ਬਚਪਨ ਦੀ ਬੀਹੀ `ਚ ਗੇੜੀ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਜੀਵਨ ਦੇ ਮੁੱਢਲੇ ਦਿਨ ਜੀਵਨ ਦਾ ਸਭ ਤੋਂ ਸੁਹਾਵਣਾ ਸਮਾਂ। ਸਦਾ ਚੇਤਿਆਂ ਵਿਚ ਵੱਸਣ ਵਾਲੇ ਪਲ। ਜੀਵਨ ਨੂੰ ਨਿਰਧਾਰਤ ਕਰਨ ਵਾਲੇ। ਇਨ੍ਹਾਂ ਦਿਨਾਂ ਵਿਚਲੀ ਬੇਫਿ਼ਕਰੀ ਅਤੇ ਅਲਮਸਤੀ, ਜੀਵਨ ਦਾ ਸੁੰਦਰ ਸੱਚ। ਬਪਚਨੇ ਦੀ ਮੌਜ ਹਰ ਬੱਚੇ ਦਾ ਹਾਸਲ। ਮਨ ਕਰਦਾ ਕਿ ਫਿਰ ਬਚਪਨੇ ਵਿਚ ਪਰਤ ਜਾਈਏ। ਬੰਦਾ ਉਮਰ ਦੇ ਹਰ ਪੜਾਅ ‘ਤੇ ਬਚਪਨੇ ਵੱਲ ਪਰਤਣਾ ਚਾਹੁੰਦਾ ਕਿਉਂਕਿ ਇਹ ਵਰੇਸ ਕਦੇ ਨਹੀਂ ਪਰਤਦੀ।

ਨਿਮਨ ਕਿਰਸਾਨੀ ਪਰਿਵਾਰ ਦੇ ਬੱਚੇ ਸੁਰਤ ਸੰਭਾਲਦਿਆਂ ਹੀ ਵੱਡੇ ਹੋ ਜਾਂਦੇ ਅਤੇ ਬਚਪਨਾ ਬਹੁਤ ਜਲਦੀ ਬੀਤ ਜਾਂਦਾ। ਘਰ ਦੀਆਂ ਜਿ਼ੰਮੇਵਾਰੀਆਂ, ਤੰਗੀਆਂ, ਤੁਰਸ਼ੀਆਂ, ਲੋੜਾਂ ਅਤੇ ਥੋੜ੍ਹਾਂ ਦਾ ਗਿਆਨ ਬੜੀ ਜਲਦੀ ਹੋ ਜਾਂਦਾ।
ਅਜੇਹੇ ਵਕਤ ਵਿਚ ਪਲ ਕੇ ਵੱਡੇ ਹੋਣਾ ਸਭ ਤੋਂ ਵੱਡੀ ਗਨੀਮਤ। ਤੁਸੀਂ ਉਸ ਸੱਚ ਨੂੰ ਜਿਉਂਦਿਆਂ, ਜੀਵਨ ਦੇ ਮੁੱਢਲੇ ਦੌਰ ਵਿਚੋਂ ਲੰਘਦੇ ਜਿਹੜਾ ਸੱਚ ਕਈਆਂ ਨੂੰ ਦੇਖਣਾ ਨਸੀਬ ਨਹੀਂ ਹੁੰਦਾ।
ਬਿਆਸ ਦਰਿਆ ਦੇ ਕੰਢੇ ਵੱਸਿਆ ਭੰਡਾਲ ਬੇਟ। ਬਰਸਾਤਾਂ ਦੇ ਦਿਨੀਂ ਬਿਆਸ ਦਰਿਆਂ ਵਿਚ ਹੜ੍ਹ ਆ ਜਾਣਾ, ਫ਼ਸਲਾਂ ਨਸ਼ਟ ਹੋਣੀਆਂ ਅਤੇ ਫਿਰ ਬੇਟ ਦੀ ਮਿੱਟੀ ਵਰਗੇ ਚੀੜੇ ਪਿੰਡ ਵਾਸੀਆਂ ਨੇ ਜੀਵਨ ਨੂੰ ਨਵੇਂ ਸਿਰਿਉਂ ਵਿਉਂਤਣ ਲਈ ਸਿਰ ਸੁੱਟ ਕੇ ਮਿਹਨਤ ਵਿਚ ਜੁਟ ਜਾਣਾ। ਸ. ਪ੍ਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਪੰਜਾਬ ਨੇ ਧੁੱਸੀ ਬੰਨ੍ਹ ਬੰਨ੍ਹਿਆ ਤਾਂ ਬੇਟ ਦੇ ਇਲਾਕੇ ਨੂੰ ਸੁੱਖ ਦਾ ਸਾਹ ਆਇਆ।
ਪਰਿਵਾਰ ਲਈ ਮੁੱਢਲੀਆਂ ਸਹੂਲਤਾਂ ਪੈਦਾ ਕਰਨ ਲਈ ਬਾਪ ਵਾਹੀ ਕਰਨ ਦੇ ਨਾਲ-ਨਾਲ, ਗੱਡਾ ਵੀ ਵਾਹੁੰਦਾ ਸੀ। ਇੰਨਾ ਸਿਰੜੀ ਕਿ ਸਾਰੀ ਰਾਤ ਖੂਹ ਜੋੜੀ ਰੱਖਣਾ ਅਤੇ ਦਿਨ ਵੇਲੇ ਜਦ ਬਲਦਾਂ ਨੇ ਆਰਾਮ ਕਰਨਾ ਹੁੰਦਾ ਤਾਂ ਬਾਪ ਨੇ ਗੋਡੀ ਆਦਿ ਖੇਤੀ ਦੇ ਕੰਮਾਂ ਵਿਚ ਰੁੱਝੇ ਰਹਿਣਾ। ਉਹ ਇੰਨਾ ਤਕੜਾ ਸੀ ਕਿ ਚੁਬਾਰੇ ਤੋਂ ਕਣਕ ਦੀਆਂ ਭਰੀਆਂ ਬੋਰੀਆਂ ਲਾਹ ਕੇ, ਫਿਰਨੀ ‘ਤੇ ਖੜ੍ਹੇ ਗੱਡੇ ‘ਤੇ ਲੱਦਣੀਆਂ। ਕਈ ਵਾਰ ਮਾੜੇ ਬਲਦ ਵਾਲੇ ਪਾਸੇ ਖੁਦ ਜੋ਼ਰ ਲਾ ਕੇ ਖੁੱਭੇ ਗੱਡੇ ਨੂੰ ਬਾਹਰ ਕੱਢਣ ਵਿਚ ਮਦਦ ਵੀ ਕਰਨੀ।
ਮੈਂ ਆਪਣੀ ਪੱਤੀ ਵਿਚਲੇ ਬੋਰੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਪੰਜਵੀਂ ਪਾਸ ਕੀਤੀ। ਤੱਪੜ ਵਾਲੇ ਸਰਕਾਰੀ ਮਿਡਲ ਸਕੂਲ ਤੋਂ ਅੱਠਵੀ ਪਾਸ ਕੀਤੀ। ਉਨ੍ਹਾਂ ਸਮਿਆਂ ਵਿਚ ਨੰਬਰਾਂ ਬਾਰੇ ਬਹੁਤਾ ਪਤਾ ਤਾਂ ਨਹੀਂ ਸੀ ਹੁੰਦਾ। ਸੋਚ ਸਿਰਫ਼ ਜਮਾਤ ਪਾਸ ਕਰਨ ਤੀਕ ਹੀ ਸੀਮਤ ਹੁੰਦੀ ਸੀ। ਪਰ ਪੜ੍ਹਨ ਦਾ ਸ਼ੌਕ ਜ਼ਰੂਰ ਸੀ। ਗਰਮੀਆਂ ਵਿਚ ਘਰਦਿਆਂ ਨੇ ਸਕੂਲ ਜਾਣ ਤੋਂ ਪਹਿਲਾਂ ਸੁਵੱਖਤੇ ਜਗਾ ਕੇ ਘਾਹ ਖੋਤਣ ਤੋਰ ਦੇਣਾ। ਗਰਮੀਆਂ ਦੀਆਂ ਛੁੱਟੀਆਂ ਵਿਚ ਬਿਆਸ ਦਰਿਆ ਦੇ ਕੰਢੇ ਪਸ਼ੂ ਚਾਰਨੇ ਅਤੇ ਦਰਿਆ ਵਿਚ ਪਸ਼ੂਆਂ ਸੰਗ ਤੈਰਨਾ ਤਾਂ ਆਮ ਹੀ ਸੀ।
ਸਕੂਲੀ ਪੜ੍ਹਾਈ ਦੇ ਦਿਨ ਵੀ ਕਮਾਲ ਦੇ ਸਨ। ਹਲ ਵਾਹੁੰਦੇ ਬਾਪ ਨੂੰ ਖੇਤ ਵਿਚ ਸਵੇਰੇ ਹੀ ਰੋਟੀ ਦੇ ਕੇ ਸਕੂਲ ਜਾਣ ਦੀ ਕਾਹਲੀ ਹੁੰਦੀ। ਅੱਧੀ ਛੁੱਟੀ ਵੇਲੇ ਹਵੇਲੀ ਵਿਚ ਪਸ਼ੂਆਂ ਨੂੰ ਪਾਣੀ ਪਿਆ ਕੇ ਸਕੂਲ ਨੂੰ ਭੱਜਣਾ ਅਤੇ ਰਾਹ ਵਿਚ ਭੱਠੀ ਤੋਂ ਦਾਣੇ ਭੂੰਨਾ ਕੇ, ਝੋਲੇ ਵਿਚ ਲੁਕਾ ਕੇ ਖਾਂਦੇ ਰਹਿਣਾ।
ਅਨਪੜ੍ਹ ਮਾਪਿਆਂ ਲਈ ਪੜ੍ਹਨਾ, ਕੋਈ ਅਹਿਮੀਅਤ ਨਹੀਂ ਸੀ ਰੱਖਦਾ। ਘਰ ਦੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਜਾਂਦੇ ਤਾਂ ਸਾਨੂੰ ਪੜ੍ਹਾਈ ਲਈ ਸਮਾਂ ਮਿਲਦਾ ਸੀ। ਪਰ ਜਿੰਨਾ ਕੁ ਵੀ ਸਮਾਂ ਮਿਲਦਾ, ਇਹ ਪੜ੍ਹਾਈ ਵਿਚ ਚੰਗੇ ਨੰਬਰ ਲੈਣ ਲਈ ਸਹਾਈ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਸਿਰਫ਼ ਪਾਸ ਹੋਣ ਦਾ ਹੀ ਫਿ਼ਕਰ ਹੁੰਦਾ ਸੀ ਅਤੇ ਜਦ 31 ਮਾਰਚ ਨੂੰ ਸਕੂਲ ਵਿਚ ਨਤੀਜਾ ਨਿਕਲਣਾ ਤਾਂ ਮਨ ਵਿਚ ਧੁੜਕੂ ਜ਼ਰੂਰ ਪੈਦਾ ਹੁੰਦਾ ਭਾਵੇਂ ਕਿ ਪਤਾ ਤਾਂ ਹੁੰਦਾ ਹੀ ਸੀ ਕਿ ਪਾਸ ਤਾਂ ਹੋ ਹੀ ਜਾਣਾ ਹੈ।
ਉਨ੍ਹਾਂ ਸਮਿਆਂ ਵਿਚ ਸਕੂਲ ਅਧਿਆਪਕ ਬਹੁਤ ਹੀ ਮਿਹਨਤੀ ਸਨ। ਉਨ੍ਹਾਂ ਲਈ ਪੜ੍ਹਾਉਣਾ ਇਕ ਤਪੱਸਿਆ ਸੀ ਜਿਸਦੀ ਉਹ ਕਦੇ ਵੀ ਅਵੱਗਿਆ ਨਹੀਂ ਸੀ ਕਰਦੇ। ਛੇਵੀਂ ਤੋਂ ਅੱਠਵੀਂ ਤੀਕ ਸਾਨੂੰ ਅੰਗਰੇਜ਼ੀ ਉਘੇ ਪੰਜਾਬੀ ਕਵੀ ਅਤੇ ਬਹੁਤ ਹੀ ਨਫ਼ੀਸ ਇਨਸਾਨ ਸ. ਹਰਭਜਨ ਸਿੰਘ ਹੁੰਦਲ ਜੀ ਨੇ ਪੜ੍ਹਾਈ। ਜਦ ਵੀ ਸਾਡਾ ਕੋਈ ਵੀ ਪੀਰੀਅਡ ਵਿਹਲਾ ਦੇਖਣਾ, ਅੰਗਰੇਜ਼ੀ ਪੜ੍ਹਾਉਣ ਲੱਗ ਪੈਣਾ। ਪੱਡਿਆਂ ਦੇ ਹਿਸਾਬ ਵਾਲੇ ਮਾਸਟਰ ਰਤਨ ਚੰਦ ਸਾਰੇ ਸਵਾਲ ਉਂਗਲਾਂ ‘ਤੇ ਰਟਾ ਦਿੰਦੇ ਸਨ। ਹਿੰਦੀ ਵਾਲੇ ਮਾਸਟਰ ਅਯੁੱਧਿਆ ਦਾਸ ਜੀ ਦਾ ਡੰਡਾ ਹੁਣ ਤੀਕ ਵੀ ਯਾਦ ਏ ਜਦ ਉਹ ਸਿਗਰਟ ਪੀਂਦਿਆ ਘਰ ਲਈ ਦਿੱਤਾ ਕੰਮ ਨਾ ਕਰਨ ਜਾਂ ਕਿਸੇ ਵੀ ਗਲਤੀ ‘ਤੇ ਡੰਡੇ ਮਾਰ ਕੇ ਹੱਥਾਂ ‘ਤੇ ਨੀਲ ਪਾ ਦਿੰਦੇ ਸਨ। ਮਾਸਟਰ ਫ਼ਕੀਰ ਚੰਦ ਜੀ ਨੇ ਪੀਟੀ ਕਰਾਉਂਦਿਆਂ, ਮਜ਼ਾਲ ਏ ਕਿਸੇ ਨੂੰ ਬਖਸਿ਼ਆ ਹੋਵੇ ਅਗਰ ਕਿਸੇ ਨੇ ਸ਼ੈਤਾਨੀ ਕੀਤੀ ਹੋਵੇ। ਪੰਜਾਬੀ ਵਾਲੇ ਸਰਦਾਰਨੀ ਹਰਬੰਸ ਕੌਰ ਜੀ ਨੇ ਪੰਜਾਬੀ ਪ੍ਰਤੀ ਮੋਹ ਦਾ ਜਾਗ ਮਿਡਲ ਸਕੂਲ ਵਿਚ ਹੀ ਲਾ ਦਿੱਤਾ ਸੀ।
ਕਮਾਲ ਦੀ ਪ੍ਰਤੀਬੱਧਤਾ ਸੀ ਅਧਿਆਪਕਾਂ ਦੀ ਉਨ੍ਹਾਂ ਦਿਨਾਂ ਵਿਚ। ਯਾਦ ਏ ਕਿ ਸਾਡਾ ਅੱਠਵੀਂ ਬੋਰਡ ਦੇ ਇਮਤਿਹਾਨ ਦਾ ਸੈਂਟਰ ਹਾਈ ਸਕੂਲ ਸੁੱਰਖਪੁਰ ਸੀ। ਇਮਤਿਹਾਨਾਂ ਦੇ ਸਾਰੇ ਸਮੇਂ ਦੌਰਾਨ ਸਾਰੀ ਕਲਾਸ ਸੁੱਰਖਪੁਰ ਵਿਚ ਇਕ ਬੈਠਕ ਵਿਚ ਰਹੀ ਜਿੱਥੇ ਇਕ ਪਾਸੇ ਕੁੜੀਆਂ ਸੌਂਦੀਆਂ ਸਨ ਅਤੇ ਇਕ ਪਾਸੇ ਮੁੰਡੇ। ਵਿਚਕਾਰ ਸਾਡੇ ਮਾਸਟਰ ਜੀ ਹੁੰਦੇ ਸਨ। ਹਰ ਰਾਤ ਨੂੰ ਉਸ ਮਾਸਟਰ ਦੀ ਡਿਊਟੀ ਹੁੰਦੀ ਜਿਸਦਾ ਅਗਲੇ ਦਿਨ ਪੇਪਰ ਹੋਣਾ ਹੁੰਦਾ ਸੀ। ਅੱਧੀ ਅੱਧੀ ਰਾਤ ਤੀਕ ਪੜ੍ਹਾਉਂਦੇ ਰਹਿਣਾ ਅਤੇ ਸਾਨੂੰ ਕਹਿਣਾ ਕਿ ਆਹ ਆਹ ਪ੍ਰਸ਼ਨ ਯਾਦ ਕਰੋ। ਸਾਨੂੰ ਆਪ ਸਕੂਲ ਦੇ ਸੈਂਟਰ ਵਿਚ ਲੈ ਕੇ ਜਾਣਾ। ਮਜ਼ਾਲ ਏ ਕੋਈ ਨਕਲ ਕਰਵਾਉਣ ਜਾਂ ਮਾਰਨ ਦਾ ਸੋਚ ਵੀ ਸਕੇ। ਉਹ ਸਹੀ ਮਾਅਨਿਆਂ ਵਿਚ ਅਧਿਆਪਕ ਸਨ ਜਿਨ੍ਹਾਂ ਦੇ ਚੰਡੇ ਹੋਏ ਵਿਦਿਆਰਥੀ ਜੀਵਨ ਦੀਆਂ ਉਚੇਰੀਆਂ ਮੰਜ਼ਲਾਂ ਦਾ ਸਿਖਰ ਬਣੇ। ਬੜਾ ਸ਼ੁਕਰਗੁਜ਼ਾਰ ਹਾਂ ਆਪਣੇ ਉਨ੍ਹਾਂ ਅਧਿਆਪਕਾਂ ਦਾ ਜਿਨ੍ਹਾਂ ਨੇ ਗਿਆਨ ਦਾ ਸਬਕ ਪੜ੍ਹਾਇਆ।
ਹੁਣ ਜਦ ਵੀ ਮੈਂ ਪੰਜਾਬ ਜਾਵਾਂ ਤਾਂ ਸ. ਹਰਭਜਨ ਸਿੰਘ ਹੁੰਦਲ ਜੀ ਨੂੰ ਜ਼ਰੂਰ ਮਿਲ ਕੇ ਆਉਂਦਾ ਹਾਂ। ਮਾਸਟਰ ਰਤਨ ਚੰਦ ਹੋਰਾਂ ਨੂੰ ਉਨ੍ਹਾਂ ਦੇ ਆਖਰੀ ਸਵਾਸ ਤੀਕ ਕਪੂਰਥਲੇ ਮਿਲਦਾ ਰਿਹਾ ਜਿਥੇ ਉਨ੍ਹਾਂ ਨੇ ਸੇਵਾਮੁਕਤੀ ਤੋਂ ਬਾਅਦ ਇਕ ਮੰਦਰ ਨੂੰ ਆਪਣਾ ਘਰ ਬਣਾ ਲਿਆ ਸੀ। ਮਾਸਟਰ ਅਯੁੱਧਿਆ ਦਾਸ ਜੀ ਨੂੰ ‘ਕੇਰਾਂ ਉਸ ਵੇਲੇ ਮਿਲ ਕੇ ਅਤਿਅੰਤ ਖੁਸ਼ੀ ਹੋਈ ਜਦ ਕਪੂਰਥਲਾ ਮਿਊਂਸਿਪਲ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਅਤੇ ਮੈਂ ਪ੍ਰੀਜ਼ਾਈਡਿੰਗ ਅਫਸਰ ਸੀ। ਉਹ ਵੋਟ ਪਾਉਣ ਆਏ ਤਾਂ ਮੈਂ ਉਠ ਕੇ ਉਨ੍ਹਾਂ ਨੂੰ ਮਿਲਿਆ। ਪਹਿਲਾਂ ਤਾਂ ਉਨ੍ਹਾਂ ਪਛਾਣਿਆ ਹੀ ਨਾ ਕਿਉਂਕਿ ਉਮਰ ਨਾਲ ਵਿਦਿਆਰਥੀਆਂ ਦੇ ਮੁਹਾਂਦਰੇ ਅਕਸਰ ਹੀ ਬਦਲ ਜਾਂਦੇ ਪਰ ਅਧਿਆਪਕ ਤਾਂ ਉਹੀ ਰਹਿੰਦੇ। ਜਦ ਉਨ੍ਹਾਂ ਨੂੰ ਮੈਂ ਦੱਸਿਆ ਕਿ ਭੰਡਾਲ ਬੇਟ ਦੇ ਸਕੂਲ ਵਿਚ ਮੈਂ ਉਨ੍ਹਾਂ ਦਾ ਵਿਦਿਅਰਥੀ ਸਾਂ ਅਤੇ ਅੱਜ ਕੱਲ੍ਹ ਰਣਧੀਰ ਕਾਲਜ ਵਿਚ ਪੋ੍ਰਫੈਸਰ ਹਾਂ ਤਾਂ ਉਹ ਬਹੁਤ ਖੁਸ਼ ਹੋਏ। ਟੀਚਰ ਨੂੰ ਆਪਣੇ ਸਿ਼ਸ਼ਾਂ ਦੀ ਤਰੱਕੀ ‘ਤੇ ਨਾਜ਼ ਤਾਂ ਹੋਣਾ ਹੀ ਹੋਇਆ।
ਸਾਡਾ ਮਿਡਲ ਸਕੂਲ ਅੰਗਰੇਜ਼ੀ ਦੇ ਅੱਖਰ ਟੀ ਦੇ ਆਕਾਰ ਸੀ ਜਿਥੇ ਇਕ ਪਾਸੇ ਬਹੁਤ ਹੀ ਵੱਡੇ ਬੋਹੜ ਹੇਠ ਗਰਮੀਆਂ ਦੀਆਂ ਕਲਾਸਾਂ ਲੱਗਦੀਆਂ ਸਨ। ਜਦ ਕੁਝ ਅਰਸੇ ਬਾਅਦ ਸਕੂਲ ਗਿਆ ਤਾਂ ਸਕੂਲ ਦੀ ਬਦਲੀ ਨੁਹਾਰ ਦੇਖ ਕੇ ਖੁਸ਼ੀ ਵੀ ਹੋਈ ਪਰ ਬਾਬਾ ਬੋਹੜ ਦੀ ਅਣਹੋਂਦ ਕਾਰਨ ਮਨ ਮਸੋਸਿਆ ਗਿਆ ਕਿ ਕਿਉਂ ਮਨੁੱਖ ਆਪਣੇ ਵਿਰਾਸਤੀ ਬਿਰਖ਼ਾਂ ਨੂੰ ਵੱਢਣ ਲਈ ਕਾਹਲਾ ਏ? ਅਜੇਹੇ ਬੋਹੜ ਅਤੇ ਪਿੱਪਲ ਹੁਣ ਵਿਰਲੇ ਪਿੰਡਾਂ ਵਿਚ ਲੱਭਦੇ ਨੇ ਜਦਕਿ ਪਹਿਲੇ ਸਮਿਆਂ ਵਿਚ ਅਜੇਹੇ ਬਾਬੇ ਬਿਰਖ਼ ਅਕਸਰ ਹੀ ਪਿੰਡਾਂ ਵਿਚ ਤੁਹਾਨੂੰ ਮਿਲ ਜਾਂਦੇ ਸਨ। ਘਰੋਂ ਬੋਰੀ ਲਿਆ ਕੇ ਪੜ੍ਹਨ ਦਾ ਵੱਖਰਾ ਹੀ ਹੁਲਾਸ ਹੁੰਦਾ ਸੀ। ਸਾਡੇ ਅਧਿਆਪਕ ਸਾਨੂੰ ਦੱਸਦੇ ਰਹਿੰਦੇ ਸਨ ਕਿ ਕਿਹੜੇ ਕਿਵੇਂ ਪੜ੍ਹ ਕੇ ਵੱਡੇ ਅਫਸਰ ਬਣ ਗਏ ਹਨ। ਬੱਚਿਆਂ ਨੂੰ ਸਕੂਲ ਵਿਚੋਂ ਪੜ੍ਹ ਕੇ ਗਏ ਪਾੜਿਆਂ ਬਾਰੇ ਪਤਾ ਲੱਗਦਾ ਰਹੇ ਤਾਂ ਉਨ੍ਹਾਂ ਦੇ ਮਨਾਂ ਵਿਚ ਵੀ ਚੰਗਾ ਪੜ੍ਹਨ ਦਾ ਸ਼ੌਕ ਪੈਦਾ ਹੁੰਦਾ ਹੈ।
1968 ਵਿਚ ਅੱਠਵੀਂ ਜਮਾਤ ਪਹਿਲੇ ਦਰਜੇ ਵਿਚ ਪਾਸ ਕੀਤੀ। ਕੁਝ ਵਿਦਿਆਰਥੀ ਤਾਂ ਹਾਈ ਸਕੂਲ ਸੁੱਰਖਪੁਰ ਵਿਚ ਦਾਖਲ ਹੋ ਗਏ ਪਰ ਮੇਰੇ ਸਮੇਤ ਕੁਝ ਵਿਦਿਆਰਥੀਆਂ ਨਵੇਂ ਅੱਪਗਰੇਡ ਹੋਏ ਹਾਈ ਸਕੂਲ ਧਾਲੀਵਾਲ ਬੇਟ ਵਿਚ ਦਾਖਲਾ ਲੈ ਲਿਆ ਜੋ ਮੇਰੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਸੀ।
ਪਿੰਡ ਦੇ ਉਸ ਪਿਆਰੇ ਜਿਹੇ ਸਕੂਲ ਨੇ ਕੇਹੀ ਸ਼ੁਭ ਭਾਵਨਾ ਅਤੇ ਅਸੀਸ ਦਿਤੀ ਕਿ ਗਿਆਨ ਦੀ ਲੋਚਾ ਵਧਦੀ ਗਈ। ਹੋਰ ਉਚੇਰੀ ਵਿਦਿਆ ਪ੍ਰਾਪਤੀ ਦਾ ਜਾਗ ਲੱਗਦਾ ਰਿਹਾ। ਇਹ ਵੀ ਕੇਹਾ ਵਰਦਾਨ ਸੀ ਕਿ ਭਾਵੇਂ ਪੈਰ ਪਿੰਡ ਨੂੰ ਵਾਪਸ ਨਹੀਂ ਪਰਤੇ। ਪਰ ਪਿੰਡ ਨੂੰ ਮਿਲਣ ਅਤੇ ਬਚਪਨੀ ਬੀਹੀਆਂ ਵਿਚ ਵਿਚਰਨ ਅਤੇ ਆਪਣੀਆਂ ਧੁੰਧਲੀਆਂ ਪੈੜਾਂ ਨੂੰ ਨਿਹਾਰਨ ਦਾ ਚਾਅ ਹਮੇਸ਼ਾ ਹੀ ਮਨ ਵਿਚ ਮਚਲਦਾ ਰਹਿੰਦਾ ਹੈ।
ਬਾਲਪਨ ‘ਚੋਂ ਨਕਸ਼ ਉਘੜਦੇ
ਤੇ ਮਿਲਣ ਨਿਵੇਕਲੇ ਰਾਹ
ਇਸ ਉਮਰੇ ਹੀ ਸੁਪਨੇ ਉਗਦੇ
ਲੈ ਕੇ ਸੰਦਲੀ ਭਾਅ।

ਮਾਂ ਦੀ ਗੋਦ ਦਾ ਨਿੱਘ ਮਿਲੇਸੀ
ਤੇ ਮਾਣੀਏ ਬਾਪ ਦੀ ਛਾਂ
ਪੈਰਾਂ ਦੇ ਵਿਚ ਸਫ਼ਰ ਉਗੇਸੀ
ਤੇ ਭਾਂਲੀਏ ਖੁਦ ਦੀ ਥਾਂ।

ਹੱਸਣ , ਖੇਡਣ ਤੇ ਮੌਲਣ ਦੀ ਰੁੱਤ
ਤੇ ਸੱਧਰਾਂ ਦਾ ਰਾਗ
ਮਸਤਕ ਵਿਚ ਲੱਗ ਜਾਂਦਾ ਹੈ
ਅੱਖਰ ਗਿਆਨ ਦਾ ਜਾਗ।

ਬੱਚਿਆਂ ਦੇ ਨੈਣਾਂ ਵਿਚ ਧਰਦੇ
ਮਾਪੇ ਖੁਦ ਤਰਜ਼ੀਹਾਂ
ਤੇ ਤਦਬੀਰਾਂ ਦੇ ਮਾਰਗੀ ਬਣ ਕੇ
ਬੱਚੇ ਬਣਨ ਤਸ਼ਬੀਹਾਂ।

ਖੇਤ ਖਲਿਆਣ ਸਭ ਆਪਣੇ ਹੁੰਦੇ
ਥੇ ਆਪਣੇ ਵੱਟਾਂ ਬੰਨੇ
ਯਾਦ ਨਹੀਂ ਕਿਥੋਂ ਪੁੱਟੀਆਂ ਗਾਜਰਾਂ
ਕਿਥੋਂ ਭੰਨੇ ਗੰਨੇ?

ਆਵਅਿਾਂ ਦੇ ਸੰਘ ਰੁੱਸਣਾ ਮੰਨਣਾ
ਨਿੱਤ ਦਾ ਸੀ ਅਭਿਆਸ
ਸਾਰਾ ਦਿਨ ਹੀ ਖੇਡਦੇ ਰਹਿਣਾ
ਯਾਦ ਨਾ ਭੁੱਖ ਪਿਆਸ।

ਵਿਹੜੇ ਦੀ ਛੱਪੜੀ ‘ਚ ਕਾਗਜ਼ ਬੇੜੀ
ਸਾਨੂੰ ਪਾਰ ਲੰਘਾਉਂਦੀ
ਛੋਂਦੀ ਛੱਤ ਦੀ ਟਿੱਪ ਟਿੱਪ ਲੱਗਦੀ
ਸਾਨੂੰ ਗੀਤ ਸੁਣਾਉਂਦੀ।

ਬਾਲਮਨਾਂ ਦੇ ਵਿਹੜੇ ਦੇ ਵਿਚ
ਮਾਣੀਆਂ ਕੇਹੀਆਂ ਰੁੱਤਾਂ
ਜੇਠ ਮਹੀਨੇ ਬਹਿ ਫ਼ਲਿਆਂ ਤੇ
ਸੇਕੀ ਜਾਣੀਆਂ ਧੁੱਪਾਂ।

ਆਪਣਾ ਲੱਗਦਾ ਸੀ ਸਿਰ ਤੇ ਅੰਬਰ
ਤੇ ਆਪਣੇ ਚੰਨ ਤੇ ਤਾਰੇ
ਰੋਸ਼ਨੀਆਂ ਵਿਚ ਨਹਾਉਂਦੇ ਰਹਿਣਾ
ਤੇ ‘ਵਾਵੀਂ ਹੁੱਲੇ ਹੁਲਾਰੇ।

ਹੁਣ ਬਚਪਨ ਦੀ ਬੀਹੀ ਵਿਚ
ਜਦ ਵੀ ਲਾਵਾਂ ਗੇੜਾ
ਨਾ ਮਿਲਦੇ ਬਚਪਨ ਦੇ ਬੇਲੀ
ਨਾ ਉਹ ਘਰ ਤੇ ਵਿਹੜਾ।

ਨਾ ਉਹ ਰਹੀਆਂ ਸੁੱਚੀਆਂ ਸੋਚਾਂ
ਨਾ ਹੱਕ ਨਾ ਦਾਈਏ
ਨਾ ਰਹੇ ਉਹ ਨਿਰਛੱਲ ਹਾਸੇ
ਜਾ ਐਂਵੇਂ ਦਰ ਖੜਕਾਈਏ।

ਨਾ ਰਹੇ ਉਹ ਮੋਹ ਦੇ ਰਿਸ਼ਤੇ
ਨਾ ਸਾਝ ਦੀਆਂ ਤੰਦਾਂ
ਹਰ ਪਾਸੇ ਹੀ ਹਾਉਮੈਂ ਹਾਵੀ
ਤੇ ਮਨ ‘ਚ ਸੌ ਸੌ ਗੰਢਾਂ।

ਸੋਚਾਂ! ਮਨਾਂ ਹੁਣ ਵਾਪਸ ਚੱਲੀਏ
ਇਥੇ ਰਹਿ ਗਿਆ ਕੀ
ਤੇਰੇ ਲਈ ਅਣਜਾਣ ਹੋ ਗਿਆ
ਪਿੰਡ ਦਾ ਹਰ ਇਕ ਜੀਅ।

ਨਹੀਂ ਸੀ ਸੋਚਿਆ ਕਿ ਕਦੇ ਹੋਵੇਗੀ
ਇੰਝ ਵੀ ਮੇਰੇ ਨਾਲ
ਪਾਸਾ ਵੱਟਿਆ ਪਿੰਡ ਨੇ ਮੈਥੋਂ
ਪਰ ਕੱਢਾਂ ਕਿੰਝ ਖਿਆਲ?

ਗਰਾਂ ਮੇਰਿਆ, ਮੈਂ ਹਾਂ ਤੇਰਾ
ਤੇਰੀ ਜੂਹ ਦਾ ਜਾਇਆ
ਤੇਰੀ ਅਕੀਦਤ ਕਰਨ ਖਾਤਰ
ਦੂਰ ਦੇਸ਼ ਤੋਂ ਆਇਆ।

ਆ ਬਹਿ ਜਾ ਤੂੰ ਮੇਰੇ ਨੇੜੇ
ਲੰਮੀਂਆਂ ਬਾਤਾਂ ਪਾਈਏ
ਚਾਨਣੀ ਭਿੱਜੀ ਮਹਿਫ਼਼ਲ ਦੇ ਵਿਚ
ਸਾਰੀ ਰਾਤ ਬਿਤਾਈਏ।

ਮੁੱਦਤਾਂ ਬਾਅਦ ਮੈਂ ਆਇਆਂ ਫਿਰਨੀਏ
ਸਿਰ ਮੇਰਾ ਸਹਿਲਾਅ
ਤੇ ਮੇਰੀ ਖਾਲੀ ਬਗਲੀ ਦੇ ਵਿਚ
ਨਿਆਮਤਾਂ ਬੁੱਕੀਂ ਪਾ।

ਬਚਪਨ ਵਾਲੇ ਚੰਦੋਏ ਹੇਠਾਂ
ਲੱਖ ਲੱਖ ਸ਼ੁੱਕਰ ਮਨਾਵਾਂ
ਜੂਹਾਂ ਤੇ ਖੂਹਾਂ ਦੀ ਖੂਸ਼ਬੋ
ਸਾਹਾਂ ਵਿਚ ਰਚਾਵਾਂ।
ਉਹ ਵੀ ਕੇਹੇ ਦਿਨ ਹੁੰਦੇ ਜਦ ਪੜ੍ਹਾਈ ਦੇ ਨਾਲ-ਨਾਲ ਵਾਹੀ ਦੇ ਹਰ ਕੰਮ ਨੂੰ ਕਰਨ ਦਾ ਜਨੂੰਨ ਹੁੰਦਾ ਸੀ ਤਾਂ ਕਿ ਬਾਪ ਦਾ ਹੱਥ ਵਟਾ ਸਕਾਂ। ਹਲ ਵਾਹੁਣਾ ਹੋਵੇ, ਪੋਰ ਨਾਲ ਕੇਰ ਕੇ ਕਣਕ ਬੀਜਣੀ ਹੋਵੇ, ਝੋਨਾ ਲਾਉਣਾ ਜਾਂ ਵੱਢ ਕੇ ਝਾੜਨਾ ਹੋਵੇ, ਫ਼ਲੇ ਵਾਹੁਣ ਤੋਂ ਲੈ ਕੇ ਮਸ਼ੀਨ ਤੇ ਕਣਕ ਦੀ ਗਹਾਈ ਸਮੇਤ ਹਰ ਕੰਮ ਕਰਨਾ ਚੰਗਾ ਲੱਗਦਾ ਸੀ। ਕਿਆਰੇ ਪਾਉਣੇ, ਗੋਡੀ ਕਰਨੀ, ਆੜ ਨੂੰ ਖਾਲਣਾ, ਦਰਖ਼ਤਾਂ ਨੂੰ ਛਾਂਘਣਾ, ਤੂਤ ਦੀਆਂ ਟੋਕਰੀਆਂ ਬਣਾਉਣਾ, ਰੱਸੇ ਜਾਂ ਬੇੜ ਵੱਟਣਾ ਆਦਿ ਕਰਦਿਆਂ ਸਕੂਨ ਮਿਲਦਾ ਸੀ। ਬਾਪ ਨੂੰ ਵਧੀਆ ਲੱਗਦਾ ਸੀ ਕਿ ਉਸਦਾ ਪੁੱਤ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਤਾਂ ਵਿਚ ਵੀ ਉਸਦਾ ਹੱਥ ਵਟਾਉਂਦਾ ਹੈ। ਪਿੰਡ ਵਾਲੇ ਬੱਚਿਆਂ ਦਾ ਭਾਵੇਂ ਉਹ ਸਕੂਲ ਜਾਂ ਕਾਲਜ ਵਿਚ ਪੜ੍ਹਦੇ ਹੋਣ, ਅਜੇਹੀ ਹੀ ਵਰੇਸ ਸੀ। ਅਜੇਹੇ ਹਲਾਤਾਂ ਵਿਚ ਰਹਿੰਦਿਆਂ ਸਾਇੰਸ ਦੀ ਪੜ੍ਹਾਈ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਮੇਰੇ ਲਈ ਇਹ ਸਭ ਕੁਝ ਸੁਭਾਵਕ ਹੀ ਹੋਈ ਜਾਂਦਾ ਸੀ ਕਿਉਂਕਿ ਪੜ੍ਹਾਈ ਦੇ ਚਾਅ ਨੇ ਸੋਚ ਅਤੇ ਊਰਜਾ ਨੂੰ ਸੁਚਾਰੂ ਪਾਸੇ ਲਾਇਆ ਅਤੇ ਮਨ ਨੂੰ ਕਦੇ ਵੀ ਭਟਕਣ ਨਾ ਦਿੱਤਾ। ਸ਼ਾਇਦ ਇਸੇ ਕਰਕੇ ਹੀ ਮੈਂ ਸਾਇੰਸ ਦੀ ਉਚੇਰੀ ਪੜ੍ਹਾਈ ਕਰ ਸਕਿਆ।
ਇਹ ਮੇਰੇ ਪਿੰਡ ਦੀ ਮਿੱਟੀ ਦਾ ਵਰਦਾਨ ਅਤੇ ਮੇਰੇ ਮਾਪਿਆਂ ਦੀ ਕਿਰਤ-ਕਮਾਈ ਦਾ ਸੁਭਾਗ ਹੀ ਹੈ ਕਿ ਬਿਆਸ ਦੇ ਮੰਡ ਵਿਚ ਪਸ਼ੂ ਚਾਰਨ ਵਾਲੇ ਨੂੰ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਉਣ ਤੋਂ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਵਿਚ ਫਿ਼ਜਿ਼ਕਸ ਪੜ੍ਹਾਉਣ ਦਾ ਮੌਕਾ ਮਿਲਿਆ ਹੈ। ਫਿ਼ਜਿ਼ਕਸ ਨੂੰ ਬਹੁਤ ਔਖਾ ਵਿਸ਼ਾ ਸਮਝਿਆ ਜਾਂਦਾ ਅਤੇ ਕਈਆਂ ਨੇ ਇਹ ਵੀ ਭਰਮ ਪਾਲ ਰੱਖਿਆ ਹੈ ਕਿ ਪਂੇਡੂਆਂ ਨੂੰ ਫਿ਼ਜਿ਼ਕਸ ਆ ਹੀ ਨਹੀਂ ਸਕਦੀ। ਪਰ ਇਸ ਭਰਮ ਨੂੰ ਤੋੜਣ ਵਿਚ ਵੀ ਮੇਰੇ ਪਿੰਡ ਦੀਆਂ ਗਲੀਆਂ, ਮੇਰੇ ਚੁਬਾਰੇ ਰੂਪੀ ਕਮਰੇ ਅਤੇ ਪਿੰਡ ਦੀ ਆਬੋ ਹਵਾ ਦਾ ਹੀ ਅਸਰ ਹੈ ਕਿ ਫਿ਼ਜਿ਼ਕਸ ਨੂੰ ਪੜ੍ਹਨਾ ਅਤੇ ਪੜ੍ਹਾਉਣਾ, ਮੇਰੇ ਲਈ ਜਨੂੰਨ ਬਣ ਗਿਆ। ਮੇਰੀ ਰੋਜ਼ੀ ਰੋਟੀ ਅਤੇ ਮੇਰੀ ਅਕਾਦਮਿਕ ਪਛਾਣ ਦਾ ਸਬੱਬ ਵੀ।