ਅੰਮ੍ਰਿਤਪਾਲ ਸਿੰਘ `ਤੇ ਕਾਰਵਾਈ ਪਿੱਛੋਂ ਪੰਜਾਬ ਭਰ `ਚ ਸਖਤ ਪ੍ਰਬੰਧ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ ‘ਵਾਰਿਸ ਪੰਜਾਬ ਦੇ` ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ ਸੈਂਕੜੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈੈ। ਪੁਲਿਸ ਗ੍ਰਿਫਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ `ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੀ ਕਾਰਵਾਈ ਤੋਂ ਖਫ਼ਾ ‘ਵਾਰਿਸ ਪੰਜਾਬ ਦੇ` ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਸੂਬੇ ਭਰ `ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਰ ਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਧਾਰਮਿਕ ਸਥਾਨਾਂ ਤੇ ਮੁੱਖ ਬਾਜ਼ਾਰਾਂ `ਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਚ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। ਜੱਲੂਪੁਰ ਖੇੜਾ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਮੌਜੂਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਲੂਪੁਰ ਖੇੜਾ ਨੂੰ ਜਾਣ ਵਾਲੇ ਰਸਤੇ ਉਪਰ ਇਕ ਕਿਲੋਮੀਟਰ ਪਹਿਲਾਂ ਹੀ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਾ ਪਾਇਆ ਹੋਇਆ ਹੈ। ਸੁਰੱਖਿਆ ਦਸਤਿਆਂ ਵੱਲੋਂ ਪਿੰਡ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਜ਼ਿਲ੍ਹਾ ਰੂਪਨਗਰ ਅੰਦਰ ਘਾੜ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਸਿੰਘ ਭਗਵੰਤਪੁਰ ਵਿਖੇ ਕੌਮੀ ਮਾਰਗ ਜਾਮ ਕਰਨ ਦੀ ਕੋਸ਼ਿਸ਼ ਨੂੰ ਪੁਲਿਸ ਨੇ ਨਾਕਾਮ ਬਣਾ ਦਿੱਤਾ।
ਉਧਰ, ਪੁਲਿਸ ਕਾਰਵਾਈਆਂ ਦੇ ਵਿਰੋਧ ਵਿਚ ਸੂਬੇ ਵਿਚ ਕਈ ਥਾਈਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਆਵਾਜਾਈ ਠੱਪ ਕਰਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਵੱਡੀ ਗਿਣਤੀ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਤਹਿਤ ਆਉਂਦੇ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਬੋਪਾਰਾਏ ਕਲਾਂ ਦੇ ਗੁਰੂਘਰ ਦੇ ਮੁੱਖ ਗ੍ਰੰਥੀ ਹਰਜੀਤ ਸਿੰਘ ਉਰਫ ਬਾਬਾ ਜਰਨੈਲ ਸਿੰਘ ਸਮੇਤ 21 ਵਿਅਕਤੀਆਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਏ ਜਾਣ ਦੀਆਂ ਖਬਰਾਂ ਆਉਣ ਮਗਰੋਂ ਹਰਜੀਤ ਸਿੰਘ ਉਰਫ਼ ਜਰਨੈਲ ਸਿੰਘ ਦੀ ਅਗਵਾਈ ਹੇਠ ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਪਿੰਡ ਬੁੱਢੇਲ ਦੇ ਮੁੱਖ ਚੌਕ ਵਿਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਇਸੇ ਤਰ੍ਹਾਂ ਤਲਵੰਡੀ ਸਾਬੋ ਸਥਿਤ ਖੰਡਾ ਚੌਕ ਵਿਚ ਧਰਨਾ ਦੇ ਰਹੇ 16 ਵਿਅਕਤੀਆਂ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਪਹਿਲਾਂ ਉਕਤ ਧਰਨਾਕਾਰੀਆਂ ਨੂੰ ਉਥੋਂ ਚਲੇ ਜਾਣ ਲਈ ਕਿਹਾ, ਪਰ ਜਦੋਂ ਉਨ੍ਹਾਂ ਧਰਨਾ ਨਾ ਹਟਾਇਆ ਤਾਂ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ।
ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਹੋਈਆਂ ਗ੍ਰਿਫਤਾਰੀਆਂ ਮਗਰੋਂ ਅੰਬਾਲਾ ਵਿਚ ਵੀ ਹਲਚਲ ਮੱਚ ਗਈ। ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿਚ ਆਉਂਦਿਆਂ ਇਕ ਵੀਡੀਓ ਸੰਦੇਸ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੰਭੂ ਬਾਰਡਰ ‘ਤੇ ਇਕੱਠੇ ਹੋ ਕੇ ਪੁਲਿਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇ। ਇਹ ਵੀਡੀਓ ਵਾਇਰਲ ਹੋਣ ਮਗਰੋਂ ਅੰਬਾਲਾ ਪੁਲਿਸ ਵੀ ਮੁਸਤੈਦ ਹੋ ਗਈ। ਹਾਲਾਂਕਿ ਨਵਦੀਪ ਸਿੰਘ ਖੁਦ ਸ਼ੰਭੂ ਬਾਰਡਰ ‘ਤੇ ਨਹੀਂ ਪਹੁੰਚਿਆ, ਪਰ ਉਸ ਦੇ ਸੱਦੇ ‘ਤੇ ਉਥੇ ਪਹੁੰਚਣ ਵਾਲੇ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਨਵਦੀਪ ਸਿੰਘ ਦੀ ਵੀਡੀਓ ਸਾਂਝੀ ਹੋਣ ਮਗਰੋਂ ਪੁਲਿਸ ਵੱਲੋਂ ਸ਼ੰਭੂ ਬਾਰਡਰ ‘ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਅਤੇ ਪੰਜਾਬ ਵਿਚ ਦਾਖਲ ਹੋਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਕੇਂਦਰ ਤੇ ਪੰਜਾਬ ਸਰਕਾਰਾਂ ਮਾਹੌਲ ਖਰਾਬ ਕਰ ਰਹੀਆਂ: ਮਾਨ
ਫਤਹਿਗੜ੍ਹ ਸਾਹਿਬ: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਸ਼ੁਰੂ ਕੀਤੀਆਂ ਗ੍ਰਿਫ਼ਤਾਰੀਆਂ ਦੀ ਮੁਹਿੰਮ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਮੁਹਿੰਮ ਨੂੰ ਗੈਰਕਾਨੂੰਨੀ ਦੱਸਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਦੇ ਅਮਨਮਈ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਤਪੁਰ ਵਿਚ ਅੰਮ੍ਰਿਤਪਾਲ ਸਿੰਘ ਦੇ ਪ੍ਰੋਗਰਾਮ ‘ਤੇ ਜਾਂਦੇ ਸਮੇਂ ਉਸ ਦੇ ਸਾਥੀਆਂ ਨੂੰ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪਾਰਟੀ ਦੇ ਕਾਰਕੁਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸਿੱਖਾਂ ਅਤੇ ਪੰਜਾਬੀਆਂ ਲਈ ਅਸਹਿ ਹੈ।
ਨਸ਼ਾ ਛੁਡਾਊ ਕੈਂਪ `ਚੋਂ ਨੌਜਵਾਨ ਹਿਰਾਸਤ `ਚ ਲਏ
ਟੱਲੇਵਾਲ: ਬਰਨਾਲਾ ਪੁਲਿਸ ਵੱਲੋਂ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਅਪਰੇਸ਼ਨ ਦੌਰਾਨ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਇਸ ਗੁਰਦੁਆਰੇ ਵਿਚੋਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਤੇ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਪਿਛਲੇ ਲਗਭਗ ਇਕ ਮਹੀਨੇ ਤੋਂ ਇਥੇ ਨਸਾ ਛੁਡਾਊ ਕੈਂਪ ਚਲਾ ਰਹੇ ਸਨ। ਪੁਲਿਸ ਦੀ ਇਸ ਕਾਰਵਾਈ ਵੇਲੇ ਗੁਰਦੁਆਰੇ ਵਿਚ ਨਸਾ ਛੱਡਣ ਆਏ 10 ਨੌਜਵਾਨ ਵੀ ਹਾਜਰ ਸਨ। ਪਿੰਡ ਵਾਸੀਆਂ ਅਤੇ ਗੁਰਦੁਆਰੇ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਉਕਤ ਦਸ ਨੌਜਵਾਨਾਂ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਲਿਜਾ ਕੇ ਛੱਡ ਦਿੱਤਾ ਜਾਵੇਗਾ। ਇਹ ਨੌਜਵਾਨ ਵੱਖ ਵੱਖ ਜ਼ਿਲ੍ਹਿਆਂ ਤੋਂ ਇਥੇ ਨਸ਼ਾ ਛੁਡਵਾਉਣ ਲਈ ਆਏ ਹੋਏ ਸਨ।