ਸਾਧੂਆਂ ਦੀ ਦੁਨੀਆ ਅਤੇ ਸਿਆਸਤ

ਧੀਰੇਂਦਰ ਕੇ. ਝਾਅ
ਅਨੁਵਾਦ: ਤਰਸੇਮ ਲਾਲ
ਕਿਸੇ ਸਮੇਂ ਅਯੁੱਧਿਆ ਦੇ ਸਾਧੂ ਵੱਖਰੀ ਕਿਸਮ ਦੀ ਕਲਾ ਦੇ ਮਾਹਰ ਹੁੰਦੇ ਸਨ ਪਰ 1980 ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਰਗਰਮੀ ਤੋਂ ਬਾਅਦ ਸਾਧੂਆਂ ਨੂੰ ਧਾਰਮਿਕ-ਸਿਆਸੀ ਕਾਰਜਾਂ ਲਈ ਵਰਤਿਆ ਜਾਣ ਲੱਗਾ। ਹੁਣ ਤਾਂ ਇਹ ਸਾਧੂ ਪੁਰਾਣੀਆਂ ਪ੍ਰੰਪਰਾਵਾਂ, ਵਿਸ਼ਵਾਸ, ਗੁਰਗੱਦੀ ਅਤੇ ਗਿਆਨ ਦੀ ਥਾਂ ਤਾਕਤ, ਪੈਸਾ ਅਤੇ ਸ਼ਕਤੀ ਲਈ ਖੇਡਾਂ ਖੇਡਦੇ ਹਨ। ਧੀਰੇਂਦਰ ਕੇ. ਝਾਅ ਨੇ ਇਸ ਸਿਆਸੀ ਸ਼ਕਤੀ ਦੇ ਵੇਰਵੇ ਆਪਣੀ ਇਸ ਕਿਤਾਬ ਵਿਚ ਪੇਸ਼ ਕੀਤੇ ਹਨ। ਕਿਤਾਬ ਦਾ ਪੰਜਾਬੀ ਤਰਜਮਾ ਤਰਸੇਮ ਲਾਲ ਨੇ ਕੀਤਾ ਹੈ। ਆਪਣੇ ਪਾਠਕਾਂ ਲਈ ਅਸੀਂ ਇਹ ਕਿਤਾਬ ਲੜੀਵਾਰ ਛਾਪ ਰਹੇ ਹਾਂ। ਇਸ ਦੀ ਪਹਿਲੀ ਕਿਸ਼ਤ ਹਾਜ਼ਿਰ ਹੈ।

ਇਸਾਈ ਧਰਮ ਵਾਂਗ ਹਿੰਦੂ ਧਰਮ ਦੀ ਕੇਂਦਰੀ ਕਮਾਂਡ ਨਹੀਂ ਹੈ। ਬਹੁਤ ਸਾਰੇ ਸੰਪਰਦਾਇ ਜਾਂ ਰਵਾਇਤਾਂ ਦੇ ਮੱਠ, ਇਸ ਧਰਮ ਦੀ ਮੁੱਢਲੀ ਪਛਾਣ ਹਨ। ਇਨ੍ਹਾਂ ਦੇ ਸਾਧੂ ਆਮ ਲੋਕਾਂ ਲਈ ਧਾਰਮਿਕ ਆਗੂ ਹਨ। ਉਹ ਆਪਣੀਆਂ ਸਿੱਖਿਆਵਾਂ, ਗੁਰੂ-ਚੇਲਾ ਪਰੰਪਰਾ ਰਾਹੀਂ ਦਿੰਦੇ ਹਨ। ਭਗਤ ਸੋਚਦੇ ਹਨ ਕਿ ਅਜਿਹਾ ਕਰਨ ਨਾਲ ਸਾਡੀ ਖੁਸ਼ਹਾਲੀ ਅਤੇ ਮੁਕਤੀ ਹੁੰਦੀ ਹੈ। ਇਹ ਵਿਸ਼ਨੂੰ ਅਤੇ ਸ਼ਿਵ, ਦੋ ਤਰ੍ਹਾਂ ਦੇ ਹੁੰਦੇ ਹਨ। ਵਿਸ਼ਨੂੰ ਦੇ ਭਗਤ ਰਾਮ ਤੇ ਕ੍ਰਿਸ਼ਨ ਨੂੰ ਦੇਵਤੇ ਮੰਨਦੇ ਹਨ ਅਤੇ ਦੂਜੇ ਸ਼ਿਵ ਨੂੰ ਮੁੱਖ ਦੇਵਤਾ ਮੰਨਦੇ ਹਨ। ਇਹ ਕੁੰਭ ਸਮੇਂ ਅਲਾਹਾਬਾਦ, ਹਰਿਦੁਆਰ, ਨਾਸਿਕ ਅਤੇ ਉਜੈਨ ਵਿਚ ਗੰਗਾ ਇਸਨਾਨ ਕਰਦੇ ਹਨ। ਸ਼ਿਵ ਦੇ ਭਗਤ ਨੰਗੇ ਇਸ਼ਨਾਨ ਕਰਦੇ ਹਨ।
ਅਖਾੜੇ ਦਾ ਭਾਵ ਹੈ ਕੁਸ਼ਤੀ ਵਾਲਾ ਮੈਦਾਨ। 1980 ਤੋਂ ਬਾਅਦ ਇਨ੍ਹਾਂ ਦੇ ਅਖਾੜੇ ਵੀ ਹਥਿਆਰਾਂ ਅਤੇ ਹਰ ਤਰ੍ਹਾਂ ਦੀ ਸ਼ਕਤੀ ਨਾਲ ਲੈਸ ਹੋਣ ਲੱਗੇ ਹਨ। ਪਹਿਲਾਂ ਇਹ ਰਾਜੇ ਮਹਾਰਾਜਿਆਂ ਦੀ ਨੇੜਤਾ ਵਿਚ ਰਹਿੰਦੇ ਸਨ ਪਰ ਅੱਜ ਕੱਲ੍ਹ ਇਹ ਕੁੰਭ ਮੇਲੇ ਦੀ ਮੁੱਖ ਸ਼ਕਤੀ ਹਨ।
ਨਾਗਾ, ਸ਼ੈਵ ਅਤੇ ਵੈਸ਼ਨਵ, ਦੋਨੋਂ ਅਖਾੜਿਆਂ ਨਾਲ ਸਬੰਧਿਤ ਹੁੰਦੇ ਹਨ। ਮੁੱਢਲੇ ਤੌਰ ‘ਤੇ ਸ਼ੈਵ ਸਾਧੂ ਚੇਲੇ ਬਣਨ ਦੀ ਰਸਮ ਸਮੇਂ ਕੱਪੜੇ ਤਿਆਗ ਦਿੰਦੇ ਹਨ। ਬਾਅਦ ਵਿਚ ਵੈਸ਼ਨਵ ਵਿਚੋਂ ਵੀ ਕੁਝ ਕੱਪੜੇ ਤਿਆਗ ਕੇ (ਖਾਸ ਤੌਰ ‘ਤੇ ਕੁੰਭ ਸਮੇਂ) ਨਾਗੇ ਬਣਨ ਲੱਗੇ। ਜਿਹੜੇ ਵੈਸ਼ਨਵ ਕੱਪੜੇ ਨਹੀਂ ਤਿਆਗਦੇ, ਉਹ ਮੱਠ ਅਤੇ ਆਸ਼ਰਮ ਰਾਹੀਂ ਆਪਣੇ ਅਖਾੜੇ ਨਾਲ ਜੁੜੇ ਰਹਿੰਦੇ ਹਨ। ਸ਼ਿਵ ਦੇ ਅਖਾੜੇ ਹੁੰਦੇ ਹਨ। ਅਗਨੀ ਅਖਾੜੇ ਦੇ ਲੋਕ ਬ੍ਰਹਮਚਾਰੀ ਅਖਵਾਉਂਦੇ ਹਨ ਜੋ ਬ੍ਰਾਹਮਣ ਜਾਤ ਵਿਚੋਂ ਆਏ ਹਨ। ਇਨ੍ਹਾਂ ਨੂੰ ਦਸਨਾਮੀ ਅਖਾੜਾ ਵੀ ਕਹਿੰਦੇ ਹਨ ਜੋ ਆਦਿ ਸ਼ੰਕਰ ਦੇ ਚੇਲੇ ਵੀ ਅਖਵਾਉਂਦੇ ਹਨ। ਇਨ੍ਹਾਂ ਦੇ ਨਾਮ ਅਕੱਨਿਆ, ਭਾਰਤੀ, ਗਿਰੀ, ਪਰਬਤ, ਪੁਰੀ, ਸਰਸਵਤੀ, ਸਾਗਰ, ਤੀਰਥ ਤੇ ਵੈਦ, ਸਾਰੇ ਦਸਨਾਮੀ ਅਖਾੜਿਆਂ ਦੀ ਹੀ ਕੁਲ ਹਨ।
ਵੈਸ਼ਨਵ ਵਿਚ ਜੋ ਰਾਮਾਨੰਦਚਾਰਿਆ ਦੀ ਕੁਲ ਵਿਚੋਂ ਹਨ, ਰਾਮਾਨੰਦੀ ਨਾਗੇ ਅਖਵਾਉਂਦੇ ਹਨ। ਇਨ੍ਹਾਂ ਦੇ ਤਿੰਨ ਨਿਰਵਾਣੀ, ਨਿਰਮੋਹੀ ਅਤੇ ਦਿਗੰਬਰ ਅਖਾੜੇ ਹਨ। ਵੈਸ਼ਨਵ ਵੈਰਾਗੀ ਸਾਧੂ ਹਨ, ਚਿੱਟੇ ਕੱਪੜੇ ਪਹਿਨਦੇ ਹਨ। ਮੱਥੇ ‘ਤੇ ਤਿੰਨ ਖੜ੍ਹੀਆਂ ਲਾਈਨਾਂ ਲਗਾਉਂਦੇ ਹਨ। ਸ਼ੈਵ ਸੰਨਿਆਸੀ ਸਾਧੂ ਹਨ ਜੋ ਭਗਵੇਂ ਕੱਪੜੇ ਪਹਿਨਦੇ ਹਨ। ਤਿੰਨ ਹੋਰ ਅਖਾੜੇ- ਬੜਾ ਉਦਾਸੀ, ਛੋਟਾ ਉਦਾਸੀ ਤੇ ਨਿਰਮਲਾ, ਦਸਨਾਮੀ ਅਖਾੜੇ ਦੇ ਵੱਧ ਨੇੜੇ ਹਨ।
ਪਹਿਲਾਂ-ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਬਹੁਤੇ ਸਾਧੂ ਨਾ ਖਿੱਚ ਸਕੀ ਪਰ ਇਹ ਟਿਕੀ ਰਹੀ। ਹਰਿਦੁਆਰ ਕੁੰਭ ਸਮੇਂ ਇਸ ਦੀਆਂ ਜੜ੍ਹਾਂ ਲੱਗਣ ਲੱਗੀਆਂ। ਸ਼ੈਵ ਸਾਧੂਆਂ ਵਿਚ ਕੁੰਭ ਮੇਲੇ ਨੇ ਇਸ ਦੇ ਵਧਣ-ਫੁੱਲਣ ਵਿਚ ਅਹਿਮ ਯੋਗਦਾਨ ਪਾਇਆ।
1980 ਵਿਚ ਬਾਲਾ ਸਾਹਿਬ ਦੇਵਰਸ ਨੇ ਆਰ.ਐੱਸ.ਐੱਸ. ਦੇ 150 ਧਰਮ ਪ੍ਰਚਾਰਕ ਲਗਾ ਕੇ ਇਸ ਵਿਚ ਨਵੀਂ ਰੂਹ ਫੂਕ ਦਿੱਤੀ। ਵੀ.ਐਚ.ਪੀ. ਨੇ 1982 ਤੱਕ ਸ਼ੈਵ ਅਖਾੜਾ ਹਰਿਦੁਆਰ ਤੋਂ 100 ਧਰਮ ਪ੍ਰਚਾਰਕ ਤਿਆਰ ਕੀਤੇ ਅਤੇ ਵੀ.ਐੱਚ.ਪੀ. ਦਾ ਮਾਰਗ ਦਰਸ਼ਨ ਮੰਡਲ ਮਜ਼ਬੂਤ ਕੀਤਾ। 1984 ਵਿਚ ਰਾਮ ਜਨਮ ਭੂਮੀ ਦੇ ਮਸਲੇ ਦੇ ਆਲੇ ਦੁਆਲੇ ਸਿਆਸੀ ਧਾਰਮਿਕ ਜਨ-ਸਮੂਹ ਆਧਾਰਿਤ ਬਿੰਬ ਸਿਰਜ ਕੇ ਭਦਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੂੰ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਇਹ ਪਾਰਟੀ ਲੋਕ ਸਭਾ ‘ਤੇ ਕਾਬਜ਼ ਹੋਣ ਬਾਰੇ ਸੋਚਣ ਲੱਗੀ।
ਲਾਲ ਕ੍ਰਿਸ਼ਨ ਅਡਵਾਨੀ ਦੀ 1990 ਵਾਲੀ ਰੱਥ ਯਾਤਰਾ ਵੀ.ਐੱਚ.ਪੀ. ਲਈ ਵੱਡਾ ਮੋੜ ਸਾਬਤ ਹੋਈ। ਇਸ ਵਿਚ ਵੀ.ਐੱਚ.ਪੀ. ਅਤੇ ਸਾਧੂ ਵਰਗ ਦਾ ਵੱਡਾ ਯੋਗਦਾਨ ਰਿਹਾ। ਵੀ.ਐੱਚ.ਪੀ. ਦਾ ਦਬੰਗਪੁਣਾ ਅਤੇ ਬੀ.ਜੇ.ਪੀ. ਦੀ ਨਰਮ ਨੀਤੀ, ਹਿੰਦੂ ਭਾਵਨਾਵਾਂ ਨੂੰ ਸਮਝਣ ਵਿਚ ਕਾਮਯਾਬ ਰਹੀ। ਇਸ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਕੇ ਬੀ.ਜੇ.ਪੀ. ਲਈ ਸੱਤਾ ਦਾ ਰਾਹ ਅਸਾਨ ਕਰ ਦਿੱਤਾ।
ਵੀ.ਐੱਚ.ਪੀ. ਦੀ ਨੀਤੀ ਸਾਧੂਆਂ ਨੂੰ ਆਰ.ਐੱਸ.ਐੱਸ. ਦੇ ਸਿਆਸੀ ਪ੍ਰੋਜੈਕਟ ਲਈ ਵਰਤਦੇ ਹੋਏ, ਨੈਤਿਕ ਕਦਰਾਂ ਵੀ ਨਾਲ ਲੈ ਕੇ ਚੱਲਣ ਦੀ ਸੀ। ਵੀ.ਐੱਚ.ਪੀ. ਨੇ ਅਜਿਹੇ ਮੁੱਦੇ ਚੁਣੇ ਜਿਨ੍ਹਾਂ ਦੇ ਬਹੁਤ ਸਾਰੇ ਮਤਲਬ ਨਿਕਲਦੇ ਸਨ। ਸਾਧੂ ਹਿੰਦੂ ਸਭਿਆਚਾਰ ਦੇ ਪ੍ਰਚਾਰ ਹਿੱਤ ਉਨ੍ਹਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰਦੇ ਸਨ। ਹਿੰਦੂ ਵਿਚਾਰਧਾਰਾ ਦੇ ਦੋ ਚਿੰਨ੍ਹਾਂ- ਰਾਮ ਤੇ ਦੁਰਗਾ, ਦੀ ਖੂਬ ਵਰਤੋਂ ਕੀਤੀ ਗਈ। ਰਾਮ-ਰਾਜ ਆਦਰਸ਼ਕ ਰਾਜ ਦਾ ਚਿੰਨ੍ਹ ਸੀ। ਹਿੰਦੂ ਸਾਧੂਆਂ ਅਤੇ ਉੱਚ ਕੋਟੀ ਹਿੰਦੂ ਲੀਡਰਾਂ ਲਈ ਅਸਲੀ ਮਕਸਦ ਹਿੰਦੂ ਰਾਸ਼ਟਰ ਸੀ ਨਾ ਕਿ ਧਰਮ-ਨਿਰਪੱਖ ਭਾਰਤ। ਬਾਬਰੀ ਮਸਜਿਦ ਨਸ਼ਟ ਕਰਨਾ ਇਸਲਾਮ ਉੱਪਰ ਹਿੰਦੂਤਵੀ ਸ਼ਕਤੀਆਂ ਦੀ ਜਿੱਤ ਦਾ ਪ੍ਰਤੀਕ ਸੀ। ਸਾਧੂਆਂ ਦੀ ਧਾਰਨਾ ਹੈ ਕਿ ਕਿਸੇ ਵੇਲੇ ਭਾਰਤ ਵਿਚ ਸੁਨਹਿਰੀ ਯੁੱਗ ਸੀ, ਜਦੋਂ ਉਨ੍ਹਾਂ ਦੇ ਪੂਰਵਜ ਹਿੰਦੂ ਯੋਧਿਆਂ ਦਾ ਰਾਜ ਸੀ। ਉਹ ਇਸ ਰਾਜ ਨੂੰ ਲੋਕਾਂ ਦੀ ਮਾਨਸਿਕਤਾ ਵਿਚ ਜਚਾਉਣ ਦਾ ਯਤਨ ਕਰਦੇ ਰਹਿੰਦੇ। ਆਸ਼ਰਮਾਂ/ਅਖਾੜਿਆਂ ਵਿਚ ਨਵੇਂ ਭਰਤੀ ਹੋਣ ਵਾਲੇ ਹਰ ਸਾਧੂ ਨੂੰ ਅਜਿਹਾ ਪਾਠ ਪੜ੍ਹਾਇਆ ਜਾਂਦਾ ਤਾਂ ਕਿ ਉਹ ‘ਨਵੇਂ ਭਾਰਤ` ਦੀ ਉਸਾਰੀ ਕਰ ਸਕੇ। ਸਾਧੂਆਂ ਦੇ ਹਥਿਆਰਬੰਦ ਪੂਰਵਜਾਂ ਦੇ ਹੋਰ ਮਨੋਰਥ ਸਨ। ਮੱਧ ਯੁੱਗ ਦੇ ਹਥਿਆਰਬੰਦ ਨਾਗੇ ਬਾਕੀ ਲੜਾਕੂਆਂ ਵਾਂਗ ਕੰਮ ਕਰਦੇ ਸਨ। ਉਹ ਉਦੋਂ ਪੈਸੇ ਲਈ ਅਜਿਹੇ ਕੰਮ ਕਰਦੇ ਸਨ, ਨਾ ਕਿ ਸਿਆਸੀ ਤਾਕਤ ਲਈ। ਉਹ ਗੁਰੀਲਿਆਂ ਵਾਂਗ ਕੰਮ ਕਰਦੇ ਸਨ। ਇਹ ਰਾਜਪੂਤਾਨਾ, ਗੁਜਰਾਤ ਅਤੇ ਹੋਰ ਰਾਜਾਂ ਦੇ ਰਾਜਿਆਂ ਲਈ ਲੜਦੇ ਰਹੇ ਅਤੇ ਇਵਜਾਨੇ ਵਜੋਂ ਜ਼ਮੀਨਾਂ ਤੇ ਸਾਲਾਨਾ ਭੇਟਾ ਪ੍ਰਾਪਤ ਕਰਦੇ ਰਹੇ। ਇਹ ਉਦੈਪੁਰ, ਜੈਪੁਰ, ਜੈਸਲਮੇਰ, ਬੀਕਾਨੇਰ, ਬੜੌਦਾ, ਮਾਰਵਾੜ ਅਤੇ ਭੁੱਜ ਦੇ ਰਾਜਿਆਂ ਦੀ ਸੈਨਾ ਦਾ ਹਿੱਸਾ ਵੀ ਰਹੇ। ਦਸਨਾਮੀ ਅਖਾੜੇ ਦੇ ਰਜਿੰਦਰ ਗਿਰੀ ਗੋਸਾਈਂ, ਅਨੂਪ ਗਿਰੀ ਗੋਸਾਈਂ ਅਤੇ ਉਮਰੋ ਗਿਰੀ ਗੋਸਾਈਂ ਰਜਿੰਦਰ ਗਿਰੀ ਦੇ ਚੇਲੇ ਸਨ। ਉਨ੍ਹਾਂ ਦੀ 4000 ਦੀ ਫੌਜ ਸੀ। 1751-53 ਵਿਚ ਰਜਿੰਦਰ ਗਿਰੀ ਸਫਦਰ ਜੰਗ ਦੇ ਵਜ਼ੀਰ ਅਹਿਮਦ ਸ਼ਾਹ ਅਤੇ ਉਸ ਦੇ ਉਤਰਾਧਿਕਾਰੀ ਸ਼ੁਜਾ-ਉਦ-ਦੌਲਾ ਨੂੰ ਸੇਵਾਵਾਂ ਦਿੰਦੇ ਰਹੇ। ਉਹ ਬਨਾਰਸ ਦੇ ਹਿੰਦੂ ਰਾਜਾ ਬਲਵੰਤ ਸਿੰਘ ਵਿਰੁੱਧ ਮੁਗਲਾਂ ਪ੍ਰਤੀ ਵਫਾਦਾਰ ਰਹੇ। ਜਦੋਂ ਸ਼ੁਜਾ-ਉਦ-ਦੌਲਾ ਅਫਗਾਨਾਂ ਨਾਲ ਮਿਲ ਕੇ ਮਰਾਠਿਆਂ ਵਿਰੁੱਧ ਲੜੇ ਤਾਂ ਨਾਗਾ ਵੀ ਨਾਲ ਸਨ। 1761 ਦੀ ਪਾਣੀਪਤ ਦੀ ਲੜਾਈ ਸਮੇਂ ਅਫਗਾਨ ਫੌਜੀ ਨੰਗੀ ਫੌਜ ਦੇਖ ਕੇ ਘਬਰਾ ਗਏ। ਇਨ੍ਹਾਂ ਦੀ ਨਾਗਾ ਫੌਜ ਨੇ ਮੁਗਲਾਂ, ਪਠਾਣਾਂ, ਰੁਹੇਲਿਆਂ, ਰਾਜਪੂਤਾਂ ਨਾਲ ਮਿਲ ਕੇ 1764 ਵਿਚ ਪਟਨਾ ਅਤੇ ਬਕਸਰ ਦੀ ਲੜਾਈ ਲੜੀ ਪਰ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਭਾਂਜ ਦਿੱਤੀ। 1764-65 ਵਿਚ ਇਹ ਜਾਟ ਰਾਜੇ ਜਹਾਂਗੀਰ ਸਿੰਘ ਨਾਲ ਰਹੇ। ਫਿਰ ਇਨ੍ਹਾਂ ਨੂੰ ਸ਼ੁਜਾ-ਉਦ-ਦੌਲਾ ਨੇ ਰੱਖ ਲਿਆ। ਇਨ੍ਹਾਂ ਨੇ ਬੁੰਦੇਲਖੰਡ ਅਤੇ ਹੋਰ ਕਈ ਥਾਵਾਂ ਦੀ ਲੁੱਟ-ਮਾਰ ਵੀ ਕੀਤੀ। 1789-1802 ਮਰਾਠਾ ਅਲੀ ਬਹਾਦਰ (ਜੋ ਕ੍ਰਿਸ਼ਨ ਸਿਹੁੰ ਵਜੋਂ ਮਸ਼ਹੂਰ ਸੀ) ਦੀ ਅਗਵਾਈ ਵਿਚ ਇਨ੍ਹਾਂ ਬੁੰਦੇਲਖੰਡ ‘ਤੇ ਕਬਜ਼ਾ ਕੀਤਾ ਜਿਸ ਦੀ ਵਾਪਸੀ ਲਈ ਨਾਗਿਆ ਨੂੰ 13 ਲੱਖ ਰੁਪਏ ਇਨਾਮ ਮਿਲਿਆ। ਬਾਅਦ ਵਿਚ ਅਨੂਪ ਗਿਰੀ ਜਿਸ ਨੂੰ ‘ਹਿੰਮਤ ਬਹਾਦਰ` ਦਾ ਟਾਈਟਲ ਮਿਲਿਆ ਸੀ, ਦੀ ਸ਼ਮਸ਼ੇਰ ਬਹਾਦਰ ਨੂੰ ਦਬਾਉਣ ਲਈ ਵਰਤੋਂ ਕੀਤੀ। ਇਹ ਦੋਨੋਂ ਭਰਾ ਉੱਤਰ ਵਿਚ ਸਰਗਰਮ ਸਨ। ਬਾਕੀ ਸੰਨਿਆਸੀ ਬੰਗਾਲ ਦੇ ਮੁਸਲਿਮ ਫਕੀਰਾਂ ਨਾਲ ਮਿਲ ਕੇ ਈਸਟ ਇੰਡੀਆ ਕੰਪਨੀ ਨਾਲ ਪੰਗੇ ਲੈ ਰਹੇ ਸਨ। ਅੰਗਰੇਜ਼ਾਂ ਅਤੇ ਰਾਜਿਆਂ ਨੇ ਇਨ੍ਹਾਂ ਦਾ ਰੋਲ ਘਟਾ ਦਿੱਤਾ। ਬਦਲੇ ਵਾਤਾਵਰਨ ਵਿਚ ਇਨ੍ਹਾਂ ਨੇ ਸ਼ਹਿਰੀ ਜ਼ਮੀਨਾਂ ‘ਤੇ ਕਬਜ਼ਾ ਕਰ ਲਿਆ। ਦਸਨਾਮੀ ਅਖਾੜੇ ਕੋਲ 2.5 ਲੱਖ ਏਕੜ ਜ਼ਮੀਨ ਦੀ ਮਾਲਕੀ ਹੈ। ਜੂਨਾ ਅਖਾੜੇ ਦਾ ਗੁਜਰਾਤ ਦੀ ਗਿਰਨਾਰ ਪਹਾੜੀ ‘ਤੇ ਕਬਜ਼ਾ ਹੈ। ਅੱਜ ਵੀ ਅੱਧਾ ਅਯੁੱਧਿਆ ਅਤੇ ਹਰਿਦੁਆਰ ਵੈਸ਼ਨਵ ਤੇ ਸ਼ਿਵ ਅਖਾੜੇ ਦੇ ਕਬਜ਼ੇ ਹੇਠ ਹੈ। ਇਨ੍ਹਾਂ ਦੀ ਸਿਆਸੀ ਅਖਾੜਿਆਂ ਦੀ ਇੱਛਾ ਕੁੰਭ ਮੇਲੇ ਦੌਰਾਨ ਸ਼ਕਤੀ ਪ੍ਰਦਰਸ਼ਨ ਕਰ ਕੇ ਦਿਖਾਈ ਜਾਂਦੀ ਹੈ।
ਸਮਾਂ ਲੰਘਣ ਨਾਲ ਨਾਗਿਆਂ ਦਾ ਇਤਿਹਾਸ ਨਵੀਆਂ ਮਿੱਥਾਂ ਨਾਲ ਪੇਸ਼ ਕੀਤਾ ਗਿਆ। ਇਨ੍ਹਾਂ ਨੂੰ ਮੁਸਲਮਾਨਾਂ ਅਤੇ ਅੰਗਰੇਜ਼ਾਂ ਵਿਰੁੱਧ ਹਿੰਦੂ ਧਰਮ ਨੂੰ ਬਚਾਉਣ ਵਾਲੇ ਯੋਧਿਆਂ ਦੇ ਰੂਪ ਵਿਚ ਪੇਸ਼ ਕੀਤਾ ਗਿਆ।
ਸੰਨਿਆਸੀ ਵਿਦਵਾਨ ਮਧੂ ਸੂਦਨ ਸਰਸਵਤੀ ਵੇਲੇ ਦੇ ਸ਼ਾਸਕ ਅਕਬਰ ਕੋਲ ਸੰਨਿਆਸੀਆਂ ਦੀ ਰੱਖਿਆ ਲਈ ਗਿਆ ਸੀ। ਬੀਰਬਲ ਵੀ ਉੱਥੇ ਹਾਜ਼ਰ ਸੀ। ਉਸ ਨੇ ਗੈਰ-ਬ੍ਰਾਹਮਣਾਂ ਦੀ ਭਰਤੀ ਅਤੇ ਰੱਖਿਆ ਕਰਨ ਲਈ ਕਿਹਾ। ਮਧੂ ਸੂਦਨ ਨੇ ਦਸਨਾਮੀ ਅਖਾੜੇ ਵਿਚ ਖੱਤਰੀ ਅਤੇ ਵੈਸ਼ਾਂ ਦੀ ਭਰਤੀ ਕੀਤੀ।
ਰਾਮ ਆਸਰੇ ਦਾਸ 1950 ਦੇ ਨੇੜੇ-ਤੇੜੇ ਗੋਪਾਲ ਗੰਜ ਬਿਹਾਰ ਤੋਂ ਅਯੁੱਧਿਆ ਆਇਆ। ਆਪਣੇ ਗੁਰੂ ਮਹੰਤ ਗਿਰੀਰਾਮ ਦਾਸ ਨਾਲ ਹਨੂੰਮਾਨ ਗੜ੍ਹੀ ਵਿਚ ਰਿਹਾ ਅਤੇ ਨਾਗਾ ਵੈਰਾਗੀ ਬਣ ਗਿਆ। ਫਿਰ ਗੁਰੂ-ਚੇਲਾ ਰਾਮਨੰਦ ਦੇ ਪੁਰਾਣੇ ਮੰਦਰ ਵਿਚ ਚਲਾ ਗਿਆ। ਇਸ ਮੰਦਰ ਦੇ ਨਾਮ ਕਾਫੀ ਜ਼ਮੀਨ ਸੀ। ਗੁਰੂ ਦੀ ਮੌਤ ਤੋਂ ਬਾਅਦ ਉਹ ਮਹੰਤ ਬਣਿਆ। 1984 ਵਿਚ ਉੱਥੇ ਵਧੀਆ, ਵੱਡਾ ਮੰਦਰ ਉਸਾਰਿਆ ਜਿਸ ਨੂੰ ਦਸਰਥ ਗੱਦੀ ਕਿਹਾ ਗਿਆ। ਅਯੁੱਧਿਆ ਵਿਚ ਇਸ ਨੂੰ ਚੌਬੁਰਜੀ ਵੀ ਕਹਿੰਦੇ ਹਨ। ਇਸ ਦੀਆਂ ਚਾਰਦੀਵਾਰਾਂ ਕੋਲ ਚਾਰ ਮੀਨਾਰ ਹਨ। ਬ੍ਰਿਜਮੋਹਨ ਦਾਸ ਉਸ ਦਾ ਚੇਲਾ ਨਹੀਂ ਸੀ। ਉਹ ਆਪਣੇ ਪਿਤਾ ਜੋ ਉੱਥੇ ਕੰਮ ਕਰਦਾ ਸੀ, ਨਾਲ ਰਹਿੰਦਾ ਸੀ। ਮੰਦਰ ਖਿਲਾਫ ਕਈ ਕੇਸ ਸਨ। ਰਾਮ ਆਸਰੇ ਦਾਸ ਨੇ ਉਨ੍ਹਾਂ ਕੇਸਾਂ ਦੀ ਜ਼ਿੰਮੇਵਾਰੀ ਬ੍ਰਿਜਮੋਹਨ ਨੂੰ ਦੇ ਦਿੱਤੀ। 2010 ਵਿਚ ਉਸ ਨੇ ਵਿਸ਼ਵਾਸ ਕਰ ਕੇ ਉਨ੍ਹਾਂ ਕੇਸਾਂ ਦੀ ਪਾਵਰ ਆਫ ਅਟਰਨੀ ਵੀ ਦੇ ਦਿੱਤੀ ਪਰ ਉਸ ਨੇ ਧੋਖੇ ਨਾਲ ਉਸ ਸਮੇਂ ਮੰਦਰ ਦੀ ਟਰਸਟੀਸ਼ਿਪ ਦੇ ਕਾਗਜ਼ਾਂ ‘ਤੇ ਵੀ ਦਸਤਖਤ ਕਰਵਾ ਲਏ। ਸਾਲ ਬਾਅਦ ਉਸਹੇ ਰਾਮ ਆਸਰੇ ਦਾਸ ਨੂੰ ਮੰਦਰ ਵਿਚੋਂ ਬਾਹਰ ਕਰ ਦਿੱਤਾ। ਬ੍ਰਿਜਮੋਹਨ ਦਾਸ ਕਹਿੰਦਾ ਹੈ ਕਿ ਰਾਮ ਆਸਰੇ ਦਲਾਲਾਂ ਪਿੱਛੇ ਲੱਗ ਕੇ ਮੰਦਰ ਦੀ ਜਾਇਦਾਦ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਉਹਨੇ ਅਜਿਹਾ ਕੀਤਾ। ਬ੍ਰਿਜਮੋਹਨ ਨੇ ਉਸ ਦਾ ਖੂਬ ਕੁਟਾਪਾ ਕੀਤਾ: ‘ਰਾਮ ਆਸਰੇ ਦਾਸ ਨੇ ਬਜਰੰਗ ਬਲੀ ਦੇ ਦਰਸ਼ਨ ਕੀਤੇ ਅਤੇ 80 ਸਾਲਾ ਬਜ਼ੁਰਗ ਉਨ੍ਹਾਂ ਦੇ ਪੰਜੇ ਵਿਚੋਂ ਛੁੱਟ ਕੇ ਭੱਜ ਗਿਆ’। ਉਹ ਕੁਝ ਸਮਾਂ ਗੋਪਾਲ ਗੰਜ ਪਿੰਡ ਦੇ ਮੰਦਰ ਵਿਚ ਰਿਹਾ ਅਤੇ ਕਦੇ-ਕਦੇ ਅਯੁੱਧਿਆ ਗੇੜਾ ਮਾਰਦਾ ਰਹਿੰਦਾ। 2017 ਵਿਚ 90 ਸਾਲ ਦੀ ਉਮਰ ਵਿਚ ਉਸ ਨੇ ਉਸੇ ਬ੍ਰਿਜਮੋਹਨ ਨਾਲ ਸਮਝੌਤਾ ਕਰ ਲਿਆ ਅਤੇ ਇੱਕ ਖੂੰਜੇ ਵਿਚ ਜਗ੍ਹਾ ਮੱਲ ਲਈ। 8 ਫਰਵਰੀ 2018 ਨੂੰ ਉਸ ਦੀ ਮੌਤ ਹੋ ਗਈ। ਬ੍ਰਿਜ ਮੋਹਨ ਮੰਦਰ ਦੇ ਮਹੰਤ ਦੇ ਨਾਲ-ਨਾਲ ਵੀ.ਐੱਚ.ਪੀ. ਦੀ ਸ਼ਹਿਰੀ ਇਕਾਈ ਦਾ ਪ੍ਰਧਾਨ ਵੀ ਸੀ। ਮੰਦਰਾਂ ਲਈ ਇਹ ਜ਼ਮੀਨ ਅਵਧ ਦੇ ਨਵਾਬ ਅਤੇ ਹੋਰ ਰਾਜਿਆਂ ਨੇ ਦਾਨ ਵਜੋਂ ਦਿੱਤੀ ਸੀ।
ਗੁਰੂ-ਚੇਲੇ ਦੀ ਪਰੰਪਰਾ ਵਿਚ ਉਥਲ-ਪੁਥਲ ਸੀ। ਅਯੁੱਧਿਆ ਦੇ ਬਹੁਤੇ ਸਾਧੂ ਇਸ ਉਥਲ-ਪੁਥਲ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਮ ਜਨਮ ਭੂਮੀ ਪ੍ਰੋਜੈਕਟ ਨੂੰ ਜ਼ਿੰਮੇਵਾਰ ਮੰਨਦੇ ਹਨ ਜੋ 1980 ਵਿਚ ਸ਼ੁਰੂ ਹੋਇਆ। 1949 ਦੇ ਮੂਰਤੀ ਰੱਖਣ ਤੋਂ ਬਾਅਦ ਇਹ ਮੁੱਦਾ ਭੁੱਲ-ਭੁਲਾ ਗਿਆ ਸੀ। 17ਗੁਣਾ21ਗੁਣਾ16 ਫੁੱਟ ਦਾ ਚਬੂਤਰਾ ਬਾਬਰੀ ਮਸਜਿਦ ਤੋਂ 100 ਕਦਮ ਦੂਰ ਸਥਿਤ ਸੀ ਜਿਸ ਨੂੰ ਰਾਮ ਚੰਦਰ ਦੀ ਜਨਮ ਭੂਮੀ ਸਮਝ ਕੇ ਕੁਝ ਲੋਕ ਉੱਥੇ ਰਾਮ ਮੰਦਰ ਦੀ ਉਸਾਰੀ ਕਰਨਾ ਚਾਹੁੰਦੇ ਸਨ। ਅੰਗਰੇਜ਼ਾਂ ਨੇ ਇਸ ਦੀ ਆਗਿਆ ਨਨੀਂ ਸੀ ਦਿੱਤੀ। ਆਜ਼ਾਦੀ ਤੋਂ ਬਾਅਦ ਰਾਮਾਨੰਦੀ ਨਾਗਾ ਅਤੇ ਹਿੰਦੂ ਮਹਾਂਸਭਾ ਲੀਡਰ ਸਾਰੀ ਬਾਬਰੀ ਮਸਜਿਦ ‘ਤੇ ਕਬਜ਼ਾ ਕਰਨ ਦੇ ਯੋਗ ਹੋ ਗਏ ਪਰ ਮੂਰਤੀਆਂ ਰੱਖਣ ਤੋਂ ਬਾਅਦ ਅਦਾਲਤੀ ਲੜਾਈ ਸ਼ੁਰੂ ਹੋ ਗਈ ਸੀ।
1984 ਵਿਚ ਦਿੱਲੀ ਵਿਚ ਧਰਮ ਸੰਸਦ ਬੁਲਾ ਕੇ ਰਾਮ ਜਨਮ ਭੂਮੀ ਆਜ਼ਾਦ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਉਸੇ ਸਾਲ ਜੁਲਾਈ ਵਿਚ ਸ੍ਰੀ ਰਾਮ ਜਨਮ ਭੂਮੀ ਮੁਕਤੀ ਯੋਜਨਾ ਸਮਿਤੀ ਦੀ ਸਥਾਪਨਾ ਵੀ ਕੀਤੀ ਗਈ। ਪਹਿਲੀ ਅਕਤੂਬਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਪਣਾ ਖਾੜਕੂ ਵਿੰਗ ਬਜਰੰਗ ਦਲ ਵਿਨੇ ਕਟਿਆਰ ਦੀ ਅਗਵਾਈ ਵਿਚ ਕਾਇਮ ਕੀਤਾ ਜੋ ਪਹਿਲਾਂ ਆਰ.ਐੱਸ.ਐੱਸ. ਪ੍ਰਚਾਰਕ ਸੀ। ਸੀਤਾਮੜ੍ਹੀ (ਬਿਹਾਰ) ਤੋਂ ਚੱਲਿਆ ਜਲੂਸ 6 ਅਕਤੂਬਰ ਨੂੰ ਅਯੁੱਧਿਆ ਪਹੁੰਚਿਆ। ਇਹ ਜਲੂਸ ਰਾਮ ਸੀਤਾ ਦੀਆਂ ਮੂਰਤੀਆਂ ਨਾਲ ‘ਭਾਰਤ ਮਾਤਾ ਦੀ ਜੈ` ਦੇ ਨਾਅਰੇ ਹੇਠ ਸ਼ੁਰੂ ਕੀਤਾ ਗਿਆ। ਪੀਟਰ ਵਾਨ ਡੇਰ ਵੀਰ ਅਨੁਸਾਰ 5 ਤੋਂ 7 ਹਜ਼ਾਰ ਤੱਕ ਲੋਕ ਭਾਸ਼ਣ ਸੁਣਨ ਲਈ ਇਕੱਠੇ ਹੋਏ ਜਿਸ ਨੂੰ ਮੀਡੀਆ ਨੇ 50 ਹਜ਼ਾਰ ਤੋਂ ਇੱਕ ਲੱਖ ਦਰਸਾਇਆ। ਇੱਕ ਦਿਨ ਅਯੁੱਧਿਆ ਰੁਕਣ ਤੋਂ ਬਾਅਦ ਇਹ ਉਤਰ ਪ੍ਰਦੇਸ਼ (ਯੂ.ਪੀ.) ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਲਖਨਊ ਰਵਾਨਾ ਹੋਇਆ। ਰਸਤੇ ਵਿਚ ਅਤੇ ਲਖਨਊ ਵਿਚ ਇਕੱਠ ਕਿਤੇ ਵੱਧ ਦੇਖਿਆ ਗਿਆ। ਅਯੁੱਧਿਆ ਵਿਚ ਸਾਧੂਆਂ ਅਤੇ ਆਮ ਹਿੰਦੂਆਂ ਦਾ ਵਿਆਪਕ ਸਮਰਥਨ ਨਾ ਮਿਲਣ ਕਾਰਨ ਵੀ ਵੀ.ਐੱਚ.ਪੀ. ਨੇ ਯੋਜਨਾ ਬਦਲ ਲਈ।
ਫਿਰ 1984 ਵਿਚ ਨਵੰਬਰ ਵਿਚ ਤਿੰਨ ਰਮਾਇਣ ਮੇਲੇ ਲਗਾਏ ਗਏ- ਦੋ ਸਰਕਾਰੀ ਅਤੇ ਇੱਕ ਰਾਮ ਚੰਦਰ ਦਾਸ ਪਰਮਹੰਸ ਵੱਲੋਂ। ਰਾਮ ਚੰਦਰ ਦਾਸ ਪਰਮਹੰਸ ਵੀ.ਐੱਚ.ਪੀ. ਦਾ ਖਾਸ ਆਦਮੀ ਸੀ। ਉਹ ਅਤੇ ਦਿਗੰਬਰ ਅਖਾੜੇ ਦਾ ਮੁਖੀ ਵੈਸ਼ਨਵ ਮੱਤ ਦੇ ਰਾਮਾਨੰਦੀ ਅਖਾੜਿਆਂ ਵਿਚੋਂ ਸਨ, ਉਹ ਭਾਵੇਂ ਸਭ ਤੋਂ ਛੋਟੇ ਅਖਾੜੇ ਦਾ ਮੁਖੀ ਸੀ। ਸਰਕਾਰੀ ਮੇਲਿਆਂ ਵਿਚ ਇਕੱਠ ਚੰਗਾ ਸੀ ਪਰ ਪਰਮਹੰਸ ਦਾ ਮੇਲਾ ਤਾਂ ਅਸਫਲ ਹੀ ਸਮਝੋ। ਵੀ.ਐੱਚ.ਪੀ ਨੇ ਰਾਮ ਜਨਮ ਭੂਮੀ ਟਰਸਟ ਲਈ ਜਗਤ ਗੁਰੂ ਰਾਮਾਨੰਦ ਅਚਾਰੀਆ ਸ਼ਿਵ ਰਾਮ ਅਚਾਰੀਆ ਨੂੰ ਚੇਅਰਮੈਨ ਬਣਾਇਆ। ਸ਼ਿਵਰਾਮ ਅਚਾਰੀਆ ਦੀ ਵੈਸ਼ਨਵ ਅਦਾਰੇ ਵਿਚ ਚੰਗੀ ਇੱਜ਼ਤ ਸੀ। ਵਿਜੈ ਰਾਜਾ, ਬਿਰਲਾ ਸਿੰਧੀਆ, ਸਿੰਘਾਨੀਆ ਆਦਿ ਵੀ ਟਰਸਟ ਨਾਲ ਜੁੜ ਗਏ। ਉਹ ਸਰਕਾਰ ਤੋਂ ਇਸ ਦੀ ਟਰਸਟੀਸ਼ਿਪ/ਟਰਸਟ ਦੇ ਨਾਮ ਆਦਿ ਤਬਦੀਲ ਕਰਨ ਦੀ ਮੰਗ ਕਰਨ ਲੱਗੇ।
ਸ਼ਿਵਰਾਮ ਅਚਾਰੀਆ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਿਆਸ ਕੀਤੇ ਨਤੀਜੇ ਨਾ ਕੱਢ ਸਕਿਆ, ਭਾਵੇਂ ਉਤਰ ਪ੍ਰਦੇਸ਼ ਦੀਆਂ ਹੋਰ ਥਾਵਾਂ ‘ਤੇ ਇਸ ਲਹਿਰ ਨੂੰ ਚੰਗਾ ਹੁਲਾਰਾ ਮਿਲਿਆ। ਫੈਜ਼ਾਬਾਦ ਦੇ ਸੈਸ਼ਨ ਜੱਜ ਵੱਲੋਂ 1986 ਵਿਚ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦੇ ਗੇਟ ਖੋਲ੍ਹ ਕੇ ਦਰਸ਼ਨਾਂ ਦੀ ਆਗਿਆ ਦੇਣ ਦੇ ਫੈਸਲੇ ਨਾਲ ਇਹ ਮੁਹਿੰਮ ਹੋਰ ਅੱਗੇ ਵਧੀ ਪਰ ਅਯੁੱਧਿਆ ਵਿਚ ਫਿਰ ਵੀ ਕੋਈ ਬਹੁਤਾ ਹੁੰਗਾਰਾ ਨਾ ਮਿਲਿਆ।
ਇਸ ਲਹਿਰ ਨੇ ਮੰਦਰਾਂ ਦਾ ਸਿਆਸੀ ਮੁੱਲ ਵਧਾ ਦਿੱਤਾ। ਇਸ ਲਈ ਮਹੰਤਾਂ ਨੂੰ ਉਸੇ ਕਤਾਰ ਵਿਚ ਖੜ੍ਹਨਾ ਜ਼ਰੂਰੀ ਹੋ ਗਿਆ। ਸਿਆਸਤ ਨੂੰ ਅਜਿਹੇ ਮਹੰਤਾਂ ਦੀ ਲੋੜ ਸੀ। ਇਸ ਲਈ ਡੇਰਿਆਂ ‘ਤੇ ਕਬਜ਼ੇ, ਕਤਲ ਆਦਿ ਦੀ ਸ਼ੁਰੂਆਤ ਹੋਈ।
ਸਵਰਗ ਦੁਆਰ ਆਸ਼ਰਮ ਮੰਦਰ ਰਘੁਨੰਦਨ ਦਾਸ ਦੇ ਮਹੰਤ ਨੇ ਦੱਸਿਆ ਕਿ ਅਯੁੱਧਿਆ ਵਿਚ ਮਾਰ-ਧਾੜ ਰਾਹੀਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। 1984 ਵਿਚ ਦਰਭੰਗਾ (ਬਿਹਾਰ) ਵਿਚ ਜਲੂਸ ਦੀ ਅਗਵਾਈ ਕਰਨ ਵਾਲੇ ਇਸ ਮਹੰਤ ਨੇ 3 ਦਹਾਕਿਆਂ ਬਾਅਦ ਮੰਨਿਆ ਕਿ ਵੀ.ਐੱਚ.ਪੀ. ਨੇ ਇਕੱਲਿਆਂ, ਅਯੁੱਧਿਆ ਦੀ ਪਵਿੱਤਰਤਾ ਭੰਗ ਕਰ ਦਿੱਤੀ। ਹਿੰਸਾ, ਪੈਸਾ, ਸਿਆਸੀ ਤਾਕਤ ਨਾਲ ਕਿਸੇ ਵੀ ਆਸ਼ਰਮ ਜਾਂ ਮੰਦਰ ਅੰਦਰ ਗੁੰਡਿਆਂ ਨੂੰ ਸਾਧੂਆਂ ਦੇ ਭੇਸ ਵਿਚ ਭੇਜ ਕੇ ਕਬਜ਼ਾ ਕੀਤਾ ਜਾ ਸਕਦਾ ਹੈ। ਪੁਰਾਣੇ ਮਹੰਤ ਇਸ ਦਾ ਸ਼ਿਕਾਰ ਬਣੇ।
ਇਉਂ ਬਿਹਾਰ ਅਤੇ ਯੂ.ਪੀ. ਦੇ ਗੁੰਡੇ, ਆਸ਼ਰਮਾਂ ‘ਤੇ ਕਾਬਜ਼ ਹੋਣ ਲੱਗੇ। ਇਹ ਮੁਹਿੰਮ 6 ਦਸੰਬਰ 1992 ਤੋਂ ਬਾਅਦ ਹੋਰ ਤੇਜ਼ੀ ਫੜ ਗਈ। ਮਹੰਤੀ ਵਪਾਰ ਬਣ ਗਈ। 1950-84 ਤੱਕ ਅਦਾਲਤੀ ਝਗੜੇ ਸਨ। ਧਾਰਮਿਕ ਯਾਤਰੀ ਆਸਥਾ ਨਾਲ ਆਉਂਦੇ ਸਨ। ਰਾਮ ਜਨਮ ਭੂਮੀ ਝਗੜੇ ਬਾਅਦ ਰਾਜਸੀ-ਧਾਰਮਿਕ ਟੂਰਿਜ਼ਮ ਵਧ ਗਿਆ। ਆਸ਼ਰਮ ਧਰਮਸ਼ਾਲਾਵਾਂ ਬਣ ਗਏ। ਜਾਇਦਾਦ ਦੇ ਰੇਟ ਅਸਮਾਨੀਂ ਪਹੁੰਚ ਗਏ।
ਅਯੁੱਧਿਆ ਵਿਚ 90% ਕੇਸ ਗੈਰ-ਕਾਨੂੰਨੀ ਕਬਜ਼ੇ ਦੇ ਹਨ। ਬਹੁਤ ਸਾਰੇ ਮੰਦਰ ਅਪਰਾਧੀਆਂ ਲਈ ਸ਼ਰਨ ਲੈਣ ਦੀ ਜਗ੍ਹਾ ਹਨ। ਆਪਣੇ ਇਲਾਕੇ ਵਿਚ ਅਪਰਾਧ ਕਰ ਕੇ ਇੱਥੇ ਮੰਦਰ ਵਿਚ ਸ਼ਰਨ ਲੈ ਕੇ 10-15 ਸਾਲਾਂ ਵਿਚ ਮਹੰਤ ਬਣ ਗਏ ਤਾਂ ਚੰਗਾ, ਨਹੀਂ ਵਾਪਸ ਚਲੇ ਜਾਂਦੇ ਹਨ। ਕੇਸ ਉਸ ਸਮੇਂ ਤੱਕ ਠੰਢੇ ਪੈ ਜਾਂਦੇ ਹਨ। ਇਹ ਵੈਰਾਗੀਆਂ ਦੀ ਸ਼ਕਲ ਵਿਚ ਘੁੰਮਦੇ ਗੁੰਡੇ, ਆਰ.ਐੱਸ.ਐੱਸ. ਲਈ ਮਨਭਾਉਂਦੀ ਫੌਜ ਹਨ।
ਮੰਦਰਾਂ ਨਾਲ ਜੁੜੀ ਜ਼ਮੀਨ ਮੰਦਰ ਦੇ ਦੇਵਤਾ ਦੇ ਨਾਮ ਹੁੰਦੀ ਹੈ ਅਤੇ ਮਹੰਤ ਉਸ ਦੇ ਰਖਵਾਲੇ ਹੁੰਦੇ ਹਨ। ਹਰ ਡਵੀਜ਼ਨ ਦਾ ਕਮਿਸ਼ਨਰ ਹੀ ਇਸ ਨੂੰ ਵੇਚਣ ਦੀ ਮਨਜ਼ੂਰੀ ਦੇ ਸਕਦਾ ਹੈ ਪਰ ਬਿਨਾ ਮਨਜ਼ੂਰੀ ‘ਮੰਦਰ ਦੇ ਭਲੇ` ਦੇ ਨਾਮ ਹੇਠ ਜ਼ਮੀਨ ਦੀ ਖਰੀਦ-ਵੇਚ ਕੀਤੀ ਜਾਂਦੀ ਹੈ। ਆਮ ਰਿਵਾਜ਼ ਅਨੁਸਾਰ ਅਯੁੱਧਿਆ ਦੇ ਮਹੰਤ ਅੱਗੇ ਦੀ ਅੱਗੇ ਗੁਰਗੱਦੀ ਸੌਂਪਣ ਨਾਲ ਜਾਇਦਾਦ ਵੀ ਸਪੁਰਦ ਕਰਦੇ ਜਾਂਦੇ ਹਨ। ਇਸ ਲਈ ਗੁਰੂ-ਚੇਲਾ, ਸਹਿ-ਚੇਲਾ, ਭਤੀਜਾ ਚੇਲਾ, ਗੁਰੂ ਭਰਾ, ਗੁਰੂ ਭੈਣ ਦੇ ਨਾਮ ਕਰ ਦਿੱਤੀ ਜਾਂਦੀ ਰਹੀ ਹੈ। ਇਸ ਵਿਚ ਗੋਦ ਲੈਣ (ਅਡਾਪਸ਼ਨ) ਦਾ ਵੀ ਨਿਯਮ ਹੈ। ਉਸ ਨੂੰ ‘ਸਾਧ ਦਾ ਚੇਲਾ` ਬਣਾ ਕੇ ਉਸ ਦੇ ਨਾਮ ਮਹੰਤੀ ਕਰ ਦਿੱਤੀ ਜਾਂਦੀ ਹੈ।
ਜੇ ਕੋਈ ਮਹੰਤ ਬਿਨਾ ਉਤਰਾਧਿਕਾਰੀ ਬਣਾਏ ਮਰ ਜਾਵੇ ਤਾਂ ਉਸ ਅਖਾੜੇ ਦੇ ਮਹੰਤ ਇਕੱਠੇ ਹੋ ਕੇ ਉਸ ਦੇ ਚੇਲਿਆਂ ਵਿਚੋਂ ਮਹੰਤ ਥਾਪਦੇ ਹਨ ਜਿਸ ਨੂੰ ਮਜ਼ਹਰਨਾਮਾ ਕਹਿੰਦੇ ਹਨ। ਇਸ ਦੀ ਸੂਚਨਾ ਭੰਡਾਰਾ ਕਰ ਕੇ ਦਿੱਤੀ ਜਾਂਦੀ ਹੈ ਪਰ ਅੱਜ ਕੱਲ੍ਹ ਮਹੰਤ ਪਹਿਲਾਂ ਥਾਪਿਆ ਜਾਂਦਾ ਹੈ ਅਤੇ ਭੰਡਾਰਾ ਬਾਅਦ ਵਿਚ ਕੀਤਾ ਜਾਂਦਾ ਹੈ।
ਅੱਜ ਕੱਲ੍ਹ ਜਿਸ ਮਹੰਤ ਦੇ ਨਾਮ ਵਸੀਅਤ ਲਿਖੀ ਹੋਵੇ, ਉਸ ਨੂੰ ਵਧੇਰੇ ਖਤਰਾ ਹੋ ਜਾਂਦਾ ਹੈ। ਕਬਜ਼ੇ ਦੇ ਯਤਨ ਆਮ ਹੋ ਗਏ ਹਨ ਸਗੋਂ ਮਰਨ ‘ਤੇ ਪੋਸਟ-ਮਾਰਟਮ ਵੀ ਨਹੀਂ ਹੁੰਦਾ, ਸਸਕਾਰ ਵੀ ਨਹੀਂ ਕੀਤਾ ਜਾਂਦਾ, ਸਰੀਰ ਨੂੰ ਸਰਯੂ ਦਰਿਆ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ।

ਅਯੁੱਧਿਆ ਦੇ ਕੇਂਦਰ ਵਿਚ ਸਥਿਤ ਹਨੂੰਮਾਨ ਗੜ੍ਹੀ ਨਿਰਵਾਣੀ ਅਖਾੜਾ ਜਿੱਥੇ 600 ਨਾਗੇ ਵੱਖ-ਵੱਖ ਗਰੋਹਾਂ ਵਿਚ ਜ਼ਮੀਨ ‘ਤੇ ਕਬਜ਼ੇ ਲਈ ਹਰ ਵਕਤ ਤਿਆਰ ਰਹਿੰਦੇ ਹਨ, ਹੁਣ ਤੱਕ ਕੁਸ਼ਤੀ ਦਾ ਕੇਂਦਰ ਹੁੰਦਾ ਸੀ। ਹੁਣ ਇਹ ਅਸਲ੍ਹੇ ਦੀ ਤਾਕਤ ਦੇ ਜ਼ੋਰ ‘ਤੇ ਕਬਜ਼ੇ ਕਰਦੇ ਹਨ। ਸਿਤਾਰਿਆਂ ਦੇ ਮਾਹਿਰ (ਜੋਤਸ਼ੀ) ਹਰਦਿਆਲ ਮਿਸ਼ਰਾ ਅਨੁਸਾਰ, “ਤੁਹਾਡੇ ਲਈ ਅਯੁੱਧਿਆ ਰਾਮ ਜਨਮ ਭੂਮੀ ਹੈ ਪਰ ਨਾਗਿਆਂ ਲਈ ਇਹ ਹਨੂੰਮਾਨ ਦੀ ਭੂਮੀ ਹੈ। ਤੁਸੀਂ ਇੱਥੇ ਭੇਟਾਂ ਚੜ੍ਹਾਉਣ ਲਈ ਆਉਂਦੇ ਹੋ। ਉਹ ਸਾਰਾ ਕੁਝ ਖੋਹਣ ਲਈ ਮੌਜੂਦ ਹਨ। ਪਹਿਲਾਂ ਉਹ ਮਹੰਤ ਦੇ ਸਰੀਰ ‘ਤੇ ਕਬਜ਼ਾ ਕਰਦੇ ਹਨ ਤੇ ਫਿਰ ਅੰਦਰ ਦੀ ਜ਼ਮੀਨ ‘ਤੇ। ਜਦੋਂ ਕੋਈ ਮਹੰਤ ਮਰ ਜਾਂਦਾ ਹੈ ਤਾਂ ਕੇਸ ਅਨੁਸਾਰ 10 ਤੋਂ 100 ਤੱਕ ਨਾਗੇ ਉਸ ਮੰਦਰ ਵਿਚ ਪਹੁੰਚ ਜਾਂਦੇ ਹਨ। ਮ੍ਰਿਤ ਸਰੀਰ ‘ਤੇ ਕਬਜ਼ਾ ਕਰ ਕੇ ਸਰੋਵਰ ਵਿਚ ਤੈਰਾ ਦਿੰਦੇ ਹਨ। ਇਹ ਅੰਤਿਮ ਰਸਮਾਂ ਢੋਲ-ਢਮੱਕੇ ਨਾਲ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਬਾਕੀਆਂ ਨੂੰ ਪਤਾ ਨਾ ਲੱਗ ਸਕੇ ਕਿ ਕੌਣ ‘ਅਸਲੀ ਚੇਲਾ‘ ਹੈ। ਤੁਰੰਤ ਮਜ਼ਹਰਨਾਮਾ ਤਿਆਰ ਕਰ ਕੇ ਉਸ ਨੂੰ ਉੱਤਰਾਧਿਕਾਰੀ ਥਾਪ ਦਿੱਤਾ ਜਾਂਦਾ ਹੈ। ਉਸ ਨੂੰ ‘ਸਾਧੂ ਕਾ ਚੇਲਾ‘ ਕਰਾਰ ਦਿੱਤਾ ਜਾਂਦਾ ਹੈ। ਇੰਸ ਤਰ੍ਹਾਂ ਉਨ੍ਹਾਂ ਕੇਸਾਂ ਵਿਚ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਵਸੀਅਤ ਨਾ ਹੋਵੇ। ਫੈਜ਼ਾਬਾਦ ਦੀ ਅਦਾਲਤ ਵਿਚ ਅਜਿਹੇ ਮੁਕੱਦਮਿਆਂ ਦਾ ਹੜ੍ਹ ਆਇਆ ਹੋਇਆ ਹੈ। ਅਸਲੀ ਵਾਰਸ ਮਜਬੂਰ ਹੋ ਜਾਂਦੇ ਹਨ। ਹਨੂੰਮਾਨ ਗੜ੍ਹੀ ਦੇ ਨਾਗੇ ਇੰਨੇ ਤਾਕਤਵਰ ਹਨ ਕਿ ਉਨ੍ਹਾਂ ਨੂੰ ਹਰਾਉਣਾ ਸੌਖਾ ਨਹੀਂ।
80 ਸਾਲਾ ਰਾਮਰੂਪ ਦਾਸ ਨੇ ‘ਰੰਗ ਨਿਵਾਸ ਮੰਦਰ` ਦੀ ਮਾਲਕੀ ਆਪਣੇ ਚੇਲੇ ਰਘੂਨਾਥ ਦਾਸ ਨੂੰ ਦਹਾਕਾ ਪਹਿਲਾ ਸੌਂਪ ਦਿੱਤੀ। ਉਹ ਆਪ ਸਮਸਤੀਪੁਰ (ਬਿਹਾਰ) ਵਿਚ ਚੁੱਪ-ਚਾਪ ਰਹਿਣ ਲੱਗ ਪਿਆ। 2 ਫਰਵਰੀ 2013 ਨੂੰ ਰਘੂਨਾਥ ਦਾਸ ਬਿਨਾ ਵਸੀਅਤ ਲਿਖੇ ਮਰ ਗਿਆ (ਦਿਲ ਦਾ ਦੌਰਾ)। ਹਨੂੰਮਾਨ ਗੜ੍ਹੀ ਨਾਗੇ ਮਨਮੋਹਨ ਦਾਸ ਦੀ ਅਗਵਾਈ ਵਿਚ ਆਏ ਅਤੇ ਆਪਣੇ ਆਪ ਨੂੰ ਉਸ ਦਾ ਗੁਰੂ ਭਾਈ ‘ਗੁਰ ਦਾ ਚੇਲਾ` ਕਰਾਰ ਦੇ ਕੇ 100 ਵਿੱਘੇ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਮਨਮੋਹਨ ਦਾਸ ਅਯੁੱਧਿਆ ਦਾ ਮੁੱਖ ਬੀ.ਜੇ.ਪੀ. ਆਗੂ ਹੈ।
ਰਘੂਨਾਥ ਦਾਸ ਦਾ ਗੁਰੂ ਰਾਮਰੂਪ ਦਾਸ ਉਸ ਦੀ ਮੌਤ ਦੀ ਖਬਰ ਸੁਣ ਕੇ ਅਯੁੱਧਿਆ ਆ ਗਿਆ। ਉਸ ਨੂੰ ਮੰਦਰ ਵਿਚ ਦਾਖਲ ਨਾ ਹੋਣ ਦਿੱਤਾ ਗਿਆ। ਉਹ ਅਰਜਨ ਦਾਸ ਜੋ ਗਿਰੀ ਨਿਵਾਸ ਰਾਮਾਨੁਜ ਸੰਸਕ੍ਰਿਤ ਕਾਲਜ ਵਿਚ ਸੰਸਕ੍ਰਿਤ ਪੜ੍ਹਾਉਂਦੇ ਸਨ, ਨੂੰ ਮਿਲਿਆ। ਉਨ੍ਹਾਂ ਵਿਚਕਾਰ ਸਮਝੌਤਾ ਹੋ ਗਿਆ ਕਿ ਰਘੂਨਾਥ ਦਾਸ ਦੀ ਮੌਤ ਤੋਂ ਬਾਅਦ ਉਹ ਮਹੰਤ ਬਣੇਗਾ। ਉੱਧਰ ਮਨਮੋਹਨ ਦਾਸ ਨੇ ਮੰਦਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਜ ਕੁਮਾਰ ਦਾਸ ਨੂੰ ਸੌਂਪ ਦਿੱਤਾ ਜੋ ਕਈ ਕਤਲਾਂ ਦਾ ਦੋਸ਼ੀ ਸੀ। ਬੱਸ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਲੱਗਦਾ, ਰਾਮਰੂਪ ਦਾਸ ਨੂੰ ਮੰਦਰ ਦੀ ਮਾਲਕੀ ਵਾਪਸ ਨਹੀਂ ਮਿਲੇਗੀ, ਭਾਵੇਂ ਕੇਸ ਰਾਜ ਕੁਮਾਰ ਜਿੱਤੇ ਜਾਂ ਅਰਜਨ ਦਾਸ।
ਹਨੂਮਾਨਗੜ੍ਹੀ ਦੇ ਨਾਗਿਆਂ ਦਾ ਅਯੁੱਧਿਆ ਦੀ ਅੱਧੀ ਜ਼ਮੀਨ ‘ਤੇ ਕਬਜ਼ਾ ਹੈ। ਹਨੂਮਾਨਗੜ੍ਹੀ ਪੰਚਾਇਤੀ ਸਿਸਟਮ ਨਾਲ ਚੱਲਦਾ ਹੈ। ਇਸ ਦੀਆਂ ਚਾਰ ਪੱਤੀਆਂ- ਉਜਾਨੀਆਂ, ਬਸੰਤੀਆਂ, ਸੰਗਰੀਆਂ ਅਤੇ ਹਰਦੁਆਰੀ ਹਨ। ਨਾਗਾ ਜ਼ਮੀਨ ਦੇ ਮਾਲਕ ਨਹੀਂ ਹੋ ਸਕਦੇ ਪਰ ਉਹ ਇਸ ਜ਼ਮੀਨ ਤੋਂ ਮੁਨਾਫਾ ਹਾਸਲ ਕਰਦੇ ਰਹਿੰਦੇ ਹਨ।
ਇਨ੍ਹਾਂ ਵਿਚੋਂ ਹਰੀ ਸ਼ੰਕਰ ਦਾਸ ਆਪਣੀ ਮੌਤ, ਪਹਿਲੀ ਮਾਰਚ 2017 ਤੱਕ ਸਭ ਤੋਂ ਤਾਕਤਵਰ ਮਹੰਤ ਸੀ। ਉਸ ਦੇ ਚੇਲੇ ਮੁਰਾਰੀ ਦਾਸ ਨੇ ਉਸ ਨੂੰ ਸਾਜ਼ਿਸ਼ ਤਹਿਤ ਮਰਵਾ ਦਿੱਤਾ। ਉਸ ਉਤੇ ਪਹਿਲਾ ਹਮਲਾ 28 ਅਕਤੂਬਰ 2008 ਨੂੰ ਬਾਰਾਬੰਕੀ (ਉਤਰ ਪ੍ਰਦੇਸ਼) ਦੇ ਇੱਕ ਮੰਦਰ ਵਿਚ ਹੋਇਆ ਜਿਸ ਦੇ ਨਾਮ 150 ਏਕੜ ਉਪਜਾਊ ਜ਼ਮੀਨ ਹੈ। ਹਰੀ ਸ਼ੰਕਰ ਦਾਸ 1958 ਵਿਚ ਕੁਸ਼ਤੀ ਸਿੱਖਣ ਲਈ ਅਯੁੱਧਿਆ ਆਇਆ ਸੀ ਪਰ ਉਸ ਨੂੰ ਪਹਿਲਾਂ ਨਾਗਾ ਬਣਨਾ ਪਿਆ। ਉਹ ਤਕੜਾ ਭਲਵਾਨ ਬਣ ਗਿਆ। ਜਿਸ ਬੰਦੇ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਉਸ ਦਾ ਚੇਲਾ ਸੀ। ਉਸ ਨੇ ਉਸ ਨੂੰ ਭਲਵਾਨੀ ਸਿਖਾਈ। ਉਹ ਵੀ ਤਕੜਾ ਭਲਵਾਨ ਸੀ ਪਰ ਉਹ ਕਿਸੇ ਔਰਤ ਕਾਰਨ ਨਾਗਾਪਣ ਛੱਡਣ ਲੱਗਿਆ। ਹਰੀ ਸ਼ੰਕਰ ਨੇ ਵਰਜਿਆ ਅਤੇ ਉਸ ਨੂੰ ਉਤਰਾਧਿਕਾਰੀ ਬਣਾਉਣ ਬਾਰੇ ਕਿਹਾ। ਇਸ ਲਈ ਉਹ ਉਸ ਦੇ ਹੀ ਖਿਲਾਫ ਹੋ ਗਿਆ। ਉਂਝ ਉਹ ਬੰਦਾ ਮਾੜਾ ਨਹੀਂ ਸੀ।
2013 ਵਿਚ ਅਲਾਹਾਬਾਦ ਹਾਈਕੋਰਟ ਨੇ ਵਧਦੇ ਕੇਸਾਂ ਦੀ ਗਿਣਤੀ ਦੇਖ ਕੇ ਇਨ੍ਹਾਂ ਕੇਸਾਂ ਲਈ ਸੀਨੀਅਰ ਬਿਊਰੋਕਰੇਟ ਲਗਾਉਣ ਦਾ ਸੁਝਾਅ ਦਿੱਤਾ ਜਾਂ ਵਿਸ਼ਵਨਾਥ ਮੰਦਰ ਵਾਰਾਨਸੀ ਵਾਂਗ ਟਰਸਟ ਬਣਾਉਣ ਬਾਰੇ ਕਿਹਾ। ਹਨੂੰਮਾਨ ਗੜ੍ਹੀ ਦੇ ਮਹੰਤ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬੀ.ਜੀ.ਪੀ. ਦੇ ਆਗੂਆਂ ਨੇ ਕਾਂਗਰਸ ਨੂੰ ਬਿਨਾ ਮਤਲਬ ਮੰਦਰ ਦੇ ਝਗੜਿਆਂ ਵਿਚ ਨਾ ਉਲਝਣ ਦੀ ਨਸੀਹਤ ਦਿੱਤੀ ਅਤੇ ਸੁਪਰੀਮ ਕੋਰਟ ਤੋਂ ਅਲਾਹਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਸਟੇਅ ਲੈ ਆਂਦੀ।
ਇੱਕ ਹੋਰ ਮੰਦਰ ਜੋ ਝਗੜੇ ਦੀ ਜੜ੍ਹ ਹੈ, ਉਹ ਹੈ ਮਨੀ ਰਾਮ ਦੀ ਛਾਉਣੀ ਜਿਸ ਨੂੰ ਛੋਟੀ ਛਾਉਣੀ ਵੀ ਕਹਿੰਦੇ ਹਨ। 200 ਦਿਗੰਬਰੀ ਨਾਗੇ ਇੱਥੇ ਰਹਿੰਦੇ ਹਨ। ਨਿਤਿਆ ਗੋਪਾਲ ਦਾਸ ਜੋ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਮੁੱਖ ਆਗੂ ਹੈ, ਇਸ ਡੇਰੇ ਦਾ ਸੰਚਾਲਕ ਹੈ। ਉਹ ਰਾਮ ਜਨਮ ਭੂਮੀ ਨਿਆਸ ਦਾ ਵੀ ਮੁਖੀ ਹੈ। ਹਨੂੰਮਾਨ ਗੜ੍ਹੀ ਅਤੇ ਛੋਟੀ ਛਾਉਣੀ ਦੇ ਨਾਗਿਆਂ ਵਿਚਕਾਰ ਮੰਦਰਾਂ ‘ਤੇ ਕਬਜ਼ੇ ਲਈ ਝਗੜੇ ਅਕਸਰ ਹੁੰਦੇ ਰਹਿੰਦੇ ਹਨ।
2012 ਵਿਚ ਰਾਮ ਬਾਲਕ ਦਾਸ ਭਾਨਪੁਰ ਵਿਚ ਇਕ ਰਾਮ ਜਨਮ ਮੰਦਰ ਜੋ ਛੋਟੀ ਛਾਉਣੀ ਦੇ ਨੇੜੇ ਹੀ ਹੈ, ਜਾਂਦਾ ਮਰ ਗਿਆ। ਛੋਟੀ ਛਾਉਣੀ ਦੇ 50 ਨਾਗੇ ਆਏ। ਨੰਦਿਨੀ ਦਾਸ ਜੋ 30 ਸਾਲਾਂ ਤੋਂ ਰਾਮ ਬਾਲਕ ਦਾਸ ਦੀ ਸੇਵਾ ਕਰ ਰਿਹਾ ਸੀ ਤੇ ਉਸ ਨੂੰ ਉਤਰਾਧਿਕਾਰੀ ਚੁਣਿਆ ਹੋਇਆ ਸੀ, ਨੂੰ ਪਰੇ ਕਰ ਕੇ ਬਜਰੰਗ ਦਾਸ ਅਤੇ ਵਿਜੇ ਰਾਮਦਾਸ ਅੰਤਿਮ ਰਸਮਾਂ ਦੀ ਤਿਆਰੀ ਕਰਨ ਲੱਗ ਪਏ। ਉਸ ਨੂੰ ਮੰਦਰ ਤੋਂ ਬਾਹਰ ਕਰ ਕੇ ਪੁਲਿਸ ਅਤੇ ਗੁਆਂਢੀਆਂ ਦੀ ਮੌਜੂਦਗੀ ਵਿਚ ਮਹਾਰਾਜ ਦੇ ਕਮਰੇ ਨੂੰ ਜੰਦਰਾ ਮਾਰ ਦਿੱਤਾ। ਸਾਰੇ ਗਹਿਣੇ, ਕਾਗਜ਼ ਪੱਤਰ, ਬੈਂਕ ਪਾਸ ਬੁੱਕ ਆਪਣੇ ਕਬਜ਼ੇ ਵਿਚ ਕਰ ਲਏ ਅਤੇ ਆਪਣਾ ਪੁਜਾਰੀ ਨਿਯੁਕਤ ਕਰ ਕੇ ਪੂਜਾ ਸ਼ੁਰੂ ਕਰ ਦਿੱਤੀ।
ਰਾਮ ਬਾਲਕ ਦਾਸ, ਰਾਮ ਰਤਨ ਦਾਸ ਦਾ ਚੇਲਾ ਸੀ ਜੋ ਮਨੀ ਰਾਮ ਦਾਸ ਦੀ ਛਾਉਣੀ (ਛੋਟੀ ਛਾਉਣੀ) ਦਾ ਮਹੰਤ ਸੀ। ਬਾਅਦ ਵਿਚ ਰਾਮ ਬਾਲਕ ਦਾਸ ਰਾਮ ਜਾਨਕੀ ਮੰਦਰ ਰਹਿਣ ਲੱਗ ਪਿਆ। ਗੁਰੂ ਛੋਟੀ ਛਾਉਣੀ ਦਾ ਸੀ। ਰਾਮ ਬਾਲਕ ਦਾਸ ਦਾ ਕੋਈ ਚੇਲਾ ਨਹੀਂ ਸੀ। ਇਸ ਲਈ 29 ਅਕਤੂਬਰ 2012 ਨੂੰ ਰਾਮ ਬਾਲਕ ਦਾਸ ਦੀ ਮੌਤ ਤੋਂ ਬਾਅਦ ਛੋਟੀ ਛਾਉਣੀ ਦੇ ਨਾਗੇ ਉਸ ‘ਤੇ ਕਾਬਜ਼ ਹੋ ਗਏ। ਇੱਕ ਦਿਨ ਹਨੂੰਮਾਨ ਗੜ੍ਹੀ ਦਾ ਸ਼ਕਤੀਸ਼ਾਲੀ ਨਾਗਾ ਭਾਵਨਾਥ ਦਾਸ ਜਿਸ ਦੇ ਸਮਾਜਵਾਦੀ ਪਾਰਟੀ ਨਾਲ ਸਬੰਧ ਹਨ, ਆਇਆ ਅਤੇ ਨੰਦਿਨੀ ਦਾਸ ਨੂੰ ਉਤਰਾਧਿਕਾਰੀ ਬਣਾ ਦਿੱਤਾ। ਛੋਟੀ ਛਾਉਣੀ ਦੇ ਨਾਗਿਆਂ ਨੇ ਸਬਰ ਦਾ ਘੁੱਟ ਪੀ ਲਿਆ।
ਕਈ ਵਾਰ ਮਹੰਤ ਸ਼ਾਂਤੀ ਨਾਲ ਮਰਨ ਲਈ ਗਜ਼ਬ ਦੇ ਰਸਤੇ ਚੁਣਦੇ ਸਨ। ਰਾਮ ਲਖਨ ਦਾਸ ਸੀਤਾਰਾਮ ਵੈਕੁੰਠ ਵਿਹਾਰ ਕੁੰਜ ਮੰਦਰ ਬੇਗਮਪੁਰ ਦੇ ਮਹੰਤ ਸਨ। ਉਸ ਨੂੰ ਪੇਟ ਦਾ ਕੈਂਸਰ ਹੋ ਗਿਆ। ਸਾਲ ਭਰ ਤੋਂ ਬਿਮਾਰ ਸਨ। ਉਹ 70 ਸਾਲ ਦੀ ਉਮਰ ਵਿਚ 90 ਦਾ ਲੱਗਦਾ ਸੀ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਵਸੀਅਤ ਲਿਖ ਕੇ ਪਟੀਸ਼ਨ ਨਾਲ ਨੱਥੀ ਕਰ ਕੇ ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜੀ। ਉਸ ਨੇ ਲਿਖਿਆ- ਉਜਾਨੀਆ ਪੱਤੀ ਦਾ ਮਹੰਤ ਸੀਤਾਰਾਮ ਅਤੇ ਉਸ ਦੇ ਚੇਲੇ ਮੇਰੀ ਸੰਪਤੀ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੇਰੀ ਅੰਤਿਮ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੰਤਿਮ ਰਸਮਾਂ ਮੇਰਾ ਸਭ ਤੋਂ ਯੋਗ ਚੇਲਾ ਅਵਦੇਸ਼ ਦਾਸ ਕਰੇ ਅਤੇ ਉਹੀ ਮੇਰੀ ਗੱਦੀ ਦਾ ਮਾਲਕ ਹੋਵੇ। ਉਹ ਆਪ ਜਾ ਕੇ ਬਿਆਨ ਦੇਣਾ ਚਾਹੁੰਦਾ ਸੀ ਪਰ ਦੋ ਹਫਤਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਰਾਮ ਲਖਨ ਦਾਸ ਅਤੇ ਸੰਤ ਰਾਮ ਦਾਸ ਸਰਾਯੂ ਦਾਸ ਦੇ ਚੇਲੇ ਸਨ। ਸੰਤ ਰਾਮ ਗੁਰੂ ਭਾਈ ਚੇਲਾ (ਗੁਰੂ ਕਾ ਚੇਲਾ) ਹੋਣ ਕਾਰਨ ਗੱਦੀ ‘ਤੇ ਮਾਲਕੀ ਉਸ ਦੀ ਬਣਦੀ ਸੀ ਪਰ ਇਹ ਝਗੜਾ ਜ਼ਿਆਦਾ ਨਾ ਵਧਿਆ ਕਿਉਂਕਿ ਮਸਲਾ ਜ਼ਿਲ੍ਹਾ ਮੈਜਿਸਟਰੇਟ ਦੇ ਧਿਆਨ ਵਿਚ ਸੀ।
ਗੁਰੂ-ਚੇਲੇ ਦੀ ਪਰੰਪਰਾ ਖਤਮ ਹੋ ਰਹੀ ਹੈ। ਸਭ ਕੁਝ ਤਿਆਗ ਕੇ ਨਾਗਾ ਸਾਧੂ ਬਣਨ ਆਏ ਮਹੰਤ, ਗੁਰੂ ਤੋਂ ਕੁਝ ਸਿੱਖਣ ਦੀ ਥਾਂ ਗੁੰਡਿਆਂ ਦੀ ਢਾਣੀ ਵਿਚ ਤਬਦੀਲ ਹੋ ਰਹੇ ਹਨ। ਗੁਰੂ ਮਹੰਤ ਆਪਣੀ ਸੰਪਤੀ ਜੋ ਭਗਵਾਨ ਦੇ ਨਾਮ ਹੈ, ਨੂੰ ਆਪਣੇ ਭਰਾ-ਭਤੀਜਿਆਂ ਦੇ ਨਾਮ ਤਬਦੀਲ ਕਰ ਰਹੇ ਹਨ।
ਅਯੁੱਧਿਆ ਵਿਚ ਬਹੁਤ ਸਾਰੇ ਮਹੰਤ ਆਪਣੇ ਡੇਰਿਆਂ ਤੋਂ ਬੇਦਖਲ ਕੀਤੇ ਹੋਏ ਹਨ ਅਤੇ ਤਰਪਾਲ ਦੀਆਂ ਝੌਂਪੜੀਆਂ ਵਿਚ ਰਹਿ ਰਹੇ ਹਨ। ਇੱਕ ਡੇਰੇ ਦੇ ਮਹੰਤ ਨੂੰ ਕੁਝ ਦੇਰ ਬਾਹਰ ਜਾਣ ‘ਤੇ ਚੇਲੇ ਰਾਮ ਆਗਿਆ ਦਾਸ ਨੇ ਮਰਿਆ ਐਲਾਨ ਕੇ ਭੰਡਾਰਾ ਕਰ ਦਿੱਤਾ। ਜਦ ਉਹ ਵਾਪਸ ਆਇਆ ਤਾਂ ਉਸ ਨੂੰ ਜਿੰਦਾ ਮੰਨਣ ਤੋਂ ਇਨਕਾਰੀ ਹੋ ਗਏ ਅਤੇ ਉਸ ਨੂੰ ਬੇਦਖਲ ਕਰ ਦਿੱਤਾ। ਰਾਮ ਦੀ ਇਸ ਨਗਰੀ ਵਿਚ ਮਾਫੀਆ ਦਾ ਨੰਗਾ ਨਾਚ ਸਾਫ ਦੇਖਿਆ ਜਾ ਸਕਦਾ ਹੈ। ਬਾਹਰੋਂ ਸ਼ਾਂਤ ਨਜ਼ਰ ਆਉਣ ਵਾਲੀ ਰਾਮ ਨਗਰੀ ਅੰਦਰੋਂ ਉਬਾਲੇ ਮਾਰ ਰਹੀ ਹੈ। (ਚੱਲਦਾ)