਸਫ਼ਰ ਨੇ ਅੰਗੜਾਈ ਭਰੀ
ਮੰਜ਼ਲਾਂ
ਪੈਰ ਚੁੰਮਣ ਲੱਗੀਆਂ।
?
ਪੈੜ ਨੂੰ
ਹਾਲਾਤ ਨੇ ਹਜ਼ਮ ਲਿਆ
ਦਿਸਹੱਦੇ
ਧੁਆਂਖੇ ਗਏ।
ਸਰੀਰ ਨੂੰ ਮੈਂ ਅਕਸਰ ਮਿਲਦਾ ਅਤੇ ਇਹ ਮਿਲਣੀ ਜਦ ਬਾਹਰੀ ਸੰਪਰਕ ਤੀਕ ਹੀ ਸਿਮਟ ਜਾਂਦੀ ਤਾਂ ਬਹੁਤ ਕੁਝ ਗਵਾਚਦਾ। ਦਰਅਸਲ ਮਿਲਣੀ ਦਾ ਸਫ਼ਰ ਬਾਹਰ ਤੋਂ ਅੰਦਰ ਨੂੰ ਸ਼ੁਰੂ ਹੁੰਦਾ। ਜਦ ਅਸੀਂ ਅੰਦਰਲੀ ਯਾਤਰਾ `ਤੇ ਤੁਰਦੇ ਤਾਂ ਅਸੀਂ ਉਨ੍ਹਾਂ ਮਰਹੱਲਿਆਂ ਨੂੰ ਮਿਲਦੇ ਜਿਨ੍ਹਾਂ ਤੀਕ ਸਾਡੀ ਰਸਾਈ ਹੁਣ ਤੀਕ ਹੋਈ ਨਹੀਂ ਹੁੰਦੀ। ਅੰਦਰਲੀ ਪਹੁੰਚ ਨਾਲ ਅਸੀਂ ਸਰੀਰ ਦੇ ਉਨ੍ਹਾਂ ਸੂਖ਼ਮ ਅਹਿਸਾਸਾਂ ਨੂੰ ਪਛਾਨਣ ਅਤੇ ਜਿਉਂਦੇ ਰੱਖਣ ਲਈ ਉਚੇਚ ਕਰ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਹੁਣ ਤੀਕ ਪਰਦਾਦਾਰੀ ਕੀਤੀ ਹੋਈ ਹੁੰਦੀ।
ਸਰੀਰ ਮੜੰਗਾ ਨਹੀਂ ਹੁੰਦਾ ਅਤੇ ਨਾ ਹੀ ਇਹ ਅਕਾਰ, ਰੰਗ-ਰੂਪ ਜਾਂ ਨੈਣ-ਨਕਸ਼ਾਂ ਵਿਚੋਂ ਹੀ ਪ੍ਰਗਟਦਾ। ਸਰੀਰ ਤਾਂ ਤੁਹਾਡੇ ਸਮੁੱਚ ਦਾ ਉਹ ਮੰਦਰ ਹੈ ਜਿਸ ਵਿਚ ਆਰਤੀ ਵੀ ਹੁੰਦੀ ਅਤੇ ਅਜ਼ਾਨ ਵੀ ਗੂੰਜਦੀ, ਪਿਆਰ ਦਾ ਰਾਗ ਵੀ ਅਤੇ ਉਦਾਸੀ ਦਾ ਮਾਤਮ ਵੀ ਪੈਦਾ ਹੁੰਦਾ। ਹਾਸੇ ਵੀ ਫੁੱਟਦੇ ਅਤੇ ਹੰਝੂਆਂ ਦੀ ਨੈਂਅ ਵੀ ਨਿਕਲਦੀ। ਚੁੱਪ ਦਾ ਆਸਣ ਵੀ ਲਗਾ ਲਈਦਾ ਅਤੇ ਬੋਲ-ਬੁਲਾਰਿਆਂ ਨਾਲ ਛੱਤ ਨੂੰ ਸਿਰ `ਤੇ ਚੁੱਕ ਲਈਦਾ। ਇਕੱਲੇ ਵੀ ਇਕੱਠ ਹੋਈਦਾ ਅਤੇ ਇਕੱਠ ਵਿਚ ਵੀ `ਕੱਲੇ ਰਹਿ ਜਾਈਦਾ। ਕਾਫ਼ਲੇ ਵਿਚ ਹੁੰਦਿਆਂ ਵੀ `ਕੱਲਿਆਂ ਹੀ ਸਫ਼ਰ ਤੈਅ ਕਰਨਾ ਪੈਂਦਾ ਅਤੇ ਕਦੇ ਕਦਾਈਂ `ਕੱਲੇ ਹੁੰਦਿਆਂ ਵੀ ਕਾਫ਼ਲਿਆਂ ਦਾ ਅਹਿਸਾਸ ਹੁੰਦਾ। ਕਦੇ ਸੁਪਨਈ ਸੰਸਾਰ ਦੀ ਆਸ ਪੈਦਾ ਹੁੰਦੀ ਅਤੇ ਕਦੇ ਟੁੱਟਦੇ ਸੁਪਨਿਆਂ ਵਿਚੋਂ ਫੁੱਟਦੀ ਚੀਸ ਨੂੰ ਅਣਸੁਣੀ ਕਰਨਾ ਪੈਂਦਾ। ਕਦੇ ਪਿਆਰੇ ਨੂੰ ਮਿਲਣ ਲਈ ਤੜਪ ਬਣ ਜਾਈਦਾ ਅਤੇ ਕਦੇ ਵਿਛੋੜੇ ਵਿਚ ਖੁਦ ਨੂੰ ਸਮਝਾ ਲਈਦਾ। ਬਹੁਤ ਸਰੀਰ ਦੇ ਅੰਤਰੀਵ ਵਿਚ ਹੁੰਦੀਆਂ ਕਿਰਿਆਵਾਂ ਦੇ ਰੂਪ। ਇਨ੍ਹਾਂ ਦੀ ਰੰਗ-ਬਿਰੰਗਤਾ ਹੀ ਦਰਅਸਲ ਮਨੁੱਖ ਦਾ ਸੱਚ ਹੁੰਦੀ।
ਸਰੀਰ ਕਦੇ ਵੀ ਬੁੱਢਾ ਨਹੀਂ ਹੁੰਦਾ। ਇਹ ਤਾਂ ਬੰਦੇ ਦੀ ਮਾਨਸਿਕ ਅਵਸਥਾ ਹੁੰਦੀ। ਮਨ ਜਵਾਨ ਰਹੇ ਤਾਂ ਬੰਦਾ ਕਦੇ ਵੀ ਬੁੱਢਾ ਨਹੀਂ ਹੁੰਦਾ। ਦਰਅਸਲ ਜਦ ਜਵਾਨੀ ਵਾਲੇ ਸ਼ੌਕ ਦਫ਼ਨ ਹੋਣੇ ਸ਼ੁਰੂ ਹੋ ਜਾਣ ਤਾਂ ਸਮਝੋ ਕਿ ਬੰਦਾ ਬੁੱਢਾ ਹੋ ਰਿਹਾ। ਜਦ ਨਵੇਂ ਕੱਪੜਿਆਂ ਨੂੰ ਖਰੀਦਣ ਅਤੇ ਪਹਿਨਣ ਦਾ ਸ਼ੌਕ ਹੋਵੇ, ਮੀਂਹ ਵਾਲੇ ਦਿਨ ਪਕੌੜੇ ਖਾਣ ਦੀ ਚਾਹਤ ਹੋਵੇ, ਸੱਜਣਾਂ ਨੂੰ ਮਿਲਣ ਦਾ ਸ਼ੌਕ ਹੋਵੇ, ਬਚਪਨੇ ਨੂੰ ਮੁੜ ਜਿਊਣ ਦੀ ਲਾਲਸਾ ਹੋਵੇ, ਕਦੇ ਕਦਾਈਂ ਮੀਂਹ ਵਿਚ ਭਿੱਜਣ ਨੂੰ ਚਿੱਤ ਕਰੇ, ਹਰ ਰਾਤ ਨੂੰ ਸੁਪਨਈ ਨੀਂਦ ਮਾਣੀਏ ਅਤੇ ਹਰ ਦਿਨ ਦੇ ਨਾਵੇਂ ਨਵੇਂ ਸੁਪਨਿਆਂ ਦਾ ਸਫ਼ਰ ਕਰਨਾ ਹੋਵੇ। ਕੁਝ ਨਵਾਂ ਚਾਹੁਣਾ, ਵੱਖਰਾ ਸੋਚਣਾ, ਨਿਵੇਕਲਾ ਕਰਨ ਨੂੰ ਮਨ ਕਰੇ ਤਾਂ ਸਮਝੋ ਕਿ ਬੰਦਾ ਜਵਾਨ ਹੈ। ਉਮਰ ਦੇ ਹਿੰਦਸੇ ਭਾਵੇਂ ਕੁਝ ਵੀ ਹੋਣ।
ਸਰੀਰ ਤੁਰ ਜਾਂਦਾ ਅਤੇ ਇਸਦੇ ਨਾਲ ਹੀ ਦਫ਼ਨ ਹੋ ਜਾਂਦਾ ਮਨ ਵਿਚ ਵੱਸਦੇ ਖ਼ਾਬਾਂ, ਖਿ਼ਆਲਾਂ ਅਤੇ ਖ਼ਬਤਾਂ ਦਾ ਵਿਸ਼ਾਲ ਭੰਡਾਰ। ਰਾਖ ਹੋ ਜਾਂਦੀਆਂ ਰੀਝਾਂ, ਰਾਵਾਂ ਅਤੇ ਰੰਗਰੇਜ਼ਤਾ। ਸਵਾਹ ਹੋ ਜਾਂਦੇ ਸੁਪਨੇ, ਸਾਂਝਾਂ, ਸਬੰਧ ਅਤੇ ਸੁਗਮ ਸੁਨੇਹੇ। ਹਵਾ ਵਿਚ ਰਲ ਜਾਂਦੇ ਹੌਕੇ, ਹੂਕਾਂ, ਹਾਵੇ, ਹੁੰਗਾਰੇ, ਹਾਕਾਂ ਅਤੇ ਹੰਭਲੇ। ਸਰੀਰ ਨੂੰ ਤੋਰਨ ਆਇਆਂ ਦੇ ਚੇਤਿਆਂ ਵਿਚੋਂ ਜਲਦੀ ਖੁਰ ਜਾਂਦੇ ਜਿਊਂਦੇ ਜੀਅ ਬਿਤਾਏ ਹੋਏ ਸੁਖਨਵਰ ਪਲ, ਸੁਹਾਵਣੇ ਵਕਤਾਂ ਦੀ ਤਸ਼ਬੀਹ, ਮਿੱਤਰ-ਮਿਲਣੀਆਂ ਦਾ ਬਿਰਤਾਂਤ ਅਤੇ ਯਾਦਾਂ ਦਾ ਅਸੀਮ ਜ਼ਖ਼ੀਰਾ। ਸਿਵੇ ਦੀ ਰਾਖ਼ ਨੇ ਛੇਤੀ ਹੀ ਹਵਾ ਵਿਚ ਮਿਲ ਜਾਣਾ ਅਤੇ ਕਿਸੇ ਨੂੰ ਇਸ ਸਰੀਰ ਦਾ ਚੇਤਾ ਵੀ ਨਹੀਂ ਰਹਿਣਾ।
ਸਰੀਰਕ ਤੰਦਰੁਸਤੀ ਲਈ ਅਤਿਅੰਤ ਮਹੱਤਵਪੂਰਨ ਹੁੰਦਾ ਹੈ ਖ਼ੁਦ ਹੀ ਇਸ ਸਰੀਰ ਦਾ ਖਿ਼ਆਲ ਰੱਖੀਏ। ੀੲਸ ਦੀਆਂ ਤਰਜੀਹਾਂ ਦੀ ਤਰਫ਼ਦਾਰੀ ਕਰੀਏ। ਇਸਦੇ ਸੁਹਜ, ਸਹਿਜ ਅਤੇ ਸੁਖਨ ਦੀ ਸੰਭਾਵਨਾ ਬਣੀਏ। ਇਸਦਾ ਅੰਬਰ ਵੀ ਖੁਦ ਬਣੀਏ, ਤਾਰੇ ਵੀ, ਚੰਨ ਵੀ ਅਤੇ ਚਾਨਣੀ ਵੀ। ਰਾਂਗਲੇ ਪਲਾਂ ਦਾ ਪੀਹੜਾ ਵੀ ਖੁਦ ਹੀ ਡਾਹੀਏ ਤਾਂ ਕਿ ਅਜੇਹੇ ਪਲਾਂ ਦੀ ਸੰਜੀਵਨੀ ਸਰੀਰ ਨੂੰ ਖ਼ੁਸ਼ਦਿਲ ਅਤੇ ਖ਼ੈਰੀਅਤ ਬਖਸ਼ੇ। ਸੰਪੂਰਨਤਾ ਨਾਲ ਇਸ ਜੱਗ ਤੋਂ ਰੁਖ਼ਸਤ ਹੋਵੇ। ਸਰੀਰ ਨੂੰ ਇਹ ਗਿਲਾ ਨਾ ਹੋਵੇ ਕਿ ਅਜੇਹਾ ਕੁਝ ਨਹੀਂ ਹੋਇਆ ਜਿਹੜਾ ਮੈਂ ਚਿਤਵਦਾ ਹੀ ਰਿਹਾ ਅਤੇ ਸਾਹਾਂ ਦੀ ਤੰਦ ਟੁੱਟ ਗਈ ਤੜੱਕ ਕਰ ਕੇ। ਪਤਾ ਨਹੀਂ ਕਦ ਇਹ ਸਾਹਾਂ ਦਾ ਸਾਜ਼ ਚੁੱਪ ਹੋ ਜਾਵੇ ਸੋ। ਇਸ ਤੋਂ ਪਹਿਲਾਂ ਕਿ ਇਹ ਸਦੀਵੀ ਤੌਰ `ਤੇ ਚੁੱਪ ਹੋ ਜਾਵੇ ਆਓ, ਇਸ ਦੀਆਂ ਤੰਦਾਂ ਵਿਚੋਂ ਜੀਵਨ ਦੇ ਅਜੇਹੇ ਸੁਰ ਪੈਦਾ ਕਰੀਏ ਜੋ ਸਾਡੀ, ਸੋਚ, ਸੇਧ, ਸੁਪਨਿਆਂ ਅਤੇ ਸਮਿਆਂ ਨੂੰ ਸੁਹੰਢਣਾ ਕਰ ਜਾਵੇ।
ਜੀਵਨ ਵਿਚ ਆਏ ਦੁੱਖ ਤੇ ਤਕਲੀਫ਼ਾਂ, ਤੁਹਾਡੇ ਹਿੱਸੇ ਦੀਆਂ। ਤੁਹਾਡੇ ਹੀ ਸਰੀਰ ਨੂੰ ਹੰਢਾਉਣੀਆਂ ਪੈਣੀਆਂ। ਪਰ ਇਨ੍ਹਾਂ ਵਿਚੋਂ ਕਿਵੇਂ ਉਭਰਨਾ, ਇਹ ਤਾਂ ਤੁਸੀਂ ਕਰ ਹੀ ਸਕਦੇ ਹੋ। ਸਰੀਰ ਦੇ ਜਜ਼ਬਾਤਾਂ ਨੂੰ ਕਿਹੜੀ ਤਰਤੀਬ ਅਤੇ ਸੇਧ ਦੇਣੀ, ਇਹ ਤੁਹਾਡੇ ਵੱਸ। ਤੁਹਾਡੀਆਂ ਤਰਜੀਹਾਂ ਅਤੇ ਤਸ਼ਬੀਹਾਂ ਵਿਚੋਂ ਕਿਹੜੀ ਤਕਦੀਰ ਨੇ ਤੁਹਾਡੇ ਮੱਥੇ `ਤੇ ਉਕਰੇ ਜਾਣਾ, ਇਹ ਵੀ ਤੁਹਾਡੇ ਹੱਥਾਂ ਦੀ ਕਰਮਯੋਗਤਾ ਹੁੰਦੀ। ਸੋ ਲੋੜ ਹੈ ਆਪਣੇ ਕਾਰਜ ਖੁ਼ਦ ਸੰਵਾਰਦੇ ਰਹੀਏ ਤਾਂ ਕਿਸੇ ਦੀ ਮੁਥਾਜ਼ੀ ਨਾ ਝੱਲਣੀ ਪਵੇ। ਵੈਸੇ ਵੀ ਜਦ ਸਰੀਰ ਹੀ ਤੁਹਾਡਾ ਹੈ ਤਾਂ ਇਸ ਪ੍ਰਤੀ ਧਿਆਨਦੇਹੀ ਅਤੇ ਸਿਹਤਯਾਬੀ ਲਈ ਕਿਸੇ `ਤੇ ਟੇਕ ਕਿਉਂ ਰੱਖੀਏ? ਤੁਸੀਂ ਇੰਨੇ ਤਾਂ ਹੀਣੇ ਨਹੀਂ ਕਿ ਆਪਣੇ ਸਰੀਰ ਦੀ ਖੁਦ ਦੇਖਭਾਲ ਨਹੀਂ ਕਰ ਸਕਦੇ। ਤੁਹਾਨੂੰ ਜਾਚ ਹੋਣੀ ਚਾਹੀਦੀ ਹੈ ਪੀੜ ਵਿਚੋਂ ਉਭਰਨ ਦੀ। ਦਰਦ ਨੂੰ ਸਹਿਣ, ਗ਼ਮ ਨੂੰ ਪੀਣ, ਤੰਗੀਆਂ ਤੁਰਸ਼ੀਆਂ ਵਿਚ ਹੱਸ ਕੇ ਜੀਣ ਦੀ।
ਖੁਦ ਹੀ ਖੁਦ ਨੂੰ ਮਿਲ ਕੇ ਇਸਦਾ ਹਾਲ ਚਾਲ ਪੁੱਛਦੇ ਰਹੀਏ ਤਾਂ ਸਾਡਾ ਸਰੀਰ ਕਦੇ ਬਿਮਾਰ ਨਹੀਂ ਹੁੰਦਾ। ਸਰੀਰ ਤੁਹਾਡੀ ਅਮਾਨਤ ਵਿਚ ਕਦੇ ਵੀ ਖਿ਼ਆਨਤ ਨਹੀਂ ਕਰੇਗਾ।