ਪਰਮਾਤਮਾ ਦੇ ਪਜਾਮੇ ਦਾ ਅਖ਼ੀਰਲਾ ਤਰੋਪਾ!

ਰਾਜਿੰਦਰ ਸਿੰਘ ਬੇਦੀ
ਅਨੁਵਾਦ: ਪ੍ਰੋ. ਪ੍ਰੀਤਮ ਸਿੰਘ
ਅਦਬੀ ਜਗਤ ਅੰਦਰ ਰਾਜਿੰਦਰ ਸਿੰਘ ਬੇਦੀ ਦਾ ਮੁਕਾਮ ਬਹੁਤ ਉੱਚਾ ਹੈ। ਉਹਨੇ ਮਨੁੱਖੀ ਮਨ ਦੀਆਂ ਗੁੱਝੀਆਂ ਰਮਜ਼ਾਂ ਫੜਨ ਦਾ ਯਤਨ ਕੀਤਾ ਹੈ। ਇਸ ਲੇਖ ਵਿਚ ਉਸ ਨੇ ਆਪਣੀ ਹਸਤੀ ਅਤੇ ਹੋਣੀ ਦਾ ਜ਼ਿਕਰ ਬੜੇ ਦਿਲਚਸਪ ਢੰਗ ਨਾਲ ਕੀਤਾ ਹੈ। ਉਸ ਦੀਆਂ ਰਚਨਾਵਾਂ ਅੰਦਰ ਗੁੱਝੀਆਂ ਦੇ ਭੇਤ ਇਸ ਤਰ੍ਹਾਂ ਖੁੱਲ੍ਹਦੇ ਜਾਂਦੇ ਹਨ ਕਿ ਪਾਠਕ ਆਪਣੀਆਂ ਉਂਗਲਾਂ ਦੰਦਾਂ ਹੇਠ ਲੈ ਲੈਂਦਾ ਹੈ।

ਇਸ ਲੇਖ ਦਾ ਉਰਦੂ ਤੋਂ ਪੰਜਾਬੀ ਵਿਚ ਤਰਜਮਾ (ਮਰਹੂਮ) ਪ੍ਰੋ. ਪ੍ਰੀਤਮ ਸਿੰਘ ਦਾ ਕੀਤਾ ਹੋਇਆ ਹੈ।
ਮੈਨੂੰ ਅੱਜ ਤਕ ਸਮਝ ਨਹੀਂ ਆਈ ਕਿ ਮੈਂ ਕੌਣ ਹਾਂ। ਸ਼ਾਇਦ ਮੇਰੀ ਏਸ ਗੱਲ ਦੇ ਇਹ ਅਰਥ ਕੱਢੇ ਜਾਣ ਕਿ ਮੈਂ ਜਾਣ ਕੇ ਆਪਣੇ ਆਪ ਨੂੰ ਅੰਞਾਣਾ ਦੱਸ ਰਿਹਾ ਜਾਂ ਸ਼ਾਇਦ ਮੈਂ ਬੜਾ ਨਿਮਾਣਾ ਬੰਦਾ ਹਾਂ ਪਰ ਨਹੀਂ, ਇਹ ਸੱਚ ਨਹੀਂ ਹੈ। ਹਾਂ, ਇਹ ਜ਼ਰੂਰ ਹੋ ਸਕਦੈ ਕਿ ਜਿਹੜਾ ਬੰਦਾ ਆਪਣਾ ਸਿਰ ਕਿਸੇ ਦੇ ਸਾਹਮਣੇ ਨੀਵਾਂ ਨਹੀਂ ਕਰਦਾ ਜਾਂ ਕਿਸੇ ਖ਼ਾਸ ਵਾਦ, ‘ਇਜ਼ਮ` ਜਾਂ ਵਿਚਾਰਧਾਰਾ ਦੇ ਮਗਰ ਲੱਗਣ ਲਈ ਤਿਆਰ ਨਹੀਂ ਹੁੰਦਾ, ਉਹ ਅੰਦਰੋਂ ਨਿਮਰਤਾ ਦਾ ਪੁੰਜ ਹੋਵੇ ਤੇ ਜਿਹੜਾ ਜਣੇ-ਖਣੇ ਅੱਗੇ ਹੱਥ ਬੰਨ੍ਹਦਾ ਫਿਰੇ ਤੇ ਨਿਉਂ-ਨਿਉਂ ਕੇ ਯਈਂ-ਯਈਂ ਕਰਦਾ ਹੋਵੇ, ਉਹ ਹਉਮੈ ਦਾ ਪਹਾੜ ਹੋਵੇ!
ਬਲਕਿ ਹੋ ਸਕਦੈ, ਨਿਮਰਤਾ ਦਾ ਬਹੁਤ ਵਿਖਾਵਾ ਕਰਨ ਵਾਲਾ ਬੰਦਾ ਬਹੁਤ ਖਤਰਨਾਕ ਨਿਕਲ ਪਵੇ।
ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ)
ਅਪਰਾਧੀ ਹਿਰਨ ਮਾਰਨ ਵਾਲੇ ਸ਼ਿਕਾਰੀ ਦੀ ਤਰ੍ਹਾਂ ਦੂਣਾ ਨਿਉਂਦਾ ਹੈ। ਮੈਨੂੰ ਪਤੈ ਕਿ ਮੈਂ ਹੈਂਕੜਬਾਜ਼ ਨਹੀਂ ਤੇ ਮੇਰਾ ਸੁਭਾਅ ਸਾਦ-ਮੁਰਾਦਾ ਹੈ ਪਰ ਕਦੀ ਮੇਰੇ ਉੱਤੇ ਵੀ ਅਜਿਹਾ ਭੂਤ ਸਵਾਰ ਹੋ ਜਾਂਦੈ, ਜਦੋਂ ਮੈਨੂੰ ਵੇਖ ਕੇ ਕੋਈ ਓਪਰਾ ਬੰਦਾ ਕਹਿ ਸਕਦੈ ਕਿ ਇਹ ਭਲਾ ਲੋਕ ਤਾਂ ਹਉਮੈ ਦਾ ਬੜਾ ਵੱਡਾ ਸ਼ਿਕਾਰ ਹੈ। ਇਹੋ ਜਿਹੇ ਮੌਕੇ ਉਦੋਂ ਆਉਂਦੇ ਨੇ, ਜਦੋਂ ਮੈਂ ਕੋਈ ਸਾਹਿਤਕ ਰਚਨਾ ਕਰਨੀ ਹੁੰਦੀ ਹੈ। ਮਜ਼ਮੂਨ ਮੇਰੇ ਦਿਮਾਗ਼ ਵਿਚ ਹੋਵੇ, ਗੱਲ ਨਵੀਂ ਤੇ ਵੱਖਰੀ ਹੋਵੇ ਅਤੇ ਉਸ ਨੂੰ ਪੇਸ਼ ਕਰਨ ਦੇ ਢੰਗ ਦੇ ਠੀਕ ਤੇ ਫਬਵੇਂ ਹੋਣ ਬਾਰੇ ਮੇਰਾ ਅੰਦਰਲਾ ਹਾਮੀ ਭਰਦਾ ਹੋਵੇ, ਜਦੋਂ ਇਉਂ ਲੱਗੇ ਕਿ ਮੈਂ ਆਪਣੇ ਆਪ ਨੂੰ ਇਕ ਤਿਰਿਆਕਲ ਦੀ ਤਰ੍ਹਾਂ ਵੇਖ ਰਿਹਾ ਹਾਂ ਤਾਂ ਖ਼ਬਰਦਾਰ! ਅੱਗੋਂ ਹਟ ਜਾਓ, ਮੈਂ ਆ ਰਿਹਾਂ! ਬਾ-ਅਦਬ, ਬਾ-ਮੁਲਾਹਿਜ਼ਾ ਹੋਸ਼ਿਆਰ! ਜਾਂ…ਸਾਵਧਾਨ! ਰਾਜ ਰਾਜੇਸ਼ਵਰ, ਚੱਕਰਵਰਤੀ ਸਮਰਾਟ…ਰੰਗ ਭੂਮੀ ਵਿਚ ਪਧਾਰ ਰਹੇ ਨੇ…।
ਇਹੋ ਜਿਹੇ ਕਿਸੇ ਅਹਿਸਾਸ ਤੋਂ ਬਿਨਾ ਲਿਖਣਾ ਸੌਖਾ ਨਹੀਂ ਹੁੰਦਾ, ਇਸ ਲਈ ਮੇਰੀ ਛਿਨ-ਭੰਗਰੀ ਹਉਮੈ, ਨਿਮਰਤਾ ਤੋਂ ਦੁਰੇਡੇ ਨਹੀਂ ਹੁੰਦੀ। ਇਹੋ ਜਿਹੇ ਵੇਲੇ ਮੇਰੇ ਅਤੇ ਕਾਗ਼ਜ਼ ਦੇ ਵਿਚਕਾਰ ਹੋਰ ਕੋਈ ਨਹੀਂ ਹੁੰਦਾ, ਏਸ ਲਈ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਆਪਣੇ ਘਰ ਦੀ ਵਲਗਣ ਵਿਚ ਬੈਠਿਆਂ ਕੋਈ ਆਪਣੇ ਆਪ ਨੂੰ ਸ਼ੇਕਸਪੀਅਰ ਸਮਝਦਾ ਫਿਰੇ ਜਾਂ ਕਾਲੀਦਾਸ, ਇਸ ਨਾਲ ਕਿਸੇ ਦਾ ਕੀ ਵਿਗੜਦੈ। ਹਾਂ, ਲਿਖ ਲੈਣ ਤੋਂ ਪ੍ਰਕਾਸ਼ਕ ਕੋਲ ਪਹੁੰਚਣ ਤਕ ਵੀ ਜੇ ਕੋਈ ਆਪਣੇ ਆਪ ਨੂੰ ਮਹਾਨ ਮੰਨੀ ਰੱਖੇ ਤਾਂ ਘੋਰ ਮੂਰਖ ਸਮਝੋ। ਪਹਿਲਾਂ ਤਾਂ ਕਾਗ਼ਜ਼ ਉੱਤੇ ਉਤਰਦੇ ਸਾਰ ਆਪਣੀ ਔਕਾਤ ਦਾ ਪਤਾ ਲੱਗ ਜਾਂਦੈ, ਨਹੀਂ ਤਾਂ ਮਿੱਤਰ ਦੱਸ ਦੇਂਦੇ ਨੇ ਪਰ ਜੇ ਉਹ ਤੁਹਾਡੀ ਨਿਰਾਦਰੀ ਕਰਨ ਉੱਤੇ ਤੁਲੇ ਹੋਣ ਤਾਂ ਨਹੀਂ ਵੀ ਦੱਸਦੇ।
ਸੋ ਮੈਂ ਕੌਣ ਹਾਂ?
ਆਮ ਤੌਰ ਉੱਤੇ ਇਹੀ ਪੁੱਛਿਆ ਜਾਂਦੈ ਕਿ ਫਲਾਣਾ ਕੌਣ ਹੈ ਜਾਂ ਕੀ ਹੈ; ਮਤਲਬ ਹੁੰਦੈ ਕਿ ਕੰਮ ਕੀ ਕਰਦੈ? ਮੇਰੇ ਉੱਤੇ ਇਹ ਦੋਵੇਂ ਸਵਾਲ ਢੁੱਕਦੇ ਨਹੀਂ ਕਿਉਂਕਿ ਕੁਝ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਇਹ ਵੀ ਜਾਣਦੇ ਨੇ, ਬਈ ਮੈਂ ਕੀ ਕੰਮ ਕਰਦਾਂ। ਭਲਾ ਹੋਵੇ ਫਿਲਮਾਂ ਦਾ ਜਿਨ੍ਹਾਂ ਨੇ ਮੈਨੂੰ ਨਸ਼ਰ ਕਰ ਦਿੱਤੈ। ਅੱਜ ਦੀ ਦੁਨੀਆ ਇਸ਼ਤਿਹਾਰੀ ਦੁਨੀਆ ਜੁ ਹੋਈ। ਇਸ਼ਤਿਹਾਰੀ ਬੰਦੇ ਵੱਲ ਲੋਕ ਅੱਖਾਂ ਪਾੜ-ਪਾੜ ਵੇਖਦੇ ਨੇ ਪਰ ਇਸ਼ਤਿਹਾਰੀ ਬੰਦੇ ਨੂੰ ਆਪਣੇ ਜਾਣੇ-ਪਛਾਣੇ ਹੋਣ ਦਾ ਜਿਹੜਾ ਮੁੱਲ ਤਾਰਨਾ ਪੈਂਦੈ, ਉਸ ਦਾ ਲੋਕਾਂ ਨੂੰ ਉੱਕਾ ਪਤਾ ਨਹੀਂ ਹੁੰਦਾ ਤੇ ਇਸੇ ਲਈ ਉਨ੍ਹਾਂ ਅੰਦਰ ਮਸ਼ਹੂਰ ਹੋਣ ਦੀ ਲਾਲਸਾ ਭਰੀ ਹੁੰਦੀ ਹੈ। ਮੈਂ ਤਾਂ ਭਲਾ ਨਾ ਤਿੰਨਾਂ ਵਿਚੋਂ ਨਾ ਤੇਰ੍ਹਾਂ ਵਿਚੋਂ ਪਰ ਸਾਡੀਆਂ ਫਿਲਮਾਂ ਦੇ ਹੀਰੋਆਂ ਨੂੰ ਪੁੱਛ ਵੇਖੋ- ਕੀ ਉਹ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਕੁਦਰਤੀ ਢੰਗ ਨਾਲ ਬਿਤਾ ਸਕਦੇ ਨੇ? ਉਹ ਘਰ ਵਿਚ ਹੋਣ ਤਾਂ ਆਪਣੀ ਘਰ ਵਾਲੀ ਲਈ ਵੀ ਹੀਰੋ ਬਣਨ ਦਾ ਜਤਨ ਕਰਦੇ ਰਹਿੰਦੇ ਨੇ, ਭਾਵੇਂ ਉਨ੍ਹਾਂ ਦੇ ਕਣ-ਕਣ ਨੂੰ ਪਤਾ ਹੁੰਦੈ ਤੇ ਮੁਸਕਰਾ ਕੇ ਕਹਿੰਦੇ ਨੇ:
ਬਹਰ-ਰੰਗੇ ਕਿ ਖ਼ਾਹੀ ਜਾਮਾ ਸੀ ਪੋਸ਼
ਮਨ ਅੰਦਾਜ਼ਿ-ਕਦਤ ਰਾ ਮੀ ਸ਼ਨਾਸਮ
(ਤੂੰ ਭਾਵੇਂ ਕਿਸੇ ਰੰਗ ਦਾ ਭੇਸ ਧਾਰ ਕੇ ਆ ਜਾ, ਮੈਂ ਤੈਨੂੰ ਤੇਰੇ ਕੱਦ ਦੇ ਅੰਦਾਜ਼ ਤੋਂ ਝੱਟ ਸਿਆਣ ਲਵਾਂਗਾ)
ਮੈਂ ਆਪਣੇ ਆਪ ਨੂੰ ਵੇਖਦਾਂ ਤਾਂ ਮੇਰੇ ਚੇਤੇ ਵਿਚ ਉਹ ਕੁੱਤਾ ਉੱਭਰ ਆਉਂਦੈ (ਏਥੇ ਵੀ ਮੈਂ ਨਿਮਰਤਾ ਨਹੀਂ ਵਿਖਾ ਰਿਹਾ) ਜਿਸ ਨੂੰ ਇਕ ਡਾਇਰੈਕਟਰ ਨੇ ਆਪਣੀ ਫਿਲਮ ਵਿਚ ਲੈ ਲਿਆ ਸੀ। ਕੁੱਤਾ ਫਿਲਮ ਦੀ ਲੜੀ ਵਿਚ ਗੁੰਦਿਆ ਗਿਆ, ਜਾਣੀ ਕਿ ਬਾਰ੍ਹਵੇਂ ਸੀਨ ਵਿਚ ਆਇਆ ਤਾਂ ਇਕਵੰਜਵੇਂ ਸੀਨ ਵਿਚ ਵੀ ਉਸ ਦੀ ਲੋੜ ਸੀ ਪਰ ਉਹ ਸੀਨ ਫਿਲਮਾਇਆ ਜਾਣਾ ਸੀ ਛਿਆਂ ਮਹੀਨਿਆਂ ਤੋਂ ਪਿੱਛੋਂ। ਵਿਚਾਰਾ ਚੰਗਾ-ਭਲਾ ਕੁੱਤਾ ਸੀ, ਬਾਜ਼ਾਰ ਵਿਚ ਭਉਂਦਾ, ਕੂੜੇ ਦੇ ਢੇਰ ਜਾਂ ਹਰ ਥਾਂ-ਕੁਥਾਂ ਖਾਣ ਲਈ ਕੋਈ ਚੀਜ਼ ਲੱਭਦਾ ਫਿਰੇ ਪਰ ਫਿਲਮ ਵਿਚ ਆ ਜਾਣ ਦੇ ਪਿੱਛੋਂ ਉਹ ਤਿਜਾਰਤੀ ਜਿਨਸ ਬਣ ਗਿਆ ਜਿਸ ਦੀ ਵਿਕਰੀ ਹੋ ਸਕਦੀ ਸੀ, ਜਿਸ ਦਾ ਭਾਅ ਲੱਗ ਸਕਦਾ ਸੀ; ਸੋ ਡਾਇਰੈਕਟਰ ਸਾਹਿਬ ਨੇ ਉਸ ਨੂੰ ਬੰਨ੍ਹ ਕੇ ਰੱਖ ਲਿਆ। ਹੁਣ ਵਿਚਾਰੇ ਨੂੰ ਦਿਹਾੜੀ ਵਿਚ ਤਿੰਨ-ਚਾਰ ਵਾਰ ਖਾਣਾ ਪੈਂਦਾ, ਸੌਣ ਲਈ ਗੱਦਿਆਂ ਦੀ ਵਰਤੋਂ ਕਰਨੀ ਪੈਂਦੀ। ਜ਼ੁਕਾਮ ਲਗਦਾ ਤਾਂ ਡੰਗਰ ਡਾਕਟਰ ਨੂੰ ਬੁਲਾਇਆ ਜਾਂਦਾ। ਜਦੋਂ ਕੋਈ ਉਸ ਦੇ ਨੇੜੇ ਆਉਂਦਾ, ਕੁੱਤਾ ਉਸ ਲਈ ਜ਼ੋਰ-ਜ਼ੋਰ ਦੀ ਪੂਛ ਹਿਲਾਉਂਦਾ। ਉਹ ਮਨੁੱਖ ਨੂੰ ਫਰਿਸ਼ਤਾ ਮੰਨ ਬੈਠਾ- ਜਿੰਨੀ ਕੁ ਕੁੱਤੇ ਨੂੰ ਬੰਦੇ ਅਤੇ ਫ਼ਰਿਸ਼ਤੇ ਵਿਚ ਫ਼ਰਕ ਦੀ ਸੋਝੀ ਹੁੰਦੀ ਹੋਵੇਗੀ- ਸੋ, ਫਿਲਮ ਬਣਦੀ ਰਹੀ ਤੇ ਕੁੱਤਾ ਸਾਹਿਬ ਮੌਜਾਂ ਮਾਣਦੇ ਰਹੇ। ਜਿਸ ਵੇਲੇ ਫਿਲਮ ਪੂਰੀ ਹੋ ਗਈ, ਕੁੱਤੇ ਨੂੰ ਖੋਲ੍ਹ ਦਿੱਤਾ ਗਿਆ ਪਰ ਹੁਣ ਉਸ ਨੂੰ ਕੂੜੇ ਦੇ ਢੇਰ ਫਰੋਲ ਕੇ ਢਿੱਡ ਭਰਨ ਦੀ ਆਦਤ ਨਹੀਂ ਸੀ ਰਹੀ। ਉਹ ਮੁੜ-ਮੁੜ ਓਸੇ ਟਿਕਾਣੇ ਉੱਤੇ ਪਹੁੰਚਦਾ ਤੇ ਪਹਿਲਾਂ ਨਾਲੋਂ ਵੀ ਵੱਧ ਜ਼ੋਰ ਦੀ ਪੂਛ ਹਿਲਾਉਂਦਾ ਪਰ ਇਸ ਦੇ ਜਵਾਬ ਵਿਚ ਉਸ ਨੂੰ ਮਿਲਦੇ ਠੁੱਡੇ। ਉਹ ਚਿਆਂ-ਚਿਆਂ ਕਰਦਾ ਉਥੋਂ ਭੱਜ ਖਲੋਂਦਾ ਪਰ ਟੱਕਰਾਂ ਮਾਰ-ਮਾਰ ਕੇ ਫੇਰ ਓਥੇ ਦਾ ਓਥੇ…ਓਹੀ ਖੁਆਰੀ, ਓਹੀ ਚੱਕਰ, ਓਹੀ ਗਾਲ਼-ਮੰਦਾ…ਡਾਇਰੈਕਟਰ ਕੁੱਤਾ ਨਹੀਂ, ਮਨੁੱਖ ਹੈ!
ਇਹ ਹਾਲਤ ਹੁੰਦੀ ਹੈ ਓਸ ਬੰਦੇ ਦੀ ਜਿਸ ਵਿਚ ਨਾਂ ਪੈਦਾ ਕਰਨ ਦਾ ਝੱਲ ਕੁੱਦ ਪੈਂਦੈ ਜਾਂ ਜ਼ਿੰਦਗੀ ਵਿਚ ਕਿਸੇ ਮਰਾਤਬੇ ਜਾਂ ਪਦਵੀ ਦੀ ਭੁੱਖ ਚਮਕ ਪੈਂਦੀ ਹੈ; ਜਿਹੜਾ ਮਜ਼ਹਬ ਜਾਂ ਸਿਆਸਤ ਨੂੰ ਆਪਣੀ ਮੁੱਠ ਵਿਚ ਬੰਦ ਕਰੀ ਰੱਖਣ ਲਈ ਪੈਸੇ ਜੋੜਨੇ ਚਾਹੁੰਦੈ; ਲੋਲਿਤਾ ਦੇ ਹੀਰੋ ਵਾਂਗ ਕਿਸੇ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਜਾਏ, ਮਜ਼ੇ ਉਡਾਏ ਤੇ ਲੋਕ ਵਾਹ-ਵਾਹ ਪਏ ਕਰਨ। ਵੱਡੇ ਲੋਕਾਂ ਦੇ ਚੋਂਚਲੇ ਨੇ! ਪ੍ਰਸਿੱਧੀ, ਪਦਵੀ, ਮਰਾਤਬਾ, ਪੈਸਾ ਮਿਲ ਜਾਏ ਤਾਂ ਹਰ ਭਲਾ ਆਦਮੀ ਇਨ੍ਹਾਂ ਦਾ ਤਿਆਗ ਕਰਨਾ ਚਾਹੁੰਦੇ ਪਰ ਮੈਂ ਤਾਂ ‘ਕੰਬਲ ਛੱਡਦਾਂ, ਕੰਬਲ ਮੈਨੂੰ ਨਹੀਂ ਛੱਡਦਾ’ ਵਾਂਗ ਇਹ ਚੀਜ਼ਾਂ ਵੀ ਉਸ ਦਾ ਪਿੱਛਾ ਨਹੀਂ ਛੱਡਦੀਆਂ। ਇਹ ਗੱਲ ਵੀ ਵੇਖਣ ਵਾਲੀ ਹੁੰਦੀ ਹੈ ਕਿ ਬੰਦਾ ਫੋਕੀਆਂ ਬੰਦੂਕਾਂ ਈ ਚਲਾਉਂਦੈ ਕਿ ਸੱਚੀ-ਮੁੱਚੀ ਇਨ੍ਹਾਂ ਵਸਤਾਂ ਦਾ ਤਿਆਗ ਕਰ ਵੀ ਸਕਦੈ।
ਇਕ ਵਾਰੀ ਦੀ ਗੱਲ ਹੈ, ਮੈਨੂੰ ਮੇਰਾ ਇਕ ਪ੍ਰਸੰਸਕ ਟੱਕਰ ਪਿਆ। ਉਸ ਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸਨ। ਇਹ ਭੱਦਰ ਪੁਰਸ਼ ਉਨ੍ਹਾਂ ਲੋਕਾਂ ਵਿਚੋਂ ਸੀ ਜੋ ਜੀਵਨ ਦਾ ਭੇਤ ਜਾਣਦੇ ਨੇ। ਕੁਝ ਉਰਲੀਆਂ-ਪਰਲੀਆਂ ਮਾਰਨ ਪਿੱਛੋਂ ਉਹ ਸਿੱਧਾ ਮਤਲਬ ਦੀ ਗੱਲ ਵੱਲ ਆ ਗਿਆ-
“ਬੇਦੀ ਜੀ… ਤੁਸੀਂ ਮਹਾਨ ਜੇ।”
“ਜੀ?” ਮੈਂ ਘਬਰਾ ਕੇ ਕਿਹਾ, “ਮੈਂ ਤਾਂ ਜੀ ਕੁਝ ਵੀ ਨਹੀਂ।”
ਤੇ ਜਦੋਂ ਉਸ ਨੇ ਮੇਰੀ ਹਾਂ ਵਿਚ ਹਾਂ ਮਿਲਾਈ ਤਾਂ ਮੈਨੂੰ ਬੜਾ ਗੁੱਸਾ ਆਇਆ। ‘ਮੈਂ ਕੌਣ ਹਾਂ? ਕੀ ਹਾਂ?’ ਵਰਗੇ ਸਵਾਲ ਮੁੱਕ ਗਏ। ਅਸਲ ਵਿਚ ਇਹ ਸਵਾਲ ਮੇਰੇ ਉੱਤੇ ਲਾਗੂ ਹੀ ਨਹੀਂ ਹੁੰਦੇ। ਮੈਂ ਤਾਂ ਉਨ੍ਹਾਂ ਵਿਚੋਂ ਹਾਂ ਜਿਨ੍ਹਾਂ ਕੋਲੋਂ ਪੁੱਛਣਾ ਚਾਹੀਦੈ, “ਤੁਸੀਂ ਕਿਉਂ ਹੋ?”
ਮੈਂ ਇਹ ਵੀ ਨਹੀਂ ਜਾਣਦਾ।
ਵਾਕਈ, ਨਿੱਤ ਕਰੋੜਾਂ ਜੀਵ ਪੈਦਾ ਹੁੰਦੇ ਨੇ। ਇਹੋ ਜਿਹਿਆਂ ਵਿਚੋਂ ਇਕ ਦਿਨ ਅਚਾਨਕ ਮੈਂ ਵੀ ਜੰਮ ਪਿਆ। ਮਾਂ ਖੁਸ਼ ਹੋਈ ਹੋਵੇਗੀ, ਪਿਉ ਨੂੰ ਵੀ ਖ਼ੁਸ਼ੀ ਹੋਈ ਹੋਊ ਪਰ ਸੱਜੇ ਪਾਸੇ ਦੇ ਗਵਾਂਢੀ ਨੂੰ ਕੋਈ ਪਤਾ ਨਹੀਂ ਸੀ ਤੇ ਗਵਾਂਢੀ ਨੂੰ ਪਤਾ ਲੱਗਣਾ ਕਿਤੇ ਚੰਗੀ ਗੱਲ ਹੁੰਦੀ ਹੈ? ਪੱਕੀ ਗੱਲ ਹੈ, ਉਹ ਵਧਾਈ ਦੇਣ ਆਇਆ ਹੋਵੇਗਾ ਪਰ ਰਸਮੀ ਜਿਹੀ। ਮੇਰੇ ਜੰਮਣ ਉੱਤੇ ਭਲਾ ਉਸ ਨੂੰ ਕੀ ਖ਼ੁਸ਼ੀ ਹੋ ਸਕਦੀ ਸੀ? ਉਲਟਾ ਸਗੋਂ ਉਸ ਦੇ ਮੁੰਡੇ ਪੰਨਾ ਲਾਲ ਦਾ ਸ਼ਰੀਕ ਜੰਮ ਪਿਆ ਸੀ…ਉਸ ਦਾ ਵੈਰੀ। ਉਸ ਦੀ ਜੰਮਣ ਵਾਲੀ ਕੁੜੀ ਲਈ ਖ਼ਾਹ-ਮਖ਼ਾਹ ਦਾ ਖ਼ਤਰਾ…ਸੋ ਇਹ ਤਾਂ ਇਕ ਤਰ੍ਹਾਂ ਦਾ ਨੇਮ ਬਣਿਆ ਹੋਇਐ ਕਿ ਜਦੋਂ ਰਾਜਿੰਦਰ ਸਿੰਘ ਬੇਦੀ ਜੰਮੇ, ਮੁਬਾਰਕ ਦਿਓ, ਚੂਹੜ ਸਿੰਘ ਜੰਮ ਪਵੇ ਤਾਂ ਵੀ ਵਧਾਈ ਦਿਓ, ਢਿੱਲੂ ਰਾਮ ਜਾਂ ਚਮੰਨੇ ਖ਼ਾਨ ਹੁਰੀਂ ਜੰਮ ਪੈਣ ਤਾਂ ਵੀ ਖ਼ੁਸ਼ੀ ਮਨਾਓ, ਢੋਲ ਵਜਾਓ…।
ਟੈਗੋਰ ਹੁਰੀਂ ਫ਼ਰਮਾਉਂਦੇ ਨੇ ਕਿ ਦੁਨੀਆ ਵਿਚ ਨਿਤ ਏਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲਗਦੈ ਕਿ ਪਰਮਾਤਮਾ ਮਨੁੱਖ ਬਣਾਉਣ ਤੋਂ ਥੱਕਿਆ ਨਹੀਂ। ਪਰਮਾਤਮਾ ਦਾ ਕਿੰਨਾ ਹਸਾਉਣਾ ਅਤਿਆਚਾਰ ਹੈ…ਕਿਉਂਕਿ ਉਹ ਥੱਕ ਨਹੀਂ ਸਕਦਾ, ਏਸ ਲਈ ਦਬਾ-ਸੱਟ ਬੰਦੇ ਸਾਜੀ ਚੱਲੋ!
ਬੇਕਾਰ ਮਬਾਸ਼, ਕੁਛ ਕੀਆ ਕਰ, ਨੇਫ਼ਾ ਹੀ ਉਧੇੜ ਕੇ ਸੀਆ ਕਰ।
(ਵਿਹਲੇ ਨਾ ਬੈਠੋ, ਕੁਝ ਨਾ ਕੁਝ ਕਰਦੇ ਈ ਰਹੋ, ਭਾਵੇਂ ਨੇਫ਼ਾ ਉਧੇੜ ਕੇ ਮੁੜ ਸੀਉਣ ਦਾ ਕੰਮ ਹੀ ਕਿਉਂ ਨਾ ਹੋਵੇ!)
ਸੋ ਮੈਂ, ਪਰਮਾਤਮਾ ਦੇ ਪਜਾਮੇ ਦਾ ਅਖ਼ੀਰਲਾ ਤਰੋਪਾ, ਕੇਵਲ ਮਹਾਂ ਕਵੀ ਟੈਗੋਰ ਦੇ ਕਥਨ ਦਾ ਪ੍ਰਮਾਣ ਬਣਨ ਲਈ, ਪਹਿਲੀ ਸਤੰਬਰ 1915 ਦੀ ਸਵੇਰ ਨੂੰ ਲਾਹੌਰ ਵਿਚ ਤਿੰਨ ਵਜ ਕੇ 47 ਮਿੰਟ ਉੱਤੇ ਪੈਦਾ ਹੋ ਗਿਆ…ਰਾਮ ਤੇ ਰਹੀਮ ਦੋਨੋਂ ਭੁੱਲ ਗਏ ਕਿ ਇਹ ਦੁਨੀਆ ਦੁੱਖਾਂ ਦਾ ਘਰ ਨਹੀਂ, ਨਹੀਂ ਤਾਂ ਮੈਨੂੰ ਇਸ ਦੁਨੀਆ ਵਿਚ ਭੇਜਣਾ ਕਿੱਥੋਂ ਦੀ ਰਹਿਮਤ ਸੀ? ਬਲਕਿ ਸ਼ਾਸਤਰਾਂ ਅਨੁਸਾਰ ਕੋਈ ਬਦਲਾ ਲੈਣ ਲਈ, ਪਿਛਲੇ ਜਨਮ ਵਿਚ ਕੀਤੇ ਕਰਮਾਂ ਕਰ ਕੇ ਜਿਨ੍ਹਾਂ ਨੂੰ ਮੁਆਫ਼ ਕਰਨ ਦੀ ਸਮਰੱਥਾ ਪਰਮਾਤਮਾ ਦੀ ਕਿਰਪਾ ਵਿਚ ਵੀ ਨਹੀਂ ਸੀ, ਮੈਨੂੰ ਇਸ ਦੁਨੀਆ ਵਿਚ ਭੇਜ ਦਿੱਤਾ ਗਿਆ।
ਜਿਵੇਂ ਹਰ ਮਾਂ-ਪਿਉ ਦੀ ਆਦਤ ਹੁੰਦੀ ਹੈ ਕਿ ਸਾਡਾ ਪੁੱਤਰ ਕਲੈਕਟਰ ਬਣੇ, ਉਸੇ ਤਰ੍ਹਾਂ ਮੇਰੇ ਮਾਂ-ਪਿਉ ਦੀ ਵੀ ਇਹੀ ਇੱਛਾ ਸੀ। ਇਸ ਵਿਚ ਉਨ੍ਹਾਂ ਵਿਚਾਰਿਆਂ ਦਾ ਕੀ ਕਸੂਰ ਸੀ? ਉਨ੍ਹਾਂ ਦੀ ਸੋਚ ਦੀ ਦੌੜ ਕਲੈਕਟਰੀ ਤਕ ਹੀ ਹੋ ਸਕਦੀ ਸੀ, ਉਨ੍ਹਾਂ ਨੂੰ ਕੀ ਪਤਾ ਸੀ ਕਿ ਕੋਈ ਹੋਰ ਅਜਿਹਾ ਬੰਦਾ ਵੀ ਹੋ ਸਕਦੈ ਜਿਸ ਨੂੰ ਕਲੈਕਟਰ ਵੀ ਨਿਉਂ-ਨਿਉਂ ਕੇ ਸਲਾਮਾਂ ਕਰਨ। ਇਕ ਸਿੱਧੜ ਜਿਹਾ ਜੱਟ ਆਪਣੇ ਕਿਸੇ ਮਾਲੀਏ ਦੇ ਰੌਲੇ ਪਿੱਛੇ ਤਸੀਲਦਾਰ ਦੇ ਪੇਸ਼ ਹੋਇਆ। ਤਸੀਲਦਾਰ ਨੇ ਜੱਟ ਦੇ ਹੱਕ ਵਿਚ ਫ਼ੈਸਲਾ ਦੇ ਦਿੱਤਾ। ਜੱਟ ਨੇ ਖ਼ੁਸ਼ ਹੋ ਕੇ ਦੁਆ ਦਿੱਤੀ, “ਤਸੀਲਦਾਰ ਜੀ, ਰੱਬ ਤੁਹਾਨੂੰ ਪਟਵਾਰੀ ਬਣਾਏ…!”
ਕੰਪੀਟੀਸ਼ਨ ਦੀ ਏਸ ਦੁਨੀਆ ਵਿਚ ਲੋਕ ਵੱਡੇ-ਵੱਡੇ ਹਵਾਲੇ ਦਿੰਦੇ ਨੇ। ਇਹ ਅਜਿਹੀ ਸਾਜ਼ਿਸ਼ ਹੈ ਜਿਸ ਦਾ ਸ਼ਿਕਾਰ ਹਰ ਬੰਦਾ ਹੋ ਜਾਂਦੈ। ਮਸਲਨ, ਕਿਹਾ ਜਾਂਦੈ ਕਿ ਲਿੰਕਨ ‘ਲੌਗ ਕੇਬਿਨ’ (ਛੋਟਾ ਜਿਹਾ ਘਰ) ਵਿਚ ਜੰਮ ਕੇ ਸਟੇਟਸ (ਅਮਰੀਕਾ) ਦਾ ਪ੍ਰੈਜ਼ੀਡੈਂਟ ਬਣਿਆ। ਲੌਗ ਕੇਬਿਨ ਤੋਂ ਪ੍ਰੈਜ਼ੀਡੈਂਟ ਦੀ ਗੱਲ ਕਰਨ ਵਾਲੇ ਭੁੱਲ ਜਾਂਦੇ ਨੇ ਕਿ ਝੁੱਗੀ ਤੋਂ ਰਾਜ ਭਵਨ ਤਕ ਪਹੁੰਚਣ ਵਾਲੇ ਹੈਨ ਕਿੰਨੇ ਕੁ? ਏਸੇ ਭੁਲੇਖੇ, ਏਸੇ ਸਾਜ਼ਿਸ਼ ਦਾ ਸ਼ਿਕਾਰ ਬਣ ਕੇ ਲੱਖਾਂ-ਕਰੋੜਾਂ ਬੰਦੇ ਬੇਮੁਰਾਦ ਤੁਰ ਜਾਂਦੇ ਨੇ:
ਅਜ਼ਲ ਹੈ ਲਾਖੋਂ ਸਿਤਾਰੋਂ ਕੀ ਇਕ ਵਲਾਦਤਿ ਮਿਹਰ!
(ਇਕੱਲੇ ਸੂਰਜ ਦਾ ਜਨਮ ਲੱਖਾਂ ਤਾਰਿਆਂ ਦੀ ਮੌਤ ਦਾ ਕਾਰਨ ਬਣਦੈ)
ਜੇ ਫੇਰ ਵੀ ਤੁਸੀਂ ਖ਼ੁਦਾ ਦੀ ਖੁਦਾਈ ਤੇ ਉਸ ਦੀ ਖ਼ਲਕਤ ਨਾਲ ਅਨਿਆਂ ਕਰਨਾ ਚਾਹੋ ਤਾਂ ਤੁਹਾਡੀ ਮਰਜ਼ੀ।
ਮੈਂ ਰੋਗੀ ਬੱਚਾ ਸਾਂ, ਰੋਗੀ ਮਾਂ ਦਾ ਪੁੱਤਰ। ਟਾਈਫਾਈਡ ਬੁਖ਼ਾਰ ਵਿਚ ਮੈਨੂੰ ਉਨ੍ਹਾਂ ਅਰੂਪ ਝਟਕਿਆਂ ਦੇ ਤਜਰਬੇ ਹੋਏ ਜਿਨ੍ਹਾਂ ਦਾ ਕੇਂਦਰ ਰੋਗੀ ਆਪ ਹੁੰਦੈ ਤੇ ਉਸ ਨੂੰ ਇਉਂ ਲੱਗਣ ਲੱਗ ਪੈਂਦੇ ਜਿਵੇਂ ਉਸ ਨੂੰ ਜੀਵਨ ਦੇ ਗੋਪੀਏ ਵਿਚ ਪਾ ਕੇ ਵਾਰ-ਵਾਰ ਦੂਰ ਕਿਤੇ ਮੌਤ ਦੇ ਦਿਸਹੱਦੇ ਦੇ ਪਾਰ ਸੁੱਟਿਆ ਜਾ ਰਿਹਾ ਹੋਵੇ। ਮੈਂ ਆਪਣੇ ਸਿਰਹਾਣੇ ਵਿਚ ਅੱਖਾਂ ਤੁੰਨ ਕੇ ਇਕ ਦੂਜੇ ਵਿਚ ਘੁਲਦੇ ਉਹ ਹਜ਼ਾਰਾਂ ਰੰਗ ਵੇਖੇ ਨੇ ਜੋ ਬੁਰਸ਼ ਦੀ ਮਾਰ ਹੇਠ ਨਹੀਂ ਆ ਸਕਦੇ ਤੇ ਨਾ ਇਕ ਦੂਜੇ ਤੋਂ ਨਿਖੇੜੇ ਜਾ ਸਕਦੇ ਨੇ।…ਅਸਮਾਨੀ ਪੀਂਘ ਇਨ੍ਹਾਂ ਰੰਗਾਂ ਦੀ ਹੱਦਬੰਦੀ ਨਹੀਂ ਕਰ ਸਕਦੀ। ਮੈਂ ਉਹ ਹੰਝੂ ਕੇਰੇ ਨੇ ਜੋ ਨਾ ਲੁਣੇ ਸਨ, ਨਾ ਮਿੱਠੇ ਤੇ ਜੋ ਸੁਆਦ ਦੀ ਕੈਦ ਵਿਚ ਨਹੀਂ ਆਉਂਦੇ ਤੇ ਜਿਨ੍ਹਾਂ ਨੂੰ ਮਾਂ, ਪਿਉ, ਭੈਣ, ਭਰਾ ਤਾਂ ਕੀ, ਪ੍ਰੇਮਿਕਾ ਵੀ ਪੂੰਝ ਨਹੀਂ ਸਕਦੀ। ਸੈਂਕੜੇ ਵਾਰ ਮੈਂ ਕਿਸੇ ਨਿਰਜਨ ਉਜਾੜ ਵਿਚ ਇਕੱਲੇ ਖੜੋਤਿਆਂ ਘੋਰ ਡਰ ਦੀ ਨਪੀੜ ਵਿਚ ਫਸੇ ਨੇ, ਉਹ ਅਨੁਭਵ ਹੰਢਾਏ ਨੇ ਜਿਨ੍ਹਾਂ ਵਿਚ ਕਰੋੜਾਂ ਜੋਜਨਾਂ (5 ਤੋਂ 9 ਮੀਲ ਤੱਕ ਦੂਰੀ) ਤਕ ਨਾ ਕੋਈ ਬੰਦਾ ਹੁੰਦਾ ਸੀ, ਨਾ ਬੰਦੇ ਦੀ ਜ਼ਾਤ…ਏਥੋਂ ਤਕ ਕਿ ਮੈਂ ਵੀ ਨਹੀਂ ਸਾਂ ਹੁੰਦਾ…ਕਈ ਵਾਰ ਮੈਂ ਇੰਗਲੈਂਡ ਦਾ ਉਹ ਬਾਜ਼ਾਰ ਵੇਖਿਐ ਜਾਂ ਬਨਾਰਸ ਦਾ ਉਹ ਘਾਟ ਜਿੱਥੇ ਮੈਂ ਪਿਛਲੇ ਜਨਮਾਂ ਵਿਚ ਜੰਮਿਆ ਸੀ…ਗੰਗਾ ਦਾ ਹੜ੍ਹ ਉੱਤਰ ਚੁੱਕੈ ਤੇ ਕੰਢਿਆਂ ਦੇ ਕੋਲ ਲਾਲ ਭਾਅ ਮਾਰਦੀ ਪੀਲੀ ਮਿੱਟੀ ਵਿਚ ਹਜ਼ਾਰਾਂ ਨਦੀਆਂ ਛੱਡ ਗਿਐ, ਜਿੱਥੇ ਵੀ ਪੈਰ ਟਿਕਦੈ, ਓਥੋਂ ਹੀ ਇਕ ਹੋਰ ਨਦੀ ਵਹਿ ਤੁਰਦੀ ਹੈ…ਓਥੇ ਸਿਰ ‘ਤੇ ਬੇਦੀ ਵਾਲਾ, ਸ਼ਾਮ ਰੰਗ ਦਾ ਅੱਠ ਨੌਂ ਸਾਲ ਦਾ ਨੰਗ-ਧੜੰਗ ਬੱਚਾ, ਤੜਾਗੀ ਬੰਨ੍ਹੀ ਖੜ੍ਹੈ ਤੇ ਉਹ ਮੈਂ ਹਾਂ…
ਇਸ ਤੋਂ ਪਹਿਲਾਂ ਕਿ ਮੈਂ ਵੱਡਾ ਹੋ ਕੇ ਆਪਣੀਆਂ ਨਸਾਂ ਨੂੰ ਬਦਕਾਰੀ ਤੇ ਕਾਰੋਬਾਰੀ ਘਟਨਾਵਾਂ ਵਿਚ ਬਰਬਾਦ ਕਰਦਾ, ਮੇਰੇ ਪੰਠੇ ਜਵਾਬ ਦੇ ਚੁੱਕੇ ਸਨ। ਮਮੂਲੀ ਜਿਹੀ ਗੱਲ ਉੱਤੇ ਵਿਟਰ ਖਲੋਣਾ…ਰੀਂ-ਰੀਂ, ਰੂੰ-ਰੂੰ ਕਰਨ ਲਈ ਕਿਸੇ ਵੱਡੇ ਬਹਾਨੇ ਦੀ ਲੋੜ ਨਹੀਂ ਸੀ ਹੁੰਦੀ…ਛਿੱਥੀ ਪੈ ਕੇ ਮਾਂ ਮੈਨੂੰ ਪਰੇ ਵਗਾਹ ਮਾਰਦੀ ਕਿਉਂਕਿ ਮੈਂ ਉਸ ਦੀ ਰੋਗੀ ਛਾਤੀ ਨੂੰ ਚੂੰਡਣੋਂ ਨਹੀਂ ਸਾਂ ਹਟਦਾ…ਮਾਂ ਤੂੰ ਆਪ ਰਹੇਂ ਭਾਵੇਂ ਨਾ, ਮੈਨੂੰ ਮੇਰਾ ਦੁੱਧ ਚਾਹੀਦੈ… ਮੈਂ ਅੱਜ ਤੱਕ ਪੁਕਾਰ ਰਿਹਾਂ… “ਮਾਂ! ਮੈਨੂੰ ਮੇਰਾ ਦੁੱਧ ਦੇ ਦੇ” ਪਰ ਮਾਂ ਕਿਤੇ ਹੈ ਨਹੀਂ…ਤੁਹਾਨੂੰ ਪਤੈ ਨਾ, ਇਸ ਦਾ ਕੀ ਅਰਥ ਹੈ? ਮਾਂ ਕਿਤੇ ਹੈ ਨਹੀਂ…ਮਾਂ ਮੈਨੂੰ ਵਗਾਹ ਕੇ ਪਰੇ ਸੁੱਟ ਦੇਣ ਪਿੱਛੋਂ ਅਥਾਹ ਮਮਤਾ ਨਾਲ ਭਰੀ, ਫੇਰ ਚੁੱਕ ਲੈਂਦੀ ਸੀ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਨੂੰ ਰੱਖੇ ਜਾਂ ਸੁੱਟੇ…।
ਮੈਂ ਕਈ ਵਾਰ ਮਰਿਆ ਤੇ ਕਈ ਵਾਰ ਹੀ ਜੀਵਿਆ। ਹਰ ਚੀਜ਼ ਨੂੰ ਵੇਖ ਕੇ ਹੈਰਾਨ ਤੇ ਹਰ ਘਟਨਾ ਦੇ ਬਾਅਦ ਪਰੇਸ਼ਾਨ। ਨਾ ਮੇਰੀ ਹੈਰਾਨੀ ਦਾ ਕੋਈ ਅੰਤ ਸੀ, ਨਾ ਪਰੇਸ਼ਾਨੀ ਦਾ। ਮੈਨੂੰ ਪਿੱਛੋਂ ਪਤਾ ਲੱਗਿਆ ਕਿ ਜੋਤਸ਼ ਲਵਾਇਆ ਗਿਆ ਸੀ ਤੇ ਜੋਤਸ਼ੀ ਨੇ ਦੱਸਿਆ ਸੀ ਕਿ ਲਗਨ ਵਿਚ ਕੇਤੂ ਪਿਆ ਹੋਇਐ ਤੇ ਬ੍ਰਿਹਸਪਤ ਆਪਣੇ ਘਰ ਤੋਂ ਬੁੱਧ ਉੱਤੇ ਦ੍ਰਿਸ਼ਟੀ ਪਾਉਂਦੈ ਕਿ ਇਹ ਬਾਲਕ ਬੜਾ ਵੱਡਾ ਕਲਾਕਾਰ ਬਣੇਗਾ ਪਰ ਕਿਉਂਕਿ ਸ਼ਨੀ ਦੀ ਦ੍ਰਿਸ਼ਟੀ ਵੀ ਹੈ, ਇਸ ਲਈ ਇਸ ਦਾ ਨਾਂ ਇਸ ਦੇ ਮਰਨ ਪਿੱਛੋਂ ਚਮਕੇਗਾ। ਸੂਰਯ, ਧਨ ਤੇ ਲਾਭ ਵਾਲੇ ਅਸਥਾਨ ਉੱਤੇ ਪਿਐ ਤੇ ਇਸੇ ਘਰ ਵਿਚ ਹੀ ਸ਼ੰਕਰ ਵੀ ਮੌਜੂਦ ਹੈ ਪਰ ਸੂਰਯ ਨੇ ਉਸ ਨੂੰ ਆਪਣੇ ਤੇਜ਼ ਪ੍ਰਤਾਪ ਨਾਲ ਦੱਬ ਲਿਐ। ਸ਼ਨੀ ਕਿਉਂਕਿ ਸ਼ੁੱਕਰ ਨੂੰ ਵੇਖ ਰਿਹੈ, ਇਸ ਲਈ ਇਸ ਦੇ ਜੀਵਨ ਵਿਚ ਸੈਂਕੜੇ ਨਾਰੀਆਂ ਆਉਣਗੀਆਂ। ਸ਼ਨੀ ਤੇ ਸ਼ੁੱਕਰ ਦਾ ਇਹ ਮੇਲ ਹੋ ਸਕਦੈ, ਇਸ ਨੂੰ ਕੋਠਿਆਂ ਉੱਤੇ ਵੀ ਲੈ ਜਾਏ ਪਰ ਬ੍ਰਿਹਸਪਤੀ ਦੀ ਕਿਰਪਾ ਨਾਲ ਕਦੀ ਬਦਨਾਮ ਨਹੀਂ ਹੋਣ ਲੱਗਾ।
…ਫੇਰ, ਸ਼ਨਿੱਚਰ ਦੇ ਨਾਲ ਪਿਆ ਹੋਇਐ ਮੰਗਲ! ਇਹ ਦੋਵੇਂ ਇਕ ਦੂਜੇ ਨੂੰ ਕੱਟਦੇ ਨੇ, ਫੇਰ ਵੀ ਮੰਗਲ ਤਾਂ ਮੰਗਲ ਸਹੀ ਹੁੰਦੈ। ਪ੍ਰਭਾਵ ਤਾਂ ਪਾਵੇਗਾ ਹੀ। ਬੋਲਦੇ ਚੱਲਦੇ ਕੰਮ ਰੁਕ ਜਾਇਆ ਕਰਨਗੇ…ਖਾਸ ਕਰ ਕੇ ਜਿਨ੍ਹਾਂ ਦਿਨਾਂ ਵਿਚ ਬ੍ਰਿਹਸਪਤੀ ਨਿਰਬਲ ਹੋਵੇਗਾ। ਰਾਹੂ ਦਸਵੇਂ ਘਰ ਵਿਚ ਬੈਠੈ ਪਰ ਉਸ ਨੂੰ ਮੰਗਲ ਵੇਖ ਰਿਹੈ, ਮੈਂ ਇਸ ਦੀ ਘਰ ਵਾਲੀ ਸਦਾ ਰੋਗਣ ਰਹੇਗੀ। ਮਤਲਬ ਇਹ ਕਿ ਮੇਰੇ ਪਿਓ ਦੀ ਘਰ ਵਾਲੀ ਰੋਗਣ, ਸਾਰੀ ਉਮਰ ਬਿਮਾਰ ਰਹਿਣ ਵਾਲੀ ਤੇ ਮੇਰੀ ਘਰ ਵਾਲੀ ਵੀ… ਮੇਰੇ ਪਰਿਵਾਰ ਨੂੰ ਸਰਾਪ ਲੱਗਾ ਹੋਇਆ ਸੀ!
ਏਸੇ ਲਈ ਅੱਜ ਤਾਈਂ ਮੈਂ ਵਹੁਟੀ ਦੀ ਜ਼ਿੰਦਗੀ ਬਰਬਾਦ ਕਰਨ ਅਤੇ ਕੁਝ ਬੱਚਿਆਂ ਦਾ ਭਵਿੱਖ ਨਸ਼ਟ ਕਰਨ ਤੋਂ ਛੁੱਟ ਜੇ ਹੋਰ ਕੋਈ ਕੰਮ ਸਿਰੇ ਚਾੜ੍ਹਿਆ ਹੈ ਤਾਂ ਬਸ ਇਹ ਸਫ਼ੇ ਕਾਲੇ ਕਰਨ ਦਾ, ਕੁਝ ਕਿਤਾਬਾਂ ਲਿਖਣੀਆਂ ਤੇ ਫੇਰ ਆਪ ਈ ਉਨ੍ਹਾਂ ਨੂੰ ਖ਼ਰੀਦਣ ਲਈ ਤੁਰ ਪੈਣਾ।
ਮੇਰੀ ਮਾਂ ਬ੍ਰਾਹਮਣੀ ਸੀ ਤੇ ਪਿਉ ਖੱਤਰੀ। ਉਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਦਾ ਵਿਆਹ ਗ੍ਰੇਟਨਾਗ੍ਰੀਨਨ ਵਿਚ ਵੀ ਨਹੀਂ ਸੀ ਹੋ ਸਕਦਾ, ਫੇਰ ਵੀ ਹੋ ਗਿਆ। ਮੇਰੇ ਮਾਂ-ਪਿਉ ਇਕ ਦੂਜੇ ਦੀਆਂ ਭਾਵਨਾਵਾਂ ਤੇ ਵਿਚਾਰਾਂ ਦਾ ਬੜਾ ਸਤਿਕਾਰ ਕਰਦੇ ਸਨ, ਇਸ ਲਈ ਘਰ ਵਿਚ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜਾਂਦਾ ਸੀ ਤੇ ਦੂਜੇ ਪਾਸੇ ਗੀਤਾ ਦਾ ਪਾਠ ਹੁੰਦਾ ਸੀ। ਪਹਿਲੀਆਂ ਕਹਾਣੀਆਂ ਜੋ ਮੈਂ ਅੰਞਾਣੇ ਹੁੰਦਿਆਂ ਸੁਣੀਆਂ, ਜਿੰਨਾਂ ਤੇ ਪਰੀਆਂ ਦੀਆਂ ਨਹੀਂ ਬਲਕਿ ਮਹਾਤਮ ਸਨ ਜੋ ਗੀਤਾ ਦੇ ਹਰ ਅਧਿਆਇ ਦੇ ਬਾਅਦ ਹੁੰਦੇ ਨੇ ਤੇ ਜੋ ਬੜੀ ਸ਼ਰਧਾ ਨਾਲ ਅਸੀਂ ਆਪਣੀ ਮਾਂ ਪਾਸੋਂ ਸੁਣਦੇ ਸਾਂ। ਕੁਝ ਗੱਲਾਂ ਤਾਂ ਸਮਝ ਆ ਜਾਂਦੀਆਂ ਸਨ, ਜਿਵੇਂ ਰਾਜਾ…ਬਾਹਮਣ…ਪਿਸ਼ਾਚ…ਪਰ ਇਕ ਅਟਕਲ ਦਾ ਪਤਾ ਨਹੀਂ ਸੀ ਲਗਦਾ…
“ਮਾਂ! ਇਹ ਗਣਿਕਾ ਕੀ ਹੁੰਦੀ ਐ?”
“ਹੁੰਦੀ ਐ। ਬਹਿ ਜਾ, ਚੁੱਪ ਕਰ ਕੇ।”
“ਉਹੂੰ…ਦੱਸ ਵੀ ਨਾ, ਗਣਿਕਾ…।”
“ਚੁੱਪ।”
ਤੇ ਫੇਰ ਉਸ ਦੇ ਮਨ ਵਿਚ ਉਹ ਖ਼ਾਸ ਦਇਆ ਆ ਜਾਣੀ ਜੋ ਆਪਣੇ ਬਾਲ ਦੇ ਚਿਹਰੇ ਨੂੰ ਇਕਦਮ ਮੁਰਝਾਉਂਦਿਆਂ ਵੇਖ ਕੇ ਕੇਵਲ ਮਾਂ ਦੇ ਦਿਲ ਵਿਚ ਹੀ ਪੈਦਾ ਹੋ ਸਕਦੀ ਹੈ।
“ਗਣਿਕਾ ਭੈੜੀ ਜਨਾਨੀ ਨੂੰ ਕਹਿੰਦੇ ਨੇ।”
“ਤੂੰ ਤਾਂ ਅੱਛੀ ਐਂ?”
“ਮਾਂ ਸਦਾ ਅੱਛਾ ਹੁੰਦੀ ਐ… ਭਾਵੇਂ ਕਿਸੇ ਦੀ ਹੋਵੇ।”
“ਫੇਰ ਮਾੜੀ ਕਿਹੜੀ ਹੁੰਦੀ ਐ?”
“ਤੂੰ ਤਾਂ ਸਿਰ ਖਾ ਜਾਨੈਂ…ਰਾਜਿਆ! ਭੈੜੀ ਜਨਾਨੀ ਉਹ ਹੁੰਦੀ ਐ ਜੋ ਬਹੁਤ ਸਾਰੇ ਮਰਦਾਂ ਦੇ ਨਾਲ ਰਹੇ।”
ਮੈਂ ਸਮਝ ਗਿਆ ਪਰ ਅਗਲੇ ਦਿਨ ਮੈਨੂੰ ਬੇਅੰਤ ਜੁੱਤੀਆਂ ਪਈਆਂ। ਹੋਇਆ ਇਹ ਕਿ ਮੈਂ ਇਕ ਗਵਾਂਢਣ ਸੁਮਿੱਤਰਾ ਦੀ ਮਾਂ ਨੂੰ ਗਣਿਕਾ ਕਹਿ ਬੈਠਾ, ਕਿਉਂਕਿ ਉਸ ਦੇ ਘਰ ਵਿਚ ਜੇਠ, ਦਿਉਰ ਤੇ ਹੋਰ ਊਟ-ਪਟਾਂਗ ਜਿਹੇ ਬਥੇਰੇ ਲੋਕ ਰਹਿੰਦੇ ਸਨ।
ਮੇਰੀ ਬਾਕੀ ਦੀ ਸਾਰੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਰਹੀ ਹੈ। ਏਧਰ ਮੈਂ ਸਵਾਲ ਕੀਤਾ ਤੇ ਓਧਰ ਜ਼ਿੰਦਗੀ ਨੇ ਕਹਿ ਦਿੱਤਾ, “ਚੁੱਪ!”
ਤੇ ਜੇ ਕਦੇ ਜਵਾਬ ਦਿੱਤਾ ਤਾਂ ਅਜਿਹਾ ਕਿ ਮੇਰੇ ਪੱਲੇ ਹੀ ਕੁਝ ਨਾ ਪਵੇ ਤੇ ਪੈ ਜਾਏ ਤਾਂ ਜੁੱਤੀਆਂ ਪੈਣ।
ਮੇਰੇ ਸਰੀਰ ਦਾ ਡਾਵਾਂਡੋਲ ਹੋਣਾ, ਨਸਾਂ ਦਾ ਉਲਝਿਆ ਹੋਣਾ, ਮੇਰੇ ਸਵਾਲਾਂ ਦਾ ਯੋਗ ਜਵਾਬ ਨਾ ਮਿਲਣਾ ਜਾਂ ਮੇਰੇ ਕੋਲੋਂ ਜਵਾਬ ਦੇ ਅਸਲ ਤੱਤ ਨੂੰ ਨਾ ਸਮਝਿਆ ਜਾਣਾ…ਇਹ ਕੁਝ ਅਜਿਹੀਆਂ ਗੱਲਾਂ ਨੇ ਜੋ ਕਿਸੇ ਵੀ ਬੱਚੇ ਵਿਚ ਨਿੱਜ ਦਾ ਤਿੱਖਾ ਅਹਿਸਾਸ ਪੈਦਾ ਕਰ ਸਕਦੀਆਂ ਨੇ। ਉਹ ਲੋੜ ਨਾਲੋਂ ਕਿਤੇ ਵੱਧ ਮਹਿਸੂਸ ਕਰਨ ਲਗ ਪੈਂਦੈ। ਸੰਵੇਦਨਸ਼ੀਲ ਹੋ ਜਾਂਦੈ…ਫੇਰ ਜ਼ਿੰਦਗੀ ਵਿਚ ਸਿੱਧੇ-ਸਾਦੇ ਹਨੇਰੇ ਤੋਂ ਛੁੱਟ ਮਹਾ ਸ਼ੂਨਯ ਵੀ ਹੋਇਆ, ‘ਹੂ` ਦਾ ਮਕਾਮ…ਤੇ ਢੇਰ ਸਾਰੇ ਡਰ, ਭੈ, ਨਾ-ਉਮੀਦੀਆਂ ਜੋ ਦਿਲ ਵਿਚ ਹਰ ਵੇਲੇ ਕਾਂਬਾ ਛੇੜੀ ਰੱਖਦੀਆਂ ਨੇ, ਜਿਵੇਂ ਬਿਜਲੀ ਦੀ ਸੂਖਮ ਜਿਹੀ ਛੁਹ ਵੀ ਸਾਰੇ ਡਾਇਆਫਰਾਮ ਨੂੰ ਹਿਲਾ ਕੇ ਰੱਖ ਦਿੰਦੀ ਹੈ…ਬਾਕੀ ਦੀਆਂ ਗੱਲਾਂ, ਘਟਨਾਵਾਂ ਤੇ ਅਨੁਭਵ ਉਹੋ ਜਿਹੇ ਹੀ ਨੇ ਜੋ ਹਰ ਲੇਖਕ ਦੇ ਜੀਵਨ ਵਿਚ ਵਾਪਰਦੇ ਨੇ ਤੇ ਜਿਨ੍ਹਾਂ ਤੋਂ ਉਹ ਸਿੱਖਦੈ, ਨਿਖੇੜਦੈ ਤੇ ਅੰਤ ਕਾਗ਼ਜ਼ ਉੱਤੇ ਉਤਾਰਨ ਦਾ ਜਤਨ ਕਰਦੈ।
ਜਾਣਕਾਰੀ ਵਜੋਂ ਤਾਂ ਮੈਂ ਪੰਜਾਂ ਵਰ੍ਹਿਆਂ ਦੀ ਉਮਰ ਵਿਚ ਹੀ ਰਾਮਾਇਣ ਤੇ ਮਹਾਭਾਰਤ ਦੀਆਂ ਕਹਾਣੀਆਂ ਤੇ ਉਨ੍ਹਾਂ ਦੇ ਪਾਤਰਾਂ ਦਾ ਵਾਕਫ਼ ਹੋ ਚੁੱਕਿਆ ਸਾਂ। ਵੇਖ ਲਓ, ਰਾਮਾਇਣ ਕਿੰਨਾ ਵੱਡਾ ਗ੍ਰੰਥ ਹੈ, ਇਸ ਵਿਚ ਕਿੰਨੇ ਸੁੰਦਰ ਤੇ ਕੁਰਬਾਨੀ ਵਾਲੇ ਕਿਰਦਾਰ ਮੌਜੂਦ ਨੇ ਪਰ ਖ਼ਬਰੇ ਕਿਉਂ, ਮੈਨੂੰ ਸਭ ਤੋਂ ਵਧ ਹਮਦਰਦੀ ਸੁਗ੍ਰੀਵ ਨਾਲ ਹੁੰਦੀ ਸੀ ਜਿਸ ਦਾ ਵੱਡਾ ਭਰਾ ਬਾਲੀ, ਉਸ ਦੀ ਘਰ ਵਾਲੀ ਨੂੰ ਚੁੱਕ ਲਿਜਾਂਦੈ ਤੇ ਉਹ ਵਿਚਾਰਾ ਹੱਥ ਉੱਤੇ ਹੱਥ ਧਰ ਕੇ ਖੜ੍ਹੇ ਦਾ ਖੜ੍ਹਾ ਰਹਿ ਜਾਂਦੈ। ਜੇ ਕਿਤੇ ਭਗਵਾਨ ਰਾਮ ਦਾ ਆਉਣਾ ਓਸ ਪਾਸੇ ਨਾ ਹੋ ਜਾਂਦਾ ਤਾਂ ਵਿਚਾਰੇ ਨੇ ਰਹਿ ਜਾਣਾ ਸੀ ਛੜੇ ਦਾ ਛੜਾ। ਇਸੇ ਤਰ੍ਹਾਂ ਮੇਰਾ ਮਨ ਮਹਾਭਾਰਤ ਦੇ ਇਕ ਪਾਤਰ ਨੇ ਵੀ ਖਿੱਚਿਆ ਜਿਸ ਦਾ ਨਾਂ ਹੈ ਸ਼ਿਖੰਡੀ, ਖੁਸਰਾ…ਜਿਸ ਨੂੰ ਵਿਚਕਾਰ ਖੜ੍ਹਾ ਕਰ ਕੇ ਭੀਸ਼ਮ ਪਿਤਾਮਾ ਨੂੰ ਮਾਰਿਆ ਗਿਆ, ਵਰਨਾ ਉਨ੍ਹਾਂ ਕਿੱਥੇ ਮਰਨਾ ਸੀ? ਅੱਜ ਤਕ ਦੁੜੰਗੇ ਨਾ ਮਾਰਦੇ ਫਿਰਦੇ…
ਮਾਂ ਬਿਮਾਰ ਸੀ, ਇਸ ਲਈ ਮੇਰੇ ਪਿਤਾ ਨਿੱਤ ਇਕ ਪੈਸਾ ਕਿਰਾਇਆ ਦੇ ਕੇ ਕੋਈ ਨਾ ਕੋਈ ਕਿਤਾਬ ਲੈ ਆਉਂਦੇ ਸਨ ਤੇ ਮੇਰੀ ਮਾਂ ਕੋਲ ਬੈਠ ਕੇ ਉਸ ਨੂੰ ਸੁਣਾਇਆ ਕਰਦੇ ਸਨ। ਮੈਂ ਪੈਂਦ ਵਾਲੇ ਪਾਸੇ ਬੈਠਾ ਸੁਣਿਆ ਕਰਦਾ ਸਾਂ। ਇਸ ਦਾ ਨਤੀਜਾ ਇਹ ਹੋਇਆ ਕਿ ਸਕੂਲ ਦੀ ਉਮਰ ਤਕ ਮੈਂ ਟਾਡ ਦੇ ਰਾਜਸਥਾਨ ਤੇ ਸ਼ਰਲਕ ਹੋਮਜ਼ ਦੇ ਕਾਰਨਾਮਿਆਂ ਦਾ ਜਾਣੂ ਹੋ ਚੁੱਕਿਆ ਸੀ। ਜਿਸ ਦੀ ਕੋਈ ਸਮਝ ਨਾ ਆ ਸਕੀ, ਉਹ ਸੀ ‘ਮਿਸਟਰੀਜ਼ ਆਫ ਦੀ ਕੋਰਟ ਆਫ ਪੈਰਿਸ’…ਮੈਨੂੰ ਤਾਂ ਕੇਵਲ ਇਹ ਚੇਤੇ ਹੈ ਕਿ ਮੇਰੇ ਪਿਤਾ ਉਸ ਨੂੰ ਬੜੇ ਚਟਖਾਰੇ ਨਾਲ ਪੜ੍ਹਿਆ ਕਰਦੇ ਸਨ ਤੇ ਮੈਨੂੰ ਇਹੋ ਹੈਰਾਨੀ ਹੋਈ ਰਹਿੰਦੀ ਸੀ ਕਿ ਫ਼ਲਾਣਾ ਬੰਦਾ ਹਰ ਵਾਰੀ ਕਿਸੇ ਨਵੀਂ ਤੀਵੀਂ ਨਾਲ ਕਿਉਂ ਗੜਬੜ ਕਰਦੈ। ਓਦੋਂ ਤਕ ਮੈਨੂੰ ਸੋਝੀ ਹੋ ਚੁੱਕੀ ਸੀ ਕਿ ਤੀਵੀਆਂ ਦੇ ਪਿੱਛੇ ਪਏ ਰਹਿਣਾ ਕੋਈ ਭਲਮਾਣਸੀ ਵਾਲੀ ਗੱਲ ਨਹੀਂ ਹੁੰਦੀ। ਇਹ ਵੀ ਖ਼ਿਆਲ ਬਣ ਗਿਆ ਸੀ ਕਿ ਤੀਵੀਂ ਬੜੀ ਗੰਦੀ ਚੀਜ਼ ਹੁੰਦੀ ਹੈ…ਸੋ ਮੈਂ ਅੱਕ ਕੇ ਸੌਂ ਜਾਂਦਾ।
ਇਸ ਤੋਂ ਪਿੱਛੋਂ ਮੇਰੇ ਚਾਚੇ ਨੇ ਇਕ ਸਟੀਮ ਪ੍ਰੈੱਸ ਮੁੱਲ ਲੈ ਲਿਆ ਜਿਸ ਨਾਲ ਪੰਜ ਛੇ ਹਜ਼ਾਰ ਕਿਤਾਬਾਂ ਵੀ ਆਈਆਂ। ਪ੍ਰਾਇਮਰੀ ਤੋਂ ਮਿਡਲ ਤਕ ਪੁੱਜਦਿਆਂ ਮੈਂ ਉਨ੍ਹਾਂ ਸਾਰੀਆਂ ਵਿਚੋਂ ਲੰਘ ਗਿਆ। ਮੈਂ ਇਕ ਸਿਲਵਰ ਫਿਸ਼ ਸਾਂ ਜੋ ਹਰ ਪੁਰਾਣੀ ਕਿਤਾਬ ਦੇ ਅੰਦਰੋਂ ਨਿਕਲ ਆਉਂਦੀ ਹੈ ਤੇ ਜਾਂ ਫੇਰ ਬੁੱਕ-ਮਾਰਕ ਸਾਂ ਜੋ ਸਮਝਦਾਰ ਪਬਲਿਸ਼ਰ ਹਰ ਨਵੀਂ ਕਿਤਾਬ ਵਿਚ ਪਾ ਦਿਆ ਕਰਦੇ ਨੇ। ਮੈਨੂੰ ਗਿਆਨ ਤਾਂ ਭਾਵੇਂ ਕਰੀਬ-ਕਰੀਬ ਹਰ ਚੀਜ਼ ਦਾ ਹੋ ਚੁੱਕਾ ਸੀ ਪਰ ਕਰਤੱਵ ਵਜੋਂ ਸੱਖਣਾ ਸਾਂ। ਗਿਆਨ ਤੇ ਕਰਮ ਵਿਚ ਵਿੱਥ ਦੇ ਕਾਰਨ ਜੋ ਵੀ ਦੁਰਘਟਨਾ ਵਾਪਰ ਸਕਦੀ ਹੈ, ਉਹ ਵਾਪਰੀ। ਮੈਨੂੰ ਹਰ ਤਜਰਬੇ ਦੀ ਸੂਲੀ ਉੱਤੇ ਚੜ੍ਹਨਾ ਪਿਆ। ਸ਼ਾਇਦ ਮੇਰੇ ਲਈ ਇਹ ਜ਼ਰੂਰੀ ਵੀ ਸੀ।
ਜ਼ਿੰਦਗੀ ਦੀ ਅਜਿਹੀ ਨੀਂਹ ਦਾ ਵਿਸਤਾਰ ਦੇਣ ਪਿੱਛੋਂ ਬਾਕੀ ਦੀਆਂ ਘਟਨਾਵਾਂ ਦੀ ਮਹੱਤਤਾ ਦੂਜ ਵਾਲੀ ਬਣ ਜਾਂਦੀ ਹੈ। ਜਿਵੇਂ, ਮੈਟ੍ਰਿਕ ਪਾਸ ਕੀਤਾ; ਕਾਲਜ ਵਿਚ ਦਾਖ਼ਲਾ ਲਿਆ; ਅੰਗਰੇਜ਼ੀ ਤੇ ਪੰਜਾਬੀ ਵਿਚ ਛੰਦਾ-ਬੰਦੀ ਕੀਤੀ; ਉਰਦੂ ਵਿਚ ਕਹਾਣੀਆਂ ਲਿਖੀਆਂ; ਮਾਂ ਚੜ੍ਹਾਈ ਕਰ ਗਈ; ਡਾਕਖਾਨੇ ਵਿਚ ਨੌਕਰੀ ਕੀਤੀ; ਵਿਆਹ ਹੋਇਆ; ਬੱਚਾ ਹੋਇਆ; ਪਿਤਾ ਜੀ ਵੀ ਪਰਲੋਕ ਸਿਧਾਰ ਗਏ; ਬੱਚਾ ਵੀ ਅੱਖਾਂ ਮੀਟ ਗਿਆ; ਨੌਂ ਸਾਲ ਡਾਕਖਾਨੇ ਦੀ ਨੌਕਰੀ ਪਿਛੋਂ ਰੇਡੀਓ ਵਿਚ ਚਲਾ ਗਿਆ…ਦੇਸ਼ ਦੀ ਵੰਡ ਹੋਈ…ਮਾਰ-ਧਾੜ…ਲਹੂ-ਭਿੱਜੇ ਪਿੰਡੇ…ਰੇਲ ਦੀ ਛੱਤ ਉੱਤੇ ਨੰਗਿਆਂ ਬੈਠ ਕੇ ਦਿੱਲੀ ਪਹੁੰਚਿਆ…ਜੰਮੂ ਰੇਡੀਓ ਸਟੇਸ਼ਨ ਦਾ ਡਾਇਰੈਕਟਰ…ਰਾਜ ਦੇ ‘ਲੋਕਤੰਤਰੀ ਪ੍ਰਬੰਧ` ਨਾਲ ਲੜਾਈ…ਫੇਰ ਅੱਛੀਆਂ ਫਿਲਮਾਂ, ਵੱਡੀਆਂ ਫਿਲਮਾਂ…ਕਦੀ ਕਦੀ, ਵਿਚ ਵਿਚ, ਕਹਾਣੀਆਂ ਦੀ ਕੋਈ ਕਿਤਾਬ…ਫੇਰ, ਹੱਥ ਕਟਾਉਂਦੇ ਰਹੇ:
ਲਿਖਤੇ ਰਹੇ ਜਨੂੰ ਕੀ ਹਿਕਾਯਾਤਿ ਖੂੰਚਕਾਂ
ਹਰ ਚੰਦ ਇਸ ਮੇਂ ਹਾਥ ਹਮਾਰੇ ਕਲਮ ਹੂਏ
(ਅਸੀਂ ਆਪਣੇ ਹੱਥ ਤਾਂ ਕਟਵਾ ਲਏ ਪਰ ਆਪਣੇ ਸ਼ੁਦਾ ਦੀਆਂ ਲਹੂ-ਭਿੱਜੀਆਂ ਕਥਾਵਾਂ ਲਿਖਣੋਂ ਨਹੀਂ ਟਲੇ)
ਫੇਰ ਥੋੜ੍ਹਾ ਜਿਹਾ ਇਸ਼ਕ…ਅਜਿਹੇ ਪਲ ਜੋ ਮਹਾਤਮਾ ਬੁੱਧ ਉੱਤੇ ਵੀ ਨਹੀਂ ਸਨ ਆਏ; ਉਹੋ ਜਿਹੇ ਪਲ ਜੋ ਅਜਾਮੱਲ ਵੀ ਨਾ ਹੰਢਾ ਸਕਿਆ…ਵਹੁਟੀ ਵਿਚ ਦਿਲਚਸਪੀ ਦੀ ਸਮਾਪਤੀ, ਵਹੁਟੀ ਵੱਲੋਂ ਮੁਹੱਬਤ ਦਾ ਅੰਤ…ਕਾਰਨ? ਅਧੇੜ ਉਮਰ ਦਾ ਸ਼ੁਦਾ…ਜੇਠੇ ਮੁੰਡੇ ਵੱਲੋਂ ਮੈਨੂੰ ਕਾਰੋਬਾਰੀ ਤੌਰ ਉੱਤੇ ਅਨਾੜੀ ਸਮਝਿਆ ਜਾਣਾ ਤੇ ਮੇਰੇ ਵੱਲੋਂ ਉਸ ਨੂੰ ਪੈਸੇ ਦਾ ਪੀਰ ਤੇ ਗ਼ੈਰ-ਜ਼ਿੰਮੇਵਾਰ ਸਮਝਿਆ ਜਾਣਾ…ਕੀ ਗੱਲ ਬਣੀ?
ਮੇਰੇ ਵਿਸ਼ਵਾਸ ਕੀ ਨੇ? ਕੋਈ ਨਹੀਂ। ਮੇਰੀਆਂ ਆਸਾਂ-ਨਿਰਾਸਾਂ ਕੀ ਨੇ? ਕੋਈ ਨਹੀਂ। ਮੈਂ ਆਪਣੀ ਸਿਆਣਪ ਕਰ ਕੇ ਕਿਸੇ ਔਰਤ ਨਾਲ ਪਿਆਰ ਨਹੀਂ ਕਰਦਾ ਤੇ ਉਹ ਆਪਣੀ ਬੇਵਕੂਫ਼ੀ ਕਾਰਨ ਮੇਰੇ ਨਾਲ ਨਹੀਂ ਕਰਦੀ, ਕਿਉਂਕਿ ਮੈਂ ਲੋਭ ਤੇ ਪ੍ਰੇਮ ਦੇ ਭੇਦ ਦਾ ਜਾਣੂ ਹਾਂ। ਬਿਨਾ ਇੱਛਾ ਦੇ ਮੇਰੀ ਇਕ ਇੱਛਾ ਹੈ ਕਿ ਮੈਂ ਲਿਖੀ ਜਾਵਾਂ…ਪੈਸਿਆਂ ਦੀ ਖ਼ਾਤਰ ਨਹੀਂ, ਨਾ ਕਿਸੇ ਪਬਲਿਸ਼ਰ ਲਈ, ਬੱਸ ਲਿਖਣ ਲਈ। ਮੈਨੂੰ ਕਿਸੇ ਧਰਮ ਗ੍ਰੰਥ ਦੀ ਲੋੜ ਨਹੀਂ ਕਿਉਂਕਿ ਇਨ੍ਹਾਂ ਛੁੱਟੜ ਕਿਤਾਬਾਂ ਤੋਂ ਵਧੀਆ ਮੈਂ ਆਪ ਲਿਖ ਸਕਦਾ ਹਾਂ। ਮੈਨੂੰ ਕਿਸੇ ਗੁਰੂ, ਉਸਤਾਦ, ਕਿਸੇ ਦੀਖਿਆ ਦੀ ਭਾਲ ਨਹੀਂ ਕਿਉਂਕਿ ਹਰ ਬੰਦਾ ਆਪਣਾ ਗੁਰੂ ਆਪ ਹੀ ਹੋ ਸਕਦੈ ਤੇ ਆਪ ਈ ਚੇਲਾ ਵੀ। ਬਾਕੀ ਸਭ ਦੁਕਾਨਦਾਰੀ ਹੈ। ਮੈਂ ਹਰੇ ਕਚੂਚ ਪੱਤਿਆਂ ਤੇ ਚੰਬੇ ਦੇ ਫੁੱਲਾਂ ਨਾਲ ਗੱਲਾਂ ਕੀਤੀਆਂ ਨੇ ਤੇ ਉਨ੍ਹਾਂ ਤੋਂ ਜਵਾਬ ਵੀ ਮਿਲੇ ਨੇ। ਮੈਂ ਕਾਮ-ਵਿਦਿਆ ਜਾਣਦਾ ਹਾਂ। ਮੇਰਾ ਕੁੱਤਾ ਮੈਨੂੰ ਸਮਝਦੈ ਤੇ ਮੈਂ ਉਸ ਨੂੰ ਸਮਝਦਾ ਹਾਂ। ਮੈਨੂੰ ਕਿਸੇ ਸਤਯ, ਕਿਸੇ ਮੋਖ ਦੀ ਲੋੜ ਨਹੀਂ। ਜੇ ਭਗਵਾਨ ਮਨੁੱਖ ਬਣਾਉਣ ਦਾ ਮੂੜਪੁਣਾ ਕਰਦੈ ਤਾਂ ਮੈਂ ਮਨੁੱਖ ਹੋ ਕੇ ਭਗਵਾਨ ਬਣਾਉਂਦੇ ਰਹਿਣ ਦੀ ਬੇਵਕੂਫ਼ੀ ਕਿਉਂ ਕਰਾਂ? ਜੇ ਸਤਯ ਨੂੰ ਮੇਰੀ ਲੋੜ ਹੈ ਤਾਂ ਉਹ ਭੂਤ ਤੇ ਭਵਿੱਖ ਤੋਂ ਬੇਨਿਆਜ਼ ਹੋ ਕੇ ਪੂਰਨ ਸੁੰਨ ਅਵਸਥਾ ਦੇ ਕਿਸੇ ਵੀ ਛਿਨ ਵਿਚ ਮੈਨੂੰ ਆਪਣੇ ਆਪ ਲੱਭੇਗਾ। ਮੈਂ ਇਕ ਸਾਦੇ ਮਨੁੱਖ ਵਾਂਗ ਜਿਉਣਾ ਲੋਚਦਾ ਹਾਂ, ਲੋਚਾ ਤੋਂ ਬਿਨਾ। ਉਸ ਅਵਸਥਾ ਉੱਤੇ ਪਹੁੰਚਣ ਦੀ ਇੱਛਾ ਹੈ, ਇੱਛਾ ਤੋਂ ਮੁਕਤ ਹੋ ਕੇ ਜਿਸ ਨੂੰ ਆਮ ਲੋਕਾਂ ਦੀ ਬੋਲੀ ਵਿਚ ‘ਸਹਿਜ ਅਵਸਥਾ` ਕਿਹਾ ਜਾਂਦੈ ਤੇ ਜੋ ਗਿਆਨ ਉਪਰੰਤ ਹੀ ਵਿਆਪਦੀ ਹੈ ਤੇ… ਗਿਆਨ ਮੇਰੇ ਪਾਸ ਹੈ ਨਹੀਂ।