ਵਿਸ਼ਵ ਦੇ ਮਹਾਨ ਖਿਡਾਰੀ: ਦੁਨੀਆਂ ਨੂੰ ਦੰਗ ਕਰਨ ਵਾਲਾ ਤੈਰਾਕ ਸੀ ਜੌਨ੍ਹੀ ਟਾਰਜ਼ਨ

ਪ੍ਰਿੰ. ਸਰਵਣ ਸਿੰਘ
ਤਾਰੀਆਂ ਦਾ ਵਿਸ਼ਵ ਚੈਂਪੀਅਨ ਤੇ ਫਿਲਮਾਂ ਦਾ ਸੁਪਰਮੈਨ ਜੌਨ੍ਹੀ ਟਾਰਜ਼ਨ ਦਰਸ਼ਕਾਂ ਨੂੰ ਦੰਗ ਕਰ ਦੇਣ ਵਾਲਾ ਓਲੰਪੀਅਨ ਸਟਾਰ ਸੀ। ਉਸ ਨੇ ਪੈਰਿਸ-1924 ਤੇ ਐਮਸਟਰਡਮ-1928 ਦੀਆਂ ਓਲੰਪਿਕ ਖੇਡਾਂ `ਚੋਂ ਇਕ ਕਾਂਸੀ ਤੇ ਪੰਜ ਸੋਨੇ ਦੇ ਤਗਮੇ ਜਿੱਤੇ ਸਨ। 20ਵੀਂ ਸਦੀ ਦੇ ਪਹਿਲੇ ਅੱਧ ਦਾ ਉਹ ਸਭ ਤੋਂ ਤਕੜਾ ਤੈਰਾਕ ਮੰਨਿਆ ਗਿਆ ਸੀ। ਉਸ ਦਾ ਜਨਮ 2 ਜੂਨ 1904 ਨੂੰ ਫਰੀਡੌਰਫ਼ ਰੁਮਾਨੀਆ ਵਿਚ ਹੋਇਆ ਸੀ ਜੋ ਪਹਿਲਾਂ ਆਸਟਰੀਆ ਤੇ ਹੰਗਰੀ ਦਾ ਹਿੱਸਾ ਸੀ। ਉਹ ਦੋਗਲੇ ਕਬੀਲਿਆਂ ਦੀ ਸੰਤਾਨ ਸੀ। ਉਸ ਦਾ ਜਮਾਂਦਰੂ ਨਾਂ ਜੋਹਾਨਨ ਪੀਟਰ ਵੀਸਮੂਲਰ ਸੀ। 2005 ਵਿਚ ਉਨ੍ਹਾਂ ਦਾ ਪਰਿਵਾਰ ਵਿੰਡਸਰ, ਪੈਨਸਿਲਵੇਨੀਆ ਚਲਾ ਗਿਆ ਸੀ। ਉਥੋਂ ਉਹ ਸਿ਼ਕਾਗੋ ਚਲੇ ਗਏ ਸਨ ਜਿੱਥੇ ਜੌਨ੍ਹੀ ਨੇ ਮਿਸ਼ੀਗਨ ਲੇਕ `ਚ ਤੈਰਨਾ ਸ਼ੁਰੂ ਕੀਤਾ ਸੀ।

ਉਹਦਾ ਪਿਤਾ ਕੋਲਾ ਖਾਣ `ਚ ਕੰਮ ਕਰਦਾ ਸੀ। ਉਹਦੀ ਸੀਮਤ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਤਦੇ ਉਹ ਆਸਟਰੀਆ ਤੋਂ ਅਮਰੀਕਾ ਗਏ ਸਨ। ਵੀਸਮੂਲਰ ਬਚਪਨ ਵਿਚ ਅਕਸਰ ਹੀ ਬਿਮਾਰ ਹੋ ਜਾਂਦਾ ਤੇ ਕਮਜ਼ੋਰ ਪੈ ਜਾਂਦਾ। ਗਰੀਬੀ ਤੇ ਬਿਮਾਰੀ ਬਿਪਤਾ ਦਾ ਘਰ ਹੁੰਦੀਆਂ ਹਨ। ਪਰਿਵਾਰ ਨੂੰ ਇਕ ਡਾਕਟਰ ਨੇ ਦੱਸਿਆ ਕਿ ਜੇ ਜੌਨ੍ਹੀ ਤੈਰਨ ਦੀ ਕਸਰਤ ਕਰਿਆ ਕਰੇ ਤਾਂ ਬਿਮਾਰ ਹੋਣ ਤੋਂ ਬਚ ਸਕਦਾ ਹੈ। ਉਨ੍ਹਾਂ ਦੇ ਨੇੜੇ ਹੀ ਮਿਸ਼ੀਗਨ ਲੇਕ ਸੀ। ਵੀਸਮੂਲਰ ਉਸ ਝੀਲ ਵਿਚ ਤੈਰਨ ਦੀ ਕਸਰਤ ਕਰਨ ਲੱਗ ਪਿਆ। ਇਕ ਦਿਨ ਉਹ ਤੈਰਾਕੀ ਦੇ ਪ੍ਰਸਿੱਧ ਕੋਚ ਵਿਲੀਅਮ ਬਾਕਰਚ ਦੀ ਨਜ਼ਰੀਂ ਪੈ ਗਿਆ ਜਿਸ ਨੇ ਉਹਦੇ ਅੰਦਰ ਛੁਪੇ ਤਕੜੇ ਤੈਰਾਕ ਨੂੰ ਪਛਾਣ ਕੇ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਕੋਚ ਨੇ ਜੌਨ੍ਹੀ ਨੂੰ ਗ਼ਲਤ ਤਰ੍ਹਾਂ ਤੈਰਨੋਂ ਹਟਾ ਕੇ ਠੀਕ ਤਰ੍ਹਾਂ ਤੈਰਨ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਉਦੋਂ ਉਹ ਸਿਰਫ਼ 11 ਸਾਲਾਂ ਦਾ ਸੀ।
ਕਲੱਬ ਦੇ ਨੇਮਾਂ ਅਨੁਸਾਰ 12 ਸਾਲ ਦਾ ਬਾਲਕ ਵਾਈ ਐੱਮ ਸੀ ਏ ਦਾ ਮੈਂਬਰ ਬਣ ਸਕਦਾ ਸੀ। ਪਰ ਕੱਦ ਦਾ ਲੰਮਾ ਝੰਮਾ ਹੋਣ ਕਰਕੇ ਉਹਨੂੰ ਬਾਰਾਂ ਸਾਲ ਦਾ ਹੀ ਸਮਝ ਕੇ ਕਲੱਬ ਦਾ ਮੈਂਬਰ ਬਣਾ ਲਿਆ ਗਿਆ। ਕਲੱਬ ਦੀ ਟੀਮ ਵੱਲੋਂ ਪਹਿਲਾਂ ਉਸ ਨੇ ਦੌੜਾਂ ਤੇ ਉੱਚੀ ਛਾਲ ਲਾਉਣ ਦੇ ਮੁਕਾਬਲਿਆਂ `ਚ ਰਿਕਾਰਡ ਤੋੜੇ ਤੇ ਫਿਰ ਤਾਰੀਆਂ ਦੇ ਕੋਚ ਬਾਕਰਚ ਦੀ ਕੋਚਿੰਗ ਨਾਲ ਤੈਰਾਕੀ ਦੇ ਮੁਕਾਬਲੇ ਜਿੱਤਣ ਲੱਗਾ। ਕੋਚ ਦਾ ਸਬਕ ਸੀ ਕਿ ਪਾਣੀ `ਚ ਲੱਥਣ ਦੀ ਥਾਂ ਪਾਣੀ `ਤੇ ਉਡਣਾ ਚਾਹੀਦੈ। ਜੌਨ੍ਹੀ ਨੇ ਤੈਰਾਕੀ ਦਾ ਪਹਿਲਾ ਮੁਕਾਬਲਾ 6 ਅਗਸਤ 1921 ਨੂੰ ਜਿੱਤਿਆ ਅਤੇ 9 ਜੁਲਾਈ 1922 ਨੂੰ 100 ਗਜ਼ ਦੀ ਤਾਰੀ 58.6 ਸਕਿੰਟ ਵਿਚ ਲਾ ਕੇ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ! ਫੇਰ ਚੱਲ ਸੋ ਚੱਲ ਹੋ ਗਈ ਤੇ ਤਾਰੀਆਂ ਦੇ ਰਿਕਾਰਡ ਆਏ ਦਿਨ ਟੁੱਟਣ ਲੱਗੇ। ਜੌਨ੍ਹੀ ਵੀਸਮੂਲਰ ਨੇ ਓਲੰਪਿਕ ਖੇਡਾਂ ਦੇ 6 ਮੈਡਲ ਜਿੱਤਣ ਨਾਲ ਅਨੇਕਾਂ ਵਿਸ਼ਵ ਚੈਂਪੀਅਨਸਿ਼ਪਾਂ ਦੇ ਰਿਕਾਰਡ ਨਵਿਆਏ। 28 ਵਿਸ਼ਵ ਰਿਕਾਰਡ ਉਹਦੇ ਨਾਂ ਬੋਲਦੇ ਰਹੇ।
ਵੀਸਮੂਲਰ ਦਾ ਕੱਦ ਛੇ ਫੁੱਟ ਤਿੰਨ ਇੰਚ ਸੀ। ਉਹ ਲੰਮੀਆਂ ਬਾਹਾਂ ਤੇ ਮੱਛੀ ਵਰਗੇ ਜੁੱਸੇ ਨਾਲ ਪਾਣੀ ਉਤੇ ਤਿਲ੍ਹਕਦਾ ਜਾਂਦਾ ਲੱਗਦਾ ਸੀ। ਉਹਦੇ ਤੈਰਨ ਦਾ ਤਰੀਕਾ ਨਿਆਰਾ ਸੀ। ਉਹ ਆਪਣੇ ਸਰੀਰ ਨੂੰ ਪਾਣੀ ਵਿਚ ਡੋਬਣ ਦੀ ਥਾਂ ਉਹਦੇ ਉਪਰ ਹੀ ਤੈਰਦਾ ਮੰਜ਼ਲਾਂ ਮਾਰਦਾ ਸੀ। ਇੰਜ ਪਾਣੀ ਉਹਦੀ ਗਤੀ ਨੂੰ ਘੱਟ ਰੋਕ ਸਕਦਾ ਸੀ। ਫਰੀ ਸਟਾਈਲ ਤੈਰਦਿਆਂ ਉਹ ਆਪਣਾ ਸਿਰ ਬਾਹਵਾਂ ਦੇ ਨਾਲ ਸੱਜੇ ਖੱਬੇ ਘੁਮਾਉਂਦਾ ਸੀ। ਇੰਜ ਉਸ ਨੂੰ ਦੂਜੇ ਤੈਰਾਕਾਂ ਦੇ ਅੱਗੇ ਪਿੱਛੇ ਹੋਣ ਦਾ ਆਪਮੁਹਾਰੇ ਪਤਾ ਲੱਗਦਾ ਰਹਿੰਦਾ ਸੀ। ਤੈਰਾਕੀ ਵਿਚ ਉਹ ਅਜਿਹਾ ਚੱਲਿਆ ਕਿ ਕੇਵਲ ਸਤਾਰਾਂ ਸਾਲ ਦੀ ਉਮਰ ਵਿਚ ਹੀ 100 ਮੀਟਰ ਫਰੀ ਸਟਾਈਲ ਤਾਰੀ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ!

ਉਸ ਦਾ ਕੱਦ ਬੇਸ਼ੱਕ 6 ਫੁੱਟ 3 ਇੰਚ ਸੀ ਪਰ ਸਰੀਰਕ ਵਜ਼ਨ 191 ਪੌਂਡ ਹੀ ਸੀ। ਲੱਤਾਂ ਬਾਹਾਂ ਲੰਮੀਆਂ ਸਨ ਤੇ ਪੂਲ `ਚ ਤੈਰਦਾ ਉਹ ਪਾਣੀ ਉਤੇ ਨੱਚਦਾ ਲੱਗਦਾ ਸੀ। ਉਹਦਾ ਸੁਡੌਲ ਦਰਸ਼ਨੀ ਜੁੱਸਾ ਦਰਸ਼ਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਰਹਿੰਦਾ ਸੀ। ਉਂਜ ਵੀ ਉਹ ਸੋਹਣਾ ਸੁਨੱਖਾ ਨੌਜੁਆਨ ਸੀ। ਵੀਹ ਸਾਲ ਦੀ ਉਮਰ ਵਿਚ ਉਹ ਪਹਿਲੀ ਵਾਰ ਪੈਰਿਸ ਦੀਆਂ ਓਲੰਪਿਕ ਖੇਡਾਂ-1924 ਲਈ ਅਮਰੀਕਾ ਦੀ ਟੀਮ ਵਿਚ ਚੁਣਿਆ ਗਿਆ ਸੀ। ਉਥੇ ਉਸ ਨੇ 100 ਮੀਟਰ ਫਰੀ ਸਟਾਈਲ, 400 ਮੀਟਰ ਫਰੀ ਸਟਾਈਲ ਤੇ 4+200 ਮੀਟਰ ਰਿਲੇਅ ਦੌੜ ਵਿਚੋਂ ਤਿੰਨ ਗੋਲਡ ਮੈਡਲ ਜਿੱਤੇ ਅਤੇ ਵਾਟਰ ਪੋਲੋ ਦੀ ਟੀਮ ਖੇਡ ਵਿਚੋਂ ਬਰਾਂਜ ਮੈਡਲ ਜਿੱਤਿਆ। ਇਕੋ ਓਲੰਪਿਕਸ `ਚੋਂ ਚਾਰ ਮੈਡਲ ਜਿੱਤਣ ਨਾਲ ਉਹਦੀ ਕੁਲ ਦੁਨੀਆ `ਚ ਧੰਨ-ਧੰਨ ਹੋ ਗਈ ਸੀ।
ਉਹਦੇ ਬਚਪਨ `ਚ ਮੰਦਭਾਗੀ ਗੱਲ ਇਹ ਹੋਈ ਕਿ ਜਦ ਉਹ ਅੱਠਵੀਂ `ਚ ਪੜ੍ਹਦਾ ਸੀ ਤਾਂ ਉਸ ਦਾ ਪਿਤਾ ਪਰਿਵਾਰ ਨੂੰ ਨਿਆਸਰਾ ਛੱਡ ਕੇ ਕਿਤੇ ਹੋਰ ਟਿੱਭ ਗਿਆ ਸੀ। ਜੌਨ੍ਹੀ ਨੂੰ ਨਿਆਸਰੀ ਮਾਂ ਅਤੇ ਛੋਟੇ ਭਰਾ ਦੀ ਪਾਲਣਾ ਲਈ ਪੜ੍ਹਾਈ ਵਿਚੇ ਛੱਡਣੀ ਪਈ ਸੀ। ਉਸ ਨੇ ਕਰੜੀ ਮਿਹਨਤ ਮੁਸ਼ੱਤਕ ਕਰ ਕੇ ਪਰਿਵਾਰ ਨੂੰ ਪਾਲਿਆ ਤੇ ਨਾਲ ਦੀ ਨਾਲ ਤੈਰਾਕੀ ਦੀਆਂ ਪੌੜੀਆਂ ਵੀ ਚੜ੍ਹਦਾ ਰਿਹਾ।
1924 ਦੀਆਂ ਓਲੰਪਿਕ ਖੇਡਾਂ ਜਿੱਥੇ ਅਥਲੈਟਿਕਸ ਵਿਚ ਪਾਵੋ ਨੁਰਮੀ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ ਉਥੇ ਤੈਰਾਕੀ ਵਿਚ ਉਨ੍ਹਾਂ ਨੂੰ ਜਾਨ੍ਹੀ ਵੀਸਮੂਲਰ ਦੀਆਂ ਖੇਡਾਂ ਦਾ ਨਾਂ ਦਿੱਤਾ ਗਿਆ। ਪੈਰਿਸ ਵਿਚ 100 ਮੀਟਰ ਫਰੀ ਸਟਾਈਲ ਤਾਰੀ ਦਾ ਅਸਲ ਮੁਕਾਬਲਾ ਤਿੰਨੇ ਅਮਰੀਕੀ ਤੈਰਾਕਾਂ ਵਿਚਾਲੇ ਸੀ। ਡਿਊਕ ਕਾਹਨਾਮੋਕੂ 1912 ਤੇ 1920 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਸੀ ਤੇ ਤੀਜੀ ਵਾਰ ਲਗਾਤਾਰ ਜਿੱਤ ਕੇ ਹੈਟ ਟ੍ਰਿਕ ਮਾਰਨਾ ਚਾਹੁੰਦਾ ਸੀ। ਤਾਰੀ ਸ਼ੁਰੂ ਹੋਈ ਤਾਂ 75 ਮੀਟਰ ਤਕ ਡਿਊਕ ਹੀ ਅੱਗੇ ਰਿਹਾ ਪਰ ਅਖ਼ੀਰਲੇ ਪੱਚੀ ਮੀਟਰਾਂ ਵਿਚ ਵੀਸਮੂਲਰ ਉਸ ਨੂੰ ਪੈ ਗਿਆ ਤੇ ਉਹਨੇ ਇਕ ਮਿੰਟ ਸਮੇਂ ਦੀ ਹੱਦ ਵੀ ਤੋੜ ਦਿੱਤੀ। ਉਸ ਨੇ 59 ਸੈਕਿੰਡ ਦੇ ਨਵੇਂ ਵਿਸ਼ਵ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ। ਦੂਜਾ ਗੋਲਡ ਮੈਡਲ ਉਸ ਨੇ 400 ਮੀਟਰ ਦੀ ਫਰੀ ਸਟਾਈਲ ਤਾਰੀ ਵਿਚੋਂ ਹਾਸਲ ਕੀਤਾ। ਤੀਜਾ ਸੋਨੇ ਦਾ ਤਗ਼ਮਾ ਉਸ ਨੂੰ 4+200 ਮੀਟਰ ਰਿਲੇਅ ਤਾਰੀ ਵਿਚੋਂ ਮਿਲਿਆ। ਕੁਲ ਮਿਲਾ ਕੇ ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਦਾ ਬਿਹਤਰੀਨ ਤੈਰਾਕ ਸਿੱਧ ਹੋਇਆ।
ਚਾਰ ਸਾਲ ਬਾਅਦ ਐਮਸਟਰਡਮ ਦੀਆਂ ਓਲੰਪਿਕ ਖੇਡਾਂ ਸਮੇਂ ਵੀ ਉਹ ਪੂਰੀ ਤਿਆਰੀ ਵਿਚ ਸੀ। ਅਮਰੀਕਾ ਦੇ ਤੈਰਾਕਾਂ ਦੀ ਉਂਜ ਵੀ ਗੁੱਡੀ ਚੜ੍ਹੀ ਹੋਈ ਸੀ। ਬਾਕੀ ਮੁਲਕਾਂ ਦੇ ਤੈਰਾਕ ਉਨ੍ਹਾਂ ਤੋਂ ਕੰਨ ਭੰਨਦੇ ਸਨ। ਐਮਸਟਰਡਮ ਵਿਚ ਉਹ 100 ਮੀਟਰ ਫਰੀ ਸਟਾਈਲ ਤਾਰੀ ਫਿਰ ਨਵੇਂ ਓਲੰਪਿਕ ਰਿਕਾਰਡ 58.6 ਸਕਿੰਟ ਵਿਚ ਲਾ ਕੇ ਜੇਤੂ ਰਿਹਾ। ਆਪਣਾ ਪੰਜਵਾਂ ਸੋਨ ਤਮਗ਼ਾ ਉਸ ਨੇ ਫਿਰ 4+200 ਮੀਟਰ ਰਿਲੇਅ ਤਾਰੀ ਵਿਚੋਂ ਜਿੱਤਿਆ।
1932 `ਚ ਹੋ ਰਹੀਆਂ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਲਈ ਉਹ ਪੂਰੀ ਤਿਆਰੀ ਵਿਚ ਸੀ ਕਿ ਉਹਦਾ ਕੱਦਾਵਰ ਤੇ ਸੁਡੌਲ ਗੁੰਦਵਾਂ ਜੁੱਸਾ ਹਾਲੀਵੁੱਡ ਫਿਲਮਾਂ ਦੇ ਇਕ ਨਿਰਮਾਤਾ ਦੀ ਨਜ਼ਰੀਂ ਪੈ ਗਿਆ। ਫਿਲਮ ਨਿਰਮਾਤਾ ਨੂੰ ਤੈਰਾਕੀ ਦੀ ਪੁਸ਼ਾਕ ਵਿਚ ਉਹ ਬਹੁਤ ਸੁਨੱਖਾ ਤੇ ਬੇਹੱਦ ਸ਼ਕਤੀਸ਼ਾਲੀ ਪੁਰਸ਼ ਦਿਸਿਆ। ਉਸ ਨੂੰ ਉਹਦਾ ਜੁੱਸਾ ਜੱਚ ਗਿਆ। ਉਹ ਲੋਕ ਮਨਾਂ `ਚ ਵਸੇ ਸ਼ਕਤੀਸ਼ਾਲੀ ਟਾਰਜ਼ਨ ਦਾ ਰੋਲ ਕਰਾਉਣ ਲਈ ਕਿਸੇ ਅਜਿਹੇ ਮਰਦ ਦੀ ਹੀ ਭਾਲ ਵਿਚ ਸੀ। ਉਸ ਨੇ ਟਾਰਜ਼ਨ ਦੇ ਰੂਪ ਵਿਚ ਅਦਾਕਾਰ ਤੋਂ ਸੁਪਰਮੈਨ ਦਾ ਰੋਲ ਜੁ ਅਦਾ ਕਰਾਉਣਾ ਸੀ। ਫਿਲਮ ਨਿਰਮਾਤਾ ਨੇ ਵੀਸਮੂਲਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਓਲੰਪਿਕ ਚੈਂਪੀਅਨ ਜੌਨ੍ਹੀ ਟਾਰਜ਼ਨ ਦਾ ਰੋਲ ਅਦਾ ਕਰਨ ਲਈ ਤਿਆਰ ਹੋ ਗਿਆ।
ਟਾਰਜ਼ਨ ਦੇ ਰੂਪ ਵਿਚ ਫਿਰ ਉਸ ਨੇ ਮਗਰਮੱਛਾਂ ਨਾਲ ਘੋਲ ਕੀਤੇ, ਜੰਗਲਾਂ ਵਿਚ ਜੰਗਲੀ ਜਾਨਵਰਾਂ ਨਾਲ ਭਿੜਿਆ, ਬੱਬਰ ਸ਼ੇਰਾਂ ਵਾਂਗ ਦਹਾੜਾਂ ਮਾਰੀਆਂ ਤੇ ਪਾਣੀ ਹੇਠਾਂ ਹੈਰਾਨਕੁਨ ਕਰਤੱਬ ਵਿਖਾਏ। ਇੰਜ ਉਹ ਫਿਲਮੀ ਦਰਸ਼ਕਾਂ ਦਾ ਸਭ ਤੋਂ ਮਨਭਾਉਂਦਾ ਹੀਰੋ ਬਣ ਗਿਆ। ਉਨ੍ਹੀਂ ਦਿਨੀਂ ਓਲੰਪਿਕ ਚੈਂਪੀਅਨ ਨਿਰੋਲ ਸੌ਼ਕੀਆ ਖਿਡਾਰੀ ਹੁੰਦੇ ਸਨ ਜਿਨ੍ਹਾਂ ਨੂੰ ਕੋਈ ਮਾਇਕ ਇਨਾਮ ਨਹੀਂ ਸੀ ਦਿੱਤਾ ਜਾ ਸਕਦਾ। ਟਾਰਜ਼ਨ ਦਾ ਰੋਲ ਕਰਨ ਨਾਲ ਵੀਸਮੂਲਰ ਦੀ ਕਦਰ ਕੀਮਤ ਲੱਖਾਂ ਡਾਲਰਾਂ ਤਕ ਅੱਪੜ ਗਈ। ਉਸ ਦੀ ਮਾਲੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਤਿੰਨ ਹੋਰ ਓਲੰਪੀਅਨ ਬਸਟਰ ਕਰੈਬ, ਹਰਮਨ ਬਰਿਕਸ ਤੇ ਗਲੈੱਨ ਮੌਰਿਸ ਵੀ ਟਾਰਜ਼ਨ ਦਾ ਰੋਲ ਅਦਾ ਕਰਨ ਲੱਗੇ।
ਜਾਨ੍ਹੀ ਵੀਸਮੂਲਰ ਨੇ ਆਪਣੇ ਤੈਰਨ ਦੇ ਦਿਨਾਂ ਵਿਚ ਕੁਲ 67 ਵਿਸ਼ਵ ਰਿਕਾਰਡ ਬਣਾਏ ਜੋ ਆਪਣੇ ਆਪ ਵਿਚ ਵਿਸ਼ਵ ਰਿਕਾਰਡ ਹੈ। ਦਿਲਚਸਪ ਕਹਾਣੀ ਇਹ ਵਾਪਰੀ ਕਿ ਤੈਰਾਕੀ ਦੇ ਵਿਸ਼ਵ ਰਿਕਾਰਡਾਂ ਨਾਲ ਉਸ ਨੇ ਵਿਆਹ ਕਰਾਉਣ ਦਾ ਵੀ ਰਿਕਾਰਡ ਰੱਖਿਆ। ਉਸ ਨੇ ਪੰਜ ਵਾਰ ਅਸਲੀ ਵਿਆਹ ਕਰਾਇਆ ਜਦ ਕਿ ਫਿਲਮੀ ਵਿਆਹਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਉਸ ਦਾ ਪਹਿਲਾ ਵਿਆਹ 1931 ਵਿਚ ਅਦਾਕਾਰਾ ਬੌਬ ਅਰਨੈਸਟ ਨਾਲ ਹੋਇਆ ਜੋ ਬਿਨਾਂ ਬੱਚਾ ਪੈਦਾ ਕੀਤੇ 1933 ਤਕ ਨਿਭਿਆ। 1933 ਵਿਚ ਲੂਪ ਵਲੀਜ਼ ਨਾਲ ਵਿਆਹ ਕਰਵਾਇਆ ਜੋ ਬਿਨਾਂ ਬੱਚੇ 1939 ਤਕ ਚੱਲ ਸਕਿਆ। 1939 ਵਿਚ ਬੇਰਿਲ ਸਕਾਟ ਨਾਲ ਵਿਆਹਿਆ ਗਿਆ ਜਿਸ ਦੇ ਤਿੰਨ ਬੱਚੇ ਪੈਦਾ ਹੋਏ। ਹੈਰਾਨੀ ਹੈ ਕਿ ਵਿਆਹ ਫੇਰ ਵੀ ਤਲਾਕ `ਚ ਬਦਲ ਗਿਆ! 1948 ਵਿਚ ਐਲਨ ਮੇਟਸ ਲੜ ਲੱਗ ਗਈ ਜੋ 14 ਸਾਲ ਲੜ ਲੱਗੀ ਰਹੀ। ਫੇਰ ਪਤਾ ਨਹੀਂ ਕੀ ਹੋਇਆ ਕਿ ਜੋੜੀਆਂ ਜੱਗ ਥੋੜ੍ਹੀਆਂ ਵਾਲੀ ਗੱਲ ਹੋ ਗਈ। ਬਣੀ ਬਣਾਈ ਜੋੜੀ 1962 ਵਿਚ ਨਿਖੜ ਗਈ। 1963 ਵਿਚ ਮਾਰੀਆ ਬਰੌਕ ਨੇ ਜੌਨ੍ਹੀ ਦਾ ਪੱਲਾ ਆ ਫੜਿਆ। ਉਹ ਸਿਦਕ ਦੀ ਐਸੀ ਪੱਕੀ ਰਹੀ ਕਿ ਜੌਨ੍ਹੀ ਵੀਸਮੂਲਰ ਦੇ ਮਰਨ ਤਕ ਵਿਆਹ ਦੀ ਰੀਤ ਨਿਭਾਈ ਗਈ। ਉਸ ਨੇ ਤੇ ਜੌਨ੍ਹੀ ਦੇ ਬੱਚਿਆਂ ਨੇ ਓਲੰਪਿਕ ਚੈਂਪੀਅਨ ਤੇ ਫਿਲਮੀ ਟਾਰਜ਼ਨ ਦੀਆਂ ਅੰਤਮ ਰਸਮਾਂ ਰੀਤਾਂ ਨਿਭਾਈਆਂ।
ਓਲੰਪਿਕ ਚੈਂਪੀਅਨ ਦੇ ਰੂਪ ਵਿਚ ਭਾਵੇਂ ਉਹ ਲੱਖਾਂ ਦਿਲਾਂ ਵਿਚ ਵਸਦਾ ਸੀ ਪਰ ਟਾਰਜ਼ਨ ਦੇ ਰੂਪ ਵਿਚ ਕਰੋੜਾਂ ਲੋਕਾਂ ਦੇ ਦਿਲਾਂ `ਚ ਵਸਣ ਲੱਗ ਪਿਆ ਸੀ। ਉਸ ਨੇ ਸੁਪਰਮੈਨ ਦਾ ਰੋਲ ਅਦਾ ਕਰਦਿਆਂ ਇਕ ਵਾਰ ਕਿਸ਼ਤੀ ਦੇ ਪਲਟ ਜਾਣ ਕਾਰਨ ਸੱਚੀਂ-ਮੁੱਚੀਂ ਡੁੱਬੀ ਜਾਂਦੇ 11 ਬੰਦੇ ਬਚਾਏ ਸਨ। ਅੜੇ ਥੁੜ੍ਹੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ ਸੀ। 1974 ਵਿਚ ਇਕ ਹਾਦਸੇ ਦੌਰਾਨ ਉਸ ਦੇ ਦੋਵੇਂ ਪੁੜੇ ਟੁੱਟ ਗਏ ਸਨ ਤੇ ਇਕ ਲੱਤ ਵੀ ਨਕਾਰੀ ਗਈ ਸੀ। ਝੀਲਾਂ ਦਾ ਸ਼ਾਹ-ਸਵਾਰ ਆਖ਼ਰ ਵੀਲ੍ਹ ਚੇਅਰ ਦਾ ਸਵਾਰ ਰਹਿ ਗਿਆ ਸੀ। ਲਾਇਲਾਜ ਬਿਮਾਰੀਆਂ ਉਸ ਨੂੰ ਆਣ ਚੰਬੜੀਆਂ ਸਨ। ਆਖ਼ਰ ਦਿਲ ਦੇ ਰੋਗ, ਕਰੋੜਾਂ ਦਿਲਾਂ `ਚ ਵਸੇ ਜੌਨ੍ਹੀ ਟਾਰਜ਼ਨ ਤੇ 6 ਓਲੰਪਿਕ ਮੈਡਲ ਜਿੱਤਣ ਵਾਲੇ ਤੈਰਾਕ ਨੂੰ ਲੈ ਹੀ ਬੈਠੇ।
ਆਸਟਰੀਆ/ਹੰਗਰੀ ਤੇ ਰੁਮਾਨੀਆ ਯਾਨੀ ਯੂਰਪ ਦੇ ਜੰਮੇ, ਪੈਨਸਿਲਵਾਨੀਆ ਤੇ ਸਿ਼ਕਾਗੋ `ਚ ਵਸੇ ਅਮਰੀਕਨ ਤੈਰਾਕ ਦਾ ਅੰਤ 20 ਜਨਵਰੀ 1984 ਨੂੰ ਮੈਕਸੀਕੋ ਦੇ ਸ਼ਹਿਰ ਐਕਾਪਲਕੋ ਵਿਚ ਹੋਇਆ। ਲੱਖਾਂ ਲੋਕਾਂ ਦੇ ਹਰਮਨ ਪਿਆਰੇ ਜੌਨ੍ਹੀ ਨੂੰ ਦਫਨਾਉਣ ਸਮੇਂ ਸਰਕਾਰੀ ਤੌਰ `ਤੇ ਸੋਗ ਮਨਾਇਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਬਣੇ ਫਿਲਮੀ ਅਦਾਕਾਰ ਰੋਨਾਲਡੋ ਰੀਗਨ ਤੇ ਸੈਨੇਟਰ ਟੈੱਡ ਕਨੇਡੀ ਨੇ ਅੰਤਮ ਰੀਤਾਂ ਵਿਚ ਭਾਗ ਲਿਆ। ਜੌਨ੍ਹੀ ਟਾਰਜ਼ਨ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਧਰਤੀ ਦੀ ਕੁੱਖ ਵਿਚ ਸਦੀਵੀ ਨੀਂਦ ਸੁਆ ਦਿੱਤਾ ਗਿਆ। ਉਸ ਦੀ ਕਬਰ ਵੈਲੀ ਆਫ਼ ਲਾਈਟ ਸੀਮੈਟਰੀ ਵਿਚ ਬਣਾਈ ਗਈ। ਉਸ ਨੂੰ ਅਨੇਕਾਂ ਮਾਣ-ਸਨਮਾਨ ਦਿੱਤੇ ਗਏ। ਉਸ ਨੇ ਫਿਲਮਾਂ `ਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਵਧੇਰੇ ਲੋਕ ਉਸ ਨੂੰ ਟਾਰਜ਼ਨ ਕਰਕੇ ਹੀ ਜਾਣਦੇ ਹਨ, ਓਲੰਪਿਕ ਖੇਡਾਂ ਦੇ ਪੰਜ ਗੋਲਡ ਮੈਡਲ ਤੇ ਇਕ ਬਰਾਂਜ਼ ਮੈਡਲ ਜਿੱਤਣ ਕਰਕੇ ਨਹੀਂ। ਹੁਣ ਸਾਡੇ ਕੋਲ ਉਹਦੇ ਲਾਸਾਨੀ ਕਾਰਨਾਮਿਆਂ ਦੀਆਂ ਗੱਲਾਂ ਹੀ ਰਹਿ ਗਈਆਂ ਹਨ।