ਆਪਣੇ ਗਿਰੇਬਾਨ ਅੰਦਰ ਝਾਕਣ ਨਵ-ਸਿੱਖ ਚਿੰਤਕ

ਹਜ਼ਾਰਾ ਸਿੰਘ
ਫੋਨ: (647)685-5997
ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਵਿਦਵਾਨ ਲੇਖਕ ਕਰਮ ਬਰਸਟ ਦਾ ਲੇਖ ‘ਅਜੋਕਾ ਪੰਜਾਬ, ਸਿੱਖ ਭਾਈਚਾਰਾ, ਗੁਰਬਾਣੀ ਅਤੇ ਮਾਰਕਸਵਾਦ’ ਪੜ੍ਹਿਆ। ਲੇਖਕ ਨੇ ਕੁਝ ਜੁਝਾਰੂ ਨਵ-ਸਿੱਖ ਚਿੰਤਕਾਂ ਵੱਲੋਂ ਪੰਜਾਬ ਦੇ ਕਮਿਊਨਿਸਟ ਕਾਰਕੁਨਾਂ ਨੂੰ ਭੰਡਣ ਵਾਲੀ ਰੁਚੀ ਪ੍ਰਤੀ ਵਾਜਿਬ ਸਵਾਲ ਉਠਾਏ ਹਨ। ਸਿੱਖ ਵਿਦਵਾਨਾਂ ਵੱਲੋਂ ਬੇਗਮਪੁਰੇ ਦੀ ਗੱਲ ਕੀਤੀ ਜਾਂਦੀ ਹੈ।

ਕੀ ਇਹ ਸਿਰਫ਼ ਪੰਜਾਬ ਦੇ ਸਾਂਝੇ ਸੈਕੂਲਰ ਵਿਰਸੇ ਅਤੇ ਉਸ ਵਿਰਸੇ ਦੇ ਨੁਮਾਇੰਦੇ ਸਿੱਖ ਵਿਦਵਾਨਾਂ ਜਾਂ ਮਹਿਜ਼ ਕਮਿਊਨਿਸਟ ਧਿਰਾਂ ਦੀ ਹੁਣ ਤਕ ਦੀ ਕੀਤੀ ਕਰਾਈ ਨੂੰ ਲਗਾਤਾਰ ਛੱਜ ਵਿਚ ਛੱਟ-ਛੱਟ ਕੇ ਹੀ ਸੰਭਵ ਹੋ ਸਕੇਗਾ? ਜਿਸ ਤਰ੍ਹਾਂ ਕਿ ਪਿਛਲੇ 25-30 ਵਰ੍ਹਿਆਂ ਤੋਂ ਇਨ੍ਹਾਂ ਨਵ-ਚਿੰਤਕਾਂ ਨੇ ਲੱਕ ਬੰਨ੍ਹਿਆ ਹੋਇਆ ਹੈ। ‘ਸਿਟੀ ਆਫ ਗੌਡ’ ਜਾਂ ਬੇਗਮਪੁਰੇ ਦੇ ਸੁਪਨੇ ਤਾਂ ਸੰਤ ਅਗਸਟਾਈਨ ਅਤੇ ਰਮਾਇਣ ਤੋਂ ਵੀ ਪਹਿਲਾਂ ਦੇ ਸਮਿਆਂ ਤੋਂ ਦੁਨੀਆ ਦੇ ਸਾਰੇ ਧਾਰਮਿਕ ਰਹਿਬਰ ਵਿਖਾਉਂਦੇ ਆ ਹੀ ਰਹੇ ਹਨ। ਸ. ਗੁਰਬਚਨ ਸਿੰਘ ਹੁਰਾਂ ਨੇ ਆਪਣੀਆਂ ਪੁਸਤਕਾਂ ਅਤੇ ਲੇਖਾਂ ਰਾਹੀਂ ਗੁਰਬਾਣੀ ਦੀ ਵਿਲੱਖਤਾ ਦੀਆਂ ਬਾਤਾਂ ਤਾਂ ਬਥੇਰੀਆਂ ਪਾਈਆਂ ਹਨ ਪਰ ਇਹ ਕਿਤੇ ਵੀ ਨਹੀਂ ਦੱਸਿਆ ਕਿ ਅਜਿਹੇ ਸਤਿਯੁਗੀ ਸੁਪਨੇ ਨੂੰ ਅਮਲੀ ਅਕਾਲੀ ਰਾਜਨੀਤੀ ਵਿਚ ਉਤਾਰਨਾ ਕਿਸ ਬਿਧ ਹੈ?
ਇਸੇ ਕਰਕੇ ਕਰਮ ਬਰਸਟ ਸਿਰੇ ਦਾ ਸਵਾਲ ਪੁੱਛਦਾ ਹੈ ਕਿ ਬੇਗਮਪੁਰੇ ਨੂੂੰ ਧਰਤੀ ਉੱਪਰ ਕਿਵੇਂ ਉਤਾਰਿਆ ਜਾਵੇਗਾ? ਆਪਣੇ ਲੰਮੇ ਲੇਖ ਦੇ ਅਖੀਰ ਵਿਚ ਲੇਖਕ ਦੀਪ ਸਿੱਧੂ ਵਰਤਾਰੇ ਦੇ ਬਹਾਨੇ ਮਾਰਕਸਵਾਦੀ ਕਹਿ ਕੇ ਨਿਸ਼ਾਨੇ `ਤੇ ਲਏ ਕਿਸਾਨ ਆਗੂਆਂ ਬਾਰੇ ਸਿੱਖ ਵਿਦਵਾਨਾਂ ਅੱਗੇ ਹੋਰ ਸਵਾਲ ਰੱਖਦਾ ਹੈ ਕਿ ਤੁਸੀਂ ਬਾਬੇ ਨਾਨਕ ਅਤੇ ਮਾਰਕਸ ਦੋਨਾਂ ਧਾਰਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਪਿਛਲੇ ਵੀਹ ਤੀਹ ਸਾਲਾਂ ਵਿਚ 26 ਜਨਵਰੀ ਨੂੰ ਲਾਲ ਕਿਲੇ `ਤੇ ਝੰਡਾ ਝੁਲਾਉਣ ਬਗੈਰ ਹੋਰ ਕਿਹੜੀ ਠੋਸ ਗੱਲ ਕੀਤੀ ਹੈ? ਲੇਖਕ ਦਾ ਇਹ ਸਵਾਲ ਸਮੁੱਚੀ ਬਹਿਸ ਦਾ ਸਿਖਰ ਹੈ। ਇਹੋ ਸਵਾਲ ਪੰਜਾਬ ਦੀਆਂ ਸਾਰੀਆਂ ਧਿਰਾਂ ਅੱਗੇ ਹੈ। ਪੰਜਾਬ ਦੀ ਰਾਜਨੀਤੀ ਵਿਚ ਇੱਕ ਖਲਾਅ ਹੈ। ਜੇ ਖੇਤ ਵਿਚ ਫਸਲ ਨਾ ਬੀਜੀ ਜਾਵੇ ਤਾਂ ਕੁਦਰਤ ਖੇਤ ਖਾਲੀ ਨਹੀਂ ਰਹਿਣ ਦਿੰਦੀ, ਉੱਥੇ ਘਾਹ-ਬੂਟ ੳੱੁਗ ਆਉਂਦਾ ਹੈ। ਪੰਜਾਬ ਦੇ ਰਾਜਸੀ ਖੇਤ ਵਿਚ ਆਮ ਆਦਮੀ ਪਾਰਟੀ ਦੀ ਆਮਦ ਫਸਲ ਦੀ ਅਣਹੋਂਦ ਵਿਚ ਪੈਦਾ ਹੋਏ ਘਾਹ-ਬੂਟ ਵਾਂਗ ਹੈ। ਇਹ ਰਾਜਸੀ ਖਲਾਅ ਭਰਨ ਲਈ ਸਿੱਖ ਅਤੇ ਮਾਰਕਸੀ ਧਿਰਾਂ ਯਤਨ ਜ਼ਰੂਰ ਕਰਦੀਆਂ ਰਹੀਆਂ ਹਨ ਪਰ ਸਫਲ ਕੋਈ ਵੀ ਨਹੀਂ ਹੋਇਆ। ਨਿਰਾ ਕਾਮਰੇਡਾਂ ਨੂੰ ਮਿਹਣੇ ਮਾਰ ਮਾਰ ਕੇ ਤਾਂ ਗੱਲ ਬਣ ਸਕਣੀ ਨਹੀਂ।
1988 ਦੇ ਆਸ-ਪਾਸ ਕਾਮਰੇਡ ਜੋਤੀ ਬਾਸੂ ਪੰਜਾਬ ਯੂਨੀਵਰਸਿਟੀ ਆਇਆ। ਉਸ ਨੇ ਆਪਣੇ ਭਾਸ਼ਣ, ਜੋ ਅੰਗਰੇਜ਼ੀ ਵਿਚ ਸੀ, `ਚ ਕਿਹਾ ਕਿ ਕਮਿਊਨਿਜ਼ਮ ਸਾਇੰਸ ਹੈ ਜਿਸਨੂੰ ਹਰ ਸਮਾਜ `ਤੇ ਇੱਕੋ ਤਰੀਕੇ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਪਹਿਲਾਂ ਸਮਾਜ ਨੂੰ ਬਾਰੀਕੀ ਨਾਲ ਸਮਝਣਾ ਜ਼ਰੂਰੀ ਹੈ। ਪੰਜਾਬ ਦੇ ਮਾਰਕਸੀਆਂ ਨੂੰ ਪੰਜਾਬੀ ਸਮਾਜ ਦੀਆਂ ਤਰਬਾਂ ਸਮਝ ਨਹੀਂ ਆਈਆਂ। ਇਸੇ ਤਰ੍ਹਾਂ ਸਿੱਖ ਧਿਰਾਂ ਵੱਲੋਂ ਵੀ ਗੁਰਬਾਣੀ ਦੇ ਸਿਧਾਂਤ ਅਨੁਸਾਰ ਕੋਈ ਪਾਏਦਾਰ ਰਾਜਸੀ ਮਾਡਲ ਅਤੇ ਬਿਰਤਾਂਤ ਨਹੀਂ ਘੜਿਆ ਜਾ ਸਕਿਆ। ਇਹ ਦੋਵੇਂ ਧਿਰਾਂ ਆਪਣੀ ਅਸਫਲਤਾ ਦਾ ਭਾਂਡਾ ਇੱਕ ਦੂਸਰੇ ਸਿਰ ਭੰਨਦੀਆਂ ਆ ਰਹੀਆਂ ਹਨ ਅਤੇ ਇਸ ਸਿਲਸਿਲੇ ਵਿਚ ਕਾਫੀ ਸਮਾਂ ਅਤੇ ਸ਼ਕਤੀ ਵਿਅਰਥ ਚਲੀ ਗਈ ਹੈ।
ਲੇਖ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਚੱਲੀ ਹੈ। ਉਸਦੇ ਰਾਜ ਦੀ ਵੱਡੀ ਗੱਲ ਸੀ ਗੈਰ ਸਿੱਖਾਂ ਨੂੰ ਸੁਰੱਖਿਆ ਦਾ ਵਿਸ਼ਵਾਸ ਹੋਣਾ। ਤਾਂ ਹੀ ਅੰਗਰੇਜ਼ ਦੇ ਆਉਣ `ਤੇ ਸ਼ਾਹ ਮੁਹੰਮਦ ਕਹਿੰਦਾ ਹੈ, “ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਅੱਜ ਆਫਾਤ ਆਈ”। ਪੰਜਾਬ ਦੀ ਸਿਆਸਤ ਵਿਚ ਵਿਸ਼ਵਾਸ ਜਿੱਤਣ ਦੀ ਘਾਟ ਨੇ ਵੀ ਕਈ ਗੁੰਝਲਾਂ ਪੈਦਾ ਕੀਤੀਆਂ ਹਨ। ਪੰਜਾਬ ਦੀਆਂ ਸਾਰੀਆਂ ਧਿਰਾਂ ਦੂਸਰਿਆਂ ਦਾ ਵਿਸ਼ਵਾਸ ਜਿੱਤਣ ਦੀ ਰਾਜਸੀ ਕਲਾ ਤੋਂ ਅਣਜਾਣ ਰਹੀਆਂ ਹਨ। ਪੰਜਾਬ ਦੀ ਸਥਿਤੀ ਬਾਕੀ ਭਾਰਤ ਦੇ ਮੁਕਾਬਲੇ ਵੱਖਰੀ ਹੋਣ ਕਾਰਨ ਇਹ ਅਹਿਮ ਕਾਰਜ ਹੋਰ ਵੀ ਔਖਾ ਹੈ। ਸਾਰੇ ਭਾਰਤ ਵਿਚ ਜਿਹੜਾ ਹਿੰਦੂ ਭਾਈਚਾਰਾ ਬਹੁਗਿਣਤੀ ਵਿਚ ਹੈ, ਉਹ ਪੰਜਾਬ ਵਿਚ ਘੱਟ-ਗਿਣਤੀ ਰਹਿ ਜਾਂਦਾ ਹੈ, 35% ਦਲਿਤ ਭਾਈਚਾਰੇ ਦੇ ਲੋਕ ਵੀ ਹਨ ਅਤੇ ਭਾਰਤ ਦੀ ਨਿਗੂਣੀ ਘੱਟ-ਗਿਣਤੀ ਵਾਲਾ ਸਿੱਖ ਭਾਈਚਾਰਾ ਪੰਜਾਬ ਵਿਚ ਬਹੁ-ਗਿਣਤੀ ਹੋ ਨਿੱਬੜਦਾ ਹੈ। ਪੰਜਾਬ ਵਾਲੀਆਂ ਧਿਰਾਂ ਰਾਜਸੀ ਵਿਸ਼ਵਾਸ ਦੀ ਇਸ ਸਮੀਕਰਨ ਨੂੰ ਸਮਤੋਲ ਕਰਨ ਦੀ ਸਮਰੱਥਾ ਪੈਦਾ ਨਹੀਂ ਕਰ ਸਕੀਆਂ। ਪੰਜਾਬੀ ਸੂਬੇ ਵੇਲੇ ਹਿੰਦੂਆਂ ਸਾਹਮਣੇ ਪਹਿਲੇ ਉਜਾੜੇ ਕਾਰਨ ਖੌ਼ਫ ਸੀ, ਜਿਸਨੂੰ ਦੂਰ ਕਰਨਾ ਜ਼ਰੂਰੀ ਸੀ ਪਰ ਕੀਤਾ ਨਹੀਂ ਗਿਆ ਹਾਸ਼ੀਏ `ਤੇ ਧੱਕੇ ਹੋਏ ਗਰੀਬ ਦਲਿਤਾਂ ਦਾ ਵਿਸ਼ਵਾਸ ਜਿੱਤਣਾ ਤਾਂ ਦੂਰ ਦੀ ਗੱਲ ਸੀ। ਫਿਰ 1982 ਵਿਚ ਪੰਜਾਬ ਦੀਆਂ ਮੰਗਾਂ ਲਈ ਮੋਰਚੇ ਨੂੰ ਦਰਬਾਰ ਸਾਹਿਬ ਅੰਦਰ ਲੈ ਵੜਨਾ ਸਿਆਸੀ ਅਨਾੜੀਪੁਣਾ ਸੀ, ਜਿਸਨੇ ਪੰਜਾਬ ਦੇ ਮੁੱਦਿਆਂ ਨੂੰ ਸਿੱਖ ਮੁੱਦੇ ਬਣਾ ਕੇ ਪੰਜਾਬੀ ਹਿੰਦੂ ਨੂੰ ਰਾਜਸੀ ਬਿਰਤਾਂਤ ਵਿਚੋਂ ਬਾਹਰ ਕੱਢ ਕੇ ਖੌ਼ਫਜ਼ਦਾ ਕਰ ਦਿੱਤਾ। ਦੂਸਰੇ ਪਾਸੇ ਮਾਰਕਸੀ ਧਿਰਾਂ ਧਰਮ ਗਰੀਬ ਆਦਮੀ ਦਾ ਹਉਕਾ ਰੂਪੀ ਅਫ਼ੀਮ ਕਹਿਣ ਵਰਗੇ ਮਾਰਕਸੀ ਕਥਨ ਕਾਰਨ ਸਿੱਖ ਮਨਾਂ ਵਿਚ ਪਏ ਭੁਲੇਖੇ ਨੂੰ ਵੀ ਸਿੱਖ ਮਨਾਂ `ਚੋਂ ਸਾਫ ਨਹੀਂ ਕਰ ਸਕੀਆਂ, ਵਿਸ਼ਵਾਸ ਜਿੱਤਣਾ ਤਾਂ ਦੂਰ ਦੀ ਗੱਲ। ਕਿਸਾਨ ਮੋਰਚੇ ਵਿਚ ਮਾਰਕਸੀ ਅਤੇ ਗੈਰ ਮਾਰਕਸੀ ਕਿਸਾਨ ਜਥੇਬੰਦੀਆਂ ਵੱਲੋਂ ਘੱਟੋ ਘੱਟ ਪ੍ਰੋਗਰਾਮ `ਤੇ ਸਹਿਮਤੀ ਦੀ ਜੋ ਸਫਲ ਮਿਸਾਲ ਕਾਇਮ ਕੀਤੀ ਹੈ, ਉਸ ਤੋਂ ਸੇਧ ਲੈ ਕੇ ਪੰਜਾਬ ਵਿਚਲੀਆਂ ਧਿਰਾਂ ਕੋਈ ਪਾਏਦਾਰ ਧਿਰ ਸਿਰਜ ਸਕਦੀਆਂ ਹਨ। ਅਕਬਰ ਦਾ ਦੀਨ-ਏ-ਇਲਾਹੀ ਬੇਸ਼ੱਕ ਸਫਲ ਨਹੀਂ ਸੀ ਹੋਇਆ ਪਰ ਖਲਾਅ ਨੂੰ ਅਸਰਦਾਰ ਤਰੀਕੇ ਭਰਨ ਲਈ ਪੰਜਾਬ ਵਾਲੀਆਂ ਧਿਰਾਂ ਨੂੰ ਆਪੋ ਆਪਣੇ ਚੰਗੇ ਗੁਣਾਂ ਦਾ ਯੋਗਦਾਨ ਪਾ ਕੇ, ‘ਜਿੱਥੇ ਸੱਭੈ ਸਾਂਝੀਵਾਲ ਸਦਾਇਨ’ ਦੀ ਭਾਵਨਾ ਵਰਗੀ ਕੋਈ ਸਰਬ ਸਾਂਝੀ ਜਮਾਤ ਸਫਲ ਕਰਨੀ ਪਵੇਗੀ। ਗੁਰਬਚਨ ਸਿੰਘ ਜੀ ਇਹ ਬੜਾ ਬਿਖਮ ਧੰਦਾ ਹੈ ਤੁਹਾਡੀ ਨੇਕ ਨੀਤੀ `ਤੇ ਕਰਮ ਬਰਸਟ ਜਾਂ ਕਿਸੇ ਹੋਰ ਨੂੰ ਵੀ ਕੋਈ ਸ਼ੱਕ ਨਹੀਂ ਹੈ, ਇਸ ਪ੍ਰੋਜੈਕਟ ਨੂੰ ਸਰ ਕਰਨ ਲਈ ਆਪਣੇ ਗਿਰੇਬਾਨ ਵਿਚ ਇਮਾਨਦਾਰੀ ਨਾਲ ਝਾਤ ਮਾਰਨੀ ਪੈਣੀ ਹੈ। ਹਿੰਦੂਆਂ ਅਤੇ ਕਾਮਰੇਡਾਂ ਵਿਰੁੱਧ ਨਫ਼ਰਤ ਦੀ ਖੇਤੀ ਸ. ਅਜਮੇਰ ਸਿੰਘ ਨੇ ਪਹਿਲਾਂ ਹੀ ਬਥੇਰੀ ਕਰ ਲਈ ਹੈ। ਹੁਣ ਉਹ ਮਾਰੂ ਰਾਗ ਤਿਆਗਣਾ ਪੈਣਾ ਹੈ!