ਪੰਜਾਬੀ ਕਲਾ ਸਿਨੇਮਾ ਦੀ ਪਰਵਾਜ਼

ਅੰਗਰੇਜ ਸਿੰਘ ਵਿਰਦੀ
ਫੋਨ: +91-94646-28857
ਭਾਰਤ ਵਿਚ ਵਪਾਰਕ ਸਿਨੇਮਾ ਦੇ ਨਾਲ-ਨਾਲ ਕਲਾ (ਆਰਟ) ਸਿਨੇਮਾ ਦਾ ਵੀ ਵਿਲੱਖਣ ਸਥਾਨ ਰਿਹਾ ਹੈ। ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਕਲਾ ਫਿਲਮਾਂ ਨੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ ਹੈ।

ਜੇ ਪੰਜਾਬੀ ਸਿਨੇਮਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਵੀ ਕੌਮਾਂਤਰੀ ਪੱਧਰ ਦੀਆਂ ਕਲਾ ਫਿਲਮਾਂ ਬਣ ਰਹੀਆਂ ਹਨ। ਫਿਲਮ ‘ਮੜ੍ਹੀ ਦਾ ਦੀਵਾ’, ‘ਚੰਨ ਪ੍ਰਦੇਸੀ’, ‘ਦੀਵਾ ਬਲੇ ਸਾਰੀ ਰਾਤ’, ‘ਲੌਂਗ ਦਾ ਲਿਸ਼ਕਾਰਾ’, ‘ਚੰਮ’, ‘ਨਾਬਰ’, ‘ਅੰਨ੍ਹੇ ਘੋੜੇ ਦਾ ਦਾਨ’, ‘ਅੱਧ ਚਾਨਣੀ ਰਾਤ’, ‘ਕਿੱਸਾ’, ‘ਗੇਲੋ’, ‘ਕੁਦੇਸਣ’, ‘ਜ਼ੋਰਾ ਦਸ ਨੰਬਰੀਆ’, ‘ਚੌਥੀ ਕੂਟ’, ‘ਜਮਰੌਦ’, ‘ਬਾਗੀ ਦੀ ਧੀ’ ਅਤੇ ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਫਿਲਮ ‘ਰੇਜ਼ ਰੋਡ 290’ ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦਾ ਸ਼ੁਮਾਰ ਪੰਜਾਬੀ ਕਲਾ ਫਿਲਮਾਂ ਦੀਆਂ ਅਵਲ ਫਿਲਮਾਂ ਵਿਚ ਕੀਤਾ ਜਾ ਸਕਦਾ ਹੈ। ਪੰਜਾਬੀ ਕਲਾ ਫਿਲਮਾਂ ਵਿਸ਼ੇ ਪੱਖੋਂ ਪੰਜਾਬੀ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ, ਪੰਜਾਬੀ ਲੋਕਾਂ ਦੇ ਜੀਵਨ, ਉਨ੍ਹਾਂ ਦੇ ਰਹਿਣ-ਸਹਿਣ, ਪੰਜਾਬ ਦੇ ਇਤਿਹਾਸ ਅਤੇ ਸਾਹਿਤ ਦੀ ਖ਼ੂਬਸੂਰਤ ਅੱਕਾਸੀ ਕਰਦੀਆਂ ਹਨ। ਵਪਾਰਕ ਪੰਜਾਬੀ ਸਿਨੇਮਾ ਭਾਵੇਂ ਅੱਜ ਵੀ ਪੰਜਾਬ ਦੇ ਇੱਕ ਖ਼ਾਸ ਉੱਚ ਵਰਗ ਦੇ ਇਰਦ-ਗਿਰਦ ਹੀ ਘੁੰਮਦਾ ਨਜ਼ਰ ਆਉਂਦਾ ਹੈ ਪਰ ਆਰਥਿਕ ਅਤੇ ਸਮਾਜਿਕ ਪੱਖੋਂ ਨੀਵੇਂ ਵਰਗ ਦੇ ਲੋਕਾਂ ਦੀ ਗੱਲ ਪੰਜਾਬੀ ਕਲਾ ਸਿਨੇਮਾ ਬਾਖੂਬੀ ਕਰ ਰਿਹਾ ਹੈ। ਫਿਲਮ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੰਮ’ ਜਿਹੀਆਂ ਫਿਲਮਾਂ ਹਾਸ਼ੀਏ ‘ਤੇ ਰਹਿਣ ਵਾਲੇ ਨਿਮਨ ਵਰਗ ਦੇ ਲੋਕਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਬਿਆਨ ਕਰਦੀਆਂ ਹਨ। ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਹਕੀਕੀ ਚਿਤਰਨ ਕਰਦੀਆਂ ਹਨ। ਮੌਜੂਦਾ ਦੌਰ ਵਿਚ ਪੰਜਾਬੀ ਸਿਨੇਮਾ ਵਿਚ ਬਹੁਤ ਸਾਰੇ ਨਿਰਦੇਸ਼ਕ ਅਜਿਹੇ ਹਨ ਜਿਨ੍ਹਾਂ ਨੂੰ ਸੰਸਾਰ ਸਿਨੇਮਾ ਦੀ ਪੂਰੀ ਸਮਝ ਹੈ ਤੇ ਉਹ ਪੰਜਾਬੀ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸਿਨੇਮਾ ਦੀ ਸੂਖਮ ਅੱਖ ਰਾਹੀਂ ਬਾਖੂਬੀ ਪੇਸ਼ ਕਰਨ ਦਾ ਮਾਦਾ ਰੱਖਦੇ ਹਨ।
ਬਿਹਤਰੀਨ ਪੰਜਾਬੀ ਕਲਾ ਫਿਲਮਾਂ ਵਿਚ ਸਭ ਤੋਂ ਪਹਿਲਾਂ ਜਿਸ ਫਿਲਮ ਦਾ ਜ਼ਿਕਰ ਕਰਨਾ ਬਣਦਾ ਹੈ, ਉਹ ‘ਮੜ੍ਹੀ ਦਾ ਦੀਵਾ’ ਹੈ। ਇਹ ਅਜਿਹੀ ਫਿਲਮ ਹੈ ਜਿਸ ਨੂੰ ਪੰਜਾਬੀ ਦੀ ਪਹਿਲੀ ਸੰਪੂਰਨ ਕਲਾ ਫਿਲਮ ਹੋਣ ਦਾ ਫ਼ਖਰ ਹਾਸਲ ਹੈ। ਨੈਸ਼ਨਲ ਐਵਾਰਡ ਨਾਲ ਸਨਮਾਨਿਤ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦੇ ਮਸ਼ਹੂਰ ਪੰਜਾਬੀ ਨਾਵਲ ‘ਮੜ੍ਹੀ ਦਾ ਦੀਵਾ’ ‘ਤੇ ਆਧਾਰਿਤ ਅਤੇ ਐੱਨ.ਐੱਫ.ਡੀ.ਸੀ. ਦੁਆਰਾ ਬਣਾਈ ਸੁਰਿੰਦਰ ਸਿੰਘ ਵੱਲੋਂ ਨਿਰਦੇਸ਼ਤ ਇਹ ਫਿਲਮ ਜਿੱਥੇ ਆਪਣੇ ਵਿਸ਼ਾ ਵਸਤੂ ਨੂੰ ਲੈ ਕੇ ਚਰਚਿਤ ਹੋਈ, ਉੱਥੇ ਫਿਲਮ ਵਿਚਲੇ ਕਿਰਦਾਰਾਂ ਨੂੰ ਪਰਦੇ ‘ਤੇ ਸਜੀਵ ਕਰਨ ਲਈ ਫਿਲਮ ਦੇ ਮੁੱਖ ਅਦਾਕਾਰਾਂ ਜਿਨ੍ਹਾਂ ਵਿਚ ਰਾਜ ਬੱਬਰ, ਦੀਪਤੀ ਨਵਲ, ਪੰਕਜ ਕਪੂਰ ਅਤੇ ਪ੍ਰੀਕਸ਼ਤ ਸਾਹਨੀ ਦੇ ਬਿਹਤਰੀਨ ਅਭਿਨੈ ਨੇ ਵੀ ਫਿਲਮ ਨੂੰ ਵਧੀਆ ਕਲਾਤਮਕ ਫਿਲਮ ਬਣਾਉਣ ਵਿਚ ਆਪਣਾ ਭਰਭੂਰ ਯੋਗਦਾਨ ਪਾਇਆ। ਇਹ ਫਿਲਮ ਪੰਜਾਬੀ ਕਲਾ ਸਿਨੇਮਾ ਵਿਚ ਮੀਲ ਪੱਥਰ ਵਾਂਗ ਹੈ।
ਦੂਜੀ ਸਭ ਤੋਂ ਵੱਧ ਚਰਚਿਤ ਹੋਈ ਕਲਾ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਹੈ। ਨਾਵਲਕਾਰ ਗੁਰਦਿਆਲ ਸਿੰਘ ਦੇ ਹੀ ਇੱਕ ਹੋਰ ਮਸ਼ਹੂਰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਬਣੀ ਇਸ ਫਿਲਮ ਨੇ ਨੈਸ਼ਨਲ ਐਵਾਰਡ ਦੇ ਨਾਲ ਨਾਲ ਕੌਮਾਂਤਰੀ ਪੱਧਰ ‘ਤੇ ਕਈ ਇਨਾਮ ਪੰਜਾਬੀ ਸਿਨੇਮਾ ਦੀ ਝੋਲੀ ਪਾਏ। ਦੁਨੀਆ ਭਰ ਵਿਚ ਲੱਗਣ ਵਾਲੇ ਫਿਲਮ ਮੇਲਿਆਂ ਵਿਚ ਬੇਹੱਦ ਸਲਾਹੀ ਜਾਣ ਵਾਲੀ ਇਸ ਫਿਲਮ ਨੇ ਨਵੇ ਕੀਰਤੀਮਾਨ ਸਥਾਪਿਤ ਕੀਤੇ। ਪੰਜਾਬ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ, ਮਿੱਥਾਂ ਵਿਚ ਗ੍ਰਸੇ ਉਨ੍ਹਾਂ ਲੋਕਾਂ ਦੇ ਦੁੱਖਾਂ, ਮਜਬੂਰੀਆਂ ਨੂੰ ਫਿਲਮ ਰਾਹੀਂ ਹਕੀਕਤ ਅਤੇ ਕਲਾਤਮਕ ਢੰਗ ਨਾਲ ਦਿਖਾਇਆ ਗਿਆ। ਮਾਲਵੇ ਦੇ ਕਿਰਤੀ ਅਤੇ ਨਿਮਨ ਵਰਗ ਦੇ ਲੋਕਾਂ ਦੇ ਜੀਵਨ ਨੂੰ ਦਰਸਾਉਂਦੀ ਇਸ ਫਿਲਮ ਵਿਚ ਪੇਂਡੂ ਅਤੇ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਗਰੀਬਾਂ ਦੇ ਰਹਿਣ-ਸਹਿਣ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਦੇਖਣ ਵਾਲਾ ਇਸ ਨੂੰ ਹਕੀਕਤ ਵਿਚ ਦੇਖਣਾ ਹੀ ਮਹਿਸੂਸ ਕਰਦਾ ਹੈ। ਪੰਜਾਬੀ ਕਲਾ ਸਿਨੇਮਾ ਨੂੰ ਸਮਰਪਿਤ ਨਿਰਦੇਸ਼ਕ ਗੁਰਵਿੰਦਰ ਸਿੰਘ ਦੁਆਰਾ ਨਿਰਦੇਸ਼ਤ ਅਤੇ ਐੱਨ.ਐੱਫ.ਡੀ.ਸੀ. ਵੱਲੋਂ ਨਿਰਮਤ ਇਸ ਫਿਲਮ ਨੂੰ 2011 ਵਿਚ ਸਰਵੋਤਮ ਨਿਰਦੇਸ਼ਕ, ਸਰਵੋਤਮ ਸਿਨੇਮੈਟੋਗ੍ਰਾਫੀ ਅਤੇ ਸਰਵੋਤਮ ਫਿਲਮ ਦਾ ਰਾਸ਼ਟਰੀ ਐਵਾਰਡ ਹਾਸਲ ਹੋਇਆ ਸੀ।
ਜਰਮਨੀ ਅਤੇ ਭਾਰਤ ਦੇ ਸਾਂਝੇ ਸਹਿਯੋਗ ਨਾਲ ਬਣੀ ਪੰਜਾਬੀ ਆਰਟ ਫਿਲਮ ‘ਕਿੱਸਾ: ਦਿ ਟੇਲ ਆਫ ਏ ਲੋਨਲੀ ਗੋਸਟ’ ਦੀ ਵੀ ਕਾਫ਼ੀ ਚਰਚਾ ਹੋਈ। 2013 ਵਿਚ ਬਣੀ ਇਸ ਫਿਲਮ ਵਿਚ ਅਦਾਕਾਰ ਇਰਫ਼ਾਨ ਖਾਨ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ। ਪੰਜਾਬੀ ਕਲਾ ਫਿਲਮਾਂ ਦੀ ਸ਼੍ਰੇਣੀ ਵਿਚ ਇਸ ਫਿਲਮ ਦਾ ਆਪਣਾ ਅਲੱਗ ਸਥਾਨ ਹੈ। ਮਨੁੱਖੀ ਖਾਹਿਸ਼ਾਂ, ਭਾਵਨਾਵਾਂ ਅਤੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬਾਰੀਕੀ ਨਾਲ ਪੇਸ਼ ਕਰਦੀ ਇਸ ਫਿਲਮ ਵਿਚ ਅਦਾਕਾਰਾਂ ਦੀ ਬੇਮਿਸਾਲ ਅਦਾਕਾਰੀ ਹਰ ਦੇਖਣ ਵਾਲੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ। ਫਿਲਮ ਵਿਚ 1947 ਦੀ ਵੰਡ ਦੇ ਸੰਤਾਪ ਨੂੰ ਹੰਢਾ ਚੁੱਕੇ ਅਜਿਹੇ ਇਨਸਾਨ ਅੰਬਰ ਸਿੰਘ (ਇਰਫ਼ਾਨ ਖਾਨ) ਦੀ ਕਹਾਣੀ ਹੈ ਜਿਸ ਦੀ ਇਹ ਖਾਹਿਸ਼ ਹੈ ਕਿ ਉਸ ਦੇ ਘਰ ਉਸ ਦੇ ਵੰਸ਼ ਨੂੰ ਅੱਗੇ ਲਿਜਾਣ ਵਾਲਾ ਪੁੱਤਰ ਹੋਣਾ ਚਾਹੀਦਾ ਹੈ ਪਰ ਜਦੋਂ ਉਸ ਦੀ ਇਹ ਖਾਹਿਸ਼ ਪੂਰੀ ਨਹੀਂ ਹੁੰਦੀ ਤਾਂ ਉਹ ਕੀ ਕੁਝ ਕਰ ਜਾਂਦਾ ਹੈ, ਉਸ ਜਨੂਨ ਨੂੰ ਹੀ ਇਸ ਫਿਲਮ ਵਿਚ ਬਿਆਨ ਕੀਤਾ ਗਿਆ ਹੈ। ਮੌਤ ਤੋਂ ਬਾਅਦ ਵੀ ਉਸ ਦੀ ਰੂਹ ਆਪਣੀ ਅਧੂਰੀ ਖਾਹਿਸ਼ ਪੂਰਾ ਕਰਨ ਲਈ ਭਟਕਦੀ ਰਹਿੰਦੀ ਹੈ। ਉਸ ਦੀ ਪੁੱਤਰ ਪ੍ਰਾਪਤੀ ਦੀ ਜ਼ਿੱਦ ਉਸ ਦੀ ਚੌਥੀ ਸਭ ਤੋਂ ਛੋਟੀ ਕੁੜੀ ਨੂੰ ਮੁੰਡੇ ਕੰਵਰ ਸਿੰਘ (ਅਦਾਕਾਰਾ ਤਿਲੋਤਮਾ ਸੋਮੇ) ਦਾ ਜੀਵਨ ਜਿਊਣ ਲਈ ਮਜਬੂਰ ਕਰਦੀ ਹੈ। ਫਿਰ ਉਹ ਆਪਣੀ ਪੁੱਤਰ ਬਣਾਈ ਕੁੜੀ ਦਾ ਵਿਆਹ ਵੀ ਇੱਕ ਕੁੜੀ ਨੀਲੀ (ਅਦਾਕਾਰਾ ਰਸਿਕਾ ਦੁੱਗਲ) ਨਾਲ ਕਰ ਕੇ ਦੋ ਜ਼ਿੰਦਗੀਆਂ ਨੂੰ ਖਰਾਬ ਕਰ ਦਿੰਦਾ ਹੈ।
ਪਰਵਾਸ ਲਈ ਕਾਹਲੇ ਪੰਜਾਬੀ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਦੀਆਂ ਜਾਨਾਂ ਨੂੰ ਦਾਅ ‘ਤੇ ਲਾਉਣ ਵਾਲੇ ਏਜੰਟਾਂ ਦੀ ਸੱਚਾਈ ਨੂੰ ਬਿਆਨ ਕਰਦੀ ਪੰਜਾਬੀ ਫਿਲਮ ‘ਨਾਬਰ’ ਪੰਜਾਬ ਦੀ ਇੱਕ ਹੋਰ ਸੱਚਾਈ ਬਿਆਨ ਕਰਦੀ ਬਿਹਤਰੀਨ ਕਲਾ ਫਿਲਮ ਹੈ। ਬਾਪ ਬੇਟੇ ਦੇ ਰਿਸ਼ਤੇ ਨੂੰ ਪੇਸ਼ ਕਰਦੀ ਅਤੇ ਪੁੱਤਰ ਵਿਯੋਗ ਵਿਚ ਤੜਫਦੇ ਮਾਂ-ਬਾਪ ਦੇ ਦੁੱਖਾਂ ਦੀ ਦਾਸਤਾਨ ਨੂੰ ਬਿਆਨ ਕਰਦੀ ਇਸ ਫਿਲਮ ਵਿਚ ਏਜੰਟਾਂ ਵੱਲੋਂ ਗਾਇਬ ਕੀਤੇ ਆਪਣੇ ਪੁੱਤ ਲਈ ਲੜਦੇ ਬਾਪ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਨਾਬਰ ਤੋਂ ਭਾਵ ਹੈ, ਸਮਾਜ ਵਿਚ ਬੇਇਨਸਾਫ਼ੀ ਕਰਨ ਵਾਲੇ ਲੋਕਾਂ ਨੂੰ ਚੁਣੌਤੀ ਦੇਣ ਵਾਲਾ, ਬੁਰਾਈ ਵਿਰੁੱਧ ਅਤੇ ਹੱਕਾਂ ਲਈ ਲੜਣ ਵਾਲਾ ਯੋਧਾ। ਇਸ ਫਿਲਮ ਵਿਚ ਹਰਦੀਪ ਗਿੱਲ ਬਾਪ ਦੇ ਰੂਪ ਵਿਚ ਨਾਬਰ ਹੈ ਜੋ ਮਾਸੂਮ ਲੋਕਾਂ ਦੇ ਪੁੱਤਾਂ ਨੂੰ ਬਾਹਰ ਭੇਜਣ ਵਾਲੇ, ਉਨ੍ਹਾਂ ਦੀ ਜ਼ਮੀਨ ਜਾਇਦਾਦ ਵਿਕਵਾਉਣ ਵਾਲੇ ਤੇ ਪੁੱਤਾਂ ਨੂੰ ਮਾਰਨ ਵਾਲੇ ਏਜੰਟਾਂ ਵਿਰੁੱਧ ਯੁੱਧ ਛੇੜਦਾ ਹੈ ਤੇ ਅਖੀਰ ਵਿਚ ਏਜੰਟਾਂ ਨੂੰ ਸਜ਼ਾ ਦਿਵਾ ਕੇ ਉਸ ਯੁੱਧ ਨੂੰ ਜਿੱਤ ਕੇ ਹੀ ਸਾਹ ਲੈਂਦਾ ਹੈ।
‘ਨਾਬਰ’ ਤੋਂ ਬਾਅਦ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਆਪਣੀ ਅਗਲੀ ਪੰਜਾਬੀ ਫਿਲਮ ‘ਚੰਮ’ ਰਾਹੀਂ ਅਜਿਹੇ ਵਰਗ ਦੀ ਗੱਲ ਕੀਤੀ ਹੈ ਜਿਸ ਨੂੰ ਸਮਾਜ ਵਿਚ ਕੋਈ ਵਧੀਆ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਮਰੇ ਹੋਏ ਪਸ਼ੂਆਂ ਦਾ ਚੰਮ ਲਾਹ ਕੇ ਉਸ ਨੂੰ ਵੇਚ ਕੇ ਗੁਜ਼ਾਰਾ ਕਰਨ ਵਾਲੇ ਗਰੀਬ ਲੋਕਾਂ ਦੀਆਂ ਤਕਲੀਫ਼ਾਂ ਨੂੰ ਬਿਆਨ ਕਰਦੀ ਇਹ ਬਿਹਤਰੀਨ ਫਿਲਮ ਹੈ। ਕਾਨ ਫਿਲਮ ਫੈਸਟੀਵਲ ਵਿਚ ਵਾਹ-ਵਾਹ ਖੱਟਣ ਵਾਲੀ ਅਤੇ ਪੰਜਾਬ ਦੇ ਕਈ ਪਿੰਡਾਂ ਵਿਚ ਦਿਖਾਈ ਗਈ ਇਸ ਫਿਲਮ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚੰਮ ਲਾਹੁਣ ਵਾਲੇ ਪਿਤਾ ਪੁਰਖੀ ਕੰਮ ਨਾਲ ਜੁੜੇ ਲੋਕਾਂ ਨੂੰ ਵੀ ਜਿਊਣ ਦਾ ਹੱਕ ਹੈ। ਉਹ ਵੀ ਇੱਜ਼ਤ ਦੀ ਜ਼ਿੰਦਗੀ ਬਸਰ ਕਰਨ ਦੇ ਹੱਕਦਾਰ ਹਨ। ਇਸ ਫਿਲਮ ਵਿਚ ਦੋ ਭਰਾਵਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਵੱਡਾ ਭਰਾ ਕੀਪਾ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਸੰਘਰਸ਼ ਕਰਦਾ ਹੈ ਤੇ ਅਖੀਰ ਉਹ ਪਿੰਡ ਦੇ ਸਰਪੰਚ ਦੇ ਵਿਰੋਧ ਦੇ ਬਾਵਜੂਦ ਦਲਿਤਾਂ ਲਈ ਰਾਖਵੀਂ ਰੱਖੀ ਜ਼ਮੀਨ ਨੂੰ ਆਪਣੇ ਦੋਸਤ ਦੀ ਮਦਦ ਨਾਲ ਬੋਲੀ ਦੇ ਕੇ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦਾ ਹੈ ਤੇ ਇੱਜ਼ਤ ਦੀ ਰੋਟੀ ਕਮਾਉਣ ਦੇ ਰਾਹ ਪੈ ਜਾਂਦਾ ਹੈ।
2015 ਵਿਚ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇੱਕ ਹੋਰ ਸ਼ਾਹਕਾਰ ਫਿਲਮ ‘ਚੌਥੀ ਕੂਟ’ ਰਿਲੀਜ਼ ਹੋਈ। 1984 ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੇ ਹਾਲਾਤ ‘ਤੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੁਆਰਾ ਲਿਖੀਆਂ ਦੋ ਕਹਾਣੀਆਂ ‘ਚੌਥੀ ਕੂਟ’ ਅਤੇ ‘ਹੁਣ ਮੈਂ ਠੀਕ ਠਾਕ ਹਾਂ’ ‘ਤੇ ਆਧਾਰਿਤ ਇਸ ਫਿਲਮ ਨੇ ਕੌਮਾਂਤਰੀ ਫਿਲਮ ਮੇਲਿਆਂ ਵਿਚ ਦਰਸ਼ਕਾਂ ਅਤੇ ਫਿਲਮੀ ਹਸਤੀਆਂ ਦੀ ਭਰਭੂਰ ਪ੍ਰਸੰਸਾ ਹਾਸਲ ਕੀਤੀ। ਸਿਨੇਮੈਟੋਗ੍ਰਾਫੀ, ਸਾਊਂਡ ਅਤੇ ਤਕਨੀਕੀ ਤੌਰ ‘ਤੇ ਬਿਹਤਰੀਨ ਇਸ ਫਿਲਮ ਵਿਚ ਦੋ ਕਹਾਣੀਆਂ ਨਾਲ-ਨਾਲ ਚੱਲਦੀਆਂ ਹਨ। ਪਹਿਲੀ ਕਹਾਣੀ ਵਿਚ ਰੇਲ ਵਿਚ ਰਾਤ ਨੂੰ ਸਫ਼ਰ ਕਰਦੇ ਹਿੰਦੂ ਅਤੇ ਸਿੱਖ ਨੌਜਵਾਨਾਂ ਦੇ ਅੰਦਰ ਕੀ ਸੋਚਾਂ ਚੱਲ ਰਹੀਆਂ ਹੁੰਦੀਆਂ ਹਨ ਅਤੇ ਕਿਵੇਂ ਉਹ ਤਣਾਅ, ਸ਼ੱਕ ਅਤੇ ਖੌਫ਼ ਦੇ ਪਰਛਾਵੇਂ ਹੇਠ ਇੱਕ ਦੂਜੇ ਦਾ ਸਹਾਰਾ ਲੈਂਦੇ ਹਨ, ਨੂੰ ਦਿਖਾਇਆ ਗਿਆ ਹੈ। ਦੂਸਰੀ ਕਹਾਣੀ ਵਿਚ ਖੇਤਾਂ ਵਿਚ ਰਹਿੰਦੇ ਪਰਿਵਾਰ ਜਿਸ ਦੇ ਘਰੇ ਕੁੱਤਾ ਪਾਲਿਆ ਹੈ ਤੇ ਪੰਜਾਬ ਵਿਚ ਤਾਇਨਾਤ ਸਕਿਓਰਿਟੀ ਫੋਰਸ ਵਾਲੇ ਅਤੇ ਲਹਿਰ ਵਿਚ ਸ਼ਾਮਲ ਨੌਜਵਾਨ ਕਿਵੇਂ ਘਰ ਦੇ ਮੁਖੀ ਤੇ ਕੁੱਤੇ ਨੂੰ ਮਾਰਨ ਲਈ ਦਬਾਅ ਪਾਉਂਦੇ ਹਨ ਤਾਂ ਉਸ ਤਣਾਅ ਤੇ ਦੁਚਿਤੀ ਵਿਚ ਫਸੇ ਮੁੱਖ ਪਾਤਰ ਜੋਗਿੰਦਰ ਸਿੰਘ ਨੂੰ ਦਿਖਾਇਆ ਗਿਆ ਹੈ।
ਫਿਲਮ ‘ਚੰਨ ਪ੍ਰਦੇਸੀ’ ਨਾਇਕਾ ਪ੍ਰਧਾਨ ਫਿਲਮ ਸੀ ਜਿਸ ਨੂੰ ਨੈਸ਼ਨਲ ਐਵਾਰਡ ਵੀ ਹਾਸਲ ਹੋਇਆ। ‘ਚੰਨ ਪ੍ਰਦੇਸੀ’ ਅਜਿਹੀ ਫਿਲਮ ਸੀ ਜਿਸ ਵਿਚ ਨਿਮਨ ਵਰਗ ਦੀ ਔਰਤ ਕੰਮੋ (ਅਦਾਕਾਰਾ ਰਮਾ ਵਿੱਜ) ਨਾਲ ਪਿੰਡ ਦੇ ਜਗੀਰਦਾਰ ਜੋਗਿੰਦਰ (ਅਮਰੀਸ਼ ਪੁਰੀ) ਦੀ ਜ਼ਿਆਦਤੀ ਅਤੇ ਉਸ ਤੋਂ ਬਾਅਦ ਉਸ ਨੂੰ ਉਸ ਦੇ ਪਤੀ ਨੇਕ (ਕੁਲਭੂਸ਼ਨ ਖਰਬੰਦਾ) ਵੱਲੋਂ ਜਵਾਨੀ ਵਿਚ ਹੀ ਇਕੱਲਾ ਛੱਡ ਕੇ ਜਾਣ ਤੋਂ ਬਾਅਦ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਝੱਲ ਕੇ ਆਪਣੇ ਪੁੱਤਰ ਨੂੰ ਇਕੱਲਿਆਂ ਪਾਲ-ਪੋਸ ਕੇ ਵੱਡਾ ਕਰਨ ਨੂੰ ਦਿਖਾਇਆ ਗਿਆ ਹੈ। ਫਿਲਮ ਬੇਸ਼ੱਕ ਵਪਾਰਕ ਤੌਰ ‘ਤੇ ਸਫਲ ਰਹੀ ਪਰ ਇਸ ਵਿਚ ਕਲਾ ਫਿਲਮ ਦੇ ਸਾਰੇ ਗੁਣ ਮੌਜੂਦ ਸਨ ਤੇ ਕਲਾਕਾਰਾਂ ਦੀ ਸਜੀਵ ਅਦਾਕਾਰੀ ਨੇ ਇਸ ਫਿਲਮ ਨੂੰ ਯਾਦਗਾਰੀ ਬਣਾ ਦਿੱਤਾ ਸੀ। ਇਸੇ ਤਰ੍ਹਾਂ 1983 ਵਿਚ ਪ੍ਰਦਰਸ਼ਿਤ ਹੋਈ ਪੰਜਾਬੀ ਫਿਲਮ ‘ਲੌਂਗ ਦਾ ਲਿਸ਼ਕਾਰਾ’ ਅਤੇ 1990 ਵਿਚ ਪ੍ਰਦਰਸ਼ਿਤ ਹੋਈ ‘ਦੀਵਾ ਬਲੇ ਸਾਰੀ ਰਾਤ’ ਹਨ ਜਿਨ੍ਹਾਂ ਦੇ ਨਿਰਦੇਸ਼ਕ ਹਰਪਾਲ ਟਿਵਾਣਾ ਸਨ। 2012 ਵਿਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਜੀਤ ਮਠਾੜੂ ਦੀ ਫਿਲਮ ‘ਕੁਦੇਸਣ’, 2016 ਵਿਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਮਨਭਾਵਨ ਸਿੰਘ ਦੀ ‘ਗੇਲੋ’, 2017 ਵਿਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ‘ਜ਼ੋਰਾ ਦਸ ਨੰਬਰੀਆ’, 2021 ਵਿਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਨਵਤੇਜ ਸੰਧੂ ਦੀ ‘ਜਮਰੌਦ’, 2022 ਵਿਚ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਮੁਕੇਸ਼ ਗੌਤਮ ਦੀ ‘ਬਾਗੀ ਦੀ ਧੀ’ ਅਤੇ ਹਾਲ ਹੀ ਵਿਚ 13 ਜਨਵਰੀ ਨੂੰ ਪ੍ਰਦਰਸ਼ਿਤ ਹੋਈ ਨਿਰਦੇਸ਼ਕ ਸਤਿੰਦਰ ਕੱਸੋਆਣਾ ਦੀ ਫਿਲਮ ‘ਰੇਂਜ ਰੋਡ 290’ ਵੀ ਆਪਣੇ ਵਿਸ਼ਾ ਵਸਤੂ ਪੱਖੋਂ ਆਰਟ ਫਿਲਮਾਂ ਵਜੋਂ ਦੇਖੀਆਂ ਜਾ ਸਕਦੀਆਂ ਹਨ।
ਪੰਜਾਬੀ ਕਲਾ ਸਿਨੇਮਾ ਵਿਚ ਪੰਜਾਬੀ ਸਾਹਿਤ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ। ਨਾਵਲਕਾਰ ਗੁਰਦਿਆਲ ਸਿੰਘ ਦੇ ਤਿੰਨ ਪ੍ਰਸਿੱਧ ਨਾਵਲ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਅੱਧ ਚਾਨਣੀ ਰਾਤ’ ‘ਤੇ ਆਧਾਰਿਤ ਤਿੰਨ ਬਿਹਤਰੀਨ ਕਲਾ ਫਿਲਮਾਂ ਇਸੇ ਨਾਮ ‘ਤੇ ਬਣੀਆਂ। ਇਸੇ ਤਰ੍ਹਾਂ ਪੰਜਾਬੀ ਫਿਲਮ ‘ਜਮਰੌਦ’ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਜਮਰੌਦ’, ਪੰਜਾਬੀ ਫਿਲਮ ‘ਬਾਗੀ ਦੀ ਧੀ’ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ‘ਬਾਗੀ ਦੀ ਧੀ’, ‘ਗੇਲੋ’ ਰਾਮ ਸਰੂਪ ਅਣਖੀ ਦੇ ਨਾਵਲ ‘ਗੇਲੋ’, ‘ਕੁਦੇਸਣ’ ਜਤਿੰਦਰ ਸਿੰਘ ਬਰਾੜ ਦੇ ਨਾਟਕ ‘ਕੁਦੇਸਣ’ ਅਤੇ ‘ਚੰਮ’ ਭਗਵੰਤ ਰਸੂਲਪੁਰੀ ਦੀ ਕਹਾਣੀ ‘ਤੇ ਆਧਾਰਿਤ ਸਨ। ਪੰਜਾਬੀ ਦਾ ਬਹੁਤ ਸਾਰਾ ਸਾਹਿਤ ਅਜਿਹਾ ਹੈ ਜਿਸ ‘ਤੇ ਬਿਹਤਰੀਨ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ ਪਰ ਇਸ ਲਈ ਕਲਾ ਸਿਨੇਮਾ ਦੇਖਣ ਵਾਲੇ ਦਰਸ਼ਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਪੰਜਾਬੀ ਕਲਾ ਫਿਲਮਾਂ ਵਿਆਪਕ ਤੌਰ ‘ਤੇ ਨਹੀਂ ਦੇਖੀਆਂ ਜਾਂਦੀਆਂ ਅਤੇ ਇਨ੍ਹਾਂ ਨੂੰ ਪੰਜਾਬੀ ਦਰਸ਼ਕਾਂ ਤੇ ਪੰਜਾਬ ਸਰਕਾਰ ਦਾ ਪੂਰਾ ਸਮਰਥਨ ਨਹੀਂ ਮਿਲਦਾ, ਉਦੋਂ ਤੱਕ ਪੰਜਾਬੀ ਕਲਾ ਸਿਨੇਮਾ ਅੱਗੇ ਨਹੀਂ ਵਧ ਸਕਦਾ।