ਗਿੱਲਾ ਪੀਣ੍ਹ: ਸਾਹਿਤਕ ਠੱਗਾਂ ਦੀਆਂ ਠਿੱਬੀਆਂ

ਐਸ ਅਸ਼ੋਕ ਭੌਰਾ
ਐੱਸ.ਅਸ਼ੋਕ ਭੌਰਾ ਪੰਜਾਬੀ ਸਾਹਿਤਕ ਖੇਤਰ ’ਚ ਇਕ ਜਾਣਿਆ ਪਛਾਣਿਆ ਨਾਮ ਹੈ, ‘ਪੰਜਾਬ ਟਾਈਮਜ਼’ ’ਚ ਇਸ ਤੋਂ ਪਹਿਲਾਂ ਉਸਨੇ ‘ਗੱਲੀਂ ਬਾਤੀਂ’, ‘ਨੈਣ ਨਕਸ਼’, ‘ਗੱਲ ਬਣੀ ਕਿ ਨਹੀਂ’, ‘ਢਾਡੀ ਇਤਿਹਾਸ ਦੇ ਪੰਨੇ’, ‘ਪੰਜਾਬੀ ਗਾਇਕੀ ਦੇ ਅੰਦਰ ਬਾਹਰ’ ਕਾਲਮ ਲਗਾਤਾਰ ਲਿਖੇ ਹਨ। ਇਨ੍ਹਾਂ ਕਾਲਮਾਂ ’ਚ ਉਸਦਾ ਨਵਾਂ ਕਾਲਮ ‘ਗਿੱਲ੍ਹਾ ਪੀਹਣ੍ਹ’ ਸ਼ੁਰੂ ਕਰਨ ਦੀ ਖੁਸ਼ੀ ਮਹਿਸੂਸ ਕਰ ਰਹੇ ਹਾਂ।

ਕਈ ਬਿਮਾਰੀਆਂ ਦਾ ਡਾਕਟਰਾਂ ਕੋਲ ਤਾਂ ਕੀ ਕਿਸੇ ਕੋਲ ਵੀ ਇਲਾਜ ਨਹੀਂ ਹੁੰਦਾ।
ਮੈਂ ਮਸਾਂ ਪੰਦਰਾਂ ਕੁ ਸਾਲ ਦਾ ਹੋਵਾਂਗਾ। ਘਰੇ ਇਕ ਚਿੱਠੀ ਆਈ। ਘਰ ਆਇਆ ਤਾਂ ਮਾਂ ਡਰੀ ਬੈਠੀ ਸੀ। ਆਖਣ ਲੱਗੀ, ‘ਵੇ ਤੈਂ ਕੀ ਨਵਾਂ ਚੰਦ ਚੜ੍ਹਾ’ਤਾ? ਸਾਡੇ ਘਰ ਸਰਕਾਰੀ ਚਿੱਠੀ ਕਾਹਦੀ ਆ ਗਈ’? ਚਿੱਠੀ ਭਾਸ਼ਾ ਵਿਭਾਗ ਦੀ ਸੀ। ਖੋਲ੍ਹੀ ਤਾਂ ਲਿਖਿਆ ਹੋਇਆ ਸੀ, ਜਲੰਧਰ ਸਮਾਗਮ ਹੈ, ਈਸ਼ਰ ਸਿੰਘ ਅਟਾਰੀ ਦੀ ਪੁਸਤਕ ‘ਜ਼ਿਲ੍ਹਾ ਜਲੰਧਰ ਦੀ ਪੰਜਾਬੀ ਸਾਹਿਤ ਨੂੰ ਦੇਣ’। ਤੁਹਾਡੀ ਹਾਜ਼ਰੀ, ਸਾਡਾ ਧੰਨਭਾਗ।
ਡਾ. ਸਾਧੂ ਸਿੰਘ ਹਮਦਰਦ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਤੇ ਬਾਕੀ ਤਾਂ ਯਾਦ ਨਹੀਂ ਇਹ ਜ਼ਰੂਰ ਚੇਤੇ ਹੈ ਕਿ ਵਿਭਾਗ ਦੇ ਡਿਪਟੀ ਡਾਇਰੈਕਟਰ ਅਜੀਤ ਸਿੰਘ ਕੱਕੜ ਸਨ। ਮੇਰੇ ਲਈ ਖ਼ੁਸ਼ੀ ਵਾਲੀ ਗੱਲ ਇਹ ਸੀ ਕਿ ਚਿੱਠੀ ’ਚ ਲਿਖਿਆ ਹੋਇਆ ਸੀ, ‘ਤੁਹਾਨੂੰ ਆਉਣ ਜਾਣ ਦਾ ਪੰਜਾਹ ਰੁਪਏ ਦਾ ਸੇਵਾ ਫ਼ਲ ਦਿੱਤਾ ਜਾਵੇਗਾ’। ਮਾਂ ਨੂੰ ਦੱਸਿਆ ਤਾਂ ਉਹ ਗੁੱਸੇ ’ਚ ਬੋਲੀ, ‘ਤੈਨੂੰ ਪੰਜਾਹ ਰੁਪਏ! ਤੂ ਡੀ.ਸੀ. ਲੱਗਿਆਂ ਹੋਇਆਂ?’
ਖ਼ੈਰ ਸਮਾਗਮ ’ਤੇ ਜਾਣ ਲਈ ਮਾਂ ਤੋਂ ਪੰਜ ਰੁਪਏ ਕਿਰਾਇਆ ਇਹ ਕਹਿ ਕੇ ਲਿਆ ਕਿ ਮੈਂ ਆ ਕੇ ਪੰਜਾਹ ਰੁਪਏ ਦਿਆਂਗਾ। ਅਸਲ ’ਚ ਉਨ੍ਹੀਂ ਦਿਨੀਂ ਮੈਂ ਅਖਬਾਰਾਂ ’ਚ ਮਾੜਾ ਮੋਟਾ ਛਪਣ ਲੱਗ ਪਿਆ ਸੀ, ਸੱਦਾ ਪੱਤਰ ਤਾਂ ਆਇਆ ਸੀ। ਬੰਗਿਆਂ ਤੱਕ ਸਾਈਕਲ ’ਤੇ ਗਿਆ, ਚਾਅ ’ਚ ਹਵਾ ਬਣਿਆ ਫਿਰਾਂ। 1 ਰੁਪਇਆ 20 ਪੈਸੇ ਬੰਗਿਆਂ ਤੋਂ ਜਲੰਧਰ ਤੱਕ ਦਾ ਕਿਰਾਇਆ ਸੀ।
ਜਲੰਧਰ ਨਹਿਰੂ ਗਾਰਡਨ ਰੋਡ ’ਤੇ ਇਕ ਕਾਲਜ ’ਚ ਸਮਾਗਮ ਸੀ। ਖ਼ੂਬ ਚਰਚਾ ਹੋਈ, ਚੰਗੇ ਲੇਖਕ ਆਏ ਹੋਏ ਸਨ ਤੇ ਹੈਰਾਨੀ ਇਹ ਸੀ ਕਿ ਮੈਂ ਵਿਚਾਲੇ ਨਿਆਣਾ ਜਿਹਾ ਫ਼ਸਿਆ ਹੋਇਆ ਸੀ। ਇਹ ਵੀ ਯਾਦ ਹੈ ਕਿ ਉਦੋਂ ਡਾ. ਸਾਧੂ ਸਿੰਘ ਹਮਦਰਦ ਹੁਰਾਂ ਜੇਬ ’ਚੋਂ ਈਸ਼ਰ ਸਿੰਘ ਅਟਾਰੀ ਹੁਰਾਂ ਨੂੰ 500 ਰੁਪਏ ਸਨਮਾਨ ਵਜੋਂ ਦਿੱਤੇ। ਸਮਾਗਮ ਮੁੱਕਿਆ ਤਾਂ ਬਾਹਰ ਗੇਟ ’ਤੇ ਅਜੀਤ ਸਿੰਘ ਕੱਕੜ ਚੋਣਵੇਂ ਲੇਖਕਾਂ ਨੂੰ ਪੈਸੇ ਦੀ ਅਦਾਇਗੀ ਕਰ ਸਨ। ਮੇਰੇ ਨਾਲ ਮੇਰੇ ਇਲਾਕੇ ਦੇ ਕਈ ਲੇਖਕ ਜਿਨ੍ਹਾਂ ਨੂੰ ਸਿਰਫ਼ ਕਾਰਡ ਹੀ ਸੱਦਾ ਪੱਤਰ ਵਜੋਂ ਭੇਜੇ ਗਏ ਸਨ, ਜੀਭ ਦੰਦਾਂ ਹੇਠ ਦੇ ਕੇ ਸੋਚ ਰਹੇ ਸਨ ਕਿ ਇਸ ਜੁਆਕ ਨੂੰ ਪੈਸੇ! ਮੈਂ ਪੈਸੇ ਲਏ ਤਾਂ ਇਕ ਕਹਿਣ ਲੱਗਾ, ‘ਸ਼ਲਾਰੂ ਜਿਹੇ ਨੂੰ ਪੈਸੇ’।
ਮੇਰੇ ਨਾਂ ਦੇ ਨਾਲ ਹੀ ਮੋਹਣ ਦੁਸਾਂਝਵੀਂ ਦਾ ਨਾਮ ਲਿਖਿਆ ਹੋਇਆ ਸੀ ਜੋ ਸਾਡੇ ਹਲਕੇ ਦਾ ਚੰਗਾ ਸ਼ਾਇਰ ਸੀ। ਉਹ ਆਇਆ ਹੀ ਨਹੀਂ ਸੀ। ਹੈਰਾਨੀ ਦੀ ਹੱਦ ਇਹ ਸੀ ਕਿ ਮੇਰੇ ਪਿੱਛੇ ਖੜ੍ਹਿਆਂ ’ਚੋਂ ਇਕ ਨੇ ਗੇੜੀ ਦੇ ਕੇ ਆਪਣੇ ਆਪ ਨੂੰ ਮੋਹਣ ਦੁਸਾਂਝ ਵੀ ਬਣਾ ਲਿਆ ਅਤੇ ਪੰਜਾਹ ਰੁਪਏ ਵੀ ਲੈ ਲਏ। ਉਦੋਂ ਕਿਹੜਾ ਕੋਈ ਪਛਾਣ ਪੱਤਰ ਦੇਖਦਾ ਸੀ। ਮੈਨੂੰ ਲੱਗਦਾ ਸੀ ਕਿ ਹੰਢੇ ਵਰਤੇ ਲੇਖਕ ਮੇਰੇ ਤੋਂ ਕਾਫ਼ੀ ਖ਼ਫ਼ਾ ਹਨ। ਅੱਜ ਕੱਲ੍ਹ ਇਨ੍ਹਾਂ ’ਚੋਂ ਇਕ ਅਕਸਰ ਹੀ ਮੈਨੂੰ ਮਿਲਦਾ ਰਹਿੰਦਾ ਹੈ। ਵਾਪਸ ਆਉਣ ਲੱਗੇ ਉਸ ਨੇ ਪੁੱਛਿਆ ‘ਕਿੱਦਾਂ ਆਇਆ ਸੀ?’ ਮੈਂ ਕਿਹਾ ‘ਬੰਗਿਆਂ ਤੱਕ ਸਾਈਕਲ ’ਤੇ, ਫ਼ਿਰ ਬੱਸ ’ਚ ਤੇ ਫ਼ਿਰ ਅੱਗੇ ਰਕਸ਼ੇ ’ਤੇ।’
ਉਹਨੇ ਕਿਹਾ, ‘ਆਹ ਤਾਂ ਬੱਸ ਅੱਡਾ ਆ, ਆ ਆਪਾਂ ਪੈਦਲ ਹੀ ਚੱਲਦੇ ਹਾਂ।’ ਤੇ ਮੈਂ ਨਾਲ ਹੀ ਤੁਰ ਪਿਆ। ਮੈਂ ਇਹ ਵੀ ਦੱਸ ਦਿਆਂ ਕਿ ਉਨ੍ਹਾਂ ’ਚ ਅੱਜ ਦਾ ਇਕ ਚੰਗਾ ਕਹਾਣੀਕਾਰ ਵੀ ਸੀ ਜੋ ਨਾਲ ਹੀ ਸੀ। ਉਹ ਅੱਗੇ ਆ ਕੇ ਕਹਿਣ ਲੱਗਾ, ‘ਸਾਨੂੰ ਤਾਂ ਪੈਸੇ ਮਿਲੇ ਨਹੀਂ! ਤੈਨੂੰ ਪਤਾ ਕਾਹਤੇ ਮਿਲੇ ਆ?’
ਮੈਂ ਕਿਹਾ, ‘ਨਹੀਂ’
‘ਤੈਨੂੰ ਮਹੀਨੇ ਤੱਕ ਭਾਸ਼ਾ ਵਿਭਾਗ ਨੇ ਕੁਝ ਲਿਖਣ ਲਈ ਕਹਿਣਾ। ਕਮਲਿਆ ਉਹ ਤੈਥੋਂ ਲਿਖਿਆ ਨਹੀਂ ਜਾਣਾ, ਤੇ ਉਨ੍ਹੀਂ ਕਹਿਣਾ ਸਾਡੇ ਪੰਜਾਹ ਰੁਪਏ ਖਜ਼ਾਨੇ ’ਚ ਜਮ੍ਹਾਂ ਕਰਵਾ ਆ। ਤੈਨੂੰ ਖਜ਼ਾਨੇ ਦਾ ਪਤਾ?’
ਮੈਂ ਕਿਹਾ, ‘ਨਹੀਂ’।
‘ਇਹ ਪਟਿਆਲੇ ਜਮ੍ਹਾਂ ਕਰਵਾਉਣੇ ਪੈਣੇ ਆ’ ਉਹਦਾ ਉੱਤਰ ਸੀ।
ਤੈਨੂੰ ਨਿਆਣੇ ਨੂੰ ਕੀ ਪਤੈ। ਮੈਨੂੰ ਫੜਾ ਮੈਂ ਜਮ੍ਹਾਂ ਕਰਵਾ ਦਿਆਂਗਾ।
ਮੈਂ ਨਾਂਹ ਕਰ’ਤੀ। ਕੋਈ ਨੀਂ ਮੈਂ ਆਪੇ ਜਮ੍ਹਾਂ ਕਰਵਾ ਦਿਆਂਗਾ।
ਥੋੜ੍ਹਾ ਜਿਹਾ ਅੱਗੇ ਗਏ ਤਾਂ ਇਕ ਹੋਰ ਕਹਿਣ ਲੱਗਾ, ‘ਮੁੰਡਿਆ ਦੇ ਦੇ ਇਹਨੂੰ, ਸਾਨੂੰ ਤਾਂ ਦਿੱਤੇ ਨੀਂ। ਸਰਕਾਰ ਕਮਲੀ ਤਾਂ ਨਹੀਂ ਜਿਹੜੀ ਤੈਨੂੰ ਐਵੇਂ ਦੇ ਰਹੀ ਹੈ।’
ਮੈਂ ਚੁੱਪ ਰਿਹਾ।
ਜਲੰਧਰ ਬੱਸ ਅੱਡੇ ਨੇੜੇ ਆ ਕੇ ਇਕ ਹੋਰ ਕਹਿਣ ਲੱਗਾ, ‘ਜੇ ਤੈਥੋਂ ਲਿਖ ਨਾ ਹੋਇਆ ਤਾਂ ਪੰਜਾਹ ਦੇ ਸੱਠ ਲਊ ਸਰਕਾਰ!’
ਮੈਂ ਸੋਚਿਆ ਪਿਓ ਸਿਰ ’ਤੇ ਨਹੀਂ, ਘਰ ਗਰੀਬੀ ਐ, ਇਹ ਚੱਲ ਗਏ ਤਾਂ ਦਿਆਂਗਾ ਕਿੱਥੋਂ? ਤੇ ਮੈਂ ਦੋ ਵੀਹਾਂ ਵੀਹਾਂ ਦੇ ਤੇ ਇਕ ਦਸਾਂ ਦਾ ਨੋਟ ਕਹਾਣੀਕਾਰ ਸਾਬ੍ਹ ਨੂੰ ਫੜਾ ਦਿੱਤੇ।
ਉਹ ਹੱਸ ਪਿਆ ਤੇ ਕਹਿਣ ਲੱਗਾ, ‘ਚੰਗਾ ਰਹੇਂਗਾ ਤੇ ਆਹ ਲੈ ਪੰਜ ਰੁਪਏ, ਕਿਰਾਇਆ ਲਾ ਲਵੀਂ।’ ਤੇ ਉਹਨੇ ਮੇਰੇ ਖੜ੍ਹੇ ਖੜ੍ਹੇ ਹੀ ਮੇਰੇ ਪੈਸਿਆਂ ’ਚੋਂ ਦੋ ਬੋਤਲਾਂ ਓਲਡ ਮੌਂਕ ਦੀਆਂ ਬੱਸ ਅੱਡੇ ਦੇ ਸਾਹਮਣੇ ਠੇਕੇ ਤੋਂ ਲਈਆਂ ਅਤੇ ਹਾਤੇ ’ਚ ਵੜ ਗਏ।
ਮੈਨੂੰ ਲੱਗਾ ਸੀ ਜਿਵੇਂ ਠੱਗਾਂ ਦੀ ਕਹਾਣੀ ਵਾਂਗ ਮੇਰੇ ਹੱਥਾਂ ’ਚ ਲੇਲੇ ਦਾ ਕਤੂਰਾ ਬਣ ਗਿਆ ਹੋਵੇ।
ਡਰਦੇ ਨੇ ਆ ਕੇ ਮਾਂ ਨੂੰ ਕਹਾਣੀ ਦੱਸੀ ਉਹਨੇ ਵੱਟ ਕੇ ਕੰਨ ’ਤੇ ਚਪੇੜ ਮਾਰ ਕੇ ਕਿਹਾ, ‘ਘਰ ਲੁਟਾ ਕੇ ਆ ਗਿਆਂ, ਬੰਦਾ ਬਣ ਕੇ ਪੜ੍ਹ ਲੈ ਨਹੀਂ ਤਾਂ ਲੇਖਕਾਂ ਤੇ ਕਵੀਆਂ ਦਾ ਭੂਤ ਛਿੱਤਰਾਂ ਨਾਲ ਉਤਾਰੂੰ।’
ਮਾਂ ਤਾਂ ਚਲੋ ਚਲੇ ਗਈ, ਇਨ੍ਹਾਂ ‘ਮਹਾਨ’ ਲੇਖਕਾਂ, ਕਹਾਣੀਕਾਰਾਂ ’ਚੋਂ ਕਈ ਮਿਲਦੇ ਰਹਿੰਦੇ ਨੇ। ਠਿੱਠ ਵੀ ਕਰਦਾ ਰਹਿੰਨਾ, ਫ਼ਿਰ ਕਹਿਣਗੇ, ‘ਛੱਡ ਯਾਰ ਉਨ੍ਹਾਂ ਗੱਲਾਂ ਨੂੰ’।
ਲੱਗਦਾ ਨਹੀਂ ਕਿ ਕਈ ਤੁਹਾਡੇ ਖਾਜ ਨਹੀਂ ਕਰਦੇ, ਛਿੱਲ ਸੁੱਟਦੇ ਹਨ।
ਦੁੰਮਛੱਲਾ
ਅਖ਼ਬਾਰ ਕੋਲ ਪਈ ਸੀ, ਇਕ ਅੱਧਖੜ੍ਹ ਉਮਰ ਦਾ ਬੰਦਾ, ਗੋਡਿਆਂ ’ਚ ਮੂੰਹ ਦੇ ਕੇ ਉੱਚੀ ਉੱਚੀ ਰੋ ਰਿਹਾ ਸੀ।
ਕੋਲ ਦੀ ਪਹਿਲਾਂ ਲੰਘਿਆ ਤਾਂ ਕਹਿਣ ਲੱਗਾ, ‘ਮਾਂ ਮਰ ਗਈ ਲੱਗਦੀ ਐ!’
ਦੂਜਾ ਆਇਆ, ‘ਤੀਵੀਂ ਪੇਕੇ ਚਲੀ ਗਈ ਹੋਣੀ ਐ ਤਾਂ ਰੋਂਦਾ ਹੋਵੇਗਾ’
ਤੀਜਾ
ਕਹਿੰਦਾ, ‘ਘਾਟਾ ਪੈ ਗਿਆ ਹੋਣਾ ਕਿਸੇ ਕੰਮ ’ਚੋਂ’।
ਇਕ ਹੋਰ ਆਇਆ, ‘ਸਾਲਾ ਜ਼ੋਰੂ ਦਾ ਗ਼ੁਲਾਮ ਹੋਣਾ।’
ਅੱਗੇ ਇਕ ਆਇਆ, ‘ਖ਼ਤਰਨਾਕ ਬਿਮਾਰੀ ਚਿੰਬੜ ਗਈ ਲੱਗਦੀ ਐ!’
ਅਗਲਾ ਆਇਆ, ‘ਔਲਾਦ ਬੇਕਾਬੂ ਹੋਣੀ ਐ!’
ਉਸ ਤੋਂ ਅਗਲੇ ਨੇ ਸਿਰੇ ਲਾ’ਤੀ, ‘ਅੱਜ ਘੁੱਟ ਪੀਣ ਨੂੰ ਨਹੀਂ ਮਿਲੀ ਲੱਗਦੀ!’
ਉਹਦੇ ਮੋਢੇ ’ਤੇ ਹੱਥ ਰੱਖ ਕੇ ਇਕ ਹੋਰ ਨੇ ਕਿਹਾ, ‘ਅਖ਼ਬਾਰ ਕੋਲ ਪਈ ਐ, ਪਤੰਦਰ ਦੀ ਲਾਟਰੀ ਨਹੀਂ ਨਿਕਲੀ ਹੋਣੀ।’
ਤੇ ਉਹ ਦੁਖੀ ਉੱਠ ਕੇ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ…
‘ਵੱਡਿਓ ਸਿਆਣਿਓ, ਹੁਣੇ ਖ਼ਬਰ ਪੜ੍ਹੀ ਸੀ, ਧੀ ਦੇ ਪੇਟ ’ਚ ਪਿਓ ਕੰਜਰ ਦੀ ਔਲਾਦ ਪਲ ਰਹੀ ਹੈ, ਗਰਕ ਚੱਲੀ ਦੁਨੀਆਂ, ਤਾਂ ਰੋਨਾਂ।’
ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ।