ਪੰਜਾਬ ਦੀ ਸਿੱਖ ਅਤੇ ਕਮਿਊਨਿਸਟ ਧਾਰਾ ਦੀ ਸਾਂਝ

ਗੁਰਬਚਨ ਸਿੰਘ
ਪੰਜਾਬ ਦੀ ਸਿਆਸਤ ਅਤੇ ਸਿਆਸੀ ਲੜਾਈ ਬਾਰੇ ਪਹੁੰਚ ਦਾ ਮਸਲਾ ਕਮਿਊਨਿਸਟ ਧਿਰਾਂ ਅਤੇ ਸਿੱਖਵਿਦਵਾਨਾਂ ਵਿਚਕਾਰ ਕਿਸਾਨ ਅੰਦੋਲਨ ਦੌਰਾਨ ਵਾਹਵਾ ਚਰਚਾ ਵਿਚ ਰਿਹਾ ਹੈ। 28 ਜਨਵਰੀ 2023 ਵਾਲੇ ਅੰਕ ਵਿਚ ਸ.ਹਰਚਰਨ ਸਿੰਘ ਪ੍ਰਹਾਰ ਦਾ ਲੇਖ ‘ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਦੇਮਸਲੇ’ ਅਤੇ ਉਸ ਤੋਂ ਅਗਲੇ 4 ਫਰਵਰੀ 2023 ਵਾਲੇ ਅੰਕ ਵਿਚ ਹਜ਼ਾਰਾ ਸਿੰਘ ਮਿਸੀਸਾਗਾ ਦਾ ਲੇਖ‘ਪੰਜਾਬ ਦੀ ਸਿਆਸਤ ਅਤੇ ਅਸਪਸ਼ਟ ਸਿਆਸੀ ਨਿਸ਼ਾਨੇ’ ਛਾਪਿਆ ਗਿਆ। ਇਸੇ ਪ੍ਰਸੰਗ ਵਿਚ ਹੁਣ ਸਾਨੂੰ ਸ. ਗੁਰਬਚਨ ਸਿੰਘ ਦੀ ਇਹਲੰਮੀ ਟਿੱਪਣੀ ਪ੍ਰਾਪਤ ਹੋਈ ਹੈ ਜੋ ਅਸੀਂ ਪਾਠਕਾਂਨਾਲ ਸਾਂਝੀ ਕਰ ਰਹੇ ਹਾਂ। ਲੇਖਵਿਚ ਪ੍ਰਗਟ ਵਿਚਾਰਾਂ ਨਾਲ ਸਾਡੀ ਸਹਿਮਤੀ ਹੋਵੇ, ਇਹ ਜ਼ਰੂਰੀ ਨਹੀਂ; ਉਂਝ, ਇਸ ਮਸਲੇ ‘ਤੇ ਆਉਣਵਾਲੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ।

ਸ. ਹਜ਼ਾਰਾ ਸਿੰਘ ਮਿਸੀਸਾਗਾ ਜੀ ਦੀ ਇਹ ਧਾਰਨਾ ਬਿਲਕੁਲ ਦਰੁਸਤ ਹੈ ਕਿ ਸੰਤ ਜਰਨੈਲ ਸਿੰਘ ਨੇ ਧਾਰਮਿਕ ਗ੍ਰੰਥ ਪੜ੍ਹੇ, ਅੰਮ੍ਰਿਤ ਛਕਾਉਣ ਦੀ ਲਹਿਰ ਚਲਾਈ, ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਅੰਮ੍ਰਿਤਧਾਰੀ ਬਣਾਇਆ ਅਤੇ ਖਾਲਸਾ ਰਾਜ ਦੇ ਵਿਚਾਰ ਨੂੰ ਮੁੜ ਸੁਰਜੀਤ ਕੀਤਾ।
ਇਸ ਪ੍ਰਸੰਗ ਵਿਚ ਸੰਨ 1914 ਦੇ ਫਾਂਸੀ ਵਾਲੇ ਸ਼ਹੀਦਾਂ ਦਾ ਫਾਂਸੀ ਦੇ ਤਖਤ ਤੋਂ ਦਿੱਤਾ ਸੰਦੇਸ਼ਾ ਪੜ੍ਹਨ ਵਾਲਾ ਹੈ:
ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ!
ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ, ਸਦਾ ਜਾਬਰਾਂ ਹਥ ਤਲਵਾਰ ਨਾਹੀਂ!
ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਾਹੀਂ!
ਹੋਸੀ ਧਰਮ ਦੀ ਜਿਤ ਅਖੀਰ ਬੰਦੇ, ਬੇੜੀ ਪਾਪ ਦੀ ਲਗਣੀ ਪਾਰ ਨਾਹੀਂ!
………
ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ!
ਫਾਂਸੀ, ਤੋਪ, ਬੰਦੂਕ ਤੇ ਤੀਰ ਬਰਛੀ, ਕਟ ਸਕਦੀ ਨਹੀਂ ਤਲਵਾਰ ਸਾਨੂੰ!
ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ!
ਖਾਤਰ ਧਰਮ ਦੀ ਗੁਰਾਂ ਨੇ ਪੁਤਰ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ!
ਭਾਈ ਸੰਤੋਖ ਸਿੰਘ ਹੁਰਾਂ ਨੇ ਇਸ ਸੰਦੇਸ਼ ਦੀ ਸਮੂਹਿਕ ਰਚਨਾ ਬਾਰੇ ਬੜੀ ਦਿਲਚਸਪ ਜਾਣਕਾਰੀ ਦਿੱਤੀ ਹੈ:
‘ਇਹ ਕਵਿਤਾ ਉਨ੍ਹਾਂ ਕੌਮੀ ਬਜ਼ੁਰਗਾਂ ਨੇ ਫਾਂਸੀ ਦੇ ਦਿਨ ਤੋਂ ਪਹਿਲੇ ਕਈ ਦਿਨ ਭਰ ਸਾਂਝੀ ਮਿਹਨਤ ਅਤੇ ਵਿਚਾਰ ਦੇ ਨਾਲ ਤਿਆਰ ਕੀਤੀ ਸੀ ਅਤੇ ਸ਼ਹੀਦੀ ਵਾਸਤੇ ਤੁਰਨ ਵੇਲੇ ਸਭਨਾਂ ਨੇ ਪਰੇਮ ਨਾਲ ਉਚਾਰੀ ਸੀ। …ਇਸ ਤਰ੍ਹਾਂ ਰਲਮਿਲ ਕੇ ਲੇਖ ਆਦਿਕ ਤਿਆਰ ਕਰਨ ਦੀ ਵਿਉਂਤ ਸਾਬਤ ਕਰਦੀ ਹੈ, ਕਿ ਉਨ੍ਹਾਂ ਬਜ਼ੁਰਗਾਂ ਨੇ ਆਪਣਾ ਆਪ ਆਪਣੇ ਕਾਜ ਵਿਚ ਕਿਸ ਹੱਦ ਤਕ ਲੀਨ ਕਰ ਦਿੱਤਾ ਸੀ, ਕਿ ਉਨ੍ਹਾਂ ਨੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ ਕਿ ਸੇਵਕਾਂ ਨੂੰ ਕਿਸ ਤਰ੍ਹਾਂ ਆਪਣੀ ਸ਼ਖਸੀਅਤ ਮਿਟਾ ਕੇ, ਆਪਣੇ ਪਵਿੱਤਰ ਕਾਜ ਦੀ ਵੱਡੀ ਸ਼ਖਸੀਅਤ ਨੂੰ ਉਸਾਰਨਾ ਚਾਹੀਦਾ ਹੈ। ਹਰ ਸਾਂਝੇ ਕਾਰਜ ਦੀ ਕਾਮਯਾਬੀ ਦੀ ਇਹ ਕੁੰਜੀ ਗੁਝੀ ਛਿਪੀ ਨਹੀਂ। ਪ੍ਰੰਤੂ ਇਸ ਕੁੰਜੀ ਨੂੰ ਉਹੋ ਵਰਤ ਸਕਦੇ ਹਨ, ਜਿਹਨਾਂ ਦੇ ਮਨ ਵਿਚ ਪਰਉਪਕਾਰ ਦੀ ਧੁਨ ਪੈਦਾ ਹੋ ਜਾਵੇ। ਇਨ੍ਹਾਂ ਪਵਿੱਤਰ ਜਿੰਦਾਂ ਦੇ ਮਨ ਵਿਚ ਹੋਰ ਕਿਸੇ ਕਿਸਮ ਦੇ ਵਿਚਾਰਾਂ ਜਾਂ ਫੁਰਨਿਆਂ ਵਾਸਤੇ ਕੋਈ ਥਾਂ ਨਹੀਂ ਸੀ, ਉਹ ਮਾਨਸ ਜਾਤੀ ਦੀ ਸੇਵਾ ਦੀ ਧੁਨ ਵਿਚ ਲਗੇ ਹੋਏ ਸਨ। ਇਸ ਧੁਨ ਵਿਚ ਉਹ ਤੁਰਦੇ-ਫਿਰਦੇ, ਉਠਦੇ-ਬੈਠਦੇ, ਜਾਗਦੇ-ਸੌਂਦੇ ਤੇ ਜਿਉਂਦੇ ਸਨ।’
ਸ਼ਹੀਦ ਭਗਤ ਸਿੰਘ ਹੁਰਾਂ ਦੇ ਕਥਨ ਅਨੁਸਾਰ, ‘ਗਦਰ ਪਾਰਟੀ ਦੇ ਫੇਲ੍ਹ ਹੋਣ ਦਾ ਮੁਖ ਕਾਰਨ, ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਵਾਰ ਵਿਰੋਧ ਸੀ।’ਯਕੀਨਨ ਜੇ ਕਮਿਊਨਿਸਟ ‘ਗਦਰ ਪਾਰਟੀ’ ਪ੍ਰਤੀ ‘ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਵਾਰ ਵਿਰੋਧ’ ਦੇ ਕਾਰਨਾਂ ਦੀ ਹੋਰ ਗੰਭੀਰ ਘੋਖ ਕਰਦੇ ਤਾਂ ਉਨ੍ਹਾਂ ਨੂੰ ਇਸ ਦੇ ਇਕ ਅਹਿਮ ਕਾਰਨ ਸਿੱਖਾਂ ਦੇ ਇਕ ਹਿੱਸੇ ਸਮੇਤ ਪੰਜਾਬ ਦੇ ਬਹੁ-ਗਿਣਤੀ ਲੋਕਾਂ ਦੇ ਮਨਾਂ ਵਿਚਲੀ ਬ੍ਰਾਹਮਣਵਾਦੀ ਸੋਚ ਤੇ ਇਸ ਦੇ ਅਜੋਕੇ ਰੂਪ ਆਰੀਆ ਸਮਾਜੀ ਸੋਚ ਦੇ ਭਾਰੂ ਹੋਣ ਦਾ ਪਤਾ ਲੱਗਣਾ ਸੀ। ਕਮਿਊਨਿਸਟ ਜੇ ਇਸ ਵਰਤਾਰੇ ਦੀ ਹੋਰ ਡੂੰਘਾਈ ਵਿਚ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਹੋਰ ਜਾਣਨ ਦੀ ਜਿਗਿਆਸਾ ਪੈਦਾ ਹੋਣੀ ਸੀ ਅਤੇ ਗੁਰਮਤਿ ਨੂੰ ਪੜ੍ਹਨ ਦੀ ਲੋੜ ਮਹਿਸੂਸ ਹੋਣੀ ਸੀ। ਜੇ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗੁਰਮਤਿ ਦੇ ਪ੍ਰਸੰਗ ਵਿਚ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਨੂੰ ਗਦਰੀ ਬਾਬਿਆਂ ਦੀ ਸਿੱਖ-ਕਮਿਊਨਿਸਟ ਫਿਲਾਸਫੀ ਦੀ ਅਹਿਮੀਅਤ ਦਾ ਪਤਾ ਲੱਗਣਾ ਸੀ। ਫਿਰ ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ ਗਦਰੀ ਬਾਬੇ, ਜਿਵੇਂ ਆਰੀਆ ਸਮਾਜੀ ਸਮਝਦੇ ਸਨ, ‘ਅਨਪੜ੍ਹ’ ਪੇਂਡੂ ਨਹੀਂ ਸਨ ਸਗੋਂ ਚੇਤੰਨ ਗਿਆਨੀ ਸਨ। ਜਿਨ੍ਹਾਂ ਨੇ ਗੁਰਮਤਿ ਦੀ ਰੌਸ਼ਨੀ ਵਿਚ ਇਹ ਅਨੁਭਵੀ ਗਿਆਨ, ਸਰਬਸਾਂਝੀਵਾਲਤਾ ਦੀ ਭਾਵਨਾ ਤੇ ਸਰਬੱਤ ਦੇ ਭਲੇ ਦੇ ਜਜ਼ਬੇ ਅਧੀਨ ਆਪਣੀ ਜ਼ਿੰਦਗੀ ਜਿਉਂਦਿਆਂ ਹੋਇਆਂ ਆਪਣੇ ਜੀਵਨ ਵਿਚੋਂ ਪ੍ਰਾਪਤ ਕੀਤਾ ਸੀ।
ਬਾਬਾ ਵਸਾਖਾ ਸਿੰਘ ਜੀ ਦੇ ਬਚਨ ਹਨ – ‘ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸਮੇਸ਼ ਜੀ ਦੀ ਕਰਨੀ ਹੈ ਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਈਸਵੀ ਵਿਚ ਕਿਹੜੀ ਰੂਸੀ ਸਾਂਝੀਵਾਲਤਾ ਸੀ ਜਦੋਂ ਤੋਂ ਸਰਬੱਤ ਦਾ ਭਲਾ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ ਹੈ? ਮੈਂ ਜੋ ਕੁਝ ਲਿਆ ਹੈ, ਇਹ ਗੁਰੂ ਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗਰੀਬ ਦੁਖੀ ਦੁਨੀਆ ਦਾ ਬੜਾ ਭਲਾ ਕੀਤਾ ਹੈ ਪਰ ਇਸ ਵਿਚ ਅਜੇ ਤਰੁਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ। ਕਮਿਊਨਿਜ਼ਮ ਸਿੱਖੀ ਦਾ ਇਕ ਅੰਗ ਹੈ, ਇਹ ਸਿੱਖੀ ਵਿਚ ਸਮਾਅ ਸਕਦਾ ਹੈ ਪਰ ਸਿੱਖੀ ਇਸ ਵਿਚ ਨਹੀਂ ਸਮਾਅ ਸਕਦੀ। ਗੁਰੂ ਕਾ ਲੰਗਰ, ਸਾਂਝੀ ਸੇਵਾ, ‘ਤੇਰਾ ਘਰ ਸੋ ਮੇਰਾ ਘਰ’, ਇਸ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰਕੇ, ਸਾਂਝੀਵਾਲਤਾ ਅਤੇ ਬਰਾਬਰੀ ਦਾ ਰਾਹ ਦੱਸਿਆ।’
ਬਾਬਾ ਵਸਾਖਾ ਸਿੰਘ ਜੀ ਦੇ ਉਪਰੋਕਤ ਬਚਨਾਂ ਦੀ ਗੰਭੀਰਤਾ ਤੇ ਮਹਾਨਤਾ ਦਾ ਪਤਾ ਉਨ੍ਹਾਂ ਦੇ ਜੀਵਨ ਨੂੰ ਪੜ੍ਹ ਕੇ ਲੱਗਦਾ ਹੈ। ਪਿੰਡ ਦਦੇਹਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ 13 ਅਪਰੈਲ 1877 ਈ. ਨੂੰ ਜਨਮੇ, ਬਾਬਾ ਵਸਾਖਾ ਸਿੰਘ ਜੀ ਦੇ ਪੁਰਖਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਸੀ। 1907 ਵਿਚ ਬਾਬਾ ਜੀ ਕੁਝ ਚਿਰ ਲਈ ਫੌਜ ਵਿਚ ਭਰਤੀ ਹੋ ਗਏ ਪਰ ਬਾਅਦ ਵਿਚ ਫੌਜ ਛੱਡ ਕੇ ਚੀਨ ਚਲੇ ਗਏ ਜਿੱਥੋਂ ਉਹ ਅਮਰੀਕਾ ਪਹੁੰਚ ਗਏ। ਅਮਰੀਕਾ ਪਹੁੰਚ ਕੇ ਬਾਬਾ ਜੀ ਨੇ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਰਲ ਕੇ ਪੰਜ ਸੌ ਏਕੜ ਦਾ ਸਾਂਝਾ ਫਾਰਮ ਬਣਾਇਆ। ਜਿਸ ਤੋਂ ਹੁੰਦੀ ਕਮਾਈ ਦਾ ਇਕ ਹਿੱਸਾ ‘ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ’ ਰਾਹੀਂ ਅਮਰੀਕਾ ਪੜ੍ਹਾਈ ਕਰਨ ਪਹੁੰਚੇ ਲੋੜਵੰਦ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ ਖਰਚ ਕੀਤਾ ਜਾਂਦਾ ਸੀ। ਅਮਰੀਕਾ ਵਿਚ ਸਟਾਕਟਨ ਵਿਖੇ ਗੁਰਦੁਆਰਾ ਸਥਾਪਿਤ ਕਰਨ ਲਈ ਬਾਬਾ ਜੀ ਨੇ ਅਹਿਮ ਰੋਲ ਨਿਭਾਇਆ।
31 ਦਸੰਬਰ 1913 ਨੂੰ ਬਾਬਾ ਜੀ ਸੈਕਰਾਮੈਂਟੋ ਪਹੁੰਚੇ, ਜਿੱਥੇ ਗਦਰ ਪਾਰਟੀ ਦੀ ਹੋਈ ਪਹਿਲੀ ਮੀਟਿੰਗ ਵਿਚ ਉਨ੍ਹਾਂ ਨੂੰ ਕੇਂਦਰੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਭਾਰਤ ਅੰਦਰ ਗ਼ਦਰ ਮਚਾਉਣ ਦੀ ਪਾਰਟੀ ਮੁਹਿੰਮ ਵਿਚ ਹਿੱਸਾ ਲੈਣ ਲਈ ਦੇਸ ਪਹੁੰਚੇ ਬਾਬਾ ਜੀ ਨੂੰ 7 ਜਨਵਰੀ 1915 ਨੂੰ ਮਦਰਾਸ ਤੋਂ ਪੁਲਿਸ ਹਿਰਾਸਤ ਵਿਚ ਲਿਆ ਗਿਆ। ਸਾਰੇ ਗਦਰੀ ਆਗੂਆਂ ਨਾਲ ਬਾਬਾ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਲਾਹੌਰ ਸਾਜ਼ਿਸ਼ ਕੇਸ-1 (1915) ਵਿਚ ਉਨ੍ਹਾਂ ਨੂੰ ਉਮਰ ਕੈਦ ਅਤੇ ਕੁਲ ਜਾਇਦਾਦ ਜ਼ਬਤੀ ਦੀ ਸਜ਼ਾ ਮਿਲੀ। ਕਾਲੇ ਪਾਣੀ ਪਹੁੰਚ ਕੇ ਬਾਬਾ ਜੀ ਨੇ ਸਿਆਸੀ ਕੈਦੀਆਂ ਨਾਲ ਹੁੰਦੇ ਦੁਰਵਿਹਾਰ ਵਿਰੁੱਧ ਇਕ ਮਹੀਨੇ ਦੀ ਭੁੱਖ ਹੜਤਾਲ ਕੀਤੀ। ਬੜੀ ਕਮਜ਼ੋਰੀ ਵਾਲੀ ਹਾਲਤ ਵਿਚ ਬਾਬਾ ਜੀ 14 ਅਪਰੈਲ 1920 ਨੂੰ ਰਿਹਾਅ ਹੋ ਕੇ ਪਿੰਡ ਪਹੁੰਚੇ।
ਰਿਹਾਅ ਹੁੰਦਿਆਂ ਹੀ ਬਾਬਾ ਜੀ ਨੇ ਮੁੜ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜੇਲ੍ਹਾਂ ਵਿਚ ਰੁਲ ਰਹੇ ਸਿਆਸੀ ਕੈਦੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਵਾਸਤੇ ‘ਦੇਸ ਭਗਤ ਪਰਿਵਾਰ’ ਸਹਾਇਕ ਕਮੇਟੀ ਬਣਾ ਕੇ ਉਨ੍ਹਾਂ ਦੀ ਮਦਦ ਕੀਤੀ। 1932-33 ਵਿਚ ਬਾਬਾ ਜੀ ਦੋ ਸਾਲ ਪਿੰਡ ਵਿਚ ਨਜ਼ਰਬੰਦ ਰਹੇ ਅਤੇ 1942 ਤੋਂ 1944 ਤਕ ਫਿਰ ਜੇਲ੍ਹ ਯਾਤਰਾ ਕੀਤੀ। ਗੁਰੂ ਕੇ ਬਾਗ ਦੇ ਮੋਰਚੇ ਵਿਚ 100 ਸਿੱਖਾਂ ਦੇ ਇਕ ਜਥੇ ਦੀ ਅਗਵਾਈ ਬਾਬਾ ਜੀ ਨੇ ਕੀਤੀ।
10 ਜਨਵਰੀ 1931 ਨੂੰ ਤਰਨ ਤਾਰਨ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਆਰੰਭ ਕਰਨ ਵਾਸਤੇ ਚੁਣੇ ਗਏ ਪੰਜ ਪਿਆਰਿਆਂ ਵਿਚ ਬਾਬਾ ਜੀ ਸ਼ਾਮਿਲ ਹੋਏ। ਗੁਰਦੁਆਰਾ ਪੰਜਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵੇਲੇ ਵੀ ਬਾਬਾ ਜੀ ਪੰਜ ਪਿਆਰਿਆਂ ਵਿਚ ਸ਼ਾਮਿਲ ਸਨ। 1934 ਵਿਚ ਬਾਬਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਜਿੱਥੋਂ ਇਕ ਸਾਮਰਾਜੀ ਅਫਸਰ ਨੂੰ ਸਿਰੋਪਾ ਦੇਣ ਦੇ ਰੋਸ ਵਜੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਸਾਰੇ ਸਿੱਖ ਗਦਰੀ ਬਾਬੇ ਇਹੋ ਜਿਹੇ ਮਹਾਨ ਵਿਰਸੇ ਦੀ ਦੇਣ ਸਨ। ‘ਕਾਮਾਗਾਟਾ ਮਾਰੂ’ ਜਹਾਜ਼ ਨੂੰ ਕੈਨੇਡਾ ਲੈ ਕੇ ਜਾਣ ਵਾਲੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਆਪਣਾ ਕਥਨ ਹੈ: ‘ਮੇਰਾ ਭਾਰਤ ਭੂਮੀ ਦੇ ਬੱਚਿਆਂ ਉਤੇ ਗੈਰਤ ਖਾ ਕੇ ਸੁਦਾਈਆਂ ਵਾਂਗ ਲੱਖਾਂ ਰੁਪਏ ਬਰਬਾਦ ਕਰ ਕੇ, ਆਪਣੇ-ਆਪ ਤੇ ਆਪਣੇ ਸਾਥੀਆਂ ਨੂੰ ਖਤਰੇ ਵਿਚ ਪਾ ਕੇ ਕਾਨੂੰਨ ਦੀ ਹਦ ਅੰਦਰ ਰਹਿ ਕੇ, ਇਨ੍ਹਾਂ ਦੁਖਾਂ ਦੇ ਦੂਰ ਕਰਨ ਵਾਸਤੇ ਜਹਾਜ਼ ਦਾ ਚਲਾਉਣਾ ਕੋਈ ਹੈਰਾਨੀ ਵਾਲੀ ਬਾਤ ਨਹੀਂ ਤੇ ਇਹ ਹਰ ਸਿੱਖ ਦਾ ਫਰਜ਼ ਹੈ, ਕਿ ਉਹ ਆਪਣੇ ਗੁਰੂਆਂ ਦੇ ਅਸੂਲ ਉਤੇ ਚਲ ਕੇ ਅਪਣਾ ਫਰਜ਼ ਪੂਰਾ ਕਰਦਾ ਹੋਇਆ ਪਰਉਪਕਾਰ ਤੇ ਨੇਕੀ ਦਾ ਕੰਮ ਕਰੇ।
… ਮੈਂ ਇਕ ਸਿਖ ਹੋਣ ਕਰਕੇ ਧਰਮ ਤੇ ਦੇਸ ਦੀ ਸੇਵਾ ਕਰਨ ਦਾ ਚਾਹਵਾਨ ਹਾਂ। ਪ੍ਰੰਤੂ ਮੈਂ ਆਪਣੇ ਆਪ ਨੂੰ ਸਿਖ ਬਣਾਉਣ ਦੀ ਇਛਯਾ ਕਰਦਾ ਹਾਂ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਪੰਥ ਦੀ ਬੁਨਿਆਦ ਰਖੀ, ਤਾਂ ਪਹਿਲਾਂ ਪਿਤਾ ਜੀ ਤੇ ਫਿਰ ਬੱਚੇ ਭੀ ਧਰਮ ਪੁਰ ਕੁਰਬਾਨ ਕਰ ਦਿਤੇ। ਮੇਰੇ ਬਜ਼ੁਰਗ ਪਿਤਾ ਤੇ ਪੁੱਤਰ ਭੀ ਮੇਰੇ ਨਾਲ ਗਡੀ ਵਿਚ ਬੈਠੇ ਹੈਨ। ਜੇ ਕਦੇ ਸ੍ਰੀ ਨਨਕਾਣਾ ਸਾਹਿਬ ਵਾਂਗੂ ਮੌਕਿਆਂ ਮਿਲੇ, ਤਾਂ ਸ਼ਾਂਤਮਈ ਅਸੂਲ ਅਨੁਸਾਰ ਕੁਰਬਾਨੀ ਲਈ ਤਿਆਰ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਮੇਰੇ ਵਾਸਤੇ ਪ੍ਰਾਰਥਨਾ ਕਰੋ ਕਿ ਮੈਂ ਸਿਖ ਧਰਮ ਵਿਚ ਪੱਕਾ ਹੋ ਜਾਵਾਂ।
… ਕਈ ਮੇਰੇ ਹਮਦਰਦ ਮੇਰੀਆਂ ਤਕਲੀਫਾਂ ਨੂੰ ਅਨੁਭਵ ਕਰਦੇ ਹਨ, ਮੈਂ ਉਨ੍ਹਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਸਿਖ ਬਣਨਾ ਕੋਈ ਆਸਾਨ ਗੱਲ ਨਹੀਂ ਹੈ, ਕਿਉਂਕਿ ਸਿਖੀ ਵਿਚ ਪਾਸ ਹੋਣ ਦਾ ਇਮਤਿਹਾਨ ਬਹੁਤ ਕਠਿਨ ਹੈ। ਜੈਸਾ ਕਿ ਗਰਮ ਰੇਤ ਆਪਣੇ ਤਨ ਉਤੇ ਪਵਾਉਣਾ, ਉਬਲਦੀ ਦੇਗ ਵਿਚ ਬੈਠਣਾ ਤੇ ਖੋਪਰੀਆਂ ਦਾ ਉਤਰਵਾਉਣਾ, ਅੰਗ-ਅੰਗ ਕਟਵਾਉਣਾ ਤੇ ਆਪਣੇ ਆਪ ਨੂੰ ਆਰੇ ਨਾਲ ਚਰਵਾਉਣਾ ਜਾਂ ਗੰਡਾਸੀਆਂ ਤੇ ਛਵੀਆਂ ਨਾਲ ਕੀਮਾ ਕਰਵਾਉਣਾ ਤੇ ਗੋਲੀਆਂ ਦਾ ਸ਼ਿਕਾਰ ਹੋ ਕੇ ਮਿਟੀ ਦੇ ਤੇਲ ਨਾਲ ਜਲਾਏ ਜਾਣਾ ਇਤਿਆਦਿ, ਸਿਖ ਬਣਨ ਦੇ ਕਠਿਨ ਇਮਤਿਹਾਨ ਹਨ।’
ਬੇਸ਼ੱਕ ਪੰਜਾਬ ਅੰਦਰਲੀ ਸਾਮਰਾਜ ਵਿਰੋਧੀ ਲਹਿਰ ਵਿਚ ਦੋ ਵਿਚਾਰਧਾਰਾਵਾਂ ਦਾ ਰਲੇਵਾਂ ਸੀ। ਇਕ ਵਿਚਾਰਧਾਰਾ ਵੈਦਿਕ ਫਿਲਾਸਫੀ ਦੀ ਬ੍ਰਾਹਮਣਵਾਦੀ ਵਿਆਖਿਆ ਕਰ ਰਹੀ ਧਾਰਾ ਤੋਂ ਅਗਵਾਈ ਲੈ ਕੇ ‘ਰਾਸ਼ਟਰਵਾਦੀ’ ਦੇਸ ਭਗਤੀ ਦੇ ਨਾਂ ਉਤੇ, ਅੰਗਰੇਜ਼ ਸਾਮਰਾਜੀਆਂ ਤੋਂ ‘ਆਜ਼ਾਦੀ’ ਚਾਹੁੰਦੀ ਸੀ। ਇਸ ਦਾ ਆਧਾਰ ਬੰਗਾਲ ਅਤੇ ਮਹਾਰਾਸ਼ਟਰ ਸਨ। ਰਾਸ਼ਟਰਵਾਦ ਦੀ ਬੰਗਾਲੀ ਧਾਰਾ ਮੁਸਲਿਮ ਵਿਰੋਧੀ ਰੁਝਾਨ ਰੱਖਦੀ ਸੀ। ਪੰਜਾਬ ਅੰਦਰ ਇਸ ਧਾਰਾ ਦੇ ਬੰਗਾਲੀ ਪੱਖ ਦੀ ਅਗਵਾਈ ਰਾਸਬਿਹਾਰੀ ਬੋਸ ਅਤੇ ਸ਼ਚਿੰਦਰ ਨਾਥ ਸਾਨਿਆਲ ਹੁਰੀਂ ਕਰ ਰਹੇ ਸਨ ਅਤੇ ਮਰਾਠੀ ਪੱਖ ਦੀ ਅਗਵਾਈ ਸ਼ਹੀਦ ਭਗਤ ਸਿੰਘ ਹੁਰਾਂ ਦੇ ਪਿਤਾ ਜੀ ਸ. ਕਿਸ਼ਨ ਸਿੰਘ ਅਤੇ ਚਾਚਾ ਸ. ਅਜੀਤ ਸਿੰਘ ਜੀ ਸਮੇਤ ਕੁਝ ਹੋਰ ਲੋਕ ਕਰ ਰਹੇ ਸਨ। ਆਰੀਆ ਸਮਾਜੀ ਲਹਿਰ ਨੇ ਇਸ ਪੱਖ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ। ਆਰੀਆ ਸਮਾਜੀ ਲਹਿਰ ਵੀ ਮੁਸਲਿਮ ਵਿਰੋਧੀ ਰੁਝਾਨ ਦੀ ਪੈਰੋਕਾਰ ਸੀ। ਰਾਸ਼ਟਰਵਾਦ ਦੀ ਬੰਗਾਲੀ ਧਾਰਾ ਦਾ ਮੁਸਲਿਮ ਵਿਰੋਧੀ ਰੁਝਾਨ ਅਤੇ ਆਰੀਆ ਸਮਾਜ ਦਾ ਸਿੱਖ-ਮੁਸਲਿਮ ਵਿਰੋਧੀ ਰੁਝਾਨ, ਦੋਵੇਂ ਪੰਜਾਬ ਅੰਦਰ ਆ ਕੇ ਇਕਜੁਟ ਹੋ ਗਏ ਅਤੇ ਹੋਰ ਵੀ ਕੱਟੜ ਰੂਪ ਧਾਰਨ ਕਰ ਗਏ।
ਦੂਜੀ ਵਿਚਾਰਧਾਰਾ ਦੇ ਮੋਢੀ ਗੁਰਮਤਿ ਤੋਂ ਅਗਵਾਈ ਲੈ ਰਹੇ ਗਦਰੀ ਬਾਬੇ ਸਨ। ਇਸ ਧਾਰਾ ਦਾ ਹਿੰਦੂ ਮੁਸਲਮਾਨਾਂ ਨਾਲ ਕੋਈ ਵਿਰੋਧ ਨਹੀਂ ਸੀ। ਸਿੱਖ ਗਦਰੀ ਬਾਬਿਆਂ ਦੀ ਅਗਵਾਈ ਦੇ ਵਜੂਦ ਸਮੋਈ ਕਿਸੇ ਵੀ ਧਰਮ ਨਾਲ ਵਿਤਕਰਾ ਨਾ ਕਰਨ ਦੀ ਗੁਰਮਤਿ-ਚੇਤਨਾ ਸੀ ਜਿਸ ਨੇ ਗਦਰ ਲਹਿਰ ਵਿਚ ਹਿੰਦੂ-ਮੁਸਲਿਮ ਵਿਰੋਧੀ ਭਾਵਨਾ ਨੂੰ ਪੈਦਾ ਹੀ ਨਾ ਹੋਣ ਦਿੱਤਾ।
ਕਮਿਊਨਿਸਟਾਂ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਖੇਤਰ ਵਿਚ ਪੈਦਾ ਹੋਏ ਸਾਰੇ ਧਰਮਾਂ ਦੇ ਪ੍ਰਸੰਗ ਵਿਚ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਨੂੰ ਹੋਰ ਵੀ ਦਿਲਚਸਪ ਗਿਆਨ ਹੋਣਾ ਸੀ। ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਮਤਿ ਚੇਤਨਾ ਸਾਰੇ ਧਰਮਾਂ ਦਾ ਅਗਲਾ ਵਿਕਸਿਤ ਰੂਪ ਹੈ। ਗੁਰੂ ਗ੍ਰੰਥ ਸਾਹਿਬ ਨੇ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਨੂੰ ਨਕਾਰਿਆ ਨਹੀਂ ਸਗੋਂ ਉਨ੍ਹਾਂ ਵਿਚਲੇ ਆਤਮਿਕ ਸੱਚ ਨੂੰ ਆਪਣੇ ਆਤਮ ਵਿਚ ਸਮੇਟਦਿਆਂ ਹੋਇਆਂ, ਉਨ੍ਹਾਂ ਦੇ ਕੁਦਰਤੀ ਨੇਮਾਂ ਤੇ ਸਮਾਜੀ ਸਦਾਚਾਰ ਦੇ ਪੈਮਾਨੇ ਉਤੇ ਪੂਰੀਆਂ ਉਤਰਦੀਆਂ ਸਾਰੀਆਂ ਧਾਰਨਾਵਾਂ ਨੂੰ ਬੁਲੰਦ ਕੀਤਾ ਹੈ।
ਮਿਸਾਲ ਦੇ ਤੌਰ ਉਤੇ ਗੁਰਮਤਿ ਨੇ ਆਪਣੀ ਚੇਤਨਾ ਵਿਚ ਬੁੱਧ ਤੇ ਜੈਨ ਧਰਮ ਦੇ ਸਦਾਚਾਰ ਨੂੰ ਆਤਮਸਾਤ ਕਰਦਿਆਂ ਹੋਇਆਂ, ਜੈਨ ਤੇ ਬੁੱਧ ਧਰਮ ਦੇ ਕਰਮਕਾਂਡੀ ਪੱਖ ਨੂੰ ਪੂਰੀ ਦ੍ਰਿੜਤਾ ਨਾਲ ਨਕਾਰ ਦਿੱਤਾ ਹੈ। ਇਸਲਾਮ ਅਤੇ ਇਸਲਾਮ ਰਾਹੀਂ ਯਹੂਦੀ ਅਤੇ ਇਸਾਈ ਧਰਮ ਦੀਆਂ, ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਤੇ ਮਨੁੱਖੀ ਮੌਤ ਤੋਂ ਬਾਅਦ ਮਿਲਣ ਵਾਲੇ ਕਿਸੇ ਨਰਕ-ਸਵਰਗ ਬਾਰੇ, ਬਣੀਆਂ ਭਰਮਾਊ ਧਾਰਨਾਵਾਂ ਨਕਾਰ ਦਿੱਤੀਆਂ ਹਨ ਅਤੇ ਉਨ੍ਹਾਂ ਵਿਚਲੀਆਂ ਰਵਾਇਤਾਂ ਨੂੰ ਸਦਾਚਾਰੀ ਅਰਥ ਦਿੱਤੇ ਹਨ।
ਪੰਜਾਬ ਦੇ ਸੂਫੀ ਸ਼ਾਇਰ ਬਾਬਾ ਬੁੱਲੇ੍ਹ ਸ਼ਾਹ ਨੇ ਸਾਰੇ ਮਨੁੱਖੀ ਗਿਆਨ ਨੂੰ ਇਕ ਕਾਵਿ ਬੰਦ ਵਿਚ ਸਮੇਟ ਦਿੱਤਾ ਹੈ। ਉਸ ਦਾ ਕਾਵਿ ਬੰਦ ਹੈ:
ਗੱਲ ਸਮਝ ਲਈ ਤਾਂ ਰੌਲਾ ਕੀ। ਰਾਮ ਰਹੀਮ ਤੇ ਮੌਲਾ ਕੀ।
ਸਮਝਣ ਵਾਲੀ ਇਹ ਖਾਸ ਗੱਲ ਕੀ ਹੈ, ਇਸ ਦੀ ਜਾਣਕਾਰੀ ਵੀ ਬਾਬਾ ਬੁੱਲੇ੍ਹ ਸ਼ਾਹ ਨੇ ਦਿੱਤੀ ਹੈ:
ਪੜ੍ਹ-ਪੜ੍ਹ ਇਲਮ ਹਜ਼ਾਰ ਕਿਤਾਬਾਂ, ਕਦੇ ਆਪਣੇ ਆਪ ਨੂੰ ਪੜ੍ਹਿਆ ਈ ਨਹੀਂ।
ਜਾ-ਜਾ ਵੜਦੈ ਮੰਦਰ ਮਸੀਤੀਂ, ਕਦੇ ਮਨ ਆਪਣੇ ਵਿਚ ਵੜਿਆ ਈ ਨਹੀਂ।
ਆਖੇ ਪੀਰ ਬੁੱਲੇ ਸ਼ਾਹ, ਆਸਮਾਨੀ ਫੜਦਾ ਏ, ਜਿਹੜਾ ਮਨ ਵਿਚ ਵਸਦੈ, ਉਹਨੂੰ ਫੜਿਆ ਈ ਨਹੀਂ।
ਅਰਥਾਤ ਜੋ ਕੁਝ ਮਨੁੱਖ ‘ਰੱਬ’ ਬਾਰੇ ਸੋਚਦਾ ਹੈ, ਉਹ ਉਸ ਦੇ ਆਪਣੇ ਹੀ ਮਨ ਵਿਚ ਰੱਬ ਦੇ ਬਣੇ ਹੋਏ ਸੰਕਲਪ ਦਾ ਪ੍ਰਤੌਅ ਹੁੰਦਾ ਹੈ ਤੇ ਜੇ ਏਨੀ ਗੱਲ ਸਮਝ ਆ ਜਾਵੇ ਤਾਂ ਰਾਮ ਰਹੀਮ ਦਾ ਰੌਲਾ ਉਂਝ ਹੀ ਮੁੱਕ ਜਾਂਦਾ ਹੈ; ਭਾਵ ਸਾਰੇ ਧਰਮਾਂ ਵਿਚਲਾ ਆਤਮਿਕ ਸੱਚ ਸਮਝ ਆ ਜਾਂਦਾ ਹੈ, ਕਿ ਸਾਰੇ ਧਰਮਾਂ ਵਿਚਲੇ ਰੱਬੀ ਗੁਣ ਅਸਲ ਵਿਚ ਇਨਸਾਨੀ ਗੁਣਾਂ ਦਾ ਹੀ ਦੂਜਾ ਰੂਪ ਹਨ ਅਤੇ ਇਹ ਗੁਣ ਅਪਣਾਉਣੇ ਮਨੁੱਖੀ ਜ਼ਿੰਦਗੀ ਲਈ ਅਤਿ ਜ਼ਰੂਰੀ ਹਨ। ਇਹੀ ਮਨੁੱਖ ਦਾ ਧਰਮ ਹੈ। ਇਹ ਸਮਝ ਆਉਣ ਨਾਲ ਸਾਰੇ ਧਰਮਾਂ ਵਿਚਲੇ ਕਰਮਕਾਂਡੀ ਵਖਰੇਵੇਂ ਉਂਝ ਹੀ ਖਤਮ ਹੋ ਜਾਂਦੇ ਹਨ।
ਆਰੀਆ ਸਮਾਜ ਤੇ ਬ੍ਰਾਹਮਣਵਾਦ ਜਿੱਥੇ ਹਿੰਦੂਆਂ ਨੂੰ ‘ਵੇਦਾਂ ਵੱਲੀਂ’ ਪਿੱਛੇ ਮੁੜਨ ਦਾ ਸੱਦਾ ਦਿੰਦੇ ਹਨ, ਉਥੇ ਗੁਰਮਤਿ ਮਨੁੱਖ ਨੂੰ ਵੈਦਿਕ ਫਿਲਾਸਫੀ ਸਮੇਤ, ਪਿਛਲੇ ਸਾਰੇ ਆਤਮਿਕ ਗਿਆਨ ਨੂੰ ਆਪਣੇ ਅਨੁਭਵ ਵਿਚ ਸਮੇਟ ਕੇ ਅਗਾਂਹ ਨੂੰ ਵਧਣ ਦਾ ਸੱਦਾ ਦਿੰਦੀ ਹੈ: ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ (ਪੰਨਾ 1096)
ਗਦਰੀ ਬਾਬੇ ਗੁਰਮਤਿ ਦੀ ਇਸੇ ਅਗਾਂਹਵਧੂ ਚੇਤਨਾ ਵਿਚ ਪਲੇ ਹੋਏ ਸਨ। ਉਹ ਕਮਿਊਨਿਸਟ ਲਹਿਰ ਤੋਂ ਕਿਵੇਂ ਪ੍ਰਭਾਵਿਤ ਹੋਏ, ਇਸ ਦੀ ਜਾਣਕਾਰੀ ਗਦਰੀ ਬਾਬਾ ਹਰਜਾਪ ਸਿੰਘ ਦੀ ਡਾਇਰੀ ਵਿਚੋਂ ਮਿਲਦੀ ਹੈ: ‘1919 ਵਿਚ ਕੌਮਾਂਤਰੀ ਸਭਾ (ਤੀਜੀ ਇੰਟਰਨੈਸ਼ਨਲ) ਦੀ ਨੀਂਹ ਰੱਖੀ ਗਈ। ਇਸ (ਸਭਾ) ਦਾ ਆਦਰਸ਼ ਸਾਰੀ ਦੁਨੀਆ ਅੰਦਰ ਰੂਸ ਵਰਗਾ ਇਨਕਲਾਬ ਪੈਦਾ ਕਰ ਕੇ, ਸਾਰੇ ਸੰਸਾਰ ਨੂੰ ਇਕ ਲੜੀ ਵਿਚ ਪਰੋਅ ਦੇਣਾ ਹੈ। ਇਸ ਦਾ ਮੰਤਵ ਹੇਠਲਿਆਂ ਨੂੰ ਉਤੇ ਕਰਨਾ ਹੈ। ਜੋ ਲੁੱਟੇ ਜਾਂਦੇ ਰਹੇ ਹਨ, ਉਹ ਲੁਟੇਰਿਆਂ ਦਾ ਖਾਤਮਾ ਕਰ ਦੇਣ ਤੇ ਸੰਸਾਰ ਅੰਦਰ ਸਰਮਾਏਦਾਰਾਂ ਦੀ ਥੋੜ੍ਹੀ ਜਿਹੀ ਗਿਣਤੀ ਦੀ ਥਾਂ ਗਰੀਬਾਂ ਦਾ ਰਾਜ ਹੋਵੇ। ਇਨ੍ਹਾਂ ਆਦਰਸ਼ਾਂ ਦਾ, ਸੰਸਾਰ ਦੀਆਂ ਬਾਕੀ ਇਨਕਲਾਬੀ ਪਾਰਟੀਆਂ ਵਾਂਗੂ ਗਦਰ ਪਾਰਟੀ ਉਤੇ ਵੀ ਅਸਰ ਹੋਇਆ।’
ਇਸੇ ਕਰਕੇ ਗਦਰੀ ਬਾਬੇ ਕਮਿਊਨਿਸਟ ਲਹਿਰ ਵੱਲ ਖਿੱਚੇ ਗਏ। ‘ਹਲੇਮੀ ਰਾਜ’ ਤੇ ‘ਬੇਗਮਪੁਰਾ’ ਸਮਾਜ ਸਿਰਜਣ ਦਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹੀ ਨਿਸ਼ਾਨਾ ਹੁਣ ਤਕ ਸਿੱਖਾਂ ਨੂੰ ਇਕ ਲੜੀ ਵਿਚ ਪਰੋਅ ਕੇ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਦਾ ਆਇਆ ਹੈ। ਸੰਤ ਭਿੰਡਰਾਂਵਾਲੇ ਦੇ ਆਪਣੇ ਬਚਨ ਹਨ: ‘ਅਨੰਦਪੁਰ ਦਾ ਮਤਾ ਕੇਵਲ ਏਨਾ ਨਹੀਂ ਕਿ ਦੋ ਚਾਰ ਚੀਜ਼ਾਂ- ਪਾਣੀ ਮੰਗ ਲਿਆ, ਬਿਜਲੀ ਮੰਗ ਲਈ, ਕਣਕ ਦਾ ਭਾਅ ਵਧਾ ਲਿਆ, ਏਨਾ ਕੰਮ ਕੇਵਲ ਅਨੰਦਪੁਰ ਦੇ ਮਤੇ ਵਿਚ ਨਹੀਂ ਹੈ। ਅਨੰਦਪੁਰ ਦਾ ਮਤਾ, ਅਨੰਦਪੁਰ ਦੀ ਠੇਰੀ ਉਤੇ ਸਤਿਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਵਿਚਾਰਾਂ ਦਾ ਆਪਾਂ ਧਾਰਨੀ ਬਣਨਾ ਹੈ।… ਹਲੇਮੀ ਰਾਜ ਪ੍ਰਾਪਤ ਕਰਨ ਦਾ ਨਿਸ਼ਾਨਾ ਤਾਂ ਹੀ ਪ੍ਰਾਪਤ ਹੋਵੇਗਾ, ਜੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਰਹਾਂਗੇ। ਜੇ ਕਦੇ ਚਿੱਟੀ ਝੰਡੀ ਥੱਲੇ, ਕਦੇ ਹਰੀ ਝੰਡੀ ਥੱਲੇ, ਕਦੇ ਲਾਲ ਝੰਡੀ ਥੱਲੇ ਤੁਰੇ ਫਿਰਦੇ ਰਹੇ ਤਾਂ ਫਿਰ ਘਾਟਾ ਹੀ ਪਵੇਗਾ।… ਚਾਰ ਪੰਜ ਪ੍ਰੇਮੀ ਕਲ੍ਹ ਆਏ ਸੀਗੇ, ਉਹ ਪੁਛਣ ਲਗੇ, ਸੰਤ ਜੀ ਜੇ ਜਗਜੀਤ ਸਿੰਘ ਚੌਹਾਨ ਨੇ ਇੰਗਲੈਂਡ ਤੇ ਅਮਰੀਕਾ ਦੀ ਮਦਦ ਲੈ ਕੇ ਹਿੰਦੁਸਤਾਨ ਉਤੇ ਹਮਲਾ ਕਰ ਦਿਤਾ, ਤੁਸੀਂ ਕੀਹਦੀ ਮਦਦ ਕਰੋਗੇ? ਦਾਸ ਨੇ ਉਤਰ ਦਿਤਾ ਸੀ, ‘ਅਸੀਂ ਮਦਦ ਕਰਾਂਗੇ ਸਿੱਖੀ ਸਰੂਪ ਦੀ ਤੇ ਮਜ਼ਲੂਮ ਦੀ।’ ਉਨ੍ਹਾਂ ਦਾ ਖਿਆਲ ਸੀ ਕਿ ਕਹਿਣਗੇ, ਮੈਂ ਜਗਜੀਤ ਸਿੰਘ ਦੀ ਮਦਦ ਕਰੂੰਗਾ ਜਾਂ ਹਿੰਦੁਸਤਾਨ ਦੀ। ਉਤਰ ਦਿਤਾ ਸੀ, ਸਿੱਖੀ ਧਰਮ ਦੀ, ਮਜ਼ਲੂਮ ਦੀ ਮਦਦ ਕਰਾਂਗੇ, ਜਿਹੜਾ ਮਜ਼ਲੂਮ ਹੋਇਆ, ਉਹਨੂੰ ਜ਼ਰੂਰ ਗਲ ਨਾਲ ਲਾਵਾਂਗੇ, ਜਿਹੜਾ ਜ਼ਾਲਮ ਐ, ਉਹਨੂੰ ਝਟਕਾਵਾਂਗੇ।