ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਉਤੇ ਉਠੇ ਸਵਾਲ

ਚੰਡੀਗੜ੍ਹ: ਪੰਜਾਬ ਵਿਚ ਅਜਨਾਲਾ ਘਟਨਾ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਤੇ ਉਨ੍ਹਾਂ ਵਿਚੋਂ ਕੁਝ ਉਤੇ ਕੌਮੀ ਸੁਰੱਖਿਆ ਕਾਨੂੰਨ (ਐਨ.ਐਸ.ਏ) ਲਾ ਕੇ ਹੋਰ ਸੂਬਿਆਂ ਦੀਆਂ ਜੇਲ੍ਹਾਂ ਵਿਚ ਭੇਜਣ ਦੀ ਕਾਰਵਾਈ ਉਤੇ ਵੱਡੇ ਸਵਾਲ ਉਠੇ ਹਨ। ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੀਆਂ ਰਵਾਇਤੀ ਧਿਰਾਂ (ਕਾਂਗਰਸ ਤੇ ਅਕਾਲੀ ਦਲ) ਨੇ ਇਸ ਦਾ ਸਖਤ ਵਿਰੋਧ ਕੀਤਾ ਹੈ। ਅਕਾਲੀ ਦਲ ਬਾਦਲ ਨੇ ਅਜਿਹੇ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਲਈ ਵਕੀਲਾਂ ਦੇ ਨੰਬਰ ਵੀ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਖਾੜਕੂ ਗਤੀਵਿਧੀਆਂ ਦੇ ਦੋਸ਼ ਵਿਚ 150 ਤੋਂ ਵੱਧ ਨੌਜਵਾਨਾਂ ਨੂੰ ਚੁੱਕਿਆ ਹੈ।

ਯਾਦ ਰਹੇ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਇਕ ਸਾਥੀ ਨੂੰ ਛੁਡਵਾਉਣ ਲਈ ਆਪਣੇ ਸਮਰਥਕਾਂ ਸਣੇ ਅਜਨਾਲਾ ਥਾਣੇ ਅੱਗੇ ਧਰਨਾ ਦਿੱਤਾ ਸੀ ਤੇ ਇਸ ਦੌਰਾਨ ਉਸ ਦੇ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ ਜਿਸ ਵਿਚ ਕੁਝ ਮੁਲਾਜ਼ਮ ਜ਼ਖਮੀ ਵੀ ਹੋਏ ਸਨ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਤਕਰੀਬਨ ਇਕ ਮਹੀਨਾ ਹੋ ਗਿਆ ਹੈ ਤੇ ਇਸ ਦੌਰਾਨ ਅੰਮ੍ਰਿਤਪਾਲ ਸੂਬੇ ਵਿਚ ਆਮ ਵਾਂਗ ਘੁੰਮ ਰਿਹਾ ਸੀ, ਉਸ ਸਮੇਂ ਕਾਰਵਾਈ ਕਿਉਂ ਨਾ ਕੀਤੀ ਗਈ? 18 ਮਾਰਚ ਜਿਸ ਦਿਨ ਪੁਲਿਸ ਨੇ ਕੇਂਦਰੀ ਬਲਾਂ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਚਲਾਈ ਸੀ, ਉਸ ਦਿਨ ਵੀ ਉਹ 7 ਵਜੇ ਤੱਕ ਆਪਣੇ ਘਰ ਵਿਚ ਹੀ ਸੀ, ਹਾਲਾਂਕਿ ਪੁਲਿਸ ਇਹ ਮੁਹਿੰਮ ਸਵੇਰੇ 4 ਵਜੇ ਚਲਾਉਣ ਦਾ ਦਾਅਵਾ ਕਰ ਰਹੀ ਹੈ। ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਦੇਸ਼ ਲਈ ਖਤਰਾ ਹੈ ਤਾਂ ਉਸ ਨੂੰ ਹਾਲੇ ਤੱਕ ਕਿਉਂ ਨਹੀਂ ਫੜਿਆ ਜਾ ਸਕਿਆ, ਜੇ ਉਸ ਦੇ ਸਾਥੀ ਫੜੇ ਗਏ ਹਨ ਤਾਂ ਉਸ ਨੂੰ ਕਿਉਂ ਨਹੀਂ ਕਾਬੂ ਕੀਤਾ ਗਿਆ।
ਸੂਤਰਾਂ ਦੱਸਦੇ ਹਨ ਕਿ ਸਰਕਾਰ ਦੀ ਇਹ ਮੁਹਿੰਮ ਦਾ ਅਸਲ ਮਕਸਦ ਨੌਜਵਾਨਾਂ ਵਿਚ ਹਊਆ ਖੜ੍ਹਾ ਕਰਨਾ ਹੈ। ਦਰਅਸਲ, ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਸੱਦਿਆ ਸੀ ਅਤੇ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਮੰਗੀ ਸੀ। ਉਸ ਦਿਨ ਹੀ ਇਸ ਕਾਰਵਾਈ ਦਾ ਮੁੱਢ ਬੱਝ ਗਿਆ ਸੀ। ਕੇਂਦਰ ਨੇ ਤੁਰਤ ਕੇਂਦਰੀ ਬਲਾਂ ਦੀਆਂ ਕੰਪਨੀਆਂ ਪੰਜਾਬ ਵੱਲ ਤੋਰਨ ਲਈ ਹਾਮੀ ਭਰ ਦਿੱਤੀ। ਪੁਲਿਸ ਨੇ ਹਾਈਕੋਰਟ ਵਿਚ ਦੱਸਿਆ ਹੈ ਕਿ ਉਸ ਨੇ 18 ਮਾਰਚ ਨੂੰ ਹੀ ਅੰਮ੍ਰਿਤਪਾਲ ਤੇ ਉਸ ਦੇ ਕੁਝ ਹਮਾਇਤੀਆਂ ਉਤੇ ਐਨ.ਐਸ.ਏ. ਲਗਾ ਦਿੱਤਾ ਸੀ। ਐਨ.ਐਸ.ਏ. ਤਹਿਤ ਪੁਲਿਸ ਕਿਸੇ ਨੂੰ ਵੀ ਬਿਨਾ ਦੱਸੇ ਗ੍ਰਿਫਤਾਰ ਕਰ ਸਕਦੀ ਹੈ ਤੇ ਬਿਨਾ ਅਦਾਲਤ ਵਿਚ ਪੇਸ਼ ਕੀਤੇ 12 ਮਹੀਨੇ ਮੁਲਕ ਦੇ ਕਿਸੇ ਵੀ ਸੂਬੇ ਵਿਚ ਹਿਰਾਸਤ ਵਿਚ ਰੱਖ ਸਕਦੀ ਹੈ। ਇਸ ਦੌਰਾਨ ਕੋਈ ਕਾਨੂੰਨੀ ਮਦਦ ਵੀ ਨਹੀਂ ਮਿਲਦੀ।
ਇਸੇ ਕਾਰਵਾਈ ਤਹਿਤ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਤੇ ਡਰਾਇਵਰ ਸਣੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਕੀਤਾ ਹੈ ਕਿ ਜੇ ਕੋਈ ਮਾਹੌਲ ਖਰਾਬ ਕਰ ਰਿਹਾ ਹੈ ਤਾਂ ਉਸ ਖਿਲਾਫ ਕਾਇਦੇ-ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਸੀ। ਅੰਮ੍ਰਿਤਪਾਲ ਸਿੰਘ ਸਿਰਫ ਪ੍ਰਚਾਰਕ ਹੈ। ਅਜਨਾਲਾ ਘਟਨਾ ਬਾਰੇ ਉਸ ਉਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਜਿਸ ਤਹਿਤ ਐਨ.ਐਸ.ਏ. ਕਾਨੂੰਨ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸਵਾਲ ਖੜ੍ਹੇ ਕਰਨ ਵਾਲੀ ਕਾਰਵਾਈ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸਰਕਾਰ ਦੀ ਨੀਅਤ ਉਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਵਿਚ ਅਜਿਹੀਆਂ ਸਰਗਰਮੀਆਂ ਚਲਾ ਰਿਹਾ ਸੀ ਪਰ ਸਰਕਾਰ ਆਪਣਾ ਸਿਆਸੀ-ਨਫਾ ਨੁਕਸਾਨ ਦੇਖਦੀ ਰਹੀ। ਹੁਣ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਬਹਾਨੇ ਸਿੱਖ ਨੌਜਵਾਨਾਂ ਵਿਚ ਸਹਿਮ ਫੈਲਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਜਮਹੂਰੀਅਤ ਵਿਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਨਾਲ ਸਰਕਾਰੀ ਜਬਰ ਤੇ ਨਾਜਾਇਜ਼ ਹਿਰਾਸਤ ਦਾ ਅਮਲ ਅਪਣਾਉਣ ਤੋਂ ਸਰਕਾਰਾਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਅਤੇ ਹੁਣ ਚੰਗੇ ਭਵਿੱਖ ਵੱਲ ਤੁਰਨ ਦੀ ਲੋੜ ਹੈ। ਕੁਝ ਵੱਡੀਆਂ ਤਾਕਤਾਂ ਹਰ ਵੇਲੇ ਸਿੱਖ ਨੌਜਵਾਨਾਂ ਨੂੰ ਦਿਸ਼ਾਹੀਣ ਕਰ ਕੇ ਬਲੀ ਦਾ ਬੱਕਰਾ ਬਣਾਉਣ ਦੀ ਤਾਕ ਵਿਚ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਪੰਜਾਬ ਵਿਚ ਬੇਲੋੜਾ ਤਣਾਅ ਵਾਲਾ ਮਾਹੌਲ ਨਾ ਬਣਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਸ ਲਈ ਕਾਨੂੰਨ ਮੁਤਾਬਕ ਨਿਯਮ ਹਨ ਪਰ ਸਰਕਾਰ ਵੱਲੋਂ ਇਸ ਸਬੰਧੀ ਕਾਰਵਾਈ ਕਰਨ ਵੇਲੇ ਸੂਬੇ ਵਿਚ ਇੰਟਰਨੈਟ ਤੇ ਬੱਸ ਸੇਵਾ ਬੰਦ ਕਰਨ ਅਤੇ ਧਾਰਾ 144 ਲਾਉਣਾ ਮਾਹੌਲ ਨੂੰ ਤਣਾਅਪੂਰਨ ਬਣਾ ਰਿਹਾ ਹੈ।
ਦਰਅਸਲ, ਅੰਮ੍ਰਿਤਪਾਲ ਸਿੰਘ ਹੁਣ ਦੂਸਰੀ ਖਾਲਸਾ ਵਹੀਰ ਯਾਤਰਾ ਸ਼ੁਰੂ ਕਰਨ ਵਾਲਾ ਸੀ ਕਿ ਉਸ ਤੋਂ ਪਹਿਲਾਂ ਹੀ ਪੁਲਿਸ ਐਕਸ਼ਨ ਵਿਚ ਆ ਗਈ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਖਦਸ਼ਾ ਸੀ ਕਿ ਦੇਰੀ ਨਾਲ ਸਥਿਤੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਕੇਂਦਰੀ ਅਤੇ ਰਾਜ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਸੂਹ ਲਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਕੇਂਦਰ ਅਤੇ ਰਾਜ ਸਰਕਾਰ ਦੇ ਸਾਂਝੇ ਅਪਰੇਸ਼ਨ ਵਜੋਂ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਪੰਜਾਬ ਪੁਲਿਸ ਅਜਨਾਲਾ ਥਾਣੇ ‘ਤੇ ਬੋਲੇ ਧਾਵੇ ਕਰਕੇ ਅੰਦਰੋਂ ਔਖ ਵਿਚ ਹੈ ਅਤੇ ਇਸ ਨੂੰ ਪੁਲਿਸ ਦੇ ਅਕਸ ਨੂੰ ਢਾਹ ਲੱਗਣ ਵਾਲੀ ਕਾਰਵਾਈ ਮੰਨਿਆ ਜਾ ਰਿਹਾ ਸੀ।
ਭਾਰਤੀ ਦੂਤਾਵਾਸਾਂ ਅੱਗੇ ਰੋਸ ਪ੍ਰਦਰਸ਼ਨ
ਵਾਸ਼ਿੰਗਟਨ: ਖਾਲਿਸਤਾਨ ਪੱਖੀ ਸਮਰਥਕਾਂ ਦੇ ਇਕ ਗਰੁੱਪ ਨੇ ਅਮਰੀਕਾ ਦੇ ਸ਼ਹਿਰ ਸਾਂ ਫਰਾਂਸਿਸਕੋ ‘ਚ ਭਾਰਤੀ ਦੂਤਾਵਾਸ ਉਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੀ ਭਾਰਤੀ-ਅਮਰੀਕੀਆਂ ਨੇ ਸਖਤ ਨਿਖੇਧੀ ਕੀਤੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਮੰਗੀ ਹੈ। ਭਾਰਤ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਨਾ ਹੋਣ ਦੇਣ ਲਈ ਢੁਕਵੇਂ ਕਦਮ ਚੁੱਕਣ। ਇਸੇ ਤਰ੍ਹਾਂ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਸੰਸਦ ਸਾਹਮਣੇ ‘ਵਾਰਿਸ ਪੰਜਾਬ ਦੇ‘ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਮੈਲਬਰਨ ਸਮੇਤ ਨੇੜਲੇ ਸ਼ਹਿਰਾਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ।