ਉਹ ਕੁੜੀ

ਅਮਰਬੀਰ ਸਿੰਘ ਚੀਮਾ
ਫੋਨ: 98889-40211
ਬਹੁਤ ਹੀ ਸ਼ਰਾਰਤੀ ਤੇ ਹੱਸਮੁੱਖ ਸੁਭਾਅ ਸੀ ਹਰਮਨ ਦਾ, ਪਰ ਹੁਣ ਉਹ ਬਿਲਕੁਲ ਖ਼ਾਮੋਸ਼ ਰਹਿੰਦਾ ਹੈ। ਹਰਮਨ ਪਿੰਡ ਦੇ ਲੰਬੜਦਾਰਾਂ ਦਾ ਇਕਲੌਤਾ ਲਾਡਲਾ ਮੁੰਡਾ ਸੀ ਤੇ ਉਹ ਚੰਡੀਗੜ੍ਹ ਪੜ੍ਹਨ ਕਰਕੇ ਉੱਥੇ ਹੋਸਟਲ ਵਿਚ ਹੀ ਰਹਿੰਦਾ ਸੀ। ਹਫ਼ਤੇ ਦੋ ਹਫ਼ਤੇ ਪਿੱਛੋਂ ਉਹ ਪਿੰਡ ਆ ਜਾਂਦਾ ਸੀ ਤੇ ਸੋਮਵਾਰ ਨੂੰ ਸਵੇਰੇ-ਸਵੇਰੇ ਹੀ ਚੰਡੀਗੜ੍ਹ ਆਪਣੇ ਕਾਲਜ ਚਲਿਆ ਜਾਂਦਾ ਸੀ।

ਚੰਡੀਗੜ੍ਹ ਪੜ੍ਹਨ ਦੇ ਬਾਵਜੂਦ ਉਸ ਨੂੰ ਆਪਣੇ ਪਿੰਡ ਨਾਲ਼ ਬਹੁਤ ਮੋਹ ਸੀ, ਬੇਸ਼ੱਕ ਉਸ ਦੇ ਜ਼ਿਆਦਾ ਦੋਸਤ ਵੀ ਚੰਡੀਗੜ੍ਹ ਦੇ ਹੀ ਸਨ। ਐਤਵਾਰ ਵਾਲੇ ਦਿਨ ਪਿੰਡ ਹੁੰਦਿਆਂ ਉਹ ਘਰ ਦੇ ਨਿੱਕੇ ਮੋਟੇ ਕੰਮ ਕਰਦਾ ਰਹਿੰਦਾ ਤੇ ਵਿਹਲੇ ਸਮੇਂ ਆਪਣੇ ਖੇਤਾਂ ਵਿਚ ਜਾ ਕੇ ਲਹਿਰਾਉਂਦੀਆਂ ਫ਼ਸਲਾਂ ਨਾਲ਼ ਕਿੰਨਾ-ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾ। ਪਿੰਡ ਪਹੁੰਚ ਕੇ ਰੋਟੀ-ਪਾਣੀ ਖਾਂਦਿਆਂ ਸਾਰ ਹੀ ਉਹ ਮੋਟਰ ਵੱਲ ਨੂੰ ਭੱਜ ਜਾਂਦਾ। ਉਹਦੀ ਬੇਬੇ ਹਾਕਾਂ ਮਾਰਦੀ ਹੀ ਰਹਿ ਜਾਂਦੀ ਪਰ ਉਹ ‘ਬੱਸ ਹੁਣੇ ਆਇਆ’ ਕਹਿ ਕੇ ਹਨੇਰਾ ਹੋਣ ’ਤੇ ਹੀ ਘਰ ਮੁੜਦਾ।
ਹਰਮਨ ਦੇ ਲੰਮ-ਸਲੰਮਾ ਮੁੱਛ-ਫੁੱਟ ਗੱਭਰੂ ਤੇ ਖਾਂਦੇ-ਪੀਂਦੇ ਘਰ ਦਾ ਹੋਣ ਕਰਕੇ ਸੁਭਾਵਿਕ ਹੀ ਸੀ ਕਿ ਚੰਡੀਗੜ੍ਹ ਉਹਦੇ ਨਾਲ਼ ਪੜ੍ਹਦੀਆਂ ਕਈ ਕੁੜੀਆਂ ਉਸ ਉੱਤੇ ਡੋਰੇ ਪਾਉਂਦੀਆਂ ਰਹਿੰਦੀਆਂ ਪਰ ਹਰਮਨ ਇਨ੍ਹਾਂ ਸਭਨਾਂ ਤੋਂ ਸਦਾ ਫ਼ਾਸਲਾ ਬਣਾ ਕੇ ਰੱਖਦਾ। ਚੰਡੀਗੜ੍ਹ ਦੇ ਲੋਕਾਂ ਨੂੰ ਉਹ ਥਾਂ-ਥਾਂ ਦੀ ਢੇਰੀ ਤੇ ਪੱਥਰਾਂ ਦੇ ਸ਼ਹਿਰ ਦੇ ਵਾਸੀ ਸਮਝਦਾ ਸੀ। ਉੱਥੇ ਵਿਹਲੇ ਸਮੇਂ ਉਹ ਆਪਣੇ ਯਾਰਾਂ-ਦੋਸਤਾਂ ਨਾਲ਼ ਘੁੰਮਣ ਨੂੰ ਹੀ ਤਰਜੀਹ ਦਿੰਦਾ ਜਿਨ੍ਹਾਂ ਵਿਚੋਂ ਬੰਟੀ ਉਹਦਾ ਪੱਕਾ ਯਾਰ ਸੀ। ਬੰਟੀ ਜਲੰਧਰ ਨੇੜਲੇ ਕਿਸੇ ਪਿੰਡ ਦਾ ਸੀ। ਉਹ ਆਪਣੇ ਪਿੰਡ ਮਹੀਨੇ-ਦੋ ਮਹੀਨੇ ਬਾਅਦ ਹੀ ਗੇੜਾ ਮਾਰਦਾ ਸੀ। ਬੰਟੀ ਦਾ ਪਿੰਡ ਦੂਰ ਹੋਣ ਕਰਕੇ ਕਈ ਵਾਰ ਹਰਮਨ ਬੰਟੀ ਨੂੰ ਵੀ ਆਪਣੇ ਨਾਲ਼ ਹੀ ਆਪਣੇ ਪਿੰਡ ਲੈ ਜਾਂਦਾ ਸੀ। ਬੰਟੀ ਦਾ ਵੀ ਉਹਦੇ ਪਿੰਡ ਆ ਕੇ ਬੜਾ ਦਿਲ ਲੱਗਦਾ।
ਇਸ ਵਾਰ ਵੀ ਪਿੰਡ ਆਉਂਦਿਆਂ ਹੀ ਚਾਹ ਪਾਣੀ ਪੀ ਕੇ ਆਪਣੀ ਆਦਤ ਅਨੁਸਾਰ ਉਹ ਆਪਣੀ ਮੋਟਰ ’ਤੇ ਚਲਿਆ ਗਿਆ। ਮੋਟਰ ਚੱਲ ਰਹੀ ਸੀ ਪਰ ਉੱਥੇ ਦਾ ਅਜਬ ਨਜ਼ਾਰਾ ਦੇਖ ਕੇ ਹਰਮਨ ਬੁੱਤ ਹੀ ਬਣ ਗਿਆ। ਸਾਹਮਣੇ ਮੋਟਰ ਦੇ ਚੁਬੱਚੇ ’ਤੇ ਅੱਧ ਭਿੱਜੀ ਗੁੱਜਰਾਂ ਦੀ ਕੁੜੀ ਸ਼ਿੰਦੋ ਦੁਨੀਆ ਤੋਂ ਬੇਖ਼ਬਰ ਹੋ ਕੇ ਕੁਝ ਗੁਣਗੁਣਾਉਂਦੀ ਹੋਈ ਕੱਪੜੇ ਧੋ ਰਹੀ ਸੀ। ਹਰਮਨ ਨੇ ਇੰਨੀ ਸੋਹਣੀ ਕੁੜੀ ਚੰਡੀਗੜ੍ਹ ਵੀ ਨਹੀਂ ਵੇਖੀ ਸੀ। ਉਹ ਲਗਾਤਾਰ ਉਸ ਨੂੰ ਨਿਹਾਰਦਾ ਰਿਹਾ ਜਦੋਂ ਤਕ ਸ਼ਿੰਦੋ ਦੀ ਨਜ਼ਰ ਉਸ ’ਤੇ ਨਾ ਪਈ। ਸ਼ਿੰਦੋ ਅਚਾਨਕ ਉਸ ਨੂੰ ਸਾਹਮਣੇ ਦੇਖ ਕੇ ਹੜਬੜਾਹਟ ਜਿਹੀ ਵਿਚ ਉੱਠ ਕੇ ਮੋਟਰ ਦੇ ਕੋਠੇ ਦੇ ਪਿੱਛੇ ਚਲੀ ਗਈ। ਬਿਨਾਂ ਦੇਰ ਕੀਤਿਆਂ ਹਰਮਨ ਵੀ ਉਸ ਦੇ ਪਿੱਛੇ ਹੀ ਚਲਾ ਗਿਆ। ਸ਼ਿੰਦੋ ਉਹਨੂੰ ਦੇਖ ਕੇ ਬਹੁਤ ਡਰ ਗਈ। ਸ਼ਿੰਦੋ ਦੇ ਸਾਰੇ ਘਰਦੇ ਆਪੋ ਆਪਣੀਆਂ ਮੱਝਾਂ-ਗਾਵਾਂ ਚਰਾਉਣ ਗਏ ਹੋਏ ਸਨ ਤੇ ਦਿਨ ਵੇਲੇ ਉੱਥੇ ਉਹ ਇਕੱਲੀ ਹੀ ਸੀ। ਹਰਮਨ ਨੇ ਉਸ ਕੋਲ ਜਾ ਕੇ ਕਿਹਾ, ‘‘ਸੱਚ ਹੀ ਸੁਣਿਆ ਸੀ ਬਈ ਕੁੜੀ ਜਿੰਨੀ ਜ਼ਿਆਦਾ ਸੋਹਣੀ ਹੁੰਦੀ ਹੈ ਉਹ ਉਨੀ ਹੀ ਜ਼ਿਆਦਾ ਡਰਾਕਲ ਵੀ ਹੁੰਦੀ ਹੈ।’’ ਹਰਮਨ ਪਹਿਲੀ ਨਜ਼ਰੇ ਹੀ ਸ਼ਿੰਦੋ ’ਤੇ ਮਰ ਮਿਟਿਆ ਸੀ। ਮੌਕੇ ਨਾ ਗਵਾਉਂਦਿਆਂ ਉਸ ਨੇ ਮੱਲੋਮੱਲੀ ਸ਼ਿੰਦੋ ਦਾ ਹੱਥ ਫੜ ਕੇ ਕਿਹਾ, ‘ਜ਼ਿੰਦਗੀ ਤਾਂ ਹੀ ਹੈ ਹੁਣ, ਜੇ ਤੇਰਾ ਸਦੀਵੀ ਸਾਥ ਮਿਲੇ।’ ਸ਼ਿੰਦੋ ਝੱਟ ਹੱਥ ਛੁਡਾ ਤੇ ਆਪਣੀ ਕੁੱਲੀ ਵੱਲ ਭੱਜ ਗਈ। ਜਾਂਦੀ-ਜਾਂਦੀ ਨੇ ਬਸ ਇੰਨਾ ਹੀ ਕਿਹਾ, ‘ਰਹਿਣ ਦੇ ਸਰਦਾਰਾ, ਮੈਨੂੰ ਡਰਪੋਕ ਕਹਿਣੈ, ਜਾਣਦੀਆਂ ਮੈਂ ਤੇਰੀ ਦਲੇਰੀ ਨੂੰ।’ ਇਹ ਕਹਿ ਕੇ ਸ਼ਿੰਦੋ ਆਪ ਵੀ ਆਪਣੇ ਸੋਹਣੀ ਹੋਣ ਦੀ ਗੱਲ ਮੰਨ ਗਈ ਸੀ। ਅਸਲ ’ਚ ਹਰਮਨ ਨੇ ਸ਼ਿੰਦੋ ਨੂੰ ਪਹਿਲੀ ਵਾਰ ਦੇਖਿਆ ਸੀ ਪਰ ਸ਼ਿੰਦੋ ਨੇ ਉਸ ਨੂੰ ਰਾਹ ਜਾਂਦਿਆਂ ਕਈ ਵਾਰ ਦੇਖਿਆ ਸੀ। ਹਰਮਨ ਨੇ ਹਲੂਣਾ ਤਾਂ ਸ਼ਿੰਦੋ ਦੇ ਦਿਲ ਨੂੰ ਵੀ ਦਿੱਤਾ ਸੀ ਪਰ ਸਮਾਜ ਵਿਚਲੀ ਊਚ-ਨੀਚ, ਜਾਤ-ਪਾਤ ਤੇ ਅਮੀਰੀ-ਗਰੀਬੀ ਦੀ ਰੇਖਾ ਉਲੰਘਣੀ ਉਸ ਦੇ ਵੱਸੋਂ ਬਾਹਰ ਸੀ। ਉਸ ਰਾਤ ਹਰਮਨ ਦੀ ਮਸਾਂ ਕਿਤੇ ਤੜਕੇ ਜਿਹੇ ਅੱਖ ਲੱਗੀ। ਜਾਗਦੇ ਦੇ ਸਾਰੀ ਰਾਤ ਸ਼ਿੰਦੋ ਉਸ ਦੇ ਖ਼ਿਆਲਾਂ ’ਚ ਘੁੰਮਦੀ ਰਹੀ ਤੇ ਅੱਖ ਲੱਗੀ ’ਤੇ ਸੁਪਨਿਆਂ ’ਚ। ਪਹਿਲੀ ਹੀ ਰਾਤ ਉਸ ਨੇ ਮਨ ਹੀ ਮਨ ਸ਼ਿੰਦੋ ਨਾਲ ਜ਼ਿੰਦਗੀ ਬਿਤਾਉਣ ਦਾ ਫ਼ੈਸਲਾ ਕਰ ਲਿਆ ਸੀ, ਭਾਵੇਂ ਕਿ ਇਹ ਇੰਨਾ ਸੌਖਾ ਨਹੀਂ ਸੀ।
ਦੂਜੇ ਦਿਨ ਹਰਮਨ ਦੀ ਅੱਖ ਦੇਰ ਨਾਲ ਖੁੱਲ੍ਹੀ। ਉੱਠ ਕੇ ਦੇਖਿਆ ਬਾਹਰ ਮੀਂਹ ਪੈ ਰਿਹਾ ਸੀ। ਆਪਣੀ ਆਦਤ ਅਨੁਸਾਰ ਨਹਾ-ਧੋ ਕੇ ਮੋਟਰ ’ਤੇ ਜਾਣ ਲਈ ਮੋਟਰਸਾਈਕਲ ਦੀ ਕਿੱਕ ਮਾਰ ਦਿੱਤੀ। ਆਵਾਜ਼ ਸੁਣ ਕੇ ਮਾਂ ਭੱਜੀ ਆਈ ਕਿ ਰੋਟੀ ਤਾਂ ਖਾ ਲੈ ਪਰ ਹਰਮਨ ਨੂੰ ਹੁਣ ਭੁੱਖ ਕਿੱਥੇ ਸੀ। ਬਸ ਹੁਣੇ ਆਇਆ ਕਹਿ ਕੇ ਉਸ ਨੇ ਮੋਟਰਸਾਈਕਲ ਦੀ ਸ਼ੂਟ ਵੱਟ ਦਿੱਤੀ। ਮੋਟਰ ’ਤੇ ਪਹੁੰਚ ਕੇ ਭਿੱਜੇ ਕੱਪੜੇ ਸੁਕਾਉਣ ਲਈ ਉਹ ਫਟਾਫਟ ਕੋਠੇ ਦੇ ਅੰਦਰ ਵੜ ਗਿਆ। ਉੱਥੋਂ ਬਾਰੀ ਥਾਣੀ ਦੂਰ ਗੁੱਜਰਾਂ ਦੇ ਕੁੱਲ ਵੱਲ ਨਜ਼ਰ ਜਾਣੀ ਸੁਭਾਵਿਕ ਹੀ ਸੀ। ਕੁੱਲ ਦੇ ਬਾਹਰ ਕੋਈ ਡੰਗਰ-ਵੱਛਾ ਨਹੀਂ ਸੀ। ਹਰਮਨ ਦੇ ਅੰਦਾਜ਼ੇ ਅਨੁਸਾਰ ਸ਼ਾਇਦ ਗੁੱਜਰ ਆਪਣਾ ਮਾਲ-ਡੰਗਰ ਚਰਾਉਣ ਲਈ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਲੇ ਗਏ ਸਨ। ਇਹ ਸੋਚਦੇ ਸਾਰ ਹੀ ਉਹ ਵਰ੍ਹਦੇ ਮੀਂਹ ’ਚ ਭੱਜਦਾ ਹੋਇਆ ਸਿੱਧਾ ਸ਼ਿੰਦੋ ਦੇ ਕੁੱਲ ਦੇ ਅੰਦਰ ਵੜ ਕੇ ਰੁਕਿਆ। ਰੋਟੀ ਖਾਂਦੀ ਸ਼ਿੰਦੋ ਦੇ ਹਰਮਨ ਨੂੰ ਉੱਥੇ ਦੇਖ ਕੇ ਸਾਹ ਹੀ ਸੁੱਕ ਗਏ। ਘਬਰਾ ਕੇ ਕਹਿਣ ਲੱਗੀ, ‘ਇੱਥੋਂ ਚਲਿਆ ਜਾਹ ਸਰਦਾਰਾ, ਬਾਪੂ ਨੂੰ ਪਤਾ ਲੱਗ ਗਿਆ ਤਾਂ ਸਬੂਤਾ ਹੀ ਵੱਢ ਦੇਣੈ ਦੋਵਾਂ ਨੂੰ ਉਸ ਨੇ।’ ਹਰਮਨ ਨੇ ਸ਼ਾਇਰਾਨਾ ਅੰਦਾਜ਼ ’ਚ ਕਿਹਾ, ‘ਇਸ਼ਕ ਸਮੁੰਦਰ ’ਚ ਠਿੱਲ੍ਹਣਾ ਤੈਅ ਹੈ ਜਦ, ਫੇਰ ਘੜਾ ਕੱਚਾ ਕੀ ਤੇ ਪੱਕਾ ਕੀ?’ ਸ਼ਿੰਦੋ ਆਪਣੀਆਂ ਮੋਟੀਆਂ ਅੱਖੀਆਂ ਝਪਕਾ-ਝਪਕਾ ਕੇ ਹਰਮਨ ਦੇ ਕਹੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਹਰਮਨ ਨੇ ਸ਼ਿੰਦੋ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਿਹਾ, ‘ਇਕ ਭੱੱਖਾ-ਭਾਣਾ ਬੰਦਾ ਜਾਨ ਤਲੀ ’ਤੇ ਧਰ ਕੇ ਆਇਆ ਤੇ ਸਰਕਾਰ ‘ਕੱਲੀ-‘ਕੱਲੀ ਹੀ ਰੋਟੀ ਖਾਈ ਜਾਂਦੀ ਹੈ।’ ‘ਕਾਹਨੂੰ ਮਖ਼ੌਲ ਉਡਾਉਣੈ ਸਰਦਾਰਾ, ਤੂੰ ਸਾਡੀ ਗ਼ਰੀਬਾਂ ਦੀ ਰੋਟੀ ਕਿੱਥੇ ਖਾ ਸਕਦੈਂ।’ ਹਰਮਨ ਨੇ ਇਕਦਮ ਉਸ ਦੇ ਨੇੜੇ ਆ ਕੇ ਕਿਹਾ, ‘ਦੇਖ ਸ਼ਿੰਦੋ, ਮੈਂ ਜੱਟਾਂ ਦਾ ਮੰੁਡਾ, ਤੂੰ ਗੁੱਜਰਾਂ ਦੀ ਕੁੜੀ ਹੈਂ, ਇਹਦੇ ਵਿਚ ਨਾ ਤੇਰੀ ਤੇ ਨਾ ਮੇਰੀ ਮਰਜ਼ੀ ਐ। ਮੈਨੂੰ ਜ਼ਿਆਦਾ ਗੱਲਾਂ ਨਹੀਂ ਆਉਂਦੀਆਂ, ਬਸ ਇੰਨਾ ਸਮਝ ਲੈ ਕਿ ਤੇਰੇ ਤੋਂ ਬਿਨਾ ਰਹਿ ਨਹੀਂ ਹੋਣਾ ਹੁਣ।’ ਸ਼ਿੰਦੋ ਦਾ ਭਖਦਾ ਚਿਹਰਾ ਲਾਲ ਸੁਰਖ਼ ਹੋ ਗਿਆ, ਕਹਿਣ ਲੱਗੀ, ‘ਬੱਲੇ ਸਰਦਾਰਾ, ਹੁਣੇ ਤਾਂ ਇਸ਼ਕ-ਸਮੁੰਦਰ ’ਚ ਗੋਤੇ ਲਾਉਂਦਾ ਫਿਰਦਾ ਸੀ, ਉੱਤੋਂ ਕਹਿੰਦੈ ਮੈਨੂੰ ਜ਼ਿਆਦਾ ਗੱਲਾਂ ਨਹੀਂ ਆਉਂਦੀਆਂ।’ ਹਰਮਨ ਨੇ ਹੱਕ ਭਰੇ ਅੰਦਾਜ਼ ’ਚ ਕਿਹਾ, ‘ਸ਼ਿੰਦੋ, ਹੀਰ ਕਿੰਨੇ ਹੀ ਸਾਲ ਰਾਂਝੇ ਨੂੰ ਚੂਰੀ ਖਵਾਉਂਦੀ ਰਹੀ ਤੇ ਤੂੰ ਰੋਟੀ ਦੀਆਂ ਦੋ ਬੁਰਕੀਆਂ ਵੀ ਨਹੀਂ ਖਿਲਾ ਸਕਦੀ।’ ਸੁਣਦੇ ਹੀ ਸ਼ਿੰਦੋ ਸ਼ਰਮਾਅ ਕੇ ਹਰਮਨ ਨੂੰ ਰੋਟੀ ਖਵਾਉਣ ਲੱਗ ਪਈ।
ਅਚਾਨਕ ਮੀਂਹ ਦੇ ਨਾਲ ਝੱਖੜ ਤੇ ਹਨੇਰੀ ਵੀ ਸ਼ੁਰੂ ਹੋ ਗਈ, ਜਿਸ ਕਾਰਨ ਸ਼ਿੰਦੋ ਦੇ ਕੁੱਲ ਦੀ ਛੱਤ ਦੇ ਇਕ ਹਿੱਸੇ ਨੂੰ ਹਵਾ ਆਪਣੇ ਨਾਲ ਉਡਾ ਕੇ ਲੈ ਗਈ ਅਤੇ ਉਹ ਦੋਵੇਂ ਖੁੱਲੇ੍ਹ ਅਸਮਾਨ ’ਚ ਦੁਨੀਆ ਤੋਂ ਬੇਖ਼ਬਰ, ਬੇਖ਼ੌਫ ਹੋ ਕੇ ਇਕ-ਮਿੱਕ ਹੋ ਗਏ। ਇਹ ਸਮਝ ਨਹੀਂ ਸੀ ਆ ਰਹੀ ਕਿ ਸ਼ਿੰਦੋ ਦੀਆਂ ਅੱਖਾਂ ’ਚੋਂ ਢਲਕੇ ਮੋਤੀ ਮੀਂਹ ਦੀਆਂ ਬੂੰਦਾਂ ਸਨ ਜਾਂ ਆਪਣੇ ਇਸ਼ਕ ਦੇ ਅੰਜਾਮ ਦੇ ਡਰ ਦੇ ਹੰਝੂ। ਤੂਫ਼ਾਨ ਥੰਮ੍ਹਣ ਤੋਂ ਬਾਅਦ ਹਰਮਨ ਨੇ ਆਪਣਾ ਉਂਗਲੀ ’ਚ ਪਾਇਆ ਛੱਲਾ ਉਤਾਰ ਕੇ ਸ਼ਿੰਦੋ ਦੀ ਉਂਗਲ ’ਚ ਪਾ ਦਿੱਤਾ ਅਤੇ ਸ਼ਿੰਦੋ ਨੂੰ ਉਸ ’ਤੇ ਭਰੋਸਾ ਰੱਖਣ ਤੇ ਇੰਤਜ਼ਾਰ ਕਰਨ ਲਈ ਕਹਿ ਕੇ ਚਲਾ ਗਿਆ। ਘਰ ਆ ਕੇ ਥੋੜ੍ਹੀ ਦੇਰ ਗੰੁਮ-ਸੰੁਮ ਬੈਠਾ ਰਿਹਾ ਤੇ ਫੇਰ ਆਪਣਾ ਮਾਂ ਨੂੰ ਪੜ੍ਹਾਈ ਦਾ ਬਹਾਨਾ ਲਾ ਕੇ ਐਤਵਾਰ ਨੂੰ ਹੀ ਚੰਡੀਗੜ੍ਹ ਚਲਾ ਗਿਆ। ਉੱਥੇ ਵੀ ਉਹ ਚੁੱਪ-ਚਾਪ ਹੀ ਰਿਹਾ। ਜਦੋਂ ਅਗਲੇ ਹਫ਼ਤੇ ਵੀ ਹਰਮਨ ਪਿੰਡ ਨਾ ਗਿਆ ਤਾਂ ਬੰਟੀ ਦਾ ਸ਼ੱਕ ਯਕੀਨ ’ਚ ਬਦਲ ਗਿਆ ਕਿ ਕੋਈ ਗੱਲ ਤਾਂ ਜ਼ਰੂਰ ਹੈ। ਬੰਟੀ ਵਲੋਂ ਜ਼ੋਰ ਪਾਉਣ ਤੇ ਯਾਰੀ ਦਾ ਵਾਸਤਾ ਦੇਣ ’ਤੇ ਹਰਮਨ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਅਗਲੇ ਐਤਵਾਰ ਬੰਟੀ ਇਕੱਲਾ ਹੀ ਹਰਮਨ ਦੇ ਪਿੰਡ ਸੀ। ਉੱਥੇ ਉਸ ਨੇ ਹਰਮਨ ਦੇ ਮਾਂ-ਬਾਪ ਨਾਲ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਸ ਦੀ ਹਾਲਤ ਬਾਰੇ ਦੱਸਿਆ। ਸੁਣ ਕੇ ਲੰਬੜਦਾਰ ਥੋੜ੍ਹਾ ਭੜਕਿਆ ਪਰ ਹਰਮਨ ਦੀ ਮਾਂ ਨੇ ਠੰਢੇ ਦਿਮਾਗ਼ ਨਾਲ ਸੋਚਣ ਤੇ ਇਸ ਦਾ ਹੱਲ ਕੱਢਣ ਲਈ ਬੰਟੀ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਹਰਮਨ ਨੂੰ ਲੈ ਕੇ ਪਿੰਡ ਆਵੇ। ਬੰਟੀ ਦੇ ਜਾਣ ਮਗਰੋਂ ਲੰਬੜਦਾਰ ਦਾ ਰੁਕਿਆ ਲਾਵਾ ਇਕਦਮ ਫਟ ਗਿਆ। ਗ਼ੁੱਸੇ ’ਚ ਕਹਿਣ ਲੱਗਾ, ‘ਤੂੰ ਹੀ ਝਮਲਾਇਆ ਹੋਇਐ ਵੱਡੇ ਲਾਟ ਸਾਬ ਨੂੰ, ਚਾਲੀ ਕਿੱਲਿਆਂ ਦਾ ਮਾਲਕ ਐ ਜੱਟ ਦਾ ਪੁੱਤ ਤੇ ਵੀਹ ਕਿੱਲਿਆਂ ਦਾ ਮੱਥਾ ਜੀ.ਟੀ. ਰੋਡ ’ਤੇ ਲੱਗਦੈ ਮਾਜਰੀ ਦੇ ਸਰਪੰਚ ਦਾ, ਜੀਹਦੀ ਇਕਲੌਤੀ ਕੁੜੀ ਨਾਲ ਮੈਂ ਇਹਦਾ ਰਿਸ਼ਤਾ ਕਰਨ ਨੂੰ ਫਿਰਦਾਂ ਤੇ ਇਹ ਸਾਲਾ ਰੂੜੀ ’ਤੇ ਡੁੱਲਿਆ ਫਿਰਦੈ। ਸਮਝਾ ਲੈ ਆਪਣੇ ਲਾਡਲੇ ਨੂੰ, ਪਾਤਾਲ ਦਾ ਮੇਲ ਕਦੇ ਵੀ ਆਸਮਾਨ ਨਾਲ ਨਹੀਂ ਹੋ ਸਕਦਾ।’ ਹਰਮਨ ਦੀ ਮਾਂ ਨੇ ਮਸਾਂ ਕਿਤੇ ਲੰਬੜਦਾਰ ਨੂੰ ਠੰਢਾ ਕੀਤਾ। ਅੱਕਿਆ ਕਹਿੰਦਾ, ‘ਏਦੂੰ ਤਾਂ ਚੰਡੀਗੜ੍ਹ ਦੀ ਕਿਸੇ ਵੀ ਕੁੜੀ ਨਾਲ ਵਿਆਹ ਕਰਵਾ ਲਵੇ, ਘੱਟੋ-ਘੱਟ ਆਹ ਕਲੰਕ ਤਾਂ ਨਾ ਲੱਗੂ ਕਿ ਲੰਬੜਾਂ ਦੇ ਮੁੰਡੇ ਨੇ ਗੁੱਜਰਾਂ ਦੀ ਕੁੜੀ ਵਿਆਹ ਲਿਆਂਦੀ। ਇਹ ਨਾ ਮੈਂ ਕਦੇ ਸੋਚ ਸਕਦਾਂ ਤੇ ਨਾ ਮੈਂ ਹੋਣ ਦੇਣਂੈ।’
ਇਹ ਫ਼ੈਸਲਾ ਤਾਂ ਭਾਵੇਂ ਲੰਬੜਦਾਰ ਨੇ ਸੁਣਾ ਦਿੱਤਾ ਸੀ ਪਰ ਹਰਮਨ ਵੀ ਉਸੇ ਦੀ ਔਲਾਦ ਸੀ ਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਉਧੇੜ-ਬੁਣ ’ਚ ਫਸੇ ਨੇ ਇਹ ਪ੍ਰੇਸ਼ਾਨੀ ਆਪਣੇ ਹਮ-ਪਿਆਲੇ ਯਾਰ ਬਲਵੰਤ ਨਾਲ ਸਾਂਝੀ ਕੀਤੀ ਜਿਹੜਾ ਕਿ ਨੇੜਲੇ ਸ਼ਹਿਰ ਰਹਿ ਕੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ ਅਤੇ ਲੰਬੜਦਾਰ ਤੇ ਬਲਵੰਤ ਨੇ ਕਈ ਸੌਦੇ ਸਾਂਝੇ ਵੀ ਕੀਤੇ ਸਨ। ਲੰਬੜਦਾਰ ਤਾਂ ਗੁੱਜਰਾਂ ਦਾ ਖੁਰਾ-ਖੋਜ ਮਿਟਾਉਣ ਲਈ ਗ਼ੁੱਸੇ ’ਚ ਰਫ਼ਲ ਚੁੱਕੀ ਫਿਰਦਾ ਸੀ। ਬਲਵੰਤ ਨੇ ਲੰਬੜਦਾਰ ਨੂੰ ਪੈੱਗ ਫੜਾਉਂਦਿਆਂ ਇਕ ਸਕੀਮ ਦੱਸਦਿਆਂ ਕਿਹਾ, ‘ਦੇਖ ਲੰਬੜਦਾਰਾ, ਖ਼ੂਨ ਖ਼ਰਾਬੇ ਨਾਲ ਤੇਰੀ ਵੀ ਬਦਨਾਮੀ ਹੋਊ, ਨਾਲੇ ਅਣਖੀ ਉਹ ਵੀ ਬਥੇਰੇ ਨੇ, ਕੀ ਪਤੈ ਅਗਲੇ ਆਪਣੀ ਧੀ ਦੀ ਇੱਜ਼ਤ ਕਾਰਨ ਤੇਰਾ ਜਾਂ ਹਰਮਨ ਦਾ ਕੋਈ ਨੁਕਸਾਨ ਕਰ ਦੇਣ। ਇਨ੍ਹਾਂ ਦਾ ਕਿਹੜਾ ਕੋਈ ਟਿਕਾਣਾ ਹੁੰਦੈ, ਅੱਜ ਇੱਥੇ, ਕੱਲ੍ਹ ਕਿਤੇ ਹੋਰ। ਤੂੰ ਉਨ੍ਹਾਂ ਦੋ ਕਿੱਲਿਆਂ ਦਾ ਮੇਰੇ ਨਾਲ ਕਾਗ਼ਜ਼ੀ ਬੈਅ-ਇਕਰਾਰਨਾਮਾ ਲਿਖਾ ਦੇ ਕਚਹਿਰੀ ਤੇ ਹਰਮਨ ਨੂੰ 10-15 ਦਿਨ ਪਿੰਡ ਆਉਣੋਂ ਰੋਕ ਦੇ ਬਸ। ਗੁੱਜਰਾਂ ਨੂੰ ਮੈਂ ਆਪੇ 5-7 ਦਿਨਾਂ ’ਚ ਇੱਥੋਂ ਭਜਾ ਦੇੳਂੂ ਤੇ ਬਾਅਦ ’ਚ ਆਪਾਂ ਉਹ ਇਕਰਾਰਨਾਮਾ ਪਾੜ ਦੇਵਾਂਗੇ। ਬਸ ਤੂੰ ਇੰਨਾ ਕਹਿਣੈ ਕਿ ਇੱਥੇ ਬਲਵੰਤ ਨੇ ਕਲੋਨੀ ਕੱਟਣੀ ਹੈ।’ ਲੰਬੜਦਾਰ ਨੂੰ ਇਹ ਗੱਲ ਜਚ ਗਈ ਤੇ ਦੂਜੇ ਦਿਨ ਉਸ ਨੇ ਕਚਹਿਰੀ ਜਾ ਕੇ ਬਲਵੰਤ ਨਾਲ ਦੋ ਕਿੱਲਿਆਂ ਦਾ ਲਿਖ-ਲਿਖਾਅ ਕਰ ਲਿਆ। ਬਲਵੰਤ ਨੇ 2-3 ਦਿਨਾਂ ’ਚ ਹੀ ਆਪਣੇ ਅਸਰ ਰਸੂਖ਼ ਨਾਲ ਗੁੱਜਰਾਂ ਦਾ ਡੇਰਾ ਚੁਕਵਾ ਦਿੱਤਾ। ਉਸ ਤੋਂ ਅਗਲੇ ਹੀ ਦਿਨ ਲੰਬੜਦਾਰ ਨੇ ਬਲਵੰਤ ਨੂੰ ਸਕੀਮ ਅਨੁਸਾਰ ਜ਼ਮੀਨ ’ਚੋਂ ਆਪਣੇ ਬੰਦੇ ਤੇ ਮਸ਼ੀਨਰੀ ਹਟਾਉਣ ਲਈ ਕਿਹਾ ਤਾਂ ਜੋ ਹਰਮਨ ਨੂੰ ਖ਼ਾਲੀ ਹੋਈ ਜ਼ਮੀਨ ’ਚ ਦਿਖਾਇਆ ਜਾ ਸਕੇ ਕਿ ਜਿਸ ਕੁੜੀ ਪਿੱਛੇ ਉਹ ਮਰ-ਮਰ ਜਾਂਦਾ ਸੀ, ਉਹ ਸ਼ਿੰਦੋ ਤਾਂ ਆਪਣੇ ਕਬੀਲੇ ਸਮੇਤ ਰਾਤੋ-ਰਾਤ ਹੀ ਕਿਧਰੇ ਚਲੀ ਗਈ ਹੈ। ਇਸ ਤਰ੍ਹਾਂ ਹਰਮਨ ਆਪੇ ਸ਼ਿੰਦੋ ਨੂੰ ਭੁੱਲ ਜਾਵੇਗਾ ਕਿ ਉਹ ਤਾਂ ਧੋਖੇਬਾਜ਼ ਨਿਕਲੀ। ਬਲਵੰਤ ਨੇ ਲੰਬੜਦਾਰ ਨੂੰ ਕਿਹਾ ਕਿ ਸੋਮਵਾਰ ਨੂੰ ਬੁਲਾ ਲਓ ਮੁੰਡੇ ਨੂੰ, ਮੈਂ ਐਤਵਾਰ ਤਕ ਆਪਣਾ ਸਾਰਾ ਸਾਮਾਨ ਸਮੇਟ ਲਵਾਂਗਾ।
ਸੋਮਵਾਰ ਸਵੇਰੇ ਹੀ ਲੰਬੜਦਾਰ ਨੇ ਹਰਮਨ ਤੇ ਬੰਟੀ ਨੂੰ ਘਰ ਸੱਦ ਲਿਆ। ਅੱਗੇ ਗੁੱਜਰਾਂ ਵਾਲੀ ਥਾਂ ’ਤੇ ਬਲਵੰਤ ਆਪਣੇ ਵਕੀਲ, 15-20 ਗੁੰਡੇ-ਨੁਮਾ ਬੰਦਿਆਂ ਤੇ ਪੁਲਿਸ ਨਾਲ ਪਹਿਲਾਂ ਹੀ ਮੌਜੂਦ ਸੀ। ਉਨ੍ਹਾਂ ਨੂੰ ਦੇਖਦੇ ਹੀ ਬਲਵੰਤ ਬੋਲਿਆ, ‘ਆ ਬਈ ਲੰਬੜਦਾਰਾ, ਇਸ ਕਲੋਨੀ ’ਚ ਤੇਰੇ ਲਈ ਇਕ ਵਧੀਆ ਪਲਾਟ ਪਹਿਲਾਂ ਹੀ ਰੱਖਿਆ ਹੈ।’ ਲੰਬੜਦਾਰ ਸਾਰੀ ਗੱਲ ਸਮਝ ਗਿਆ ਕਿ ਉਸ ਨਾਲ ਧੋਖਾ ਹੋ ਗਿਆ ਹੈ ਤੇ ਬਲਵੰਤ ਨੂੰ ਧੋਖੇਬਾਜ਼ ਤੇ ਮੱਕਾਰ ਕਹਿੰਦਿਆਂ ਗਾਲ੍ਹਾਂ ਕੱਢਣ ਲੱਗਿਆ। ‘ਹੁਣ ਕੋਈ ਫ਼ਾਇਦਾ ਲਹੀਂ ਲੰਬੜਦਾਰਾ, ਇਸ ਜ਼ਮੀਨ ਦਾ ਮੈਂ ਕਾਨੂੰਨੀ ਤੌਰ ’ਤੇ ਮਾਲਕ ਹਾਂ, ਮੈਂ ਤੇਰੇ ਕੋਲੋਂ ਮੁੱਲ ਖ਼ਰੀਦੀ ਐ ਇਹ ਜ਼ਮੀਨ, ਆਹ ਦੇਖ ਤੂੰ ਆਪ ਤਾਂ ਸੌਦਾ ਕੀਤੈ ਯਾਰ, ਬੜੀ ਛੇਤੀ ਭੁੱਲ ਗਿਆ। ਨਾਲੇ ਧੋਖੇਬਾਜ਼ ਮੈਂ ਨਹੀਂ, ਧੋਖੇਬਾਜ਼ ਤਾਂ ਤੂੰ ਐਂ ਲੰਬੜਦਾਰਾ, ਗੁੱਜਰਾਂ ਨਾਲ ਧੋਖਾ ਕੀਤਾ ਤੂੰ, ਆਪਣਾ ਪੁੱਤ ਵੀ ਨਹੀਂ ਬਖ਼ਸ਼ਿਆ ਲੰਬੜਦਾਰਾ ਤੂੰ ਤਾਂ। ਚੱਲੋ ਹੁਣ, ਮੇਰਾ ਹੋਰ ਸਮਾਂ ਖ਼ਰਾਬ ਨਾ ਕਰੋ, ਜੋ ਕਰਨੈ ਕਚਹਿਰੀ ਜਾਂ ਥਾਣੇ ਜਾ ਕੇ ਕਰੋ।’ ਲੰਬੜਦਾਰ ਆਪਣੀ ਝੂਠੀ ਸ਼ਾਨ ਤੇ ਇੱਜ਼ਤ ਲਈ ਆਪਣੀ ਦੋ ਕਿੱਲੇ ਜ਼ਮੀਨ ਤੇ ਕਰੋੜਾਂ ਦੇ ਪੁੱਤ ਨੂੰ ਗੁਆ ਚੁੱਕਿਆ ਸੀ। ਹਰਮਨ ਸ਼ਿੰਦੋ ਤੋਂ ਬਾਅਦ ਪੱਥਰ ਦੀ ਸਿੱਲ ਬਣ ਕੇ ਰਹਿ ਗਿਆ ਸੀ। ਉਸ ਨੇ ਨਾ ਕਦੇ ਆਪਣੇ ਪਿਓ ਨਾਲ ਕੋਈ ਸ਼ਿਕਾਇਤ ਕੀਤੀ ਤੇ ਨਾ ਹੀ ਉਸ ਨੂੰ ਮੁਆਫ਼ ਕੀਤਾ। ਬਲਵੰਤ ਤਾਂ ਬੇਗਾਨਾ ਸੀ ਪਰ ਹਰਮਨ ਨਾਲ ਤਾਂ ਉਸ ਦੇ ਪਿਓ ਨੇ ਹੀ ਧੋਖਾ ਕੀਤਾ ਸੀ। ਪਰ ਹੁਣ ਉਹ ਜਿ਼ਆਦਾਤਰ ਚੁੱਪ ਹੀ ਰਹਿੰਦਾ ਹੈ।