ਸਰਕਾਰ ਦਾ ਇਕ ਸਾਲ: ‘ਆਪ` ਵੱਲੋਂ ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ‘ਚੋਂ ਭ੍ਰਿਸ਼ਟਾਚਾਰ ਤੇ ਮਾਫੀਆ ਨੂੰ ਖਤਮ ਕਰ ਕੇ ਪੰਜਾਬ ਦੀ ਰਾਜਨੀਤੀ ‘ਚ ਇਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ‘ ਸਰਕਾਰ ਨੇ ਪੰਜਾਬ ਵਿਚ ਇਕ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਕੇ ਸਿਰਫ ਆਪਣਾ ਖ਼ਜ਼ਾਨਾ ਭਰਿਆ ਪਰ ‘ਆਪ‘ ਸਰਕਾਰ ਇਸ ਦੇ ਉਲਟ ਲੋਕਾਂ ਦੇ ਹਿੱਤ ‘ਚ ਕੰਮ ਕਰ ਰਹੀ ਹੈ।

ਸ੍ਰੀ ਬਰਸਟ ਨੇ ਕਿਹਾ ਕਿ ਮਾਨ ਸਰਕਾਰ ਨੇ 36,000 ਕਰੋੜ ਰੁਪਏ ਦਾ ਕਰਜ਼ਾ ਵਾਪਸ ਕੀਤਾ ਅਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ‘ਚ 500 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ। ਉਨ੍ਹਾਂ ਕਿਹਾ ਕਿ ‘ਆਪ‘ ਸਰਕਾਰ ਨੇ ਇਕ ਸਾਲ ਵਿੱਚ 26,797 ਨੌਕਰੀਆਂ ਦਿੱਤੀਆਂ ਅਤੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਕੀਤੀ। ‘ਆਪ‘ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸੂਬੇ ਨੂੰ ਮੁੜ ‘ਰੰਗਲਾ ਪੰਜਾਬ‘ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ‘ ਸਰਕਾਰ ਨੇ ਪਹਿਲੇ ਸਾਲ ‘ਚ ਹੀ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ ਰਹਿੰਦੀਆਂ ਗਾਰੰਟੀਆਂ ਵੀ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ।
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2021-22 ਦੇ ਮੁਕਾਬਲੇ ਆਬਕਾਰੀ ਵਿਚ 45 ਫ਼ੀਸਦੀ ਅਤੇ ਜੀ.ਐਸ.ਟੀ. ਮਾਲੀਏ ‘ਚ 23 ਫ਼ੀਸਦੀ ਵਾਧਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਦੌਰਾਨ ਹੀ ਨੌਜਵਾਨਾਂ ਨੂੰ 26,797 ਨਵੀਆਂ ਨੌਕਰੀਆਂ, 500 ਮੁਹੱਲਾ ਕਲੀਨਿਕ, 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਆਦਿ ਵੱਡੀਆਂ ਗਾਰੰਟੀਆਂ ਲਾਗੂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 14,000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੇ ਸਾਰੇ ਬਕਾਏ ਅਦਾ ਕਰਨ ਦੇ ਨਾਲ ਕਣਕ ਅਤੇ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖਾਤਿਆਂ ਵਿਚ ਸਮੇਂ ਸਿਰ ਅਦਾਇਗੀਆਂ ਨੂੰ ਯਕੀਨੀ ਬਣਾਇਆ ਹੈ। ਇਸੇ ਤਰ੍ਹਾਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ 117 ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ। ਇਨ੍ਹਾਂ ਸਕੂਲਾਂ ਵਿਚ ਦਾਖਲਾ ਪ੍ਰਵੇਸ਼ ਪ੍ਰੀਖਿਆ ਰਾਹੀਂ ਹੋਵੇਗਾ। ਹੁਣ ਤੱਕ ਪ੍ਰਾਇਮਰੀ ਸਕੂਲਾਂ ਵਾਸਤੇ 6635 ਈ.ਟੀ.ਟੀ. ਅਧਿਆਪਕਾਂ ਅਤੇ 90 ਹੈੱਡ ਟੀਚਰ/ ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ। ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲਾਂ ਦੇ 90 ਲੈਕਚਰਾਰਾਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਮਾਸਟਰ ਕਾਡਰ ਦੇ 4161 ਉਮੀਦਵਾਰਾਂ ਅਤੇ 598 ਬੈਕਲਾਗ ਭਰਤੀ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ 5994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ।
ਇਵੇਂ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ 1 ਜੁਲਾਈ 2022 ਤੋਂ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੇ ਫੈਸਲੇ ਤੋਂ ਬਾਅਦ 90 ਫ਼ੀਸਦੀ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਵੀ ਗਿਣਾਈਆਂ।
‘ਆਪ` ਨੇ ਸਾਲ `ਚ ਹੀ ਪੰਜਾਬ ਨੂੰ ਤਬਾਹ ਕੀਤਾ: ਸੁਖਬੀਰ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ` ਸਰਕਾਰ ਉਤੇ ਪੰਜਾਬ ਨੂੰ ਇਕ ਸਾਲ ਵਿਚ ਹੀ ਤਬਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ `ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਬਠਿੰਡਾ ਤੇ ਲੰਬੀ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਸ੍ਰੀ ਬਾਦਲ ਨੇ ਕੋਟਕਪੂਰਾ ਕਾਂਡ `ਚ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ (ਖੁਦ) ਨੂੰ ਨਾਮਜ਼ਦ ਕੀਤੇ ਜਾਣ ਦਾ ਜ਼ਿਕਰ ਕਰਦਿਆਂ, ਇਸ ਨੂੰ ਮਾਨ ਸਰਕਾਰ ਵੱਲੋਂ ਬਦਲਾਖੋਰੀ ਤਹਿਤ ਕੀਤੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ 96 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਮਾਮਲੇ `ਚ ਸ਼ਾਮਲ ਕੀਤੇ ਜਾਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਕੋਟਕਪੂਰਾ ਮਾਮਲੇ `ਚ ਉਦੋਂ ਦੇ ਡਿਊਟੀ ਅਫਸਰ ਐਸ.ਡੀ.ਐਮ. ਦੇ ਹੁਕਮਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਉਹ (ਖੁਦ) ਉਦੋਂ ਪੰਜਾਬ ਤੋਂ ਬਾਹਰ ਸਨ।