ਬਾਈਕਾਟ

ਗੁਰਮੀਤ ਕੜਿਆਲਵੀ
ਫੋਨ: +91-98726-40994
ਗੁਰਮੀਤ ਕੜਿਆਲਵੀ ਦਾ ਨਾਂ ਉਨ੍ਹਾਂ ਲਿਖਾਰੀਆਂ ਵਿਚ ਬੋਲਦਾ ਹੈ ਜਿਨ੍ਹਾਂ ਨੇ ਸਮਾਜ ਦੀਆਂ ਪਰਤਾਂ ਬੜੇ ਸੂਖਮ ਢੰਗ ਨਾਲ ਫਰੋਲੀਆਂ ਹਨ। ‘ਬਾਈਕਾਟ’ ਨਾਂ ਦੀ ਕਹਾਣੀ ਵਿਚ ਉਸ ਨੇ ਪਿੰਡਾਂ ਵਿਚ ਆਮ ਸੁਣੀਂਦੇ ਸਮਾਜਿਕ ਬਾਈਕਾਟ ਦਾ ਮਸਲਾ ਛੋਹਿਆ ਹੈ ਅਤੇ ਵੱਖ-ਵੱਖ ਵਰਗਾਂ ਦੀ ਭੂਮਿਕਾ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਹੈ।

ਠੋਲ੍ਹੇ ਨੇ ਛੱਤ ਚੋਣ ਨਾਲ ਕੰਧਾਂ ਉਪਰ ਵਗੀਆਂ ਪਾਣੀ ਦੀਆਂ ਘਰਾਲਾਂ ਵੱਲ ਬੇਬਸੀ ਭਰੀਆਂ ਅੱਖਾਂ ਨਾਲ ਵੇਖਿਆ। ਨੀਹਾਂ ‘ਚ ਪਾਣੀ ਪੈਣ ਨਾਲ ਚੜ੍ਹਦੇ ਪਾਸੇ ਦੀ ਕੰਧ ਬੈਠ ਗਈ ਸੀ। ਉਸ ਨੇ ਪਹਾੜ ਵਰਗਾ ਹਉਕਾ ਭਰਿਆ।
‘ਕਿਉਂ ਬਦਲੇ ਲੈਨੈਂ…।’ ਉਸ ਦੇ ਮੂੰਹ ‘ਚੋਂ ਰੱਬ ਨੂੰ ਮੋਟੀ ਸਾਰੀ ਗਾਲ ਆਪ ਮੁਹਾਰੇ ਨਿਕਲ ਗਈ।
ਝੜੀ ਦਾ ਅੱਜ ਚੌਥਾ ਦਿਨ ਸੀ। ਵੀਰਵਾਰ ਦਾ ਮੀਂਹ ਪੈਣਾ ਸ਼ੁਰੂ ਹੋਇਆ ਸੀ। ਲੋਕ ਆਖਦੇ-ਵੀਰਵਾਰ ਦੀ ਲੱਗੀ ਝੜੀ ਔਖੀ ਹਟਦੀ ਹੁੰਦੀ ਐ। ਆਮ ਤੌਰ ‘ਤੇ ਇਨ੍ਹਾਂ ਦਿਨਾਂ ‘ਚ ਕੜਾਕੇਦਾਰ ਧੁੱਪ ਵਰ੍ਹਦੀ। ਗਰਮੀ ਤੋਂ ਬਾਅਦ ਬੱਦਲਵਾਈ ਹੁੰਦੀ ਜਿਸ ਨਾਲ ਹੁੰਮਸ ਜਿਹਾ ਹੁੰਦਾ ਤੇ ਵਿੰਹਦਿਆਂ-ਵਿੰਹਦਿਆਂ ਗੜੈਂ-ਗੜੈਂ ਹੋਣ ਲੱਗ ਜਾਂਦੀ। ਵੱਟਾਂ ਤੋੜ ਮੀਂਹ ਪੈਂਦਾ, ਪਰਨਾਲੇ ਧਰਲ-ਧਰਲ ਵਗਦੇ ਤੇ ਪਾਣੀ ਬਿਨਾ ਧਰਤੀ ਦੀ ਪਿਆਸ ਬੁਝਾਏ ਕਿਤੇ ਦੀ ਕਿਤੇ ਰੁੜ੍ਹ ਜਾਂਦਾ ਪਰ ਹੁਣ ਤਾਂ ਨਿੱਕੀ ਨਿੱਕੀ ਕਣੀ ਪੈ ਰਹੀ ਸੀ। ਮੀਂਹ ਦੇ ਪਾਣੀ ਨੇ ਧਰਤੀ ਦੀ ਹਿੱਕ `ਤੇ ਹੀ ਸਲ੍ਹਾਬ ਨਹੀਂ ਸੀ ਚਾੜ੍ਹ ਦਿੱਤੀ ਬਲਕਿ ਉਹ ਧੁਰ ਅੰਦਰ ਤਕ ਰੱਜ ਗਈ ਸੀ।
ਠੋਲ੍ਹੇੇ ਨੇ ਵਾਣ ਦੀ ਅਲਾਣੀ ਮੰਜੀ ‘ਤੇ ਬੇਸੁੱਧ ਪਈ ਬੰਸੋ ਵੱਲ ਤਰਸ ਤੇ ਮੋਹ ਭਰੀਆਂ ਅੱਖਾਂ ਨਾਲ ਵੇਖਿਆ।
‘ਐਨਾ ਈ ਸਾਥ ਸੀ ਤੇਰਾ! ਚਲੋ ਫੇਰ ਵੀ ਬਥੇਰੀ ਨਿਭਾ’ਤੀ। ਕਿਤੇ ਥੋੜ੍ਹੀ ਧੰਦ ਪਿੱਟੀ ਤੈਂਅ ਏਸ ਘਰ ਆ ਕੇ। ਹੁਣ ਤਾਂ ਨਰਕ ‘ਚੋਂ…’, ਉਸ ਨੇ ਆਖਰੀ ਸ਼ਬਦ ‘ਛੁੱਟ ਈ ਜਾਏਂ ਤਾਂ ਚੰਗਾ` ਮੂੰਹ ‘ਚ ਈ ਘੁੱਟ ਲਏ। ਘਰਵਾਲੀ ਦੀ ਮੌਤ ਬਾਰੇ ਸੋਚਦਿਆਂ ਠੋਲ੍ਹੇੇ ਦੇ ਦਿਲ ਨੂੰ ਹੌਲ ਪਿਆ।
ਕੀ ਕਰਾਂ? ਤੈਨੂੰ ਆਏਂ ਜੂਨ ਵਰੋਲਦੀ ਵੀ ਤਾਂ ਦੇਖਿਆ ਨ੍ਹੀਂ ਜਾਂਦਾ। ਨਾ ਹੂੰ—ਨਾ ਹਾਂ!’ ਮਨ ‘ਚ ਆਏ ਬੁਰੇ ਖਿਆਲਾਂ ਬਾਰੇ ਠੋਲ੍ਹੇ ਨੇ ਜਿਵੇਂ ਬੰਸੋ ਤੋਂ ਮੁਆਫੀ ਮੰਗੀ।
ਹੈਗੀ ਤਾਂ ਔਖੀਓਂ ਈ…ਪਰ ਜੇ ਔਖੀ ਸੌਖੀ ਕੁਛ ਦਿਨ ਕੱਢ’ਜੇਂ, ਚੰਗਾ ਈ ਐ। ਸ਼ੈਂਤ ਉਦੋਂ ਨੂੰ ਘਾਣੀ ਕਿਸੇ ਸਿਰੇ ਬੰਨੇ ਲੱਗ’ਜੇ? ਸ਼ੈਂਤ ਪਿੰਡ ਆiਲ਼ਆਂ ਦਾ ਮਨ ਭੌਂਅ ਪਏ? ਕੀ ਪਤਾ ਨੈਬੇ ਅਰਗਿਆਂ ਦਾ ਈ ਡਮਾਕ ਟਿਕਾਣੇ ਆ’ਜੇ?’ ਠੋਲ੍ਹੇੇ ਨੂੰ ਨੈਬ ‘ਤੇ ਰਹਿ-ਰਹਿ ਕੇ ਗੁੱਸਾ ਆਉਂਦਾ। ਗੁੱਸੇ ਦੀ ਇਹ ਘੁੰਮੇਰ ਕਈ ਦਿਨਾਂ ਤੋਂ ਉਸ ਦੇ ਦਿਮਾਗ਼ ਨੂੰ ਚੜ੍ਹ ਰਹੀ ਸੀ।
ਨੈਬਾ ਮਜ਼ਦੂਰ ਧਿਰ ਦਾ ਮੁਹਰੈਲੀ ਸੀ ਜਿਸ ਨੇ ਝੋਨੇ ਦੀ ਵੱਧ ਲਵਾਈ ਦਾ ਮੁੱਦਾ ਚੁੱਕਿਆ ਸੀ। ਬਾਈਕਾਟ ਤੋਂ ਬਾਅਦ ਬਹੁਤੇ ਘਰ ਕੰਮ ਕਰਨ ਲਈ ਸਾਕ ਸਕੀਰੀਆਂ ਵਾਲੇ ਦੂਜੇ ਪਿੰਡਾਂ ‘ਚ ਵਗ ਗਏ ਸਨ। ਕੁਝ ਬੰਦੇ ਸ਼ਹਿਰ ਉਸਾਰੀ ਦੇ ਕੰਮ ਲਈ ਮਿਸਤਰੀਆਂ ਨਾਲ ਜਾ ਲੱਗੇ। ਠੋਲ੍ਹੇ ਦੇ ਆਪਣੇ ਪੁੱਤਾਂ-ਨੂੰਹਾਂ ਤੇ ਉਨ੍ਹਾਂ ਦੇ ਜੁਆਕਾਂ ਨੂੰ ਦੂਜੇ ਪਿੰਡਾਂ ‘ਚ ਝੋਨਾ ਲਾਉਣ ਲਈ ਜਾਣਾ ਪੈ ਰਿਹਾ ਸੀ।
‘ਨਾ ਭਲਾ ਕੀ ਲੋੜ ਸੀ ਐਨਾ ਉੱਦਮੂਲ ਖੜ੍ਹਾ ਕਰਨਾ ਦੀ? ਕੰਜਰ ਆਪ ਤਾਂ ਸੈਂਕਲ ਚੱਕ ਕੇ ਸ਼ਹਿਰ ਵਗ ਜਾਊ ਮਿਸਤਰੀਆਂ ਨਾਲ ਦਿਹਾੜੀ ਮਜ਼ਦੂਰੀ ਕਰਨ, ਪਿੰਡ ਦੇ ਬਾਕੀ ਗਰੀਬ ਗੁਰਬੇ ਦਾ ਕੀ ਬਣੂ? ਐਨੀ ਗੱਲ ਕਾਹਨੂੰ ਸੋਚੀ ਹੋਊ? ਅਖੇ ਜੀ ਹਮ ਤੋ ਝੋਨੇ ਕੀ ਲਵਾਈ ਕੇ ਐਨੇ ਈ ਲਮੇਂਗੇ। ਲੈ ਲੋ ਖਵਕਦੇ-ਖੜਕਦੇ। ਵੇਖਿਓ ਕਿਤੇ ਲੋਟਾਂ `ਚ ਭਾਨ ਨਾ ਪੈ’ਜੇ। ਅਗਲਿਆਂ ਨੇ ਜਮਾ ਈ ਝੱਗਾ ਚੱਕ’ਤਾ। ਲਵਾਈ ਪਿਛਲੇ ਸਾਲ ਨਾਲੋਂ ਤਾਂ ਕੀ ਵਧਾਉਣੀ ਸੀ-ਉਲਟਾ ਬਾਈਕਾਟ ਈ ਠੋਕ’ਤਾ। ਹੁਣ ਤੁਰੇ ਫਿਰੋ ਕੰਮ ਧੰਦੇ ਆਸਤੇ ਬਾਹਰਲੇ ਪਿੰਡਾਂ ‘ਚ ਖੁੱਚਾਂ ਕਢਾਉਂਦੇ।’ ਠੋਲ੍ਹੇ ਨੂੰ ਨੈਬ ਅਤੇ ਉਸ ਦੇ ਸਾਥੀਆਂ ਦਾ ਫੈਸਲਾ ਉੱਕਾ ਹੀ ਮੂਰਖਾਨਾ ਲੱਗਦਾ ਸੀ।
‘ਊਂ ਪਿੰਡ ਆਲ਼ੇ ਕਿਹੜਾ ਕੁਛ ਸੋਚਦੇ ਵਿਚਾਰਦੇ…ਮੰਘਿਆਈ ਕਿੱਥੋਂ ਦੀ ਕਿੱਥੇ ਤੁਰਗੀ। ਸੌ ਦਾ ਲੋਟ ਤਾਂ ਸਮਝ ਲੈ ਵਈ ਦਸਾਂ ‘ਚ ਈ ਚੱਲਦਾ। ਝੋਨੇ ਦੀ ਲਵਾਈ ਓਥੇ ਦੀ ਓਥੇ ਖੜ੍ਹੀ ਐ ਕੈਅ ਸਾਲਾਂ ਦੀ। ਐਸ ਗੱਲੋਂ ਤਾਂ ਨੈਬੇ ਅਰਗੇ ਵੀ ਸੱਚੇ ਈ ਪਿੱਟਦੇ।’ ਕਦੇ ਠੋਲ੍ਹੇ ਨੂੰ ਨੈਬੇ ਹੋਰੀਂ ਪਿੰਡ ਵਾਲਿਆਂ ਨਾਲੋਂ ਜ਼ਿਆਦਾ ਸਹੀ ਲੱਗਦੇ।
‘ਬਾਕੀ ਘੱਟ ਕੋਈ ਵ੍ਹਨੀ। ਦੋਵੇਂ ਧਿਰਾਂ ਈ ਲੀੜਿਆਂ ‘ਚੋਂ ਬਾਹਰ ਹੋਈਆਂ ਫਿਰਦੀਆਂ। ਝਉਂ ਕੇ ਤਾਂ ਕੋਈ ਰਾਜੀ ਈ ਨ੍ਹੀ। ਐਹੇ ਜਾ ਕਿਹੜਾ ਮਸਲਾ ਹੁੰਦਾ ਜਿਹੜਾ ਬਹਿ ਕੇ ਹੱਲ ਨੀ ਹੁੰਦਾ। ਕਤਲਾਂ ਦੇ ਵੀ ਰਾਜੀਨਾਮੇ ਹੋ ਜਾਂਦੇ ਐ-ਇਹ ਕਿੱਡੀ ਕੁ ਗੱਲ ਐ? ਪਰ ਨਾ ਜੀ…ਘਰੋ ਘਰੀ ਆਗੂ ਹੋਏ ਪਏ ਐ। ਆਗੂ ਨ੍ਹੀ ਹੋਏ ਤਾਂ।’ ਠੋਲ੍ਹੇ ਦੇ ਮੱਥੇ ਉੱਤਲੇ ਵੱਟ ਸੰਘਣੇ ਹੋ ਗਏ।
‘ਏਹ ਕਹਿੰਦੇ ਐਨੇ ਈ ਲੈਣੇ ਲਵਾਈ ਦੇ-ਓਹ ਕਹਿੰਦੇ ਪਿਛਲੀ ਵਾਰ ਨਾਲੋਂ ਧੇਲਾ ਵੱਧ ਨ੍ਹੀਂ ਦੇਣਾ। ਸੱਪ ਵਾਂਗੂੰ ਫਣ ਖਿਲਾਰੀ ਖੜ੍ਹੇ। ਐਂ ਕਿਮੇ ਚੱਲੂ? ਕੋਈ ਨਗਰ ਖੇੜੇ ਆਲ਼ੀ ਗੱਲ ਤਾਂ ਨਾ ਰਹੀ ਨਾ ਫਿਰ। ਆਏਂ ਤਾਂ ਪਿੰਡ ਜਮਾ ਈ ਮਰ ਮੁੱਕ’ਜੂ। ਪੁੱਛਣ ਆਲ਼ਾ ਹੋਵੇ-ਆਏਂ ਕਿਤੇ ਸਰਦਾ ਇਕ ਦੂਜੇ ਬਿਨਾ?’ ਠੋਲ੍ਹੇ ਨੂੰ ਪਿੰਡ ਵਾਲਿਆਂ ਵੱਲੋਂ ਕੀਤੇ ਬਾਈਕਾਟ ਕਾਰਨ ਭਾਈਚਾਰਕ ਸਾਂਝ ਟੁੱਟਣ ਦਾ ਝੋਰਾ ਤੋੜ-ਤੋੜ ਖਾਂਦਾ।
‘ਚੰਗੇ ਭਲੇ ਵਸਦੇ ਰਸਦੇ ਹੁੰਦੇ, ਥੋੜ੍ਹੇ ਕੁ ਸਾਲਾਂ ਮਗਰੋਂ ਪਤਾ ਨ੍ਹੀਂ ਕੀ ਬਿੱਜ ਆ ਪੈਂਦੀ ਪਿੰਡ ‘ਤੇ।’ ਠੋਲ੍ਹੇ ਨੇ ਅੱਖਾਂ ‘ਤੇ ਹੱਥਾਂ ਦਾ ਛੱਪਰ ਬਣਾ ਕੇ ਚੜ੍ਹਦੇ ਪਾਸੇ ਦੇ ਘਰਾਂ ਵੱਲ ਨਿਗਾਹ ਮਾਰੀ, ਪਿੰਡ ਜਿਵੇਂ ਘੂਕ ਸੁੱਤਾ ਪਿਆ ਸੀ। ਠੋਲ੍ਹੇ ਨੂੰ ਪਹਾੜ ਵਾਲੇ ਪਾਸਿਓਂ ਕਾਲ਼ਾ ਸ਼ਾਹ ਬੱਦਲ਼ ਚੜ੍ਹਿਆ ਆਉਂਦਾ ਜਾਪਿਆ। ਉਸ ਦਾ ਅੰਦਰ ਕੰਬ ਗਿਆ। ਕਈ ਵਰ੍ਹੇ ਪਹਿਲਾਂ ਵਾਪਰੀ ਘਟਨਾ ਉਸ ਦੀਆਂ ਅੱਖਾਂ ਅੱਗਿਓਂ ਲੰਘ ਗਈ।
‘ਰਵੰਸ ਕੁਰੇ! ਓਦੋਂ ਵੀ ਆਹੀ ਦਿਨ ਸੀਗੇ। ਝੋਨੇ ਦੀ ਲਵਾਈ ਦੇ ਰੇਟਾਂ ਨੂੰ ਲੈ ਕੇ ਖਾਸਾ ਰੱਫੜ ਪਿਆ ਸੀਗਾ। ਦੋਏ ਧਿਰਾਂ ਤਣ ਕੇ ਖੜ੍ਹ ਗਈਆਂ ਸੀਗੀਆਂ ਇਕ ਦੂਏ ਮੂਹਰੇ। ਗੁਰੂ ਘਰ ਦੇ ਸਪੀਕਰ ਤੋਂ ਵਿਹੜੇ ਆiਲ਼ਆਂ ਦੇ ਬਾਈਕਾਟ ਦੀਆਂ ਲੌਸਮੈਂਟਾਂ ਹੋਗੀਆਂ। ਪਿੰਡ ਆiਲ਼ਆਂ ਨੇ ਮਤਾ ਪਾਸ ਕਰ ਕੇ ਗਰੀਬ ਗੁਰਬੇ ਨੂੰ ਖੇਤਾਂ ਬੰਨਿਆਂ ‘ਚ ਵੜਨੋਂ ਡੱਕ’ਤਾ। ਅੱਜ ਤਾਂ ਹਜੇ ਹੋਰ ਗੱਲ ਐ- ਓਦੋਂ ਤਾਂ ਸਾਰਾ ਗਰੀਬ-ਗੁਰਬਾ ਸੀਗਾ ਈ ਖੇਤਾਂ ਆਸਰੇ। ਯਾਦ ਈ ਹੋਊ ਤੈਨੂੰ?’ ਠੋਲ੍ਹੇ ਨੇ ਘਰਵਾਲੀ ਤੋਂ ਹੁੰਗਾਰਾ ਭਰਾਉਣਾ ਚਾਹਿਆ ਪਰ ਹਰਬੰਸ ਕੌਰ ਤਾਂ ਉੱਕਾ ਈ ਬੇਸੁੱਧ ਪਈ ਸੀ।
‘ਲੋਕ ਜੰਗਲ ਪਾਣੀ ਜਾਣ ਤੋਂ ਵੀ ਔਖੇ ਹੋਗੇ। ਕਿੱਲਿਆਂ ਨਾਲ ਬੰਨ੍ਹੇ ਪਸੂ ਭੁੱਖ ਨਾਲ ਅੜਿੰਗਣ ਲੱਗੇ। ਬੇਜ਼ੁਬਾਨਿਆਂ ਦਾ ਹਊ ਕੁਰਲਾਪ ਦੇਖਿਆ ਨਾ ਜਾਏ। ਜਾਣੀਦਾ ਜਾਨ ਮੁੱਠੀ ‘ਚ ਆਗੀ। ਉੱਤੋਂ ਪਿੰਡ ਆiਲ਼ਆਂ ਦੀਆਂ ਦਿਲ ਸਾੜਵੀਆਂ ਗੱਲਾਂ ਅੰਦਰ ਚੀਰਦੀਆਂ ਜਾਣ- ਅਖੇ, ਦੋ ਦਿਨਾਂ ‘ਚ ਈ ਮਿਆਂਕ ਪੈਣਗੇ। ਗੋਡੇ ਰਗੜ-ਰਗੜ ਕੇ ਮਾਫ਼ੀਆਂ ਮੰਗਣਗੇ। ਪਾਣੀ ਤਾਂ ਪੁਲਾਂ ਥੱਲਿਓਂ ਈ ਵਗਣਾ।’
ਦੂਜੇ ਪਾਸਿਓਂ ਵਿਹੜੇ ਵਾਲੇ ਕਿਹੜਾ ਘੱਟ ਸੀਗੇ ਕਿਸੇ ਦੀ ਧੀ ਭੈਣ ਨਾਲੋਂ। ਉਹ ਅੱਡ ਆਖਣ, ‘ਵੇਖ ਲਾਂਗੇ ਸਾਡੇ ਬਿਨਾ ਸਾਰਦਿਆਂ ਨੂੰ। ਜਿਹੜੀਆਂ ਜਨਾਨੀਆਂ ਸਾਰੀ-ਸਾਰੀ ਦਿਹਾੜੀ ਖੁਰਿਆਂ ‘ਤੇ ਅੱਡੀਆਂ ਕੂਚਦੀਆਂ, ਉਹ ਤਾਂ ਝੋਨਾ ਲਾਉਣੋਂ ਰਹੀਆਂ। ਆਖਰ ਨੂੰ ਤਾਂ ਅਸੀਂਓਂ ਕੰਮ ਆਉਣਾ।’ ਸਾਲਾਂ ਦੇ ਸਾਲ ਬੀਤ ਜਾਣ ‘ਤੇ ਵੀ ਠੋਲ੍ਹੇ ਨੂੰ ਸਾਰੀਆਂ ਗੱਲਾਂ ਇੰਨ-ਬਿੰਨ ਯਾਦ ਸਨ।
ਵਿਹੜੇ ਆਲ਼ੇ ਇਕ ਦੂਏ ਨੂੰ ਹੱਲਾਸ਼ੇਰੀ ਦੇਈ ਜਾਣ, ‘ਬੱਸ ਜਿਮੇ ਕਿਮੇ ਕੱਢ’ਲੋ ਚਾਰ ਦਿਨ ਔਖੇ ਸੌਖੇ। ਭਿਆਂ ਬੋਲ ਜਾਣੀ ਪਿੰਡ ਆiਲ਼ਆਂ ਦੀ। ਸਰਨਾ ਨੀ ਆਪਣੇ ਬਿਨਾ।’
‘ਰਵੰਸ ਕੁਰੇ, ‘ਆਪਣਾ ਇਕ ਦੂਏ ਬਿਨਾ ਨ੍ਹੀਂ ਸਰਨਾ` ਆਲ਼ੀ ‘ਵਾਜ ਤਾਂ ਕਿਸੇ ਪਾਸਿਓਂ ਆਉਂਦੀਓ ਨ੍ਹੀਂ ਸੀਗੀ। ਕੋਈ ਤਾਂ ਕਿਸੇ ਪਾਸਿਓਂ ਤਾਂ ਹਾਅ ਦਾ ਨਾਅਰਾ ਮਾਰਦਾ। ਦੋਏ ਧਿਰਾਂ ਨੂੰ ਇਕ ਥਾਏਂ ਬਹਾ ਕੇ ਸਮਝੌਤਾ ਕਰਾਉਣ ਵੱਲ ਵੀ ਨਾ ਆਇਆ। ਪਿੰਡ ਤਾਂ ਜਿਮੇਂ ਉੱਕਾ ਈ ਬਿਗਾਨਾ ਹੋ ਗਿਆ ਸੀਗਾ।’ ਠੋਲ੍ਹੇ ਨੇ ਗਲ਼ੇ ‘ਚ ਆ ਫਸਿਆ ਬਲਗਮ ਦਾ ਲੋਥੜਾ ਦੂਰ ਵਿਹੜੇ ‘ਚ ਵਗਾਹ ਮਾਰਿਆ।
‘ਊਂ ਵੇਖਿਆ ਜਾਏ, ਹੱਕ ‘ਚ ਆਉਂਦਾ ਵੀ ਕੌਣ? ਪਿੰਡ ਦੇ ਗੁਰਮੁੱਖ ਸਿਓਂ ਅਰਗੇ ਦਾਨੇ-ਬਾਨੇ ਬੰਦੇ ਤਾਂ ਮੰਜੇ ਨਾਲ ਮੰਜਾ ਹੋਏ ਪਏ ਸਨ। ਘਰਾਂ ਦੀ ਵਾਗਡੋਰ ਆਗੀ ਨਵੇਂ ਛੋਹਰਾਂ ਹੱਥੀਂ। ਉਨ੍ਹਾਂ ਨੂੰ ਕੀ ਪਤਾ ਵ੍ਹੀ ਪਿੰਡ ਦੀ ਭੌਇੰ `ਚ ਗਰੀਬ-ਗੁਰਬੇ ਦਾ ਵੀ ਮੁੜ੍ਹਕਾ ਡੁੱਲਿ੍ਹਆ। ਹੋਰ ਐਮਂੇ ਤਾਂ ਨ੍ਹੀਂ ਟਿੱਬਿਆਂ ‘ਚ ਵੀ ਝਰਮਲ-ਝਰਮਲ ਹੋਣ ਲੱਗਗੀ।’ ਠੋਲ੍ਹੇ ਨੂੰ ਲੱਗਿਆ ਜਿਵੇਂ ਬੰਸੋ ਬੋਲੀ ਹੋਵੇ ਪਰ ਉਹ ਤਾਂ ਜਵਾਂ ਚੁੱਪ ਤਾਣੀ ਪਈ ਸੀ। ਆਵਾਜ਼ ਤਾਂ ਠੋਲ੍ਹੇ ਦੇ ਆਪਣੇ ਅੰਦਰੋਂ ਆਈ ਸੀ।
‘ਰਵੰਸ ਕੁਰੇ ਵਿਹੜੇ ਵਾਲੇ ਆਖਦੇ, ‘ਮਸਟਰ ਮਹਿੰਦਰ ਸਿਹੁੰ ਜਾਣ ਬੁੱਝ ਕੇ ਟਲ਼ ਗਿਆ। ਉਹ ਤਾਂ ਕਈ ਦਿਨਾਂ ਦਾ ਪਿੰਡ ‘ਚ ਦਿਖਿਆ ਈ ਨਹੀਂ।` ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਤੇਰੇ ਦਿਲ ਨੂੰ ਘੁਮੇਰ ਚੜ੍ਹਦੀ। ਤੇਰੀਆਂ ਆਖੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਐ, `ਮਰੀਕੇ ਦੇ ਚਾਚਾ, ਮੇਰਾ ਮਨ ਨ੍ਹੀਂ ਮੰਨਦਾ। ਮਸਟਰ ਟਲ ਨ੍ਹੀਂ ਸਕਦਾ। ਦੋਆਂ ਜੀਆਂ ਦੇ ਦਿਲ ‘ਚ ਤਾਂ ਗਰੀਬਾਂ ਆਸਤੇ ਦਿਆ ਈ ਬਾਹਲੀ ਐ। ਉਨ੍ਹਾਂ ਦੋਆਂ ਜੀਆਂ ਨੇ ਜਨੂਰ ਵਿਹੜੇ ਆiਲ਼ਆਂ ਦੇ ਹੱਕ ‘ਚ ਡੱਕਾ ਸਿੱਟਣਾ ਸੀਗਾ। ਮਾਸਟਰ ਹੁੰਦਾ ਆਹ ਨੌਬਤ ਨ੍ਹੀਂ ਸੀ ਆਉਣੀ।` ਤੂੰ ਲੋਕਾਂ ਨੂੰ ਵੀ ਏਹੀ ਆਖਦੀ ਫਿਰਦੀ ਸੀਗੀ।
‘ਤੂੰ-ਮੈਂ ਕੀਹਨੂੰ-ਕੀਹਨੂੰ ਸਮਝਾਉਂਦੇ? ਲੋਕ ਆਂਹਦੇ,` ਆਖਰ ਨੂੰ ਮਾਸਟਰ ਨੇ ਵੀ ਆਵਦੇ ਸ਼ਰੀਕੇ ਕਬੀਲੇ ‘ਚ ਰਹਿਣਾ। ਬਾਹਰ ਥੋੜ੍ਹੀ ਹੋਜੂ? ਅਗਲਿਆਂ ਗੁਰਦੁਆਰੇ ਬਹਿ ਕੇ ਸੌਂਹ ਪੁਆਈ ਐ। ਜੀਹਨੇ ਵਿਹੜੇ ਆiਲ਼ਆਂ ਦਾ ਸਾਥ ਦਿੱਤਾ- ਅਗਲਿਆਂ ਭੌਂਅ ਭਾਂਡਾ ਤਿਆਗ ਦੇਣਾ।` ਜਿੰਨੇ ਮੂੰਹ ਓਨੀਆਂ ਈ ਗੱਲਾਂ ਸੀਗੀਆਂ।’ ਠੋਲ੍ਹੇ ਨੇ ਪਰਨੇ ਦੀ ਝੱਲ ਮਾਰ ਕੇ ਬੰਸੋ ਦੇ ਮੂੰਹ ‘ਤੇ ਭਿਣਕਦੀਆਂ ਮੱਖੀਆਂ ਨੂੰ ਉਡਾਇਆ।
‘ਵੇਖੀਂ ਕਿਤੇ…ਬੁੜ੍ਹੀ ਹਰਨਾਮੀ ਵਾਲੀ ਨਾ ਹੋਵੇ ਤੇਰੇ ਨਾਲ।’ ਠੋਲ੍ਹੇ ਨੇ ਹਰਬੰਸ ਕੌਰ ਨੂੰ ਸੁਣਾਉਣ ਲਈ ਆਵਾਜ਼ ਉੱਚੀ ਕੀਤੀ। ਉਸ ਨੂੰ ਕਈ ਵਰ੍ਹੇ ਪਹਿਲਾਂ ਹੋਏ ਬਾਈਕਾਟ ਦੇ ਦਿਨਾਂ ‘ਚ ਬੁੜ੍ਹੀ ਹਰਨਾਮੀ ਦੇ ਮਰਨ ਵਾਲੀ ਘਟਨਾ ਚੇਤੇ ਆਈ ਸੀ।
ਉਦੋਂ ਵੀ ਅੱਜ ਵਾਂਗੂੰ ਈ ਝੜੀ ਲੱਗੀ ਸੀ। ਵਿਹੜੇ ਦੇ ਕੱਚੇ ਘਰ ਦੜੈਂ-ਦੜੈਂ ਕਰ ਕੇ ਡਿੱਗੇ ਸਨ। ਪਾਲੂ ਟੈਟ ਦੇ ਕੱਚੇ ਘਰ ਦੀ ਕੰਧ ਦੇ ਡਿੱਗਣ ਦਾ ਖੜਾਕ ਅੱਧੇ ਪਿੰਡ ਨੇ ਸੁਣਿਆ ਸੀ। ਖੜਾਕ ਸੁਣਦਿਆਂ ਹੀ, ਕਈ ਦਿਨਾਂ ਤੋਂ ਮੰਜੇ ‘ਤੇ ਹੱਡ ਗੋਡੇ ਰਗੜਦੀ ਹਰਨਾਮੀ ਦਾ ਭੌਰ ਲੰਮੀ ਉਡਾਰੀ ਮਾਰ ਗਿਆ। ਉਸ ਦੀ ਲਾਸ਼ ਤਿੰਨ ਦਿਨ ਧਰਮਸ਼ਾਲਾ ਦੀ ਚੋਂਦੀ ਛੱਤ ਦੇ ਥੱਲੇ ਹੀ ਪਈ ਰਹੀ। ਪਿੰਡ ‘ਚੋਂ ਨਾ ਤਾਂ ਸੁੱਕਾ ਬਾਲਣ ਹੀ ਮਿਲਿਆ ਤੇ ਨਾ ਹੀ ਸਸਕਾਰ ਕਰਨ ਲਈ ਸਿਵਿਆਂ `ਚ ਜਗ੍ਹਾ ਮਿਲੀ ਸੀ। ਪਿੰਡ ਆiਲ਼ਆਂ ਨੇ ਸਾਂਝੇ ਸਿਵਿਆਂ ‘ਚ ਸਸਕਾਰ ਕਰਨੋਂ ਡੱਕ ਦਿੱਤਾ। ਹਰਨਾਮੀ ਦੀ ਲਾਸ਼ ਦਾ ਮੁਸ਼ਕ ਵਿਹੜੇ ਦੇ ਘਰਾਂ ‘ਚੋਂ ਨਿਕਲ ਕੇ ਪਿੰਡ ਦੇ ਚੜ੍ਹਦੇ ਪਾਸੇ ਦੇ ਘਰਾਂ ਵੱਲ ਹੋ ਤੁਰਿਆ ਸੀ।
ਵਿਹੜੇ ਦੇ ਬੰਦਿਆਂ ਨੂੰ ਕੁੱਝ ਸਮਝ ਨਹੀਂ ਸੀ ਆ ਰਹੀ। ਉਨ੍ਹਾਂ ਸਾਰਿਆਂ ਦੇ ਚਿਹਰਿਆਂ ‘ਤੇ, ‘ਜੇ ਨੇੜੇ-ਤੇੜੇ ਦਰਿਆ ਵਗਦਾ ਹੁੰਦਾ ਤਾਂ ਮੁਰਦੇ ਨੂੰ ਦਰਿਆ ਬੁਰਦ ਈ ਕਰ ਦਿੰਦੇ। ਹੁਣ ਕੀ ਕੀਤਾ ਜਾਵੇ?’ ਦਾ ਸਵਾਲ ਲਟਕਣ ਲੱਗਾ ਸੀ।
ਚਿੰਤਾ ਨਾਲ ਘਿਰੇ ਚਿਹਰੇ ਇਕ ਪਾਸਿਓਂ ਨਹੀਂ, ਕਈ ਪਾਸਿਆਂ ਤੋਂ ਘਿਰ ਗਏ ਸਨ। ਵਿਹੜੇ ਦੇ ਮੁਹਰੈਲੀ ਪ੍ਰਸ਼ਾਸਨ ਨੂੰ ਅਰਜ਼ੀ ਵੀ ਦੇ ਆਏ ਸਨ ਜਿਸ `ਤੇ ਉਨ੍ਹਾਂ ਦੀਆਂ ਅੱਖਾਂ ਪੂੰਝਣ ਲਈ ਪਹਿਲਾਂ ਬੀ.ਡੀ.ਪੀ.ਓ. ਤੇ ਫਿਰ ਤਹਿਸੀਲਦਾਰ ਗੇੜਾ ਮਾਰ ਕੇ ਆਪਣੀ ਕਾਰਵਾਈ ਪਾ ਗਏ ਸਨ।
ਜਦੋਂ ਸਾਰਾ ਵਿਹੜਾ ‘ਹੁਣ ਕੀ ਕਰੀਏ? ਹੁਣ ਕਿਧਰ ਜਾਈਏ?` ਦੀ ਘੁੰਮਣਘੇਰੀ ‘ਚ ਉਲਝਿਆ ਪਿਆ ਸੀ, ਉਦੋਂ ਹੀ ਮਹਿੰਦਰ ਮਾਸਟਰ ਕਿਧਰੋਂ ਆ ਬਹੁੜਿਆ ਸੀ, ‘ਚੱਕੋ ਲਾਸ਼, ਮੇਰੇ ਖੇਤਾਂ ‘ਚ ਸਸਕਾਰ ਹੋਊ। ਬਾਲਣ ਜਿੰਨਾ ਚਾਹੀਦਾ, ਸਾਡੇ ਦਲਾਨ ‘ਚੋਂ ਲੈ ਆਓ।’
ਹਰਨਾਮੀ ਦਾ ਸਸਕਾਰ ਉਸ ਦੀ ਮੌਤ ਤੋਂ ਚੌਥੇ ਦਿਨ ਹੋ ਸਕਿਆ ਸੀ। ਵਿਹੜੇ ਦੇ ਸਿਆਣੇ-ਬਿਆਣੇ ਦਾੜ੍ਹੀਆਂ ਵਾਲੇ ਬੰਦੇ ਮਾਸਟਰ ਮਹਿੰਦਰ ਦੇ ਗਲ਼ ਲੱਗ ਕੇ ਰੋ ਪਏ ਸਨ। ਭੁੱਖ ਨਾਲ ਤੜਫਦੇ ਪਸ਼ੂਆਂ ਨੂੰ ਚੌਥੇ ਦਿਨ ਪੱਠੇ ਨਸੀਬ ਹੋਏ ਸਨ।
‘ਰਵੰਸ ਕੁਰੇ…ਸਮਝ ਲੈ ਮਸਟਰ ਨੇ ਬੜੀ ਵੱਡੀ ਲਾਹਨਤ ਪਿੰਡ ਦੇ ਲੋਕਾਂ `ਤੇ ਪਾਈ ਸੀਗੀ। ਲੋਕਾਂ ਨੇ ਵੀ ਆਵਦੇ ਅੰਦਰੋਂ ਕੁਛ ਨਾ ਕੁਛ ਟੁੱਟਦਾ ਮਸੂਸ ਕੀਤਾ। ਐਂ ਕਿਤੇ ਪਿੰਡ ਵਸਤੀ ਟੁੱਟਿਆ ਜਾਂਦੈ? ਵੇਖਾ-ਵੇਖੀ ਹੋਰ ਲੋਕ ਵੀ ਢੈਲ਼ੇ ਪੈਗੇ। ਹਰਨਾਮੀ ਦਾ ‘ਫਸੋਸ ਕਰਨ ਦੇ ਬਹਾਨੇ ਪਿੰਡ ਆਲ਼ੇ ਉਨ੍ਹਾਂ ਦੇ ਘਰ ਆਗੇ। ਬਾਈਕਾਟ ਟੁੱਟ ਗਿਆ। ਓਸ ਨਰ ਬੰਦੇ ਕਰ ਕੇ ਪਿੰਡ ‘ਚ ਠੰਢੀ ਮਿੱਠੀ ਹਵਾ ਦੇ ਬੁੱਲੇ ਵਗਣ ਲੱਗੇ ਸੀਗੇ। ਐਹੇ ਜ੍ਹੇ ਬੰਦੇ ਕਿਤੇ ਨਿੱਤ ਨਿੱਤ ਜੰਮਦੇ?’ ਮਾਸਟਰ ਨੂੰ ਯਾਦ ਕਰਦਿਆਂ ਠੋਲ੍ਹੇ ਦਾ ਗਲ਼ਾ ਭਰ ਆਇਆ ਸੀ।
‘ਹੁਣ ਕੀ ਹੋਊ? ਬਾਈਕਾਟ ਤਾਂ ਓਨ੍ਹਾਂ ਦਿਨਾਂ ਆਂਗੂੰ ਚੱਲੀ ਜਾਂਦਾ। ਉਦੋਂ ਆਂਗੂੰ ਈ ਮੀਂਹ ਪਈ ਜਾਂਦਾ। ਡੰਗਰ ਵੱਛਾ ਵੀ ਓਕਣ ਈ ਭੁੱਖ ਨਾ` ਵਿਲਕੀ ਜਾਂਦਾ। ਉਦੋਂ ਮੰਜੇ ‘ਤੇ ਹਰਨਾਮੀ ਬੁੜ੍ਹੀ ਪਈ ਸੀ- ਹੁਣ ਮੇਰੀ ਜਾਨ ਅੜੀ ਪਈ ਐ ਸੰਘ ‘ਚ। ਜੇ ਕੁਛ ਹੋ ਕਰ ਗਿਆ, ਥੋਨੂੰ ਤਾਂ ਮਿੱਟੀ ਕਿਉਂਟਣੀ ਵੀ ਔਖੀ ਹੋਜੂ।’ ਠੋਲ੍ਹੇ ਨੂੰ ਲੱਗਾ ਜਿਵੇਂ ਹਰਬੰਸ ਕੌਰ ਬੋਲੀ ਹੋਵੇ। ਉਹ ਅੱਖਾਂ ਖੋਲ੍ਹ ਕੇ ਹੈਰਾਨੀ ਨਾਲ ਬੰਸੋ ਵੱਲ ਝਾਕਿਆ। ਉਹ ਤਾਂ ਲੰਮੀ ਚੁੱਪ ਵੱਟੀ ਪਈ ਸੀ। ਇਹ ਆਵਾਜ਼ ਤਾਂ ਉਸ ਦੇ ਆਪਣੇ ਅੰਦਰੋਂ ਹੀ ਆਈ ਸੀ।
ਕਿੱਲੇ ਨਾਲ ਬੱਝੀ ਅੱਠ ਮਹੀਨਿਆਂ ਦੀ ਗੱਭਣ ਝੋਟੀ ਆਵਾਗੌਣ ਹੀ ਕਿੱਲੇ ਦੁਆਲ਼ੇ ਗੇੜੇ ਦਿੰਦੀ, ਮੂੰਹ ਉੱਪਰ ਚੁੱਕ ਕੇ ‘ਔਂ ਔਂ` ਦੀ ਆਵਾਜ਼ ਕੱਢਦੀ ਸਿੰਗਾਂ ਨਾਲ ਵਾਰ-ਵਾਰ ਕਿੱਲੇ ਨੂੰ ਠਕੋਰੀ ਜਾਂਦੀ ਸੀ। ਠੋਲ੍ਹੇ ਤੋਂ ਝੋਟੀ ਦੀ ਭੁੱਖ ਜਰੀ ਨਾ ਗਈ।
‘ਬੇਜਬਾਨ ਜੀਆਂ ਦਾ ਪਾਪ ਮਾਰਜੂ` ਝੋਟੀ ਵੱਲ ਵੇਖਦਿਆਂ ਠੋਲ੍ਹੇ ਨੇ ਅੱਖਾਂ ਦੇ ਕੋਇਆਂ ‘ਚ ਉੱਤਰ ਆਇਆ ਪਾਣੀ ਸਾਫ਼ ਕੀਤਾ। ਇਹ ਝੋਟੀ ਨਿੰਮ ਵਾਲਿਆਂ ਤੋਂ ਅਧਿਆਰੇ ‘ਤੇ ਲਿਆਂਦੀ ਸੀ। ਉਸ ਦਾ ਜੀਅ ਕੀਤਾ ਹੁਣੇ ਨਿੰਮ ਵਾਲਿਆਂ ਦੇ ਘਰ ਜਾਵੇ ਤੇ ਉਨ੍ਹਾਂ ਨੂੰ ਦੱਸੇ ਕਿ ਥੋਡੀ ਝੋਟੀ ਦਾ ਭੁੱਖ ਨਾਲ ਬੁਰਾ ਹਾਲ ਐ। ਹੋ ਸਕਦਾ ਪੰਡ ਚਾਰੇ ਦੀ ਈ ਦੇ ਦੇਣ।
‘ਆਹ ਬਾਈਕਾਟ ਆਲ਼ਾ ਸਾਰਾ ਟਟਵੈਰ ਤਾਂ ਖੜ੍ਹਾ ਈ ਨਿੰਮ ਆiਲ਼ਆਂ ਦੇ ਚਿੱਬੇ ਨੇ ਕੀਤਾ। ਉਹਦੀ ਤਾਂ ਜਬਾਨ ਵੀ ਗਿੱਠ ਲੰਮੀ ਐ। ਓਨ੍ਹੇ ਤਾਂ ਝੱਟ ਆਖ ਦੇਣਾ, ‘ਬੰਦਾ ਬਣ ਕੇ ਝੋਟੀ ਸਾਡੇ ਕਿੱਲੇ ‘ਤੇ ਬੰਨ੍ਹ ਜਾ।` ਚਿੱਬੇ ਨੂੰ ਕੀ ਪਤਾ, ਕੀ-ਕੀ ਆਸਾਂ ਲਾਈ ਬੈਠਾ ਸਾਰਾ ਟੱਬਰ ਕਰਮਾਂ ਵਾਲੀ ਦੇ ਸੂਏ ‘ਤੇ। ਸੌ ਖੁੱਡਾਂ ਬੰਦ ਕਰਨੀਆਂ ਏਹਦੀ ਕਮਾਈ ਨਾਲ।’ ਠੋਲ੍ਹਾ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
‘ਰਵੰਸ ਕੁਰੇ! ਨਰਮਾ ਕਪਾਹ ਤਾਂ ਲੋਕ ਲਾਉਣੋਂ ਈ ਹਟਗੇ। ਜੇ ਲਾ ਦਿੰਦੇ ਆ ਤਾਂ ਟੀਂਡੇ ਨ੍ਹੀਂ ਲੱਗਦੇ। ਜੇ ਭੁੱਲ-ਭੁਲੇਖੇ ਟੀਂਡੇ ਲੱਗ ਜਾਣ ਤਾਂ ਖਿੜਦੇ ਨ੍ਹੀ। ਨਕਲੀ ਰ੍ਹੇਆਂ, ਸਪਰੇਆਂ ਨੇ ਝੁੱਗਾ ਚੌੜ ਕਰ’ਤਾ। ਮੱਕੀ ਤਾਂ ਕੋਈ ਨ੍ਹੀਂ ਬੀਜਦਾ। ਵਾਢੀ ਦਾ ਕੰਮ ਵੀ ਹੱਥੀਂ ਨ੍ਹੀਂ ਹੁੰਦਾ। ਹਾੜ੍ਹੀ ਸਾਰੀ ਕਰਪੈਨਾਂ ਦੇ ਢਿੱਡ ‘ਚ ਜਾ ਵੜਦੀ ਐ। ਲਾ ਪਾ ਕੇ ਝੋਨੇ ਦੀ ਲਵਾਈ ਰਹਿਗੀ। ਸਾਰਾ ਟੱਬਰ-ਟ੍ਹੀਰ ਰਲ਼ ਕੇ ਚਾਰ ਦਿਨ ਹੰਭਲਾ ਮਾਰ ਲੈਂਦਾ। ਚਾਰ ਦਮੜੇ ਜੁੜ ਜਾਂਦੇ ਧੀ ਪੁੱਤ ਦੀ ਸ਼ਾਦੀ-ਵਿਆਹ ਆਸਤੇ। ਹੋਰ ਹੁਣ ਕੰਮ ਰਹਿ ਕਿਹੜਾ ਗਿਆ ਗਰੀਬ-ਗੁਰਬੇ ਦੇ ਕਰਨ ਗੋਚਰਾ? ਗਰੀਬ ਜਾਵੇ ਤਾਂ ਜਾਵੇ ਕਿੱਥੇ?’ ਠੋਲ੍ਹੇ ਨੇ ਜਿਵੇਂ ਪਿੰਡ ਵਾਲਿਆਂ ਨੂੰ ਸਵਾਲ ਕੀਤਾ।
‘ਪਿੰਡ ‘ਚ ਤਾਂ ਜਣੀਦਾ ਰੂਹ ਈ ਨ੍ਹੀਂ ਰਹੀ। ਲੈ ਹੋਰ ਸੁਣ ਲਾ, ਬਾਰ ਆiਲ਼ਆਂ ਦਾ ਬਲਦੇਵ ਸਿਹੁੰ ਕੈਅ ਵਰਿ੍ਹਆਂ ਬਾਅਦ ਲਟੈਰ ਹੋ ਕੇ ਪਿੰਡ ਰਹਿਣ ਆ ਗਿਆ। ਕਿਤੇ ਚੰਦੀਗੜ੍ਹ ਪਟਿਆਲੇ ਕੰਨੀਂ ਵੱਡਾ ਅਪਸਰ ਸੀਗਾ। ਅਖੇ ਜੀ, ਪਿੰਡ ਰਹਿ ਕੇ ਪਿੰਡ ਆiਲ਼ਆਂ ਦੀ ਸੇਵਾ ਕਰੂੰ। ਸੋਚਦਾ ਹੋਊ ਕੁਛ ਨਾ ਕੁਛ ਸੁਧਾਰ ਕਰੂੰ ਪਿੰਡ ਦਾ। ਮੀਨ੍ਹਾ ਨ੍ਹੀਂ ਟਿਕਿਆ, ਭੱਜ ਗਿਆ। ਭੱਜ ਕੀ ਗਿਆ-ਭਜਾ’ਤਾ ਪਿੰਡ ਆiਲ਼ਆਂ। ਵਤੀਰਾ ਈ ਐਹੇ ਜ੍ਹਾ ਕਰਿਆ ਅਗਲੇ ਨਾਲ। ਅਖੇ ਜੀ ਫੈਲਸੂਫੀਆਂ ਘੋਟਦਾ। ਦਿੱਲੀ ਦੱਖਣ ਘੁੰਮਿਆ ਬੰਦਾ ਏਨ੍ਹਾਂ ਨੂੰ ਫੈਲਸੂਫ਼ੀਆਂ ਘੋਟਦਾ ਲੱਗਾ। ਰਵੰਸ ਕੁਰੇ, ਜਦੋਂ ਪਿੰਡ ਆiਲ਼ਆਂ ਤੋਂ ਐਹੇ ਜ੍ਹਾ ਬੰਦਾ ਨ੍ਹੀਂ ਬਰਦਾਸ਼ ਹੋਇਆ- ਹਮੀ ਤੁਮੀ ਕਿਆ ਚੀਜ ਐ?’ ਠੋਲ੍ਹੇ ਨੇ ਹਰਬੰਸ ਕੌਰ ਦੇ ਗਿੱਚੀ ਪਿੱਛੇ ਹੱਥ ਰੱਖ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਸ ਨੂੰ ਹਰਬੰਸ ਕੌਰ ਦੇ ਥੱਲੇ ਵਿਛਿਆ ਗਦੈਲਾ ਗਿੱਲਾ-ਗਿੱਲਾ ਲੱਗਾ।
‘ਬੰਦਾ ਆਵਦੀ ਕਿਰਿਆ ਸੋਧਣ ਜੋਕਰਾ ਤਾਂ ਹੋਵੇ।’ ਠੋਲ੍ਹੇ ਦਾ ਸਿਰ ਨਿਰਾਸ਼ਾ ‘ਚ ਏਧਰ-ਓਧਰ ਹਿਲਣ ਲੱਗਾ। ਉਸ ਦੇ ਚਿਹਰੇ ‘ਤੇ ਉਦਾਸੀ ਦੀ ਗੂੜ੍ਹੀ ਪਰਤ ਫਿਰ ਗਈ। ਉਸ ਨੇ ਇਕ ਹੱਥ ਨਾਲ ਹਰਬੰਸ ਨੂੰ ਮੋਢਿਆਂ ਤੋਂ ਫੜ ਕੇ ਪਾਸਾ ਦੁਆਇਆ ਤੇ ਦੂਜੇ ਹੱਥ ਨਾਲ ਸੁੱਕੇ ਖੇਸ ਦੀ ਤਹਿ ਮਾਰ ਕੇ ਉਸ ਦੇ ਥੱਲੇ ਦੇ ਦਿੱਤਾ।
‘ਪਤਾ ਨ੍ਹੀਂ ਤੇਰੀ ਜਾਨ ਕਿੱਥੇ ਅੜੀ ਪਈ ਐ?’ ਠੋਲ੍ਹੇ ਨੇ ਦਾੜ੍ਹੀ ਤਕ ਵਗ ਆਏ ਅੱਥਰੂਆਂ ਨੂੰ ਸਿਰ ‘ਤੇ ਬੰਨ੍ਹੇ ਸਾਫੇ ਨਾਲ ਪੂੰਝਿਆ।
‘ਮੈਨੂੰ ਲੱਗਦਾ ਡਰਦੀ ਏਂ ਕਿਤੇ ਹਰਨਾਮੀ ਬੁੜ੍ਹੀ ਆਲ਼ੀ ਨਾ ਹੋਜੇ। ਸੋਚਦੀ ਹੋਮੇਂਗੀ ਜੇ ਹਬੀ-ਨਬੀ ਹੋਗੀ- ਅਗਲਿਆਂ ਨੇ ਮੜ੍ਹੀਆਂ ‘ਚ ਵੀ ਨ੍ਹੀ ਵੜਨ ਦੇਣਾ। ਹੁਣ ਤਾਂ ਮਹਿੰਦਰ ਮਸਟਰ ਵੀ ਹੈਨੀ। ਰੱਬ ਕੋਲ ਗਏ ਨੂੰ ਵੀ ਕੈਅ ਸਾਲ ਹੋਗੇ। ਮਸਟਰਨੀ ਵੀ ਹੈਨੀ ਤੁਰਨ-ਫਿਰਨ ਜੋਕਰੀ।’
‘ਕਰਮਾ ਵਾਲੀਏ! ਮੈਨੂੰ ਤਾਂ ਪਿੰਡ ਵਾਲਿਆਂ ਦੀ ਸਮਝ ਨ੍ਹੀਂ ਲੱਗਦੀ— ਹਜੇ ਕੱਲ੍ਹ ਦੀਆਂ ਗੱਲਾਂ। ਕਰੋਨੇ ਦੀ ਬਿਮਾਰੀ ਦੇ ਦਿਨਾਂ ‘ਚ ਘਰੋ ਘਰੀ ਰਾਸ਼ਨ ਵੰਡਦੇ ਫਿਰਦੇ ਸੀਗੇ। ਫਿਰ ਜਦੋਂ ਆਹ ਕਾਨੂੰਨਾਂ ਆਲਾ ਰੌਲਾ ਪਿਆ, ਓਦੋਂ ਵੀ ‘ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ` ਦੇ ਨਾਰ੍ਹੇ ਲੱਗਦੇ ਸੀਗੇ। ਆਹ ਝੋਨਿਆਂ ਦੀ ਲਵਾਈ ਵੇਲ਼ੇ ਪਤਾ ਨ੍ਹੀ ਕੀ ਸਾੜ੍ਹ-ਸਤੀ ਫਿਰ ਜਾਂਦੀ।’ ਠੋਲ੍ਹੇ ਨੇ ਆਪਣਾ ਸੱਜਾ ਹੱਥ ਪੋਲੇ ਜਿਹੇ ਹਰਬੰਸ ਕੌਰ ਦੀ ਛਾਤੀ ‘ਤੇ ਰੱਖਿਆ ਤੇ ਫਿਰ ਖੱਬਾ ਕੰਨ ਛਾਤੀ ਨਾਲ ਲਾ ਕੇ ਦਿਲ ਦੀ ਧੜਕਣ ਸੁਣਨ ਦਾ ਯਤਨ ਕੀਤਾ।
‘ਰਵੰਸ ਕੁਰੇ ਚਾਹ ਬਣਾਮਾ? ਲੈ ਲੀਂ ਦੋ ਘੁੱਟਾਂ। ਜਿੰਨਾ ਚਿਰ ਨੈਣ ਪਰਾਣ ਚੱਲਦੇ, ਕੁਛ ਤਾਂ ਅੰਦਰ ਜਾਵੇ। ਕੀ ਪਤਾ ਹਜੇ ਕਿੰਨੇ ਦਿਨ ਰਿੜਕਣਾ ਪਿਆ ਰਹੇ।’ ਉਸ ਨੇ ਘਰਵਾਲੀ ਦੇ ਕੰਨਾਂ ਕੋਲ਼ ਮੂੰਹ ਲਿਜਾ ਕੇ ਉੱਚੀ ਆਵਾਜ਼ ‘ਚ ਆਖਿਆ ਪਰ ਓਧਰੋਂ ਹਾਂ-ਨਾਂਹ ‘ਚ ਜੁਆਬ ਤਾਂ ਕੀ ਆਉਣਾ ਸੀ, ਕੋਈ ਹਿੱਲਜੁੱਲ ਵੀ ਨਾ ਹੋਈ।
‘ਹੱਛਿਆ! ਜਿਮਂੇ ਤੇਰੀ ਇੱਛਾ।’ ਆਖਦਿਆਂ ਠੋਲ੍ਹਾ ਨਿਤਾਣਾ ਜਿਹਾ ਹੋ ਕੇ ਆਪਣੇ ਮੰਜੇ ‘ਤੇ ਜਾ ਢੱਠਾ। ਕੁੱਝ ਚਿਰ ਉਸੇ ਤਰਾਂ੍ਹ ਗੁੰਮ ਸੁੰਮ ਜਿਹਾ ਪਿਆ ਰਿਹਾ। ਫੇਰ ਹੰਭਲਾ ਮਾਰ ਕੇ ਉਠਿਆ ਤੇ ਦੁਬਾਰਾ ਹਰਬੰਸ ਕੌਰ ਦੇ ਮੰਜੇ ਦੀ ਬਾਹੀ ‘ਤੇ ਜਾ ਬੈਠਾ।
‘ਸੱਚ ਰਵੰਸ ਕੁਰੇ! ਤੈਨੂੰ ਤਾਂ ਮੈਂ ਦੱਸਣਾ ਈ ਭੁੱਲ ਗਿਆ। ਕੱਲ੍ਹ ਮੈਂ ਛੋਟੇ ਸਕੂਲ ਅੱਲੀਂ ਗਿਆ ਸੀ। ਮਾਸਟਰ ਮਹਿੰਦਰ ਦਾ ਮੁੰਡਾ ਮਿਲਿਆ ਓਥੇ ‘ਰਮੇਲ। ਪਤਾ ਈ ਐ ਤੈਨੂੰ ‘ਮਰੀਕਾ ਰਹਿੰਦੈ ਕੈਅ ਸਾਲਾਂ ਦਾ। ਕਮਰੇ ਪੁਆ ਰਿਐ ਮਸਟਰ ਦੇ ਨਾਓਂ ‘ਤੇ ਸਕੂਲ ‘ਚ।’ ਠੋਲ੍ਹੇ ਨੂੰ ਹਰਬੰਸ ਕੌਰ ਵੱਲੋਂ ਹਿਚਕੀ ਲੈਣ ਦੀ ਆਵਾਜ਼ ਸੁਣਾਈ ਦਿੱਤੀ। ਠੋਲ੍ਹੇ ਨੂੰ ਲੱਗਾ ਹਰਬੰਸ ਕੌਰ ਨੇ ਉਸ ਦੀ ਗੱਲ ਦਾ ਹੁੰਗਾਰਾ ਭਰਿਆ ਹੈ।
‘ਸੁਣਿਐ ਪਿੰਡ ‘ਚੋਂ ਕਈ ਬੰਦੇ ਗਏ ਸੀਗੇ ਮੁੰਡੇ ਕੋਲ਼। ਕੋਈ ਕਹਿੰਦਾ ਲੰਗਰ ਲਾਉਣਾ ਤਪ ਸਥਾਨਾਂ ‘ਤੇ। ਕੋਈ ਆਂਹਦਾ ਝੰਡੇ ਚੜ੍ਹਾਉਣ ਜਾਣੈ। ਹੋਰ ਵੀ ਗਏ ਸੀਗੇ, ਅਖੇ ਹਾਲ ਵੱਡਾ ਕਰਨਾ। ਲੰਬੜਦਾਰ ਆਂਹਦਾ ਮਸਟਰ ਦੇ ਨਾਂ ‘ਤੇ ਪਿੰਡ ਆਲ਼ੀ ਸੜਕ ‘ਤੇ ਵੱਡਾ ਗੇਟ ਬਣਾ ਦੇ। ਮੁੰਡੇ ਨੇ ਸਾਰੇ ਦਬੱਲ’ਤੇ ਪੁੱਠੇ ਪੈਰੀਂ। ਆਂਹਦਾ ਮੇਰੇ ਕੋਲ਼ੇ ਹੈਨੀ ਵਾਧੂ ਪੈਸੇ ਫਜ਼ੂਲ ਕੰਮਾਂ ਆਸਤੇ। ਹਾ ਹਾ ਹਾ।’ ਉਹ ਕਈ ਦਿਨਾਂ ਬਾਅਦ ਹੱਸਿਆ ਸੀ।
ਹਰਬੰਸ ਕੌਰ ਦੇ ਮਾੜੇ-ਮਾੜੇ ਬੁੱਲ੍ਹ ਹਿੱਲੇ। ਠੋਲ੍ਹੇ ਦੇ ਸਰੀਰ ‘ਚ ਖੁਸ਼ੀ ਦੀ ਲਹਿਰ ਦੌੜ ਗਈ।
‘ਮੁੰਡੇ ਦੀਆਂ ਤਾਂ ਭਾਈ ਗੱਲਾਂ ਈ ਹੋਰ ਐ। ਆਂਹਦਾ ਸਰਕਾਰੂ ਸਕੂਲ ‘ਤੇ ਪੈਸੇ ਲਾਊਂ ਜਿੱਥੇ ਗਰੀਬ-ਗੁਰਬੇ ਦੇ ਜੁਆਕ ਪੜ੍ਹਦੇ। ਉਨ੍ਹੇ ਤਾਂ ਬਾਜ਼ੀਗਰਾਂ ਦੀ ਧਰਮਸ਼ਾਲਾ ਆਸਤੇ ਵੀ ਡੂਢ ਲੱਖ ਦੇ’ਤਾ; ਅਖੇ, ਗਰੀਬਾਂ ਨੇ ਸ਼ਾਦੀ-ਗਮੀ ਆਲ਼ੇ ਸਮਾਗਮ ਏਥੇ ਈ ਕਰਨੇ ਹੁੰਦੇ ਆ। ਸੁਣਿਆ ਸ਼ਰੀਕਾ ‘ਰਮੇਲ ਨਾਲ ਤੜਿੰਗ ਹੋਇਆ ਫਿਰਦੈ। ਉਹ ਤਾਂ ਕਹਿੰਦੇ ਰਮੇਲ ਜਾਤਾਂ ਨੂੰ ਸਿਰ ਚੜ੍ਹਾਈ ਜਾਂਦਾ।’ ਬੰਸੋ ਦੇ ਲੰਮਾ ਸਾਹ ਲੈਣ ਦੀ ਆਵਾਜ਼ ਆਈ।
‘ਬਸ਼ਕੀਂ ਬਾਬਾ ਨਾਨਕਾ!’ ਠੋਲ੍ਹੇ ਦੇ ਹੱਥ ਆਪ ਮੁਹਾਰੇ ਅਰਦਾਸ ਕਰਨ ਲਈ ਜੁੜ ਗਏ।
‘ਮੁੰਡਾ ਬੜੇ ਤਪਾਕ ਨਾਲ ਮਿਲਿਆ ਮੇਰੇ ਗੋਡੀਂ ਹੱਥ ਲਾ ਕੇ। ਘੁੱਟ ਕੇ ਜੱਫ਼ੀ ਪਾ ਲਈ। ਆਂਹਦਾ, ‘ਚਾਚਾ ਘਾਬਰਨਾ ਨ੍ਹੀਂ ਕਿਸੇ ਗੱਲੋਂ। ਮੈਂ ਕੱਲ੍ਹ ਨੂੰ ਗੇੜਾ ਮਾਰੂੰ ਥੋਡੇ ਘਰਾਂ ਅੱਲੀਂ।’ ਹਰਬੰਸ ਕੌਰ ਦੀਆਂ ਅੱਖਾਂ ਦੀਆਂ ਝਿੰਮਣੀਆਂ ਕਾਹਲ਼ੀ-ਕਾਹਲ਼ੀ ਉੱਪਰ ਥੱਲੇ ਹੋਈਆਂ। ਠੋਲ੍ਹਾ ਅੰਦਰ ਤੀਕ ਖਿੜ ਗਿਆ। ਉਸ ਨੇ ਘਰਵਾਲੀ ਦਾ ਸਿਰ ਬੁੱਕਲ ‘ਚ ਲੈ ਲਿਆ।
‘ਬਾਈਕਾਟ ਬਾਹਲ਼ਾ ਚਿਰ ਨ੍ਹੀਂ ਚੱਲਦਾ।’ ਠੋਲ੍ਹੇ ਦੀ ਆਵਾਜ਼ ‘ਚ ਹੁਣ ਪੂਰੀ ਖਣਕ ਸੀ।
‘ਹੈ ਕਮਲੀ ਨਾ ਹੋਵੇ…ਐਮੇਂ ਦਿਲ ਛੱਡੀ ਪਈ ਐਂ।’ ਠੋਲ੍ਹੇ ਨੇ ਹਰਬੰਸ ਕੌਰ ਨੂੰ ਪਿਆਰ ਨਾਲ ਨਿੱਕਾ ਜਿਹਾ ਨਿਹੋਰਾ ਮਾਰਿਆ।
ਹਰਬੰਸ ਕੌਰ ਨੇ ਪੂਰਾ ਜ਼ੋਰ ਲਾ ਕੇ ਅੱਖਾਂ ਪੱਟੀਆਂ। ਠੋਲ੍ਹੇ ਨੂੰ ਉਸ ਦੀਆਂ ਅੱਖਾਂ ‘ਚ ਭਰਵੀਂ ਲਿਸ਼ਕ ਦਿਖਾਈ ਦਿੱਤੀ। ਹਰਬੰਸ ਕੌਰ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਨਾ ਨਿਕਲੀ। ਉਸ ਦੇ ਬੁੱਲ੍ਹਾਂ ‘ਤੇ ਮੁਰਮਰੀ ਜਿਹੀ ਮੁਸਕਾਣ ਉੱਭਰੀ ਤੇ ਸਿਰ ਇਕ ਪਾਸੇ ਨੂੰ ਲੁੜ੍ਹਕ ਗਿਆ।
‘ਪਿੰਡ ਆਏਂ ਨ੍ਹੀਂ ਮਰਦਾ ਹੁੰਦਾ ਰਵੰਸ ਕੁਰੇ!’ ਹਰਬੰਸ ਕੌਰ ਦੇ ਸਿਰ ਨੂੰ ਛਾਤੀ ਨਾਲ ਲਾਉਂਦਿਆਂ ਠੋਲ੍ਹੇ ਦੀ ਭੁੱਬ ਨਿਕਲ ਗਈ।