ਆਪਣੇ ਅਭਿਨੈ ਨਾਲ ਕਿਰਦਾਰਾਂ `ਚ ਜਾਨ ਪਾਉਣ ਵਾਲੀ ਲੀਨਾ ਮਾਰੀਆ ਓਲਿਨ

ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
ਜਿ਼ਆਦਾਤਰ ਕਲਾ ਪ੍ਰੇਮੀਆਂ ਵਾਂਗ, ਉੱਘੇ ਫਿਲਮ ਨਿਰਮਾਤਾ ਲੇਸੇ ਹਾਲਸਟ੍ਰੌਮ ਨੇ ਫਿਲਮ ਨਿਰਮਾਣ ਤੋਂ ਪਹਿਲਾਂ ਕਦੇ ਵੀ ਚਿੱਤਰਕਾਰ ਹਿਲਮਾ ਅਫ ਕਲਿੰਟ (1862-1944) ਬਾਰੇ ਨਹੀਂ ਸੁਣਿਆ ਸੀ, ਜਿਸ ਨੇ ਅਮੂਰਤ ਪੇਂਟਿੰਗ ਦੀ ਸੁ਼ਰੂਆਤ ਕੀਤੀ ਸੀ।

ਹਿਲਮਾ ਅਫ ਕਲਿੰਟ ਨੂੰ ਉਸਦੇ ਜੀਵਨ ਕਾਲ ਦੌਰਾਨ ਅਣਡਿੱਠ ਅਤੇ ਨਜ਼ਰ-ਅੰਦਾਜ਼ ਕੀਤਾ ਗਿਆ ਪਰ 2019 ਵਿਚ ਗੁਗੇਨਹਾਈਮ ਮਿਊਜ਼ੀਅਮ ਵਿਚ ਜਦੋਂ ਉਸਦੇ ਕੰਮ ਨੂੰ ਪ੍ਰਦਰਸ਼ਿਤ ਕੀਤਾ ਗਿਆ ਤਾਂ ਉਸਦੇ ਆਰਟ ਨੇ ਕਲਾ ਦੀ ਦੁਨੀਆ ਵਿਚ ਕ੍ਰਾਂਤੀ ਲਿਆ ਦਿੱਤੀ ਪਰ ਹਿਲਮਾ ਦੀ 1944 ਵਿਚ ਮੌਤ ਹੋ ਗਈ, ਇਕ ਅਣਜਾਣ ਔਰਤ ਦੇ ਰੂਪ ਵਿਚ, ਜਿਸਨੇ ਐਬਸਟਰੈਕਟ ਪੇਂਟਿੰਗ ਦੀ ਕਾਢ ਕੱਢੀ। ਮਗਰੋਂ ਉੱਘੇ ਫਿਲਮ ਨਿਰਮਾਤਾ ਲੇਸੇ ਹਾਲਸਟ੍ਰੌਮ ਇਸ ਭੁੱਲੀ ਹੋਈ ਸ਼ਖਸੀਅਤ ਦੀ ਜੀਵਨ ਕਹਾਣੀ ਨੂੰ ਵੱਡੇ ਪਰਦੇ ‘ਤੇ ਲੈ ਕੇ ਆਏ। ਉਨ੍ਹਾਂ ਹਿਲਮਾ ਦੇ ਜੀਵਨ ਅਤੇ ਸ਼ਿਲਪਕਾਰੀ ਦਾ ਵਰਣਨ ਕਰਦੀ ‘ਹਿਲਮਾ’ ਨਾਂ ਦੀ ਫਿਲਮ ਬਣਾਈ, ਜਿਸ ਦੀ ਕਾਫੀ ਪ੍ਰਸੰ਼ਸਾ ਹੋਈ। ਇਸ ਫਿਲਮ ਵਿਚ ਹਿਲਮਾ ਦਾ ਕਿਰਦਾਰ ਆਸਕਰ ਨਾਮਜ਼ਦ ਅਦਾਕਾਰਾ ਲੀਨਾ ਮਾਰੀਆ ਓਲਿਨ ਨੇ ਆਪਣੇ ਜਾਨਦਾਰ ਅਭਿਨੈ ਨਾਲ ਪੇਸ਼ ਕੀਤਾ। ਲੀਨਾ ਦੇ ਉਚ-ਸ਼੍ਰੇਣੀ ਅਭਿਨੈ ਦੀ ਸਭ ਨੇ ਪ੍ਰਸ਼ੰਸਾ ਕੀਤੀ।
ਪਿਛਲੇ ਦਿਨੀਂ ਲੀਨਾ ਮਾਰੀਆ ਓਲਿਨ ਸ਼ਿਕਾਗੋ ਦੇ ਜੀ.ਐਸ. ਆਰਟ ਹਾਲ ਵਿਚ ਇਕ ਫਿਲਮੀ ਸਮਾਰੋਹ ਵਿਚ ਸ਼ਾਮਲ ਹੋਈ। ਜਿੱਥੇ ਉਸ ਦੀਆਂ ਕਲਾ ਖੇਤਰ ਵਿਚ ਪ੍ਰਾਪਤੀਆਂ ਲਈ ਉਸ ਦਾ ਸਨਮਾਨ ਕੀਤਾ ਗਿਆ, ਉਸਨੂੰ ਖੁਸ਼ਆਮਦੀਦ ਕਹਿਣ ਲਈ ਸਿਨੇ ਆਰਟਸਿਟ ਤੇ ਫਿਲ਼ਮ ਇੰਡਸਟਰੀ ਦੀਆਂ ਕਈ ਸ਼ਖਸੀਅਤਾਂ ਨੇ ਹਾਜ਼ਰੀ ਲੁਆਈ।
ਲੀਨਾ ਮਾਰੀਆ ਓਲਿਨ ਉਨ੍ਹਾਂ ਚੋਣਵਂੇ ਅਦਾਕਾਰਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੇ ਟੈਲੀਵਿਜ਼ਨ, ਥਿਏਟਰ, ਫਿਲ਼ਮਾਂ ਵਿਚ ਵੱਖ ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਕੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ। ਉਸ ਨੇ ਆਪਣੀ ਮਿਆਰੀ ਅਦਾਕਾਰੀ ਨਾਲ ਸਫਲਤਾ ਦੀਆਂ ਉਚਾਈਆਂ ਛੋਹੀਆਂ। ਆਪਣੀ ਕਲਾ ਦੇ ਬਲਬੂਤੇ ਆਸਕਰ, ਬਾਫਟਾ, ਗੋਲਡਨ ਗਲੋਬ, ਪ੍ਰਾਈਮ ਟਾਈਮ ਜਿਹੇ ਵੱਕਾਰੀ ਐਵਾਰਡ ਲਈ ਨਾਮਜ਼ਦ ਹੋ ਕੇ ਆਪਣੇ ਆਪ ਨੂੰ ਫਿਲਮੀ ਦੁਨੀਆ ਦੀਆਂ ਸਰਪ੍ਰਥਮ ਅਦਾਕਾਰਾਂ ਵਿਚ ਸ਼ਾਮਿਲ ਕੀਤਾ।
ਓਲਿਨ ਦਾ ਜਨਮ 22 ਮਾਰਚ, 1955 ਨੂੰ ਹੋਇਆ। ਉਹ ਮਸ਼ਹੂਰ ਅਦਾਕਾਰ ਬ੍ਰਿਟਾ ਹੋਮਬਰਗ (19212004) ਅਤੇ ਸਟਿਗ ਓਲਿਨ (19202008) ਦੇ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟੀ ਸੀ। ਮਾਤਾ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਉਸਨੇ ਬਚਪਨ ਵਿਚ ਹੀ ਨਾਟਕਾਂ ਵਿਚ ਕੰਮ ਕਰਨਾ ਸੁ਼ਰੂ ਕਰ ਦਿੱਤਾ।
ਅਭਿਨੈ ਦੀਆਂ ਡੂੰਘੀਆਂ ਬਾਰੀਕੀਆਂ ਸਮਝਣ ਲਈ ਉਸ ਨੇ ਨੈਸ਼ਨਲ ਅਕੈਡਮੀ ਆਫ਼ ਡਰਾਮੈਟਿਕ ਆਰਟ ਵਿਚ ਅਦਾਕਾਰੀ ਦੀ ਪੜ੍ਹਾਈ ਕੀਤੀ। ਅਕਤੂਬਰ 1974 ਵਿਚ, 19 ਸਾਲ ਦੀ ਉਮਰ ਵਿਚ, ਓਲਿਨ ਨੂੰ ਮਿਸ ਸੁੰਦਰੀ 1974 ਦਾ ਤਾਜ ਪਹਿਨਾਇਆ ਗਿਆ। ਉਸ ਨੇ ਰਾਇਲ ਡਰਾਮੈਟਿਕ ਥੀਏਟਰ-ਐਨਸੈਂਬਲ ਵਿਚ ਵਿਲੀਅਮ ਸ਼ੇਕਸਪੀਅਰ ਅਤੇ ਅਗਸਤ ਸਟ੍ਰਿੰਡਬਰਗ ਦੇ ਕਲਾਸਿਕ ਨਾਟਕਾਂ ਵਿਚ ਚੰਗੀ ਅਦਾਕਾਰੀ ਪੇਸ਼ ਕਰ ਕੇ ਰੱਜਵੀਂ ਵਾਹ ਵਾਹ ਹਾਸਲ ਕੀਤੀ।
ਫਿਲਮ ਨਿਰਮਾਤਾ ਇੰਗਮਾਰ ਬਰਗਮੈਨ ਨੇ ਉਸਦੀ ਪ੍ਰਤਿਭਾ ਨੂੰ ਪਹਿਚਾਣਿਆ ਤੇ ਉਸਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ। ਉਸਨੂੰ ਫਿਲਮਾਂ ਵਿਚ ਕੰਮ ਕਰਨ ਲਈ ਪੇ੍ਰਰਿਤ ਕੀਤਾ। ਇੰਗਮਾਰ ਬਰਗਮੈਨ ਨੇ ਓਲਿਨ ਨੂੰ ਫੇਸ ਟੂ ਫੇਸ (1976) ਵਿਚ ਕਾਸਟ ਕੀਤਾ।
ਲੀਨਾ ਮਾਰੀਆ ਓਲਿਨ ਦੇ ਕਰੀਅਰ ਵਿਚ ਬਰਗਮੈਨ ਦਾ ਵੱਡਾ ਯੋਗਦਾਨ ਰਿਹਾ ਹੈ। ਉਸ ਤੋਂ ਇਕ ਸਾਲ ਬਾਅਦ ਬਰਗਮੈਨ ਦੇ ਕਿੰਗ ਲੀਅਰ ਦੇ ਨਿਰਮਾਣ (ਜਿਸ ਵਿਚ ਓਲਿਨ ਨੇ ਕੋਰਡੇਲੀਆ ਦੀ ਭੂਮਿਕਾ ਨਿਭਾਈ ਸੀ) ਦੇ ਨਾਲ ਉਸਨੇ ਦੁਨੀਆ ਦਾ ਦੌਰਾ ਕੀਤਾ- ਪੈਰਿਸ, ਬਰਲਿਨ, ਨਿਊਯਾਰਕ, ਕੋਪਨਹੇਗਨ, ਮਾਸਕੋ, ਅਤੇ ਓਸਲੋ ਵਿਚ ਸ਼ੋਅ ਕੀਤੇ। ਹਰ ਥਿਏਟਰ ਸੋ਼ਅ ਵਿਚ ਓਲਿਨ ਦੇ ਅਭਿਨੈ ਦੀ ਆਲੋਚਨਾਤਮਕ ਤੌਰ ‘ਤੇ ਭਰਵੀਂ ਪ੍ਰਸ਼ੰਸਾ ਕੀਤੀ ਗਈ। ਸਟੇਜ ਪ੍ਰਦਰਸ਼ਨਾਂ ਵਿਚ ਸਟ੍ਰਿੰਡਬਰਗ ਦੁਆਰਾ ‘ਦਿ ਡਾਟਰ ਇਨ ‘ਏ ਡ੍ਰੀਮ ਪਲੇਅ’, ‘ਦਿ ਮਾਸਟਰ ਅਂੈਡ ਮਾਰਗਰੀਟਾ’ ਦੇ ਸਟੇਜ ਅਡੈਪਸ਼ਨ ਮਿਖਾਇਲ ਬੁਲਗਾਕੋਵ ਦੁਆਰਾ, ਕਾਰਲੋ ਗੋਲਡੋਨੀ ਦੀ ‘ਦ ਸਰਵੈਂਟ ਆਫ ਟੂ ਮਾਸਟਰਜ਼’, ਐਡਵਰਡ ਦੇ ‘ਬਾਂਡਜ਼ ਸਮਰ’ ਵਿਚ ਐਨ.ਦਾ ਰੋਲ, ਸ਼ੇਕਸਪੀਅਰ ਦੁਆਰਾ ‘ਇਕ ਮਿਡਸਮਰ ਨਾਈਟਸ ਡ੍ਰੀਮ’ ਵਿਚ ਟਾਈਟਾਨੀਆ, ਬੈਨ ਜੌਨਸਨ ਦੀ ‘ਦਿ ਅਲਕੇਮਿਸਟ’ ਨਾਟਕਾਂ ਵਿਚ ਰੋਲ ਅਦਾ ਕੀਤਾ ਤੇ ਉਸ ਦੇ ਅਭਿਨੈ ਦੀ ਸਭ ਨੇ ਤਾਰੀਫ਼ ਕੀਤੀ।
ਇੰਗਮਾਰ ਬਰਗਮੈਨ ਦੁਆਰਾ ਸਟ੍ਰਿੰਡਬਰਗ ਚੋਣਵਂੇ ਸਟੇਜ ਡਰਾਮਾ ਵਿਚ ਓਲਿਨ ਨੂੰ ‘ਮਿਸ ਜੂਲੀ’ ਮੁੱਖ ਨਾਇਕਾ ਦੀ ਭੂਮਿਕਾ ਵਿਚ ਆਪਣੀ ਪ੍ਰਤਿਭਾ ਨੂੰ ਜ਼ਾਹਿਰ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਸ ਨੇ ਬਰਗਮੈਨ ਦੀਆਂ ਫਿਲਮਾਂ ‘ਫੈਨੀ ਐਂਡ ਅਲੈਗਜ਼ੈਂਡਰ’ (1982) ਅਤੇ ‘ਰਿਹਰਸਲ’ (1984) ਵਿਚ ਭੂਮਿਕਾਵਾਂ ਨਿਭਾਈਆਂ। ਉਸ ਨੇ ‘ਦਿ ਅਨਬਰੈਬਲ ਲਾਈਟਨੇਸ ਆਫ਼ ਬੀਇੰਗ’ (1988) ਵਿਚ ਪਰਪੱਕ ਕਲਾਕਾਰੀ ਨਾਲ ਅੰਤਰਰਾਸ਼ਟਰੀ ਸਫਲਤਾ ਹਾਸਲ ਕੀਤੀ, ਜਿਸ ਨੇ ਉਸਨੂੰ ਸਰਵੋਤਮ ਸਹਾਇਕ ਅਦਾਕਾਰਾ – ਮੋਸ਼ਨ ਪਿਕਚਰ – ਗੋਲਡਨ ਗਲੋਬ ਐਵਾਰਡ ਲਈ ਨਾਮਜ਼ਦ ਕੀਤਾ। ਇਸ ਫਿਲਮ ਲਈ ਉਸ ਨੂੰ ਨੈਸ਼ਨਲ ਸੁਸਾਇਟੀ ਆਫ ਫਿਲ਼ਮ ਕ੍ਰਿਟੀਕ ਵਲੋਂ ਵੀ ਬੈਸਟ ਸਹਾਇਕ ਕਲਾਕਾਰ ਵਰਗ ਵਿਚ ਨਾਮਜ਼ਦ ਕੀਤਾ ਗਿਆ।
ਓਲਿਨ ਨੇ ਕਿਸੇ ਖਾਸ ਇਮੇਜ ਵਿਚ ਬੱਝਣ ਦੀ ਬਜਾਏ ਹਰ ਤਰ੍ਹਾਂ ਦੀਆਂ ਭੂੁਮਿਕਾਵਾਂ ਨੂੰ ਪਹਿਲ ਦਿੱਤੀ। ਕਾਮੇਡੀ ਬਹੁਤ ਔਖੀ ਅਭਿਨੈ ਕਲਾ ਹੈ। ਉਸਨੇ ਕਾਮੇਡੀ-ਡਰਾਮਾ ‘ਐਨੀਮੀਜ਼, ਏ ਲਵ ਸਟੋਰੀ’ (1989) ਵਿਚ ਜ਼ਬਰਦਸਤ ਐਕਟਿੰਗ ਨਾਲ ਰੱਜਵੀਂ ਪ੍ਰਸ਼ੰਸਾ ਖੱਟੀ, ਜਿਸ ਲਈ ਉਸਨੂੰ ਸਰਬੋਤਮ ਸਹਾਇਕ ਅਭਿਨੇਤਰੀ ਲਈ ਅਕੈਡਮੀ ਐਵਾਰਡ ਲਈ ਨਾਮਜ਼ਦਗੀ ਪ੍ਰਾਪਤ ਹੋਈ। ਨਿਊ ਯਾਰਕ ਫਿਲਮ ਸਰਕਲ ਕ੍ਰਿਟੀਕ ਐਵਾਰਡ ਸਹਾਇਕ ਅਦਾਕਾਰ ਲਈ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਇਸੇ ਰੋਲ ਲਈ ਉਸ ਨੂੰ ਨੈਸ਼ਨਲ ਸੁਸਾਇਟੀ ਆਫ ਫਿਲ਼ਮ ਕ੍ਰਿਟੀਕ ਵਲੋਂ ਬੈਸਟ ਸਹਾਇਕ ਕਲਾਕਾਰ ਦੇ ਤੌਰ `ਤੇ ਨਾਮਜ਼ਦ ਕੀਤਾ ਗਿਆ।
ਫਿਲਮ ‘ਚਾਕਲੇਟ’ (2000), ਲਈ ਉਸਨੇ ਸਹਾਇਕ ਭੂਮਿਕਾ ਵਿਚ ਸਰਵੋਤਮ ਅਭਿਨੇਤਰੀ ਲਈ ਬਾਫਟਾ ਐਵਾਰਡ ਲਈ ਨਾਮਜ਼ਦਗੀ ਪ੍ਰਾਪਤ ਕੀਤੀ। ਉਸ ਦੀਆਂ ਹੋਰ ਫਿਲਮਾਂ ਵਿਚ ‘ਦਿ ਐਡਵੈਂਚਰਜ਼ ਆਫ਼ ਪਿਕਾਸੋ’ (1978), ‘ਹਵਾਨਾ’ (1990) ਤੇ ‘ਰੋਮੀਓ ਇਜ਼ ਬਲੀਡਿੰਗ’ (1993), ਵਿਚ ਮਹੱਤਵਪੂਰਨ ਰੋਲ ਨਿਭਾਉਣ ਲਈ ਉਸ ਨੂੰ ਸ਼ਿਕਾਗੋ ਫਿਲਮ ਕ੍ਰਿਟੀਕ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ‘ਮਿਸਟਰ ਜੋਨਸ’ (1993), ‘ਦ ਨਾਇਨਥ ਗੇਟ’ (1999), ‘ਕੁਈਨ ਆਫ਼ ਦ ਡੈਮਡ’ (2002), ‘ਕੈਸਾਨੋਵਾ’ (2005) ਲਈ ਉਸ ਨੂੰ ਸਹਾਇਕ ਅਭਿਨੇਤਰੀ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ‘ਦਿ ਰੀਡਰ’ (2008), ‘ਰੀਮੈਂਬਰ ਮੀ’ (2010), ‘ਮਾਇਆ ਡਾਰਡੇਲ’ (2017), ਅਤੇ ‘ਦਿ ਆਰਟਿਸਟ ਵਾਈਫ’ (2019) ਫਿਲਮਾਂ ਨਾਲ ਓਲਿਨ ਨੇ ਆਪਣੀ ਐਕਟਿੰਗ ਕਲਾ ਵਿਚ ਨਿਪੁੰਨ ਹੋਣ ਦਾ ਸਬੂਤ ਦਿੱਤਾ।
ਟੈਲੀਵਿਜ਼ਨ ‘ਤੇ, ਓਲਿਨ ਨੇ ਜਾਸੂਸੀ ਥ੍ਰਿਲਰ ‘ਅਲੀਅਸ’ (2002-2006) ਵਿਚ ਕੇ. ਜੀ.ਬੀ. ਏਜੰਟ ਇਰੀਨਾ ਡੇਰੇਵਕੋ ਦੇ ਰੂਪ ਵਿਚ ਅਭਿਨੈ ਕੀਤਾ। ਇਸ ਲਾਜਵਾਬ ਕਿਰਦਾਰ ਵਿਚ ਆਪਣੀ ਕਲਾ ਦਾ ਨਮੂਨਾ ਪੇਸ਼ ਕਰ ਕੇ ਉਸਨੇ ਇਸ ਡਰਾਮਾ ਲੜੀ ਵਿਚ ਉੱਤਮ ਸਹਾਇਕ ਅਭਿਨੇਤਰੀ ਲਈ ਪ੍ਰਾਈਮਟਾਈਮ ਐਮੀ ਐਵਾਰਡ ਲਈ ਨਾਮਜ਼ਦਗੀ ਪ੍ਰਾਪਤ ਕੀਤੀ। ਉਸ ਦੀਆਂ ਹੋਰ ਟੈਲੀਵਿਜ਼ਨ ਭੂਮਿਕਾਵਾਂ ਵਿਚ ਸਿਟਕਾਮ ‘ਵੈਲਕਮ ਟੂ ਸਵੀਡਨ’ (20142015), ਡਰਾਮਾ ਲੜੀ ‘ਰਿਵੇਰਾ’ (20172020), ਅਤੇ ਡਰਾਮਾ ਲੜੀ ‘ਹੰਟਰਜ਼’ (20202023) ਸ਼ਾਮਲ ਹਨ।
2008 ਵਿਚ, ਓਲਿਨ ਨੇ ਆਸਕਰ-ਨਾਮਜ਼ਦ ਫਿਲਮ ਦਿ ਰੀਡਰ (2008) ਵਿਚ ਛੋਟੀ ਪਰ ਮਹੱਤਵਪੂਰਨ ਭੂਮਿਕਾ ਨਿਭਾਈ। ਆਪਣੀ ਫਨਕਾਰੀ ਦੇ ਖਾਸ ਅੰਦਾਜ਼ ਵਿਚ ਇਸ ਮਿਸਾਲੀ ਕਿਰਦਾਰ ਨੂੰ ਨਿਭਾ ਕੇ ਉਸਨੇ ਦਰਸ਼ਕਾਂ ਤੋਂ ਬੇਹੱਦ ਪਿਆਰ ਹਾਸਿਲ ਕੀਤਾ।
ਲੀਨਾ ਮਾਰੀਆ ਓਲਿਨ ਨੇ ਸਾਲ 2017 ਵਿਚ ਯੂਐਸ-ਪੋਲਿਸ਼ ਡਰਾਮਾ ਫਿਲਮ ‘ਮਾਇਆ ਡਾਰਡੇਲ’ ਵਿਚ ਅਭਿਨੈ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ, ਜਿਸ ਵਿਚ ਉਸ ਨੇ ਸਰਵੋਤਮ ਅਭਿਨੇਤਰੀ ਦਾ ਖਿ਼ਤਾਬ ਜਿੱਤਿਆ।
ਲੀਨਾ ਮਾਰੀਆ ਓਲਿਨ ਅੱਜ ਕੱਲ੍ਹ ਬੈੱਡਫੋਰਡ, ਨਿਊਯਾਰਕ ਵਿਚ ਰਹਿੰਦੀ ਹੈ। ਉਸ ਦੇ ਹਾਲੀਆ ਪੋ੍ਰਜੈਕਟਾਂ ਵਿਚ ਫਿਲਮ ‘ਵਨ ਲਾਈਫ’ ਹੈ, ਜਿਸ ਵਿਚ ਉਹ ਗ੍ਰਿਟ ਵਿਨਸਟਨ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਦਰਸ਼ਕ ਉਸ ਨੂੰ ਹੁਣ ਚੱਲ ਰਹੇ ਮਸ਼ਹੂਰ ਟੀ.ਵੀ. ਸੀਰੀਅਲ ‘ਹੰਟਰਜ਼’ ਵਿਚ ਵੀ ਵੇਖ ਸਕਦੇ ਹਨ।