ਮੋਦੀ ਮਾਡਲ ਦੀ ਹਕੀਕਤ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਉਘੀ ਲਿਖਾਰੀ ਅਰੁੰਧਤੀ ਰਾਏ ਵੱਖ-ਵੱਖ ਮੁੱਦਿਆਂ ਬਾਰੇ ਆਪਣੀ ਬੇਬਾਕ ਰਾਏ ਰੱਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ ਨਾਲ ਜੁੜੇ ਬੀ.ਬੀ.ਸੀ. ਦਸਤਾਵੇਜ਼ੀ ਅਤੇ ਹਿੰਡਨਬਰਗ ਰਿਪੋਰਟ ਮਾਮਲਿਆਂ ਬਾਰੇ ਉਨ੍ਹਾਂ ਮਸ਼ਹੂਰ ਅਖਬਾਰ ‘ਦਿ ਗਾਰਡੀਅਨ’ ਵਿਚ ਲੇਖ ਲਿਖਿਆ ਹੈ ਜਿਸ ਵਿਚ ਵੱਡੇ ਸਵਾਲ ਉਠਾਏ ਹਨ। ਇਸ ਲੇਖ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਬੀ.ਬੀ.ਸੀ.-ਹਿੰਡਨਬਰਗ ਮਾਮਲਾ ਇਉਂ ਦਿਖਾਇਆ ਜਾ ਰਿਹਾ ਹੈ ਜਿਵੇਂ ਵਿਦੇਸ਼ੀ ਤਾਕਤਾਂ ਭਾਰਤ ਉੱਪਰ ਹਮਲਾ ਕਰ ਰਹੀਆਂ ਹਨ; ਖ਼ਾਸ ਕਰ ਕੇ ਬਰਤਾਨੀਆ ਅਤੇ ਅਮਰੀਕਾ; ਜਾਂ ਫਿਰ ਸਾਡੀ (ਭਾਰਤ) ਸਰਕਾਰ ਚਾਹੁੰਦੀ ਹੈ ਕਿ ਅਸੀਂ ਅਜਿਹਾ ਸੋਚੀਏ। ਕਿਉਂ? ਕਿਉਂਕਿ ਪੁਰਾਣੀਆਂ ਬਸਤੀਵਾਦੀ ਤਾਕਤਾਂ ਅਤੇ ਨਵੇਂ ਸਾਮਰਾਜਵਾਦੀ ਸਾਡੀ ਦੌਲਤ ਅਤੇ ਖੁਸ਼ਹਾਲੀ ਤੋਂ ਸੜਦੇ ਹਨ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਹਮਲਾ ਸਾਡੇ ਨੌਜਵਾਨ ਰਾਸ਼ਟਰ ਦੀਆਂ ਰਾਜਨੀਤਕ ਅਤੇ ਆਰਥਿਕ ਬੁਨਿਆਦਾਂ ਵਿਰੁੱਧ ਸੇਧਤ ਹੈ।
ਲੁਕ-ਛਿਪ ਕੇ ਵਾਰ ਕਰਨ ਵਾਲੇ ਖ਼ੁਫ਼ੀਆ ਏਜੰਟ ਹਨ। ਬੀ.ਬੀ.ਸੀ. ਨੇ ਜਨਵਰੀ ਵਿਚ ਦੋ ਹਿੱਸਿਆਂ `ਚ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਐਸਚਨ’ ਦਾ ਪ੍ਰਸਾਰਨ ਕੀਤਾ। ਹਿੰਡਨਬਰਗ ਰਿਸਰਚ 38 ਸਾਲਾ ਨਾਥਨ ਐਂਡਰਸਨ ਦੀ ਕੰਪਨੀ ਹੈ ਜੋ ਐਕਟਿਵਿਸਟ ਸ਼ਾਰਟ-ਸੈਲਿੰਗ ਵਜੋਂ ਜਾਣੀ ਜਾਂਦੀ ਹੈ। ਬੀ.ਬੀ.ਸੀ.-ਹਿੰਡਨਬਰਗ ਮਾਮਲੇ ਨੂੰ ਭਾਰਤੀ ਮੀਡੀਆ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ ਕਿ ਇਹ ਭਾਰਤ ਦੇ ਟਵਿਨ ਟਾਵਰਾਂ (ਜੌੜੇ ਟਾਵਰਾਂ) ਉੱਪਰ ਹਮਲੇ ਤੋਂ ਘੱਟ ਨਹੀਂ। ਇਹ ਜੌੜੇ ਟਾਵਰ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਗੌਤਮ ਅਡਾਨੀ ਜੋ ਪਿੱਛੇ ਜਿਹੇ ਤੱਕ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ। ਇਨ੍ਹਾਂ ਦੋਵਾਂ ਵਿਰੁੱਧ ਦੋਸ਼ ਮਾਮੂਲੀ ਨਹੀਂ ਹਨ।
ਬੀ.ਬੀ.ਸੀ. ਨੇ ਇਸ਼ਾਰਾ ਕੀਤਾ ਹੈ ਕਿ ਮੋਦੀ ਨੇ ਸਮੂਹਿਕ ਕਤਲੇਆਮ ਨੂੰ ਉਕਸਾਇਆ ਸੀ। ਇੱਧਰ 24 ਜਨਵਰੀ ਨੂੰ ਛਪੀ ਹਿੰਡਨਬਰਗ ਰਿਪੋਰਟ ਨੇ ਅਡਾਨੀ ਉੱਪਰ ‘ਕਾਰਪੋਰੇਟ ਇਤਿਹਾਸ ਦੀ ਸਭ ਤੋਂ ਵੱਡੀ ਧੋਖਾਧੜੀ` ਕਰਨ ਦਾ ਦੋਸ਼ ਲਾਇਆ (ਅਡਾਨੀ ਸਮੂਹ ਨੇ ਇਸ ਦੋਸ਼ ਦਾ ਜ਼ੋਰਦਾਰ ਖੰਡਨ ਕੀਤਾ ਹੈ)।
ਮੋਦੀ ਅਤੇ ਅਡਾਨੀ ਦੀ ਆਪਸੀ ਜਾਣ-ਪਛਾਣ ਦਹਾਕਿਆਂ ਪੁਰਾਣੀ ਹੈ। 2002 `ਚ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਦੋਵਾਂ ਦੇ ਹਾਲਾਤ ਸੁਧਰਨੇ ਸ਼ੁਰੂ ਹੋਏ। ਇਹ ਕਤਲੇਆਮ ਗੁਜਰਾਤ ਵਿਚ ਉਦੋਂ ਹੋਇਆ ਸੀ ਜਦੋਂ ਮੁਸਲਮਾਨਾਂ ਨੂੰ ਰੇਲ ਦੇ ਡੱਬੇ ਨੂੰ ਅੱਗ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਵਿਚ 59 ਹਿੰਦੂ ਤੀਰਥ ਯਾਤਰੀ ਜਿਉਂਦੇ ਸੜ ਗਏ ਸਨ। ਇਸ ਕਤਲੇਆਮ ਤੋਂ ਕੁਝ ਮਹੀਨੇ ਪਹਿਲਾਂ ਮੋਦੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।
ਉਸ ਸਮੇਂ ਗੁਜਰਾਤ ਦੇ ਕਸਬਿਆਂ-ਪਿੰਡਾਂ `ਚ ਹਮਲਾਵਰ ਹਿੰਦੂ ਹਜੂਮਾਂ ਵੱਲੋਂ ‘ਬਦਲਾ ਲੈਣ ਲਈ` ਮੁਸਲਮਾਨਾਂ ਦੇ ਸ਼ਰੇਆਮ ਕਤਲਾਂ ਅਤੇ ਬਲਾਤਕਾਰਾਂ ਦੇ ਖ਼ੌਫ਼ ਨਾਲ ਭਾਰਤ ਦਹਿਸ਼ਤ ਦੇ ਸਾਏ ਹੇਠ ਸੀ। ਉਦੋਂ ਕਾਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਪੁਰਾਣੀ ਤਰਜ਼ ਦੇ ਕੁਝ ਮੈਂਬਰਾਂ ਨੇ ਮੋਦੀ ਪ੍ਰਤੀ ਆਪਣੀ ਨਾਖ਼ੁਸ਼ੀ ਖੁੱਲ੍ਹੇਆਮ ਜ਼ਾਹਿਰ ਕੀਤੀ ਸੀ। ਇਸ ਮੌਕੇ `ਤੇ ਗੌਤਮ ਅਡਾਨੀ ਉੱਭਰ ਕੇ ਸਾਹਮਣੇ ਆਏ ਸਨ।
ਉਸ ਨੇ ਗੁਜਰਾਤੀ ਉਦਯੋਗਪਤੀਆਂ ਦੇ ਨਿੱਕੇ ਜਿਹੇ ਸਮੂਹ ਨਾਲ ਮਿਲ ਕੇ ‘ਰਿਸਰਜੈਂਟ ਗਰੁੱਪ ਆਫ ਗੁਜਰਾਤ` ਨਾਮ ਦਾ ਕਾਰੋਬਾਰੀਆਂ ਦਾ ਨਵਾਂ ਮੰਚ ਬਣਾਇਆ। ਉਨ੍ਹਾਂ ਆਲੋਚਨਾ ਕਰਨ ਵਾਲਿਆਂ ਨੂੰ ਰੱਦ ਕਰਦਿਆਂ ਮੋਦੀ ਦੀ ਹਮਾਇਤ ਕੀਤੀ ਜਿਸ ਨੇ ‘ਹਿੰਦੂ ਹਿਰਦੇ ਸਮਰਾਟ` ਦੇ ਰੂਪ `ਚ, ਸਹੀ-ਸਹੀ ਕਹਿਣਾ ਹੋਵੇ ਤਾਂ ਹਿੰਦੂ ਵੋਟ ਬੈਂਕ ਨੂੰ ਇਕਜੁੱਟ ਕਰਨ ਵਾਲੇ ਆਗੂ ਦੇ ਰੂਪ `ਚ ਆਪਣਾ ਨਵਾਂ ਰਾਜਨੀਤਕ ਕਰੀਅਰ ਸ਼ੁਰੂ ਕੀਤਾ ਸੀ। 2003 `ਚ ਉਸ ਨੇ ਵਾਈਬ੍ਰੈਂਟ ਗੁਜਰਾਤ ਨਾਮ ਦਾ ਨਿਵੇਸ਼ਕਾਂ ਦਾ ਸੰਮੇਲਨ ਕੀਤਾ। ਇਸ ਤਰ੍ਹਾਂ ਉਸ ਚੀਜ਼ ਦਾ ਜਨਮ ਹੋਇਆ ਜਿਸ ਨੂੰ ‘ਵਿਕਾਸ` ਦੇ ਗੁਜਰਾਤ ਮਾਡਲ ਵਜੋਂ ਜਾਣਿਆ ਜਾਂਦਾ ਹੈ: ਕਾਰਪੋਰੇਟ ਜਗਤ ਦੀ ਜ਼ੋਰਦਾਰ ਮਦਦ ਨਾਲ ਹਿੰਸਕ ਹਿੰਦੂ ਰਾਸ਼ਟਰਵਾਦ।
ਗੁਜਰਾਤ ਦਾ ਤਿੰਨ ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ 2014 ਵਿਚ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ। ਸਹੁੰ ਚੁੱਕ ਸਮਾਗਮ ਲਈ ਸ਼ਾਮਲ ਹੋਣ ਲਈ ਉਹ ਨਿੱਜੀ ਜੈੱਟ ਜਹਾਜ਼ `ਤੇ ਸਵਾਰ ਹੋ ਕੇ ਦਿੱਲੀ ਆਇਆ ਜਿਸ ਉੱਪਰ ਵੱਡੇ-ਵੱਡੇ ਅੱਖਰਾਂ `ਚ ਅਡਾਨੀ ਦਾ ਨਾਂ ਚਮਕ ਰਿਹਾ ਸੀ। ਮੋਦੀ ਦੇ ਨੌਂ ਸਾਲਾਂ ਦੇ ਕਾਰਜਕਾਲ ਵਿਚ ਅਡਾਨੀ ਦੀ ਦੌਲਤ 8 ਅਰਬ ਡਾਲਰ ਤੋਂ ਵਧ ਕੇ 137 ਅਰਬ ਡਾਲਰ ਹੋ ਗਈ। ਸਿਰਫ਼ 2022 `ਚ ਹੀ ਉਸ ਨੇ 72 ਅਰਬ ਡਾਲਰ ਕਮਾਏ ਜੋ ਦੁਨੀਆ ਵਿਚ ਉਸ ਤੋਂ ਐਨ ਹੇਠਲੇ ਨੌਂ ਅਰਬਪਤੀਆਂ ਦੀ ਸਾਂਝੀ ਦੌਲਤ ਤੋਂ ਵੀ ਵਧੇਰੇ ਹੈ। ਹੁਣ ਅਡਾਨੀ ਸਮੂਹ ਦਾ ਇਕ ਦਰਜਨ ਵਪਾਰਕ ਬੰਦਰਗਾਹਾਂ ਉੱਪਰ ਕੰਟਰੋਲ ਹੈ ਜਿਸ ਰਾਹੀਂ ਭਾਰਤ ਵਿਚ ਮਾਲ ਦੀ ਕੁੱਲ ਢੋਆ-ਢੁਆਈ ਦਾ 30% ਪ੍ਰਤੀਸ਼ਤ ਸੰਚਾਲਿਤ ਹੁੰਦਾ ਹੈ। ਉਸ ਦੇ ਹੱਥਾਂ `ਚ ਸੱਤ ਹਵਾਈ ਅੱਡੇ ਹਨ ਜਿੱਥੋਂ ਭਾਰਤ ਦੇ ਕੁਲ ਹਵਾਈ ਯਾਤਰੀਆਂ ਦਾ 23 ਫੀਸਦੀ ਆਉਂਦੇ-ਜਾਂਦੇ ਹਨ।
ਭਾਰਤ ਦੇ ਕੁਲ ਅਨਾਜ ਦਾ 30% ਅਡਾਨੀ ਦੇ ਕੰਟਰੋਲ ਵਾਲੇ ਗੋਦਾਮਾਂ ਵਿਚ ਭੰਡਾਰ ਕੀਤਾ ਜਾਂਦਾ ਹੈ। ਉਹ ਭਾਰਤ ਵਿਚ ਪ੍ਰਾਈਵੇਟ ਸੈਕਟਰ ਵਿਚ ਬਿਜਲੀ ਪੈਦਾ ਕਰਨ ਵਾਲੇ ਸਭ ਤੋਂ ਵੱਡੇ ਪਾਵਰ ਪਲਾਂਟਾਂ ਦਾ ਮਾਲਕ ਹੈ ਜਾਂ ਉਨ੍ਹਾਂ ਨੂੰ ਚਲਾਉਂਦਾ ਹੈ। ਵਿਕਾਸ ਦਾ ਗੁਜਰਾਤ ਮਾਡਲ ਇਸ ਤਰ੍ਹਾਂ ਲਾਗੂ ਹੋਇਆ ਹੈ ਅਤੇ ਵੱਡੇ ਪੱਧਰ `ਤੇ ਲਾਗੂ ਕੀਤਾ ਗਿਆ ਹੈ। ਲੋਕ ਹੁਣ ਮਜ਼ਾਕ `ਚ ਕਹਿੰਦੇ ਹਨ- ‘ਪਹਿਲਾਂ ਮੋਦੀ ਅਡਾਨੀ ਦੇ ਹਵਾਈ ਜਹਾਜ ਵਿਚ ਜਾਂਦਾ ਸੀ, ਹੁਣ ਅਡਾਨੀ ਮੋਦੀ ਦੇ ਹਵਾਈ ਜਹਾਜ ਵਿਚ ਜਾਂਦਾ ਹੈ। ਹੁਣ ਦੋਵਾਂ ਹਵਾਈ ਜਹਾਜ਼ਾਂ ਦੇ ਇੰਜਨ ਵਿਚ ਨੁਕਸ ਪੈ ਗਿਆ ਹੈ। ਕੀ ਉਹ ਆਪਣੇ ਆਪ ਨੂੰ ਭਾਰਤੀ ਝੰਡੇ ਵਿਚ ਲਪੇਟ ਕੇ ਮੁਸੀਬਤ ਤੋਂ ਬਾਹਰ ਨਿਕਲ ਸਕਦੇ ਹਨ?’
ਬੀ.ਬੀ.ਸੀ. ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਐਸਚਨ` ਦਾ ਪਹਿਲਾ ਭਾਗ (ਜਿਸ ਵਿਚ ਇੰਟਰਵਿਊ ‘ਚ ਮੈਂ ਵੀ ਕੁਝ ਪਲਾਂ ਲਈ ਆਈ ਹਾਂ) 2002 ਦੇ ਗੁਜਰਾਤ ਕਤਲੇਆਮ ਬਾਰੇ ਹੈ- ਸਿਰਫ਼ ਕਤਲੇਆਮ ਬਾਰੇ ਹੀ ਨਹੀਂ, ਇਹ ਕੁਝ ਪੀੜਤਾਂ ਦੇ 20 ਸਾਲ ਲੰਮੇ ਉਸ ਸਫ਼ਰ ਬਾਰੇ ਵੀ ਹੈ ਜੋ ਉਨ੍ਹਾਂ ਨੇ ਭਾਰਤ ਦੀ ਕਾਨੂੰਨੀ ਪ੍ਰਣਾਲੀ ਦੇ ਚੱਕਰਵਿਊ `ਚ ਆਪਣੇ ਵਿਸ਼ਵਾਸ ਨੂੰ ਹਿੱਕ ਨਾਲ ਘੁੱਟੀ ਨਿਆਂ ਅਤੇ ਰਾਜਨੀਤਕ ਜਵਾਬਦੇਹੀ ਦੀ ਉਮੀਦ ਨਾਲ ਤੈਅ ਕੀਤਾ ਹੈ।
ਦਸਤਾਵੇਜ਼ੀ ਵਿਚ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਸ਼ਾਮਲ ਹਨ ਜਿਨ੍ਹਾਂ ਵਿਚੋਂ ਸਭ ਤੋਂ ਦਿਲ ਕੰਬਾ ਦੇਣ ਵਾਲੀ ਗਵਾਹੀ ਇਮਤਿਆਜ਼ ਪਠਾਨ ਦੀ ਹੈ। ਜਿਸ ਦੇ ਪਰਿਵਾਰ ਦੇ 10 ਜੀਅ ‘ਗੁਲਬਰਗ ਸੁਸਾਇਟੀ ਕਤਲੇਆਮ` ਵਿਚ ਮਾਰ ਦਿੱਤੇ ਸਨ। ਗੁਲਬਰਗ ਸੁਸਾਇਟੀ `ਚ ਹੋਇਆ ਕਤਲੇਆਮ ਉਨ੍ਹਾਂ ਦਿਨਾਂ ਵਿਚ ਗੁਜਰਾਤ ਵਿਚ ਵਾਪਰੇ ਕਈ ਭਿਆਨਕ ਕਤਲੇਆਮਾਂ ਵਿਚੋਂ ਇਕ ਸੀ।
ਪਠਾਨ ਦੱਸਦਾ ਹੈ ਕਿ ਕਿਵੇਂ ਉਨ੍ਹਾਂ ਸਾਰਿਆਂ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੇ ਘਰ ਵਿਚ ਪਨਾਹ ਲਈ ਹੋਈ ਸੀ ਅਤੇ ਬਾਹਰ ਭੀੜ ਇਕੱਠੀ ਹੋ ਰਹੀ ਸੀ। ਉਹ ਦੱਸਦਾ ਹੈ ਕਿ ਉਮੀਦ ਗੁਆ ਚੁੱਕੇ ਜਾਫ਼ਰੀ ਨੇ ਨਰਿੰਦਰ ਮੋਦੀ ਨੂੰ ਮਦਦ ਲਈ ਆਖਰੀ ਵਾਰ ਫ਼ੋਨ ਕੀਤਾ ਅਤੇ ਜਦੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਕੋਈ ਮਦਦ ਨਹੀਂ ਕੀਤੀ ਜਾਵੇਗੀ ਤਾਂ ਉਹ ਆਪਣੇ ਘਰ ਤੋਂ ਬਾਹਰ ਆ ਗਿਆ ਅਤੇ ਆਪਣੇ ਆਪ ਨੂੰ ਭੀੜ ਦੇ ਹਵਾਲੇ ਕਰ ਦਿੱਤਾ।
ਉਸ ਨੂੰ ਉਮੀਦ ਸੀ ਕਿ ਉਹ ਭੀੜ ਨੂੰ ਇਸ ਲਈ ਮਨਾ ਲੈਣਗੇ ਕਿ ਉਸ ਦੇ ਘਰ `ਚ ਪਨਾਹ ਲੈਣ ਵਾਲੇ ਲੋਕਾਂ ਨੂੰ ਬਖਸ਼ ਦਿੱਤਾ ਜਾਵੇ। ਜਾਫ਼ਰੀ ਦੇ ਟੁਕੜੇ-ਟੁਕੜੇ ਕਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਇਸ ਤਰ੍ਹਾਂ ਸਾੜ ਦਿੱਤਾ ਗਿਆ ਕਿ ਉਸ ਦੀ ਕੋਈ ਪਛਾਣ ਬਾਕੀ ਨਾ ਰਹੀ। ਇਸ ਤੋਂ ਬਾਅਦ ਕਈ ਘੰਟਿਆਂ ਤੱਕ ਕਤਲੇਆਮ ਤੇ ਤਬਾਹੀ ਜਾਰੀ ਰਹੀ।
ਜਦੋਂ ਕੇਸ ਦੀ ਅਦਾਲਤੀ ਸੁਣਵਾਈ ਸ਼ੁਰੂ ਹੋਈ ਤਾਂ ਗੁਜਰਾਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਦਦ ਲਈ ਕੋਈ ਫੋਨ ਆਇਆ ਸੀ, ਹਾਲਾਂਕਿ ਇਸ ਦਾ ਜ਼ਿਕਰ ਸਿਰਫ਼ ਇਮਤਿਆਜ਼ ਪਠਾਨ ਨੇ ਹੀ ਨਹੀਂ ਸਗੋਂ ਕਈ ਹੋਰ ਗਵਾਹਾਂ ਨੇ ਵੀ ਆਪਣੇ ਬਿਆਨਾਂ ਵਿਚ ਕੀਤਾ ਸੀ। ਸਰਕਾਰ ਦੇ ਇਨਕਾਰ ਨੂੰ ਸੱਚ ਮੰਨ ਲਿਆ ਗਿਆ।
ਬੀ.ਬੀ.ਸੀ. ਦੀ ਦਸਤਾਵੇਜ਼ੀ ਵੀ ਸਪਸ਼ਟ ਜ਼ਿਕਰ ਕਰਦੀ ਹੈ। ਦਸਤਾਵੇਜ਼ੀ ਨੂੰ ਭਾਰਤ ਸਰਕਾਰ ਭਾਵੇਂ ਕਿੰਨਾ ਵੀ ਬਦਨਾਮ ਕਰ ਲਵੇ ਪਰ ਅਸਲ ਵਿਚ ਇਹ ਨਸਲਕੁਸ਼ੀ ਬਾਰੇ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੀ ਸੁਪਰੀਮ ਕੋਰਟ ਦਾ ਨਜ਼ਰੀਆ ਪੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ। 24 ਜੂਨ 2022 ਨੂੰ ਅਦਾਲਤ ਨੇ ਅਹਿਸਾਨ ਜਾਫ਼ਰੀ ਦੀ ਵਿਧਵਾ ਜ਼ਕੀਆ ਜਾਫ਼ਰੀ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਵਿਚ ਜ਼ਕੀਆ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਦੇ ਕਤਲ ਪਿੱਛੇ ਵੱਡੀ ਸਾਜ਼ਿਸ਼ ਕੰਮ ਕਰ ਰਹੀ ਸੀ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਉਸ ਦੀ ਪਟੀਸ਼ਨ ‘ਪ੍ਰਕਿਰਿਆ ਦੀ ਦੁਰਵਰਤੋਂ` ਹੈ ਅਤੇ ਸੁਝਾਅ ਦਿੱਤਾ ਕਿ ਇਸ ਕੇਸ ਦੀ ਕਾਨੂੰਨੀ ਲੜਾਈ ਜਾਰੀ ਰੱਖਣ ਵਾਲਿਆਂ ਉੱਪਰ ਮੁਕੱਦਮਾ ਚਲਾਇਆ ਜਾਵੇ। ਮੋਦੀ ਦੇ ਹਮਾਇਤੀਆਂ ਨੇ ਇਸ ਫ਼ੈਸਲੇ ਨੂੰ ਮੋਦੀ ਦੀ ਬੇਗੁਨਾਹੀ ਉੱਪਰ ਅਦਾਲਤੀ ਮੋਹਰ ਵਜੋਂ ਲੈਂਦੇ ਹੋਏ ਜਸ਼ਨ ਮਨਾਏ।
ਦਸਤਾਵੇਜ਼ੀ ਫਿਲਮ ਅਮਿਤ ਸ਼ਾਹ ਨਾਲ ਇੰਟਰਵਿਊ ਵੀ ਦਿਖਾਉਂਦੀ ਹੈ ਜੋ ਗੁਜਰਾਤ ਤੋਂ ਮੋਦੀ ਦਾ ਇਕ ਹੋਰ ਦੋਸਤ ਹੈ। ਸ਼ਾਹ ਮੋਦੀ ਦੀ ਤੁਲਨਾ ਭਗਵਾਨ ਸ਼ਿਵ ਨਾਲ ਕਰਦਾ ਹੈ ਜਿਸ ਨੇ 19 ਸਾਲਾਂ ਤੱਕ ‘ਜ਼ਹਿਰ ਪੀਤਾ ਅਤੇ ਇਸ ਨੂੰ ਹਲਕ `ਚੋਂ ਲੰਘਾ ਲਿਆ`। ਸੁਪਰੀਮ ਕੋਰਟ ਦੀ ‘ਕਲੀਨ ਚਿੱਟ` ਤੋਂ ਬਾਅਦ ਮੰਤਰੀ ਨੇ ਕਿਹਾ ਸੀ, ‘ਸੱਚ ਸੋਨੇ ਵਾਂਗ ਚਮਕਦਾ ਹੋਇਆ ਸਾਹਮਣੇ ਆ ਗਿਆ ਹੈ।`
ਬੀ.ਬੀ.ਸੀ. ਦਸਤਾਵੇਜ਼ੀ ਦੇ ਜਿਸ ਹਿੱਸੇ ਉੱਪਰ ਭਾਰਤ ਸਰਕਾਰ ਨੇ ਸਭ ਤੋਂ ਵੱਧ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਸ ਵਿਚ ਅਪਰੈਲ 2002 ‘ਚ ਬਰਤਾਨਵੀ ਵਿਦੇਸ਼ ਦਫ਼ਤਰ ਦੁਆਰਾ ਤਿਆਰ ਕੀਤੀ ਅੰਦਰੂਨੀ ਰਿਪੋਰਟ ਦਾ ਖ਼ੁਲਾਸਾ ਕੀਤਾ ਗਿਆ ਹੈ ਜਿਸ ਬਾਰੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਸੀ।
ਤੱਥ ਖੋਜ ਰਿਪੋਰਟ ਨੇ ਅੰਦਾਜ਼ਾ ਲਗਾਇਆ ਸੀ ਕਿ ‘ਘੱਟੋ-ਘੱਟ 2000` ਲੋਕਾਂ ਦਾ ਕਤਲ ਕੀਤਾ ਗਿਆ ਸੀ; ਕਿ ਸਮੂਹਿਕ ਕਤਲੇਆਮ ਦੀ ਯੋਜਨਾ ਪਹਿਲਾਂ ਹੀ ਬਣਾਈ ਗਈ ਸੀ ਜਿਸ ਵਿਚ ‘ਨਸਲੀ ਸਫ਼ਾਏ ਦੀਆਂ ਸਾਰੀਆਂ ਖ਼ਾਸ ਨਿਸ਼ਾਨੀਆਂ ਦਿਖਾਈ ਦਿੰਦੀਆਂ ਸਨ`; ਕਿ ਭਰੋਸੇਯੋਗ ਸੂਤਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੁਲਿਸ ਨੂੰ ਚੁੱਪ-ਚਾਪ ਖੜ੍ਹੇ ਰਹਿਣ ਦੇ ਹੁਕਮ ਦਿੱਤੇ ਗਏ ਸਨ। ਰਿਪੋਰਟ ਸਿੱਧੇ ਤੌਰ `ਤੇ ਮੋਦੀ ਉੱਪਰ ਉਂਗਲ ਉਠਾਉਂਦੀ ਹੈ। ਉਹ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਹੈ ਜਿਸ ਵਿਚ ਇਕ ਸਾਬਕਾ ਬਰਤਾਨਵੀ ਕੂਟਨੀਤਕ ਅਧਿਕਾਰੀ ਜੋ ਤੱਥ ਖੋਜ ਮਿਸ਼ਨ ਵਿਚ ਜਾਂਚ ਕਰਤਾ ਸੀ, ਅਜੇ ਵੀ ਏਨਾ ਸੁਚੇਤ ਹੋ ਕੇ ਗੱਲ ਕਰ ਰਿਹਾ ਸੀ ਕਿ ਉਸ ਨੇ ਗੱਲਬਾਤ `ਚ ਆਪਣਾ ਨਾਮ ਗੁਪਤ ਰੱਖਿਆ ਅਤੇ ਕੈਮਰੇ `ਤੇ ਬਸ ਉਸ ਦੀ ਪਿੱਠ ਦਿਖਾਈ ਗਈ।
ਬੀ.ਬੀ.ਸੀ. ਦਸਤਾਵੇਜ਼ੀ ਦਾ ਦੂਜਾ ਭਾਗ ਘੱਟ ਦੇਖਿਆ ਗਿਆ ਹੈ ਪਰ ਇਹ ਕਿਤੇ ਜ਼ਿਆਦਾ ਭਿਆਨਕ ਹੈ। ਇਹ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮੋਦੀ ਵੱਲੋਂ ਖ਼ਤਰਨਾਕ ਪਾਲਾਬੰਦੀ ਅਤੇ ਡੂੰਘੀਆਂ ਦਰਾੜਾਂ ਪਾਉਣ ਬਾਰੇ ਹੈ। ਜ਼ਿਆਦਾਤਰ ਭਾਰਤੀਆਂ ਲਈ ਇਹ ਨਿੱਤ ਦਾ ਅਨੁਭਵ ਹੈ; ਤਲਵਾਰਾਂ ਨਾਲ ਲੈਸ ਭੀੜ, ਮੁਸਲਮਾਨਾਂ ਦੇ ਨਸਲੀ ਸਫ਼ਾਏ ਤੇ ਮੁਸਲਿਮ ਔਰਤਾਂ ਦੇ ਸਮੂਹਿਕ ਬਲਾਤਕਾਰ ਦਾ ਸੱਦਾ ਦਿੰਦੇ ਭਗਵੇਂ ਧਰਮ ਗੁਰੂ, ਉਹ ਬੇਖ਼ੌਫ਼ ਹਿੰਮਤ ਜਿਸ ਨਾਲ ਹਿੰਦੂ ਸੜਕਾਂ `ਤੇ ਮੁਸਲਮਾਨਾਂ ਨੂੰ ਖੁੱਲ੍ਹੇਆਮ ਕੁੱਟ-ਕੁੱਟ ਕੇ ਮਾਰ ਸਕਦੇ ਹਨ। ਅਜਿਹੀਆਂ ਹਰਕਤਾਂ ਕਰਦੇ ਹੋਏ ਉਹ ਨਾ ਸਿਰਫ਼ ਆਪਣੀਆਂ ਵੀਡੀਓ ਬਣਾਉਂਦੇ ਹਨ ਸਗੋਂ ਮੋਦੀ ਕੈਬਨਿਟ ਦੇ ਸੀਨੀਅਰ ਮੰਤਰੀ ਫੁੱਲਾਂ ਦੇ ਹਾਰਾਂ ਨਾਲ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਦਸਤਾਵੇਜ਼ੀ ਸਿਰਫ਼ ਬਰਤਾਨਵੀ ਦਰਸ਼ਕਾਂ ਲਈ ਹੀ ਪ੍ਰਸਾਰਿਤ ਕੀਤੀ ਗਈ ਅਤੇ ਯੂ.ਕੇ. ਤੱਕ ਸੀਮਤ ਸੀ ਪਰ ਇਸ ਨੂੰ ਦਰਸ਼ਕਾਂ ਨੇ ਯੂਟਿਊਬ ਉੱਪਰ ਅੱਪਲੋਡ ਕਰ ਦਿੱਤਾ ਅਤੇ ਲਿੰਕ ਟਵਿੱਟਰ ਉੱਪਰ ਪੋਸਟ ਕਰ ਦਿੱਤੇ। ਇੰਟਰਨੈੱਟ ਸਰਗਰਮ ਹੋ ਗਿਆ। ਭਾਰਤ ਵਿਚ ਵਿਦਿਆਰਥੀਆਂ ਨੂੰ ਚਿਤਾਵਨੀਆਂ ਦਿੱਤੀਆਂ ਗਈਆਂ ਕਿ ਉਹ ਨਾ ਇਸ ਨੂੰ ਡਾਊਨਲੋਡ ਕਰਨ ਅਤੇ ਨਾ ਹੀ ਦੇਖਣ। ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ਦੇ ਕੁਝ ਕੈਂਪਸਾਂ ਵਿਚ ਇਸ ਦਸਤਾਵੇਜ਼ੀ ਨੂੰ ਸਮੂਹਿਕ ਰੂਪ `ਚ ਦੇਖਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੀ ਬਿਜਲੀ ਕੱਟ ਦਿੱਤੀ ਗਈ। ਬਾਕੀ ਕੈਂਪਸਾਂ ਵਿਚ ਦਸਤਾਵੇਜ਼ੀ ਦੇਖਣ ਤੋਂ ਰੋਕਣ ਲਈ ਪੁਲਿਸ ਪੂਰੇ ਲਾਮ-ਲਸ਼ਕਰ ਨਾਲ ਪਹੁੰਚ ਗਈ। ਸਰਕਾਰ ਨੇ ਯੂਟਿਊਬ ਤੇ ਟਵਿੱਟਰ ਨੂੰ ਸਾਰੇ ਲਿੰਕ ਅਤੇ ਅਪਲੋਡ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ। ਆਜ਼ਾਦ ਪ੍ਰਗਟਾਵੇ ਦੀ ਵਕਾਲਤ ਕਰਨ ਵਾਲੀਆਂ ਕੰਪਨੀਆਂ ਸਹਿਮਤ ਹੋ ਗਈਆਂ।
ਫਿਰ ਦੂਜੇ ਟਾਵਰ ਉੱਪਰ ਵੀ ਹਮਲਾ ਹੋ ਗਿਆ। ਲੱਗਭੱਗ 400 ਪੰਨਿਆਂ ਦੀ ਹਿੰਡਨਬਰਗ ਰਿਪੋਰਟ ਉਸੇ ਦਿਨ ਪ੍ਰਕਾਸ਼ਿਤ ਕੀਤੀ ਗਈ ਜਿਸ ਦਿਨ ਬੀ.ਬੀ.ਸੀ. ਦਸਤਾਵੇਜ਼ੀ ਦਾ ਦੂਜਾ ਹਿੱਸਾ ਪ੍ਰਸਾਰਿਤ ਹੋਇਆ ਸੀ। ਇਹ ਰਿਪੋਰਟ ਨਾ ਸਿਰਫ਼ ਉਨ੍ਹਾਂ ਸਵਾਲਾਂ ਉੱਪਰ ਗ਼ੌਰ ਕਰਦੀ ਹੈ ਜਿਨ੍ਹਾਂ ਨੂੰ ਭਾਰਤੀ ਪੱਤਰਕਾਰ ਪਹਿਲਾਂ ਹੀ ਉਠਾਏ ਰਹੇ ਹਨ, ਇਹ ਉਨ੍ਹਾਂ ਤੋਂ ਅੱਗੇ ਵੀ ਜਾਂਦੀ ਹੈ।
ਰਿਪੋਰਟ ਦੋਸ਼ ਲਗਾਉਂਦੀ ਹੈ ਕਿ ਅਡਾਨੀ ਸਮੂਹ “ਸ਼ੇਅਰਾਂ ਦੀ ਵੱਡੀ ਧਾਂਦਲੀ ਤੇ ਹਿਸਾਬ-ਕਿਤਾਬ ਦੀ ਬਹੁਤ ਵੱਡੀ ਧੋਖਾਧੜੀ” ਵਿਚ ਲੱਗਿਆ ਰਿਹਾ ਹੈ ਜਿਸ ਨੇ ਬਦੇਸ਼ਾਂ ਵਿਚਲੀਆਂ ਸ਼ੈੱਲ ਕੰਪਨੀਆਂ ਦੀ ਵਰਤੋਂ ਕਰ ਕੇ, ਸਟਾਕ ਮਾਰਕੀਟ ਵਿਚ ਸੂਚੀਬੱਧ ਆਪਣੀਆਂ ਮੁੱਖ ਕੰਪਨੀਆਂ ਦੇ ਮੁੱਲ ਨੂੰ ਜਾਅਲੀ ਤਰੀਕੇ ਨਾਲ ਵਧਾਇਆ। ਇਸ ਨਾਲ ਇਸ ਦੇ ਚੇਅਰਮੈਨ ਦੀ ਕੁਲ ਦੌਲਤ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ। ਹਿੰਡਨਬਰਗ ਰਿਪੋਰਟ ਅਨੁਸਾਰ, ਅਡਾਨੀ ਦੀਆਂ ਸੂਚੀਬੱਧ ਕੰਪਨੀਆਂ ਵਿਚੋਂ 7 ਦਾ ਮੁੱਲ ਉਨ੍ਹਾਂ ਦੇ ਅਸਲ ਮੁੱਲ ਤੋਂ 85 ਪ੍ਰਤੀਸਤ ਵੱਧ ਦਿਖਾਇਆ ਗਿਆ ਸੀ। ਖ਼ਬਰਾਂ ਅਨੁਸਾਰ, ਇਨ੍ਹਾਂ ਮੁੱਲਾਂ ਦੇ ਆਧਾਰ `ਤੇ ਕੰਪਨੀਆਂ ਨੇ ਕੌਮਾਂਤਰੀ ਬਾਜ਼ਾਰਾਂ ਅਤੇ ਮੁਲਕ ਦੇ ਜਨਤਕ ਖੇਤਰ ਦੇ ਬੈਂਕਾਂ ਜਿਵੇਂ ਭਾਰਤੀ ਸਟੇਟ ਬੈਂਕ ਅਤੇ ਭਾਰਤੀ ਜੀਵਨ ਬੀਮਾ ਨਿਗਮ ਤੋਂ ਅਰਬਾਂ ਡਾਲਰ ਉਧਾਰ ਲਏ ਜਿੱਥੇ ਕਰੋੜਾਂ ਆਮ ਭਾਰਤੀ ਲੋਕ ਆਪਣੀ ਜ਼ਿੰਦਗੀ ਭਰ ਦੀ ਕਮਾਈ ਜਮ੍ਹਾ ਕਰਦੇ ਹਨ। ਅਡਾਨੀ ਸਮੂਹ ਨੇ 413 ਪੰਨਿਆਂ `ਚ ਹਿੰਡਨਬਰਗ ਰਿਪੋਰਟ ਦਾ ਜਵਾਬ ਦਿੱਤਾ। ਇਸ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਅਦਾਲਤਾਂ ਨੇ ਅਡਾਨੀ ਸਮੂਹ ਨੂੰ ਕਿਸੇ ਵੀ ਗ਼ੈਰ-ਕਾਨੂੰਨੀ ਕੰਮ ਵਿਚ ਸ਼ਾਮਲ ਨਹੀਂ ਪਾਇਆ ਅਤੇ ਹਿੰਡਨਬਰਗ ਦੇ ਦੋਸ਼ ਬੇਬੁਨਿਆਦ ਹਨ ਅਤੇ ਭਾਰਤ ਉੱਪਰ ਹਮਲੇ ਦੇ ਬਰਾਬਰ ਹਨ।
ਇਹ ਨਿਵੇਸ਼ਕਾਂ ਨੂੰ ਮਨਾਉਣ ਲਈ ਕਾਫ਼ੀ ਨਹੀਂ ਸੀ। ਹਿੰਡਨਬਰਗ ਦੇ ਵਿਸ਼ਲੇਸ਼ਣ ਛਪਣ ਤੋਂ ਬਾਅਦ ਸ਼ੇਅਰ ਬਾਜ਼ਾਰ `ਚ ਫੈਲੀ ਭਾਜੜ `ਚ ਅਡਾਨੀ ਸਮੂਹ ਨੂੰ 110 ਅਰਬ ਡਾਲਰ ਦਾ ਨੁਕਸਾਨ ਹੋਇਆ। ਕ੍ਰੈਡਿਟ ਸੁਈਸ, ਸਿਟੀ ਗਰੁੱਪ ਅਤੇ ਸਟੈਂਡਰਡ ਚਾਰਟਰਡ ਨੇ ਮਾਰਜਿਨ ਕਰਜ਼ਿਆਂ ਲਈ ਕੋਲੇਟਰਲ ਦੇ ਰੂਪ `ਚ ਅਡਾਨੀ ਦੇ ਬਰੈਂਡਾਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ। ਫਰਾਂਸੀਸੀ ਕੰਪਨੀ ਟੋਟਲ ਐਨਰਜੀਜ਼ ਨੇ ਅਡਾਨੀ ਸਮੂਹ ਦੇ ਨਾਲ ਵਾਤਾਵਰਨ ਦੇ ਅਨੁਕੂਲ ਹਾਈਡ੍ਰੋਜਨ ਉੱਦਮ ਦੇ ਇਕਰਾਰਨਾਮੇ ਉੱਪਰ ਫ਼ੈਸਲਾ ਮੁਲਤਵੀ ਕਰ ਦਿੱਤਾ। ਖ਼ਬਰ ਹੈ ਕਿ ਬੰਗਲਾਦੇਸ਼ ਸਰਕਾਰ ਵੀ ਬਿਜਲੀ ਸਮਝੌਤੇ ਇਕਰਾਰਨਾਮੇ `ਚ ਤਬਦੀਲੀ ਕਰਨਾ ਚਾਹੁੰਦੀ ਹੈ।
ਲਾਰਡ ਜੋਅ ਜਾਨਸਨ ਨੇ ਲੰਡਨ ਸਥਿਤ ਕੰਪਨੀ ਏਲਾਰਾ ਕੈਪੀਟਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਉਨ੍ਹਾਂ ਕੰਪਨੀਆਂ ਵਿਚੋਂ ਇਕ ਹੈ ਜਿਨ੍ਹਾਂ ਦਾ ਜ਼ਿਕਰ ਹਿੰਡਨਬਰਗ ਰਿਪੋਰਟ ਨੇ ਉਨ੍ਹਾਂ ਦਾ ਲਿੰਕ ਅਡਾਨੀ ਸਮੂਹ ਨਾਲ ਜੋੜਿਆ ਹੈ। ਜੋਅ ਜਾਨਸਨ ਬਰਤਾਨੀਆ ਸਰਕਾਰ ਦਾ ਮੰਤਰੀ ਰਹਿ ਚੁੱਕਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਰਾ ਹੈ। ਹਿੰਡਨਬਰਗ ਰਿਪੋਰਟ ਨਾਲ ਪੈਦਾ ਹੋਏ ਸਿਆਸੀ ਤੂਫ਼ਾਨ ਵਿਚ ਉਹ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਜੋ ਆਪਸ ਵਿਚ ਲੜਦੀਆਂ ਰਹਿੰਦੀਆਂ ਸਨ ਅਤੇ ਉਨ੍ਹਾਂ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਬਣਾ ਕੇ ਉਸ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਸੰਸਦ ਦੇ ਬਜਟ ਸੈਸ਼ਨ ਵਿਚ ਵਿਰੋਧੀ ਧਿਰ ਦੇ ਦੋ ਸੰਸਦ ਮੈਂਬਰ- ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਅਤੇ ਕਾਂਗਰਸ ਦਾ ਰਾਹੁਲ ਗਾਂਧੀ ਬੋਲਣ ਲਈ ਖੜ੍ਹੇ ਹੋਏ। ਉਹ ਦੋਵੇਂ ਵਰ੍ਹਿਆਂ ਤੋਂ ਅਡਾਨੀ ਸਮੂਹ ਉੱਪਰ ਸਵਾਲ ਉਠਾ ਰਹੇ ਹਨ। ਮਹੂਆ ਮੋਇਤਰਾ ਨੇ ਜੋ ਸਵਾਲ ਪੁੱਛੇ, ਉਨ੍ਹਾਂ `ਚੋਂ ਕੁਝ ਸਨ: ਗ੍ਰਹਿ ਮੰਤਰਾਲੇ ਨੇ ‘ਏ` ਗਰੁੱਪ ਨੂੰ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨੂੰ ਚਲਾਉਣ ਲਈ ਸੁਰੱਖਿਆ ਮਨਜ਼ੂਰੀ ਕਿਵੇਂ ਦਿੱਤੀ? ਸਮੂਹ ਨੇ ਮਾਰੀਸ਼ਸ ਆਧਾਰਿਤ ਛੇ ਫੰਡਾਂ ਤੋਂ ਵਿਦੇਸ਼ੀ ਪੋਰਟਫੋਲੀਓ ਪੂੰਜੀ ਨਿਵੇਸ਼ਾਂ ਵਿਚ ਲੱਗਭੱਗ 42,000 ਕਰੋੜ ਰੁਪਏ (ਲੱਗਭੱਗ 5 ਅਰਬ ਡਾਲਰ) ਜਮ੍ਹਾ ਕਰ ਲਏ ਜਦੋਂ ਕਿ ਉਨ੍ਹਾਂ ਸਾਰਿਆਂ ਦੇ ਪਤੇ ਤੇ ਕੰਪਨੀ ਸਕੱਤਰ ਇੱਕੋ ਸਨ? ਜਨਤਕ ਖੇਤਰ ਦੇ ਸਟੇਟ ਬੈਂਕ ਅਤੇ ਭਾਰਤੀ ਜੀਵਨ ਬੀਮਾ ਨਿਗਮ ਨੇ ਕਿਸ ਆਧਾਰ ‘ਤੇ ਗਰੁੱਪ `ਚ ਪੂੰਜੀ ਨਿਵੇਸ਼ ਕਰਨਾ ਜਾਰੀ ਰੱਖਿਆ?
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ, ਆਸਟਰੇਲੀਆ ਅਤੇ ਬੰਗਲਾਦੇਸ਼ ਦੌਰਿਆਂ ਦਾ ਜ਼ਿਕਰ ਕਰਦਿਆਂ ਪੁੱਛਿਆ: ਤੁਹਾਡੇ ਇਨ੍ਹਾਂ ਵਿਚੋਂ ਕਿੰਨੇ ਦੇਸ਼ਾਂ ਦੇ ਦੌਰਿਆਂ ਤੋਂ ਅਡਾਨੀ ਨੂੰ ਇਕਰਾਰਨਾਮਾ ਮਿਲਿਆ? ਫਿਰ ਉਸ ਨੇ ਕੁਝ ਦੀ ਸੂਚੀ ਪੇਸ਼ ਕੀਤੀ: ਇਜ਼ਰਾਈਲ ਨਾਲ ਰੱਖਿਆ ਸੌਦਾ, ਆਸਟਰੇਲੀਆ ਵਿਚ ਕੋਲੇ ਦੀ ਖਾਣ ਲਈ ਭਾਰਤੀ ਸਟੇਟ ਬੈਂਕ ਤੋਂ 1 ਅਰਬ ਡਾਲਰ ਦਾ ਕਰਜ਼ਾ, ਬੰਗਲਾਦੇਸ਼ ਲਈ 1,600 ਮੈਗਾਵਾਟ ਦਾ ਬਿਜਲੀ ਪ੍ਰਾਜੈਕਟ। ਅੰਤ ਵਿਚ, ਤੇ ਇਹ ਸਭ ਤੋਂ ਮਹੱਤਵਪੂਰਨ ਹੈ, ਰਾਹੁਲ ਗਾਂਧੀ ਨੇ ਪੁੱਛਿਆ: ਭਾਜਪਾ ਨੂੰ ਅਡਾਨੀ ਸਮੂਹ ਤੋਂ ਗੁਪਤ ਚੋਣ ਬਾਂਡ ਵਿਚ ਕਿੰਨਾ ਪੈਸਾ ਮਿਲਿਆ?
ਅਸਲੀ ਗੱਲ ਇਹੀ ਹੈ। 2016 `ਚ ਭਾਜਪਾ ਨੇ ਇਲੈਕਟੋਰਲ ਬਾਂਡ ਦੀ ਯੋਜਨਾ ਲਾਗੂ ਕੀਤੀ ਜਿਸ ‘ਚ ਕਾਰਪੋਰੇਟ ਕੰਪਨੀਆਂ ਨੂੰ ਪਛਾਣ ਜ਼ਾਹਰ ਕੀਤੇ ਬਿਨਾ ਸਿਆਸੀ ਪਾਰਟੀਆਂ ਨੂੰ ਪੈਸਾ ਦਾਨ ਕਰਨ ਦੀ ਇਜਾਜ਼ਤ ਦਿੱਤੀ ਗਈ। ਜੀ ਹਾਂ, ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿਚੋਂ ਇਕ ਹੈ ਪਰ ਜੇ ਤੁਸੀਂ ਚੋਣਾਂ ਦੌਰਾਨ ਭਾਜਪਾ ਦੀ ਚਮਕ-ਦਮਕ ਨੂੰ ਦੇਖੋ, ਫਿਰ ਭਾਜਪਾ ਨਾ ਸਿਰਫ਼ ਭਾਰਤ ਦੀ ਸਗੋਂ ਸ਼ਾਇਦ ਦੁਨੀਆ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ। ਕੀ ਇਹ ਦੋਨੋਂ ਪੁਰਾਣੇ ਦੋਸਤ ਕਦੇ ਸਾਨੂੰ ਆਪਣਾ ਖ਼ਾਤਾ ਦਿਖਾਉਣਗੇ? ਕੀ ਉਨ੍ਹਾਂ ਦੇ ਖਾਤੇ ਵੱਖੋ-ਵੱਖਰੇ ਹਨ ਵੀ? ਮਹੂਆ ਮੋਇਤਰਾ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਰਾਹੁਲ ਗਾਂਧੀ ਦੇ ਜ਼ਿਆਦਾਤਰ ਸਵਾਲ ਸੰਸਦੀ ਰਿਕਾਰਡ ਤੋਂ ਹੀ ਹਟਾ ਦਿੱਤੇ ਗਏ।
ਪ੍ਰਧਾਨ ਮੰਤਰੀ ਮੋਦੀ ਦਾ ਜਵਾਬ 90 ਮਿੰਟ ਤੱਕ ਚੱਲਿਆ। ਉਸ ਨੇ ਉਹੀ ਕੀਤਾ ਜੋ ਉਹ ਬਖ਼ੂਬੀ ਕਰਦਾ ਹੈ- ਉਸ ਨੇ ਆਪਣੇ ਆਪ ਨੂੰ ਮਾਣਮੱਤੇ ਭਾਰਤੀ ਵਜੋਂ ਪੇਸ਼ ਕੀਤਾ ਜੋ ਕੌਮਾਂਤਰੀ ਸਾਜ਼ਿਸ਼ ਦਾ ਸ਼ਿਕਾਰ ਹੈ ਜੋ ਕਦੇ ਵੀ ਸਫ਼ਲ ਨਹੀਂ ਹੋਵੇਗੀ, ਕਿਉਂਕਿ ਉਸ ਨੇ 1.4 ਅਰਬ ਲੋਕਾਂ ਦੇ ਭਰੋਸੇ ਨਾਲ ਬਣੀ ਢਾਲ ਪਹਿਨੀਂ ਹੋਈ ਹੈ ਜਿਸ ਵਿਚ ਵਿਰੋਧੀ ਧਿਰ ਕਦੇ ਵੀ ਛੇਕ ਨਹੀਂ ਕਰ ਸਕੇਗੀ।
ਉਸ ਦੀ ਖੋਖਲੀ ਬਿਆਨਬਾਜ਼ੀ ਦਾ ਹਰ ਪੈਰਾ ਇਸ ਛਵੀ ਨਾਲ (ਜੋ ਸਿਆਸਤ ਵਿਚ ਆਪਣੇ ਸ਼ੇਅਰਾਂ ਦਾ ਮੁੱਲ ਵਧਾਉਣ ਦੇ ਬਰਾਬਰ ਹੈ) ਗੜੁੱਚ ਸੀ, ਦੂਜਿਆਂ ਦਾ ਮਜ਼ਾਕ ਉਡਾਉਂਦੇ ਹੋਏ, ਹਮਲਾਵਰ ਅਪਮਾਨਜਨਕ ਟਿੱਪਣੀਆਂ ਅਤੇ ਨਿੱਜੀ ਅਪਮਾਨਾਂ ਨਾਲ ਲਬਰੇਜ਼। ਲੱਗਭੱਗ ਹਰ ਲਾਈਨ ਦੇ ਸਵਾਗਤ `ਚ ਭਾਜਪਾ ਮੈਂਬਰਾਂ ਨੇ ਮੇਜ਼ ਥਾਪੜੇ, ਨਾਲ ਹੀ ‘ਮੋਦੀ! ਮੋਦੀ! ਮੋਦੀ!` ਦਾ ਜਾਪ ਕੀਤਾ। ਮੋਦੀ ਨੇ ਕਿਹਾ ਕਿ ਕਮਲ ਉੱਪਰ ਚਾਹੇ ਜਿੰਨਾ ਮਰਜ਼ੀ ਚਿੱਕੜ ਸੁੱਟਿਆ ਜਾਵੇ, ਇਸ ਨੇ ਖਿੜਨਾ ਹੀ ਹੈ। ਉਸ ਨੇ ਇਕ ਵਾਰ ਵੀ ਅਡਾਨੀ ਦਾ ਜ਼ਿਕਰ ਨਹੀਂ ਕੀਤਾ। ਸ਼ਾਇਦ ਉਸ ਦਾ ਮੰਨਣਾ ਹੈ ਕਿ ਇਹ ਕੋਈ ਐਸੀ ਬਹਿਸ ਨਹੀਂ ਜਿਸ ਨਾਲ ਉਨ੍ਹਾਂ ਦੇ ਵੋਟਰਾਂ ਦਾ ਕੋਈ ਸਰੋਕਾਰ ਹੋਣਾ ਚਾਹੀਦਾ ਹ।
ਜ਼ਿਆਦਾਤਰ ਭਾਰਤੀ ਮੀਡੀਆ ਨੇ ਮੋਦੀ ਦੇ ਭਾਸ਼ਣ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਕੀ ਇਹ ਇਤਫ਼ਾਕ ਸੀ ਕਿ ਅਗਲੇ ਕੁਝ ਦਿਨਾਂ ਵਿਚ ਕਈ ਕੌਮੀ ਅਤੇ ਖੇਤਰੀ ਅਖ਼ਬਾਰਾਂ `ਚ ਉਸ ਦੀ ਵੱਡੀ ਫੋਟੋ ਵਾਲਾ ਪਹਿਲੇ ਪੰਨੇ ਦਾ ਇਸ਼ਤਿਹਾਰ ਛਾਪਿਆ ਗਿਆ ਜਿਸ ਵਿਚ ਨਿਵੇਸ਼ਕਾਂ ਦੇ ਇਕ ਹੋਰ ਸੰਮੇਲਨ ਦਾ ਐਲਾਨ ਕੀਤਾ ਗਿਆ। ਇਸ ਵਾਰ ਇਹ ਉੱਤਰ ਪ੍ਰਦੇਸ਼ ਵਿਚ ਕੀਤਾ ਜਾਣਾ ਹੈ। ਫਿਰ 14 ਫਰਵਰੀ ਨੂੰ ਗ੍ਰਹਿ ਮੰਤਰੀ ਨੇ ਅਡਾਨੀ ਮੁੱਦੇ `ਤੇ ਇੰਟਰਵਿਊ `ਚ ਕਿਹਾ ਕਿ ਭਾਜਪਾ ਲਈ ‘ਡਰਨ ਜਾਂ ਲੁਕੋਣ ਵਾਲੀ ਕੋਈ ਗੱਲ ਨਹੀਂ ਹੈ।`
ਉਸ ਨੇ ਇਕ ਵਾਰ ਫਿਰ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਸੰਭਾਵਨਾ ਤੋਂ ਕੰਨ ਬੰਦ ਕਰ ਲਏ ਅਤੇ ਵਿਰੋਧੀ ਪਾਰਟੀਆਂ ਨੂੰ ਅਦਾਲਤ ਵਿਚ ਜਾਣ ਦੀ ਸਲਾਹ ਦਿੱਤੀ। ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਤਾਂ ਪੁਲਿਸ ਨੇ ਮੁੰਬਈ ਤੇ ਦਿੱਲੀ ਵਿਚ ਦਫ਼ਤਰਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਟੈਕਸ ਅਧਿਕਾਰੀਆਂ ਨੇ ਛਾਪੇ ਸ਼ੁਰੂ ਕਰ ਦਿੱਤੇ। ਨਹੀਂ, ਅਡਾਨੀ ਦੇ ਦਫ਼ਤਰਾਂ `ਚ ਨਹੀਂ, ਬੀ.ਬੀ.ਸੀ. ਦੇ ਦਫ਼ਤਰਾਂ `ਚ!
15 ਫਰਵਰੀ ਨੂੰ ਖ਼ਬਰਾਂ ਦਾ ਸਾਰਾ ਮਾਹੌਲ ਹੀ ਬਦਲ ਗਿਆ ਅਤੇ ਨਵ-ਸਾਮਰਾਜਵਾਦੀ ਹਮਲੇ ਬਾਰੇ ਰਿਪੋਰਟਿੰਗ ਵੀ। ‘ਗਰਮਜੋਸ਼ੀ ਵਾਲੀਆਂ ਅਤੇ ਲਾਭਕਾਰੀ` ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਐਲਾਨ ਕੀਤਾ ਕਿ ਭਾਰਤ 470 ਬੋਇੰਗ ਅਤੇ ਏਅਰਬੱਸ ਹਵਾਈ ਜਹਾਜ਼ ਖ਼ਰੀਦੇਗਾ। ਬਾਇਡਨ ਨੇ ਕਿਹਾ ਕਿ ਇਸ ਸੌਦੇ ਨਾਲ 10 ਲੱਖ ਤੋਂ ਵਧੇਰੇ ਅਮਰੀਕੀ ਨੌਕਰੀਆਂ ਪੈਦਾ ਹੋਣਗੀਆਂ। ਏਅਰਬੱਸ ਦਾ ਇੰਜਣ ਰੋਲਸ ਰਾਇਸ ਦਾ ਹੋਵੇਗਾ। ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ: ‘ਬਰਤਾਨੀਆ ਦੇ ਉੱਭਰ ਰਹੇ ਹਵਾਈ ਜਹਾਜ਼ ਨਿਰਮਾਣ ਖੇਤਰ ਲਈ ਹੱਦ ਆਸਮਾਨ ਹੀ ਹੈ।` ਇਉਂ ਖਿੜਦਾ ਹੈ ਕਮਲ, ਲਹੂ ਤੇ ਦੌਲਤ ਦੀ ਦਲਦਲ ਵਿਚ। ਤੇ ਯਕੀਨਨ, ਸੱਚ ਸੋਨੇ ਵਾਂਗ ਚਮਕਦਾ ਹੋਇਆ ਬਾਹਰ ਆਉਂਦਾ ਹੈ।