ਯਾਦ ਰੱਖਣਾ ਪੰਜਾਬੀਓ! 84 ਦੇ ਪੱਟੇ ਅਜੇ ਤੱਕ ਰਾਸ ਨਹੀਂ ਆਏ

ਪਾਲੀ ਭੁਪਿੰਦਰ
ਫੋਨ: 94640-11630
ਜੇ ਕਿਸੇ ਨੇ ਸੱਚਮੁਚ ਸਿੱਖੀ ਦੀ ਲੜਾਈ ਲੜਨੀ ਹੋਵੇ, ਉਸ ਲਈ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲ੍ਹਾਂ ਵਿਚ ਡੱਕੇ ਹੋਏ ਸਿੱਖਾਂ ਦਾ ਮਸਲਾ ਅਣਖ ਦਾ ਮਸਲਾ ਹੋਵੇ। ਪਰ ਚੰਦ ਕੁ ਲੋਕਾਂ ਤੋਂ ਬਿਨਾ ਕੌਣ ਲੜ ਰਿਹਾ ਹੈ! ਕੋਈ ਪੁੱਛੇ ਧੱਕੇ ਨਾਲ ਸਿੱਖਾਂ ਦਾ ਆਗੂ ਬਣੇ ਇਸ ਜ਼ਹਿਰਪਾਲ ਨੂੰ ਕਿ ਇਸਨੇ ਇਸ ਲੜਾਈ ਲਈ ਕੀ ਕੀਤਾ ਹੈ?

ਗੁਰੂ ਗਰੰਥ ਸਾਹਿਬ ਬੇਅਦਬੀਆਂ ਦਾ ਮਾਮਲਾ ਵੀ ਵੱਡਾ ਸੀ ਪਰ ਉਹ ਕਦੇ ਉਸ ਨਹੀਂ ਲੜਿਆ। ਉਹ ਆਖਦਾ ਹੈ ਕਿ ਉਹ ਪੰਜਾਬ ਅੰਦਰ ਨਸ਼ਿਆਂ ਖਿਲਾਫ਼ ਲੜਦਾ ਹੈ ਪਰ ਦਿਸਦਾ ਹੈ ਕਿ ਉਸਨੇ ਕਦੇ ਨਸ਼ੇ ਦੇ ਕਿਸ ਸੌਦਾਗਰ ਨੂੰ ਘੇਰਿਆ ਹੋਵੇ ਜਾਂ ਕਿਤੇ ਕੋਈ ਰੀਹੈਬ ਖੋਲ੍ਹਿਆ ਹੋਵੇ? ਉਹ ਜੀਰਾ ਫੈਕਟਰੀ ਮੋਰਚੇ ਵਿਚ ਸ਼ਾਮਿਲ ਹੋਇਆ ਪਰ ਮੋਰਚੇ ਦਾ ਸਮਰਥਨ ਕਰਨ ਦੀ ਬਜਾਏ ਪੰਜਾਬ ਦੇ ‘ਲਾਲਿਆਂ’ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ, ਜਿਸ ਨਾਲ ਇੱਕ ਵਾਰ ਤਾਂ ਦਿੱਲੀ ਮੋਰਚੇ ਵਾਂਗ ਮੋਰਚਾ ਖਤਰੇ ਵਿਚ ਹੀ ਪੈ ਚੱਲਿਆ ਸੀ। ਉਹ ਖਾਲਿਸਤਾਨ ਦਾ ਦਾਅਵਾ ਕਰਦਾ ਹੈ ਪਰ ਸਿਵਾਏ ‘ਘੂਮਤ’ ਨਾਲ ਲੜਦੇ ਹਾਂ ਦਾ ਰੌਲਾ ਪਾਉਣ ਦੇ ਕਿਹੜੀ ਮੁਹਿੰਮ ਛੇੜੀ ਹੈ ਉਸਨੇ ਭਾਰਤ ਸਰਕਾਰ ਖਿਲਾਫ਼ ਕਿ ਖਾਲਿਸਤਾਨ ਦਾ ਨਕਸ਼ਾ ਵੀ ਬਣ ਜਾਵੇ!
ਧਿਆਨ ਨਾਲ ਵੇਖਣਾ, ਅਮ੍ਰਿਤਪਾਲ ਕਦੇ ਸਿੱਖਾਂ ਜਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਨਹੀਂ ਲੜਦਾ। ਉਹ ਦਿੱਲੀ ਦੰਗਿਆਂ ਲਈ ਨਹੀਂ ਲੜਦਾ। ਰਾਜਧਾਨੀ ਅਤੇ ਪੰਜਾਬ ਦੇ ਪਾਣੀਆਂ ਲਈ ਨਹੀਂ ਲੜਦਾ। ਕੇਂਦਰ ਵੱਲੋਂ ਵਾਰ-ਵਾਰ ਸੂਬੇ ਨਾਲ ਹੁੰਦੇ ਧੱਕਿਆਂ ਖਿਲਾਫ਼ ਨਹੀਂ ਲੜਦਾ। ਕਿਉਂ! ਕਿਉਂਕਿ ਇਹ ਸਾਰੀਆਂ ਲੜਾਈਆਂ ਉਸਨੂੰ ਭਾਰਤੀ ਜਾਂ ਪੰਜਾਬ ਸਟੇਟ ਖਿਲਾਫ਼ ਲੜਨੀਆਂ ਪੈਣੀਆਂ ਹਨ ਤੇ ਖੁਦ ਸਟੇਟ ਦਾ ਸੰਦ ਹੋ ਕੇ ਉਹ ਸਟੇਟ ਖਿਲਾਫ਼ ਲੜ ਵੀ ਕਿੱਦਾਂ ਸਕਦਾ ਹੈ? ਉਹ ਲੜ ਹੀ ਨਹੀਂ ਸਕਦਾ ਕਿਉਂਕਿ ਉਸਦੇ ਸਾਰੇ ਈਵੈਂਟ ਮੈਨੇਜਰ ਦਿੱਲੀ ਬੈਠੇ ਹਨ। ਉਹੀ ਜਿਹੜੇ ਪਹਿਲਾਂ ਦੀਪ ਸਿੱਧੂ ਦੇ ਮੈਨੇਜਰ ਸਨ।
ਇਸ ਲਈ ਅਮ੍ਰਿਤਪਾਲ ਈਸਾਈਆਂ ਖਿਲਾਫ਼ ਲੜਦਾ ਹੈ। ਸੰਵਾਦ ਦੀ ਵਕਾਲਤ ਕਰਨ ਵਾਲੇ ਸਿੱਖ ਆਗੂਆਂ, ਹੋਰ ਸੰਤਾਂ ਅਤੇ ਵਿਦਵਾਨਾਂ ਖਿਲਾਫ਼ ਲੜਦਾ ਹੈ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਖਿਲਾਫ਼ ਲੜਦਾ ਹੈ। ਗੁਰਦਵਾਰਿਆਂ ਵਿਚ ਕੁਰਸੀਆਂ ‘ਤੇ ਬੈਠਣ ਵਾਲੇ ਬਜ਼ੁਰਗਾਂ ਖਿਲਾਫ਼ ਲੜਦਾ ਹੈ। ਉਹ ਜਦ ਵੀ ਲੜਦਾ ਹੈ, ਸਿੱਖਾਂ ਅਤੇ ਸਿੱਖ ਮਸਲਿਆਂ ਨੂੰ ਉਲਝਾਉਣ ਲਈ ਹੀ ਲੜਦਾ ਹੈ। ਕਿਉਂਕਿ ਉਸਨੂੰ ਰੱਖਿਆ ਹੀ ਇਸ ਮੰਤਵ ਲਈ ਗਿਆ ਹੈ। ਬਘੇਲੇ ਵਰਗੇ ਆਪਣੇ ਸਾਥੀਆਂ ਤੇ ਨਕਲੀ ਪ੍ਰੋਫ਼ਾਈਲਾਂ ਦੀ ਮਦਦ ਨਾਲ ਉਸਨੂੰ ਸਿੱਖੀ ਦੀ ਸੰਵਾਦ-ਪਰੰਪਰਾ ਨੂੰ ਗਾਲ੍ਹਾਂ ਵਿਚ ਬਦਲਣ ਲਈ ਰੱਖਿਆ ਗਿਆ ਹੈ। ਉਸਨੂੰ ਰੱਖਿਆ ਗਿਆ ਹੈ ਕਿ ਉਹ ਬਾਕੀ ਸਾਰੀ ਸਿੱਖ ਲੀਡਰਸ਼ਿਪ ਅਤੇ ਸੰਸਥਾਵਾਂ ਨੂੰ ਗੁੱਠੇ ਲਾ ਕੇ ਸਿੱਖਾਂ ਨੂੰ ਸਿਆਸੀ ਤੌਰ ‘ਤੇ ਲਾਵਾਰਿਸ ਬਣਾ ਦੇਵੇ ਤੇ ਸਿੱਖਾਂ ਦੇ ਸੋਚਣ-ਵਿਚਰਨ ਦਾ ਡੈਮੋਕ੍ਰੇਟਿਕ ਢਾਂਚਾ ਤਬਾਹ ਕਰ ਦੇਵੇ। ਉਸਦਾ ਕੰਮ ਹੈ, ਸਿੱਖਾਂ ਨੂੰ ਸਭਿਆਚਾਰਕ ਤੌਰ ‘ਤੇ ਜਾਹਿਲ ਅਤੇ ਧਾਰਮਿਕ ਤੌਰ ‘ਤੇ ਮੂਰਖ ਸਾਬਿਤ ਕਰਨਾ। ਉਸਦਾ ਕੰਮ ਹੈ ਗੁਰੂ ਗਰੰਥ ਸਾਹਿਬ ਅਤੇ ਸਾਰੀਆਂ ਸਿੱਖੀ ਰਵਾਇਤਾਂ ਨੂੰ ਕੱਟੜਤਾ ਦੇ ਰੰਗ ਵਿਚ ਰੰਗ ਦੇਣਾ ਤਾਂ ਕਿ ਲੋਕ ਸਿੱਖਾਂ ਤੋਂ ਡਰਨ। ਖਾਸ ਕਰਕੇ ਪੰਜਾਬ ਦੇ ਹਿੰਦੂ ਤੇ ਡਰ ਕੇ 24 ਵਿਚ ਕਿਸੇ ਰਾਸ਼ਟਰੀ ਪਾਰਟੀ ਦੀ ਝੋਲੀ ਜਾ ਡਿੱਗਣ। ਅਮ੍ਰਿਤਪਾਲ ਦਾ ਕੰਮ ਹੈ, ਪੰਜਾਬ ਵਿਚ ਰਵਾਇਤੀ ਲੀਡਰਸ਼ਿਪ ਨੂੰ ਰੱਦ ਕਰ ਕੇ ਅੱਕੇ ਹੋਏ ਪੰਜਾਬੀਆਂ ਦਵਾਰਾ ਨਵੀਂ ਆਸ ਨਾਲ ਚੁਣੀ ਬਿਲਕੁਲ ਨਵੇਂ ਆਗੂਆਂ ਦੀ ਸਰਕਾਰ ਨੂੰ ਭੰਗ ਕਰਵਾ ਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ।
ਤੇ ਤੁਸੀਂ ਵੇਖ ਸਕਦੇ ਹੋ, ਇਹ ‘ਡਿਊਟੀ’ ਉਹ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ।
ਹੁਣ ਸਵਾਲ ਪੰਜਾਬੀਆਂ ਨੂੰ ਹੈ। ਕੀ ਉਹ ਵੀ ਪੰਜਾਬ ਪ੍ਰਤੀ ਆਪਣੀ ਡਿਊਟੀ ਨਿਭਾਉਣਗੇ ਜਾਂ 84 ਵਿਚ ਇੱਕ ਦੂਜੇ ਨਾਲ ਲੜ-ਭਿੜ ਕੇ ਪੰਜਾਬ ਨੂੰ ਤਬਾਹ ਕਰ ਲੈਣਗੇ। ਹੁਣ ਸਵਾਲ ਸਿੱਖਾਂ ਨੂੰ ਹੈ। ਕੀ ਉਹ ਬਾਬੇ ਨਾਨਕ ਪ੍ਰਤੀ ਆਪਣੀ ਡਿਊਟੀ ਨਿਭਾਉਣਗੇ ਜਾਂ ਮੂਰਖਾਂ ਵਾਂਗ ਹਰਲ-ਹਰਲ ਕਰਕੇ ਸਿੱਖੀ ਦੇ ਨਾਲ-ਨਾਲ ਆਪਣੇ ਬੱਚੇ ਮਰਵਾ ਲੈਣਗੇ!
ਯਾਦ ਰੱਖਣਾ ਪੰਜਾਬੀਓ! 84 ਦੇ ਪੱਟੇ ਅੱਜ ਤੱਕ ਰਾਸ ਨਹੀਂ ਆਏ। ਅੱਜ ਤੱਕ ਪੰਜਾਬ ਸਿਰ ਪਰਨੇ ਹੈ ਤੇ ਤੁਹਾਡੇ ਬੱਚੇ ਵਿਦੇਸ਼ਾਂ ਵਿਚ ਰੁਲਣ ਲਈ ਮਜਬੂਰ ਨੇ। ਅਮ੍ਰਿਤਪਾਲ ਕੋਈ ਸਿੱਖ ਨਹੀਂ, 24 ਦੀ ਖੇਡ ਦਾ ਮੋਹਰਾ ਹੈ ਬੱਸ। ਜੇ ਇਸ ਵਾਰ ਵੀ ਮਾਰ ਖਾ ਗਏ ਤਾਂ ਮਰੋਗੇ। ਸੋ ਹੁਣੇ ਤੋਂ ਸਿੱਖੀ ਦੇ ਨਾਂ ‘ਤੇ ਹੁੰਦੀ ਇਸ ਗੁੰਡਾਗਰਦੀ ਖਿਲਾਫ਼ ਅਵਾਜ਼ ਚੁੱਕੋ!